ਰੂਸ-ਯੂਕਰੇਨ ਜੰਗ 'ਚ ਹਰਿਆਣਾ ਦੇ ਨੌਜਵਾਨ ਦੀ ਮੌਤ, "ਪੈਸਾ ਨਹੀਂ ਚਾਹੀਦਾ, ਮੇਰੇ ਪੁੱਤ ਦੀ ਲਾਸ਼ ਭੇਜ ਦਵੋ"

- ਲੇਖਕ, ਕਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ 'ਚ ਭੇਜੇ ਗਏ ਕਈ ਭਾਰਤੀ ਹੁਣ ਤੱਕ ਆਪਣੀ ਜਾਨ ਗੁਆ ਬੈਠੇ ਹਨ।
ਇਨ੍ਹਾਂ ਨੌਜਵਾਨਾਂ ਨੂੰ ਸੁਨਹਿਰੀ ਭਵਿੱਖ ਦੇ ਸੁਪਨੇ ਦਿਖਾ ਕੇ ਰੂਸ ਭੇਜਿਆ ਗਿਆ ਸੀ। ਪਰ ਉੱਥੇ ਉਨ੍ਹਾਂ ਨੂੰ ਰੂਸ ਦੀ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ ਤੇ ਜੰਗ ਲੜ੍ਹਨ ਲਈ ਭੇਜ ਦਿੱਤਾ ਗਿਆ।
ਉਨ੍ਹਾਂ ਵਿੱਚੋਂ ਹੀ ਇੱਕ ਹਰਿਆਣੇ ਦਾ ਨੌਜਵਾਨ ਰਵੀ ਵੀ ਸੀ, ਜਿਸ ਦੀ ਇਸੇ ਜੰਗ ਦੌਰਾਨ ਮੌਤ ਹੋ ਚੁੱਕੀ ਹੈ। ਰਵੀ ਵੀ ਰੂਸ ਵੱਲੋਂ ਜੰਗ ਲੜ੍ਹ ਰਿਹਾ ਸੀ।
ਪਰਿਵਾਰ ਮੁਤਾਬਕ 23 ਮਾਰਚ ਨੂੰ ਰਵੀ ਦੀ ਮੌਤ ਦੀ ਪੁਸ਼ਟੀ ਹੋਈ। ਪਰਿਵਾਰ ਦਾ ਜ਼ਿਆਦਾਤਰ ਗੁਜ਼ਾਰਾ ਰਵੀ ਵੱਲੋਂ ਭੇਜੇ ਪੈਸਿਆਂ ਨਾਲ ਹੀ ਚੱਲਦਾ ਸੀ।
ਹੁਣ ਰੂਸੀ ਦੂਤਾਵਾਸ ਨੇ ਡੀਐੱਨਏ ਰਿਪੋਰਟ ਮੰਗੀ ਹੈ, ਜੋ ਸੈਂਪਲ ਨਾਲ ਮਿਲਣ ਮਗਰੋਂ ਹੀ ਰਵੀ ਦੀ ਮ੍ਰਿਤਕ ਦੇਹ ਭਾਰਤ ਭੇਜੀ ਜਾਵੇਗੀ।

"12 ਮਾਰਚ ਨੂੰ ਹੋਈ ਆਖ਼ਰੀ ਵਾਰ ਗੱਲ'
ਮ੍ਰਿਤਕ ਨੌਜਵਾਨ ਰਵੀ ਕੈਥਲ ਦੇ ਮਟੌਰ ਪਿੰਡ ਦਾ ਰਹਿਣ ਵਾਲਾ ਸੀ। 13 ਜਨਵਰੀ ਨੂੰ ਉਹ ਰੂਸ ਗਿਆ ਸੀ। ਰਵੀ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ।
ਉਸ ਦੇ ਪਰਿਵਾਰ ਦੀ ਸਥਿਤੀ ਆਰਥਿਕ ਪੱਖੋਂ ਤੰਗ ਹੈ।
ਪਰਿਵਾਰ ਕੋਲ ਸਿਰਫ਼ ਇੱਕ ਏਕੜ ਜ਼ਮੀਨ ਸੀ, ਜਿਸ ਨੂੰ ਵੇਚ ਕੇ ਹੀ ਰਵੀ ਨੂੰ ਵਿਦੇਸ਼ ਭੇਜਿਆ ਗਿਆ ਸੀ।
ਰਵੀ ਦੇ ਭਰਾ ਅਜੇ ਦਾ ਕਹਿਣਾ ਹੈ ਕਿ ਰਵੀ ਨੂੰ ਵਿਦੇਸ਼ ਭੇਜਣ ਲਈ ਕਰੀਬ ਸਾਢੇ 11 ਲੱਖ ਰੁਪਏ ਦਾ ਖਰਚਾ ਆਇਆ ਸੀ। ਏਜੰਟ ਨੇ ਟਰਾਂਸਪੋਰਟ ਵਿੱਚ ਕੰਮ ਦਿਵਾਉਣ ਦੀ ਗੱਲ ਆਖੀ ਸੀ ਪਰ ਰਵੀ ਨੂੰ ਉੱਥੇ ਜਾਂਦਿਆਂ ਹੀ ਰੂਸ ਦੀ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ ਸੀ।
ਰਵੀ ਦੇ ਭਰਾ ਅਜੇ ਨੇ ਦੱਸਿਆ ਕਿ, ਉਹ ਇੱਕ ਟੈਕਸੀ ਡਰਾਈਵਰ ਹੈ ਤੇ ਥੋੜਾ ਬਹੁਤ ਕਮਾ ਲੈਂਦਾ ਹੈ। ਪਰ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਮੁੱਖ ਤੌਰ 'ਤੇ ਰਵੀ ਵੱਲੋਂ ਭੇਜੇ ਗਏ ਪੈਸਿਆਂ ਨਾਲ ਹੀ ਹੁੰਦਾ ਸੀ।

ਕੈਥਲ ਦੇ ਮਟੌਰ ਪਿੰਡ ਤੋਂ ਸਿਰਫ਼ ਰਵੀ ਹੀ ਨਹੀਂ, ਹੋਰ ਵੀ ਨੌਜਵਾਨ ਰੂਸ ਯੂਕਰੇਨ ਜੰਗ ਵਿੱਚ ਫਸੇ ਹਨ। 5 ਨੌਜਵਾਨਾਂ ਦੇ ਫਸੇ ਹੋਣ ਦੀ ਜਾਣਕਾਰੀ ਹੈ, ਜਿਨ੍ਹਾਂ 'ਚੋਂ ਰਵੀ ਦੀ ਜੰਗ ਦੌਰਾਨ ਮੌਤ ਹੋ ਚੁੱਕੀ ਹੈ।
ਰਵੀ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਤੋਂ ਰੂਸੀ ਭਾਸ਼ਾ ਵਿੱਚ ਇੱਕ ਕੰਟਰੈਕਟ 'ਤੇ ਦਸਤਖ਼ਤ ਕਰਵਾਏ ਗਏ ਅਤੇ ਫਿਰ ਉਨ੍ਹਾਂ ਨੂੰ ਲੜ੍ਹਣ ਲਈ ਫਰੰਟਲਾਈਨ 'ਤੇ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਫ਼ੌਜ ਵਿੱਚ ਜਾਣ ਲਈ ਸਿਖਲਾਈ ਵੀ ਦਿੱਤੀ ਗਈ ਸੀ।
ਰਵੀ ਦੇ ਭਰਾ ਮੁਤਾਬਕ ਫ਼ੌਜ ਵਿੱਚ ਭਰਤੀ ਕਰਨ ਤੋਂ ਪਹਿਲਾਂ ਇੱਕ ਵਾਰ ਤਾਂ ਉਨ੍ਹਾਂ ਦੇ ਮੋਢੇ 'ਤੇ ਬੰਦੂਕ ਰੱਖ ਕੇ ਕਿਹਾ ਗਿਆ ਕਿ ਜਾਂ ਤਾਂ ਫਰੰਟਲਾਈਨ 'ਤੇ ਚਲੇ ਜਾਵੋ ਜਾਂ 10 ਸਾਲ ਦੀ ਸਜ਼ਾ ਕੱਟੋ।
ਉਨ੍ਹਾਂ ਅੱਗੇ ਕਿਹਾ, "ਮੇਰੀ ਰਵੀ ਨਾਲ ਆਖ਼ਰੀ ਵਾਰ ਗੱਲ 12 ਮਾਰਚ ਨੂੰ ਹੋਈ ਸੀ, ਉਸ ਸਮੇਂ ਉਸ ਨੇ ਦੱਸਿਆ ਸੀ ਕਿ ਉਹ ਜੰਗ ਲਈ ਫਰੰਟਲਾਈਨ 'ਤੇ ਜਾ ਰਿਹਾ ਹੈ। ਉਸ ਤੋਂ ਬਾਅਦ ਰਵੀ ਨਾਲ ਕੋਈ ਗੱਲ ਨਹੀਂ ਹੋਈ।"
ਪਿੰਡ ਦੇ ਇੱਕ ਨੌਜਵਾਨ ਨੇ ਪਰਿਵਾਰ ਨੂੰ ਰਵੀ ਦੀ ਮੌਤ ਦੀ ਖ਼ਬਰ ਦਿੱਤੀ ਸੀ।
ਰੂਸੀ ਦੂਤਾਵਾਸ ਨੇ ਡੀਐੱਨਏ ਰਿਪੋਰਟ ਮੰਗੀ

ਰਵੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਰਵੀ ਦੇ ਪਰਿਵਾਰ ਨੇ 21 ਜੁਲਾਈ ਨੂੰ ਪਹਿਲੀ ਵਾਰ ਰੂਸੀ ਦੂਤਾਵਾਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ 23 ਮਾਰਚ ਨੂੰ ਰਵੀ ਦੀ ਮੌਤ ਦੀ ਪੁਸ਼ਟੀ ਹੋਈ।
27 ਜੁਲਾਈ ਨੂੰ ਰੂਸੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਇੱਕ ਮੇਲ ਆਈ, ਜਿਸ ਵਿੱਚ ਉਨ੍ਹਾਂ ਨੂੰ ਡੀਐੱਨਏ ਟੈਸਟ ਭੇਜਣ ਲਈ ਕਿਹਾ ਗਿਆ ਸੀ। ਉਸ ਵਿੱਚ ਲਿਖਿਆ ਸੀ ਕਿ ਡੀਐੱਨਏ ਮੈਚ ਹੋਣ ਤੋਂ ਬਾਅਦ ਹੀ ਰਵੀ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇਗਾ।
ਹਾਲਾਂਕਿ ਰੂਸੀ ਦੂਤਾਵਾਸ ਨੇ ਪਹਿਲਾਂ ਰਵੀ ਦੀ ਮਾਂ ਦੀ ਡੀਐੱਨਏ ਰਿਪੋਰਟ ਮੰਗੀ ਸੀ, ਜਿਸ ਮਗਰੋਂ ਪਰਿਵਾਰ ਵੱਲੋਂ ਉਨ੍ਹਾਂ ਨੂੰ ਸੰਦੇਸ਼ ਭੇਜਿਆ ਗਿਆ ਕਿ ਰਵੀ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਇਸ ਮਗਰੋਂ ਉਨ੍ਹਾਂ ਵੱਲੋਂ ਰਵੀ ਦੇ ਪਿਤਾ ਦੀ ਡੀਐੱਨਏ ਰਿਪੋਰਟ ਭੇਜਣ ਦੀ ਗੱਲ ਕਹੀ ਗਈ, ਜਿਸ ਨੂੰ ਰੂਸੀ ਦੂਤਾਵਾਸ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ। ਅਤੇ ਡੀਐੱਨਏ ਮੈਚ ਹੋਣ ਮਗਰੋਂ ਮ੍ਰਿਤਕ ਦੇਹ ਭਾਰਤ ਭੇਜਣ ਦਾ ਯਕੀਨ ਦਿਵਾਇਆ ਗਿਆ ਹੈ।
ਪਰਿਵਾਰ ਦੀ ਸਰਕਾਰ ਅੱਗੇ ਮੰਗ

ਰਵੀ ਦੀ ਦਾਦੀ ਅੱਜ ਵੀ ਉਸ ਦੇ ਵਾਪਸ ਆਉਣ ਦੀ ਉਮੀਦ ਲਗਾਈ ਬੈਠੀ ਹੈ। ਅੱਖਾਂ ਵਿੱਚ ਹੰਝੂ ਲੈ ਕੇ ਉਹ ਸਰਕਾਰ ਅੱਗੇ ਰਵੀ ਵੀ ਵਾਪਸੀ ਦੀ ਮੰਗ ਕਰ ਰਹੇ ਹਨ।
ਉਹ ਕਹਿੰਦੇ ਹਨ ਕਿ, "ਮੈਨੂੰ ਪੈਸੇ ਨਹੀਂ ਚਾਹੀਦੇ, ਬਸ ਮੇਰਾ ਪੁੱਤ ਵਾਪਸ ਭੇਜ ਦਵੋ।"
ਰਵੀ ਦੇ ਭਰਾ ਅਜੇ ਨੇ ਵੀ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਰੂਸ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇ ਅਤੇ ਉਨ੍ਹਾਂ ਦੇ ਭਰਾ ਦੀ ਮ੍ਰਿਤਕ ਦੇਹ ਵੀ ਭਾਰਤ ਲਿਆਂਦੀ ਜਾਵੇ।
ਰਵੀ ਦੇ ਭਰਾ ਅਜੇ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੋਰ ਵੀ ਨੌਜਵਾਨਾਂ ਨੂੰ ਧੋਖੇ ਨਾਲ ਰੂਸ ਭੇਜਿਆ ਗਿਆ ਹੈ, ਜੋ ਹੁਣ ਓਥੇ ਫੱਸ ਗਏ ਹਨ।
ਜ਼ਾਹਿਰ ਹੈ ਚੰਗੇ ਭਵਿੱਖ ਦੀ ਆਸ ਵਿੱਚ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਵੱਧ ਰਿਹਾ ਹੈ। ਪਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਫਰਜ਼ੀ ਏਜੰਟਾਂ ਦਾ ਸ਼ਿਕਾਰ ਬਣ ਜਾਂਦੇ ਹਨ।
ਏਜੰਟ ਉਨ੍ਹਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਉਂਦੇ ਹਨ ਅਤੇ ਆਪਣੇ ਜਾਲ ਵਿਚ ਫਸਾ ਕੇ ਲੱਖਾਂ ਰੁਪਏ ਵੀ ਲੈ ਲੈਂਦੇ ਹਨ। ਅਤੇ ਵਿਦੇਸ਼ ਭੇਜਣ ਦੇ ਨਾਮ 'ਤੇ ਨੌਜਵਾਨਾਂ ਨਾਲ ਧੋਖਾ ਕਮਾਉਂਦੇ ਹਨ।
ਦੂਸਰੇ ਏਜੰਟ ਦੀ ਰੂਸ 'ਚ ਹੋਣ ਦੀ ਸੰਭਾਵਨਾ

ਕਲਾਇਤ ਦੇ ਡੀਐੱਸਪੀ ਲਲਿਤ ਕੁਮਾਰ ਨੇ ਕਿਹਾ ਕਿ, ਉਨ੍ਹਾਂ ਨੂੰ ਜਦੋਂ ਸ਼ਿਕਾਇਤ ਮਿਲੀ ਸੀ, ਉਦੋਂ ਹੀ ਉਨ੍ਹਾਂ ਵੱਲੋਂ ਇੱਕ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਉਹ ਏਜੰਟ ਮਟੌਰ ਦਾ ਹੀ ਰਹਿਣ ਵਾਲਾ ਸੀ, ਜਦਕਿ ਦੂਜਾ ਏਜੰਟ ਫ਼ਰਾਰ ਹੈ।
ਉਨ੍ਹਾਂ ਮੁਤਾਬਕ ਦੂਜੇ ਏਜੰਟ ਦੀ ਤਲਾਸ਼ ਜਾਰੀ ਹੈ, ਜਿਸ ਦੇ ਰੂਸ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ, ਉਨ੍ਹਾਂ ਕੋਲ ਰਵੀ ਦੀ ਮੌਤ ਦੀ ਕੋਈ ਅਧਿਕਾਰਤ ਸੂਚਨਾ ਜਾਂ ਲਿਖਤੀ ਰੂਪ ਵਿੱਚ ਸੂਚਨਾ ਤਾਂ ਨਹੀਂ ਹੈ ਪਰ ਉਨ੍ਹਾਂ ਦੇ ਪਰਿਵਾਰ ਤੋਂ ਹੀ ਮੌਤ ਬਾਰੇ ਪਤਾ ਲੱਗਿਆ ਹੈ।












