ਪੈਰਿਸ ਤੋਂ ਪਰਤੀ ਪਹਿਲਵਾਨ ਵਿਨੇਸ਼ ਫੋਗਾਟ,ਪੋਸਟ ਕੀਤੀ ਭਾਵੁਕ ਚਿੱਠੀ

- ਲੇਖਕ, ਜਾਨ੍ਹਵੀ ਮੂਲੇ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਤੋਂ ਵਾਪਸ ਦੇ ਪਰਤ ਆਏ ਹਨ। ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਹਰ ਆਉਂਦੇ ਹੀ ਵਿਨੇਸ਼ ਦਾ ਜ਼ੋਰਦਾਰ ਸਵਾਗਤ ਹੋਇਆ।
ਏਅਰਪੋਰਟ 'ਤੇ ਓਲੰਪਿਕ ਤਗਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ, ਪਹਿਲਵਾਨ ਬਜਰੰਗ ਪੂਨਿਆ ਅਤੇ ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਸਣੇ ਸੈਂਕੜੇ ਲੋਕ ਵਿਨੇਸ਼ ਦੇ ਸਵਾਗਤ ਲਈ ਇਕੱਠੇ ਹੋਏ ਸਨ।
ਏਅਰਪੋਰਟ ਤੋਂ ਬਾਹਰ ਆਉਂਦੇ ਹੀ ਵਿਨੇਸ਼ ਨੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ। ਵਿਨੇਸ਼ ਨੇ ਕਿਹਾ ਕਿ 'ਮੈਂ ਖੁਸ਼ਕਿਸਮਤ ਹਾਂ।'
ਇੱਕ ਹੋਰ ਬਿਆਨ ਵਿੱਚ ਵਿਨੇਸ਼ ਨੇ ਕਿਹਾ, "ਜ਼ਿੰਦਗੀ ਇੱਕ ਸੰਘਰਸ਼ ਹੈ ਅਤੇ ਸਾਡੀ ਲੜਾਈ ਅਜੇ ਖਤਮ ਨਹੀਂ ਹੋਈ ਹੈ, ਸਾਡੀ ਲੜਾਈ ਅਜੇ ਬਾਕੀ ਹੈ।"
ਵਿਨੇਸ਼ ਫੋਗਾਟ ਨੇ ਚਿੱਠੀ ਵਿੱਚ ਪਿਤਾ ਨੂੰ ਕੀਤਾ ਚੇਤੇ

ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਵਿੱਚ ਮਿਲੀ ਨਿਰਾਸ਼ਾ ਦੇ ਬਾਅਦ ਸ਼ੁੱਕਰਵਾਰ ਨੂੰ ਇੱਕ ਲੰਬਾ ਬਿਆਨ ਜਾਰੀ ਕੀਤਾ ਹੈ।
ਚਾਰ ਪੰਨਿਆਂ ਦੇ ਇਸ ਬਿਆਨ ਵਿੱਚ ਵਿਨੇਸ਼ ਫੋਗਾਟ ਨੇ ਆਪਣੇ ਕਰੀਅਰ ਨਾਲ ਜੁੜੇ ਕਈ ਲੋਕਾਂ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਲਿਖਿਆ,"ਜੇਕਰ ਹਾਲਾਤ ਕੁਝ ਹੋਰ ਹੁੰਦੇ ਤਾਂ ਮੈਂ ਸ਼ਾਇਦ 2032 ਤੱਕ ਕੁਸ਼ਤੀ ਕਰਦੀ ਰਹਿੰਦੀ"
ਹਾਲ ਹੀ ਵਿੱਚ ਪੈਰਿਸ ਵਿੱਚ ਖ਼ਤਮ ਹੋਏ ਓਲੰਪਿਕਸ ਵਿੱਚ ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਮਹਿਲਾਵਾਂ ਦੀ ਫ੍ਰੀ ਸਟਾਈਲ ਕੁਸ਼ਤੀ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਐਲਾਨ ਦਿੱਤਾ ਸੀ।
ਸਿਲਵਰ ਮੈਡਲ ਦੀ ਮੰਗ ਵਾਲੀ ਉਨ੍ਹਾਂ ਦੀ ਅਪੀਲ ਨੂੰ ਕੋਰਟ ਔਫ ਆਰਬੀਟ੍ਰੇਸ਼ਨ ਔਫ ਸਪੋਰਟਸ ਨੇ ਬੁੱਧਵਾਰ ਨੂੰ ਖ਼ਾਰਜ਼ ਕਰ ਦਿੱਤਾ ਸੀ।
ਵਿਨੇਸ਼ ਨੇ ਲਿਖਿਆ,"ਮੈਂ 28 ਮਈ 2023 ਨੂੰ ਭਾਰਤੀ ਝੰਡੇ ਦੇ ਨਾਲ ਆਪਣੀਆਂ ਤਸਵੀਰਾਂ ਦੇਖਦੀ ਹਾਂ ਤਾਂ ਇਹ ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ"।
"ਪਹਿਲਾਵਾਨਾਂ ਦੇ ਵਿਰੋਧ ਦੇ ਦੌਰਾਨ ਮੈਂ ਭਾਰਤ ਦੀਆਂ ਮਹਿਲਾਵਾਂ ਦੀ ਪਵਿੱਤਰਤਾ , ਸਾਡੇ ਭਾਰਤੀ ਝੰਡੇ ਦੀ ਪਵਿੱਤਰਤਾ ਅਤੇ ਕਦਰਾਂ-ਕੀਮਤਾਂ ਦੇ ਲਈ ਕਰੜੀ ਮਿਹਨਤ ਕਰ ਰਹੀ ਸੀ"।
ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣੀ ਚਿੱਠੀ ਵਿੱਚ ਆਪਣੇ ਪਿਤਾ ਨੂੰ ਚੇਤੇ ਕੀਤਾ ਹੈ। ਉਨ੍ਹਾਂ ਨੇ ਇੱਕ ਕੁੜੀ ਦੇ ਸੁਪਨੇ ਅਤੇ ਉਨ੍ਹਾਂ ਸੁਪਨਿਆਂ ਨਾਲੋਂ ਟੁੱਟ ਜਾਣ ਦਾ ਦੁੱਖ ਵੀ ਸਾਂਝਾ ਕੀਤਾ ਹੈ।

ਤਸਵੀਰ ਸਰੋਤ, vineshphogat/instagram
ਵਿਨੇਸ਼ ਨੇ ਆਪਣੇ ਕਰੀਅਰ ਅਤੇ ਆਪਣੀ ਲੜ੍ਹਾਈ ਵਿੱਚ ਸਾਥ ਦੇਣ ਦੇ ਲਈ ਪਤੀ ਸੋਮਵੀਰ ਦਾ ਧੰਨਵਾਦ ਵੀ ਕੀਤਾ ਹੈ
ਵਿਨੇਸ਼ ਨੇ ਲਿਖਿਆ ਹੈ-
ਮੈਂ ਇੱਕ ਛੋਟੀ ਕੁੜੀ ਦੇ ਰੂਪ ਵਿੱਚ ਲੰਬੇ ਵਾਲ, ਹੱਥ ਵਿੱਚ ਮੋਬਾਈਲ ਅਤੇ ਆਪਣੇ ਸੁਪਨਿਆਂ ਵਿੱਚ ਉਹ ਸਭ ਦੇਖਦੀ ਹਾਂ ਜੋ ਆਮ ਤੌਰ 'ਤੇ ਕੋਈ ਵੀ ਨੌਜਵਾਨ ਕੁੜੀ ਸੁਪਨੇ ਦੇਖਦੀ ਹੈ।
ਮੇਰੇ ਪਿਤਾ ਇੱਕ ਸਧਾਰਨ ਬੱਸ ਚਾਲਕ ਸਨ, ਉਹ ਖੁਦ ਸੜਕ ਉੱਤੇ ਗੱਡੀ ਚਲਾਉਂਦੇ ਸਨ ਅਤੇ ਮੈਨੂੰ ਜਹਾਜ਼ ਵਿੱਚ ਉੱਚੀ ਉਡਾਣ ਭਰਦੇ ਹੋਏ ਦੇਖਣਾ ਚਾਹੁੰਦੇ ਸਨ। ਮਾਂ ਦੇ ਲਈ ਬੱਚਿਆਂ ਨੂੰ ਆਪਣੇ ਪੈਰਾਂ ਉੱਤੇ ਖੜੇ ਹੁੰਦੇ ਹੋਏ ਦੇਖਣਾ ਇੱਕ ਸੁਪਨਾ ਸੀ।
ਮੇਰੇ ਪਿਤਾ ਦੀ ਮੌਤ ਦੇ ਕੁਝ ਮਹੀਨੇ ਬਾਅਦ ਹੀ ਮਾਂ ਨੂੰ ਸਟੇਜ 3 ਦੇ ਕੈਂਸਰ ਦਾ ਪਤਾ ਲੱਗਿਆ ਸੀ। ਇੱਥੋਂ ਹੀ ਉਨ੍ਹਾਂ ਦੇ ਤਿੰਨ ਬੱਚਿਆਂ ਦਾ ਸਾਹਮਣਾ ਹਕੀਕਤ ਨਾਲ ਹੋਇਆ। ਜੋ ਆਪਣੀ ਇਕੱਲੀ ਮਾਂ ਲਈ ਆਪਣਾ ਬਚਪਨ ਗਵਾਉਣ ਵਾਲੇ ਸਨ।

ਤਸਵੀਰ ਸਰੋਤ, Getty Images
ਵਿਨੇਸ਼ ਨੇ ਅੱਗੇ ਲਿਖਿਆ ਹੈ-
ਮਾਂ ਹਮੇਸ਼ਾ ਕਹਿੰਦੀ ਸੀ ਕਿ ਭਗਵਾਨ ਚੰਗੇ ਲੋਕਾਂ ਦੇ ਨਾਲ ਕਦੇ ਬੁਰਾ ਨਹੀਂ ਹੋਣ ਦੇਣਗੇ। ਮੈਨੂੰ ਇਸ ਉੱਤੇ ਉਸ ਵੇਲੇ ਹੋਰ ਵੀ ਵੱਧ ਵਿਸ਼ਵਾਸ ਉਦੋਂ ਹੋਇਆ ਜਦੋਂ ਮੇਰੀ ਮੁਲਾਕਾਤ ਸੋਮਵੀਰ ਨਾਲ ਹੋਈ।
ਸੋਮਵੀਰ ਨੇ ਆਪਣੇ ਸਹਿਯੋਗ ਨਾਲ ਮੇਰੇ ਜੀਵਨ ਵਿੱਚ ਆਪਣੀ ਥਾਂ ਬਣਾਈ ਹੈ ਅਤੇ ਹਰ ਭੂਮਿਕਾ ਵਿੱਚ ਮੇਰਾ ਸਾਥ ਦਿੱਤਾ ਹੈ।
ਆਪਣੇ ਕੰਮ ਅਤੇ ਭਾਰਤੀ ਖੇਡਾਂ ਦੇ ਪ੍ਰੀਤ ਡਾ. ਦਿਨਸ਼ਾਅ ਪਾਰਦੀਵਾਲਾ ਅਤੇ ਉਨ੍ਹਾਂ ਦੀ ਪੂਰੀ ਟੀਮ ਦੇ ਕੰਮ ਅਤੇ ਸਮਰਪਣ ਦੇ ਲਈ ਮੈਂ ਹਮੇਸ਼ਾ ਧੰਨਵਾਦੀ ਰਹਾਂਗੀ।
ਵਿਨੇਸ਼ ਫੋਗਾਟ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ,"ਅਸੀਂ ਆਤਮ-ਸਮਰਪਣ ਨਹੀਂ ਕੀਤਾ,ਪਰ ਘੜੀ ਰੁੱਕ ਗਈ ਅਤੇ ਵਕਤ ਠੀਕ ਨਹੀਂ ਸੀ । ਮੈਂ ਇਹ ਨਹੀਂ ਜਾਣਦੀ ਕਿ ਭਵਿੱਖ ਵਿੱਚ ਕੀ ਹੋਵੇਗਾ, ਪਰ ਮੈਨੂੰ ਯਕੀਨ ਹੈ ਕਿ ਮੈਂ ਸੱਚ ਦੇ ਲਈ ਆਪਣੀ ਲੜ੍ਹਾਈ ਜਾਰੀ ਰੱਖਾਂਗੀ"।
"ਬਹੁਤ ਕੁਝ ਹੈ , ਪਰ ਇਸਦੇ ਲਈ ਸ਼ਬਦ ਕਾਫੀ ਨਹੀਂ ਹੋਣਗੇ, ਸ਼ਾਇਦ ਜਦੋਂ ਵਕਤ ਸਹੀ ਲੱਗੇਗਾ ਤਾਂ ਮੈਂ ਦੁਬਾਰਾ ਬੋਲਾਂਗੀ"।
ਫਾਈਨਲ ਵਿੱਚ ਪਹੁੰਚ ਕੇ ਵੀ ਟੁੱਟ ਗਿਆ ਮੈਡਲ ਜਿੱਤਣ ਦਾ ਸੁਪਨਾ

ਤਸਵੀਰ ਸਰੋਤ, ANI
ਵਿਨੇਸ਼ ਫੋਗਾਟ ਨੇ ਓਲੰਪਿਕ ਦੇ ਫਾਈਨਲ 'ਚ ਪਹੁੰਚ ਕੇ ਕਰੋੜਾਂ ਭਾਰਤੀਆਂ ਦਾ ਦਿਲ ਜਿੱਤ ਲਿਆ ਸੀ। ਪਰ ਇਹ ਖੁਸ਼ੀ ਬਹੁਤੀ ਦੇਰ ਤੱਕ ਟਿਕ ਨਾ ਸਕੀ।
ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਵਿੱਚ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਹੁਣ ਵਿਨੇਸ਼ ਓਲੰਪਿਕ 'ਚ ਕੋਈ ਤਮਗਾ ਨਹੀਂ ਜਿੱਤ ਸਕੇਗੀ।
ਵਿਨੇਸ਼ ਫੋਗਾਟ ਔਰਤਾਂ ਦੇ 50 ਕਿਲੋਗ੍ਰਾਮ ਭਾਰ ਵਰਗ ਦੇ ਫ੍ਰੀਸਟਾਈਲ ਮੁਕਾਬਲੇ 'ਚ ਚੁਣੌਤੀ ਪੇਸ਼ ਕਰ ਰਹੀ ਸੀ। ਪਰ ਜਦੋਂ ਬੁੱਧਵਾਰ ਸਵੇਰੇ ਉਨ੍ਹਾਂ ਦਾ ਵਜ਼ਨ ਕੀਤਾ ਗਿਆ ਤਾਂ ਉਸ ਦਾ ਭਾਰ ਆਮ ਭਾਰ ਨਾਲੋਂ ਕੁਝ ਗ੍ਰਾਮ ਵੱਧ ਪਾਇਆ ਗਿਆ।
ਭਾਰਤੀ ਟੀਮ ਨੇ ਵਿਨੇਸ਼ ਦਾ ਵਜ਼ਨ 50 ਕਿਲੋਗ੍ਰਾਮ ਤੱਕ ਲਿਆਉਣ ਲਈ ਕੁਝ ਸਮਾਂ ਮੰਗਿਆ ਪਰ ਆਖ਼ਰਕਾਰ ਵਿਨੇਸ਼ ਫੋਗਾਟ ਨੂੰ ਨਿਰਧਾਰਤ ਵਜ਼ਨ ਤੋਂ ਥੋੜ੍ਹਾ ਜ਼ਿਆਦਾ ਵਜ਼ਨ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ।

ਤਸਵੀਰ ਸਰੋਤ, Reuters
ਭਾਰ ਘਟਾਉਣਾ ਇੰਨਾ ਮਹੱਤਵਪੂਰਨ ਕਿਉਂ ਹੈ
ਕਿਸੇ ਵੀ ਕੁਸ਼ਤੀ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵੱਖ-ਵੱਖ ਭਾਰ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਇਹ ਕੁਸ਼ਤੀ ਅਤੇ ਮੁੱਕੇਬਾਜ਼ੀ ਵਰਗੀਆਂ ਖੇਡਾਂ ਵਿੱਚ ਇੱਕ ਨਿਸ਼ਚਿਤ ਤਰੀਕਾ ਹੈ, ਜਿਸ ਨਾਲ ਸਾਰੇ ਖਿਡਾਰੀਆਂ ਲਈ ਨਿਰਪੱਖ ਮੌਕਾ ਤੈਅ ਕੀਤਾ ਜਾਂਦਾ ਹੈ।
ਅਸੀਂ ਯੂਨਾਈਟਿਡ ਵਰਲਡ ਰੈਸਲਿੰਗ ਦੇ ਨਿਯਮਾਂ ਨੂੰ ਦੇਖਿਆ ਅਤੇ ਇਹ ਸਮਝਣ ਲਈ ਇੱਕ ਸਾਬਕਾ ਭਲਵਾਨ ਅਤੇ ਕੋਚ ਨਾਲ ਗੱਲ ਕੀਤੀ ਕਿ ਇਹ ਨਿਯਮ ਕਿਵੇਂ ਕੰਮ ਕਰਦੇ ਹਨ।
ਕਿਸੇ ਵੀ ਟੂਰਨਾਮੈਂਟ ਵਿੱਚ, ਇੱਕ ਭਾਰ ਵਰਗ ਲਈ ਮੁਕਾਬਲਾ ਦੋ ਦਿਨਾਂ ਵਿੱਚ ਪ੍ਰਬੰਧਿਤ ਕੀਤਾ ਜਾਂਦਾ ਹੈ।
ਅਧਿਕਾਰਤ ਤੌਰ ’ਤੇ ਪਹਿਲੀ ਵਾਰ ਕੀਤੇ ਗਏ ਸਮੇਂ ਤੋਂ ਵਜ਼ਨ ਹੁੰਦਾ ਹੈ, ਹਰੇਕ ਖਿਡਾਰੀ ਨੂੰ ਕੇਵਲ ਉਸੇ ਇੱਕ ਭਾਰ ਵਰਗ ਵਿੱਚ ਖੇਡਣ ਦੀ ਇਜਾਜ਼ਤ ਹੁੰਦੀ ਹੈ।
ਭਾਰ ਤੋਲਣ ਦੌਰਾਨ ਖਿਡਾਰੀ ਸਿਰਫ਼ ਸਿੰਗਲੇਟ ਭਾਵ ਸਲੀਵਲੇਸ ਕਮੀਜ਼ ਹੀ ਪਹਿਨ ਸਕਦੇ ਹਨ। ਵਧੇ ਹੋਏ ਭਾਰ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਕਿਸੇ ਵੀ ਭਾਰ ਵਰਗ ਵਿੱਚ ਮੁਕਾਬਲੇ ਦੇ ਪਹਿਲੇ ਦਿਨ ਸਵੇਰੇ ਮੈਡੀਕਲ ਜਾਂਚ ਅਤੇ ਵਜ਼ਨ ਕੀਤਾ ਜਾਂਦਾ ਹੈ।
ਇਸ ਦੌਰਾਨ ਭਲਵਾਨਾਂ ਦੀ ਮੈਡੀਕਲ ਜਾਂਚ ਕੀਤੀ ਜਾਂਦੀ ਹੈ। ਇੱਥੇ, ਯੋਗ ਡਾਕਟਰ ਕਿਸੇ ਵੀ ਭਲਵਾਨ ਨੂੰ ਬਾਹਰ ਕੱਢ ਦਿੰਦੇ ਹਨ ਜਿਨ੍ਹਾਂ ਤੋਂ ਕਿਸੇ ਲਾਗ ਵਾਲੀ ਬਿਮਾਰੀ ਫੈਲਣ ਦਾ ਖ਼ਤਰਾ ਹੁੰਦਾ ਹੈ। ਖਿਡਾਰੀਆਂ ਨੂੰ ਆਪਣੇ ਨਹੁੰ ਵੀ ਛੋਟੇ-ਛੋਟੇ ਕੱਟਣੇ ਪੈਂਦੇ ਹਨ।

ਤਸਵੀਰ ਸਰੋਤ, Getty Images/BBC
ਇਹ ਪਹਿਲੀ ਪ੍ਰਕਿਰਿਆ ਲਗਭਗ ਅੱਧੇ ਘੰਟੇ ਤੱਕ ਚੱਲਦੀ ਹੈ। ਜਿਹੜੇ ਲੋਕ ਇਨ੍ਹਾਂ ਭਾਰ ਵਰਗਾਂ ਵਿੱਚ ਫਿੱਟ ਪਾਏ ਜਾਂਦੇ ਹਨ, ਉਨ੍ਹਾਂ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਇਸ ਤੋਂ ਬਾਅਦ ਜਿਹੜੇ ਖਿਡਾਰੀ ਫਾਈਨਲ ਲਈ ਕੁਆਲੀਫਾਈ ਕਰਦੇ ਹਨ, ਉਨ੍ਹਾਂ ਨੂੰ ਦੂਜੇ ਦਿਨ ਦੀ ਸਵੇਰ ਨੂੰ ਵੀ ਭਾਰ ਚੈੱਕ ਕਰਵਾਉਣਾ ਪੈਂਦਾ ਹੈ। ਇਹ ਪ੍ਰਕਿਰਿਆ 15 ਮਿੰਟ ਤੱਕ ਰਹਿੰਦੀ ਹੈ।
ਯੂਡਬਲਯੂਡਬਲਯੂ ਦੇ ਨਿਯਮ ਕਹਿੰਦੇ ਹਨ ਕਿ ਇਸ ਮਿਆਦ ਦੇ ਦੌਰਾਨ ਵੀ ਭਾਰ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ।
ਨਿਯਮਾਂ ਦੇ ਅਨੁਸਾਰ, "ਭਾਰ ਤੋਲਣ ਦੀ ਪੂਰੀ ਪ੍ਰਕਿਰਿਆ ਦੌਰਾਨ ਭਲਵਾਨ ਕੋਲ ਇਹ ਹੱਕ ਹੈ ਕਿ ਉਹ ਕਿੰਨੀ ਵਾਰ ਮਸ਼ੀਨ ’ਤੇ ਵਜ਼ਨ ਕਰ ਸਕਦੇ ਹਨ। ਇਸ ਪ੍ਰਕਿਰਿਆ ਲਈ ਚੁਣੇ ਗਏ ਰੈਫਰੀਆਂ ਦੀ ਇਹ ਜ਼ਿੰਮੇਵਾਰੀ ਹੁੰਦਾ ਹੈ ਕਿ ਉਹ ਸਾਰੇ ਸਬੰਧਿਤ ਭਾਰ ਵਰਗ ਦੇ ਪ੍ਰਤੀਭਾਗੀਆਂ ਦੇ ਭਾਰ ਦੀ ਜਾਂਚ ਕਰਨ।”
“ਜੇਕਰ ਕਿਸੇ ਐਥਲੀਟ ’ਤੇ ਕਿਸੇ ਤਰ੍ਹਾਂ ਦਾ ਜੋਖ਼ਮ ਹੈ ਤਾਂ ਉਹ ਰੈਫਰੀ ਉਸ ਦੀ ਸੂਚਨਾ ਦਿੰਦੇ ਹਨ।’
ਜੇਕਰ ਕੋਈ ਐਥਲੀਟ ਤੋਲਣ ਦੀ ਪ੍ਰਕਿਰਿਆ ਪੂਰੀ ਨਹੀਂ ਕਰਦਾ ਜਾਂ ਇਸ ਵਿੱਚ ਅਸਫ਼ਲ ਹੋ ਜਾਵੇ ਤਾਂ ਉਹ ਮੁਕਾਬਲੇ ਵਿੱਚੋਂ ਬਾਹਰ ਹੋ ਜਾਂਦੇ ਹਨ ਅਤੇ ਆਖ਼ਰੀ ਸਥਾਨ 'ਤੇ ਰੱਖੇ ਜਾਂਦੇ ਹਨ।
ਓਲੰਪਿਕ ਵਿੱਚ ਜੇਕਰ ਚੋਟੀ ਦੇ ਦੋ ਭਲਾਵਾਨਾਂ ਵਿੱਚੋਂ ਕਿਸੇ ਇੱਕ ਦਾ ਭਾਰ ਵੱਧ ਹੁੰਦਾ ਹੈ, ਤਾਂ ਉਹ ਤਗਮਾ ਆਪਣੇ ਆਪ ਵਿੱਚ ਅਯੋਗ ਹੋ ਜਾਂਦਾ ਹੈ। ਭਾਵ ਇਸ ਮਾਮਲੇ 'ਚ ਸਿਲਵਰ ਮੈਡਲ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ।

ਤਸਵੀਰ ਸਰੋਤ, Getty Images
ਭਾਰ ਘਟਾਉਣਾ ਮੁਸ਼ਕਲ ਕਿਉਂ ਹੈ?
ਮਨੁੱਖੀ ਸਰੀਰ ਵਿੱਚ ਭਾਰ ਬਦਲਦਾ ਰਹਿੰਦਾ ਹੈ। ਕਈ ਵਾਰ ਇਹ ਭਾਰ ਇੱਕ ਦਿਨ ਵਿੱਚ ਬਦਲ ਜਾਂਦਾ ਹੈ। ਅਜਿਹੇ 'ਚ ਮੈਚ ਵਾਲੇ ਦੋਵਾਂ ਦਿਨਾਂ ’ਚ ਹੀ ਖਿਡਾਰੀਆਂ ਦਾ ਭਾਰ ਚੈੱਕ ਕੀਤਾ ਜਾਂਦਾ ਹੈ।
ਜੇਕਰ ਕੋਈ ਖਿਡਾਰੀ ਕਿਸੇ ਵਿਸ਼ੇਸ਼ ਸ਼੍ਰੇਣੀ ਵਿੱਚ ਜਗ੍ਹਾ ਬਣਾ ਰਿਹਾ ਹੈ ਤਾਂ ਤੁਹਾਡੇ ਤੋਂ ਦੋਵੇਂ ਦਿਨ ਇੱਕੋ ਜਿਹਾ ਭਾਰ ਬਰਕਰਾਰ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ।
ਓਲੰਪਿਕ ਵਿੱਚ, ਖਿਡਾਰੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਜਿਸ ਸ਼੍ਰੇਣੀ ਵਿੱਚ ਕੁਆਲੀਫਾਈ ਕਰਦੇ ਹਨ, ਉਸ ਵਿੱਚ ਖੇਡਣ।
ਆਪਣੇ ਭਾਰ ਤੋਂ ਘੱਟ ਸ਼੍ਰੇਣੀ ਵਿੱਚ ਖੇਡਣਾ ਆਸਾਨ ਨਹੀਂ ਹੈ। ਅਜਿਹਾ ਕਰਨ ਲਈ ਭਾਰ ਘਟਾਉਣਾ ਪੈਂਦਾ ਹੈ ਅਤੇ ਟੂਰਨਾਮੈਂਟ ਦੇ ਦੋ ਦਿਨਾਂ ਤੱਕ ਇਸ ਨੂੰ ਬਰਕਰਾਰ ਰੱਖਣਾ ਪੈਂਦਾ ਹੈ।
ਇੱਕ ਸਾਬਕਾ ਭਲਵਾਨ ਨੇ ਬੀਬੀਸੀ ਨੂੰ ਦੱਸਿਆ, “ਇਹ ਇੱਕ ਮੁਸ਼ਕਲ ਕੰਮ ਹੈ, ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਹ ਇਹ ਜਾਣਦੇ ਹਨ।”
ਭਲਵਾਨ ਦੇ ਅਨੁਸਾਰ, “ਕਈ ਭਲਵਾਨ ਜੋ ਘੱਟ ਭਾਰ ਵਰਗ ਵਿੱਚ ਖੇਡਣਾ ਚੁਣਦੇ ਹਨ, ਉਨ੍ਹਾਂ ਨੂੰ ਆਪਣਾ ਖਾਣਾ-ਪੀਣਾ ਘੱਟ ਕਰਨਾ ਪੈਂਦਾ ਹੈ। ਕੁਝ ਲੋਕ ਭੁੱਖੇ ਰਹਿੰਦੇ ਹਨ ਅਤੇ ਇਸ ਦਾ ਅਸਰ ਸਰੀਰ 'ਤੇ ਦਿਖਾਈ ਦਿੰਦਾ ਹੈ।”
“ਖੇਡ ਵਿੱਚ ਇਸ ਕਮਜ਼ੋਰੀ ਤੋਂ ਵੀ ਉਭਰਨਾ ਪੈਂਦਾ ਹੈ। ਅਜਿਹੇ ਵਿੱਚ ਖ਼ੁਦ ਦੇ ਸਰੀਰ ਵਿੱਚ ਇਹ ਬਦਲਾਅ ਲਿਆਉਣਾ ਸੌਖਾ ਨਹੀਂ ਹੁੰਦਾ ਹੈ। ਜੇਕਰ ਕਿਸੇ ਭਲਵਾਨ ਦਾ ਵਜ਼ਨ ਬਾਰਡਰ ਲਾਈਨ ’ਤੇ ਹੈ ਤਾਂ ਉਸ ਨੂੰ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ।”

ਤਸਵੀਰ ਸਰੋਤ, Getty Images
ਵਿਨੇਸ਼ ਨੂੰ ਪਹਿਲਾਂ ਵੀ ਵਜ਼ਨ ਦੇ ਮਾਮਲੇ 'ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਓਲੰਪਿਕ 2016 ਵਿੱਚ 48 ਕਿਲੋਗ੍ਰਾਮ ਵਰਗ ਵਿੱਚ ਵਿਨੇਸ਼ ਨੂੰ ਆਪਣਾ ਭਾਰ ਘਟਾਉਣਾ ਪਿਆ ਸੀ ਅਤੇ ਇਹ ਚੁਣੌਤੀਪੂਰਨ ਸੀ।
ਬਾਅਦ 'ਚ ਵਿਨੇਸ਼ ਇਸ ਸ਼੍ਰੇਣੀ 'ਚ ਜਗ੍ਹਾ ਬਣਾਉਣ ਅਤੇ ਖੇਡਣ 'ਚ ਸਫ਼ਲ ਰਹੀ। ਪਰ ਬਾਅਦ ਵਿੱਚ ਸੱਟ ਲੱਗਣ ਕਾਰਨ ਵਿਨੇਸ਼ ਬਾਹਰ ਹੋ ਗਈ ਸੀ।
ਟੋਕੀਓ ਓਲੰਪਿਕ 'ਚ 53 ਕਿਲੋਗ੍ਰਾਮ ਵਰਗ 'ਚ ਵਿਨੇਸ਼ ਨੇ ਖੇਡਿਆ ਸੀ ਪਰ ਕੁਆਰਟਰ ਫਾਈਨਲ 'ਚ ਹਾਰ ਗਈ ਸੀ।
ਪੈਰਿਸ ਵਿੱਚ ਵਿਨੇਸ਼ ਨੇ ਕੁਝ ਦਿਨ ਪਹਿਲਾਂ ਹੇਠਲੇ ਵਰਗ ਵਿੱਚ ਖੇਡਣ ਅਤੇ ਭਾਰ ਘਟਾਉਣ ਦਾ ਫ਼ੈਸਲਾ ਕੀਤਾ।
ਪਰ ਅੰਤ 'ਚ ਕੁਝ ਗ੍ਰਾਮ ਵਿਨੇਸ਼ ਫੋਗਾਟ 'ਤੇ ਭਾਰੀ ਸਾਬਤ ਹੋਏ।












