ਪੰਜਾਬ: ਉਧਾਰ ਦੀ ਮਸ਼ੀਨ ਨਾਲ ਸ਼ੁਰੂ ਹੋਈ ਰੋਇੰਗ ਅਕੈਡਮੀ ਵਿੱਚੋਂ ਨਿਕਲਣ ਲੱਗੇ ਕੌਮੀ ਤੇ ਕੌਮਾਂਤਰੀ ਖਿਡਾਰੀ

- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
‘‘2018 ਵਿੱਚ ਜਦੋਂ ਮੈਂ ਵਾਪਸ ਆ ਕੇ ( ਫੌਜ ਵਿੱਚੋਂ ਸੇਵਾਮੁਕਤੀ ਤੋਂ ਬਾਅਦ) ਇਹ ਖੇਡ ਸ਼ੁਰੂ ਕਰਵਾਈ, ਤਾਂ ਇਸ ਬਾਰੇ ਜਾਣਕਾਰੀ ਨਾ ਹੋਣ ਕਾਰਨ ਲੋਕਾਂ ਨੂੰ ਮੇਰੇ ਉੱਤੇ ਭਰੋਸਾ ਨਹੀਂ ਸੀ।’’
‘‘ਇਸ ਲਈ ਮੈਂ ਆਪਣੇ ਰਿਸ਼ਤੇਦਾਰਾਂ ਦੇ ਇੱਕ ਦੋ ਬੱਚਿਆਂ ਤੋਂ ਹੀ ਇਹ ਕੰਮ ਸ਼ੁਰੂ ਕੀਤਾ।’’
‘‘ਮੈਂ ਰੋਪੜ ਦੀ ਅਕੈਡਮੀ ਤੋਂ ਇੱਕ ਅਰਗੋਮੀਟਰ ਉਧਾਰਾ ਲਿਆਂਦਾ, ਉਦੋਂ ਤੱਕ ਕੋਵਿਡ ਸ਼ੁਰੂ ਹੋ ਗਿਆ ਸੀ ਅਤੇ ਮੈਂ ਘਰ ਹੀ ਬੱਚਿਆਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ।’’
ਅਰਗੋਮੀਟਰ ਇੱਕ ਮਸ਼ੀਨ ਹੁੰਦੀ ਹੈ, ਜਿਸ ਵਿੱਚ ਕਿਸ਼ਤੀ ਚਾਲਨ ਵਰਗੀ ਸਿਖਲਾਈ ਗਰਾਊਂਡ ਉੱਤੇ ਦਿੱਤੀ ਜਾਂਦੀ ਹੈ।
ਇਸ ਨੂੰ ਦੇਖ ਕੇ ਹੋਰ ਬੱਚੇ ਵੀ ਆਉਂਣੇ ਸ਼ੁਰੂ ਹੋ ਗਏ ਅਤੇ ਹੌਲ਼ੀ ਹੌਲੀ ਕਾਫ਼ਲਾ ਬਣ ਗਿਆ ਅਤੇ ਰੋਇੰਗ ਅਕੈਂਡਮੀ ਦੀ ਸ਼ੁਰੂਆਤ ਹੋ ਗਈ।
‘‘2018 ਤੋਂ ਹੁਣ ਤੱਕ ਮੇਰੇ 28 ਖਿਡਾਰੀ ਨੈਸ਼ਨਲ ਪੱਧਰ ਉੱਤੇ ਖੇਡ ਚੁੱਕੇ ਹਨ ਅਤੇ ਦੋ ਖਿਡਾਰੀ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੇ ਹਨ। ਜਦਕਿ ਦੋ ਖਿਡਾਰੀ ਖੇਡ ਦੇ ਦਮ ਉੱਤੇ ਸਰਕਾਰੀ ਨੌਕਰੀ ਵੀ ਹਾਸਲ ਕਰ ਚੁੱਕੇ ਹਨ।’’
ਇਹ ਕਹਾਣੀ ਮੋਗਾ ਜਿਲ੍ਹੇ ਦੇ ਸਾਬਕਾ ਫੌਜੀ ਅਫ਼ਸਰ ਜਸਬੀਰ ਸਿੰਘ ਗਿੱਲ ਨੇ ਬੀਬੀਸੀ ਨੂੰ ਦੱਸੀ।
ਜਸਬੀਰ ਸਿੰਘ ਰੋਇੰਗ ਦੇ ਏਸ਼ੀਆ ਗੋਲਡ ਮੈਡਲਿਸਟ ਹਨ ਅਤੇ ਢੁੱਡੀਕੇ ਪਿੰਡ ਲਾਗੇ ਰੋਇੰਗ ਦੀ ਮੁਫ਼ਤ ਸਿਖਲਾਈ ਦੇ ਰਹੇ ਹਨ।

ਅਕੈਡਮੀ ਦੀ ਸ਼ੁਰੂਆਤ
ਪੰਜਾਬ ਦੇ ਪਿੰਡਾਂ ਵਿੱਚ ਰੋਇੰਗ ਦੀ ਖੇਡ ਭਾਵੇਂ ਬਹੁਤੀ ਮਕਬੂਲ ਨਹੀਂ ਹੈ ਪਰ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਢੁੱਡੀਕੇ ਦੇ ਵਸਨੀਕ ਜਸਬੀਰ ਸਿੰਘ ਗਿੱਲ ਇਸ ਖੇਡ ਨੂੰ ਨੌਜਵਾਨਾਂ ਵਿੱਚ ਪ੍ਰਫੁੱਲਿਤ ਕਰਨ ਵਿੱਚ ਲੱਗੇ ਹੋਏ ਹਨ।
ਜਸਬੀਰ ਸਿੰਘ ਗਿੱਲ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਫੌਜ ਵਿੱਚ ਰਹਿੰਦਿਆਂ ਹੀ ਉਨਾਂ ਦੀ ਚੋਣ ਭਾਰਤੀ ਰੋਇੰਗ ਟੀਮ ਵਿੱਚ ਹੋਈ ਸੀ। ਉਹ ਖੁਦ ਏਸ਼ੀਅਨ ਖੇਡਾਂ ਵਿੱਚ ਰੋਇੰਗ ਦੇ ਗੋਲਡ ਮੈਡਲ ਜੇਤੂ ਹਨ।
ਉਹ ਕਹਿੰਦੇ ਹਨ ਕਿ ਉਨਾਂ ਨੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਰੋਇੰਗ ਖੇਡ ਦਾ ਸਾਜੋ-ਸਮਾਨ ਖਰੀਦਿਆ ਹੈ।
ਜਸਬੀਰ ਸਿੰਘ ਗਿੱਲ ਨੇ ਕਿਹਾ, "ਅਸਲ ਗੱਲ ਇਹ ਹੈ ਕਿ ਰੋਇੰਗ ਖੇਡ ਪ੍ਰਤੀ ਆਮ ਲੋਕਾਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਮੈਂ ਸਾਲ 2018 ਵਿੱਚ ਪਿੰਡਾਂ ਦੇ ਬੱਚਿਆਂ ਨੂੰ ਰੋਇੰਗ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ।"
ਉਹ ਦੱਸਦੇ ਹਨ, "ਮੈਂ ਬੱਚਿਆਂ ਨੂੰ ਰੋਇੰਗ ਦੀ ਮੁਫ਼ਤ ਸਿਖ਼ਲਾਈ ਦਿੰਦਾ ਹਾਂ। ਰੋਇੰਗ ਦੀ ਸਿਖ਼ਲਾਈ ਲੈਣ ਵਾਲੇ ਕਿਸੇ ਵੀ ਬੱਚੇ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਂਦੀ।"
"ਮੇਰੇ ਐਨਆਰਆਈ ਦੋਸਤ ਹਨ, ਜਿਹੜੇ ਮੇਰੀ ਆਰਥਿਕ ਮਦਦ ਕਰਦੇ ਹਨ। ਉਨ੍ਹਾਂ ਵੱਲੋਂ ਦਿੱਤੇ ਗਏ ਪੈਸੇ ਨੂੰ ਮੈਂ ਰੋਇੰਗ ਦੀ ਸਿਖ਼ਲਾਈ ਦੇਣ ਉੱਪਰ ਖ਼ਰਚ ਕਰਦਾ ਹਾਂ।"
ਰੋਇੰਗ ਇੱਕ ਮਹਿੰਗੀ ਖੇਡ
ਰੋਇੰਗ ਨੂੰ ਪੰਜਾਬੀ ਵਿੱਚ ਕਿਸ਼ਤੀਆਂ ਦੀ ਦੌੜ ਕਿਹਾ ਜਾਂਦਾ ਹੈ। ਇਹ ਕਈ ਤਰੀਕਿਆਂ ਖੇਡੀ ਜਾਂਦੀ ਹੈ। ਇਸ ਦਾ ਮੁਕਾਬਲਾ ਇਕੱਲਾ ਖਿਡਾਰੀ ਵੀ ਹਿੱਸਾ ਲੈ ਸਕਦਾ ਹੈ, ਦੋ -ਤਿੰਨ ਖਿਡਾਰੀਆਂ ਦੀ ਟੀਮ।
ਜਸਬੀਰ ਸਿੰਘ ਗਿੱਲ ਕਹਿੰਦੇ ਹਨ ਕਿ ਰੋਇੰਗ ਦੁਨੀਆਂ ਵਿੱਚ ਖੇਡੀਆਂ ਜਾਣ ਵਾਲੀਆਂ ਸਭ ਤੋਂ ਮਹਿੰਗੀਆਂ ਖੇਡਾਂ ਵਿੱਚੋਂ ਇੱਕ ਹੈ।
ਉਨ੍ਹਾਂ ਦੱਸਿਆ ਕਿ, "ਅਸਲ ਵਿੱਚ ਇਹ ਕਿਸ਼ਤੀਆਂ ਨੂੰ ਤੇਜ਼ ਭਜਾਉਣ ਦੀ ਇੱਕ ਖੇਡ ਹੈ। ਪੱਛਮੀ ਮੁਲਕਾਂ ਵਿੱਚ ਕੁਝ ਲੋਕ ਇਸ ਨੂੰ ਸ਼ੌਂਕ ਨਾਲ ਵੀ ਖੇਡਦੇ ਹਨ। ਦੂਜੇ ਪਾਸੇ ਕਈ ਮੁਲਕਾਂ ਦੀਆਂ ਟੀਮਾਂ ਮਜ਼ਬੂਤ ਹਨ ਅਤੇ ਉਹ ਇਸ ਖੇਡ ਵਿਚ ਤਗਮੇ ਜਿੱਤਦੀਆਂ ਹਨ।"
ਭਾਰਤ ਵਿੱਚ ਦੱਖਣੀ ਭਾਰਤੀ ਸੂਬਿਆਂ ਵਿੱਚ ਇਹ ਖੇਡ ਕਾਫ਼ੀ ਮਕਬੂਲ ਹੈ। ਇਸ ਖੇਡ ਦੇ ਪੰਜਾਬ ਨਾਲ ਸਬੰਧਤ ਜਿਹੜੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ ਉੱਥੇ ਨਾਮਣਾ ਖੱਟਿਆ ਹੈ, ਉਹ ਜ਼ਿਆਦਾਤਰ ਖਿਡ਼ਾਰੀ ਭਾਰਤੀ ਫੌਜ ਵਲੋਂ ਖੇਡਦੇ ਰਹੇ ਹਨ।
ਜਸਬੀਰ ਸਿੰਘ ਗਿੱਲ ਨੇ ਏਸ਼ੀਆਂ ਸਣੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਭਾਰਤੀ ਫੌਜ ਦੇ ਅਥਲੀਟ ਵਜੋਂ ਹੀ ਸ਼ਾਮਲ ਹੋਏ ਹਨ।

ਜਸਬੀਰ ਸਿੰਘ ਦੱਸਦੇ ਹਨ, "ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਪਿੰਡਾਂ ਵਿੱਚ ਇਸ ਖੇਡ ਨੂੰ ਬਹੁਤੇ ਲੋਕ ਨਹੀਂ ਜਾਣਦੇ ਹਨ। ਰੋਇੰਗ ਵਿੱਚ ਇਕੱਲਾ ਖਿਡਾਰੀ ਵੀ ਕਿਸ਼ਤੀ ਭਜਾ ਕੇ ਦੌੜ ਜਿੱਤ ਸਕਦਾ ਹੈ। ਇਸ ਤੋਂ ਇਲਾਵਾ ਚਾਰ ਖਿਡਾਰੀ ਅਤੇ ਅੱਠ ਖਿਡਾਰੀਆਂ ਉੱਪਰ ਵੀ ਇਹ ਗੇਮ ਅਧਾਰਤ ਹੈ।"
ਜਸਬੀਰ ਸਿੰਘ ਗਿੱਲ ਕਹਿੰਦੇ ਹਨ, "ਸਾਡੇ ਇੱਥੇ ਇਸ ਖੇਡ ਦੇ ਮਕਬੂਲ ਨਾ ਹੋਣ ਦਾ ਕਾਰਨ ਇਸ ਖੇਡ ਦੇ ਮਹਿੰਗੇ ਸੰਦ ਅਤੇ ਮਸ਼ੀਨਾਂ ਹਨ।"
"ਮੈਂ ਬੱਚਿਆਂ ਨੂੰ ਰੋਇੰਗ ਦੀ ਸਿਖਲਾਈ ਦੇਣ ਲਈ ਦੋ ਕਿਸ਼ਤੀਆਂ ਖਰੀਦੀਆਂ ਹਨ। ਇਸ ਵਿੱਚ ਇੱਕ ਕਿਸ਼ਤੀ ਦੀ ਕੀਮਤ ਢਾਈ ਤੋਂ ਸਾਢੇ ਤਿੰਨ ਲੱਖ ਦੇ ਕਰੀਬ ਹੈ। ਰੋਇੰਗ ਦੀਆਂ ਇਹ ਕਿਸ਼ਤੀਆਂ ਭਾਰਤ ਵਿੱਚ ਬਣੀਆਂ ਹੋਈਆਂ ਹਨ।"
ਉਹ ਕਹਿੰਦੇ ਹਨ, "ਜੇਕਰ ਅਸੀਂ ਜਪਾਨ ਜਾਂ ਜਰਮਨ ਅਤੇ ਯੂਐੱਸਏ ਤੋਂ ਬਣੀਆਂ ਮਸ਼ੀਨਾਂ ਅਤੇ ਕਿਸ਼ਤੀਆਂ ਖਰੀਦਦੇ ਹਾਂ ਤਾਂ ਉਨ੍ਹਾਂ ਦੀ ਕੀਮਤ 6 ਲੱਖ ਤੋਂ ਲੈ ਕੇ 12 ਲੱਖ ਤੱਕ ਪਹੁੰਚ ਜਾਂਦੀ ਹੈ।"
ਕਿੱਥੇ-ਕਿੱਥੇ ਖੇਡੀ ਜਾ ਸਕਦੀ 'ਰੋਇੰਗ' ਖੇਡ

ਰੋਇੰਗ ਦੀ ਖੇਡ ਖੜ੍ਹੇ ਪਾਣੀ ਦੀਆਂ ਝੀਲਾਂ ਜਾਂ ਫਿਰ ਦਰਿਆਵਾਂ ਅਤੇ ਨਹਿਰਾਂ ਦੇ ਵਗਦੇ ਪਾਣੀ ਵਿੱਚ ਖੇਡੀ ਜਾ ਸਕਦੀ ਹੈ।
ਜਸਬੀਰ ਸਿੰਘ ਗਿੱਲ ਦੱਸਦੇ ਹਨ, "ਰੋਇੰਗ ਖੇਡ ਲਈ ਖਿਡਾਰੀ ਦਾ ਜਿਸਮਾਨੀ ਤੌਰ 'ਤੇ ਤਾਕਤਵਰ ਹੋਣਾ ਬਹੁਤ ਜ਼ਰੂਰੀ ਹੈ।"
"ਹਰ ਸਾਲ ਸਾਡੇ ਕੋਲ ਰੋਇੰਗ ਦੀ ਸਿਖਲਾਈ ਲੈਣ ਲਈ 80 ਤੋਂ 100 ਦੇ ਕਰੀਬ ਬੱਚੇ ਆਉਂਦੇ ਹਨ। ਇਨਾਂ ਵਿੱਚੋਂ ਸਾਰੇ ਬੱਚੇ ਰੋਇੰਗ ਲਈ ਜ਼ਰੂਰੀ ਤੈਰਾਕ ਦੀ ਸਿਖਲਾਈ ਤਾਂ ਲੈਂਦੇ ਹਨ ਪਰ ਜਿਵੇਂ ਹੀ ਕਿਸ਼ਤੀ ਨੂੰ ਭਜਾਉਣ ਦੀ ਗੱਲ ਆਉਂਦੀ ਹੈ ਤਾਂ ਅੱਧੇ ਬੱਚੇ ਖੇਡ ਨੂੰ ਛੱਡ ਜਾਂਦੇ ਹਨ।"
"ਇਸ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਕਿਸ਼ਤੀ ਨੂੰ ਪਾਣੀ ਦੇ ਉਲਟ ਵਹਾਅ ਵੱਲ ਭਜਾਉਂਦੇ ਹਾਂ ਤਾਂ ਜਿਸਮ ਦੀ ਬਹੁਤ ਤਾਕਤ ਲੱਗਦੀ ਹੈ, ਜਿਹੜੀ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੁੰਦੀ। ਇਸ ਕਾਰਨ ਥਕਾਵਟ ਵਿੱਚ ਆ ਕੇ ਖਿਡਾਰੀ ਖੇਡ ਨੂੰ ਵਿੱਚ ਹੀ ਛੱਡ ਜਾਂਦੇ ਹਨ।"
ਲੰਮੇ ਸਮੇਂ ਤੋਂ ਰੋਇੰਗ ਓਲੰਪਿਕ ਖੇਡਾਂ ਦਾ ਹਿੱਸਾ ਰਹੀ ਹੈ। ਪਹਿਲਾਂ ਇਹ ਖੇਡ ਮਰਦਾਂ ਵੱਲੋਂ ਹੀ ਖੇਡੀ ਜਾਂਦੀ ਸੀ, ਫਿਰ ਉਸ ਤੋਂ ਬਾਅਦ ਓਲੰਪਿਕ ਵਿੱਚ ਮਹਿਲਾ ਰੋਇੰਗ ਵੀ ਸ਼ੁਰੂ ਹੋ ਗਈ ਸੀ।
ਖਿਡਾਰੀਆਂ ਦਾ ਤਰਕ

ਅਜਿਹਾ ਵੀ ਨਹੀਂ ਹੈ ਕਿ ਸਰੀਰਕ ਤਾਕਤ ਲਾਉਣ ਤੋਂ ਹਰ ਬੱਚਾ ਡਰਦਾ ਹੈ। ਜਸਬੀਰ ਸਿੰਘ ਗਿੱਲ ਵੱਲੋਂ ਪਿੰਡ ਢੁੱਡੀਕੇ ਵਿਖੇ ਬਣਾਏ ਗਏ ਇਨਡੋਰ ਸਟੇਡੀਅਮ ਵਿੱਚ ਅਨੇਕਾਂ ਬੱਚੇ ਆਪਣੀ ਜਿਸਮਾਨੀ ਤਾਕਤ ਦਾ ਪ੍ਰਦਰਸ਼ਨ ਕਰਦੇ ਹਨ।
ਮਨਦੀਪ ਕੌਰ ਪਿੰਡ ਢੁੱਡੀਕੇ ਦੇ ਵਸਨੀਕ ਹਨ ਅਤੇ ਉਹ ਇਸ ਵੇਲੇ ਰੋਇੰਗ ਦੀ ਸਿਖ਼ਲਾਈ ਲੈ ਰਹੇ ਹਨ।
ਉਹ ਕਹਿੰਦੇ ਹਨ, "ਮੈਂ ਪਹਿਲਾਂ ਹੈਂਡਬਾਲ ਦੀ ਖਿਡਾਰਨ ਸੀ ਪਰ ਜਦੋਂ ਮੈਂ ਆਪਣੀਆਂ ਨਾਲ ਦੀਆਂ ਸਾਥਣਾਂ ਨੂੰ ਰੋਇੰਗ ਦੀ ਸਿਖਲਾਈ ਲੈਂਦੇ ਦੇਖਿਆ ਤਾਂ ਮੇਰਾ ਮਨ ਵੀ ਰੋਇੰਗ ਵੱਲ ਹੋ ਗਿਆ।"
"ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰੋਇੰਗ ਖੇਡਣ ਲਈ ਸਰੀਰਕ ਤਾਕਤ ਦਾ ਹੋਣਾ ਜ਼ਰੂਰੀ ਹੈ। ਹੁਣ ਸਵਾਲ ਇਹ ਹੈ ਕਿ ਜ਼ਿੰਦਗੀ ਵਿੱਚ ਜੇਕਰ ਕੋਈ ਕਾਮਯਾਬੀ ਹਾਸਲ ਕਰਨੀ ਹੈ ਤਾਂ ਫਿਰ ਤਾਕਤ ਤਾਂ ਲਗਾਉਣੀ ਹੀ ਪਵੇਗੀ।"
ਰੋਇੰਗ ਖੇਡ ਵਿੱਚ ਹਿੱਸਾ ਲੈਣ ਵਾਲੀਆਂ ਬਹੁਤੀਆਂ ਕੁੜੀਆਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਘਰਾਂ ਵਿੱਚ ਗੱਲ ਕਹੀ ਜਾਂਦੀ ਹੈ ਕਿ ਤਾਕਤਵਰ ਖੇਡਾਂ ਕੇਵਲ ਮੁੰਡੇ ਹੀ ਖੇਡ ਸਕਦੇ ਹਨ।
ਮਨਦੀਪ ਕੌਰ ਕਹਿੰਦੇ ਹਨ ਕਿ ਜੇਕਰ ਮਨ ਵਿੱਚ ਨਿਸ਼ਚਾ ਹੋਵੇ ਤਾਂ ਸਖਤ ਤੋਂ ਸਖਤ ਇਮਤਿਹਾਨ ਨੂੰ ਪਾਸ ਕੀਤਾ ਜਾ ਸਕਦਾ ਹੈ।
ਉਹ ਕਹਿੰਦੀ ਹੈ, "ਮੇਰੀ ਖੁਸ਼ਕਿਸਮਤੀ ਹੈ ਕੇ ਮੇਰੇ ਮਾਪੇ ਮੈਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਖੁਸ਼ ਹੋ ਕੇ ਭੇਜਦੇ ਹਨ। ਇਥੋਂ ਤੱਕ ਕਿ ਉਹ ਮੇਰੀ ਹੌਸਲਾ ਅਫਜ਼ਾਈ ਕਰਦੇ ਹਨ ਕਿ ਮੈਂ ਹਰ ਹਾਲਤ ਵਿੱਚ ਰੋਇੰਗ ਖੇਡ ਦੀ ਪ੍ਰਤਭਾਸ਼ਾਲੀ ਖਿਡਾਰਨ ਬਣਾਂ।"

ਪ੍ਰਿਆਸਪ੍ਰੀਤ ਸਿੰਘ ਰੋਇੰਗ ਦੀ ਸਿਖਲਾਈ ਲੈਣ ਵਾਲਿਆਂ ਨੌਜਵਾਨਾਂ ਵਿੱਚੋਂ ਇੱਕ ਹਨ।
ਉਹ ਰੋਇੰਗ ਦੇ ਕੌਮਾਂਤਰੀ ਪੱਧਰ ਦੇ (ਵਰਲਡ ਯੂਨੀਵਰਸਿਟੀ ਖੇਡਾਂ) ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੇ ਹਨ।
ਉਹ ਕਹਿੰਦੇ ਹਨ, "ਮੈਂ ਪਿਛਲੇ 6 ਸਾਲਾਂ ਤੋਂ ਕੋਚ ਜਸਬੀਰ ਸਿੰਘ ਗਿੱਲ ਅਤੇ ਜਸ਼ਨਪ੍ਰੀਤ ਕੌਰ ਪਾਸੋਂ ਰੋਇੰਗ ਦੀ ਸਿਖ਼ਲਾਈ ਲੈ ਰਿਹਾ ਹਾਂ।"
"ਮੈਂ ਸਖ਼ਤ ਸਰੀਰਕ ਮਿਹਨਤ ਕਰਕੇ ਹਰ ਰੋਜ਼ ਪਸੀਨਾ ਵਹਾਉਂਦਾ ਹਾਂ। ਮੇਰੀ ਮਿਹਨਤ ਰੰਗ ਲਿਆ ਰਹੀ ਹੈ। ਇਸ ਤੋਂ ਪਹਿਲਾਂ ਮੈਂ ਅਥਲੈਟਿਕਸ ਕਰਦਾ ਸੀ। ਰੋਇੰਗ ਦੀ ਸਿਖਲਾਈ ਦੇ ਸ਼ੁਰੂਆਤੀ ਦਿਨਾਂ ਵਿੱਚ ਕੁਝ ਦਿੱਕਤ ਆਈ ਸੀ ਪਰ ਹੁਣ ਸਭ ਕੁਝ ਠੀਕ ਚੱਲ ਰਿਹਾ ਹੈ।"
ਪ੍ਰਿਆਸਪ੍ਰੀਤ ਨੇ ਆਖਿਆ, "ਮੈਂ ਸਖਤ ਮਿਹਨਤ ਤੋਂ ਘਬਰਾਉਣ ਵਾਲਾ ਨਹੀਂ ਹਾਂ। ਮੈਂ ਇਸ ਗੱਲ ਤੋਂ ਵੀ ਖੁਸ਼ ਹਾਂ ਕਿ ਘੱਟ ਸਹੂਲਤਾਂ ਹੋਣ ਦੇ ਬਾਵਜੂਦ ਮੈਂ ਕੌਮੀ ਪੱਧਰ ਉੱਪਰ ਖੇਡ ਚੁੱਕਾ ਹਾਂ।"

ਜਸ਼ਨਪ੍ਰੀਤ ਕੌਰ ਰੋਇੰਗ ਦੀ ਖਿਡਾਰਨ ਹਨ ਅਤੇ ਇਸ ਵੇਲੇ ਉਹ ਪਿੰਡ ਢੁੱਡੀਕੇ ਵਿਖੇ ਬੱਚਿਆਂ ਨੂੰ ਰੋਇੰਗ ਦੀ ਸਿਖ਼ਲਾਈ ਦੇਣ ਵਾਲੇ ਕੋਚ ਹਨ।
ਜਸ਼ਨਪ੍ਰੀਤ ਕੌਰ ਦੱਸਦੇ ਹਨ ਕਿ ਉਹ ਸਵੇਰੇ 5 ਵਜੇ ਬੱਚਿਆਂ ਦੀ ਟ੍ਰੇਨਿੰਗ ਸ਼ੁਰੂ ਕਰਦੇ ਹਨ। ਇਸ ਵੇਲੇ ਉਨਾਂ ਕੋਲ 40 ਬੱਚੇ ਰੋਇੰਗ ਦੀ ਸਿਖਲਾਈ ਲੈ ਰਹੇ ਹਨ।
ਉਹ ਕਹਿੰਦੇ ਹਨ, "ਸਵੇਰੇ ਮੈਂ ਦੋ ਘੰਟਿਆਂ ਲਈ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਂਦੀ ਹਾਂ। ਇਸ ਤੋਂ ਬਾਅਦ ਬੱਚੇ ਸਕੂਲ ਵਿੱਚ ਪੜ੍ਹਾਈ ਲਈ ਚਲੇ ਜਾਂਦੇ ਹਨ। ਇਸੇ ਤਰ੍ਹਾਂ ਸਕੂਲ ਖ਼ਤਮ ਹੋਣ ਤੋਂ ਬਾਅਦ ਸ਼ਾਮ ਨੂੰ 5:30 ਵਜੇ ਸਿਖ਼ਲਾਈ ਫਿਰ ਸ਼ੁਰੂ ਕੀਤੀ ਜਾਂਦੀ ਹੈ।"

"ਹਫਤੇ ਵਿੱਚ ਦੋ ਦਿਨ ਅਸੀਂ ਬੱਚਿਆਂ ਨੂੰ ਨਹਿਰ ਉੱਪਰ ਬੋਟਿੰਗ ਲਈ ਲੈ ਕੇ ਆਉਂਦੇ ਹਾਂ। ਬਾਕੀ ਦੇ ਦਿਨਾਂ ਵਿੱਚ ਇਨਡੋਰ ਵਿਚ ਮਸ਼ੀਨਾਂ ਰਾਹੀਂ ਬੱਚਿਆਂ ਨੂੰ ਰੋਇੰਗ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ।"
ਜਸ਼ਨਪ੍ਰੀਤ ਦਾ ਕਹਿਣਾ ਹੈ ਕਿ, "ਰੋਇੰਗ ਦੀ ਖੇਡ ਖੇਡਣ ਲਈ ਖਿਡਾਰੀ ਨੂੰ ਚੰਗੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੁੰਦੀ ਹੈ ਕਿ ਇਹ ਖੇਡ ਉਨ੍ਹਾਂ ਦੇ ਜੀਵਨ ਦੀ ਸਫ਼ਲਤਾ ਲਈ ਕਿਵੇਂ ਸਹਾਈ ਹੋ ਸਕਦੀ ਹੈ।"
ਜਸਬੀਰ ਸਿੰਘ ਦਾ ਸੁਪਨਾ
ਜਸਬੀਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੀ ਇਹ ਦਿਲੀ ਇੱਛਾ ਹੈ ਕਿ ਉਹ ਪੰਜਾਬ ਤੋਂ ਰੋਇੰਗ ਦੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ।
ਪਰ ਕਿਉਂ ਕਿ ਇਹ ਮਹਿੰਗੀ ਖੇਡ ਹੈ, ਇਸ ਕਿਸ਼ਤੀਆਂ, ਚੱਪੂ ਅਤੇ ਹੋਰ ਮਸ਼ੀਨਾਂ ਖਰੀਦਣ ਲਈ ਸਰਕਾਰ ਦੀ ਮਦਦ ਦੀ ਜਰੂਰਤ ਹੈ। ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਦਰਿਆ ਅਤੇ ਨਹਿਰਾਂ ਹਨ, ਜਿੱਥੇ ਰੋਇੰਗ ਲਈ ਦੀ ਪ੍ਰੈਕਟਿਸ ਕਰਵਾਈ ਜਾ ਸਕਦੀ ਹੈ।
ਪਰ ਇਹ ਸਭ ਕੁਝ ਸਰਕਾਰ ਦੀ ਮਦਦ ਨਾਲ ਹੋ ਵਧੀਆ ਤਰੀਕੇ ਅਤੇ ਵੱਡੇ ਤਰੀਕੇ ਨਾਲ ਹੋ ਸਕਦਾ ਹੈ।
ਉਹ ਕਹਿੰਦੇ ਹਨ, ''ਜਿਵੇਂ ਮੇਰੇ ਦੋ ਖਿਡਾਰੀ ਕੌਮਾਂਤਰੀ ਪੱਧਰ ਉੱਤੇ ਖੇਡ ਚੁੱਕੇ ਹਨ, ਮੇਰੀ ਇਹ ਇੱਛਾ ਹੈ ਇਵੇਂ ਹੀ ਏਸ਼ੀਆ ਤੇ ਓਲਿੰਪਕ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾਣ।''
''ਪਰ ਇਸ ਤੋਂ ਵੀ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਪੰਜਾਬੀਆਂ ਜਿਵੇਂ ਹਾਕੀ ਦੀ ਭਾਰਤੀ ਕੌਮੀ ਟੀਮ ਵਿੱਚ ਦਬਦਬਾ ਹੈ, ਉਵੇਂ ਹੀ ਰੋਇੰਗ ਵਿੱਚ ਹੋਵੇ, ਰੋਇੰਗ ਦੀ ਭਾਰਤੀ ਟੀਮ ਵਿੱਚ 70 ਫੀਸਦ ਖਿਡ਼ਾਰੀ ਪੰਜਾਬ ਤੋਂ ਹੋਣ।''













