ਓਲੰਪਿਕਸ 2024: ਇਟਲੀ ਦੀ ਮੁੱਕੇਬਾਜ਼ ਨੇ 40 ਸਕਿੰਟ ’ਚ ਮੈਚ ਛੱਡਿਆ, ਉਸ ਨੇ ਕਿਉਂ ਕਿਹਾ, ‘ਮੈਂ ਆਪਣੀ ਜਾਨ ਬਚਾਉਣੀ ਸੀ’

ਖਲੀਫ਼ ਅਤੇ ਐਂਜਿਲਾ ਕਰੀਨੀ

ਤਸਵੀਰ ਸਰੋਤ, Getty Images

ਈਮਾਨ ਖਲੀਫ਼ ਦੇ ਵਿਰੋਧੀ ਮੁੱਕੇਬਾਜ਼ ਨੇ 40 ਸਕਿੰਟਾਂ ਦੇ ਅੰਦਰ ਹੀ ਇਹ ਕਹਿੰਦਿਆਂ ਪਿੜ ਛੱਡ ਦਿੱਤਾ ਕਿ “ਮੈਂ ਆਪਣੀ ਜਾਨ ਬਚਾਉਣੀ ਸੀ।”

ਖਲੀਫ਼ ਅਲਜੀਰੀਅਨ ਮੁੱਕੇਬਾਜ਼ ਹਨ ਅਤੇ ਉਨ੍ਹਾਂ ਦਾ ਇਟਲੀ ਦੇ ਐਂਜਿਲਾ ਕਰੀਨੀ ਨਾਲ ਮੁਕਾਬਲਾ ਚੱਲ ਰਿਹਾ ਸੀ।

ਖਲੀਫ਼ ਉਨ੍ਹਾਂ ਦੋ ਮੁੱਕੇਬਾਜ਼ਾਂ ਵਿੱਚੋਂ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਵਿਸ਼ਵ ਮੁੱਕੇਬਾਜ਼ ਚੈਂਪੀਅਨਸ਼ਿਪਸ ਵਿੱਚੋਂ ਯੋਗਤਾ ਸ਼ਰਤਾਂ ਪੂਰੀਆਂ ਨਾ ਕਰ ਸਕਣ ਕਾਰਨ ਡਿਸਕੁਆਲੀਫਾਈ ਰਹਿਣ ਤੋਂ ਬਾਅਦ ਪੈਰਿਸ ਵਿੱਚ ਮਹਿਲਾ ਬਾਕਸਿੰਗ ਵਿੱਚ ਮੁਕਾਬਲਾ ਕਰਨ ਦੀ ਆਗਿਆ ਦੇ ਦਿੱਤੀ ਗਈ ਸੀ।

ਹੁਣ ਇਟੈਲੀਅਨ ਮੁੱਕੇਬਾਜ਼ ਕਰੀਨੀ ਨੇ ਕਿਹਾ ਹੈ ਕਿ ਉਹ ਖਲੀਫ ਤੋਂ ਮੈਚ ਤੋਂ ਬਾਅਦ ਕੀਤੇ ਵਤੀਰੇ ਲਈ ਮਾਫੀ ਮੰਗਣਾ ਚਾਹੁੰਦੀ ਹਨ।

ਉਨ੍ਹਾਂ ਨੇ ਇੱਕ ਇਟੈਲੀਅਨ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਸਾਰੇ ਵਿਵਾਦ ਨੇ ਉਨ੍ਹਾਂ ਨੂੰ ਮਾਯੂਸ ਕੀਤਾ ਹੈ।

ਉਨ੍ਹਾਂ ਕਿਹਾ ਕਿ ਫਾਈਟ ਛੱਡਣਾ ਸਹੀ ਫੈਸਲਾ ਸੀ ਪਰ ਜੇ ਆਈਓਸੀ ਨੇ ਖਲੀਫ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਸੀ ਤਾਂ ਉਸ ਦਾ ਸਨਮਾਨ ਕਰਨਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਉਨ੍ਹਾਂ ਨੇ ਮੈਚ ਮਗਰੋਂ ਖਲੀਫ਼ ਨਾਲ ਹੱਥ ਨਹੀਂ ਮਿਲਾਇਆ।

ਕੌਮਾਂਤਰੀ ਓਲੰਪਿਕ ਕਮੇਟੀ ਹਾਲਾਂਕਿ ਵਿਸ਼ਵ ਮੁਕਾਬਲੇ ਨਹੀਂ ਕਰਵਾਉਂਦੀ ਪਰ ਪੈਰਿਸ ਵਿੱਚ ਹੋ ਰਹੀ ਮੁੱਕੇਬਾਜ਼ੀ ਕਰਵਾ ਰਹੀ ਹੈ। ਕਮੇਟੀ ਨੇ ਕਿਹਾ ਹੈ ਕਿ ਖਲੀਫ਼ ਨੂੰ ਟੈਸਟੇਸਟਰੋਨ ਦੇ ਵੱਧੇ ਹੋਏ ਪੱਧਰਾਂ ਕਾਰਨ ਭਾਰਤ ਵਿੱਚ ਅਯੋਗ ਕਰਾਰ ਦੇ ਦਿੱਤਾ ਗਿਆ ਸੀ।

ਪਹਿਲੇ ਰਾਊਂਡ ਵਿੱਚ ਹੀ ਵਿਰੋਧੀ ਦੇ ਚਲੇ ਜਾਣ ਤੋਂ ਬਾਅਦ 25 ਸਾਲਾ ਖਲੀਫ਼ ਜਦੋਂ ਪੈਰਿਸ ਨੌਰਡ ਦੇ ਬਾਕਸਿੰਗ ਰਿੰਗ ਵਿੱਚ ਪਹੁੰਚੇ ਤਾਂ ਦਰਸ਼ਕਾਂ ਵਿੱਚ ਬੈਠੇ ਬਹੁਤ ਸਾਰੇ ਅਲਜੀਰੀਅਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਦੱਸ ਦੇਈਏ ਕਿ ਖਲੀਫ਼ ਨੇ 2020 ਦੀਆਂ ਟੋਕੀਓ ਓਲੰਪਿਕ ਵਿੱਚ ਵੀ ਹਿੱਸਾ ਲਿਆ ਸੀ।

46 ਸਕਿੰਟ ਦੇ ਬਾਊਟ ਦੌਰਾਨ ਕੀ ਹੋਇਆ?

ਪਹਿਲੇ 30 ਸਕਿੰਟਾਂ ਵਿੱਚ ਹੀ ਘਸੁੰਨ ਖਾਣ ਤੋਂ ਬਾਅਦ ਕਰੀਨੀ ਖੂੰਜੇ ਵਿੱਚ ਆਪਣੇ ਕੋਚ ਕੋਲ ਹੈਲਮਟ ਠੀਕ ਕਰਵਾਉਣ ਗਏ। ਵਾਪਸੀ ਤੋਂ ਬਾਅਦ ਉਹ ਇੱਕ ਵਾਰ ਫਿਰ ਖੂੰਜੇ ਵਿੱਚ ਗਏ ਅਤੇ ਮੁਕਾਬਲਾ ਬੰਦ ਕਰ ਦਿੱਤਾ।

ਜਿਵੇਂ ਹੀ ਰੈਫਰੀ ਨੇ ਖਲੀਫ਼ ਦੀ ਬਾਂਹ ਉੱਤੇ ਚੁੱਕੀ ਕਰੀਨੀ ਨੂੰ “ਇਹ ਠੀਕ ਨਹੀਂ ਹੈ” ਕਹਿੰਦੇ ਸੁਣਿਆ ਗਿਆ।

ਬਾਊਟ ਤੋਂ ਬਾਅਦ ਜਦੋਂ ਕਰੀਨੀ ਰਿੰਗ ਦੇ ਅੰਦਰ ਵੀ ਰੋ ਰਹੇ ਸਨ, ਉਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ।

ਕਰੀਨੀ ਨੇ ਬੀਬੀਸੀ ਸਪੋਰਟਸ ਨੂੰ ਦੱਸਿਆ,“ਮੈਂ ਮੈਚ ਪੂਰਾ ਨਹੀਂ ਕਰ ਸਕੀ। ਮੈਨੂੰ ਆਪਣੇ ਨੱਕ ਵਿੱਚ ਬਹੁਤ ਦਰਦ ਮਹਿਸੂਸ ਹੋਈ ਅਤੇ ਮੈਂ ਆਪਣੇ ਆਪ ਨੂੰ ਕਿਹਾ ਕਿ ਇੱਕ ਔਰਤ ਵਜੋਂ ਮੇਰੀ ਜੋ ਪਰਪੱਕਤਾ ਹੈ ਅਤੇ ਜੋ ਤਜ਼ਰਬਾ ਹੈ, ਮੈਨੂੰ ਲੱਗਿਆ ਕਿ ਮੇਰਾ ਦੇਸ ਇਸ ਤੋਂ ਬੁਰਾ ਨਹੀਂ ਮੰਨੇਗਾ। ਮੈਨੂੰ ਉਮੀਦ ਹੈ ਮੇਰੇ ਪਿਤਾ ਬੁਰਾ ਨੂੰ ਮੰਨਣਗੇ— ਪਰ ਮੈਂ ਰੁਕ ਗਈ, ਮੈਂ ਆਪਣੇ ਆਪ ਨੂੰ ਕਿਹਾ ਰੁਕੋ।”

ਖਲੀਫ਼ ਅਤੇ ਐਂਜਿਲਾ ਕਰੀਨੀ

ਤਸਵੀਰ ਸਰੋਤ, Getty Images

“ਇਹ ਜ਼ਿੰਦਗੀ ਦਾ ਯਾਦਗਾਰੀ ਮੈਚ ਹੋ ਸਕਦਾ ਸੀ ਪਰ ਉਸੇ ਸਮੇਂ ਆਪਣੀ ਜਾਨ ਵੀ ਬਚਾਉਣੀ ਸੀ।”

“ਮੈਨੂੰ ਬੁਖਾਰ ਨਹੀਂ ਸੀ, ਮੈਨੂੰ ਰਿੰਗ ਤੋਂ ਡਰ ਨਹੀਂ ਲਗਦਾ। ਮੈਨੂੰ ਘਸੁੰਨ ਖਾਣ ਤੋਂ ਡਰ ਨਹੀਂ ਲਗਦਾ। ਲੇਕਿਨ ਇਸ ਵਾਰ ਮੈਂ ਉਹ ਮੈਚ ਖਤਮ ਕਰ ਦਿੱਤਾ। ਕਿਉਂਕਿ ਮੈਥੋਂ ਜਾਰੀ ਨਹੀਂ ਰੱਖਿਆ ਜਾ ਰਿਹਾ ਸੀ।”

ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਇਟਲੀ ਦੇ ਮੀਡੀਆ ਨੂੰ ਦੱਸਿਆ, ‘ਬਰਾਬਰੀ ਉੱਤੇ ਮੁਕਾਬਲਾ ਕਰ ਸਕਣਾ ਮਾਅਨੇ ਰੱਖਦਾ ਹੈ ਅਤੇ ਇਸ ਨੁਕਤੇ ਤੋਂ ਇਹ ਤਾਂ ਕੋਈ ਮੁਕਾਬਲਾ ਹੀ ਨਹੀਂ ਸੀ।”

ਖਲੀਫ਼ ਬਾਰੇ ਬੋਲਦਿਆਂ ਕਿਰੀਨੀ ਨੇ ਪੱਤਰਕਾਰਾਂ ਨੂੰ ਦੱਸਿਆ, “ਮੈਂ ਚਾਹੁੰਦੀ ਹਾਂ ਕਿ ਉਹ ਅੰਤ ਤੱਕ ਜਾਰੀ ਰੱਖਣ ਤਾਂ ਜੋ ਉਹ ਖੁਸ਼ ਹੋ ਸਕਣ।”

“ਮੈਂ ਅਜਿਹੀ ਨਹੀਂ ਹਾਂ ਜੋ ਕਿਸੇ ਬਾਰੇ ਧਾਰਨਾ ਬਣਾਵਾਂ, ਮੈਂ ਇੱਥੇ ਫੈਸਲੇ ਸੁਣਾਉਣ ਨਹੀਂ ਆਈ।”

ਖਲੀਫ਼ ਆਪਣੇ ਪੰਜਾਹ ਮੁਕਾਬਲਿਆਂ ਦੇ ਕਰੀਅਰ ਵਿੱਚ ਨੌਂ ਵਾਰ ਹਾਰੇ ਹਨ। ਉਨ੍ਹਾਂ ਨੇ ਬੀਬੀਸੀ ਸਪੋਰਟ ਨੂੰ ਦੱਸਿਆ, “ਮੈਂ ਇੱਥੇ ਸੋਨੇ ਲਈ ਹਾਂ-ਮੈਂ ਸਾਰਿਆਂ ਨਾਲ ਲੜਦੀ ਹਾਂ।”

ਇਸ ਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਅਲਜੀਰੀਆ ਦੀ ਓਲੰਪਿਕ ਕਮੇਟੀ ਨੇ ਖਲੀਫ਼ ਉੱਤੇ ਹਮਲਿਆਂ ਨੂੰ ਬੇਬੁਨਿਆਦ ਦੱਸਿਆ।

ਖਲੀਫ਼ ਅਤੇ ਐਂਜਿਲਾ ਕਰੀਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖਲੀਫ਼ ਅਤੇ ਐਂਜਿਲਾ ਕਰੀਨੀ ਦੇ ਆਖਰੀ ਪਲ

ਤਾਇਵਾਨ ਦੇ ਲਿਨ ਯੂ-ਟਿੰਗ ਕੋਲੋਂ ਪਿਛਲੇ ਸਾਲ ਲਿੰਗਕ ਯੋਗਤਾ ਪ੍ਰੀਖਿਆ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪਸ ਦਾ ਪਿਛਲੇ ਸਾਲ ਦਾ ਮੈਡਲ ਖੋਹ ਲਿਆ ਗਿਆ ਸੀ।

ਕੌਮਾਂਤਰੀ ਓਲੰਪਿਕ ਕਮੇਟੀ ਨੇ ਕਿਹਾ ਹੈ ਕਿ ਪੈਰਿਸ ਵਿੱਚ ਸਾਰੇ ਮੁੱਕੇਬਾਜ਼ ਮੁਕਾਬਲੇ ਦੇ ਯੋਗਤਾ ਮਾਪਦੰਡਾਂ ਅਤੇ ਦਾਖਲੇ ਦੇ ਨਿਯਮਾਂ ਨੂੰ ਪੂਰਾ ਕਰਦੇ ਹਨ।

ਮੰਗਲਵਾਰ ਨੂੰ ਕੌਮਾਂਮਤਰੀ ਓਲੰਪਿਕ ਕਮੇਟੀ ਦੇ ਬੁਲਾਰੇ ਮਾਰਕ ਐਡਮਸ ਨੇ ਕਿਹਾ, “ਇਨ੍ਹਾਂ ਖਿਡਾਰੀਆਂ ਨੇ ਕਈ ਸਾਲਾਂ ਤੱਕ ਕਈ ਮੁਕਾਬਲਿਆਂ ਵਿੱਚ ਮੁਕਾਬਲਾ ਕੀਤਾ ਹੈ। ਉਹ ਅਚਾਨਕ ਨਹੀਂ ਪਹੁੰਚ ਗਏ ਹਨ- ਉਨ੍ਹਾਂ ਨੇ ਟੋਕੀਓ ਵਿੱਚ ਵੀ ਮੁਕਾਬਲਾ ਕੀਤਾ ਹੈ।”

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਈਮਾਨ ਖਲੀਫ਼ ਕੌਣ ਹਨ?

ਮੁੱਕੇਬਾਜ਼ 25 ਸਾਲਾ ਈਮਾਨ ਖਲੀਫ਼ ਅਲਜੀਰੀਆ ਦੇ ਤਿਯਾਰੇਤ ਦੇ ਰਹਿਣ ਵਾਲੇ ਹਨ।

ਖਲੀਫ ਦੇ ਪਿਤਾ ਪਹਿਲਾਂ ਉਨ੍ਹਾਂ ਦੀ ਮੁੱਕੇਬਾਜ਼ੀ ਦੇ ਖਿਲਾਫ਼ ਸਨ, ਕਿਉਂਕਿ ਉਹ ਕੁੜੀਆਂ ਦੇ ਇਸ ਖੇਡ ਵਿੱਚ ਉਤਰਨ ਦੇ ਵਿਰੋਧੀ ਸਨ।

ਖਲੀਫ਼ ਨੇ 2018 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਸ਼ੁਰੂਆਤ ਕੀਤੀ ਸੀ ਪਰ ਉੱਥੇ ਉਹ 17ਵੇਂ ਨੰਬਰ ਉੱਤੇ ਰਹੇ ਸਨ। ਸਾਲ 2019 ਵਿੱਚ ਉਹ 9ਵੇਂ ਸਥਾਨ ਉੱਤੇ ਰਹੇ ਸਨ।

2019 ਵਿੱਚ ਉਹ 19ਵੇਂ ਸਥਾਨ ਉੱਤੇ ਰਹੇ ਸਨ। 2021 ਵਿੱਚ ਉਹ ਟੋਕੀਓ ਓਲੰਪਿਕ ਵਿੱਚ ਉਹ ਆਇਰਲੈਂਡ ਦੀ ਕੇਲੀ ਹੇਰਿੰਗਟਨ ਤੋਂ ਕੁਆਰਟਰ ਫਾਈਨਲ ਵਿੱਚ ਹਾਰ ਗਏ ਸਨ।

ਔਰਤਾਂ ਦੀ ਵਿਸ਼ਵ ਬਾਕਸਿੰਗ ਚੈਂਪਅਨਸ਼ਿਪ ਵਿੱਚ ਉਹ ਏਮੀ ਬਰਾਡਥਰਸਟ ਨੂੰ ਹਰਾ ਕੇ ਦੂਜੇ ਸਥਾਨ ਉੱਤੇ ਰਹੇ ਸਨ।

ਸਾਲ 2022 ਦੇ ਅਫਰੀਕਨ ਚੈਂਪੀਅਨਸ਼ਿਪ ਵਿੱਚ, ਮੇਡਿਟਰੇਨੀਅਨ ਗੇਮਜ਼ ਅਤੇ 2023 ਦੀਆਂ ਅਰਬ ਖੇਡਾਂ ਵਿੱਚ ਉਹ ਗੋਲਡ ਮੈਡਲ ਜਿੱਤ ਚੁੱਕੇ ਹਨ।

ਕਰੀਨੀ

ਤਸਵੀਰ ਸਰੋਤ, Getty Images

ਨਵੀਂ ਦਿੱਲੀ ਵਿੱਚ ਕੀ ਹੋਇਆ ਸੀ

ਸਾਲ 2023 ਵਿੱਚ ਨਵੀਂ ਦਿੱਲੀ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਕੌਮਾਂਤਰੀ ਬਾਕਿਸੰਗ ਏਸੋਸੀਏਸ਼ਨ ਦੇ ਪ੍ਰਧਾਨ ਉਮਰ ਕਰੈਮਲੇਵ ਨੇ ਕਿਹਾ ਸੀ, “ਡੀਐੱਨਏ ਟੈਸਟ ਦੇ ਅਧਾਰ ਉੱਤੇ ਸਾਨੂੰ ਮਿਲਿਆ ਕਿ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੇ ਬਾਕਸਰਾਂ ਨੇ ਚਲਾਕੀ ਨਾਲ ਆਪਣੇ ਆਪ ਨੂੰ ਮਹਿਲਾ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਟੈਸਟ ਤੋਂ ਬਾਅਦ ਪਾਇਆ ਗਿਆ ਉਨ੍ਹਾਂ ਵਿੱਚ ਐਕਸ-ਵਾਈ ਕ੍ਰੋਮੋਜ਼ੋਮ ਸਨ। ਅਜਿਹੇ ਖਿਡਾਰੀ ਮੁਕਾਬਲੇ ਤੋਂ ਬਾਹਰ ਕੀਤੇ ਜਾਂਦੇ ਹਨ।”

ਇਸਤਰੀਆਂ ਵਿੱਚ ਸਿਰਫ਼ ਕ੍ਰੋਮੋਜ਼ੋਮ ਹੁੰਦੇ ਹਨ ਜਦਕਿ ਮਰਦਾਂ ਵਿੱਚ ਐਕਸ ਅਤੇ ਵਾਈ ਦੋਵੇਂ ਹੁੰਦੇ ਹਨ।

ਹਾਲਾਂਕਿ ਅਲਜੀਰੀਆ ਓਲੰਪਿਕ ਕਮੇਟੀ ਨੇ ਇਸ ਫੈਸਲੇ ਬਾਰੇ ਕਿਹਾ ਸੀ ਕਿ ਖਲੀਫ਼ ਨੂੰ ਮੈਡੀਕਲ ਕਾਰਨਾਂ ਕਰਕੇ ਹਟਾਇਆ ਗਿਆ।

ਹਾਲਾਂਕਿ ਅਲਜੀਰੀਆ ਦਾ ਮੀਡੀਆ ਮੰਨ ਰਿਹਾ ਸੀ ਕਿ ਖਲੀਫ਼ ਨੂੰ ਉਨ੍ਹਾਂ ਦੇ ਟੇਸਟੋਸਟੇਰੋਨ ਦੇ ਕਾਰਨ ਹਟਾਇਆ ਗਿਆ ਸੀ।

ਇਸ ਫੈਸਲੇ ਤੋਂ ਨਾਖੁਸ਼ ਖਲੀਫ਼ ਨੇ ਕਿਹਾ ਸੀ, “ਕੁਝ ਦੇਸ ਨਹੀਂ ਚਾਹੁੰਦੇ ਕਿ ਅਲਜੀਰੀਆ ਗੋਲਡ ਮੈਡਲ ਜਿੱਤੇ। ਇਹ ਸਾਜਿਸ਼ ਹੈ ਅਤੇ ਵੱਡੀ ਸਾਜਿਸ਼ ਹੈ। ਅਸੀਂ ਚੁੱਪ ਨਹੀਂ ਰਹਾਂਗੇ।”

ਇਸ ਤਰ੍ਹਾਂ ਮਹਿਲਾ ਬਾਕਸਿੰਗ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਲਿੰਗ ਦਾ ਮਾਮਲਾ ਸਾਹਮਣੇ ਆਇਆ।

ਅਜਿਹੇ ਹੀ ਇੱਕ ਮੁਕਾਬਲੇ ਵਿੱਚ ਤਾਇਵਾਨ ਦੀ ਲਿਨ ਯੂ-ਥਿੰਗ ਤੋਂ ਉਨ੍ਹਾਂ ਦਾ ਕਾਂਸੇ ਦਾ ਮੈਡਲ ਵਾਪਸ ਲੈ ਲਿਆ ਗਿਆ ਸੀ।

ਉਹ ਜੈਂਡਰ ਯੋਗਤਾ ਟੈਸਟ ਵਿੱਚ ਫੇਲ੍ਹ ਹੋ ਗਏ ਸਨ। ਲੇਕਿਨ ਸ਼ੁੱਕਰਵਾਰ ਨੂੰ ਉਹ ਪੈਰਿਸ ਓਲੰਪਿਕ ਦੌਰਾਨ ਬਾਕਸਿੰਗ ਮੁਕਾਬਲੇ ਵਿੱਚ ਉੱਤਰੇ ਸਨ।

ਸਾਲ 2023 ਵਿੱਚ ਜਿਹੜੇ ਵਿਸ਼ਵ ਮੁਕਾਬਲੇ ਵਿੱਚੋਂ ਖਲੀਫ਼ ਨੂੰ ਬਾਹਰ ਕੱਢਿਆ ਗਿਆ ਸੀ ਉਹ ਕੌਮਾਂਤਰੀ ਬਾਕਸਿੰਗ ਏਸੋਸੀਏਸ਼ਨ ਨੇ ਕਰਵਾਇਆ ਸੀ।

ਪਿਛਲੇ ਸਾਲ ਕੌਮਾਂਤਰੀ ਓਲੰਪਿਕ ਕਮੇਟੀ ਨੇ ਇਸ ਸੰਗਠਨ ਦੀ ਮਾਨਤਾ ਵਰਲਡ ਗਵਰਨਿੰਗ ਬਾਡੀ ਵਜੋਂ ਰੱਦ ਕਰ ਦਿੱਤੀ ਸੀ।

ਟੋਕੀਓ ਅਤੇ ਪੈਰਿਸ ਓਲੰਪਿਕ ਵਿੱਚ ਬਾਕਸਿੰਗ ਮੁਕਾਬਲੇ ਓਲੰਪਿਕ ਕਮੇਟੀ ਹੀ ਕਰਵਾ ਰਹੀ ਹੈ।

ਹਾਲਾਂਕਿ ਉਹ ਲਿੰਗਕ ਯੋਗਤਾ ਟੈਸਟ ਵਿੱਚ ਕਿਸ ਚੀਜ਼ ਦੀ ਜਾਂਚ ਹੁੰਦੀ ਹੈ, ਇਸ ਦੀ ਬੀਬੀਸੀ ਪੁਸ਼ਟੀ ਨਹੀਂ ਕਰ ਸਕੀ ਹੈ।

ਇੰਟਰਨੈਸ਼ਨਲ ਓਲੰਪਿਕ ਕਮੇਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਬੁਲਾਰੇ ਮਾਰਕ ਐਡਮਸ

ਲਿਨ ਅਤੇ ਖਲੀਫ਼ ਦਾ ਟੈਸਟ ਪਹਿਲਾਂ 2022 ਵਿੱਚ ਇਸਤਾਂਬੁਲ ਵਿੱਚ ਹੋਏ ਵਿਸ਼ਵ ਮੁਕਾਬਲੇ ਵਿੱਚ ਹੋਇਆ ਅਤੇ ਫਿਰ 2023 ਵਿੱਚ ਹੋਇਆ।

ਕੌਮਾਂਤਰੀ ਬਾਕਸਿੰਗ ਐਸੋਸੀਏਸ਼ਨ ਨੇ ਕਿਹਾ ਕਿ ਲਿਨ ਨੇ ਇਸਦੇ ਖਿਲਾਫ਼ ਅਪੀਲ ਕੀਤੀ ਸੀ ਲੇਕਿਨ ਖਲੀਫ਼ ਨੇ ਪਹਿਲਾਂ ਕੀਤੀ ਸੀ ਅਤੇ ਬਾਅਦ ਵਿੱਚ ਵਾਪਸ ਲੈ ਲਈ ਸੀ।

ਆਈਬੀਏ ਦੇ ਮੁਖੀ ਕ੍ਰਿਸ ਰਾਬਰਟਸ ਨੇ ਜਾਂਚ ਕਰਨ ਤੋਂ ਬਾਅਦ ਕਿਹਾ,“ਅਸੀਂ ਉਹ ਫੈਸਲਾ ਕੀਤਾ ਹੈ ਜੋ ਸਾਡੇ ਮੁੱਕੇਬਾਜ਼ ਪਰਿਵਾਰ ਲਈ ਢੁਕਵਾਂ ਸੀ। ਅਸੀਂ ਪਾਇਆ ਕਿ ਓਹ ਮਹਿਲਾਵਾਂ ਵਜੋਂ ਉਸ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਸਨ।”

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕੀ ਇਹ ਸੈਕਸ ਟੈਸਟ ਦੇ ਬਰਾਬਰ ਹੈ? ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, “ਹਾਂ ਪ੍ਰਭਾਵੀ ਤੌਰ ਉੱਤੇ ਅਜਿਹਾ ਹੀ ਹੈ।”

ਜੇ ਤੈਅ ਯੋਗਤਾ ਅਤੇ ਪਰਖ ਵਿੱਚ ਕੋਈ ਬਾਕਸਰ ਦੂਜੇ ਦੀ ਤੁਲਨਾ ਵਿੱਚ ਜ਼ਿਆਦਾ ਭਾਰ ਜਾਂ ਤਾਕਤਵਰ ਨਿਕਲਦਾ ਹੈ ਤਾਂ ਉਹ ਮੁਕਾਬਲੇ ਵਿੱਚ ਖਿਡਾਰਨਾਂ ਦੇ ਵਰਗ ਵਿੱਚ ਲੜਨ ਦੀ ਯੋਗਤਾ ਨਹੀਂ ਰੱਖਦਾ ਹੈ।

ਵੀਰਵਾਰ ਨੂੰ ਕੌਮਾਂਤਰੀ ਓਲੰਪਿਕ ਸੰਘ ਦੀ ਬਾਕਸਿੰਗ ਇਕਾਈ ਨੇ ਆਈਬੀਏ ਦੀ ਆਲੋਚਨਾ ਕੀਤੀ ਹੈ। ਸੰਘ ਨੇ ਕਿਹਾ ਹੈ ਕਿ ਖਲੀਫ਼ ਅਤੇ ਲਿਨ ਆਈਬੀਏ ਦੇ ਜਲਦਬਾਜ਼ੀ ਅਤੇ ਮਨਮੰਨੇ ਢੰਗ ਨਾਲ ਲਏ ਫੈਸਲੇ ਦਾ ਸ਼ਿਕਾਰ ਹੋਈਆਂ ਹਨ।

ਆਈਓਸੀ ਨੇ ਕਿਹਾ ਹੈ ਕਿ 2023 ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਦੌਰਾਨ ਖਲੀਫ਼ ਅਤੇ ਲਿਨ ਨੂੰ ਬਿਨਾਂ ਕਿਸੇ ਪ੍ਰਕਿਰਿਆ ਦੇ ਬਾਹਰ ਕਰ ਦਿੱਤਾ ਗਿਆ ਸੀ।

ਇਨ੍ਹਾਂ ਦੋਵਾਂ ਖਿਡਾਰੀਆਂ ਪ੍ਰਤੀ ਜੋ ਗੁੱਸਾ ਦਿਸ ਰਿਹਾ ਹੈ ਉਹ ਕੌਮਾਂਤਰੀ ਬਾਕਸਿੰਗ ਸੰਘ ਦੇ ਮਨਮੰਨੇ ਫੈਸਲੇ ਦਾ ਨਤੀਜਾ ਹੈ। ਜੋ ਬਿਨਾਂ ਕਿਸੇ ਪ੍ਰਕਿਰਿਆ ਦੇ ਲਿਆ ਗਿਆ ਸੀ।

ਜੋ ਕਿ ਆਈਓਸੀ ਮੁਤਾਬਕ ਬਾਕਸਿੰਗ ਦੀ ਗੁੱਡ ਗਵਰਨੈਂਸ ਦੇ ਖਿਲਾਫ਼ ਸੀ।

ਹੁਣ ਲੋਕ ਕੀ ਕਹਿ ਰਹੇ ਹਨ?

ਜੇ ਕੇ ਰਾਵਲਿੰਗ ਦੀ ਟਵੀਟ

ਤਸਵੀਰ ਸਰੋਤ, twitter

ਹੈਰੀ ਪਾਟਰ ਸੀਰੀਜ਼ ਦੀ ਲੇਖਿਕਾ ਜੇ ਕੇ ਰਾਵਲਿੰਗ ਨੇ ਖਲੀਫ਼ ਬਾਰੇ ਟਿੱਪਣੀ ਕੀਤੀ ਹੈ

ਉਨ੍ਹਾਂ ਨੇ ਐਕਸ ਉੱਤੇ ਲਿਖਿਆ, “ਕੀ ਕੋਈ ਤਸਵੀਰ ਸਾਜੇ ਨਵੇਂ ਪੁਰਸ਼ ਅੰਦੋਲਨ ਨੂੰ ਇੰਨੇ ਵਧੀਆ ਢੰਗ ਨਾਲ ਪੇਸ਼ ਕਰ ਸਕਦੀ ਹੈ। ਇੱਕ ਪੁਰਸ਼ ਦੀ ਬਣਾਉਟੀ ਹਾਸੀ, ਜੋ ਜਾਣਦਾ ਹੈ ਕਿ ਉਸ ਨੂੰ ਇੱਕ ਮਰਦਵਾਦੀ ਖੇਡ ਸੰਸਥਾਨ ਦੀ ਸੁਰੱਖਿਆ ਹਾਸਲ ਹੈ। ਉਹ ਮਹਿਲਾ ਦੇ ਸਿਰ ਉੱਤੇ ਮੁੱਕਾ ਮਾਰ ਕੇ ਇਸਦਾ ਅਨੰਦ ਲੈ ਰਿਹਾ ਹੈ। ਉਸ ਮਹਿਲਾ ਦੇ ਦਰਦ ਦਾ ਅਨੰਦ ਲੈ ਰਿਹਾ ਹੈ ਜਿਸਦੀਆਂ ਉਮੀਦਾਂ ਨੂੰ ਉਸ ਨੇ ਮਿੱਟੀ ਵਿੱਚ ਮਿਲਾ ਦਿੱਤਾ ਹੈ।”

ਹਾਲਾਂਕਿ ਉਨ੍ਹਾਂ ਦੀ ਟਿੱਪਣੀ ਦੀ ਆਲੋਚਨਾ ਵੀ ਹੋ ਰਹੀ ਹੈ।

ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਖਲੀਫ਼ ਵਿਵਾਦ ਬਾਰੇ ਲਿਖਿਆ, “ਮੇਰੇ ਵਿਚਾਰ ਵਿੱਚ ਇਹ ਗੈਰਮੁਨਾਸਬ ਹੈ। ਓਲੰਪਿਕ ਵਿੱਚ ਇਸ ਘਟਨਾ/ਮੈਚ ਦਾ ਰਿਵੀਊ ਹੋਣਾ ਚਾਹੀਦਾ ਹੈ।”

ਟੈਸਲਾ ਦੇ ਮਾਲਕ ਈਲੋਨ ਮਸਕ ਨੇ ਵੀਰਵਾਰ ਨੂੰ ਰੀਲੇ ਗੇਨਿਸ ਦਾ ਇੱਕ ਟਵੀਟ ਸਾਂਝਾ ਕੀਤਾ ਜਿਸ ਵਿੱਚ ਲਿਖਿਆ ਗਿਆ ਸੀ ਕਿ ਬੀਬੀਆਂ ਦੀਆਂ ਖੇਡਾਂ ਵਿੱਚ ਪੁਰਸ਼ਾਂ ਦੀ ਕੋਈ ਥਾਂ ਨਹੀਂ। ਮਸਕ ਨੇ ਟਿੱਪਣੀ ਕੀਤੀ “ਬਿਲਕੁਲ”।

ਇਸ ਦੇ ਨਾਲ ਹੀ ਮਸਕ ਨੇ ਇੱਕ ਹੋਰ ਟਵੀਟ ਵੀ ਸਾਂਝਾ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਔਰਤਾਂ ਦੀਆਂ ਖੇਡਾਂ ਵਿੱਚ ਕੁਦਰਤੀ ਪੁਰਸ਼ਾਂ ਦੇ ਹਿੱਸਾ ਲੈਣ ਉੱਤੇ ਪਾਬੰਦੀ ਲਗਾ ਦੇਣਗੇ। ਮਸਕ ਨੇ ਲਿਖਿਆ “ਵਧੀਆ”।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)