10 ਵਾਰ ਐਵਰੈਸਟ ਫਤਿਹ ਕਰਨ ਵਾਲੀ ਔਰਤ ਜਿਸ ਦੇ ਪਤੀ ਦੀ ਕੁੱਟਮਾਰ ਦੇ ਜ਼ਖ਼ਮ ‘ਅੱਜ ਵੀ ਅੱਲ੍ਹੇ ਹਨ’

ਲਖਪਾ ਸ਼ੇਰਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਖਪਾ ਸ਼ੇਰਪਾ ਆਪਣੀਆਂ ਧੀਆਂ ਨੂੰ ਬਹਾਦੁਰੀ ਨਾਲ ਜੀਣਾ ਸਿਖਾਉਣਾ ਚਾਹੁੰਦੀ ਹੈ

ਲਖਪਾ ਸ਼ੇਰਪਾ ਪਹਾੜਾਂ ਦੀ ਦੁਨੀਆ ਹੀ ਨਹੀਂ ਨਿੱਜੀ ਜ਼ਿੰਦਗੀ ਵਿੱਚ ਵੀ ਇੱਕ ਫਾਈਟਰ ਹਨ। ਲਖਪਾ ਨੇ ਇੱਕ-ਦੋ ਵਾਰ ਨਹੀਂ ਬਲਕਿ ਪੂਰੇ 10 ਵਾਰ ਮਾਊਂਟ ਐਵਰੈਸਟ ਫਤਿਹ ਕੀਤਾ ਹੈ।

ਉਨ੍ਹਾਂ ਨੇ ਆਪਣੇ ਹੀ ਰਿਕਾਰਡ ਨੂੰ ਵਾਰ-ਵਾਰ ਤੋੜਿਆ। ਪਰ ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਰਿਸ਼ਤਿਆਂ ਅੱਗੇ ਵਾਰ-ਵਾਰ ਹਾਰ ਮੰਨਣੀ ਪਈ।

ਲਖਪਾ ਨੇ ਖ਼ੂਬ ਸੁਰਖ਼ੀਆਂ ਬਟੌਰੀਆਂ ਹਨ। ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਸੀ। ਪਰ ਅੱਖਾਂ ਵਿੱਚ ਦਰਦ ਲੁਕਿਆ ਹੋਇਆ ਸੀ। ਇੱਕ ਟੁੱਟੇ ਵਿਆਹ ਦਾ, ਪਿਆਰ ਤੋਂ ਬਾਅਦ ਮਿਲੇ ਜ਼ਖਮਾਂ ਦਾ। ਪਰ ਇਸ ਦਰਦ ਨੂੰ ਕਿਵੇਂ ਲੁਕਾਉਣਾ ਹੈ, ਇਹ ਲਖਪਾ ਬਾਖੂਬੀ ਜਾਣਦੀ ਸੀ।

ਲਖਪਾ ਇੱਕ ਨੇਪਾਲੀ ਸ਼ੇਰਪਾ ਮਹਿਲਾ ਹੈ। ਇੱਕ ਅਣਵਿਆਹੀ ਮਾਂ ਤੋਂ ਲੈ ਕੇ ਪਤੀ ਦੀ ਕੁੱਟਮਾਰ ਝੱਲਣ ਤੱਕ, ਉਨ੍ਹਾਂ ਦਾ ਨਿੱਜੀ ਜੀਵਨ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹੁਣ ਉਨ੍ਹਾਂ ਦੀ ਕਹਾਣੀ ਨੈੱਟਫਲਿਕਸ ਦੇ ਜ਼ਰੀਏ ਇੱਕ ਦਸਤਾਵੇਜ਼ੀ ਫ਼ਿਲਮ ਰਾਹੀਂ ਦਿਖਾਈ ਜਾਵੇਗੀ। ਔਰਤਾਂ ਵਿੱਚ ਸਭ ਤੋਂ ਵੱਧ ਵਾਰ ਐਵਰੈਸਟ ਫਤਿਹ ਕਰਨ ਵਾਲੀ ਸ਼ੇਰਪਾ ਨੇ ਬੀਬੀਸੀ ਨਾਲ ਗੱਲ ਕੀਤੀ ਹੈ।

ਉਸ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਦਾ ਪਤੀ ਕੁੱਟਮਾਰ ਕਰਦਾ ਸੀ। ਇਹ ਕੁੱਟਮਾਰ ਸਿਰਫ਼ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਨਹੀਂ ਸੀ। ਬਲਕਿ 2004 ਵਿੱਚ ਐਵਰੈਸਟ ਸਮਿਟ ਦੇ ਦੌਰਾਨ ਸਭ ਦੇ ਸਾਹਮਣੇ ਵੀ ਕੀਤੀ ਗਈ ਸੀ।

ਇਸ ਦੇ ਗਵਾਹ ਉੱਥੇ ਮੌਜੂਦ ਲੋਕ ਸਨ। ਦੁਨੀਆ ਦੀ ਸਭ ਤੋਂ ਉੱਚੀ ਪਹਾੜੀ 'ਤੇ ਸਭ ਤੋਂ ਜ਼ਿਆਦਾ ਵਾਰ ਚੜ੍ਹਣ ਵਾਲੀ ਮਹਿਲਾ ਲਖਪਾ ਸ਼ੇਰਪਾ ਫਿਲਹਾਲ ਅਮਰੀਕਾ ਵਿੱਚ ਆਪਣੇ ਤਿੰਨ ਬੱਚਿਆਂ ਨੂੰ ਪਾਲ ਰਹੀ ਹੈ।

ਆਪਣੇ ਬੱਚਿਆਂ ਨੂੰ ਪਾਲਣ ਲਈ ਉਹ ਗਰੋਸਰੀ ਸਟੋਰ ਵਿੱਚ ਸਫ਼ਾਈ ਕਾਮੇ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦਾ ਸੁਪਨਾ ਖੁਦ ਦੀ ਗਾਈਡਿੰਗ ਕੰਪਨੀ ਸ਼ੁਰੂ ਕਰਨਾ ਹੈ। ਉਹ ਪਹਾੜਾਂ 'ਤੇ ਮਿਲੇ ਅਨੁਭਵ ਅਤੇ ਮੁਹਾਰਤਾਂ ਨੂੰ ਹੋਰ ਲੋਕਾਂ ਨਾਲ ਵੀ ਸਾਂਝਾ ਕਰਨਾ ਚਾਹੁੰਦੇ ਹਨ।

ਮਾਮੂਲੀ ਸਿਖਲਾਈ ਦੇ ਸਹਾਰੇ ਹੀ ਬਣਾਏ ਰਿਕਾਰਡ

ਸ਼ੇਰਪਾ ਪਹਾੜੀ ਚੜ੍ਹਦੇ ਹੋਏ

ਤਸਵੀਰ ਸਰੋਤ, Netflix

ਤਸਵੀਰ ਕੈਪਸ਼ਨ, ਸ਼ੇਰਪਾ ਦੁਨੀਆ ਦੇ ਸਭ ਤੋਂ ਉੱਚੇ ਪਹਾੜਾਂ 'ਤੇ ਬਹੁਤ ਘੱਟ ਸਿਖਲਾਈ ਨਾਲ ਹੀ ਚੜ੍ਹ ਸਕਦੇ ਹਨ

ਲਖਪਾ ਸ਼ੇਰਪਾ ਦੀ ਜ਼ਿੰਦਗੀ 'ਤੇ ਬਣਨ ਵਾਲੀ ਨੈੱਟਫਲਿਕਸ ਦੀ ਦਸਤਾਵੇਜ਼ੀ ਫ਼ਿਲਮ ਦਾ ਨਾਮ 'ਮਾਊਂਟੇਨ ਕੁਈਨ: ਦਿ ਸਮਿਟਸ ਆਫ਼ ਲਖਪਾ ਸ਼ੇਰਪਾ' ਹੈ। ਇਸ ਦਾ ਨਿਰਦੇਸ਼ਨ ਲੂਸੀ ਵਾਕਰ ਨੇ ਕੀਤਾ ਹੈ।

ਇਸ ਫ਼ਿਲਮ ਬਾਰੇ ਗੱਲ ਕਰਦਿਆਂ ਉਹ ਬੀਬੀਸੀ ਨੂੰ ਕਹਿੰਦੇ ਹਨ, "ਮੈਂ ਲੋਕਾਂ ਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਔਰਤਾਂ ਇਹ ਕਰ ਸਕਦੀਆਂ ਹਨ।"

ਲਖਪਾ ਨੇ ਮਾਮੂਲੀ ਸਿਖਲਾਈ ਨਾਲ ਹੀ ਐਵਰੈਸਟ ਦੀ 10 ਵਾਰ ਰਿਕਾਰਡ ਤੋੜ ਚੜ੍ਹਾਈ ਕੀਤੀ ਹੈ। ਉਹ ਹੁਣ ਅਮਰੀਕਾ ਦੇ ਕਨੈਕਟਿਕਟ ਦੇ ਪਹਾੜਾਂ 'ਤੇ ਸੈਰ ਕਰਕੇ ਖ਼ੁਦ ਨੂੰ ਫਿੱਟ ਰੱਖ ਰਹੇ ਹਨ।

ਉਨ੍ਹਾਂ ਦੀ ਫਿੱਟਨੈਸ ਨੂੰ ਦੇਖ ਫ਼ਿਲਮ ਦੇ ਨਿਰਦੇਸ਼ਕ ਲੂਸੀ ਉਨ੍ਹਾਂ ਦੇ ਲੰਬੇ ਕੱਦ ਅਤੇ ਮਜ਼ਬੂਤ ਸਰੀਰ ਦੀ ਤਾਰੀਫ਼ ਕਰਦੇ ਹਨ। ਉਹ ਕਹਿੰਦੇ ਹਨ ਕਿ, ਲੋਕ ਇਸ ਨੂੰ ਹਲਕੇ ਵਿੱਚ ਲੈਂਦੇ ਹਨ। ਪਰ ਇਹ ਇੱਕ ਸੋਚ ਤੋਂ ਪਰੇ ਵਾਲੀ ਪ੍ਰਾਪਤੀ ਹੈ ਕਿ ਤੁਸੀਂ ਆਪਣੀ ਨੌਕਰੀ ਦੇ ਨਾਲ-ਨਾਲ ਐਵਰੈਸਟ ਦੀ ਚੜ੍ਹਾਈ ਕਰ ਰਹੇ ਹੋ।

ਹਾਲਾਂਕਿ, ਜਵਾਬ ਵਿੱਚ ਸ਼ੇਰਪਾ ਕਹਿੰਦੇ ਹਨ ਕਿ ਉਹ ਪੜ੍ਹਾਈ-ਲਿਖਾਈ ਵਿੱਚ ਉਨ੍ਹੀ ਚੰਗੀ ਨਹੀਂ ਸੀ। ਪਰ ਪਹਾੜਾਂ ਦੇ ਨਾਲ ਉਨ੍ਹਾਂ ਦਾ ਚੰਗਾ ਤਾਲਮੇਲ ਹੈ।

ਮਾਤਾ-ਪਿਤਾ ਦੇ 11 ਬੱਚੇ ਸਨ

ਲਖਪਾ ਸ਼ੇਰਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਖਪਾ ਸ਼ੇਰਪਾ ਆਪਣੇ ਮਾਤਾ-ਪਿਤਾ ਦੇ 11 ਬੱਚਿਆਂ ਵਿਚੋਂ ਇੱਕ ਸੀ

ਯਾਕ ਪਾਲਕਾਂ ਦੇ ਘਰ 1973 ਵਿੱਚ ਨੇਪਾਲ ਦੀਆਂ ਪਹਾੜੀਆਂ 'ਤੇ ਉਨ੍ਹਾਂ ਦਾ ਜਨਮ ਹੋਇਆ। ਉਹ ਆਪਣੇ ਮਾਤਾ-ਪਿਤਾ ਦੇ 11 ਬੱਚਿਆਂ ਵਿਚੋਂ ਇੱਕ ਸੀ।

ਸ਼ੇਰਪਾ ਅਜਿਹੀ ਥਾਂ 'ਤੇ ਜੰਮੇ ਪਲੇ ਹਨ, ਜਿਥੇ ਕੁੜੀਆਂ ਦੀ ਸਿੱਖਿਆ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਸੀ। ਪਹਾੜਾਂ 'ਤੇ ਘੰਟਿਆਂ ਤੱਕ ਚੱਲ ਕੇ ਉਹ ਆਪਣੇ ਭਰਾ ਨੂੰ ਸਕੂਲ ਛੱਡ ਕੇ ਆਉਂਦੇ ਸਨ। ਪਰ ਉਨ੍ਹਾਂ ਨੂੰ ਸਕੂਲ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।

ਹਾਲਾਂਕਿ, ਹੁਣ ਉਨ੍ਹਾਂ ਦੇ ਦੇਸ਼ ਵਿੱਚ ਚੀਜ਼ਾਂ ਵਿੱਚ ਸੁਧਾਰ ਆਇਆ ਹੈ। ਕੁੜੀਆਂ ਦੀ ਸਿੱਖਿਆ ਦੀ ਦਰ 1981 ਵਿੱਚ 10 ਫ਼ੀਸਦ ਸੀ, ਜੋ 2021 ਵਿੱਚ ਵੱਧ ਕੇ 70 ਫ਼ੀਸਦੀ ਹੋ ਗਈ।

ਪਰ ਸ਼ੇਰਪਾ ਲਿਖੇ ਹੋਏ ਸ਼ਬਦਾਂ ਨੂੰ ਪੜ੍ਹ ਨਹੀਂ ਪਾਉਂਦੇ। ਪੜ੍ਹੇ-ਲਿਖੇ ਨਾ ਹੋਣ ਕਰਕੇ ਉਨ੍ਹਾਂ ਨੂੰ ਕਈ ਦਿੱਕਤਾਂ ਆਉਂਦੀਆਂ ਹਨ। ਅਜਿਹੇ ਵਿੱਚ ਉਨ੍ਹਾਂ ਦੇ ਤਿੰਨੋ ਬੱਚੇ ਉਨ੍ਹਾਂ ਦੀ ਮਦਦ ਕਰਦੇ ਹਨ। ਉਨ੍ਹਾਂ ਦੇ ਪੁੱਤ ਦਾ ਜਨਮ 90 ਦੇ ਦਹਾਕੇ ਵਿੱਚ ਹੋਇਆ ਸੀ। ਇੱਕ ਧੀ ਸਨੀ 22 ਸਾਲ ਦੀ ਹੈ ਅਤੇ ਦੂਜੀ ਸਹੀ ਸ਼ਾਇਨੀ 17 ਸਾਲ ਦੀ ਹੈ। ਸ਼ੇਰਪਾ ਕਦੇ ਵੀ ਸਕੂਲ ਨਹੀਂ ਗਏ।

ਇਹ ਵੀ ਪੜ੍ਹੋ-

ਅਣਵਿਆਹੀ ਮਾਂ ਬਣਨ ਮਗਰੋਂ ਵਿਦੇਸ਼ੀ ਸ਼ਖਸ ਨਾਲ ਪਿਆਰ

ਲਖਪਾ ਸ਼ੇਰਪਾ

ਤਸਵੀਰ ਸਰੋਤ, Netflix

ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਗਰੋਸਰੀ ਸਟੋਰ 'ਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸ਼ੇਰਪਾ

ਜਦੋਂ ਲਖਪਾ ਸ਼ੇਰਪਾ 15 ਸਾਲ ਦੇ ਸਨ, ਉਦੋਂ ਉਨ੍ਹਾਂ ਨੇ ਪਹਾੜੀ ਮੁਹਿੰਮਾਂ 'ਤੇ ਕੁਲੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਆਪਣੇ ਕੰਮ ਦੇ ਚਲਦਿਆਂ ਉਹ ਰਵਾਇਤੀ ਤੌਰ 'ਤੇ ਹੋਣ ਵਾਲੇ ਅਰੇਂਜ ਵਿਆਹ ਲਈ ਨਾ ਕਹਿਣ ਦੇ ਯੋਗ ਸਨ।

ਪਰ ਜੀਵਨ ਮੁਸ਼ਕਿਲਾਂ ਨਾਲ ਉਦੋਂ ਘਿਰਿਆ, ਜਦੋਂ ਉਹ ਬਿਨਾਂ ਵਿਆਹ ਤੋਂ ਗਰਭਵਤੀ ਹੋ ਗਏ। ਉਹ ਕਾਠਮਾਂਡੂ ਵਿੱਚ ਕਿਸੇ ਦੇ ਨਾਲ ਰਿਸ਼ਤੇ ਵਿੱਚ ਸਨ। ਅਜਿਹੇ ਵਿੱਚ ਅਣਵਿਆਹੀ ਮਾਂ ਦਾ ਘਰ ਜਾਣਾ ਬੇਹੱਦ 'ਸ਼ਰਮ' ਵਾਲੀ ਗੱਲ ਸੀ।

ਉਨ੍ਹਾਂ ਨੇ ਪਹਾੜਾਂ ਨਾਲ ਆਪਣਾ ਰਿਸ਼ਤਾ ਨਹੀਂ ਤੋੜਿਆ। ਇਸੇ ਕੰਮ ਦੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਰੋਮਾਨੀਅਨ ਮੂਲ ਦੇ ਅਮਰੀਕੀ ਪਰਬਤਾਰੋਹੀ ਜਾਰਜ ਡੇਜ਼ਮੇਰੇਸਕੂ ਨਾਲ ਹੋਈ। ਉਹ ਘਰ ਦੇ ਨਵੀਨੀਕਰਨ ਕੰਟ੍ਰੈਕਟਰ ਵਜੋਂ ਕੰਮ ਕਰਦਾ ਸੀ। ਉਹ ਤਾਨਾਸ਼ਾਹ ਨਿਕੋਲੇ ਚਾਉਸੇਸਕੂ ਦੇ ਅਧੀਨ ਆਉਂਦੇ ਰੋਮਾਨੀਆ ਤੋਂ ਭੱਜ ਕੇ ਆਇਆ ਸੀ।

ਜਦੋਂ ਸਾਲ 2002 ਵਿੱਚ ਉਨ੍ਹਾਂ ਦੀ ਮੁਲਾਕਾਤ ਸ਼ੇਰਪਾ ਨਾਲ ਹੋਈ, ਉਦੋਂ ਤੱਕ ਉਹ ਅਮਰੀਕਾ ਵਿੱਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਚੁਕੇ ਸਨ। ਜਾਰਜ ਤੋਂ ਸ਼ੇਰਪਾ ਦੀਆਂ ਦੋ ਧੀਆਂ ਸਨੀ ਅਤੇ ਸ਼ਾਇਨੀ ਹਨ।

ਜਦੋਂ ਸਭ ਦੇ ਸਾਹਮਣੇ ਕੁੱਟਮਾਰ ਕਰਨ ਲੱਗਿਆ ਪਤੀ

ਲਖਪਾ ਸ਼ੇਰਪਾ

ਤਸਵੀਰ ਸਰੋਤ, Netflix

ਤਸਵੀਰ ਕੈਪਸ਼ਨ, ਦਸਤਾਵੇਜ਼ੀ ਫ਼ਿਲਮ ਦਾ ਇੱਕ ਦ੍ਰਿਸ਼

ਜਾਰਜ ਵਿਆਹ ਦੇ ਬਾਅਦ ਹਿੰਸਕ ਹੋ ਚੁਕਿਆ ਸੀ। ਉਨ੍ਹਾਂ ਨੇ ਸ਼ੇਰਪਾ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ।

ਸਾਲ 2004 ਵਿੱਚ ਲਖਪਾ ਸ਼ੇਰਪਾ ਅਤੇ ਜਾਰਜ, ਨਿਊਜ਼ੀਲੈਂਡ ਕਲਈਂਬਿੰਗ ਗਰੁੱਪ ਦੇ ਨਾਲ ਐਵਰੈਸਟ 'ਤੇ ਚੜ੍ਹਾਈ ਕਰ ਰਹੇ ਸਨ, ਉਸ ਸਮੇਂ ਹੀ ਸਭ ਨੇ ਜਾਰਜ ਦੇ ਹਿੰਸਕ ਰਵਈਏ ਨੂੰ ਦੇਖਿਆ ਸੀ।

ਸਿਖਰ 'ਤੇ ਪਹੁੰਚਣ ਤੋਂ ਬਾਅਦ ਇਨ੍ਹਾਂ ਨੂੰ ਖਰਾਬ ਮੌਸਮ ਦਾ ਸਾਹਮਣਾ ਕਰਨਾ ਪਿਆ।

ਸਥਾਨਕ ਅਖ਼ਬਾਰ ਦੇ ਲਈ ਰਿਪੋਰਟਿੰਗ ਕਰਨ ਪਹੁੰਚੇ ਪੱਤਰਕਾਰ ਮਾਇਕਲ ਕੋਡਾਸ ਨੂੰ ਵੀ ਉਹ ਘਟਨਾ ਯਾਦ ਹੈ।

ਉਹ ਕਹਿੰਦੇ ਹਨ ਕਿ ਜਾਰਜ ਦਾ ਵਿਹਾਰ ਅਚਾਨਕ ਬਦਲ ਗਿਆ। ਉਨ੍ਹਾਂ ਨੇ ਦਸਤਾਵੇਜ਼ੀ ਫ਼ਿਲਮ ਵਿੱਚ ਦੱਸਿਆ ਕਿ ਸ਼ੇਰਪਾ ਉਸ ਸਮੇਂ ਜਾਰਜ ਦੇ ਨਾਲ ਟੈਂਟ ਵਿੱਚ ਸੀ।

ਜਾਰਜ ਨੇ ਉਥੇ ਹੀ ਸ਼ੇਰਪਾ ਦੇ ਨਾਲ ਕੁੱਟਮਾਰ ਕੀਤੀ। ਇਸ ਦੀਆਂ ਤਸਵੀਰਾਂ ਵੀ ਕੋਡਾਸ ਨੇ ਖਿੱਚੀਆਂ ਸਨ। ਜਿਸ ਵਿੱਚ ਸ਼ੇਰਪਾ ਬੇਹੋਸ਼ੀ ਦੋ ਹਾਲਤ ਵਿੱਚ ਨਜ਼ਰ ਆ ਰਹੀ ਸੀ।

ਜਾਰਜ ਉਨ੍ਹਾਂ ਨੂੰ ਟੈਂਟ 'ਚੋਂ ਬਾਹਰ ਕੱਢ ਰਹੇ ਸਨ, ਉਨ੍ਹਾਂ ਨੇ ਕਿਹਾ ਕਿ 'ਇਸ ਕੂੜੇ ਨੂੰ ਬਾਹਰ ਸੁੱਟ ਦਵੋ।'

ਕੋਡਾਸ ਨੇ ਇਸ ਹਿੰਸਕ ਘਟਨਾ ਦਾ ਜ਼ਿਕਰ ਆਪਣੀ 2008 ਵਿੱਚ ਆਈ ਕਿਤਾਬ 'ਹਾਈ ਕ੍ਰਾਈਮ: ਦ ਫੇਟ ਆਫ਼ ਐਵਰੈਸਟ ਇਨ ਦੀ ਐਜ ਆਫ਼ ਗ੍ਰੀਡ' ਵਿੱਚ ਕੀਤਾ ਹੈ।

ਲਖਪਾ ਸ਼ੇਰਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੇਰਪਾ ਕਹਿੰਦੇ ਹਨ ਕਿ ਉਹ ਆਪਣੇ ਜੀਵਨ ਨੂੰ ਗੁਪਤ ਰੱਖਣਾ ਚਾਹੁੰਦੀ ਹੈ

ਰਿਸ਼ਤੇ ਦੇ ਤਬਾਹ ਹੋਣ ਦੇ ਬਾਵਜੂਦ ਸ਼ੇਰਪਾ ਨੇ ਜਾਰਜ ਦੇ ਨਾਲ ਨਾਤਾ ਬਣਾਈ ਰੱਖਿਆ। ਇਸੇ ਤਰ੍ਹਾਂ ਕਈ ਹੋਰ ਸਾਲ ਬੀਤ ਗਏ। ਪਰ 2012 ਵਿੱਚ ਇੱਕ ਵਾਰ ਫਿਰ ਜਾਰਜ ਨੇ ਸ਼ੇਰਪਾ ਦੇ ਨਾਲ ਕੁੱਟਮਾਰ ਕੀਤੀ। ਇਸ ਵਾਰ ਇੰਨੀ ਜ਼ਿਆਦਾ ਕਿ ਉਹ ਹਸਪਤਾਲ ਪਹੁੰਚ ਗਈ।

ਇਕ ਸਮਾਜਿਕ ਕਾਰਕੁਨ ਦੀ ਮਦਦ ਨਾਲ ਉਹ ਆਪਣੀਆਂ ਧੀਆਂ ਨੂੰ ਲੈ ਕੇ ਮਹਿਲਾ ਸ਼ਰਨ ਵਿੱਚ ਚਲੇ ਗਈ। ਫਿਰ ਆਖ਼ਰਕਾਰ ਸਾਲ 2015 ਵਿੱਚ ਉਨ੍ਹਾਂ ਨੇ ਤਲਾਕ ਲੈ ਲਿਆ।

ਅਦਾਲਤ ਨੇ 2016 ਵਿੱਚ ਸ਼ੇਰਪਾ ਨੂੰ ਉਨ੍ਹਾਂ ਦੀਆਂ ਦੋਵਾਂ ਧੀਆਂ ਦੀ ਕਸਟਡੀ ਸੌਂਪ ਦਿੱਤੀ। ਉਸ ਸਮੇ ਛਪੀ ਆਊਟਸਾਈਡ ਆਨਲਾਈਨ ਦੀ ਇਕ ਰਿਪੋਰਟ ਵਿੱਚ ਦੱਸਿਆ ਗਿਆ ਕਿ ਜਾਰਜ ਨੂੰ ਛੇ ਮਹੀਨਿਆਂ ਦੀ ਮੁਅੱਤਲ ਸਜ਼ਾ ਅਤੇ ਇੱਕ ਸਾਲ ਦਾ ਪ੍ਰੋਬੇਸ਼ਨ ਦਿੱਤਾ ਗਿਆ ਸੀ। ਉਨ੍ਹਾਂ ਨੂੰ ਸ਼ਾਂਤੀ ਭੰਗ ਕਰਨ ਦਾ ਦੋਸ਼ੀ ਪਾਇਆ ਗਿਆ ਸੀ।

ਪਰ ਉਸ ਨੂੰ ਸੈਕੰਡ ਡਿਗਰੀ ਅਸਾਲਟ ਵਿੱਚ ਦੋਸ਼ੀ ਨਹੀਂ ਪਾਇਆ ਗਿਆ ਕਿਉਂਕਿ ਅਦਾਲਤ ਨੂੰ ਦਸਤਾਵੇਜ਼ਾਂ ਦੇ ਮੁਤਾਬਕ ਸ਼ੇਰਪਾ ਦੇ ਸਿਰ 'ਤੇ ਕੋਈ ਸੱਟ ਨਹੀਂ ਦਿਖੀ ਸੀ।

ਵਿਆਹ ਤੋਂ ਮਿਲੇ ਸਦਮੇ ਨੇ ਜੀਣਾ ਮੁਸ਼ਕਿਲ ਕਰ ਦਿੱਤਾ

ਲਖਪਾ ਸ਼ੇਰਪਾ ਤੇ ਉਨ੍ਹਾਂ ਦੀਆਂ ਧੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੱਡੀ ਧੀ ਸਨੀ, ਨਿਰਦੇਸ਼ਕ ਲੂਸੀ ਵਾਕਰ, ਲਖਪਾ ਸ਼ੇਰਪਾ ਅਤੇ ਉਨ੍ਹਾਂ ਦੀ ਛੋਟੀ ਧੀ ਸ਼ਾਇਨੀ (ਖੱਬਿਓਂ ਸੱਜੇ)

ਜਾਰਜ ਡੇਜ਼ਮੇਰੇਸਕੂ ਦੀ 2020 ਵਿੱਚ ਕੈਂਸਰ ਕਰਕੇ ਮੌਤ ਹੋ ਗਈ। ਪਰ ਉਨ੍ਹਾਂ ਨੇ ਲਖਪਾ ਸ਼ੇਰਪਾ ਨੂੰ ਜੋ ਜ਼ਖਮ ਦਿੱਤੇ, ਉਨ੍ਹਾਂ ਨੂੰ ਭਰਨਾ ਮੁਸ਼ਕਿਲ ਹੈ। ਸ਼ੇਰਪਾ ਕਹਿੰਦੇ ਹਨ ਕਿ ਉਹ ਆਪਣੇ ਜੀਵਨ ਨੂੰ ਗੁਪਤ ਰੱਖਣਾ ਚਾਹੁੰਦੀ ਹੈ। ਉਹ ਨਹੀਂ ਚਾਹੁੰਦੀ ਕਿ ਦੁਨੀਆ ਉਸ ਬਾਰੇ ਜਾਣੇ।

ਪਰ ਜਦੋਂ ਉਨ੍ਹਾਂ ਦੇ ਪੁੱਤ ਨੇ ਲੂਸੀ ਵਾਕਰ ਦੇ ਅਤੀਤ ਵਿੱਚ ਕੀਤੇ ਗਏ ਕੰਮ ਨੂੰ ਦੇਖਿਆ ਤਾਂ ਆਪਣੀ ਮਾਂ ਨੂੰ ਫ਼ਿਲਮ ਕਰਨ ਦੀ ਸਲਾਹ ਦਿੱਤੀ।

ਉਥੇ ਹੀ ਸ਼ੇਰਪਾ ਨੂੰ ਫ਼ਿਲਮ ਲਈ ਰਾਜ਼ੀ ਕਰਨ ਨੂੰ ਲੈ ਕੇ ਲੂਸੀ ਨੇ ਉਨ੍ਹਾਂ ਨੂੰ ਕਿਹਾ, "ਜੇ ਤੁਸੀਂ ਆਪਣੀ ਕਹਾਣੀ ਸਾਂਝੀ ਕਰੋਗੇ, ਤਾਂ ਲੋਕ ਤੁਹਾਨੂੰ ਹੋਰ ਵੀ ਪਿਆਰ ਕਰਨਗੇ। ਕਿਉਂਕਿ ਜਦੋਂ ਤੁਸੀਂ ਲੋਕਾਂ ਨੂੰ ਆਪਣੇ ਮੁਸ਼ਕਿਲ ਸਮੇਂ ਬਾਰੇ ਦੱਸੋਗੇ, ਉਦੋਂ ਮੈਨੂੰ ਲੱਗਦਾ ਹੈ ਕਿ ਲੋਕ ਤੁਹਾਡੇ ਨਾਲ ਹੋਰ ਨੇੜਤਾ ਮਹਿਸੂਸ ਕਰ ਸਕਣਗੇ।"

ਲਖਪਾ ਸ਼ੇਰਪਾ ਦੀ ਜ਼ਿੰਦਗੀ 'ਤੇ ਬਣੀ ਦਸਤਾਵੇਜ਼ੀ ਫ਼ਿਲਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਖਪਾ ਸ਼ੇਰਪਾ ਦੀ ਜ਼ਿੰਦਗੀ 'ਤੇ ਬਣੀ ਦਸਤਾਵੇਜ਼ੀ ਫ਼ਿਲਮ 31 ਜੁਲਾਈ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ

ਵਿਆਹ ਬਾਰੇ ਸ਼ੇਰਪਾ ਕਹਿੰਦੇ ਹਨ ਕਿ ਇਸ ਤੋਂ ਮਿਲੇ ਸਦਮੇ ਮਗਰੋਂ ਜੀਵਨ ਮੁਸ਼ਕਿਲ ਹੋ ਚੁਕਿਆ ਸੀ।

ਦੱਬੀ ਹੋਈ ਆਵਾਜ਼ ਵਿੱਚ ਉਨ੍ਹਾਂ ਨੇ ਕਿਹਾ, "ਮੈਂ ਆਪਣੇ ਜੀਵਨ ਵਿੱਚ ਬਹੁਤ ਕੁੱਝ ਝੱਲਿਆ ਹੈ। ਬਹੁਤ ਮਿਹਨਤ ਕੀਤੀ ਹੈ। ਬਹੁਤ ਹਿੰਮਤ ਕੀਤੀ ਹੈ। ਕਈ ਵਾਰ ਮੈਂ ਕਹਿੰਦੀ ਹਾਂ ਕਿ ਮੈਂ ਜੀਵਤ ਹੀ ਕਿਉਂ ਹਾਂ, ਮੈਂ ਮਰ ਕਿਉਂ ਨਹੀਂ ਗਈ, ਕਿੰਨੇ ਖ਼ਤਰੇ ਸੀ। ਮੈਂ ਲਗਭਗ ਸਵਰਗ ਪਹੁੰਚ ਗਈ ਸੀ ਅਤੇ ਫਿਰ ਵਾਪਸ ਪਰਤੀ। ਕਾਫ਼ੀ ਮੁਸ਼ਕਿਲ ਸੀ। ਜ਼ਖ਼ਮੀ ਔਰਤ ਬਹੁਤ ਸਖ਼ਤ ਹੁੰਦੀ ਹੈ। ਜਲਦੀ ਹਾਰ ਨਹੀਂ ਮੰਨਦੀ। ਅਤੇ ਮੈਂ ਅੱਜ ਵੀ ਇਹੀ ਕਰ ਰਹੀ ਹਾਂ।"

ਲਖਪਾ ਦੇ ਲਈ ਪਹਾੜਾਂ 'ਤੇ ਚੜ੍ਹਨਾ ਸਿਰਫ਼ ਉਨ੍ਹਾਂ ਦਾ ਜਨੂੰਨ ਨਹੀਂ ਬਲਕਿ ਹੀਲਿੰਗ ਪ੍ਰੋਸੈਸ (ਠੀਕ ਹੋਣ ਦਾ ਤਰੀਕਾ) ਹੈ। ਸਾਲ 2022 ਵਿੱਚ ਉਨ੍ਹਾਂ ਨੇ 10ਵੀਂ ਵਾਰ ਐਵਰੈਸਟ 'ਤੇ ਚੜ੍ਹ ਕੇ ਇੱਕ ਹੋਰ ਰਿਕਾਰਡ ਤੋੜਿਆ ਸੀ।

ਉਨ੍ਹਾਂ ਦੀ ਜ਼ਿੰਦਗੀ 'ਤੇ ਬਣੀ ਦਸਤਾਵੇਜ਼ੀ ਫ਼ਿਲਮ 31 ਜੁਲਾਈ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)