ਵਿਨੇਸ਼ ਫੋਗਾਟ: ਸਿਰਫ਼ 100 ਗ੍ਰਾਮ ਨੇ ਸੁਫ਼ਨਾ ਤੋੜ ਦਿੱਤਾ, 'ਅਸੀਂ ਸਾਰਾ ਕੁਝ ਅਜ਼ਮਾਇਆ, ਉਨ੍ਹਾਂ ਦੇ ਵਾਲ ਕੱਟਣਾ, ਕੱਪੜੇ ਛੋਟੇ ਕਰਨਾ....'

ਵਿਨੇਸ਼ ਫੋਗਾਟ

ਤਸਵੀਰ ਸਰੋਤ, Getty Images

    • ਲੇਖਕ, ਵਿਨਾਇਕ ਦਲਵੀ
    • ਰੋਲ, ਸੀਨੀਅਰ ਖੇਡ ਪੱਤਰਕਾਰ,ਪੈਰਿਸ ਤੋਂ ਬੀਬੀਸੀ ਲਈ

ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਆਖ ਦਿੱਤਾ ਹੈ।

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਮਾਂ, ਕੁਸ਼ਤੀ ਮੈਥੋਂ ਜਿੱਤ ਗਈ, ਮੈਂ ਹਾਰ ਗਈ। ਮਾਫ਼ ਕਰਨਾ ਤੁਹਾਡਾ ਸੁਫ਼ਨਾ ਮੇਰੀ ਹਿੰਮਤ ਸਭ ਟੁੱਟ ਚੁੱਕੇ ਹਨ। ਇਸ ਤੋਂ ਜ਼ਿਆਦਾ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024, ਤੁਹਾਡੀ ਸਾਰਿਆਂ ਦੀ ਹਮੇਸ਼ਾ ਰਿਣੀ ਰਹਾਂਗੀ, ਮਾਫ਼ੀ।”

ਵਿਨੇਸ਼ ਫੋਗਾਟ ਨੂੰ ਜਦੋਂ ਫਾਈਨਲ ਤੋਂ ਠੀਕ ਪਹਿਲਾਂ ਭਾਰ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਤਾਂ ਭਾਰਤੀ ਖੇਡ ਪ੍ਰੇਮੀਆਂ ਵਿੱਚ ਨਿਰਾਸ਼ਾ ਅਤੇ ਗੁੱਸੇ ਦੀ ਲਹਿਰ ਦੇਖਣ ਨੂੰ ਮਿਲੀ।

ਜਿਹੜੀਆਂ ਵੀ ਖੇਡਾਂ ਵਿੱਚ ਭਾਰ ਵਰਗ ਹਨ, ਉਨ੍ਹਾਂ ਵਿੱਚ ਕਿਸੇ ਭਾਰ ਵਰਗ ਵਿੱਚ ਦਾਖਲਾ ਲੈਣ ਲਈ ਭਾਰ ਘਟਾਉਣਾ ਜਾਂ ਵਧਾਉਣਾ ਆਮ ਗੱਲ ਹੈ।

ਕਿਉਂਕਿ ਵੱਧ ਭਾਰ ਵਾਲੇ ਖਿਡਾਰੀ ਲਈ ਆਪਣੇ ਤੋਂ ਘੱਟ ਭਾਰ ਵਾਲੇ ਖਿਡਾਰੀ ਨੂੰ ਹਰਾਉਣਾ ਸੌਖਾ ਹੁੰਦਾ ਹੈ। ਹੁਣ ਕਿਉਂਕਿ ਇਹ ਸਾਰੇ ਦੇਸਾਂ ਵਿੱਚ ਆਮ ਗੱਲ ਹੈ ਇੱਥੇ ਓਲੰਪਿਕ ਦਲ ਨਾਲ ਗਈ ਮੈਡੀਕਲ ਟੀਮ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ।

ਇਸ ਵਾਰ ਭਾਰਤ ਨਾਲ— ਪੋਸ਼ਣ, ਮਾਨਸਿਕ ਸਿਹਤ ਅਤੇ ਡਾਕਟਰਾਂ ਸਮੇਤ, 13 ਮਾਹਰ ਸਨ।

ਪੈਰਿਸ ਓਲੰਪਿਕ ਵਿੱਚ ਚੀਫ਼ ਮੈਡੀਕਲ ਅਫ਼ਸਰ ਡਾ਼ ਦਿਨੇਸ਼ ਪਾਰਦੀਵਾਲਾ ਨੇ ਕਿਹਾ, “ਵਿਨੇਸ਼ ਦਾ ਹਿੱਸਾ ਲੈਣ ਤੋਂ ਬਾਅਦ ਭਾਰ ਆਮ ਨਾਲੋਂ ਜ਼ਿਆਦਾ ਸੀ। ਪਾਣੀ ਦੀ ਕਮੀ ਰੋਕਣ ਲਈ ਵਿਨੇਸ਼ ਨੂੰ ਕੁਝ ਪਾਣੀ ਦਿੱਤਾ ਗਿਆ ਅਤੇ ਵਿਨੇਸ਼ ਤੇ ਕੋਚ ਨੇ ਭਾਰ ਘਟਾਉਣ ਦੀ ਆਮ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜੋ ਉਹ ਹਮੇਸ਼ਾ ਵਿਨੇਸ਼ ਨੂੰ ਦਿੰਦੇ ਹਨ।”

ਉਨ੍ਹਾਂ ਨੇ ਅੱਗੇ ਕਿਹਾ, “ਇਹ ਤਰੀਕਾ ਵਿਨੇਸ਼ ਉੱਤੇ ਹਮੇਸ਼ਾ ਕੰਮ ਕੀਤਾ ਹੈ। ਉਨ੍ਹਾਂ ਨੂੰ ਭਰੋਸਾ ਸੀ ਕਿ ਅਜਿਹਾ ਹੋ ਜਾਵੇਗਾ ਅਤੇ ਰਾਤੋਰਾਤ ਅਸੀਂ ਭਾਰ ਘਟਾਉਣ ਵਿੱਚ ਲੱਗੇ ਰਹੇ।”

ਉਹ ਦੱਸਦੇ ਹਨ,“ਹਾਲਾਂਕਿ ਕੋਸ਼ਿਸ਼ਾਂ ਦੇ ਬਾਵਜੂਦ, ਫਾਈਨਲ ਦੀ ਸਵੇਰ ਉਨ੍ਹਾਂ ਦਾ ਭਾਰ ਫਿਰ ਵੀ ਹੱਦ ਤੋਂ 100 ਗ੍ਰਾਮ ਜ਼ਿਆਦਾ ਸੀ। ਅਸੀਂ ਸਾਰਾ ਕੁਝ ਅਜ਼ਮਾਇਆ, ਉਨ੍ਹਾਂ ਦੇ ਵਾਲ ਕੱਟਣਾ, ਕੱਪੜੇ ਛੋਟੇ ਕਰਨਾ।”

ਆਖਰ ਉਨ੍ਹਾਂ ਦਾ ਭਾਰ ਹੱਦ ਤੋਂ ਜ਼ਿਆਦਾ ਸੀ ਅਤੇ ਉਨ੍ਹਾਂ ਨੂੰ ਟੂਰਨਾਮੈਂਟ ਲਈ ਅਯੋਗ ਕਰਾਰ ਦੇ ਦਿੱਤਾ ਗਿਆ।

ਵਿਨੇਸ਼ ਦੇ ਟਵੀਟ ਦਾ ਟੈਕਸਟ

ਲੇਕਿਨ ਵਿਨੇਸ਼ ਵਿੱਚ ਪਾਣੀ ਦੀ ਕਮੀ ਸੀ ਅਤੇ ਇਸ ਪ੍ਰਕਿਰਿਆ ਦੌਰਾਨ ਉਨ੍ਹਾਂ ਵਿੱਚ ਬਹੁਤ ਜ਼ਿਆਦਾ ਪਾਣੀ ਘਟ ਗਿਆ ਸੀ। ਇਸ ਲਈ ਉਨ੍ਹਾਂ ਨੂੰ ਤੁਰੰਤ ਡਾਕਟਰੀ ਇਲਾਜ ਦਿੱਤਾ ਗਿਆ।

ਸਾਵਧਾਨੀ ਵਜੋਂ ਉਨ੍ਹਾਂ ਦੇ ਖੂਨ ਦੀ ਜਾਂਚ ਕੀਤੀ ਗਈ ਅਤੇ ਸਭ ਕੁਝ ਠੀਕ ਸੀ।

ਭਾਰਤੀ ਟੀਮ ਵੱਲੋਂ ਜਾਰੀ ਬਿਆਨ ਮੁਤਾਬਕ, “ਵਿਨੇਸ਼ ਫੋਗਾਟ ਨੇ ਭਾਰਤੀ ਓਲੰਪਿਕ ਕਮੇਟੀ ਦੇ ਮੁਖੀ ਪੀਟੀ ਊਸ਼ਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਹ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਠੀਕ ਹਨ ਪਰ ਉਹ ਨਿਰਾਸ਼ ਹਨ ਕਿ ਇਹ ਉਨ੍ਹਾਂ ਦਾ ਤੀਜਾ ਓਲੰਪਿਕ ਹੈ ਅਤੇ ਅਯੋਗ ਕਰਾਰ ਦੇ ਦਿੱਤੇ ਗਏ ਹਨ।”

ਜਦੋਂ ਮੈਰੀ ਕੌਮ ਨੂੰ ਭਾਰ ਵਧਾਉਣਾ ਪਿਆ

ਕੁਸ਼ਤੀ ਅਤੇ ਬਾਕਸਿੰਗ ਵਰਗੀਆਂ ਖੇਡਾਂ ਵਿੱਚ ਭਾਰ ਨੂੰ ਕਾਇਮ ਰੱਖਣਾ ਅਤੇ ਤੁਸੀਂ ਕੀ ਖਾਂਦੇ ਹੋ, ਬਹੁਤ ਮਹੱਤਵਪੂਰਨ ਹੈ।

ਹੇਲੰਸਕੀ 1952 ਦੀਆਂ ਓਲੰਪਿਕ ਖੇਡਾਂ ਜਿਸ ਵਿੱਚ ਖਸ਼ਾਬਾ ਜਾਧਵ ਨੇ ਭਾਰਤ ਲਈ ਕਾਂਸੇ ਦਾ ਤਮਗਾ ਜਿੱਤਿਆ ਸੀ। ਇੱਕ ਹੋਰ ਪਹਿਲਵਾਨ ਕੇਸ਼ਵ ਮਨਗੇਵ ਨੇ ਉੱਚੇ ਭਾਰ ਵਰਗ ਵਿੱਚ ਹਿੱਸਾ ਲਿਆ ਸੀ।

ਉਨ੍ਹਾਂ ਦਿਨ੍ਹਾਂ ਵਿੱਚ ਫਾਰਮੈਟ ਵੱਖਰਾ ਸੀ। ਮਨਗੇਵ ਨੇ ਪੰਜ ਰਾਊਂਡ ਲੜਨੇ ਸਨ ਪਰ ਉਹ ਮੈਡਲ ਨਹੀਂ ਜਿੱਤ ਸਕੇ। ਕਾਰਨ? ਉਨ੍ਹਾਂ ਨੇ ਪਿਛਲੀ ਰਾਤ ਬਹੁਤ ਜ਼ਿਆਦਾ ਖਾ ਲਿਆ ਸੀ ਜਿਸ ਕਾਰਨ ਉਹ ਸੁਸਤ ਪੈ ਗਏ ਸਨ।

ਮੈਰੀ ਕੌਮ

ਤਸਵੀਰ ਸਰੋਤ, AFP/ Getty Images

ਲੇਕਿਨ ਉਹ ਭਾਰ ਕਾਰਨ ਅਯੋਗ ਨਹੀਂ ਹੋਏ ਸਨ ਸਗੋਂ ਆਪਣੇ ਵਿਰੋਧੀ ਅਮਰੀਕਾ ਦੇ ਪਹਿਲਵਾਨ ਜੋਏ ਹੇਨਸਨ ਤੋਂ ਹਾਰ ਗਏ ਸਨ।

ਪਹਿਲਵਾਨ ਭਾਵੇਂ ਆਪਣਾ ਭਾਰ ਘਟਾਏ, ਚਾਹੇ ਵਧਾਏ— ਦੋਵੇਂ ਨੁਕਸਾਨਦਾਇਕ ਹੋ ਸਕਦੇ ਹਨ। ਇਹ ਉਨ੍ਹਾਂ ਦੀ ਯੋਗਤਾ ਅਤੇ ਕੌਸ਼ਲ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਭਾਰਤੀ ਮੁੱਕੇਬਾਜ਼ ਮੈਰੀ ਕੌਮ ਨੇ ਲੰਡਨ 2012 ਦੀਆਂ ਓਲੰਪਿਕ ਖੇਡਾਂ ਵਿੱਚ ਕਾਂਸੇ ਦਾ ਮੈਡਲ ਜਿੱਤਿਆ। ਉਸ ਸਮੇਂ ਉਹ ਲਾਈਟ ਫਲਾਈਵੇਟ ਵਰਗ ਵਿੱਚ ਖੇਡਿਆ ਕਰਦੇ ਸਨ। ਉਨ੍ਹਾਂ ਨੇ ਸਾਲ 2010 ਦੀ ਵਿਸ਼ਵ ਚੈਂਪੀਅਨਸ਼ਿਪ ਵੀ ਉਸੇ ਭਾਰ ਵਰਗ ਵਿੱਚ ਖੇਡੀ ਸੀ।

ਲੇਕਿਨ ਜਦੋਂ ਸਾਲ 2012 ਦੀਆਂ ਲੰਡਨ ਖੇਡਾਂ ਵਿੱਚ ਔਰਤਾਂ ਦੀ ਮੁੱਕੇਬਾਜ਼ੀ ਦੀ ਸ਼ੁਰੂਆਤ ਕੀਤੀ ਗਈ ਤਾਂ ਮੈਰੀ ਦਾ ਵਰਗ ਉਸ ਦਾ ਹਿੱਸਾ ਨਹੀਂ ਸੀ।

ਇਸ ਲਈ ਓਲੰਪਿਕ ਵਿੱਚ ਖੇਡਣ ਲਈ ਮੈਰੀ ਨੂੰ ਆਪਣਾ ਭਾਰ ਵਧਾਉਣਾ ਪਿਆ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਵਿਨੇਸ਼ ਨਾਲ ਕੀ ਹੋਇਆ?

ਸਾਲ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵਿਨੇਸ਼ ਨੇ ਹਿੱਸਾ ਲਿਆ ਅਤੇ 52 ਕਿੱਲੋ ਭਾਰ ਵਰਗ ਵਿੱਚ ਸੋਨ ਤਗਮਾ ਜਿੱਤਿਆ। ਇਸਦਾ ਮਤਲਬ ਹੈ ਕਿ ਟੂਰਨਾਮੈਂਟ ਤੋਂ ਬਾਹਰ ਉਨ੍ਹਾਂ ਦਾ ਆਮ ਭਾਰ ਇਸ ਤੋਂ ਜ਼ਿਆਦਾ ਰਿਹਾ ਹੋਵੇਗਾ।

ਹੁਣ ਪੈਰਿਸ ਓਲੰਪਿਕ ਵਿੱਚ, 50 ਕਿੱਲੋ ਭਾਰ ਵਰਗ ਵਿੱਚ ਖੇਡਣ ਲਈ ਉਨ੍ਹਾਂ ਨੂੰ ਆਪਣਾ ਭਾਰ ਘਟਾਉਣਾ ਪਿਆ। ਉਹ ਕੁਆਲੀਫਿਕੇਸ਼ਨ ਟੂਰਨਾਮੈਂਟ ਵਿੱਚ ਪਹਿਲੀ ਵਾਰ 50 ਕਿੱਲੋ ਭਾਰ ਵਰਗ ਵਿੱਚ ਖੇਡੇ।

ਭਾਰ 53-55 ਕਿੱਲੋ ਤੋਂ ਹੇਠਾਂ 50 ਕਿੱਲੋ ਤੱਕ ਲਿਆਉਣ ਲਈ, ਅਤੇ ਉੱਥੇ ਕਾਇਮ ਰੱਖਣ ਲਈ, ਵਿਨੇਸ਼ ਨੇ ਖਾਣੇ-ਪਾਣੀ ਨੂੰ ਸੀਮਤ ਰੱਖਣਾ ਸੀ ਅਤੇ ਬਹੁਤ ਸਾਰਾ ਪਸੀਨਾ ਬਹਾਉਣਾ ਸੀ।

ਪੈਰਿਸ ਵਿੱਚ ਵਿਨੇਸ਼ ਨੇ ਆਪਣਾ ਖਾਣਾ-ਪਾਣੀ ਘਟਾ ਦਿੱਤਾ। ਇਸ ਸਦਕਾ ਉਹ ਪਹਿਲੀ ਸਵੇਰ ਇਸ ਵਰਗ ਵਿੱਚ ਕੁਆਲੀਫਾਈ ਕਰ ਸਕੇ।

ਲੇਕਿਨ ਦੂਜੀ ਸਵੇਰ ਬੁੱਧਵਾਰ ਨੂੰ (7 ਅਗਸਤ), ਕੁਝ ਗੜਬੜ ਹੋ ਗਈ ਅਤੇ ਉਹ ਆਪਣਾ ਭਾਰ ਦਿੱਤੀ ਗਈ ਸਮਾਂ ਸੀਮਾ ਦੇ ਵਿੱਚ ਤੈਅ ਹੱਦ ਦੇ ਅੰਦਰ ਨਹੀਂ ਲਿਆ ਸਕੇ।

ਵਿਨੇਸ਼ ਫੋਗਾਟ

ਤਸਵੀਰ ਸਰੋਤ, Getty Images

ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਵਿਨੇਸ਼ ਨੇ ਆਪਣਾ ਵਰਗ 53 ਕਿੱਲੋ ਤੋਂ 50 ਕਿੱਲੋ ਕੀਤਾ ਸੀ। ਜੇ ਉਨ੍ਹਾਂ ਦਾ ਭਾਰ ਇਸ ਦੇ ਕੋਲ ਹੁੰਦਾ ਤਾਂ ਸਟਾਫ਼ ਨੇ ਨਜ਼ਰ ਰੱਖਣੀ ਸੀ।

ਭਾਰਤੀ ਦਲ ਨਾਲ ਪਹਿਲਾਂ ਵੀ ਕੰਮ ਕਰ ਚੁੱਕੇ ਇੱਕ ਡਾਕਟਰ ਅਤੇ ਸਪੋਰਟਸ ਮੈਡੀਸਨ ਦੇ ਮਾਹਰ ਦਾ ਕਹਿਣਾ ਹੈ, “ਖਾਸ ਕਰਕੇ ਫਾਈਨਲ ਦੇ ਦਿਨ ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਸੀ। ਕਿਉਂਕਿ ਉਨ੍ਹਾਂ ਨੇ ਭਾਰ ਘਟਾਉਣ ਲਈ ਖਾਣਾ ਛੱਡਣ ਵਰਗੀਆਂ ਚੀਜ਼ਾਂ ਅਜ਼ਮਾਈਆਂ ਹੋਣਗੀਆਂ।”

ਲੇਕਿਨ ਉਨ੍ਹਾਂ ਤੋਂ ਇੱਕ ਚੀਜ਼ ਰਹਿ ਗਈ ਹੋਵੇਗੀ। ਇੱਕ ਤੋਂ ਬਾਅਦ ਇੱਕ ਮੈਚ ਖੇਡਣ ਤੋਂ ਬਾਅਦ ਖਿਡਾਰੀਆਂ ਨੂੰ ਅੰਦਰੂਨੀ ਸੱਟ ਲੱਗ ਸਕਦੀ ਹੈ ਜੋ ਬਾਹਰੋਂ ਨਹੀਂ ਦੇਖੀ ਜਾ ਸਕਦੀ।

ਇਸ ਲਈ ਮਾਸਪੇਸ਼ੀਆਂ ਦੀ ਅੰਦਰੂਨੀ ਸੱਟ ਕਦੇ-ਕਦੇ ਖਿਡਾਰੀਆਂ ਦਾ ਭਾਰ 100-200 ਗ੍ਰਾਮ ਅਤੇ ਕਦੇ-ਕਦੇ 300 ਗ੍ਰਾਮ ਤੱਕ ਵਧਾ ਦਿੰਦਾ ਹੈ। ਉਨ੍ਹਾਂ ਦਾ ਭਾਰ ਅਚਾਨਕ ਵਧ ਗਿਆ ਹੋਵੇਗਾ ਜਿਸ ਨੂੰ ਘਟਾਉਣਾ ਨਾਮੁਮਕਿਨ ਸੀ।”

ਉਨ੍ਹਾਂ ਨੂੰ ਲਗਦਾ ਹੈ ਕਿ ਸਟਾਫ਼ ਤੋਂ ਭਾਰ ਵਿੱਚ ਆਇਆ ਅਜਿਹਾ ਬਦਲਾਅ ਅਚਾਨਕ ਅਣਗੌਲਿਆ ਰਹਿ ਗਿਆ ਹੋਵੇਗਾ।

ਧਿਆਨ ਦੇਣ ਯੋਗ ਹੈ ਕਿ ਇਸ ਵਾਰ ਖੇਡ ਮੰਤਰਾਲਾ ਨੇ ਮੈਡੀਕਲ ਸਟਾਫ਼ ਭੇਜਿਆ ਹੈ ਜੋ ਖਿਡਾਰੀਆਂ ਦੇ ਭਾਰ ਅਤੇ ਹੋਰ ਚੀਜ਼ਾਂ ਦਾ ਧਿਆਨ ਰੱਖ ਸਕੇ।

ਫਿਰ ਕੁਤਾਹੀ ਕਿੱਥੇ ਹੋਈ? ਵਿਨੇਸ਼ ਨੂੰ ਡਿਸਕੁਆਲੀਫਿਕੇਸ਼ਨ ਦਾ ਸਾਹਮਣਾ ਕਿਉਂ ਕਰਨਾ ਪਿਆ? ਜਦੋਂ ਖਿਡਾਰੀ ਦੀ ਸਾਲਾਂ ਦੀ ਮਿਹਨਤ ਬਰਬਾਦ ਹੋ ਗਈ ਹੈ ਤਾਂ ਇਸਦਾ ਜ਼ਿੰਮੇਵਾਰ ਕੌਣ ਹੈ?

ਇਸ ਵਿੱਚ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਹੋਇਆ ਸੀ। ਕਿਸੇ ਹੋਰ ਖਿਡਾਰੀ ਨੂੰ ਇਸ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਵਿੱਚ ਇਸ ਜਾਂਚ ਦੇ ਸਬਕ ਕੰਮ ਆ ਸਕਦੇ ਹਨ।

ਪੈਰਿਸ ਓਲੰਪਿਕ ਵਿੱਚ ਭਾਰ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦਿੱਤੇ ਜਾਣ ਵਾਲੇ ਵਿਨੇਸ਼ ਇਕਲੌਤੇ ਖਿਡਾਰੀ ਨਹੀਂ ਹਨ। ਇਤਲਾਵੀ ਪਹਿਲਵਾਨ, ਇਮੈਨੂਏਲਾ ਲਿਊਜ਼ੀ ਨੂੰ ਵੀ ਇਸੇ ਭਾਰ ਵਰਗ ਵਿੱਚ ਖੇਡਣ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ।

ਅਲਜੀਰੀਆ ਦੀ ਜੁਡੋਕਾ ਮੇਸੂਦ ਰੋਡੂਏਂਸ ਡਰਿਸ ਨੂੰ ਵੀਵ 29 ਜੁਲਾਈ ਨੂੰ ਇਸੇ ਕਾਰਨ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ।

ਵਿਨੇਸ਼ ਫੋਗਾਟ

ਤਸਵੀਰ ਸਰੋਤ, Reuters

ਖਿਡਾਰੀਆਂ ਲਈ, ਮੁਢਲੇ ਰਾਊਂਡ ਵਿੱਚ ਹਾਰ ਜਾਣਾ ਜਾਂ ਡਿਸਕੁਆਲੀਫਾਈ ਕਰ ਜਾਣਾ ਇੰਨਾ ਦਰਦ ਦੇਣ ਵਾਲਾ ਨਹੀਂ ਹੈ। ਲੇਕਿਨ ਜਦੋਂ ਤੁਸੀਂ ਮੈਡਲ ਦੇ ਇੰਨਾ ਕਰੀਬ ਆ ਜਾਂਦੇ ਹੋ ਅਤੇ ਫਿਰ ਖੇਡ ਨਹੀਂ ਸਕਦੇ, ਇਹ ਜ਼ਿਆਦਾ ਦੁਖ ਦਿੰਦਾ ਹੈ।

ਇਸ ਲਈ ਵਿਨੇਸ਼ ਨੂੰ ਬਿਨਾਂ ਕਿਸੇ ਮੈਡਲ ਦੇ ਵਾਪਸ ਆਉਣਾ ਪਵੇਗਾ, ਭਾਵੇਂ ਤੁਸੀਂ ਕਹੀ ਜਾਓ ਕਿ ਇਹ ਤਾਂ ਚਾਰ ਸਾਲ ਬਾਅਦ ਫਿਰ ਹੋਵੇਗਾ।

ਕੁਝ ਲੋਕ ਹੁਣ ਸਵਾਲ ਪੁੱਛ ਰਹੇ ਕਿ ਕੀ ਭਾਰ ਬਾਰੇ ਨਿਯਮ ਇੰਨੇ ਸਖ਼ਤ ਹੋਣੇ ਚਾਹੀਦੇ ਹਨ।

ਜੌਰਡਨ ਬੁਰੋ, ਅਮਰੀਕਾ ਦੇ ਪਹਿਲਵਾਨ ਅਤੇ 2012 ਲੰਡਨ ਖੇਡਾਂ ਵਿੱਚ ਸੋਨ ਤਮਗਾ ਜੇਤੂ ਨੇ ਵਿਨੇਸ਼ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਹੈ ਕਿ, ਉਨ੍ਹਾਂ ਨੂੰ ਸਿਲਵਰ ਮੈਡਲ ਮਿਲਣਾ ਚਾਹੀਦਾ ਹੈ।

ਉਨ੍ਹਾਂ ਨੇ ਅਗਲੇ ਦਿਨ 1 ਕਿੱਲੋ ਦੀ ਛੋਟ ਅਤੇ ਭਾਰ ਤੋਲਣ ਦੀ ਪ੍ਰਕਿਰਿਆ ਨੂੰ ਸਵੇਰੇ 8:30 ਤੋਂ ਵਧਾ ਕੇ 10:30 ਕਰਨ ਦੀ ਤਜਵੀਜ਼ ਰੱਖੀ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਹੈ, “ਸੈਮੀਫਾਈਨਲ ਵਿੱਚ ਜਿੱਤਣ ਤੋਂ ਮਗਰੋਂ ਫਾਈਨਲ ਵਿੱਚ ਪਹੁੰਚਣ ਵਾਲੇ ਦੋਵਾਂ ਖਿਡਾਰੀਆਂ ਦੇ ਮੈਡਲ ਸੁਰੱਖਿਅਤ ਹੋਣੇ ਚਾਹੀਦੇ ਹਨ। ਭਾਵੇਂ ਕਿ ਦੂਜੇ ਦਿਨ ਭਾਰ ਸਹੀ ਨਾ ਹੋਵੇ ਅਤੇ ਗੋਲਡ ਉਸ ਨੂੰ ਦਿੱਤਾ ਜਾਵੇ ਜਿਸ ਦਾ ਭਾਰ ਸਹੀ ਹੋਵੇ।”

ਲੇਕਿਨ ਇਹ ਤਾਂ ਭਵਿੱਖ ਦੀਆਂ ਗੱਲਾਂ ਹਨ।

ਫਿਲਹਾਲ ਤਾਂ ਇਸ ਪੂਰੇ ਘਟਨਾਕ੍ਰਮ ਬਾਰੇ ਬਹੁਤ ਸਾਰੀ ਭਾਵੁਕ ਪ੍ਰਤੀਕਿਰਿਆ ਆ ਰਹੀ ਹੈ। ਲੇਕਿਨ ਖੇਡਾਂ ਵਿੱਚ ਕਾਇਦਾ, ਕਾਇਦਾ ਹੁੰਦਾ ਹੈ ਅਤੇ ਕਿਉਂਕਿ ਇੱਕ ਖਿਡਾਰੀ ਉਸ ਵਿੱਚ ਫਿੱਟ ਨਹੀਂ ਬੈਠਿਆ, ਭਾਰਤ ਨੇ ਇੱਕ ਮੈਡਲ ਗੁਆ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)