ਜਰਨੈਲ ਸਿੰਘ: 10 ਟਾਂਕਿਆਂ ਦੇ ਨਾਲ ਮੈਚ ਖੇਡਣ ਵਾਲਾ ਫੁੱਟਬਾਲ ਖਿਡਾਰੀ ਜਿਸ ਦਾ ਜੁੱਸਾ ਖਿਡਾਰੀਆਂ ’ਚ ਖ਼ੌਫ ਪੈਦਾ ਕਰਦਾ ਸੀ

ਤਸਵੀਰ ਸਰੋਤ, PUNEET BARNALA/BBC
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
1960 ਦੇ ਰੋਮ ਓਲੰਪਿਕਸ ਚੱਲ ਰਹੇ ਸਨ ਤੇ ਭਾਰਤੀ ਫੁੱਟਬਾਲ ਟੀਮ ਦਾ ਮੁਕਾਬਲਾ ਹੰਗਰੀ ਨਾਲ ਸੀ। ਹੰਗਰੀ ਦੀ ਟੀਮ ਭਾਰਤ ਦੇ ਮੁਕਾਬਲੇ ਕਾਫੀ ਮਜ਼ਬੂਤ ਮੰਨੀ ਜਾ ਰਹੀ ਸੀ।
ਭਾਰਤੀ ਟੀਮ ਦੀ ਮੀਟਿੰਗ ਵਿੱਚ ਖਿਡਾਰੀ ਪੀ ਕੇ ਬੈਨਰਜੀ ਟੀਮ ਦੇ ਡਿਫੈਂਡਰ ਜਰਨੈਲ ਸਿੰਘ ਨੂੰ ਅਗਾਹ ਕਰ ਰਹੇ ਸੀ ਕਿ ਹੰਗਰੀ ਦੇ ਸੈਂਟਰਲ ਫਾਰਵਾਰਡ ਫਲੋਰੀਨ ਐਲਬਰਟ ਇੱਕ ਬੇਹਤਰੀਨ ਸੈਂਟਰਲ ਫਾਰਵਰਡ ਦੇ ਖਿਡਾਰੀ ਹਨ ਤੇ ਉਨ੍ਹਾਂ ਨੂੰ ਰੋਕਣਾ ਵੱਡੀ ਚੁਣੌਤੀ ਹੋਵੇਗੀ।
ਜਰਨੈਲ ਸਿੰਘ ਨੇ ਆਪਣੇ ਸਾਥੀ ਖਿਡਾਰੀ ਦੀ ਗੱਲ ਸ਼ਾਂਤਮਈ ਤਰੀਕੇ ਨਾਲ ਸੁਣੀ ਤੇ ਉਸ ਮਗਰੋਂ ਬੋਲੇ, “ਐਲਬਰਟ ਦੇ ਵੀ ਦੋ ਹੱਥ ਤੇ ਦੋ ਲੱਤਾਂ ਹਨ ਤੇ ਮੇਰੀਆਂ ਵੀ ਤਾਂ ਮੈਂ ਕਿਉਂ ਡਰਾਂ।”
ਹੰਗਰੀ ਨਾਲ ਹੋਏ ਇਸ ਮੁਕਾਬਲੇ ਵਿੱਚ ਅਜਿਹਾ ਸਿਰਫ਼ ਇੱਕ ਵਾਰੀ ਹੋਇਆ ਜਦੋਂ ਐਲਬਰਟ ਜਰਨੈਲ ਸਿੰਘ ਦੇ ਡਿਫੈਂਸ ਨੂੰ ਤੋੜ ਕੇ ਗੋਲ ਕਰ ਸਕੇ।
ਇਹ ਕਿੱਸਾ ਮਸ਼ਹੂਰ ਫੁੱਟਬਾਲ ਕਮੈਂਟੇਟਰ ਤੇ ਪੱਤਰਕਾਰ ਨੋਵੀ ਕਪਾੜੀਆ ਨੇ ਭਾਰਤੀ ਫੁੱਟਬਾਲ ਦੇ ਇਤਿਹਾਸ ਬਾਰੇ ਲਿਖੀ ਆਪਣੀ ਕਿਤਾਬ, ‘ਬੇਅਰਫੁੱਟਸ ਟੂ ਬੂਟਸ’ ਵਿੱਚ ਲਿਖਿਆ ਹੈ, ਜੋ ਫੁੱਟਬਾਲ ਖਿਡਾਰੀ ਜਰਨੈਲ ਸਿੰਘ ਨੇ ਜਜ਼ਬੇ ਤੇ ਹਿੰਮਤ ਬਾਰੇ ਕਾਫੀ ਕੁਝ ਦੱਸਦਾ ਹੈ।
1960ਵਿਆਂ ਵਿੱਚ ਜਰਨੈਲ ਸਿੰਘ ਨੂੰ ਏਸ਼ੀਆ ਦੇ ਬਿਹਤਰੀਨ ਡਿਫੈਂਡਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ।
1966 ਦੇ ਏਸ਼ੀਅਨ ਆਲ ਸਟਾਰ 11 ਵਿੱਚ ਜਰਨੈਲ ਸਿੰਘ ਸ਼ਾਮਿਲ ਸਨ।
12 ਨੰਬਰ ਦੇ ਬੂਟ ਪਾਉਣ ਵਾਲੇ ਜਰਨੈਲ ਸਿੰਘ ਕੋਲ ਫੁੱਟਬਾਲ ਵਿੱਚ ਟਰੈਪਿੰਗ, ਸ਼ੂਟਿੰਗ ਤੇ ਹੈਡਿੰਗ ਵਿੱਚ ਕਾਫ਼ੀ ਮੁਹਾਰਤ ਸੀ।
ਭਾਰਤੀ ਟੀਮ ਵਿੱਚ ਉਨ੍ਹਾਂ ਦੇ ਸਾਥੀ ਖਿਡਾਰੀ ਰਹੇ ਚੁੰਨੀ ਗੋਸਵਾਮੀ ਨੇ ਇੱਕ ਵਾਰ ਟੈਲੀਗ੍ਰਾਫ ਅਖ਼ਬਾਰ ਨੂੰ ਕਿਹਾ ਸੀ, “ਜਰਨੈਲ ਸਿੰਘ ਤਾਕਤ, ਸਮਰੱਥਾ ਤੇ ਮੁਕਾਬਲੇ ਦੀ ਮਜ਼ਬੂਤ ਭਾਵਨਾ ਵਰਗੇ ਗੁਣਾਂ ਦੇ ਮਾਲਕ ਸਨ। ਮੈਂ ਅਜਿਹੇ ਕਿਸੇ ਖਿਡਾਰੀ ਨਾਲ ਨਹੀਂ ਖੇਡਿਆ ਜੋ ਉਨ੍ਹਾਂ ਤੋਂ ਵੱਧ ਤਾਕਤਵਰ ਹੋਵੇ।”

1947 ਵਿੱਚ ਝੱਲਿਆ ਵੰਡ ਦਾ ਸੰਤਾਪ
ਜਰਨੈਲ ਸਿੰਘ ਦਾ ਪਰਿਵਾਰ ਅਣਵੰਡੇ ਪੰਜਾਬ ਦੇ ਲਾਇਲਪੁਰ ( ਤਤਕਾਲੀ ਫੈਸਲਾਬਾਦ) ਵਿੱਚ ਰਹਿੰਦਾ ਸੀ, ਜਿੱਥੇ 1936 ਵਿੱਚ ਉਨ੍ਹਾਂ ਜਨਮ ਹੋਇਆ।
ਭਾਰਤ-ਪਾਕਿਸਤਾਨ ਦੀ 1947 ਵਿੱਚ ਹੋਈ ਵੰਡ ਵੇਲੇ ਕਈ ਪੰਜਾਬੀਆਂ ਵਾਂਗ ਜਰਨੈਲ ਸਿੰਘ ਦੇ ਪਰਿਵਾਰ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਸ਼ਿਆਰਪੁਰ ਵਿੱਚ ਗੜਸ਼ੰਕਰ ਨੇੜੇ ਪਨਾਮ ਵਿੱਚ ਜਰਨੈਲ ਸਿੰਘ ਦੇ ਪਰਿਵਾਰ ਨੂੰ ਜ਼ਮੀਨ ਅਲਾਟ ਹੋਈ ਸੀ।
ਨੋਵੀ ਕਪਾੜੀਆ ਦੱਸਦੇ ਹਨ ਕਿ ਜਰਨੈਲ ਨੇ ਮਾਹਿਲਪੁਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਲਈ ਖੇਡਦਿਆਂ ਫੁੱਟਬਾਲ ਦਾ ਖੇਡ ਦਾ ਹੁਨਰ ਸਿੱਖਿਆ। ਜਰਨੈਲ ਕਈ ਘੰਟਿਆਂ ਤੱਕ ਦਰਖ਼ਤ ਨਾਲ ਫੁੱਟਬਾਲ ਬੰਨ ਕੇ ਪ੍ਰੈਕਟਿਸ ਕਰਦੇ ਰਹਿੰਦੇ ਸੀ। ਉਹ ਦੋਵੇਂ ਪੈਰਾਂ ਨਾਲ ਖੇਡ ਸਕਦੇ ਸੀ।
ਜਰਨੈਲ ਸਿੰਘ ਪਹਿਲੀ ਵਾਰ 1957 ਵਿੱਚ ਡੀਸੀਐੱਮ ਟਰਾਫੀ ਦੌਰਾਨ ਚਰਚਾ ਵਿੱਚ ਆਏ ਸੀ। ਇਸ ਮਗਰੋਂ ਉਹ 1957 ਵਿੱਚ ਕਲਕੱਤਾ (ਕੋਲਕਾਤਾ) ਚਲੇ ਗਏ, ਜੋ ਭਾਰਤ ਦੇ ਮੁੱਖ ਫੁੱਟਬਾਲ ਸੈਂਟਰਾਂ ਵਿੱਚੋਂ ਇੱਕ ਰਿਹਾ ਹੈ।
ਫਿਰ ਮਸ਼ਹੂਰ ਫੁੱਟਬਾਲ ਕਲੱਬ ਮੋਹਨ ਬਗਾਨ ਦੇ ਕੋਚ ਅਰੁਣ ਸਿਨਹਾ ਦੀ ਨਜ਼ਰ ਜਰਨੈਲ ਸਿੰਘ ਉੱਤੇ ਪਈ।
ਜਰਨੈਲ ਸਿੰਘ ਮੋਹਨ ਬਗਾਨ ਤੋਂ ਖੇਡਣ ਲੱਗੇ ਜਿੱਥੇ ਉਨ੍ਹਾਂ ਦਾ ਹੁਨਰ ਕਾਫੀ ਨਿਖਰਿਆ।
ਕਿਵੇਂ ਦਰਸ਼ਕਾਂ ਦੀ ਵੱਡੀ ਭੀੜ ਅੱਗੇ ਖੇਡਣਾ ਹੁੰਦਾ ਹੈ, ਇਹ ਹੁਨਰ ਜਰਨੈਲ ਸਿੰਘ ਨੇ ਮੋਹਨ ਬਗਾਨ ਵਿੱਚ ਰਹਿ ਕੇ ਸਿੱਖਿਆ ਸੀ।
ਜਰਨੈਲ ਸਿੰਘ 1968 ਤੱਕ ਮੋਹਨ ਬਗਾਨ ਲਈ ਖੇਡਦੇ ਰਹੇ। ਇਸ ਕਲੱਬ ਦੇ ਫੈਨਜ਼ ਅਕਸਰ ਕਿਹਾ ਕਰਦੇ ਸਨ, “ਜਰਨੈਲ ਜਰਨਲ ਨੂੰ ਫੀਲਡ ਮਾਰਸ਼ਲ ਬਣਾ ਦਿਓ।”
ਨੋਵੀ ਕਪਾੜੀਆ ਲਿਖਦੇ ਹਨ ਕਿ ਜਰਨੈਲ ਸਿੰਘ ਨੇ 1958 ਵਿੱਚ ਪੰਜਾਬ ਲਈ ਖੇਡਣਾ ਸ਼ੁਰੂ ਕੀਤਾ ਸੀ। ਜਰਨੈਲ ਸਿੰਘ ਪਹਿਲੀ ਵਾਰ 1960 ਦੇ ਰੋਮ ਓਲੰਪਿਕਸ ਵਿੱਚ ਭਾਰਤੀ ਟੀਮ ਵੱਲੋਂ ਖੇਡੇ ਸੀ।
ਉਸ ਵੇਲੇ ਭਾਰਤੀ ਟੀਮ ਦੇ ਕੋਚ ਸਈਦ ਅਬਦੁੱਲ ਰਹੀਮ ਸਨ। ਇਹ ਉਹ ਦੌਰ ਸੀ, ਜਿਸ ਨੂੰ ਭਾਰਤੀ ਫੁੱਟਬਾਲ ਦਾ ਸੁਨਹਿਰਾ ਦੌਰ ਕਿਹਾ ਜਾਂਦਾ ਹੈ।
ਰੋਮ ਓਲੰਪਿਕਸ ਵਿੱਚ ਭਾਰਤ ਨੇ ਹੰਗਰੀ ਤੇ ਫਰਾਂਸ ਵਰਗੀਆਂ ਟੀਮਾਂ ਨੂੰ ਸਖ਼ਤ ਟੱਕਰ ਦਿੱਤੀ। ਇਨ੍ਹਾਂ ਮੈਚਾਂ ਵਿੱਚ ਜਰਨੈਲ ਸਿੰਘ ਦੇ ਡਿਫੈਂਸ ਦੀ ਖ਼ੂਬ ਤਾਰੀਫ਼ ਹੋਈ ਸੀ।
ਜਰਨੈਲ ਸਿੰਘ ਨੂੰ ਜਦੋਂ ਲੁਕ ਕੇ ਸਫ਼ਰ ਕਰਨਾ ਪਿਆ

ਤਸਵੀਰ ਸਰੋਤ, fifa
1962 ਦੀਆਂ ਚੌਥੀਆਂ ਏਸ਼ੀਆਈ ਖੇਡਾਂ ਇੰਡੋਨੇਸ਼ੀਆ ਵਿੱਚ ਹੋ ਰਹੀਆਂ ਸਨ। ਭਾਰਤੀ ਫੁੱਟਬਾਲ ਦੀ ਟੀਮ ਵੀ ਮੈਡਲ ਦੀ ਆਸ ਨਾਲ ਇੰਡੋਨੇਸ਼ੀਆ ਪਹੁੰਚੀ, ਜਿੱਥੇ ਵਿਰੋਧੀ ਟੀਮਾਂ ਦੀ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਇੱਕ ਹੋਰ ਚੁਣੌਤੀ ਪੈਦਾ ਹੋ ਗਈ ਸੀ।
ਇੰਡੀਅਨ ਓਲੰਪਿਕ ਕਮੇਟੀ ਦੇ ਨੁਮਾਇੰਦੇ ਗੁਰੂ ਦੱਤ ਸੌਂਧੀ ਨੇ ਏਸ਼ੀਅਨ ਖੇਡਾਂ ਵਿੱਚ ਇਜ਼ਰਾਈਲ ਤੇ ਤਾਈਵਾਨ ਨੂੰ ਖੇਡਣ ਦੀ ਇਜਾਜ਼ਤ ਨਾ ਦਿੱਤੇ ਜਾਣ ’ਤੇ ਇੰਡੋਨੇਸ਼ੀਆ ਦੀ ਆਲੋਚਨਾ ਕੀਤੀ ਸੀ।
ਇਸ ਮਗਰੋਂ ਭਾਰਤੀ ਦਲ ਦੇ ਖਿਲਾਫ਼ ਕਾਫੀ ਰੋਸ ਮੁਜ਼ਾਹਰੇ ਹੋਏ ਸੀ। ਇਹ ਮੁਜ਼ਾਹਰੇ ਕਾਫੀ ਹਿੰਸਕ ਵੀ ਹੋ ਗਏ ਸੀ।
ਨੌਵੀ ਕਪਾੜੀਆ ਜਰਨੈਲ ਸਿੰਘ ਨਾਲ ਆਪਣੀ ਗੱਲਬਾਤ ਦੇ ਅਧਾਰ ਉੱਤੇ ਲਿਖਦੇ ਹਨ, “ਜਰਨੈਲ ਆਪਣੇ ਸਿਰ ’ਤੇ ਹਮੇਸ਼ਾ ਪੱਗ ਬੰਨ ਕੇ ਰਹਿੰਦੇ ਸੀ, ਇਸ ਕਰਕੇ ਉਹ ਛੇਤੀ ਪਛਾਣੇ ਜਾ ਸਕਦੇ ਸੀ। ਇਸ ਲਈ ਜਦੋਂ ਵੀ ਟੀਮ ਬੱਸ ਵਿੱਚ ਸਫ਼ਰ ਕਰਦੀ ਸੀ ਤਾਂ ਜਰਨੈਲ ਸਿੰਘ ਬੱਸ ਵਿੱਚ ਸੀਟਾਂ ਤੋਂ ਹੇਠਾਂ ਬੈਠ ਕੇ ਸਫ਼ਰ ਕਰਦੇ ਸੀ।”
ਏਸ਼ੀਆਈ ਖੇਡਾਂ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ ਕੋਰੀਆਈ ਟੀਮ ਨੇ 2-0 ਨਾਲ ਮਾਤ ਦੇ ਦਿੱਤੀ। ਭਾਰਤ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਦੇ ਲਈ ਅਗਲੇ ਦੋਵੇਂ ਮੈਚ ਜਿੱਤਣੇ ਬੇਹੱਦ ਜ਼ਰੂਰੀ ਸਨ।
ਉਸ ਵੇਲੇ ਭਾਰਤ ਨੇ ਥਾਈਲੈਂਡ ਨੂੰ 4-1 ਤੇ ਜਪਾਨ ਨੂੰ 2-0 ਨਾਲ ਹਰਾਇਆ ਸੀ।
ਥਾਈਲੈਂਡ ਦੇ ਨਾਲ ਮੈਚ ਵਿੱਚ ਜਰਨੈਲ ਸਿੰਘ ਨੂੰ ਇੱਕ ਖਿਡਾਰੀ ਨਾਲ ਟਕਰਾਉਣ ਕਰਕੇ ਗੰਭੀਰ ਸੱਟ ਵੱਜੀ।
ਇਸ ਸੱਟ ਕਾਰਨ ਉਨ੍ਹਾਂ ਨੂੰ ਸਿਰ ਵਿੱਚ 10 ਟਾਂਕੇ ਲੱਗੇ ਸੀ। ਸੱਟ ਮਗਰੋਂ ਭਾਰਤ ਪੂਰੇ ਮੈਚ ਵਿੱਚ 10 ਖਿਡਾਰੀਆਂ ਨਾਲ ਖੇਡਿਆ। ਉਸ ਵੇਲੇ ਖਿਡਾਰੀ ਨੂੰ ਸਬਸੀਟਿਊਟ ਕਰਨ ਦਾ ਨਿਯਮ ਨਹੀਂ ਹੁੰਦਾ ਸੀ।
ਜਰਨੈਲ ਸਿੰਘ ਦਾ ਜ਼ਖਮੀ ਹੋਣਾ ਭਾਰਤ ਲਈ ਬਹੁਤ ਵੱਡਾ ਝਟਕਾ ਸੀ। ਉਸ ਵੇਲੇ ਉਹ ਏਸ਼ੀਆ ਦੇ ਬੇਹਤਰੀਨ ਡਿਫੈਂਡਰਾਂ ਵਿੱਚੋਂ ਇੱਕ ਸਨ। ਸੱਟ ਕਾਰਨ ਜਰਨੈਲ ਸਿੰਘ ਅਗਲੇ ਗਰੁੱਪ ਮੈਚ ਨਹੀਂ ਖੇਡ ਸਕੇ।
ਜਰਨੈਲ ਸਿੰਘ ਉੱਤੇ ਕੋਚ ਨੇ ਵੱਡਾ ਦਾਅ ਖੇਡਿਆ

ਤਸਵੀਰ ਸਰੋਤ, Getty Images
ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਵੀਅਤਨਾਮ ਨਾਲ ਸੀ। ਜਰਨੈਲ ਸਿੰਘ ਦੇ ਜ਼ਖਮੀ ਹੋਣ ਕਾਰਨ ਉਨ੍ਹਾਂ ਦੇ ਸਿਰ ’ਤੇ ਪੱਟੀ ਬੰਨੀ ਹੋਈ ਸੀ ਜਿਸ ਕਾਰਨ ਉਹ ਡਿਫੈਂਡਰ ਦੀ ਭੂਮਿਕਾ ਵਿੱਚ ਫੁੱਟਬਾਲ ਨੂੰ ਹੈੱਡ ਨਹੀਂ ਕਰ ਸਕਦੇ ਸੀ।
ਨੋਵੀ ਕਪਾੜੀਆ ਇਸ ਬਾਰੇ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਰਹੀਮ ਇਹ ਜਾਣਦੇ ਸੀ ਕਿ ਜਰਨੈਲ ਸਿੰਘ ਇੱਕ ਵੱਡੇ ਜੁੱਸੇ ਵਾਲਾ ਖਿਡਾਰੀ ਸੀ, ਜਿਸ ਦਾ ਦਬਾਅ ਏਸ਼ੀਆਈ ਖਿਡਾਰੀ ਮਹਿਸੂਸ ਕਰਦੇ ਸੀ। ਇਸ ਦੇ ਨਾਲ ਹੀ ਜਰਨੈਲ ਸਿੰਘ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਸੈਂਟਰ ਫਾਰਵਰਡ ਵਜੋਂ ਖੇਡਦੇ ਸਨ ਤੇ ਉਨ੍ਹਾਂ ਨੂੰ ਗੋਲ ਕਰਨਾ ਪਸੰਦ ਸੀ।”
ਰਹੀਮ ਦਾ ਦਾਅ ਕੰਮ ਕਰ ਗਿਆ ਤੇ ਜਰਨੈਲ ਸਿੰਘ ਨੇ ਮੈਚ ਦਾ ਦੂਜਾ ਗੋਲ ਕੀਤਾ। ਭਾਰਤ ਨੇ ਮੈਚ 3-2 ਦੇ ਫਰਕ ਨਾਲ ਜਿੱਤ ਲਿਆ।
ਜਦੋਂ ਕੋਚ ਰਹੀਮ ਨੇ ਮੰਗਿਆ ਤੋਹਫ਼ਾ

ਤਸਵੀਰ ਸਰੋਤ, Mohun Bagan
ਏਸ਼ੀਆਈ ਖੇਡਾਂ ਦੇ ਫਾਈਨਲ ਤੋਂ ਇੱਕ ਰਾਤ ਪਹਿਲਾਂ ਖਿਡਾਰੀ ਪੀ ਕੇ ਬੈਨਰਜੀ, ਜਰਨੈਲ ਸਿੰਘ, ਤ੍ਰਿਲੋਕ ਸਿੰਘ ਤੇ ਹੋਰ ਖਿਡਾਰੀ ਕਾਫੀ ਤਣਾਅ ਮਹਿਸੂਸ ਕਰ ਰਹੇ ਸਨ, ਜਿਸ ਨੂੰ ਘੱਟ ਕਰਨ ਦੇ ਲਈ ਉਹ ਰਾਤ ਨੂੰ ਸੈਰ ਉੱਤੇ ਨਿਕਲੇ।
ਨੋਵੀ ਕਪਾੜੀਆ ਨੂੰ ਪੀ ਕੇ ਬੈਨਰਜੀ ਨੇ ਦੱਸਿਆ, “ਅਸੀਂ ਹਨੇਰੇ ਵਿੱਚ ਪੌੜੀਆਂ ਉਤਰ ਰਹੇ ਸੀ ਤਾਂ ਅਚਾਨਕ ਇੱਕ ਰੋਸ਼ਨੀ ਵੇਖੀ ਤੇ ਅਸੀਂ ਸਮਝੇ ਕੋਈ ਭੂਤ ਹੈ। ਜਦੋਂ ਅਸੀਂ ਹਿੰਮਤ ਕਰਕੇ ਕਰੀਬ ਗਏ ਤਾਂ ਕੋਚ ਰਹੀਮ ਸਿਗਰੇਟ ਨਾਲ ਖੜ੍ਹੇ ਸੀ।”
“ਕੋਚ ਵੀ ਖਿਡਾਰੀਆਂ ਦੇ ਤਣਾਅ ਨੂੰ ਸਮਝ ਗਏ। ਉਹ ਵੀ ਸਾਡੇ ਨਾਲ ਤੁਰ ਗਏ। ਸਾਰੇ ਚੁੱਪ ਹੋ ਕੇ ਤੁਰੇ ਜਾ ਰਹੇ ਸੀ। ਅਚਾਨਕ ਰਹੀਮ ਬੋਲੇ, “ਕੱਲ੍ਹ ਮੈਨੂੰ ਤੁਹਾਡੇ ਤੋਂ ਇੱਕ ਤੋਹਫ਼ਾ ਚਾਹੀਦਾ ਹੈ। ਤੁਸੀਂ ਕੱਲ੍ਹ ਸੋਨਾ ਜਿੱਤ ਲਓ।”
ਖਿਡਾਰੀਆਂ ਨੇ ਆਪਣੇ ਕੋਚ ਨੂੰ ਕਦੇ ਵੀ ਇੰਨਾ ਭਾਵੁਕ ਨਹੀਂ ਵੇਖਿਆ ਸੀ।
ਪਾਕਿਸਤਾਨੀ ਹਾਕੀ ਟੀਮ ਭਾਰਤ ਲਈ ਪਹੁੰਚੀ

ਤਸਵੀਰ ਸਰੋਤ, indian football federation
ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਸੀ। ਇੰਡੋਨੇਸ਼ੀਆ ਵਿੱਚ ਭਾਰਤ ਦਾ ਵਿਰੋਧ ਹੋ ਰਿਹਾ ਸੀ। ਪੂਰੇ ਸਟੇਡੀਅਮ ਵਿੱਚ ਹਮਾਇਤ ਦੱਖਣੀ ਕੋਰੀਆ ਵੱਲ ਸੀ।
ਫਾਈਨਲ ਮੈਚ ਬਾਰੇ ਨੋਵੀ ਕਪਾੜੀਆ ਨੂੰ ਜਰਨੈਲ ਸਿੰਘ ਨੇ ਦੱਸਿਆ, “ਸਟੇਡੀਅਮ ਵਿੱਚ ਇੱਕ ਲੱਖ ਤੋਂ ਵੱਧ ਦਰਸ਼ਕ ਮੌਜੂਦ ਸਨ ਜੋ ਸਾਡੇ ਖਿਲਾਫ਼ ਰੌਲ਼ਾ ਪਾ ਰਹੇ ਸਨ। ਜਦੋਂ ਕੋਰੀਆਈ ਟੀਮ ਸਾਡੇ ਵੱਲ ਗੋਲ ਕਰਨ ਨੂੰ ਵਧਦੀ ਸੀ ਤਾਂ ਸ਼ੋਰ ਇੰਨਾ ਹੁੰਦਾ ਸੀ ਕਿ ਰੈਫਰੀ ਦੀ ਸੀਟੀ ਵੀ ਸੁਣਾਈ ਨਹੀਂ ਦਿੰਦੀ ਸੀ।”
“ਜਦੋਂ ਭਾਰਤੀ ਟੀਮ ਹਮਲਾਵਰ ਹੁੰਦੀ ਸੀ ਤਾਂ ਸਟੇਡੀਅਮ ਵਿੱਚ ਪੂਰੀ ਸ਼ਾਂਤੀ ਹੋ ਜਾਂਦੀ ਸੀ।”
ਫਾਈਨਲ ਵਾਲੇ ਦਿਨ ਏਸ਼ੀਆਈ ਖੇਡਾਂ ਦਾ ਆਖ਼ਰੀ ਦਿਨ ਸੀ। ਦਰਸ਼ਕਾਂ ਵਿੱਚ ਤਾਂ ਕੋਈ ਹਮਾਇਤ ਨਹੀਂ ਸੀ ਪਰ ਪਾਕਿਸਤਾਨ ਦੀ ਹਾਕੀ ਟੀਮ ਨੇ ਪੂਰੇ ਜ਼ੋਰ-ਸ਼ੋਰ ਨਾਲ ਭਾਰਤੀ ਟੀਮ ਦੀ ਪੂਰੇ ਮੈਚ ਦੌਰਾਨ ਹਮਾਇਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਇਸ ਟੀਮ ਨੇ ਇੱਕ ਦਿਨ ਪਹਿਲਾਂ ਹੀ ਭਾਰਤੀ ਹਾਕੀ ਟੀਮ ਨੂੰ ਫਾਈਨਲ ਵਿੱਚ ਹਰਾਇਆ ਸੀ।
ਫਾਈਨਲ ਵਿੱਚ ਪਹਿਲਾ ਗੋਲ ਪੀ ਕੇ ਬੈਨਰਜੀ ਨੇ 17ਵੇਂ ਮਿੰਟ ਵਿੱਚ ਕੀਤਾ। ਇਸ ਮਗਰੋਂ 20ਵੇਂ ਮਿੰਟ ਵਿੱਚ ਜਰਨੈਲ ਸਿੰਘ ਨੇ ਗੋਲ ਕੀਤਾ। ਕੋਰੀਆਈ ਟੀਮ ਨੇ ਇੱਕ ਗੋਲ ਨਾਲ ਵਾਪਸੀ ਕੀਤੀ ਪਰ ਭਾਰਤ ਨੇ ਗੋਲ ਦਾ ਫਰਕ ਬਣਾ ਕੇ ਰੱਖਿਆ ਤੇ ਏਸ਼ੀਆਈ ਖੇਡਾਂ ਵਿੱਚ ਗੋਲਡ ਜਿੱਤ ਲਿਆ।
ਮੈਚ ਦੇ ਆਖਰੀ ਹਿੱਸੇ ਵਿੱਚ ਜਰਨੈਲ ਸਿੰਘ ਦੇ ਜ਼ਖਮਾਂ ਤੋਂ ਮੁੜ ਖੂਨ ਵਗਣ ਲੱਗਿਆ ਪਰ ਉਨ੍ਹਾਂ ਨੇ ਸਟੇਡੀਅਮ ਵਿੱਚੋਂ ਬਾਹਰ ਜਾਣ ਤੋਂ ਨਾਂਹ ਕਰ ਦਿੱਤੀ ਸੀ।
ਏਸ਼ੀਆਈ ਖੇਡਾਂ ਵਿੱਚ ਮੈਡਲ ਜਿੱਤਣ ਮਗਰੋਂ ਜਰਨੈਲ ਸਿੰਘ ਏਸ਼ੀਆਈ ਦੇਸਾਂ ਵਿੱਚ ਇੱਕ ਵੱਡਾ ਨਾਂਅ ਬਣ ਗਏ ਸੀ।
ਸਾਲ 1964 ਵਿੱਚ ਜਰਨੈਲ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਆ ਗਿਆ ਸੀ।
1965-1967 ਤੱਕ ਜਰਨੈਲ ਸਿੰਘ ਭਾਰਤੀ ਟੀਮ ਦੇ ਕਪਤਾਨ ਰਹੇ ਸੀ। 1970 ਵਿੱਚ ਜਰਨੈਲ ਸਿੰਘ ਦੀ ਕਪਤਾਨੀ ਵਿੱਚ ਪੰਜਾਬ ਨੇ ਸੰਤੋਸ਼ ਟਰਾਫੀ ਜਿੱਤੀ ਸੀ।
ਸਾਲ 1985-90 ਤੱਕ ਜਰਨੈਲ ਸਿੰਘ ਪੰਜਾਬ ਵਿੱਚ ਡਿਪਟੀ ਡਾਇਰੈਕਟਰ ਆਫ ਸਪੋਰਟਸ ਰਹੇ ਤੇ 1985-90 ਤੱਕ ਉਹ ਪੰਜਾਬ ਵਿੱਚ ਡਾਇਰੈਕਟਰ ਆਫ ਸਪੋਰਟਸ ਰਹੇ।
ਜਰਨੈਲ ਸਿੰਘ ਦੇ ਪੁੱਤਰ ਜਗਮੋਹਨ ਸਿੰਘ ਵੀ ਇੱਕ ਚੰਗੇ ਫੁੱਟਬਾਲ ਖਿਡਾਰੀ ਸਨ। 1996 ਵਿੱਚ ਜਗਮੋਹਨ ਨੇ ਖੁਦਕੁਸ਼ੀ ਕਰ ਲਈ, ਜਿਸ ਦਾ ਵੱਡਾ ਝਟਕਾ ਜਰਨੈਲ ਸਿੰਘ ਨੂੰ ਲਗਿਆ।
ਜੀਵਨ ਦੇ ਆਖਰੀ ਸਾਲ ਉਨ੍ਹਾਂ ਨੇ ਕੈਨੇਡਾ ਦੇ ਵੈਨਕੂਵਰ ਵਿੱਚ ਬਿਤਾਏ। 14 ਅਕਤੂਬਰ 2000 ਨੂੰ ਭਾਰਤ ਦੇ ਇਸ ਜੋਸ਼ੀਲੇ ਫੁੱਟਬਾਲਰ ਦਾ ਦੇਹਾਂਤ ਹੋ ਗਿਆ।












