ਓਲੰਪਿਕ 2024: ਨੀਰਜ ਚੋਪੜਾ ਨੇ ਜਿੱਤਿਆ ਸਿਲਵਰ, ਪਾਕਿਸਤਾਨ ਦੇ ਅਰਸ਼ਦ ਨੇ ਜਿੱਤਿਆ ਗੋਲਡ, ਬਣਾਇਆ ਓਲੰਪਿਕ ਰਿਕਾਰਡ

ਤਸਵੀਰ ਸਰੋਤ, Getty Images
ਪੈਰਿਸ ਓਲੰਪਿਕ ਵਿੱਚ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਨਵਾਂ ਓਲੰਪਿਕ ਰਿਕਾਰਡ (92.97 ਮੀਟਰ) ਬਣਾ ਕੇ ਗੋਲਡ ਅਤੇ ਭਾਰਤ ਦੇ ਨੀਰਜ ਚੋਪੜਾ ਨੇ ਆਪਣਾ ਸੀਜ਼ਨ ਬੈਸਟ (89.94 ਮੀਟਰ) ਦਿੰਦੇ ਹੋਏ ਸਿਲਵਰ ਮੈਡਲ ਹਾਸਲ ਕੀਤਾ ਹੈ।
ਓਲੰਪਿਕ ਵਿੱਚ ਨੀਰਜ ਚੋਪੜਾ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਉਸ ਨੇ ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਿਆ ਸੀ।
ਨੀਰਜ ਚੋਪੜਾ ਨੇ 89.45 ਮੀਟਰ 'ਤੇ ਭਾਲਾ ਸੁੱਟਿਆ ਅਤੇ ਚਾਂਦੀ ਦਾ ਤਮਗਾ ਜਿੱਤਿਆ। ਜਦੋਂ ਕਿ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ।
ਨੀਰਜ ਚੋਪੜਾ ਦਾ ਪਹਿਲਾ ਰਾਊਂਡ ਠੀਕ ਨਹੀਂ ਰਿਹਾ ਅਤੇ ਉਹ ਫਾਊਲ ਹੋ ਗਏ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਵੀ ਪਹਿਲੇ ਦੌਰ ਵਿੱਚ ਫਾਊਲ ਕੀਤਾ।
ਫਾਊਲ ਤੋਂ ਬਾਅਦ ਅਰਸ਼ਦ ਨੇ ਜੋ 92.97 ਮੀਟਰ ਉੱਤੇ ਭਾਲਾ ਸੁੱਟਿਆ ਜਿਸ ਤੋਂ ਅੱਗੇ ਬਾਅਦ ਵਿੱਚ ਹੋਰ ਕੋਈ ਨਹੀਂ ਜਾ ਸਕਿਆ, ਖ਼ੁਦ ਨਦੀਮ ਵੀ ਨਹੀਂ।

ਤਸਵੀਰ ਸਰੋਤ, Getty Images
ਨੀਰਜ ਚੋਪੜਾ ਦੇ ਸਿਲਵਰ ਮੈਡਲ ਜਿੱਤਣ 'ਤੇ ਉਨ੍ਹਾਂ ਦੀ ਮਾਂ ਨੇ ਕਿਹਾ, ''ਅਸੀਂ ਬਹੁਤ ਖੁਸ਼ ਹਾਂ। ਸਾਡੇ ਲਈ ਤਾਂ ਚਾਂਦੀ ਵੀ ਸੋਨੇ ਦੇ ਬਰਾਬਰ ਹੈ।”
ਅਰਸ਼ਦ ਨਦੀਮ ਦੇ ਬਾਰੇ ਵਿੱਚ ਨੀਰਜ ਚੋਪੜਾ ਦੀ ਮਾਂ ਨੇ ਕਿਹਾ, ''ਜਿਸ ਨੇ ਸੋਨਾ ਜਿੱਤਿਆ ਉਹ ਵੀ ਸਾਡਾ ਬੇਟਾ ਹੈ। ਮਿਹਨਤ ਕਰਦਾ ਹੈ।''
ਚਾਂਦੀ ਦਾ ਤਮਗਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਨੇ ਕਿਹਾ ਹੈ ਕਿ ਦੇਸ਼ ਲਈ ਤਮਗਾ ਜਿੱਤਣਾ ਹਮੇਸ਼ਾ ਖੁਸ਼ੀ ਦੀ ਗੱਲ ਹੁੰਦੀ ਹੈ।
ਉਨ੍ਹਾਂ ਨੇ ਕਿਹਾ, "ਮੈਡਲ ਵੱਖਰੀ ਗੱਲ ਹੈ, ਹੁਣ ਲੋੜ ਖੇਡ ਵਿੱਚ ਸੁਧਾਰ ਕਰਨ ਦੀ ਹੈ। ਜੋ ਸੱਟਾਂ ਚੱਲ ਰਹੀਆਂ ਹਨ, ਉਨ੍ਹਾਂ 'ਤੇ ਕੰਮ ਕਰਨਾ ਹੈ। ਟੀਮ ਨਾਲ ਗੱਲ ਕਰਕੇ ਕਮੀਆਂ ਨੂੰ ਸੁਧਾਰਾਂਗੇ।"
ਨੀਰਜ ਨੇ ਕਿਹਾ, "ਟੋਕੀਓ ਓਲੰਪਿਕ ਨਾਲ ਇਸ ਓਲੰਪਿਕ ਦੀ ਤੁਲਨਾ ਨਹੀਂ ਕਰਨੀ ਚਾਹੀਦੀ। ਜੋ ਵੀ ਐਥਲੀਟ ਖੇਡ ਰਹੇ ਹਨ, ਉਹ ਵਧੀਆ ਖੇਡ ਰਹੇ ਹਨ। ਕੁੱਲ ਮਿਲਾ ਕੇ ਸਾਡਾ ਪ੍ਰਦਰਸ਼ਨ ਵਧੀਆ ਰਿਹਾ ਹੈ। ਇਹ ਜ਼ਰੂਰੀ ਨਹੀਂ ਕਿ ਸਾਡੇ ਤਮਗੇ ਹਰ ਵਾਰ ਵਧਦੇ ਹੀ ਜਾਣ।ਕਈ ਵਾਰ ਉੱਕ ਵੀ ਜਾਂਦੇ ਹਾਂ। ਆਉਣ ਵਾਲੇ ਸਮੇਂ ਵਿੱਚ ਸਾਡੇ ਹੋਰ ਵੀ ਤਮਗੇ ਵਧਣਗੇ।"

ਉਨ੍ਹਾਂ ਨੇ ਕਿਹਾ, "ਕੋਈ ਦਿਨ ਕਿਸੇ ਖਿਡਾਰੀ ਦਾ ਹੁੰਦਾ ਹੈ। ਅੱਜ ਅਰਸ਼ਦ ਦਾ ਦਿਨ ਸੀ। ਉਸ ਦਿਨ ਇੱਕ ਖਿਡਾਰੀ ਦਾ ਸਰੀਰ ਵੱਖਰਾ ਹੀ ਹੁੰਦਾ ਹੈ। ਸਭ ਕੁਝ ਬਿਲਕੁਲ ਠੀਕ ਹੁੰਦੀ ਹੈ ਜਿਵੇਂ ਅੱਜ ਅਰਸ਼ਦ ਲਈ ਸੀ। ਟੋਕੀਓ, ਬੁਡਾਪੇਸਟ ਅਤੇ ਏਸ਼ਿਆਈ ਖੇਡਾਂ ਵਿੱਚ ਆਪਣਾ ਦਿਨ ਸੀ।"
ਨੀਰਜ ਚੋਪੜਾ ਨੇ ਕਿਹਾ, ਮੇਰਾ ਵੀ ਬਹੁਤ ਚੰਗਾ ਪ੍ਰਦਰਸ਼ਨ ਰਿਹਾ ਹੈ ਪਰ ਕੁਝ ਚੀਜ਼ਾਂ ਹਨ, ਥੋੜ੍ਹੀ ਇੰਜਰੀ ਹੈ। ਇਸ ਨੂੰ ਠੀਕ ਕਰਨਾ ਹੈ। ਖੇਡਦੇ ਸਮੇਂ ਜੋ ਧਿਆਨ ਸੱਟ 'ਤੇ ਜਾਂਦਾ ਹੈ, ਉਸ ਉੱਤੇ ਨਹੀਂ ਸਗੋਂ ਪ੍ਰਦਰਸ਼ਨ 'ਤੇ ਹੋਣਾ ਚਾਹੀਦਾ ਹੈ।
ਉਸ ਨੇ ਕਿਹਾ, "ਮੇਰੇ ਅੰਦਰ ਚੰਗੀ ਥਰੋ ਹੈ ਪਰ ਇਹ ਉਦੋਂ ਹੀ ਨਿਕਲੇਗਾ ਜਦੋਂ ਮੈਂ ਹਰ ਤਰ੍ਹਾਂ ਨਾਲ ਫਿੱਟ ਹੋ ਜਾਵਾਂਗਾ ਅਤੇ ਮਾਨਸਿਕ ਤੌਰ 'ਤੇ ਵੀ ਪੂਰੀ ਤਰ੍ਹਾਂ ਤਿਆਰ ਹੋ ਜਾਵਾਂਗਾ।"
ਨੀਰਜ ਨੇ ਕਿਹਾ- ਮੈਨੂੰ ਇਹ ਗੱਲ ਮੰਨਣੀ ਪਵੇਗੀ, ਅੱਜ ਮੇਰਾ ਦਿਨ ਨਹੀਂ ਸੀ। ਮਨ ਵਿਚ ਸੀ ਕਿ ਕੌਮੀ ਗੀਤ ਵਜੇ। ਸਾਰਿਆਂ ਨੂੰ ਉਮੀਦਾਂ ਸਨ। ਉਮੀਦਾਂ 'ਤੇ ਵੀ ਖਰੇ ਉਤਰੇ ਹਾਂ। ਅੱਜ ਆਪਣਾ ਦਿਨ ਨਹੀਂ ਸੀ। ਅੱਜ ਕੌਮੀ ਗੀਤ ਨਹੀਂ ਵਜਵਾ ਸਕੇ।
ਉਸਨੇ ਕਿਹਾ, "ਅੱਗੇ ਫਿਰ ਮੌਕਾ ਮਿਲੇਗਾ। ਸਾਡਾ ਕੌਮੀ ਗੀਤ ਪੈਰਿਸ ਵਿਚ ਨਹੀਂ ਤਾਂ ਕਿਤੇ ਹੋਰ ਸਹੀ।
ਭਾਰਤੀ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ, ਪੰਜਾਬ ਸਰਕਾਰ ਵੱਲੋਂ ਹਰ ਖਿਡਾਰੀ ਮਿਲੇਗਾ ਇੱਕ ਕਰੋੜ ਦਾ ਈਨਾਮ

ਤਸਵੀਰ ਸਰੋਤ, Getty Images
ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਜਾ ਤਗਮਾ ਜਿੱਤ ਲਿਆ ਹੈ।
2021 ਦੀਆਂ ਟੋਕੀਓ ਓਲੰਪਿਕ ਤੋਂ ਬਾਅਦ ਇਸ ਵਾਰ ਵੀ ਓਲੰਪਿਕ ਤਗਮਾ ਜਿੱਤ ਕੇ ਭਾਰਤੀ ਹਾਕੀ ਟੀਮ ਨੇ 50 ਸਾਲਾਂ ਬਾਅਦ ਆਪਣੇ ਇਤਿਹਾਸ ਨੂੰ ਦੁਹਰਾਇਆ ਹੈ।
ਕਾਂਸੀ ਦਾ ਤਗਮਾ ਜਿੱਤਣ ਲਈ ਹੋਏ ਮੈਚ ਦੌਰਾਨ ਦੋਵਾਂ ਟੀਮਾਂ ਨੇ ਬਹੁਤ ਹੀ ਨਪੀ-ਤੁਲੀ ਖੇਡ ਦਾ ਮੁਜ਼ਾਹਰਾ ਕੀਤਾ।
ਕੋਈ ਵੀ ਟੀਮ ਪਹਿਲੇ ਅੱਧ ਤੱਕ ਕੋਈ ਗੋਲ਼ ਨਹੀਂ ਕਰ ਸਕੀ। ਪਰ ਦੂਸਰੇ ਹਾਫ਼ ਦੌਰਾਨ ਸਪੇਨ ਨੇ ਪਲੈਨਟੀ ਕਾਰਨਰ ਰਾਹੀ ਗੋਲ ਦਾਗਿਆ।
ਇਸ ਤਰ੍ਹਾਂ ਸਪੇਨ ਭਾਰਤ ਤੋਂ 1-0 ਨਾਲ ਅੱਗੇ ਹੋ ਗਿਆ। ਪਰ ਕੁਝ ਹੀ ਮਿੰਟਾਂ ਬਾਅਦ ਭਾਰਤ ਨੇ ਮੈਚ ਵਿੱਚ ਵਾਪਸੀ ਕਰਦੇ ਹੋਏ 1-1 ਦੀ ਬਰਾਬਰੀ ਕਰ ਲਈ। ਇਹ ਗੋਲ਼ ਪਲੈਨਟੀ ਕਾਰਨਰ ਰਾਹੀ ਕੀਤਾ ਗਿਆ।
ਸਪੇਨ ਖਿਲਾਫ਼ ਆਪਣੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆ ਤੀਜੇ ਕੁਆਟਰ ਵਿੱਚ ਭਾਰਤੀ ਟੀਮ ਨੇ ਪਲੈਨਟੀ ਕਾਰਨਰ ਨਾਲ ਇੱਕ ਹੋਰ ਗੋਲ਼ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ। ਇਸ ਤਰ੍ਹਾਂ ਭਾਰਤ ਸਪੇਨ ਤੋਂ 2-1 ਨਾਲ ਅੱਗੇ ਹੋ ਗਿਆ।
ਸਪੇਨ ਦੀ ਟੀਮ ਨੇ ਕਈ ਵਾਰ ਭਾਰਤੀ ਗੋਲ਼ ਪੋਸਟ ਵੱਲ ਹੱਲਾ ਬੋਲਿਆ, ਟੀਮ ਨੂੰ ਕਈ ਪਲੈਨਟੀ ਕਾਰਨਰ ਵੀ ਮਿਲੇ ਪਰ ਭਾਰਤੀ ਟੀਮ ਦੀ ਰੱਖਿਆ ਪੰਕਤੀ ਨੇ ਉਨ੍ਹਾਂ ਦੀ ਪੇਸ਼ ਨਾਲ ਚੱਲਣ ਦਿੱਤੀ।
ਖਾਸ ਕਰਕੇ ਮੈਚ ਦੇ ਆਖ਼ਰੀ ਮਿੰਟ ਵਿੱਚ ਸਪੇਨ ਨੂੰ ਦੋ ਪਲੈਨਟੀ ਕਾਰਨਰ ਮਿਲੇ ਪਰ ਉਹ ਇਸ ਨੂੰ ਗੋਲ਼ ਵਿੱਚ ਤਬਦੀਲ ਨਾਲ ਕਰ ਸਕੇ।
ਸੈਮੀਫਾਇਨਲ ਮੁਕਾਬਲੇ ਵਿੱਚ ਭਾਰਤ ਨੂੰ ਜਰਮਨੀ ਦੀ ਟੀਮ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਕਾਂਸੀ ਦਾ ਤਗਮਾ ਜਿੱਤਣ ਲਈ ਇਸ ਮੈਚ ਦੀ ਜਿੱਤ ਜਰੂਰੀ ਸੀ।
ਭਾਰਤੀ ਹਾਕੀ ਟੀਮ ਕੇ ਗੋਲਚੀ ਸ਼੍ਰੀਜੇਸ਼ ਦੇ ਖੇਡ ਸਫ਼ਰ ਦਾ ਇਹ ਆਖ਼ਰੀ ਕੌਮਾਂਤਰੀ ਮੁਕਾਬਲਾ ਸੀ। ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਮੋਢੇ ਉੱਤੇ ਚੁੱਕ ਕੇ ਅਤੇ ਦੂਜਾ ਖਿਡ਼ਾਰੀਆਂ ਨੇ ਮੈਦਾਨ ਵਿੱਚ ਝੁਕ ਕੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ।

ਤਸਵੀਰ ਸਰੋਤ, Getty Images
ਪੰਜਾਬ ਸਰਕਾਰ ਦੇਵੇਗੀ ਇੱਕ-ਇੱਕ ਕਰੋੜ
ਪੰਜਾਬ ਦੇ ਮੁੱਖ ਮੰਤਰੀ ਭਗਵਤੰ ਮਾਨ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਕਾਂਸੀ ਦੇ ਤਮਗੇ ਲਈ ਹੋਏ ਮੈਚ ਦੌਰਾਨ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਅਤੇ ਸਪੇਨ ਨੂੰ 2-1 ਨਾਲ ਹਰਾ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਵੱਕਾਰੀ ਮੈਚ ਵਿੱਚ ਭਾਰਤੀ ਹਾਕੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਟੀਮ ਨੂੰ ਜਿੱਤ ਵੱਲ ਤੋਰਿਆ।
ਹਾਕੀ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਤੇ ਵਾਈਸ ਕਪਤਾਨ ਸਮੇਤ 10 ਖਿਡਾਰੀ ਪੰਜਾਬ ਦੇ ਹਨ, ਜਿਨ੍ਹਾਂ ਨੇ ਉਲੰਪਿਕ ਖੇਡਾਂ ਵਿੱਚ ਸ਼ਾਨਦਾਰ ਹਾਕੀ ਖੇਡੀ।
ਹਰਮਨਪ੍ਰੀਤ ਸਿੰਘ ਨੇ 10 ਗੋਲ ਕੀਤੇ। ਇਨ੍ਹਾਂ ਖਿਡਾਰੀਆਂ ਨੂੰ ਸੂਬਾ ਸਰਕਾਰ ਦੀ ਨੀਤੀ ਮੁਤਾਬਕ ਇਕ-ਇਕ ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ ਨਿਵਾਜਿਆ ਜਾਵੇਗਾ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ 52 ਸਾਲ ਬਾਅਦ ਪਹਿਲੀ ਵਾਰ ਭਾਰਤ ਨੇ ਓਲੰਪਿਕਸ ਵਿੱਚ ਹਾਕੀ ਵਿੱਚ ਲਗਾਤਾਰ ਦੋ ਵਾਰ ਤਮਗਾ ਜਿੱਤਿਆ।
ਭਾਰਤ ਨੇ ਟੋਕੀਓ ਤੇ ਪੈਰਿਸ ਵਿਖੇ ਹੋਈਆਂ ਉਲੰਪਿਕ ਖੇਡਾਂ ਵਿੱਚ ਹੁਣ ਲਗਾਤਾਰ ਦੋ ਤਮਗ਼ੇ ਜਿੱਤੇ ਹਨ। ਇਸ ਤੋਂ ਪਹਿਲਾਂ ਲਗਾਤਾਰ ਦੋ ਤਮਗ਼ੇ 1968 ਮੈਕਸੀਕੋ ਤੇ 1972 ਮਿਊਨਿਖ ਜਿੱਤੇ ਸਨ
ਇੰਝ ਟੁੱਟਿਆ ਸੋਨੇ ਦਾ ਸੁਪਨਾ
ਭਾਰਤੀ ਟੀਮ ਨੇ ਸੈਮੀਫਾਈਨਲ 'ਚ ਜਰਮਨੀ ਖਿਲਾਫ ਹਮਲਾਵਰ ਖੇਡ ਦਿਖਾਈ ਸੀ।
ਭਾਰਤ ਪਹਿਲੇ ਕੁਆਰਟਰ ਵਿੱਚ ਸੱਤਵੇਂ ਮਿੰਟ ਵਿੱਚ ਹੀ ਗੋਲ ਕਰਕੇ ਅੱਗੇ ਹੋ ਗਿਆ ਸੀ । ਇਹ ਗੋਲ ਵੀ ਹਰਮਨਪ੍ਰੀਤ ਸਿੰਘ ਨੇ ਹੀ ਕੀਤਾ।
ਪਰ ਭਾਰਤ ਦੀ ਰਫ਼ਤਾਰ ਜਾਰੀ ਨਹੀਂ ਰਹੀ। ਹਾਲਾਂਕਿ ਭਾਰਤ ਨੇ ਤੀਜੇ ਕੁਆਰਟਰ ਵਿੱਚ ਦੋ ਗੋਲਾਂ ਨਾਲ ਸਕੋਰ ਬਰਾਬਰ ਕਰ ਲਿਆ ਸੀ।
ਭਾਰਤੀ ਟੀਮ ਨੂੰ ਇਸ ਮੈਚ ਵਿੱਚ ਰੋਹੀਦਾਸ ਦੀ ਘਾਟ ਮਹਿਸੂਸ ਹੋਈ। ਜਰਮਨੀ ਦੇ ਹਮਲਿਆਂ ਦੌਰਾਨ ਪੈਨਲਟੀ ਕਾਰਨਰ ਲੈਣ ਅਤੇ ਬਚਾਅ ਪੱਖ ਵਿੱਚ ਵੀ ਟੀਮ ਦੀਆਂ ਕਮੀਆਂ ਸਾਫ਼ ਨਜ਼ਰ ਆ ਰਹੀਆਂ ਸਨ।
ਇਸ ਮੈਚ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਭਾਰਤੀ ਟੀਮ ਮਾਨਸਿਕ ਤੌਰ 'ਤੇ ਕਾਫੀ ਮਜ਼ਬੂਤ ਹੋ ਗਈ ਹੈ।
ਪਰ ਆਖ਼ਰੀ ਕੁਆਰਟਰ ਵਿੱਚ ਜਦੋਂ ਜਰਮਨੀ ਤੀਜਾ ਗੋਲ ਅੱਗੇ ਹੋ ਗਈ ਅਤੇ ਭਾਰਤੀ ਟੀਮ ਵਿੱਚ ਖਿੰਡਦੀ ਹੋਈ ਨਜ਼ਰ ਆਈ।
ਵਿਨੇਸ਼ ਫੋਗਾਟ ਨੇ ਲਿਆ ਸੰਨਿਆਸ

ਤਸਵੀਰ ਸਰੋਤ, Getty Images
ਪੈਰਿਸ ਓਲੰਪਿਕ ਵਿੱਚ ਕੁਸ਼ਤੀ ਦੇ ਫਾਈਨਲ ਮੈਚ ਵਿੱਚ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਆਖ ਦਿੱਤਾ ਹੈ।
ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਆਖਦਿਆਂ ਆਪਣੇ ਟਵੀਟ ਵਿੱਚ ਲਿਖਿਆ, “ਮਾਂ, ਕੁਸ਼ਤੀ ਮੈਥੋਂ ਜਿੱਤ ਗਈ, ਮੈਂ ਹਾਰ ਗਈ। ਮਾਫ਼ ਕਰਨਾ ਤੁਹਾਡਾ ਸੁਫ਼ਨਾ, ਮੇਰੀ ਹਿੰਮਤ ਸਭ ਟੁੱਟ ਚੁੱਕੇ ਹਨ। ਇਸ ਤੋਂ ਜ਼ਿਆਦਾ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024, ਤੁਹਾਡੀ ਸਾਰਿਆਂ ਦੀ ਹਮੇਸ਼ਾ ਰਿਣੀ ਰਹਾਂਗੀ ਮਾਫ਼ੀ।”
ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਐਲਾਨ ਕੀਤਾ ਹੈ ਕਿ ਵਿਨੇਸ਼ ਫੋਗਾਟ ਦਾ ਸਵਾਗਤ ਇੱਕ ਚਾਂਦੀ ਮੈਡਲ ਜੇਤੂ ਵਾਂਗ ਹੀ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਬਣਦੀਆਂ ਸਾਰੀਆਂ ਸਹੂਲਤਾਂ ਵੀ ਉਸੇ ਅਨੁਸਾਰ ਦਿੱਤੀਆਂ ਜਾਣਗੀਆਂ।
ਆਪਣੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, “ਹਰਿਆਣਾ ਦੀ ਸਾਡੀ ਬਹਾਦਰ ਧੀ ਵਿਨੇਸ਼ ਫੋਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਓਲੰਪਿਕ ਵਿੱਚ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਕਿਸੇ ਵੀ ਕਾਰਨਾਂ ਕਰਕੇ ਉਹ ਓਲੰਪਿਕ ਫਾਈਨਲ ਨਹੀਂ ਖੇਡ ਸਕੀ ਪਰ ਸਾਡੇ ਸਾਰਿਆਂ ਲਈ ਉਹ ਚੈਂਪੀਅਨ ਹੈ।
ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਨੇਸ਼ ਫੋਗਾਟ ਦਾ ਸਵਾਗਤ ਤਗਮਾ ਜੇਤੂ ਵਾਂਗ ਹੀ ਕੀਤਾ ਜਾਵੇਗਾ। ਹਰਿਆਣਾ ਸਰਕਾਰ ਓਲੰਪਿਕ ਚਾਂਦੀ ਤਗਮਾ ਜੇਤੂ ਨੂੰ ਜੋ ਵੀ ਸਨਮਾਨ, ਇਨਾਮ ਅਤੇ ਸਹੂਲਤਾਂ ਦਿੰਦੀ ਹੈ, ਉਹ ਵੀ ਵਿਨੇਸ਼ ਫੋਗਾਟ ਨੂੰ ਧੰਨਵਾਦ ਸਹਿਤ ਦਿੱਤੀਆਂ ਜਾਣਗੀਆਂ। ਸਾਨੂੰ ਤੁਹਾਡੇ 'ਤੇ ਮਾਣ ਹੈ ਵਿਨੇਸ਼!”

ਭਾਰਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਵਿਨੇਸ਼ ਦੇ ਕੁਸ਼ਤੀ ਨੂੰ ਅਲਵਿਦਾ ਕਹਿਣ ਦੇ ਐਲਾਨ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਸਾਕਸ਼ੀ ਮਲਿਕ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ''ਵਿਨੇਸ਼ ਤੁਸੀਂ ਨਹੀਂ ਹਾਰੇ। ਹਰ ਉਹ ਧੀ ਜਿਸ ਲਈ ਤੁਸੀਂ ਲੜੇ ਅਤੇ ਜਿੱਤੇ, ਉਹ ਹਾਰ ਗਈ ਹੈ। ਇਹ ਪੂਰੇ ਭਾਰਤ ਦੇਸ ਦੀ ਹਾਰ ਹੈ। ਦੇਸ ਤੁਹਾਡੇ ਨਾਲ ਹੈ। ਇੱਕ ਖਿਡਾਰੀ ਵਜੋਂ ਉਸ ਦੇ ਸੰਘਰਸ਼ ਅਤੇ ਜਜ਼ਬੇ ਨੂੰ ਸਲਾਮ।”
ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਵੀ ਸੋਸ਼ਲ ਮੀਡੀਆ 'ਤੇ ਵਿਨੇਸ਼ ਫੋਗਾਟ ਵੱਲੋਂ ਕੁਸ਼ਤੀ ਨੂੰ ਅਲਵਿਦਾ ਕਹਿਣ ਵਾਲੀ ਪੋਸਟ ਪਾਈ ਹੈ।
ਬਜਰੰਗ ਪੂਨੀਆ ਨੇ ਲਿਖਿਆ, “ਵਿਨੇਸ਼, ਤੁਸੀਂ ਹਾਰੇ ਨਹੀਂ, ਤੁਸੀਂ ਹਰਾਏ ਗਏ ਹੋ, ਤੁਸੀਂ ਸਾਡੇ ਲਈ ਹਮੇਸ਼ਾ ਜੇਤੂ ਰਹੋਗੇ। ਤੁਸੀਂ ਨਾ ਸਿਰਫ ਭਾਰਤ ਦੀ ਧੀ ਹੋ, ਸਗੋਂ ਭਾਰਤ ਦਾ ਮਾਣ ਵੀ ਹੋ।''
ਪਹਿਲਵਾਨ ਅੰਤਿਮ ਪੰਘਾਲ ਨੂੰ ਓਲੰਪਿਕ ਤੋਂ ਵਾਪਸ ਭਾਰਤ ਭੇਜਿਆ ਜਾਵੇਗਾ, ਕੀ ਹੈ ਕਾਰਨ?

ਤਸਵੀਰ ਸਰੋਤ, ANI
ਭਾਰਤੀ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਨੂੰ ਪੈਰਿਸ ਓਲੰਪਿਕ ਤੋਂ ਭਾਰਤ ਵਾਪਸ ਭੇਜਿਆ ਜਾਵੇਗਾ।
ਖ਼ਬਰ ਏਜੰਸੀ ਏਐਨਆਈ ਦੇ ਅਨੁਸਾਰ, ਅੰਤਿਮ ਪੰਘਾਲ ਦੇ ਖਿਲਾਫ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਓਲੰਪਿਕ ਐਕਰੇਡੇਸ਼ਨ ਆਪਣੀ ਭੈਣ ਨੂੰ ਦੇ ਦਿੱਤੀ ਸੀ।
ਖ਼ਬਰ ਏਜੰਸੀ ਪੀਟੀਆਈ ਨੇ ਭਾਰਤੀ ਓਲੰਪਿਕ ਸੰਘ ਦੇ ਹਵਾਲੇ ਨਾਲ ਕਿਹਾ ਕਿ ਅਨੁਸ਼ਾਸਨੀ ਉਲੰਘਣਾ ਤੋਂ ਬਾਅਦ ਪੰਘਾਲ ਅਤੇ ਉਸ ਦੇ ਪੂਰੇ ਸਟਾਫ ਨੂੰ ਵਾਪਸ ਭੇਜਣ ਦਾ ਫੈਸਲਾ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਪੰਘਾਲ ਪੈਰਿਸ ਮਹਿਲਾ ਕੁਸ਼ਤੀ ਮੁਕਾਬਲੇ ਦੇ 53 ਕਿਲੋ ਭਾਰ ਵਰਗ ਵਿੱਚ ਹਾਰ ਕੇ ਓਲੰਪਿਕ ਤੋਂ ਬਾਹਰ ਹੋ ਗਏ ਸੀ।
ਤੁਰਕੀ ਦੀ ਜ਼ੇਨੇਪ ਯੇਟਗਿਲ ਨੇ ਔਰਤਾਂ ਦੇ 53 ਕਿਲੋਗ੍ਰਾਮ ਫ੍ਰੀਸਟਾਈਲ ਰਾਊਂਡ ਆਫ 16 ਬਾਊਟ 'ਚ ਭਾਰਤੀ ਪਹਿਲਵਾਨ ਅੰਤਿਮ ਪੰਘਾਲ ਨੂੰ 10-0 ਨਾਲ ਹਰਾਇਆ ਸੀ।
ਹਾਲਾਂਕਿ ਤੁਰਕੀ ਦੀ ਪਹਿਲਵਾਨ ਕੁਆਰਟਰ ਫਾਈਨਲ ਵਿੱਚ ਜਰਮਨੀ ਦੀ ਅਨੀਕਾ ਵੇਂਡਲ ਤੋਂ ਹਾਰ ਗਈ।
ਨਤੀਜੇ ਵਜੋਂ, ਪੰਘਾਲ ਰੀਪੇਚੇਜ ਦੌਰ ਵਿੱਚ ਹਿੱਸਾ ਨਹੀਂ ਲੈਣਗੇ ਅਤੇ ਉਨ੍ਹਾਂ ਦੀ ਪੈਰਿਸ 2024 ਮੁਹਿੰਮ ਖਤਮ ਹੋ ਗਈ।
ਮੀਰਾਬਾਈ ਚਾਨੂ ਵੇਟ ਲਿਫ਼ਟਿੰਗ 'ਚ ਮੁਕਾਬਲਾ ਹਾਰੀ
ਭਾਰਤੀ ਵੇਟ ਲਿਫਟਿੰਗ ਖਿਡਾਰਨ ਮੀਰਾਬਾਈ ਚਾਨੂ ਪੈਰਿਸ ਉਲੰਪਿਕ ਵਿੱਚ ਆਪਣਾ ਮੁਕਾਬਲਾ ਹਾਰ ਗਈ।
ਉਹ ਚੌਥੇ ਸਥਾਨ ਉੱਤੇ ਰਹੀ ਅਤੇ ਇਸ ਵਾਰ ਓਲੰਪਿਕ ਤਗਮਾ ਜਿੱਤਣ ਤੋਂ ਖੁੰਝ ਗਈ।
ਇਸ ਮੁਕਾਬਲੇ ਵਿੱਚ ਚੀਨ ਦੀ ਹੋ ਜ਼ੀ ਜ਼ੂਈ ਨੂੰ ਸੋਨ, ਰੋਮਾਨੀਆ ਦੀ ਐੱਮ ਵੀ ਕੈਂਬਵਾਈ ਨੂੰ ਚਾਂਦੀ ਅਤੇ ਥਾਈਲੈਂਡ ਦੀ ਐੱਸ ਕੰਖਬਾਊ ਸਲੋਚਨਾ ਨੂੰ ਕਾਂਸੀ ਦਾ ਤਗਮਾ ਮਿਲਿਆ।

ਤਸਵੀਰ ਸਰੋਤ, Clive Brunskill
ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕ ਵਿੱਚ ਵੀ 49 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਵਿਸ਼ਵ ਚੈਂਪੀਅਨਸ਼ਿਪ ਅਤੇ ਕਾਮਨਵੈਲਥ ਗੇਮਜ਼ ਵਿੱਚ ਵੀ ਸੋਨ ਤਗਮਾ ਜਿੱਤ ਚੁੱਕੇ ਹਨ।
ਮੀਰਾਬਾਈ ਚਾਨੂ ਨੂੰ ਬੀਬੀਸੀ ਵਲੋਂ ਭਾਰਤ ਵਿੱਚ ਹਰ ਸਾਲ ਦਿੱਤੇ ਜਾਣ ਵਾਲੇ ਸਪੋਰਟ ਵੂਮੈਨ ਆਫ਼ ਦਾ ਈਅਰ ਐਵਾਰਡ -2021 ਨਾਲ ਸਨਮਾਨਿਤ ਕੀਤਾ ਗਿਆ ਸੀ।
ਸਨੈਚ ਕੈਟਾਗਰੀ ਦਾ ਮੁਕਾਬਲਾ
ਮੀਰਾਬਾਈ ਨੇ ਸਨੈਚ ਕੈਟਾਗਰੀ ਵਿੱਚ ਆਪਣੀ ਪਹਿਲੀ ਲਿਫ਼ਟ ਦੌਰਾਨ 85 ਕਿਲੋਗ੍ਰਾਮ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਸਫ਼ਲ ਰਹੀ। ਉਨ੍ਹਾਂ ਨੇ ਇਹ ਭਾਰ ਅਸਾਨੀ ਨਾਲ ਚੁੱਕ ਲਿਆ।
ਦੂਜੀ ਵਾਰ ਉਨ੍ਹਾਂ 88 ਕਿਲੋਗ੍ਰਾਮ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੀ। ਪਰ ਤੀਜੀ ਕੋਸ਼ਿਸ ਵਿੱਚ ਉਨ੍ਹਾਂ 88 ਕਿਲੋਗ੍ਰਾਮ ਭਾਰ ਚੁੱਕ ਲਿਆ।
ਟੋਕੀਓ ਓਲੰਪਿਕ ਵਿੱਚ ਸਨੈਚ ਕੈਟਾਗਰੀ ਵਿੱਚ ਮੀਰਾ ਨੇ 87 ਕਿਲੋਗ੍ਰਾਮ ਚੁੱਕ ਕੇ ਤਗਮਾ ਹਾਸਲ ਕੀਤਾ ਸੀ।
ਕਲੀਨ ਐਂਡ ਜਰਕ ਕੈਟਾਗਰੀ
ਇਸ ਤੋਂ ਬਾਅਦ ਕਲੀਨ ਐਂਡ ਜਰਕ ਕੈਟਾਗਰੀ ਦੀ ਸ਼ੁਰੂਆਤ ਵਿੱਚ ਮੀਰਾਬਾਈ ਚਾਨੂ ਨੇ 111 ਕਿੱਲੋ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋਏ। ਪਰ ਨਾਲ ਉਨ੍ਹਾਂ ਦੂਜੀ ਕੋਸ਼ਿਸ਼ ਵਿੱਚ 111 ਕਿਲੋ ਭਾਰ ਚੁੱਕ ਲਿਆ। ਤੀਜੀ ਵਾਰ ਉਨ੍ਹਾਂ 114 ਕਿਲੋ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੀ।
ਜੇਕਰ ਉਹ 114 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਸਫ਼ਲ ਹੋ ਜਾਂਦੀ ਤਾਂ ਉਹ ਕਾਂਸੀ ਦਾ ਤਗਮਾ ਜਿੱਤ ਸਕਦੀ ਸੀ।
ਮੀਰਾਬਾਈ ਚਾਨੂ ਦਾ ਸਫ਼ਰ
ਮੀਰਾਬਾਈ ਚਾਨੂ ਦਾ ਪੂਰਾ ਨਾਮ ਸਾਈਖੋਮ ਮੀਰਾਬਾਈ ਚਾਨੂ ਹੈ। ਉਨ੍ਹਾਂ ਨੇ 2021 ਵਿੱਚ ਖੇਡ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ, ਜਦੋਂ ਉਹ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਬਣ ਗਏ।
ਉਨ੍ਹਾਂ ਨੇ 2016 ਤੋਂ ਬਾਅਦ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ ਜਦੋਂ ਉਹ ਰੀਓ ਖੇਡਾਂ ਵਿੱਚ ਭਾਰ ਚੁੱਕਣ ਵਿੱਚ ਅਸਫਲ ਰਹੇ ਸੀ ਅਤੇ ਲਗਭਗ ਇਸ ਖੇਡ ਨੂੰ ਅਲਵਿਦਾ ਕਹਿ ਗਏ ਸੀ।
ਉਨ੍ਹਾਂ ਨੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 2017 ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।
ਚਾਨੂ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਪੈਦਾ ਹੋਏ ਅਤੇ ਇੱਕ ਚਾਹ ਦਾ ਸਟਾਲ ਲਗਾਉਣ ਵਾਲੇ ਸ਼ਖਸ ਦੀ ਧੀ ਹਨ। ਮੀਰਾਬਾਈ ਨੂੰ ਆਪਣੇ ਖੇਡ ਕਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਬਹੁਤ ਸਾਰੀਆਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਨੇ ਓਲੰਪਿਕ ਚੈਂਪੀਅਨ ਬਣਨ ਲਈ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰ ਲਿਆ ਹੈ।
11ਵੇਂ ਦਿਨ ਕੀ -ਕੀ ਹੋਇਆ
ਪੈਰਿਸ ਓਲੰਪਿਕ ਦੇ ਗਿਆਵੇਂ ਦਿਨ ਸੋਮਵਾਰ ਨੂੰ ਭਾਰਤੀ ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੇ ਜਿੱਥੇ ਫਾਇਨਲ ਵਿੱਚ ਥਾਂ ਬਣਾਈ ਉੱਥੇ ਜੈਵਲਿਨ ਵਿੱਚ ਟੋਕੀਓ ਦੇ ਸੋਨ ਤਗਮਾ ਵਿਜੇਤਾ ਨੀਰਜ ਚੋਪੜਾ ਨੇ ਫਾਇਨਲ ਲਈ ਕੁਆਲੀਫਾਈ ਕਰ ਲਿਆ ਹੈ।
ਪਰ ਭਾਰਤੀ ਹਾਕੀ ਲਈ ਖ਼ਬਰ ਚੰਗੀ ਨਹੀਂ ਰਹੀ, ਭਾਰਤੀ ਹਾਕੀ ਟੀਮ ਸੈਮੀਫਾਇਨਲ ਵਿੱਚ ਜਰਮਨੀ ਹੱਥੋਂ ਹਾਰ ਗਈ।
ਫੋਗਾਟ ਦਾ ਸ਼ਾਨਦਾਰ ਪ੍ਰਦਰਸ਼ਨ
ਕੁਸ਼ਤੀ ਦੇ 50 ਕਿਲੋ ਵਰਗ ਵਿੱਚ ਭਾਰਤ ਲਈ ਇੱਕ ਹੋਰ ਤਗਮਾ ਪੱਕਾ ਕਰਦਿਆਂ ਵਿਨੇਸ਼ ਫੋਗਾਟ ਨੇ ਫਾਇਨਲ ਵਿੱਚ ਦਾਖਲਾ ਪਾ ਲਿਆ ਹੈ।
ਫੋਗਾਟ ਨੇ ਸੈਮੀਫਾਇਨਲ ਵਿੱਚ ਕਿਊਬਾ ਦੀ ਭਲਵਾਨ ਨੂੰ 5-0 ਅੰਕਾਂ ਦੇ ਫਰਕ ਨਾਲ ਮਾਤ ਦੇ ਕੇ ਇੱਕਪਾਸੜ ਜਿੱਤ ਹਾਸਲ ਕੀਤੀ ਹੈ।
ਵਿਨੇਸ਼ ਫੋਗਾਟ ਨੂੰ ਬੀਬੀਸੀ ਦੇ ਸਾਲ 2022 ਦੇ ਇੰਡੀਅਨ ਸਪੋਰਟਸ ਵੂਮੈਨ ਆਫ਼ ਦਾ ਈਯਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।
ਵਿਨੇਸ਼ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਲਿਬਾਚ ਓਕਸਾਨਾ ਨੂੰ 7-5 ਨਾਲ ਹਰਾਇਆ।
ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਵਿਨੇਸ਼ ਨੇ 50 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਵਿੱਚ ਜਾਪਾਨ ਦੀ ਯੂਈ ਸੁਸਾਕੀ ਨੂੰ ਹਰਾਇਆ ਸੀ।
ਦੋ ਵਾਰ ਦੀ ਓਲੰਪੀਅਨ ਵਿਨੇਸ਼ ਫੋਗਾਟ ਨੇ ਆਪਣੀ ਕੁਸ਼ਤੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ।
ਜਾਪਾਨ ਦੀ ਸੁਸਾਈ ਯੂਈ 50 ਕਿਲੋਗ੍ਰਾਮ ਮਹਿਲਾ ਵਰਗ ਵਿੱਚ ਮੌਜੂਦਾ ਚੈਂਪੀਅਨ ਹੈ।
ਨੀਰਜ ਨੇ ਫਾਇਨਲ ਲਈ ਕੁਆਲੀਫਾਈ ਕੀਤਾ
ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਖੇਡਾਂ ਵਿੱਚ ਜੈਵਲਿਨ ਵਿੱਚ ਸੋਨ ਤਮਗਾ ਜਿੱਤਣ ਵਾਲੇ ਭਾਰਤੀ ਐਥਲੀਟ ਨੀਰਜ ਚੋਪੜਾ ਨੇ ਵੀ ਅੱਜ ਆਪਣੇ ਈਵੈਂਟ ਵਿੱਚ ਕੁਆਲੀਫਾਈ ਕਰ ਲਿਆ ਹੈ।
ਉਨ੍ਹਾਂ ਨੇ 89.34 ਮੀਟਰ ਜੈਵਲਿਨ ਸੁੱਟ ਕੇ ਫਾਈਨਲ ਵਿੱਚ ਥਾਂ ਬਣਾਈ ਹੈ।
ਇਸੇ ਮੁਕਾਬਲੇ ਵਿੱਚ ਪਾਕਿਸਤਾਨ ਦੇ ਐਥਲੀਟ ਅਰਸ਼ਦ ਨਦੀਮ ਨੇ 86.59 ਮੀਟਰ ਜੈਵਲਿਨ ਸੁੱਟ ਕੇ ਫ਼ਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ।

ਤਸਵੀਰ ਸਰੋਤ, getty image
ਭਾਰਤ ਹਾਕੀ ਦਾ ਸੈਮੀਫਾਇਨਲ ਹਾਰਿਆ

ਤਸਵੀਰ ਸਰੋਤ, Getty Images
ਹਾਕੀ ਦੇ ਸੈਮੀਫਾਇਨਲ ਮੁਕਾਬਲੇ ਦੌਰਾਨ ਭਾਰਤ ਨੂੰ ਜਰਮਨੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸ ਕੋਲੋ ਇਸ ਵਾਰ ਹੋਰ ਬਿਹਤਰ ਖੇਡ ਮੁਜ਼ਾਹਰੇ ਦੀ ਆਸ ਕੀਤੀ ਜਾ ਰਹੀ ਸੀ।
ਭਾਰਤ ਨੇ ਮੈਚ ਦੇ ਪਹਿਲੇ ਦੀ ਕੁਆਟਰ ਵਿੱਚ ਚੰਗੀ ਸ਼ੁਰੂਆਤ ਕੀਤੀ। ਟੀਮ ਨੇ ਜਰਮਨ ਖਿਲਾਫ਼ ਹਮਲਾਵਰ ਰੁਖ ਅਪਣਾਇਆ, ਭਾਰਤ ਨੇ ਪਹਿਲੇ ਹੀ ਕੁਆਟਰ ਵਿੱਚ 7 ਪਲੈਨਟੀ ਕਾਰਨਰ ਹਾਸਲ ਕੀਤੇ ਪਰ ਸਿਰਫ਼ ਇੱਕ ਹੀ ਗੋਲ ਕਰਨ ਵਿੱਚ ਕਾਮਯਾਬ ਹੋ ਸਕੇ।
ਮੈਚ ਦੇ ਦੂਜੇ ਕੁਆਟਰ ਵਿੱਚ ਜਰਮਨੀ ਵਧੇਰੇ ਹਮਲਾਵਰ ਹੋਇਆ, ਟੀਮ ਨੇ ਭਾਰਤ ਖਿਲਾਫ਼ ਇੱਕ ਪਲੈਨਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਮੈਚ ਬਰਾਬਰੀ ਉੱਤੇ ਲੈ ਆਉਂਦਾ। ਇਸ ਲੈਅ ਨੂੰ ਹੋਰ ਅੱਗੇ ਵਧਾਉਂਦਿਆਂ ਜਰਮਨੀ ਟੀਮ ਇੱਕ ਪਲੈਟਨੀ ਸਟਰੋਕ ਨੂੰ ਗੋਲ਼ ਵਿੱਚ ਬਦਲ ਕੇ 2-1 ਨਾਲ ਅੱਗੇ ਹੋ ਗਈ।
ਮੈਚ ਦੇ ਅੱਧ ਤੱਕ ਜਰਮਨੀ 2-1 ਨਾਲ ਅੱਗੇ ਸੀ।
ਤੀਜੇ ਕੁਆਟਰ ਵਿੱਚ ਭਾਰਤ ਨੇ ਚੰਗੀ ਖੇਡ ਦਿਖਾਈ ਅਤੇ ਸ਼ੁਰੂ ਵਿੱਚ ਹੀ ਪਲੈਨਟੀ ਕਾਰਨਰ ਹਾਸਲ ਕੀਤਾ, ਪਰ ਇਸ ਨੂੰ ਗੋਲ਼ ਵਿੱਚ ਨਹੀਂ ਬਦਲਿਆ ਜਾ ਸਕਿਆ।
ਪਰ ਤੀਜੇ ਕੁਆਟਰ ਵਿੱਚ ਹੀ ਭਾਰਤ ਨੇ ਮਿਲੇ ਇੱਕ ਹੋਰ ਪਲੈਨਟੀ ਕਾਰਨਰ ਦਾ ਫਾਇਦਾ ਚੁੱਕਿਆ ਤੇ ਮੈਚ ਫੇਰ ਬਰਾਬਰੀ ਉੱਤੇ ਲੈ ਆਉਂਦਾ। ਤੀਜੇ ਕੁਆਟਰ ਦੇ ਖ਼ਤਮ ਹੋਣ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ਉੱਤੇ ਸਨ।
ਚੌਥੇ ਕੁਆਟਰ ਵਿੱਚ ਭਾਰਤੀ ਦੀ ਟੀਮ ਕੋਈ ਖਾਸ ਕਰਿਸ਼ਮਾ ਨਹੀਂ ਕਰ ਸਕੀ। ਦੂਜਾ ਪਾਸੇ ਜਰਮਨੀ ਦੀ ਟੀਮ ਲਗਾਤਾਰ ਹਮਲੇ ਕਰਦੀ ਰਹੀ ਅਤੇ ਇੱਕ ਫੀਲਡ ਗੋਲ ਦਾਗ ਕੇ 3-2 ਨਾਲ ਅੱਗੇ ਹੋ ਗਈ। ਜਿਸ ਨੂੰ ਭਾਰਤੀ ਟੀਮ ਆਖ਼ਰ ਤੱਕ ਬਰਾਬਰ ਨਹੀਂ ਕਰ ਸਕੀ।

ਤਸਵੀਰ ਸਰੋਤ, Reuters
ਓਲੰਪਿਕ ਦੇ 10ਵੇਂ ਦਿਨ ਕਈ ਹਾਰਾਂ
ਪੈਰਿਸ ਓਲੰਪਿਕ ਦੇ ਦਸਵੇ ਦਿਨ ਸੋਮਵਾਰ ਨੂੰ ਭਾਰਤ ਲਈ ਤਗਮੇ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ। ਲਕਸ਼ੇ ਸੇਨ ਆਪਣਾ ਬ੍ਰਾਂਜ਼ ਮੈਡਲ ਮੈਚ ਹਾਰ ਗਏ ਸਨ।
ਮੈਨਜ਼ ਸਿੰਗਲਜ਼ ਦੇ ਮੁਕਾਬਲੇ ਵਿੱਚ ਲੀ ਜ਼ੀਆ ਨੇ ਲਕਸ਼ੇ ਨੂੰ 13-21, 21-16, 21-11 ਨਾਲ ਹਰਾ ਦਿੱਤਾਰ ਸੀ।
ਲਕਸ਼ੇ ਸੇਨ ਸੈਮੀਫਾਈਨਲ 'ਚ ਓਲੰਪਿਕ ਚੈਂਪੀਅਨ ਦੇ ਡਿਫੈਂਡਿੰਗ ਅਤੇ ਡੈਨਮਾਰਕ ਦੇ ਵਿਕਟਰ ਐਕਸਲਸਨ ਤੋਂ ਰੋਮਾਂਚਕ ਮੁਕਾਬਲੇ 'ਚ 2-0 ਨਾਲ ਹਾਰ ਗਏ ਸਨ।
ਭਾਰਤੀ ਭਲਵਾਨ ਨਿਸ਼ਾ ਦਾਹੀਆ ਸੱਟ ਕਾਰਨ ਕੁਆਟਰ ਫਾਈਨਲ ਵਿੱਚੋਂ ਹਾਰ ਕਰ ਬਾਹਰ ਹੋ ਗਈ ਹਨ। ਉਹ ਇੱਕ ਵਕਤ 8-2 ਨਲ ਅੱਗੇ ਸਨ ਤੇ ਮੈਚ ਜਿੱਤਣ ਦੇ ਬੇਹੱਦ ਕਰੀਬ ਸਨ। ਪਰ ਸੱਟ ਕਾਰਨ ਉਨ੍ਹਾਂ ਨੂੰ ਬਾਹਰ ਹੋਣਾ ਪਿਆ। ਉਨ੍ਹਾਂ ਦਾ ਵੂਮੈਨਜ਼ ਫ੍ਰੀ ਸਟਾਈਲ ਕੁਆਟਰ ਫਾਈਨਲ ਵਿੱਚ ਉੱਤਰੀ ਕੋਰੀਆ ਦੀ ਭਲਵਾਨ ਪਾਕ ਸੋਲ ਗਮ ਨਾਲ ਮੁਕਾਬਲਾ ਸੀ। ਇਸ਼ ਵਿੱਚ ਨਿਸ਼ਾ 8-10 ਦੀ ਸਕੋਰ ਲਾਈਨ ਨਾਲ ਹਾਰ ਗਈ।
ਭਾਰਤ ਨੂੰ ਹੁਣ ਤੱਕ ਸਿਰਫ਼ ਤਿੰਨ ਕਾਂਸੀ ਦੇ ਤਗਮੇ ਮਿਲੇ ਹਨ। ਤਿੰਨੋਂ ਤਗਮੇ ਸ਼ੂਟਿੰਗ ਵਿੱਚ ਆਏ ਹਨ। ਨਿਸ਼ਾਨੇਬਾਜ਼ ਮਨੂ ਭਾਕਰ ਨੇ ਇਨ੍ਹਾਂ ਵਿੱਚੋਂ ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਉਨ੍ਹਾਂ ਨੇ ਇੱਕ ਤਗਮਾ ਸਿੰਗਲਜ਼ ਮੁਕਾਬਲੇ ਵਿੱਚ ਜਿੱਤਿਆ ਹੈ।
ਦੂਜਾ ਤਗਮਾ ਉਨ੍ਹਾਂ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਮਿਕਸਡ ਡਬਲਜ਼ ਵਿੱਚ ਜਿੱਤਿਆ ਹੈ। ਸਵਪਨਿਲ ਕੁਸਲੇ ਨੇ ਨਿਸ਼ਾਨੇਬਾਜ਼ੀ ਵਿੱਚ ਤੀਜਾ ਤਗਮੇ ਜਿੱਤਿਆ ਹੈ।
ਭਾਰਤ ਨੇ ਹਾਕੀ 'ਚ ਵੀ ਤਗਮਾ ਦੀ ਉਮੀਦ ਜਗਾ ਕੇ ਰੱਖੀ ਹੈ। ਐਤਵਾਰ ਨੂੰ ਭਾਰਤੀ ਹਾਕੀ ਟੀਮ ਨੇ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।

ਪੈਰਿਸ ਓਲੰਪਿਕ 10ਵਾਂ ਦਿਨ: ਭਾਰਤੀ ਹਾਕੀ ਟੀਮ ਬ੍ਰਿਟੇਨ ਨੂੰ 4-2 ਨਾਲ ਹਰਾ ਕੇ ਸੈਮੀ-ਫਾਇਨਲ ਵਿੱਚ ਪਹੁੰਚੀ

ਤਸਵੀਰ ਸਰੋਤ, Getty Images
ਭਾਰਤੀ ਟੀਮ ਨੇ ਪੈਰਿਸ ਵਿੱਚ ਚੱਲ ਰਹੇ ਓਲੰਪਿਕ ਵਿੱਚ ਬ੍ਰਿਟੇਨ ਨੂੰ 4-2 ਦੇ ਫਰਕ ਨਾਲ ਹਰਾ ਕੇ ਸੈਮੀਫਾਇਨਲ ਵਿੱਚ ਪਹੁੰਚ ਗਈ ਹੈ।
ਕੁਆਟਰ ਫਾਇਨਲ ਵਿੱਚ ਹੋਈ ਸਖ਼ਤ ਟੱਕਰ ਵਿੱਚ ਪੂਰੇ ਮੈਚ ਦੌਰਾਨ ਦੋਵੇਂ ਟੀਮਾਂ 1-1 ਦੀ ਬਰਾਬਰੀ ਉੱਤੇ ਰਹੀਆਂ, ਜਿਸ ਕਾਰਨ ਫੈਸਲਾ ਸ਼ੂਟ ਆਊਟ ਰਾਹੀਂ ਹੋਇਆ।
ਜਿਵੇਂ ਕਿ ਸ਼ੂਟ ਆਉਟ ਦੇ ਮਾਮਲੇ ਵਿੱਚ ਆਸ ਸੀ, ਭਾਰਤੀ ਗੋਲ਼ੀ ਸ਼੍ਰੀਜੇਸ਼ ਨੇ ਬ੍ਰਿਟੇਨ ਦੇ ਦੋ ਗੋਲ ਰੋਕ ਲਏ, ਜਦਕਿ ਭਾਰਤੀ ਖਿਡਾਰੀ ਲਗਾਤਾਰ ਗੋਲ਼ ਕਰਦੇ ਰਹੇ।
ਇਸ ਮੈਚ ਦੀ ਇੱਕ ਰੋਚਕ ਗੱਲ ਇਹ ਵੀ ਹੈ ਕਿ ਪਹਿਲੇ ਹੀ ਕੁਆਟਰ ਵਿੱਚ ਭਾਰਤੀ ਖਿਡਾਰੀ ਰੋਹਿਤ ਨੂੰ ਰੈੱਡ ਕਾਰਡ ਕਾਰਨ ਮੈਚ ਤੋਂ ਬਾਹਰ ਬੈਠਣਾ ਪਿਆ ਅਤੇ ਭਾਰਤ ਕਰੀਬ ਸਾਰਾ ਹੀ ਮੈਚ ਇੱਕ ਘੱਟ ਖਿਡਾਰੀ ਨਾਲ ਖੇਡਦਾ ਰਿਹਾ।

ਤਸਵੀਰ ਸਰੋਤ, Getty Images
ਬਰਤਾਨਵੀਂ ਟੀਮ ਨੂੰ ਪਲੈਨਟੀ ਕਾਰਨਰ ਦੇ ਕਈ ਮੌਕੇ ਮਿਲੇ ਪਰ ਉਹ ਇਨ੍ਹਾਂ ਮੌਕਿਆਂ ਦਾ ਲ਼ਾਹਾ ਨਹੀਂ ਲੈ ਸਕੀ। ਭਾਰਤੀ ਟੀਮ ਪੂਰੇ ਮੈਚ ਦੌਰਾਨ ਰੱਖਿਆਤਮਕ ਖੇਡ ਖੇਡਦੀ ਰਹੀ, ਉਸ ਦੀ ਇਹੀ ਰਣਨੀਤੀ ਕੰਮ ਆਈ ਅਤੇ ਮੁਕਾਬਲਾ ਸ਼ੂਟ ਆਊਟ ਰਾਹੀ ਖ਼ਤਮ ਹੋਇਆ।
ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਮੈਡਲ ਹਾਸਲ ਕਰਨ ਤੋਂ ਬਾਅਦ ਇਸ ਵਾਰ ਭਾਰਤੀ ਟੀਮ ਦੀ ਖੇਡ ਤੋਂ ਉਮੀਦ ਲਾਈ ਜਾ ਰਹੀ ਹੈ ਕਿ ਮੈਡਲ ਦਾ ਰੰਗ ਬਦਲੇਗਾ।
ਕੁਆਰਟਰ ਫਾਈਲਨ ਵਿੱਚ ਪਹੁੰਚਣ ਲਈ ਭਾਰਤ ਨੇ ਆਸਟ੍ਰੇਲੀਆ ਨੂੰ 1972 ਦੇ ਮਿਊਨਿਖ ਓਲੰਪਿਕ ਤੋਂ ਬਾਅਦ 52 ਸਾਲ ਬਾਅਦ ਪਹਿਲੀ ਵਾਰ ਹਰਾਇਆ ਹੈ।
ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਵੀ ਭਾਰਤੀ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਜਿੱਤ ਲਈ ਵਧਾਈ ਦਿੱਤੀ ਹੈ।
ਫੈਡਰੇਸ਼ਨ ਨੇ ਆਪਣੇ ਅਧਿਕਾਰੀ 'ਤੇ ਇੱਕ ਪੋਸਟ ਕੀਤਾ।
ਹਾਕੀ ਇੰਡੀਆ ਨੇ ਵੀ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਅਤੇ ਲਿਖਿਆ, ਇੱਕ ਮਸ਼ਹੂਰ ਜਿੱਤ!!!! ਇਹ ਕਿਹੜੀ ਖੇਡ ਸੀ? ਕੀ ਇਹ ਸ਼ੂਟਆਊਟ ਸੀ? ਰਾਜ ਕੁਮਾਰ ਪਾਲ ਨੇ ਜੇਤੂ ਦਾ ਪੈਨਲਟੀ ਸ਼ਾਟ ਮਾਰਿਆ? ਅਸੀਂ ਸੈਮੀਫਾਈਨਲ 'ਚ ਹਾਂ।

ਤਸਵੀਰ ਸਰੋਤ, Getty Images
ਲਕਸ਼ੇ ਸੇਨ ਨੂੰ ਮਿਲੀ ਹਾਰ
ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ ਪੈਰਿਸ ਓਲੰਪਿਕ ਵਿੱਚ ਮਰਦਾਂ ਦੇ ਏਕਲ ਬੈਡਮਿੰਟਰ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਹਾਰ ਗਏ ਹਨ।
ਸੈਮੀਫਾਈਨਲ ਮੈਚ ਵਿੱਚ ਲਕਸ਼ੇ ਸੇਨ ਦਾ ਮੁਕਾਬਲਾ ਡੈਨਮਾਰਕ ਦੇ ਵਿਕਟਰ ਐਕਸੈਲਸੇਨ ਨਾਲ ਸੀ।
ਡੈਨਮਾਰਕ ਦੇ ਵਿਕਟਰ ਅਕਸੈਲਸੇਨ ਨੇ ਸੈਮੀਫਾਇਨਲ ਮੈਚ ਵਿੱਚ ਲਕਸ਼ੇ ਸੇਨ ਨੂੰ 20-22, 14-21 ਨਾਲ ਹਰਾਇਆ।

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images
ਓਲੰਪਿਕ ਖੇਡਾਂ ਦੇ 8ਵੇਂ ਦਿਨ ਬਾਕਸਰ ਨਿਸ਼ਾਂਤ ਦੇਵ ਮੈਡਲ ਤੋਂ ਖੁੰਝੇ

ਤਸਵੀਰ ਸਰੋਤ, YURI CORTEZ/AFP via Getty Images
ਪੁਰਸ਼ ਮੁੱਕੇਬਾਜ਼ੀ ਦੇ 71 ਕਿੱਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਵਿੱਚ ਭਾਰਤ ਦੇ ਨਿਸ਼ਾਂਤ ਦੇਵ ਮੈਕਸੀਕੋ ਦੇ ਮਾਰਕੋ ਵੇਦਰੇ ਤੋਂ ਹਾਰ ਗਏ
ਇਸਦੇ ਨਾਲ ਹੀ ਭਾਰਤ ਪੁਰਸ਼ ਬਾਕਸਿੰਗ ਵਿੱਚ ਪਿਛਲੇ 16 ਸਾਲਾਂ ਦਾ ਓਲੰਪਿਕ ਮੈਡਲ ਦਾ ਅਕਾਲ ਮੁੱਕਣ ਦੀ ਉਮੀਦ ਵੀ ਖਤਮ ਹੋ ਗਈ।
ਭਾਰਤ ਲਈ ਬਾਕਸਿੰਗ ਵਿੱਚ ਹੁਣ ਤੱਕ ਇਕਲੌਤਾ ਕਾਂਸੇ ਦਾ ਮੈਡਲ 2008 ਦੀਆਂ ਓਲੰਪਿਕ ਖੇਡਾਂ ਵਿੱਚ ਵਿਜੇਂਦਰ ਸਿੰਘ ਨੇ ਜਿੱਤਿਆ ਸੀ।
ਹਾਲਾਂਕਿ ਬੀਬੀਆਂ ਵਿੱਚ 2012 ਵਿੱਚ ਐਮਸੀ ਮੈਰੀਕਾਮ ਕਾਂਸੇ ਦਾ ਮੈਡਲ ਜਿੱਤ ਚੁੱਕੇ ਹਨ।
ਇਸ ਸਾਲ ਬੈਂਕਾਕ ਵਿੱਚ ਹੋਆ ਆਬੀਏ ਵਿਸ਼ਵ ਚੈਂਪੀਅਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਮਾਲਦੀਵ ਦੇ ਮੁੱਕੇਬਾਜ਼ ਨੂੰ ਹਰਾ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਨਿਸ਼ਾਂਤ ਪਹਿਲੇ ਭਾਰਤੀ ਪੁਰਸ਼ ਮੁੱਕੇਬਾਜ਼ ਸਨ।
ਉਨ੍ਹਾਂ ਤੋਂ ਪਹਿਲਾਂ ਮਹਿਲਾ ਮੁੱਕੇਬਾਜ਼ਾਂ ਨੇ ਆਪਣੀ ਪੈਰਿਸ ਦੀ ਟਿਕਟ ਬੁੱਕ ਕੀਤੀ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਓਲੰਪਕ ਜਾਣ ਦੀ ਆਗਿਆ ਨਾ ਮਿਲਣ ਬਾਰੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਇੱਕ ਵੀਡੀਓ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।
ਨੀਲ ਗਰਗ ਨੇ ਦੱਸਿਆ ਕਿ ਮੁੱਖ ਮੰਤਰੀ ਪੈਰਿਸ ਵਿੱਚ ਖੇਡ ਰਹੀ ਹਾਕੀ ਟੀਮ ਦੀ ਹੌਸਲਾ ਅਫ਼ਜ਼ਾਈ ਲਈ ਜਾਣਾ ਚਾਹੁੰਦੇ ਸਨ। ਪਰ ਵਿਦੇਸ਼ ਮੰਤਰਾਲੇ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਹੈ।
ਅੱਜ ਪੈਰਿਸ ਓਲੰਪਿਕ ਦੇ ਅੱਠਵੇਂ ਦਿਨ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਆਪਣੇ ਤੀਜੇ ਈਵੈਂਟ ਦਾ ਮੈਚ ਖੇਡਿਆ ਜਿਸ ਵਿੱਚ ਉਹ ਚੌਥੇ ਨੰਬਰ ਉੱਤੇ ਰਹੇ।
ਇਸ ਤੋਂ ਇਲਾਵਾ ਕਈ ਹੋਰ ਭਾਰਤੀ ਖਿਡਾਰੀ ਵੀ ਵੱਖ-ਵੱਖ ਮੁਕਾਬਲਿਆਂ ਵਿੱਚ ਅੱਜ ਹਿੱਸਾ ਲੈਣਗੇ।
ਸ਼ੁੱਕਰਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ ਨੇ ਪੈਰਿਸ ਓਲੰਪਿਕ ਵਿੱਚ ਪੂਲ ਬੀ ਦੇ ਆਪਣੇ ਅੰਤਮ ਮੈਚ ਵਿੱਚ ਆਸਟ੍ਰੇਲੀਆ ਨੂੰ 3-2 ਨੂੰ ਹਰਾ ਦਿੱਤਾ ਹੈ। ਭਾਰਤੀ ਹਾਕੀ ਟੀਮ ਨੇ ਟੋਕੀਓ ਵਿੱਚ ਹੋਏ ਓਲੰਪਿਕ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਸੀ।

ਤਸਵੀਰ ਸਰੋਤ, Punjab Govt
ਜੇਕਰ ਅੱਜ ਉਹ 25 ਮੀਟਰ ਪਿਸਟਲ ਸ਼ੂਟਿੰਗ ਵਿੱਚ ਤਗਮਾ ਜਿੱਤਦੇ ਹਨ ਤਾਂ ਉਹ ਇੱਕ ਹੋਰ ਇਤਿਹਾਸ ਰਚ ਦੇਣਗੇ।
ਹੁਣ ਤੱਕ ਭਾਰਤ ਤਿੰਨ ਮੈਡਲ ਜਿੱਤ ਚੁੱਕਿਆ ਹੈ।
ਤੀਰ ਅੰਦਾਜ਼ੀ ਵਿੱਚ ਭਾਰਤੀ ਤੀਰਅੰਦਾਜ਼ ਭਜਨ ਕੌਰ ਵੀ ਕੁਆਟਰਫਾਇਨਲ ਵਿੱਚ ਹਾਰ ਗਈ। ਹਰਿਆਣਾ ਦੇ ਸਿਰਸਾ ਨਾਲ ਸਬੰਧਤ ਭਜਨ ਕੌਰ ਨੇ ਭਾਵੇਂ ਚੰਗੀ ਖੇਡ ਦਿਖਾਈ ਅਤੇ ਪੰਜ ਸੈੱਟਾਂ ਦਾ ਮੁਕਾਬਲਾ ਬਰਾਬਰ ਰਿਹਾ।
ਪਰ ਮੁਕਾਬਲਾ ਬਰਾਬਰ ਰਹਿਣ ਉੱਤੇ ਦੋਵਾਂ ਖਿਡਾਰਨਾਂ ਨੂੰ ਇੱਕ ਇੱਕ ਤੀਰ ਚਲਾਉਣ ਲਈ ਕਿਹਾ ਗਿਆ, ਜਿਸ ਵਿੱਚ ਉਹ ਵਿਰੋਧੀ ਤੋਂ ਪਛੜ ਗਈ।
ਤੀਰ ਅੰਦਾਜ਼ੀ ਵਿੱਚ ਹੀ ਭਾਰਤ ਲਈ ਇੱਕ ਹੋਰ ਬੁਰੀ ਖ਼ਬਰ ਆਈ, ਭਾਰਤੀ ਦੀ ਸਟਾਰ ਖਿਡਾਰਨ ਦੀਪਿਕਾ ਕੁਮਾਰੀ ਕੁਆਟਰਫਾਇਨਲ ਮੁਕਾਬਲੇ ਵਿੱਚ ਕੋਰੀਆ ਦੀ ਖਿਡਾਰਨ ਤੋਂ ਹਾਰ ਗਈ।

ਤਸਵੀਰ ਸਰੋਤ, Getty Images
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹਾਕੀ ਟੀਮ ਨਾਲ ਗੱਲ
ਮੁੱਖ ਮੰਤਰੀ ਭਗਵੰਤ ਮਾਨ ਨੇ ਪੈਰਿਸ ਖੇਡਣ ਗਈ ਹਾਕੀ ਟੀਮ ਨਾਲ ਫ਼ੋਨ ਉੱਤੇ ਗੱਲ ਕੀਤੀ।
ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ,“ਅਸੀਂ ਕੁਆਟਰ ਫ਼ਾਈਨਲ ਮੈਚ ਦੇਖਣ ਅਤੇ ਟੀਮ ਦਾ ਹੌਸਲਾ ਵਧਾਉਣ ਲਈ ਪੈਰਿਸ ਆਉਣਾ ਸੀ, ਪਰ ਸਾਨੂੰ ਇਸ ਦੀ ਆਗਿਆ ਨਹੀਂ ਮਿਲੀ।”
ਉਨ੍ਹਾਂ ਕਿਹਾ ਕਿ, “ਅਸੀਂ ਇੱਕ-ਇੱਕ ਮਿੰਟ ਟੀਮ ਦੇ ਨਾਲ ਹਾਂ ਅਤੇ ਉਨ੍ਹਾਂ ਦਾ ਮੈਚ ਲਾਈਵ ਦੇਖਾਂਗੇ। ਕੱਲ੍ਹ ਦੇ ਕੁਆਟਰ ਫ਼ਾਈਨਲ ਲਈ ਸ਼ੁੱਭ-ਕਾਮਨਾਵਾਂ।”
ਮਾਨ ਨੇ ਟੀਮ ਨੂੰ ਕਿਹਾ, “ਤੁਸੀਂ ਸੋਨ ਤਗ਼ਮਾ ਲੈ ਕੇ ਆਉਣਾ ਅਤੇ ਅਸੀਂ ਏਅਰ-ਪੋਰਟ ’ਤੇ ਟੀਮ ਦਾ ਸਵਾਗਤ ਕਰਨ ਲਈ ਪਹੁੰਚਾਗੇ।”
ਓਲੰਪਿਕ ਖੇਡਾਂ ਦਾ 7ਵਾਂ ਦਿਨ ਭਾਰਤ ਲਈ ਕਿਹੋ ਜਿਹਾ ਰਿਹਾ
ਪੈਰਿਸ ਓਲੰਪਿਕ ਦੇ ਸੱਤਵੇਂ ਦਿਨ ਸ਼ੁੱਕਰਵਾਰ ਨੂੰ ਭਾਰਤੀ ਖਿਡਾਰੀਆਂ ਨੇ ਆਪਣੀ ਤਾਕਤ ਦਿਖਾਈ।
ਬੈਡਮਿੰਟਨ ਵਿੱਚ ਲਕਸ਼ ਸੇਨ ਨੇ ਕੁਆਰਟਰ ਫਾਈਨਲ ਵਿੱਚ ਚੀਨੀ-ਤਾਈਪੇਈ ਦੇ ਚਾਉ-ਤਿਏਨ-ਚੇਨ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਉਹ ਓਲੰਪਿਕ ਮੈਡਲ ਤੋਂ ਇਕ ਕਦਮ ਦੂਰ ਹਨ।
ਨਿਸ਼ਾਨੇਬਾਜ਼ ਮਨੂ ਭਾਕਰ ਨੇ ਆਪਣੇ ਤੀਜੇ ਮੁਕਾਬਲੇ ਵਿੱਚ 25 ਮੀਟਰ ਪਿਸਟਲ ਸ਼ੂਟਿੰਗ ਵਿੱਚ ਕੁਆਲੀਫਿਕੇਸ਼ਨ ਰਾਊਂਡ ਪਾਸ ਕੀਤਾ।
ਸ਼ੁੱਕਰਵਾਰ ਨੂੰ, ਭਾਰਤੀ ਪੁਰਸ਼ ਹਾਕੀ ਟੀਮ ਨੇ ਪੈਰਿਸ ਓਲੰਪਿਕ ਵਿੱਚ ਪੂਲ ਬੀ ਦੇ ਆਪਣੇ ਆਖਰੀ ਮੈਚ ਵਿੱਚ ਆਸਟਰੇਲੀਆ ਨੂੰ 3-2 ਨਾਲ ਹਰਾਇਆ। ਇਸ ਵਾਰ ਭਾਰਤ ਪੂਲ ਪੱਧਰ 'ਤੇ ਸਿਰਫ਼ ਇੱਕ ਮੈਚ ਹੀ ਹਾਰਿਆ ਹੈ, ਬੈਲਜੀਅਮ ਖ਼ਿਲਾਫ਼।
ਦੱਸ ਦੇਈਏ ਕਿ ਭਾਰਤ ਨੇ 1972 ਤੋਂ 52 ਸਾਲ ਬਾਅਦ ਓਲੰਪਿਕ ਹਾਕੀ ਵਿੱਚ ਆਸਟਰੇਲੀਆ ਨੂੰ ਪਹਿਲੀ ਵਾਰ ਮਾਤ ਦਿੱਤੀ ਹੈ।
ਈਸ਼ਾ ਸਿੰਘ ਔਰਤਾਂ ਦੇ 25 ਮੀਟਰ ਪਿਸਟਲ ਕੁਆਲੀਫਿਕੇਸ਼ਨ ਰਾਊਂਡ ਵਿੱਚੋਂ ਬਾਹਰ ਹੋ ਗਏ।
ਤੀਰਅੰਦਾਜ਼ੀ ਵਿੱਚ ਅੰਕਿਤਾ ਅਤੇ ਧੀਰਜ ਦੀ ਭਾਰਤੀ ਟੀਮ ਮਿਸ਼ਰਤ ਵਰਗ ਵਿੱਚ ਕਾਂਸੀ ਦੇ ਤਗ਼ਮੇ ਦਾ ਮੈਚ ਹਾਰ ਗਈ।
ਅਥਲੈਟਿਕਸ ਵਿੱਚ ਪਾਰੁਲ ਚੌਧਰੀ ਅਤੇ ਅੰਕਿਤਾ ਧਿਆਨੀ ਮਹਿਲਾਵਾਂ ਦੀ 5000 ਮੀਟਰ ਦੌੜ ਦੇ ਪਹਿਲੇ ਦੌਰ ਵਿੱਚੋਂ ਬਾਹਰ ਹੋ ਗਈਆਂ। ਪਾਰੁਲ ਹੁਣ 3000 ਮੀਟਰ ਸਟੀਪਲਚੇਜ਼ ਵਿੱਚ ਹਿੱਸਾ ਲੈਣਗੇ।
ਭਾਰਤੀ ਰੋਅਰ ਬਲਰਾਜ ਪੰਵਾਰ ਪੁਰਸ਼ ਏਕਲ ਸਕਲਸ ਮੁਕਾਬਲੇ ਦੇ ਫਾਈਨਲ ਵਿੱਚ ਪੰਜਵੇਂ ਸਥਾਨ ’ਤੇ ਰਹੇ।
ਜੂਡੋ ਵਿੱਚ ਤੁਲਿਕਾ ਮਾਨ ਕਿਊਬਾ ਦੀ ਇਡਾਲਿਸ ਔਰਟੀਜ਼ ਤੋਂ 10-0 ਨਾਲ ਹਾਰ ਗਏ। ਇਸ ਨਾਲ ਪੈਰਿਸ ਓਲੰਪਿਕ 'ਚ ਉਨ੍ਹਾਂ ਦਾ ਸਫਰ ਖ਼ਤਮ ਹੋ ਗਿਆ।

ਤਸਵੀਰ ਸਰੋਤ, Getty Images
ਓਲੰਪਿਕ ਖੇਡਾਂ ਦਾ 6ਵਾਂ ਦਿਨ: ਨਿਸ਼ਾਨੇਬਾਜ਼ੀ ਵਿੱਚ ਸਵਪਨਿਲ ਕੁਸਾਲੇ ਦਾ ਭਾਰਤ ਲਈ ਤੀਜਾ ਤਗਮਾ
ਭਾਰਤੀ ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਮਰਦਾਂ ਦੇ 50 ਮੀਟਰ ਰਾਇਫ਼ਲ 3 ਪੁਜੀਸ਼ਨ ਦੇ ਫਾਇਨਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ।
ਇਸ ਨਾਲ ਭਾਰਤ ਨੂੰ ਸ਼ੂਟਿੰਗ ਵਿੱਚ ਤੀਜਾ ਕਾਂਸੀ ਦਾ ਤਗਮਾ ਮਿਲਿਆ ਹੈ।
ਇਸ ਤੋਂ ਪਹਿਲਾਂ ਮਨੂ ਭਾਕਰ 10 ਮੀਟਰ ਏਅਰ ਰਾਇਫ਼ਲ ਮੁਕਾਬਲੇ ਵਿੱਚ ਸਿੰਗਲ ਅਤੇ ਸਰਬਜੋਤ ਸਿੰਘ ਮਿਲ ਮਿਲ ਕੇ ਟੀਮ ਮੁਕਾਬਲੇ ਵਿੱਚ ਦੋ ਤਗਮੇ ਭਾਰਤ ਦੀ ਝੋਲੀ ਪੁਆ ਚੁੱਕੇ ਹਨ।
ਜਦੋਂ ਮੁਕਾਬਲਾ ਸ਼ੁਰੂ ਹੋਇਆ ਤਾਂ ਕੁਸਾਲੇ 7ਵੀਂ ਪੁਜੀਸ਼ਨ ਉੱਤੇ ਸੀ, ਪਰ ਉਹ ਲਗਾਤਾਰ ਚੰਗੇ ਸ਼ਾਰਟ ਮਾਰਦੇ ਰਹੇ ਅਤੇ ਆਪਣੀ ਪੁਜੀਸ਼ਨ ਸੁਧਾਰਦੇ ਰਹੇ।
ਸਵਪਨਿਲ ਕੁਸਾਲੇ ਨੇ ਤਗਮਾ ਜਿੱਤਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈ ਅੰਕ ਜਾਂ ਕੋਈ ਗੱਲ ਧਿਆਨ ਉੱਤੇ ਧਿਆਨ ਨਹੀਂ ਦੇ ਰਿਹਾ ਸੀ, ਸਗੋਂ ਆਪਣੇ ਸਾਹ ਉੱਤੇ ਹੀ ਧਿਆਨ ਫੋਕਸ ਕਰ ਰਿਹਾ ਸੀ। ਇਸ ਦੇ ਨਾਲ ਹੀ ਮੈਂ ਆਪਣੀ ਪੁਜੀਸ਼ਨ ਵਿੱਚ ਸੁਧਾਰ ਕਰ ਸਕਿਆ।’’
ਕੁਸਾਲੇ ਨੇ ਪਹਿਲੀ ਵਾਰ ਓਲੰਪਿਕ ਮੁਕਾਬਲਾ ਲੜ ਰਹੇ ਹਨ। ਕੁਆਲੀਫਾਇੰਗ ਮੁਕਾਬਲੇ ਕੁਸਲੇ 7ਵੇਂ ਸਥਾਨ ਉੱਤੇ ਰਹੇ ਸਨ।
28 ਸਾਲਾ ਕੁਸਾਲੇ ਮਹਾਰਾਸ਼ਟਰ ਦੇ ਰਾਧਾਨਗਰੀ, ਕੋਲਹਾਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਅਤੇ ਭਰਾ ਅਧਿਆਪਕ ਹਨ ਅਤੇ ਮਾਤਾ ਪਿੰਡ ਦੇ ਸਰਪੰਚ ਹਨ।

ਤਸਵੀਰ ਸਰੋਤ, Getty Images
ਕੁਸਲੇ 50 ਮੀਟਰ ਰਾਈਫਲ ਸ਼ੂਟਿੰਗ ਈਵੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਹਨ।
ਉਨ੍ਹਾਂ ਨੇ ਨਾਸਿਕ ਦੀ ਸਪੋਰਟਸ ਅਕੈਡਮੀ ਤੋਂ ਨਿਸ਼ਾਨੇਬਾਜ਼ੀ ਦੀ ਸਿਖਲਾਈ ਲਈ ਅਤੇ ਇਸ ਸਮੇਂ ਪੁਣੇ ਵਿੱਚ ਰੇਲਵੇ ਵਿੱਚ ਮੁਲਾਜ਼ਮ ਹਨ।
ਸਵਪਨਿਲ ਇਸ ਤੋਂ ਪਹਿਲਾਂ 2022 ਏਸ਼ਿਆਈ ਖੇਡਾਂ ਦੇ ਟੀਮ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ।
ਮਹਾਰਾਸ਼ਟਰ ਵਿੱਚ ਸ਼ੂਟਿੰਗ ਦੀ ਦੁਨੀਆ ਵਿੱਚ ਉਹ ਕੋਈ ਕੋਈ ਨਵਾਂ ਨਾਮ ਨਹੀਂ ਹਨ। ਪਿਛਲੇ 10-12 ਸਾਲਾਂ ਵਿੱਚ ਸਵਪਨਿਲ ਨੇ ਕਈ ਕੌਮੀ ਅਤੇ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੈਰਿਸ ਓਲੰਪਿਕ ਦਿਨ 5 : ਲਕਸ਼ੇ ਸੇਨ ਨੇ ਵਿਸ਼ਵ ਰੈਂਕਿੰਗ 'ਚ ਨੰਬਰ-4 ਖਿਡਾਰੀ ਨੂੰ ਹਰਾ ਕੇ ਰਾਊਂਡ ਆਫ 16 'ਚ ਥਾਂ ਬਣਾਈ

ਤਸਵੀਰ ਸਰੋਤ, ANI
ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ ਨੇ ਪੁਰਸ਼ ਸਿੰਗਲਜ਼ ਦੇ ਮੈਚ ਵਿੱਚ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ 21-18, 21-12 ਨਾਲ ਹਰਾ ਕੇ ਰਾਊਂਡ ਆਫ 16 ਵਿੱਚ ਪ੍ਰਵੇਸ਼ ਕਰ ਲਿਆ ਹੈ।
ਕ੍ਰਿਸਟੀ ਬੀਡਬਲਿਊਐੱਫ ਵਿਸ਼ਵ ਰੈਂਕਿੰਗ ਵਿੱਚ ਚੌਥੇ ਸਥਾਨ 'ਤੇ ਹਨ ਜਦਕਿ ਲਕਸ਼ੇ ਸੇਨ 22ਵੇਂ ਸਥਾਨ 'ਤੇ ਹਨ।
ਲਕਸ਼ੇ ਸੇਨ ਨੇ ਲਗਾਤਾਰ ਦੋ ਮੈਚ ਜਿੱਤੇ ਹਨ, ਜਿਸ ਤੋਂ ਬਾਅਦ ਉਹ ਐੱਲ-ਗਰੁੱਪ 'ਚ ਮੋਹਰੀ ਸਥਾਨ 'ਤੇ ਪਹੁੰਚ ਗਏ ਹਨ।
ਲਕਸ਼ੇ ਸੇਨ ਦਾ ਸਾਹਮਣਾ ਰਾਉਂਡ ਆਫ 16 ਦੇ ਮੈਚ ਵਿੱਚ ਆਪਣੇ ਹਮਵਤਨ ਐੱਚਐੱਸ ਪ੍ਰਣਯ ਨਾਲ ਹੋ ਸਕਦਾ ਹੈ।
ਪੀਵੀ ਸਿੰਧੂ ਸ਼ਾਨਦਾਰ ਜਿੱਤ ਨਾਲ ਅਗਲੇ ਗੇੜ 'ਚ ਪਹੁੰਚੀ

ਤਸਵੀਰ ਸਰੋਤ, Getty Images
ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਗਰੁੱਪ ਸਟੇਜ ਦੇ ਮੁਕਾਬਲੇ ਵਿੱਚ ਅਸਾਨ ਜਿੱਤ ਕਰਦਿਆਂ ਅਗਲੇ ਗੇੜ ਵਿੱਚ ਦਾਖਲਾ ਪਾ ਲਿਆ ਹੈ।
ਪੀਵੀ ਸਿੰਧੂ ਨੇ ਐਸਟੋਨੀਆਈ ਖਿਡਾਰਨ ਕ੍ਰਿਸਟੀਨ ਕੂਬਾ ਨੂੰ ਸਿੱਧੇ ਸੈੱਟਾਂ ਵਿੱਚ 21-5, 21-10 ਦੇ ਫ਼ਰਕ ਨਾਲ ਹਰਾਇਆ। ਸਿੰਧੂ ਨੇ ਇਹ ਮੁਕਾਬਲਾ ਸਿਰਫ਼ 32 ਮਿੰਟਾਂ ਵਿੱਚ ਹੀ ਜਿੱਤ ਲਿਆ।
ਅੱਜ ਹੀ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਅਤੇ ਐੱਚਐੱਸ ਪ੍ਰੋਨਾਇ ਆਪੋ-ਆਪਣੇ ਮੈਚ ਖੇਡ ਰਹੇ ਹਨ।
ਪੀਵੀ ਸਿੰਧੂ ਨੇ 2016 ਦੇ ਰੀਓ ਓਲੰਪਿਕ 'ਚ ਚਾਂਦੀ ਅਤੇ 2020 ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ ਵੀ ਉਨ੍ਹਾਂ ਤੋਂ ਤਗਮਾ ਜਿੱਤਣ ਦੀ ਉਮੀਦ ਹੈ।
ਇਸ ਵੇਲੇ ਲਕਸ਼ੈ ਸੇਨ ਆਪਣਾ ਸਿੰਗਲ ਵਰਗ ਦਾ ਮੁਕਾਬਲਾ ਖੇਡ ਰਹੇ ਹਨ।

ਤਸਵੀਰ ਸਰੋਤ, Getty Images
ਪੈਰਿਸਿ ਓਲੰਪਿਕ ਦੇ ਚੌਥੇ ਦਿਨ ਮੰਗਲਵਾਰ ਨੂੰ ਭਾਰਤ ਦੀ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਮਿਕਸਡ 10 ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਸੀ। ਉਨ੍ਹਾਂ ਨੇ ਦੱਖਣੀ ਕੋਰੀਆ ਦੀ ਜੋੜੀ ਓਹ ਯੇ ਜਿਨ ਅਤੀ ਲੀ ਵੋਨਹੋ ਨੂੰ ਹਰਾਇਆ ਸੀ।
ਇਸਦੇ ਨਾਲ ਹੀ ਮਨੂ ਭਾਕਰ ਦੇ ਨਾਮ ਇੱਕ ਹੋਰ ਰਿਕਾਰਡ ਦਰਜ ਹੋ ਗਿਆ। ਉਹ ਪਹਿਲੀ ਅਜਿਹੀ ਖਿਡਾਰਨ ਬਣ ਗਏ ਹਨ ਜਿਨ੍ਹਾਂ ਨੇ ਕਿਸੇ ਇੱਕ ਓਲੰਪਿਕ ਵਿੱਚ ਦੋ ਮੈਡਲ ਲਏ ਹਨ।
ਮਨੂ ਭਾਕਰ ਨੇ ਇਸ ਤੋਂ ਪਹਿਲਾਂ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਸੀ, ਜੋ ਪੈਰਿਸ ਓਲੰਪਿਕ ਵਿੱਚ ਭਾਰਤ ਦਾ ਪਹਿਲਾ ਮੈਡਲ ਸੀ।
ਮੰਗਲਵਾਰ ਨੂੰ ਹੀ ਭਾਰਤੀ ਹਾਕੀ ਟੀਮ ਨੇ ਪੂਲ-ਬੀ ਵਿੱਚ ਆਪਣੇ ਤੀਜੇ ਮੈਚ ਵਿੱਚ ਆਇਰਲੈਂਡ ਨੂੰ 2-0 ਨਾਲ ਹਰਾਇਆ।
ਉੱਥੇ ਹੀ 57 ਕਿੱਲੋਮੀਟਰ ਵਰਗ ਵਿੱਚ ਭਾਰਤ ਦੇ ਬਾਕਸਰ ਜੈਸਮੀਨ ਨੂੰ ਫਿਲੀਪੀਂਸ ਦੀ ਖਿਡਾਰਨ ਨੇਸਥੀ ਪੇਟਿਸਿਓ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਪੈਰਿਸ ਓਲੰਪਿਕ ਵਿੱਚ ਉਨ੍ਹਾਂ ਦਾ ਸਫ਼ਰ ਖ਼ਤਮ ਹੋ ਗਿਆ।
31 ਜੁਲਾਈ ਨੂੰ ਭਾਰਤ ਦੇ ਰੁਝੇਵੇਂ ਇਸ ਤਰ੍ਹਾਂ ਹਨ—
ਮਨੂ ਭਾਕਰ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ 'ਚ ਇਤਿਹਾਸ ਰਚ ਦਿੱਤਾ ਹੈ। ਉਹ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।
ਉਸ ਨੇ 10 ਮੀਟਰ ਏਅਰ ਪਿਸਟਲ ਦੇ ਮਿਸ਼ਰਤ ਟੀਮ ਮੁਕਾਬਲੇ ਵਿੱਚ ਸਰਬਜੋਤ ਸਿੰਘ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਐਤਵਾਰ ਮਨੂ ਨੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਦੇ ਮਹਿਲਾ ਵਰਗ 'ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਖਾਤਾ ਖੋਲਿਆ ਸੀ। ਹੁਣ ਸਰਬਜੋਤ ਨਾਲ ਮਿਲ ਕੇ ਮਨੂ ਨੇ ਦੂਜਾ ਤਗਮਾ ਆਪਣੇ ਨਾਂ ਕਰ ਲਿਆ ਹੈ।
ਇਕ ਤਰ੍ਹਾਂ ਨਾਲ ਮਨੂ ਨੇ ਮੰਗਲਵਾਰ ਨੂੰ 'ਸਟਿਲ ਆਈ ਵਿਚ ਰਾਈਜ਼' ਕਵਿਤਾ ਵਾਲੇ ਭਰੋਸੇ ਨਾਲ ਆਪਣੇ ਆਤਮ ਵਿਸ਼ਵਾਸ ਨਾਲ ਇਤਿਹਾਸ ਰਚ ਦਿੱਤਾ।
ਦੋਵਾਂ ਨੇ ਕੋਰੀਆਈ ਜੋੜੀਦਾਰ ਓ ਯੇ ਜਿਨ ਅਤੇ ਲੀ ਵੂਨਹੋ ਨੂੰ 16-10 ਨਾਲ ਹਰਾਇਆ।
ਕੋਰੀਆਈ ਜੋੜੀ 'ਚ ਓ ਯੇ ਜਿਨ ਉਹੀ ਨਿਸ਼ਾਨੇਬਾਜ਼ ਹੈ, ਜਿਸ ਨੇ ਐਤਵਾਰ ਨੂੰ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਵਰਗ 'ਚ ਸੋਨ ਤਗਮਾ ਜਿੱਤਿਆ ਸੀ।
ਜਿਨ ਇਸ ਤਰ੍ਹਾਂ ਦੀ ਫਾਰਮ 'ਚ ਸੀ ਕਿ ਉਸ ਨੇ ਨਵੇਂ ਓਲੰਪਿਕ ਰਿਕਾਰਡ ਦੇ ਨਾਲ ਸੋਨ ਤਗਮਾ ਜਿੱਤਿਆ।
ਮਨੂ ਭਾਕਰ ਇੱਕ ਹੀ ਓਲੰਪਿਕ ਵਿੱਚ ਦੋ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।

ਤਸਵੀਰ ਸਰੋਤ, Getty Images
ਭਾਵੇਂਕਿ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਭਾਰਤ ਲਈ ਦੋ ਓਲੰਪਿਕ ਤਗਮੇ ਜਿੱਤੇ ਹਨ ਪਰ ਉਨ੍ਹਾਂ ਨੇ ਇਹ ਕਾਰਨਾਮਾ ਦੋ ਵੱਖ-ਵੱਖ ਓਲੰਪਿਕ ਵਿੱਚ ਕੀਤਾ।
2008 ਬੀਜਿੰਗ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ, ਸੁਸ਼ੀਲ ਕੁਮਾਰ ਨੇ 2012 ਲੰਡਨ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਪੀਵੀ ਸਿੰਧੂ 2016 ਰੀਓ ਓਲੰਪਿਕ 'ਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ 2020 ਟੋਕੀਓ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ 'ਚ ਕਾਮਯਾਬ ਰਹੀ।

ਤਸਵੀਰ ਸਰੋਤ, Getty Images
ਸਰਬਜੋਤ ਅੰਬਾਲਾ ਦਾ ਰਹਿਣ ਵਾਲਾ
ਬੀਬੀਸੀ ਸਹਿਯੋਗੀ ਸੌਰਭ ਦੁੱਗਲ ਦੀ ਰਿਪੋਰਟ ਮੁਤਾਬਕ, ਮੂਨ ਭਾਕਰ ਨਾਲ ਕਾਂਸੀ ਦਾ ਤਗਮਾ ਜਿੱਤਣ ਵਾਲਾ ਸਰਬਜੋਤ ਸਿੰਘ ਹਰਿਆਣਾ ਦੇ ਅਬਾਲਾ ਜਿਲ੍ਹੇ ਦੇ ਪਿੰਡ ਢੀਂਹ ਦਾ ਰਹਿਣ ਵਾਲਾ ਹੈ।
ਸਰਬਜੋਤ 2016 ਵਿੱਚ ਆਪਣੇ ਕੋਚ ਅਭਿਸ਼ੇਕ ਰਾਣਾ ਨਾਲ ਜੁੜੇ ਸਨ, ਜਦੋਂ ਉਨ੍ਹਾਂ ਨੇ ਅੰਬਾਲਾ ਵਿੱਚ ਇੱਕ ਸ਼ੂਟਿੰਗ ਅਕੈਡਮੀ ਖੋਲ੍ਹੀ ਸੀ।
ਆਪਣੇ ਪਹਿਲੇ ਸਾਲ (2017 ਵਿੱਚ), ਉਨ੍ਹਾਂ ਨੇ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਇੱਕ ਕਾਂਸੀ ਦਾ ਤਗਮਾ ਜਿੱਤਿਆ, ਇਹ ਇੱਕ ਮਹੱਤਵਪੂਰਨ ਪਲ਼ ਸੀ, ਜਿਸ ਨੇ ਖੇਡ ਵਿੱਚ ਉਸ ਦੇ ਉਭਾਰ ਨੂੰ ਜਨਮ ਦਿੱਤਾ।
ਕੁਰੂਕਸ਼ੇਤਰ ਗੁਰੂਕੁਲ 'ਚ ਪੜ੍ਹਣ ਵਾਲੇ ਅਤੇ ਉੱਥੇ ਹੀ ਖੇਡ ਨੂੰ ਸ਼ੁਰੂਆਤ ਕਰਨ ਵਾਲੇ ਅਭਿਸ਼ੇਕ ਨੇ ਕਿਹਾ, "ਉਸ ਤੋਂ ਬਾਅਦ, ਸਰਬਜੋਤ ਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ। ਉਸ ਦੀ ਮਿਹਨਤ ਅਤੇ ਮਾਨਸਿਕ ਤਾਕਤ ਹੀ ਉਸ ਦੀ ਸਫ਼ਲਤਾ ਦੀ ਕੁੰਜੀ ਹੈ।"

ਤਸਵੀਰ ਸਰੋਤ, Getty Images
ਸਰਬਜੋਤ ਇੱਕ ਮੁਕਾਬਲਾ ਹਾਰਨ ਤੋਂ ਬਾਅਦ ਕਿਵੇਂ ਤਿਆਰ ਹੋਏ
ਇਸ ਮੁਕਾਬਲੇ ਤੋਂ ਪਹਿਲਾਂ ਸਰਬਜੋਤ ਦੇ ਕੋਚ, ਅਭਿਸ਼ੇਕ ਰਾਣਾ ਨੇ ਫੋਨ ਉੱਤੇ ਗੱਲਬਾਤ ਰਾਹੀ ਸਰਬਜੋਤ ਸਿੰਘ ਦੇ ਪ੍ਰੇਰਣਾ ਸਰੋਤ ਨਿਸ਼ਾਨੇਬਾਜ਼ ਕੈਰੋਲੀ ਟਾਕਾਕਸ ਨੂੰ ਦੱਸਿਆ।
ਹੰਗਰੀ ਦੇ ਨਿਸ਼ਾਨੇਬਾਜ਼ ਕੈਰੋਲੀ ਟਾਕਾਕਸ ਦੀ ਕਹਾਣੀ ਪ੍ਰੇਰਣਾਦਾਇਕ ਹੈ।
ਰਾਣਾ ਦੱਸਦੇ ਹਨ, "ਮੈਂ ਹੰਗਰੀ ਦੇ ਨਿਸ਼ਾਨੇਬਾਜ਼ ਕੈਰੋਲੀ ਟਾਕਾਕਸ ਦੀ ਕਹਾਣੀ ਇੱਕ ਪ੍ਰੇਰਣਾਦਾਇਕ ਸਪੀਕਰ ਮਹੇਸ਼ਵਰ ਦੇ ਭਾਸ਼ਣ ਵਿੱਚ ਸੁਣੀ ਸੀ। ਗਰਨੇਡ ਧਮਾਕੇ ਵਿੱਚ ਆਪਣਾ ਸੱਜਾ ਹੱਥ ਗੁਆਉਣ ਦੇ ਬਾਵਜੂਦ, ਟਾਕਾਕਸ ਨੇ ਆਪਣੇ ਖੱਬੇ ਹੱਥ ਨਾਲ ਨਿਸ਼ਾਨੇਬਾਜ਼ੀ ਕਰਨੀ ਸਿੱਖੀ ਅਤੇ ਓਲੰਪਿਕ ਸੋਨ ਤਗਮਾ ਜਿੱਤਿਆ। ਇਸ ਕਹਾਣੀ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ।”
“ਇਸ ਨੇ ਮੈਨੂੰ ਸਿਖਾਇਆ ਕਿ ਮੁਸ਼ਕਲਾਂ ਦੇ ਬਾਵਜੂਦ, ਦ੍ਰਿੜ ਇਰਾਦੇ ਨਾਲ, ਤੁਸੀਂ ਆਪਣੇ ਟੀਚਿਆਂ ਨੂੰ ਹਾਸਲ ਕਰ ਸਕਦੇ ਹੋ। ਮੈਂ ਸਿਖਲਾਈ ਦੌਰਾਨ ਸਰਬਜੋਤ ਨੂੰ ਟਾਕਾਕਸ ਦੀ ਕਹਾਣੀ ਦਾ ਲਗਾਤਾਰ ਹਵਾਲਾ ਦਿੱਤਾ, ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ ਅਤੇ ਸਾਡੇ ਉਦੇਸ਼: ਓਲੰਪਿਕ ਮੈਡਲ 'ਤੇ ਧਿਆਨ ਕੇਂਦਰਤ ਕੀਤਾ।”
ਅਭਿਸ਼ੇਕ ਰਾਣਾ ਦੱਸਦੇ ਹਨ, “ਸਰਬਜੋਤ ਸੋਮਵਾਰ ਨੂੰ 10 ਮੀਟਰ ਏਅਰ ਪਿਸਟਲ ਦੇ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਜਾਣ ਤੋਂ ਬਾਅਦ, ਉਹ ਸਪੱਸ਼ਟ ਤੌਰ 'ਤੇ ਪਰੇਸ਼ਾਨ ਸੀ। ਇੰਝ ਲੱਗਦਾ ਸੀ ਜਿਵੇਂ ਉਸ ਦੇ ਚਿਹਰੇ ਤੋਂ ਮੁਸਕਰਾਹਟ ਗਾਇਬ ਹੋ ਗਈ ਸੀ।”
“ਪਰ ਸ਼ਾਮ ਨੂੰ, ਮੈਂ ਹੰਗਰੀ ਦੇ ਨਿਸ਼ਾਨੇਬਾਜ਼ ਦੀ ਕਹਾਣੀ ਦੀ ਯਾਦ ਦਿਵਾਉਂਦੇ ਹੋਏ, ਉਸ ਨੂੰ ਦੁਬਾਰਾ ਪ੍ਰੇਰਿਤ ਕੀਤਾ। ਇਸ ਨਾਲ ਸਾਡਾ ਹੌਸਲਾ ਵਧਿਆ ਅਤੇ ਉਸ ਨੇ ਅਗਲੇ ਹੀ ਦਿਨ ਮਿਕਸਡ ਈਵੈਂਟ ਲਈ ਕੁਆਲੀਫਾਈ ਕਰ ਲਿਆ। ਕਾਂਸੀ ਦੇ ਤਗਮਾ ਜਿੱਤਣ ਤੋਂ ਪਹਿਲਾਂ ਮੈਂ ਉਸ ਨੂੰ ਇੱਕ ਗੱਲ ਕਹੀ, ‘ਸਭ ਕੁਝ ਭੁੱਲ ਜਾਓ ਅਤੇ ਆਪਣਾ ਫੋਕਸ ਬਰਕਰਾਰ ਰੱਖੋ’।”

ਤਸਵੀਰ ਸਰੋਤ, Getty Images
ਪੈਰਿਸ ਓਲੰਪਿਕ ਦਿਨ 3: ਹਾਕੀ ਦਾ ਮੈਚ ਡਰਾਅ ਰਿਹਾ

ਤਸਵੀਰ ਸਰੋਤ, Getty Images
ਪੈਰਿਸ ਓਲੰਪਿਕ 2024 'ਚ ਭਾਰਤ ਦੇ ਮੁਕਾਬਲਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਬੀਤੇ ਦਿਨ ਸ਼ੂਟਿੰਗ ਵਿੱਚ ਕਾਂਸੀ ਤਗਮੇ ਨਾਲ ਭਾਰਤ ਦਾ ਖਾਤਾ ਖੁੱਲ੍ਹਿਆ।
ਹਾਲ ਹੀ 'ਚ ਭਾਰਤੀ ਪੁਰਸ਼ ਹਾਕੀ ਟੀਮ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਇਆ।
ਪੁਰਸ਼ ਹਾਕੀ ਗਰੁੱਪ ਸਟੇਜ ਮੁਕਾਬਲੇ ਵਿੱਚ ਭਾਰਤ ਤੇ ਅਰਜਨਟੀਨਾ ਵਿਚਾਲੇ ਮੈਚ 1-1 ਨਾਲ ਡਰਾਅ ਹੋ ਗਿਆ ਹੈ।
ਗਰੁੱਪ ਸਟੇਜ ਵਿੱਚ ਭਾਰਤ ਦਾ ਇਹ ਦੂਸਰਾ ਮੁਕਾਬਲਾ ਸੀ। ਮੈਚ ਦੇ ਦੂਜੇ ਕੁਆਟਰ ਵਿੱਚ ਅਰਜਨਟੀਨਾ ਨੇ ਪਹਿਲਾ ਗੋਲ ਕੀਤਾ ਸੀ। ਪਰ ਮੈਚ ਦੇ ਅਖੀਰ ਪਲਾਂ ਵਿੱਚ ਭਾਰਤੀ ਟੀਮ ਨੇ ਵਾਪਸੀ ਕਰ ਲਈ ਸੀ।
ਮੈਚ ਵਿੱਚ ਜਦ ਆਖ਼ਿਰੀ 2 ਮਿੰਟ ਬਚੇ ਸਨ ਤਾਂ ਉਦੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਕੀਤਾ, ਜਿਸ ਦੀ ਬਦੌਲਤ ਭਾਰਤ 1-1 ਨਾਲ ਬਰਾਬਰੀ ਕਰਨ ਵਿੱਚ ਕਾਮਯਾਬ ਰਿਹਾ ਅਤੇ ਮੈਚ ਡਰਾਅ ਹੋ ਗਿਆ।
ਪੈਰਿਸ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ ਸੀ। ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ।
ਪੈਰਿਸ ਓਲੰਪਿਕ ਦਿਨ 2 : ਅਰਜੁਨ ਦਾ ਨਿਸ਼ਾਨਾਂ ਖੁੰਝਿਆ
ਕੁਝ ਸਮਾਂ ਪਹਿਲਾਂ ਭਾਰਤੀ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚੇ ਅਰਜੁਨ ਬਬੂਤਾ ਦਾ ਮੁਕਾਬਲਾ ਸੀ। ਭਾਰਤੀਆਂ ਦੀਆਂ ਨਜ਼ਰਾਂ ਸ਼ੂਟਿੰਗ ਵਿੱਚ ਇੱਕ ਹੋਰ ਤਗਮਾ ਹਾਸਲ ਕਰਨ 'ਤੇ ਟਿਕੀਆਂ ਹੋਈਆਂ ਸਨ, ਪਰ ਅਰਜੁਨ ਬਬੂਤਾ ਦੇ ਬਾਹਰ ਹੋ ਜਾਣ ਨਾਲ ਨਿਰਾਸ਼ਾ ਹੱਥ ਲੱਗੀ।
ਹਾਲਾਂਕਿ ਅਰਜੁਨ ਬਬੂਤਾ ਆਖ਼ਰੀ ਸ਼ਾਟ ਤੱਕ ਤਗਮੇ ਦੀ ਦੌੜ ਵਿੱਚ ਬਣੇ ਸਨ, ਪਰ 209.8 ਅੰਕਾਂ ਨਾਲ ਉਨ੍ਹਾਂ ਨੇ ਈਵੈਂਟ ਵਿੱਚ ਚੌਥਾ ਸਥਾਨ ਹਾਸਲ ਕੀਤਾ।
ਕੱਲ੍ਹ ਹਰਿਆਣੇ ਦੀ ਮਨੂ ਭਾਕਰ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਪੈਰਿਸ ਓਲੰਪਿਕ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ ਸੀ। ਅੱਜ ਤੀਸਰੇ ਦਿਨ ਉਹ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ ਦੇ ਫਾਈਨਲ ਵਿੱਚ ਸਰਬਜੋਤ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ।
ਉਥੇ ਹੀ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਰਮਿਤਾ ਜਿੰਦਲ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।

ਤਸਵੀਰ ਸਰੋਤ, Getty Images
ਅਰਜੁਨ ਬਬੂਤਾ: ਜਲਾਲਾਬਾਦ ਤੋਂ ਪੈਰਿਸ ਓਲੰਪਿਕ ਦੇ ਫਾਈਨਲ ਤੱਕ ਦਾ ਸਫ਼ਰ

ਤਸਵੀਰ ਸਰੋਤ, Getty Images
ਬੀਬੀਸੀ ਸਹਿਯੋਗੀ ਸੌਰਭ ਦੁੱਗਲ ਦੱਸਦੇ ਹਨ ਕਿ ਅਰਜੁਨ ਬਬੂਤਾ ਦੇ ਮਾਤਾ-ਪਿਤਾ ਨੇ ਆਪਣੇ ਪੁੱਤ ਦਾ ਸ਼ੂਟਿੰਗ ਖੇਡ ਵਿੱਚ ਸਮਰਥਨ ਦੇਣ ਲਈ ਜਲਾਲਾਬਾਦ ਤੋਂ ਚੰਡੀਗੜ੍ਹ ਵੱਸ ਜਾਣ ਦਾ ਮਹੱਤਵਪੂਰਨ ਫੈਸਲਾ ਕੀਤਾ ਸੀ।
ਅਰਜੁਨ ਦੇ ਪਿਤਾ ਨੀਰਜ ਕਾਰੋਬਾਰੀ ਹਨ ਅਤੇ ਮਾਤਾ ਦੀਪਤੀ ਇੱਕ ਲੇਖਿਕਾ ਹਨ। ਉਨ੍ਹਾਂ ਦੇ ਮਾਤਾ-ਪਿਤਾ ਦਾ ਇਹ ਕਦਮ ਅੱਜ ਸਫ਼ਲ ਕਦਮ ਸਾਬਤ ਹੋ ਰਿਹਾ ਹੈ।
ਕਿਉਂਕਿ ਅਰਜੁਨ ਨੇ ਸੋਮਵਾਰ ਨੂੰ ਪੈਰਿਸ ਓਲੰਪਿਕ 2024 ਵਿੱਚ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਈਵੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਸੀ।
ਸ਼ੁਰੂਆਤੀ ਦਿਨਾਂ ਵਿੱਚ ਅਰਜੁਨ ਬਬੂਤਾ ਨੇ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਦੇ ਕੋਚ ਲੈਫਟੀਨੈਂਟ ਕਰਨਲ ਜੇਐਸ ਢਿੱਲੋਂ ਤੋਂ ਸਿਖਲਾਈ ਪ੍ਰਾਪਤ ਕੀਤੀ।
ਅਰਜੁਨ ਨੇ ਹਿਮਾਚਲ ਪ੍ਰਦੇਸ਼ ਦੇ ਕਸੌਲੀ ਇੰਟਰਨੈਸ਼ਨਲ ਸਕੂਲ ਵਿੱਚ 10 ਦਿਨਾਂ ਦੇ ਸਮਰ ਕੋਚਿੰਗ ਕੈਂਪ ਵਿੱਚ ਭਾਗ ਲਿਆ ਸੀ। ਇਸ ਕੈਂਪ ਨੇ ਹੀ ਅਰਜੁਨ ਦੇ ਸ਼ੂਟਿੰਗ ਕਰੀਅਰ ਵਿੱਚ ਇੱਕ ਨਵਾਂ ਮੋੜ ਲਿਆਂਦਾ।
ਇਹ ਕੈਂਪ ਰਾਸ਼ਟਰੀ ਕੋਚ ਡੀਐਸ ਚੰਡੇਲ ਦੁਆਰਾ ਆਯੋਜਿਤ ਕੀਤਾ ਗਿਆ ਸੀ।

ਤਸਵੀਰ ਸਰੋਤ, Getty Images
ਡੀਐਸ ਚੰਡੇਲ ਦੇ ਅਧੀਨ ਹੀ ਅਰਜੁਨ ਨੇ ਜੂਨੀਅਰ ਅਤੇ ਸੀਨੀਅਰ ਦੋਵਾਂ ਸ਼੍ਰੇਣੀਆਂ ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ। ਅਰਜੁਨ ਬਾਰੇ ਗੱਲ ਕਰਦਿਆਂ ਚੰਡੇਲ ਕਹਿੰਦੇ ਹਨ ਕਿ ਉਹ ਪਹਿਲੇ ਦਿਨ ਤੋਂ ਹੀ ਬਹੁਤ ਹੀ ਨਿਮਰ, ਸਕਾਰਾਤਮਕ ਅਤੇ ਖੇਡ ਵਿੱਚ ਮੁਹਾਰਤ ਹਾਸਲ ਕਰਨ ਦੇ ਟੀਚੇ ਨੂੰ ਲੈ ਕੇ ਸਪਸ਼ਟ ਸੀ।
ਉਨ੍ਹਾਂ ਅੱਗੇ ਦੱਸਿਆ ਕਿ, "ਕਸੌਲੀ ਦਾ ਕੋਚਿੰਗ ਕੈਂਪ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਮੇਰੇ ਦੋਸਤ ਅਤੇ ਜੂਡੋ ਕੋਚ ਹੀਰਾ ਠਾਕੁਰ ਨੇ ਉੱਥੇ ਇੱਕ ਸਕੂਲ ਖੋਲ੍ਹਿਆ ਸੀ। ਇੱਕ ਪਹਾੜੀ ਸਟੇਸ਼ਨ ਹੋਣ ਕਰਕੇ, ਮੈਂ ਸਕੂਲ ਵਿੱਚ ਇੱਕ ਕੋਚਿੰਗ ਕੈਂਪ ਲਗਾਇਆ, ਜਿਸ ਵਿੱਚ 14-15 ਸਾਲ ਦੇ ਅਰਜੁਨ ਨੇ ਵੀ ਹਿੱਸਾ ਲਿਆ। ਇੱਕ ਨਵੇਕਲਾ ਨਿਸ਼ਾਨੇਬਾਜ਼ ਹੋਣ ਦੇ ਬਾਵਜੂਦ, ਉਸ ਨੇ ਜਲਦ ਹੀ ਖੇਡ ਦੀ ਮੁਹਾਰਤ ਵੱਲ ਝੁਕਾਅ ਦਿਖਾਇਆ। ਉਹ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਸ਼ੂਟਿੰਗ ਸੈਂਟਰ ਵਿੱਚ ਮੇਰੇ ਨਾਲ ਜੁੜ ਗਿਆ।"
ਅਰਜੁਨ ਦੇ ਮਾਤਾ-ਪਿਤਾ, ਖਾਸ ਤੌਰ 'ਤੇ ਉਸ ਦੀ ਮਾਤਾ ਦੀਪਤੀ ਅਰਜੁਨ ਦੇ ਛੋਟੇ ਹੁੰਦਿਆਂ ਉਨ੍ਹਾਂ ਦੇ ਜ਼ਿਆਦਾਤਰ ਮੁਕਾਬਲਿਆਂ ਵਿੱਚ ਜਾਂਦੇ ਰਹੇ ਹਨ। ਉਨ੍ਹਾਂ ਨੇ ਅਰਜੁਨ ਦੇ ਸ਼ੂਟਿੰਗ ਕਰੀਅਰ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਡੀਐਸ ਚੰਡੇਲ ਅੱਗੇ ਦੱਸਦੇ ਹਨ ਕਿ, ਅਰਜੁਨ ਦੇ ਮਾਤਾ-ਪਿਤਾ ਨੇ ਉਸ ਦੇ ਸ਼ੂਟਿੰਗ ਕਰੀਅਰ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਪੈਰਿਸ ਓਲੰਪਿਕ ਵਿੱਚ ਪਹੁੰਚਣਾ ਵੀ ਉਨ੍ਹਾਂ ਦੇ ਹੀ ਯੋਗਦਾਨ ਦਾ ਨਤੀਜਾ ਹੈ।
ਅਰਜੁਨ ਨੂੰ ਵੱਡਾ ਬ੍ਰੇਕ ਉਦੋਂ ਮਿਲਿਆ ਜਦੋਂ ਉਸ ਨੇ ਚਾਂਗਵੋਨ ਵਿੱਚ 2022 ਵਿਸ਼ਵ ਕੱਪ 'ਚ ਵਿਅਕਤੀਗਤ ਸੋਨ ਤਗਮਾ ਜਿੱਤਿਆ।
25 ਸਾਲਾ ਨਿਸ਼ਾਨੇਬਾਜ਼ ਅਰਜੁਨ ਨੇ ਡੀਏਵੀ ਕਾਲਜ, ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਫਿਲਹਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਵਿੱਚ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕਰ ਰਿਹਾ ਹੈ।
ਚੰਡੇਲ ਨੇ ਦੱਸਿਆ ਕਿ, "2019-2020 ਦੇ ਕਰੀਬ, ਅਰਜੁਨ 10 ਮੀਟਰ ਏਅਰ ਰਾਈਫਲ ਈਵੈਂਟ ਵਿੱਚ ਦੇਸ਼ ਦਾ ਚੋਟੀ ਦਾ ਨਿਸ਼ਾਨੇਬਾਜ਼ ਬਣ ਗਿਆ, ਪਰ ਉਹ 2020 ਟੋਕੀਓ ਓਲੰਪਿਕ ਵਿੱਚ ਆਪਣੀ ਥਾਂ ਪੱਕੀ ਨਹੀਂ ਕਰ ਸਕਿਆ ਸੀ। ਪਰ ਉਸ ਨੇ ਇਸ ਵਾਰ 2024 ਦੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਆਪਣੀ ਯੋਗਤਾ ਨੂੰ ਸਾਬਤ ਕਰਨ ਵੱਲ ਪੂਰਾ ਧਿਆਨ ਕੇਂਦਰਿਤ ਕੀਤਾ ਸੀ।"












