ਹਿਮਾਲਿਆ ਦੇ ਪਹਾੜਾਂ ਦੀਆਂ ਰਹੱਸਮਈ 'ਸਵਰਗ ਘਾਟੀਆਂ' ਦਾ ਬੋਧੀ ਧਰਮ ਗੁਰੂ ਕੀ ਦੱਸਦੇ ਹਨ ਭੇਦ

ਹਿਮਾਲਿਆ

ਤਸਵੀਰ ਸਰੋਤ, Stuart Butler

ਤਸਵੀਰ ਕੈਪਸ਼ਨ, ਹਿਮਾਲਿਆ ਵਿੱਚ 'ਲੁਕੀਆਂ ਸਵਰਗ ਘਾਟੀਆਂ' ਹਨ
    • ਲੇਖਕ, ਸਟੁਅਰਟ ਬਟਲਰ
    • ਰੋਲ, ਪੱਤਰਕਾਰ

ਮੱਠ ਦੇ ਦਰਵਾਜ਼ੇ ਤੋਂ ਬਾਹਰ ਸਮੁੰਦਰੀ ਤਲ ਤੋਂ 7,000 ਮੀਟਰ ਦੀ ਉਚਾਈ ਉੱਤੇ ਉੱਚੀਆਂ ਚੱਟਾਨਾਂ ਦੀਆਂ ਕਤਾਰਾਂ ਅਤੇ ਬਰਫ਼ੀਲੀਆਂ ਚੋਟੀਆਂ ਵੱਲ ਦੇਖਦਿਆਂ ਬੋਧੀ ਭਿਕਸ਼ੂ ਨੇ ਮੁਸਕਰਾਉਂਦਿਆਂ ਕਿਹਾ, "ਮੈਂ ਘਰ ਆ ਗਿਆ ਹਾਂ, ਆਪਣੇ ਸਵਰਗ ਵਿੱਚ।"

ਫਿਰ ਉਨ੍ਹਾਂ ਨੇ ਆਪਣਾ ਧਿਆਨ ਵਾਪਸ ਕਲਾਸ-ਰੂਮ ਵੱਲ ਲਿਆਂਦਾ, ਜਿੱਥੇ ਉਹ ਛੋਟੀ ਉਮਰ ਦੇ ਨਵੇਂ ਭਿਕਸ਼ੂਆਂ ਨੂੰ ਪੜ੍ਹਾ ਰਹੇ ਸਨ।

ਮੈਂ ਉਨ੍ਹਾਂ ਦਾ ਧੰਨਵਾਦ ਕਰਦਿਆਂ, ਦਰਵਾਜ਼ਾ ਬੰਦ ਕਰ ਕੇ ਮੱਠ ਤੋਂ ਬਾਹਰ ਵੱਲ ਤੁਰ ਪਿਆ।

ਪੱਥਰ ਦੇ ਬਣੇ ਘਰਾਂ, ਜਵਾਰ ਤੇ ਆਲੂਆਂ ਦੇ ਖੇਤਾਂ ਵਾਲੇ ਥਾਮੇ (ਨੇਪਾਲ ਦਾ ਇੱਕ ਇਲਾਕਾ) ਦੇ ਇੱਕ ਛੋਟੇ ਜਿਹੇ ਪਿੰਡ ਤੋਂ ਦੂਰ। ਹਿਮਾਲਿਆ ਦੀਆਂ ਵਿਸ਼ਾਲ ਚੋਟੀਆਂ ਤੋਂ ਅਤੇ 'ਬੇਯੂਲ' ਤੋਂ ਦੂਰ।

ਬੇਯੂਲ ਕੀ ਹੈ

'ਬੇਯੂਲ' ਇੱਕ ਪਵਿੱਤਰ ਅਸਥਾਨ ਹੈ, ਜਿੱਥੇ ਮੁਸ਼ਕਿਲ ਸਮੇਂ ਵਿੱਚ ਲਾਮਾ (ਬੋਧੀ ਧਰਮ ਗੁਰੂ) ਲੋਕਾਂ ਨੂੰ ਲਿਜਾ ਸਕਦੇ ਹਨ।

ਤਿੱਬਤੀ ਬੁੱਧ ਧਰਮ ਦੀਆਂ ਚਾਰ ਸੰਪਰਦਾਵਾਂ ਵਿੱਚੋਂ ਸਭ ਤੋਂ ਪੁਰਾਣੀ 'ਨਯਿੰਗਮਾ' ਸੰਪ੍ਰਦਾਇ ਹੈ।

ਅੱਠਵੀਂ ਸਦੀ ਦੌਰਾਨ ਹੋਂਦ 'ਚ ਆਈ ਇਸ ਸੰਪਰਦਾਇ ਦੀ ਧਾਰਨਾ ਹੈ ਕਿ ਬੇਯੂਲ ਉਹ ਅਸਥਾਨ ਹੈ, ਜਿੱਥੇ ਦੁਨਿਆਵੀ ਅਤੇ ਰੁਹਾਨੀ ਸੰਸਾਰ ਦਾ ਮੇਲ ਹੁੰਦਾ ਹੈ।

ਖਾਸ ਤੌਰ 'ਤੇ, ਇਹ ਹਿਮਾਲਿਆ ਵਿੱਚ 'ਲੁਕੀਆਂ ਸਵਰਗ ਘਾਟੀਆਂ' ਹਨ। ਜਿਨ੍ਹਾਂ ਦੀ ਥਾਂ ਉਦੋਂ ਹੀ ਪਤਾ ਲੱਗੇਗੀ ਜਦੋਂ ਸੰਸਾਰ ਵਿੱਚ ਗੰਭੀਰ ਤਣਾਅ ਹੋਵੇਗਾ ਅਤੇ ਜੰਗ, ਅਕਾਲ ਜਾਂ ਪਲੇਗ ਕਾਰਨ ਤਬਾਹੀ ਦਾ ਖ਼ਤਰਾ ਹੋਵੇਗਾ।

ਮੰਨਿਆ ਜਾਂਦਾ ਹੈ ਕਿ ਅਜਿਹੇ ਸਮੇਂ ਬੇਯੂਲ ਤਬਾਹੀ ਕੰਢੇ ਖੜੀ ਦੁਨੀਆਂ ਲਈ ਉਹ ਪਨਾਹਗਾਹ ਬਣਨਗੇ, ਜਿੱਥੇ ਸਭ ਕੁਝ ਸੁਰੱਖਿਅਤ ਰਹਿੰਦਾ ਹੈ।

ਫਰਾਂਸਿਸ ਕਲਾਜ਼ਲ ਨੇ ਹਿਮਾਲਿਅਨ ਅਤੇ ਬੋਧੀ ਸੱਭਿਆਚਾਰ ਬਾਰੇ 'ਗਾਇਟੀ ਆਫ਼ ਸਪਿਰਟ-ਦ ਸ਼ੇਰਪਾਜ਼ ਆਫ਼ ਐਵਰੈਸਟ' (Gaiety of Spirit-the Sherpas of Everest) ਸਮੇਤ ਕਈ ਕਿਤਾਬਾਂ ਲਿਖੀਆਂ ਹਨ।

ਬੀਬੀਸੀ
  • 'ਬੇਯੂਲ' ਇੱਕ ਪਵਿੱਤਰ ਅਸਥਾਨ ਹੈ, ਜਿੱਥੇ ਮੁਸ਼ਕਿਲ ਸਮੇਂ ਵਿੱਚ ਲਾਮਾ (ਬੋਧੀ ਧਰਮ ਗੁਰੂ) ਲੋਕਾਂ ਨੂੰ ਲਿਜਾ ਸਕਦੇ ਹਨ। ਤਿੱਬਤੀ ਬੁੱਧ ਧਰਮ ਦੀਆਂ ਚਾਰ ਸੰਪਰਦਾਵਾਂ ਵਿੱਚੋਂ ਸਭ ਤੋਂ ਪੁਰਾਣੀ 'ਨਯਿੰਗਮਾ' ਸੰਪਰਦਾਇ ਹੈ।
  • ਬੇਯੂਲ ਉਹ ਅਸਥਾਨ ਹੈ, ਜਿੱਥੇ ਦੁਨਿਆਵੀ ਅਤੇ ਰੁਹਾਨੀ ਸੰਸਾਰ ਦਾ ਮੇਲ ਹੁੰਦਾ ਹੈ।
  • ਬੇਯੂਲ ਦੀ ਸਥਾਪਨਾ ਬਾਰੇ ਇਹ ਧਾਰਨਾ ਹੈ ਕਿ ਇਨ੍ਹਾਂ ਦੀ ਰਚਨਾ ਪਦਮਾਸੰਭਵ (ਗੁਰੂ ਰਿਨਪੋਚੇ) ਨੇ ਕੀਤੀ ਸੀ।
  • ਕੋਈ ਨਹੀਂ ਜਾਣਦਾ ਕਿ ਆਖ਼ਰ ਕਿੰਨੇ ਬੇਯੂਲ ਹਨ, ਪਰ ਸਭ ਤੋਂ ਜ਼ਿਆਦਾ ਮੰਨੀ ਗਈ ਗਿਣਤੀ 108 ਹੈ।
  • ਬੇਯੂਲ ਇੱਕ ਭੌਤਿਕ ਸਥਾਨ ਵੀ ਹੋ ਸਕਦਾ ਹੈ ਅਤੇ ਇੱਕ ਅਧਿਆਤਮਕ ਵੀ।
ਬੀਬੀਸੀ
ਹਿਮਾਲਿਆ

ਤਸਵੀਰ ਸਰੋਤ, Stuart Butler

ਤਸਵੀਰ ਕੈਪਸ਼ਨ, ਕੋਈ ਨਹੀਂ ਜਾਣਦਾ ਕਿ ਆਖ਼ਰ ਕਿੰਨੇ ਬੇਯੂਲ ਹਨ, ਪਰ ਸਭ ਤੋਂ ਜ਼ਿਆਦਾ ਮੰਨੀ ਗਈ ਗਿਣਤੀ 108 ਹੈ

ਫਰਾਂਸਿਸ ਨੇ ਦੱਸਿਆ, ''ਬੇਯੂਲ ਇੱਕ ਪਵਿੱਤਰ ਸਥਾਨ ਹੈ, ਜਿੱਥੇ ਔਖੀ ਘੜੀ ਵਿੱਚ ਬੋਧੀ ਧਰਮ ਗੁਰੂ ਯਾਨੀ ਲਾਮਾ ਲੋਕਾਂ ਨੂੰ ਲਿਜਾ ਸਕਣਗੇ।"

ਉਨ੍ਹਾਂ ਦੱਸਿਆ ਕਿ ਬੇਯੂਲ ਅੰਦਰ ਹਰ ਕੋਈ ਨਹੀਂ ਜਾ ਸਕੇਗਾ। ਸਿਰਫ਼ ਸਾਫ਼ ਦਿਲ ਵਾਲਾ ਇੱਕ ਸੱਚਾ ਬੋਧੀ, ਜਿਸ ਨੇ ਸਖ਼ਤ ਤਪੱਸਿਆ ਕੀਤੀ ਹੋਵੇ ਅਤੇ ਘੋਰ ਸਾਧਨਾ ਦੀ ਔਖ਼ ਝੱਲੀ ਹੋਵੇ, ਉਹ ਹੀ ਬੇਯੂਲ ਅੰਦਰ ਦਾਖਲ ਹੋ ਸਕੇਗਾ।

ਜਿਹੜੇ ਨਿਯੰਗਮਾ ਬੋਧੀ ਇਹ ਸ਼ਰਤਾਂ ਪੂਰੀਆਂ ਨਾ ਕਰਨ ਦੇ ਬਾਵਜੂਦ ਬੇਯੂਲ ਅੰਦਰ ਜਾਣ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।

ਬੇਯੂਲ ਹੋਂਦ ਵਿੱਚ ਕਿਵੇਂ ਆਏ

ਇਸ ਖੇਤਰ ਬਾਰੇ ਕਈ ਗਾਈਡਬੁਕਸ ਦਾ ਲੇਖਕ ਹੋਣ, ਹਿਮਾਲਿਅਨ ਤੇ ਤਿੱਬਤੀ ਖੇਤਰ ਵਿੱਚ ਅਕਸਰ ਆਉਂਦੇ ਜਾਂਦੇ ਰਹਿਣ ਕਰਕੇ, ਮੈਨੂੰ ਇਹ ਬੇਹਦ ਰੋਮਾਂਚਕ ਲੱਗਿਆ ਕਿ ਹਿਮਾਲਿਆ ਦੀਆਂ ਤਹਿਾਂ ਅੰਦਰ ਕਿਸੇ ਪਰਲੋ ਵੇਲੇ ਉਜਾਗਰ ਹੋਣ ਵਾਲੀ ਧਰਤੀ ਹੋ ਸਕਦੀ ਹੈ।

ਪਰਬਤਾਂ ਵੱਲ ਰੁਖ ਕਰਨ ਤੋਂ ਪਹਿਲਾਂ ਮੈਂ ਫਰਾਂਸਿਸ ਨੂੰ ਪਿੱਠਭੂਮੀ ਬਾਰੇ ਪੁੱਛਿਆ ਕਿ ਆਖ਼ਰ ਬੇਯੂਲ ਹੋਂਦ ਵਿੱਚ ਕਿਵੇਂ ਆਏ।

ਉਨ੍ਹਾਂ ਨੇ ਦੱਸਿਆ ਕਿ ਬੇਯੂਲ ਦੀ ਸਥਾਪਨਾ ਬਾਰੇ ਇਹ ਧਾਰਨਾ ਹੈ ਕਿ ਇਨ੍ਹਾਂ ਦੀ ਰਚਨਾ ਪਦਮਾਸੰਭਵ (ਗੁਰੂ ਰਿਨਪੋਚੇ) ਨੇ ਕੀਤੀ ਸੀ।

ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਅੱਠਵੀਂ-ਨੌਂਵੀਂ ਸਦੀ ਦੌਰਾਨ ਤਿੱਬਤ ਅਤੇ ਹਿਮਾਲਿਆ ਖੇਤਰ ਵਿੱਚ ਬੁੱਧ ਧਰਮ ਦੇ ਆਗੂ ਸਨ, ਉਨ੍ਹਾਂ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਅਹਿਮ ਯੋਗਦਾਨ ਪਾਇਆ ਸੀ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ
ਹਿਮਾਲਿਆ

ਤਸਵੀਰ ਸਰੋਤ, Feng Wei Photography/Getty Images

ਤਸਵੀਰ ਕੈਪਸ਼ਨ, ਬੇਯੂਲ ਇੱਕ ਭੌਤਿਕ ਸਥਾਨ ਵੀ ਹੋ ਸਕਦਾ ਹੈ ਅਤੇ ਇੱਕ ਅਧਿਆਤਮਕ ਵੀ

"ਹਿਮਾਲਿਆ ਦੀਆਂ ਯਾਤਰਾਵਾਂ ਦੌਰਾਨ ਪਦਮਾਸੰਭਵ ਨੂੰ ਅਹਿਸਾਸ ਹੋਇਆ ਕਿ ਪਰਲੋ ਆਏਗੀ।''

ਫਰਾਂਸਿਸ਼ ਨੇ ਦੱਸਿਆ, ''ਉਨ੍ਹਾਂ ਨੇ ਆਪਣੀਆਂ ਅਧਿਆਤਮਕ ਸ਼ਕਤੀਆਂ ਦੀ ਵਰਤੋਂ ਕਰਕੇ ਕੁਝ ਘਾਟੀਆਂ ਨੂੰ ਸ਼ੁੱਧ ਕਰ ਦਿੱਤਾ ਅਤੇ ਲੁਕੋ ਦਿੱਤਾ। ਇਨ੍ਹਾਂ ਘਾਟੀਆਂ ਦੀ ਜਗ੍ਹਾ ਅਤੇ ਇੱਥੇ ਜਾਣ ਦੀਆਂ ਸ਼ਰਤਾਂ ਬਾਰੇ ਵੀ ਲਿਖਿਆ ਹੈ।''

ਇਹ ਲਿਖਤਾਂ ਹਿਮਾਲਿਆਂ ਦੀਆਂ ਗੁਫਾਵਾਂ, ਮੱਠਾਂ ਅਤੇ ਝਰਨਿਆਂ ਪਿੱਛੇ ਲੁਕੋ ਦਿੱਤੀਆਂ ਗਈਆਂ ਸਨ ਅਤੇ ਪਦਮਾਸੰਭਵ ਵੱਲੋਂ ਤੈਅ ਕੀਤੇ ਸਮੇਂ 'ਤੇ ਬੋਧੀ ਧਰਮ ਗੁਰੂਆਂ ਨੂੰ ਲੱਭ ਸਕਣਗੀਆਂ।

ਬੇਯੂਲ ਕਿੰਨੇ ਹਨ ਤੇ ਕਿੱਥੇ ਹਨ

ਕੋਈ ਨਹੀਂ ਜਾਣਦਾ ਕਿ ਆਖ਼ਰ ਕਿੰਨੇ ਬੇਯੂਲ ਹਨ, ਪਰ ਸਭ ਤੋਂ ਜ਼ਿਆਦਾ ਮੰਨੀ ਗਈ ਗਿਣਤੀ 108 ਹੈ। ਹਾਲਾਂਕਿ ਇਨ੍ਹਾਂ ਵਿੱਚੋਂ ਵਧੇਰੇ ਥਾਂਵਾਂ ਉਜਾਗਰ ਹੋਣੀਆਂ ਬਾਕੀ ਹਨ।

ਜਿਹੜੀਆਂ ਥਾਂਵਾਂ ਦਾ ਪਤਾ ਲੱਗ ਚੁੱਕਾ ਹੈ, ਉਨ੍ਹਾਂ ਵਿੱਚੋਂ ਬੰਜਰ ਤਿੱਬਤੀ ਪਠਾਰ ਦੀ ਬਜਾਇ ਵਧੇਰੇ ਖੇਤਰ ਹਿਮਾਲਿਆ ਦੇ ਦੱਖਣੀ ਪਾਸੇ ਹਨ। ਜੋ ਕਿ ਜ਼ਿਆਦਾ ਹਰਿਆਲੀ ਭਰੇ, ਪਾਣੀ ਵਾਲੇ, ਵੱਧ ਉਪਜਾਊ ਯਾਨੀ ਵਧੇਰੇ 'ਸਵਰਗ ਜਿਹਾ' ਲੱਗਣ ਵਾਲੇ ਖੇਤਰ ਹਨ ।

ਅਜਿਹੇ ਬੇਯੂਲਾਂ ਵਿੱਚੋਂ ਕੁਝ ਜਿਵੇਂ ਕਿ ਉੱਤਰੀ-ਪੂਰਬੀ ਭਾਰਤ ਵਿੱਚ ਸਿੱਕਮ, ਨੇਪਾਲ ਵਿੱਚ ਹੇਲਾਂਬੂ, ਰੋਲਵਾਲਿੰਗ ਅਤੇ ਤਸੁਮ ਘਾਟੀਆਂ ਬਾਰੇ ਬੋਧੀ ਅਭਿਆਸੀ ਸਦੀਆਂ ਤੋਂ ਜਾਣਦੇ ਹਨ ਅਤੇ ਇਨ੍ਹਾਂ ਦੇ ਪਿੰਡਾਂ ਤੇ ਕਸਬਿਆਂ ਦੀ ਹੋਂਦ ਬਾਰੇ ਪਤਾ ਹੈ।

ਫਿਰ ਉਹ ਹਨ ਜਿਨ੍ਹਾਂ ਦੀ ਥਾਂ ਬਾਰੇ ਪਤਾ ਤਾਂ ਹੈ ਪਰ ਉੱਥੇ ਹਰ ਕੋਈ ਪਹੁੰਚ ਨਹੀਂ ਸਕਦਾ।

ਅਜਿਹਾ ਇਸ ਲਈ ਕਿਉਂਕਿ ਬੇਯੂਲ ਇੱਕ ਭੌਤਿਕ ਸਥਾਨ ਵੀ ਹੋ ਸਕਦਾ ਹੈ ਅਤੇ ਇੱਕ ਅਧਿਆਤਮਕ ਵੀ। ਕਿਹਾ ਜਾਂਦਾ ਹੈ ਕਿ ਕੋਈ ਇਨਸਾਨ ਬੇਯੂਲ ਤੱਕ ਪਹੁੰਚ ਸਕਦਾ ਹੈ ਪਰ ਉਸ ਦੇ ਅੰਦਰ ਨਹੀਂ ਜਾ ਸਕਦਾ।

ਲੁਕੇ ਹੋਏ ਸਥਾਨਾਂ ਬਾਰੇ ਮਨੌਤਾਂ ਨੂੰ ਕਿਸੇ ਪਰੀ-ਕਥਾ ਵਿੱਚੋਂ ਪੈਦਾ ਹੋਇਆ ਮੰਨਿਆ ਜਾ ਸਕਦਾ ਹੈ, ਪਰ ਬੇਯੂਲ ਬਾਰੇ ਜਾਣਕਾਰੀ ਦੇਣ ਵਾਲੀਆਂ ਪ੍ਰਾਚੀਨ ਲਿਖਤਾਂ ਵੀ ਮਿਲੀਆਂ ਹਨ।

ਹਿਮਾਲਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੇਰਪਾ ਲੋਕਾਂ ਨੂੰ ਖਤਰਨਾਕ 'ਨੰਗਪਾ ਲਾ' ਦੱਰਾ ਪਾਰ ਕਰਵਾਇਆ ਅਤੇ ਉਸ ਜ਼ਮੀਨ ਵਿਚ ਲੈ ਗਏ ਜਿੱਥੇ ਚੰਗੀ ਮਾਤਰਾ ਵਿੱਚ ਪਾਣੀ ਉਪਲੱਬਧ ਸੀ

ਮਿਸਾਲ ਵਜੋਂ, ਬੇਯੂਲ ਪੇਮਾਕੋ ਜੋ ਕਿ ਅਜੋਕੇ ਭਾਰਤ ਦੇ ਉੱਤਰ-ਪੂਰਬ ਦਾ ਸੂਬਾ ਅਰੁਣਾਚਲ ਪ੍ਰਦੇਸ਼ ਹੈ।

ਪਵਿੱਤਰ ਬੇਯੂਲ ਤੱਕ ਜਾਣ ਦਾ ਰਸਤਾ ਸੰਸਾਰ ਦੇ ਸਭ ਤੋਂ ਨਾ ਪਹੁੰਚਣਯੋਗ 'ਯਾਰਲੁੰਗ ਤਸਾਂਗਪੋ ਕੈਨੀਯਨ' ਵਿੱਚ ਝਰਨੇ ਪਿੱਛੇ ਉੱਚੀਆਂ ਚੱਟਾਨਾਂ 'ਤੇ ਲੁਕਿਆ ਹੋਇਆ ਸੀ।

ਉਹ ਖੇਤਰ ਬਹੁਤ ਸਮੇਂ ਤੱਕ ਦੁਨੀਆਂ ਦੇ ਨਕਸ਼ੇ ਵਿੱਚ ਕਿਤੇ ਦਿਸਦਾ ਵੀ ਨਹੀਂ ਸੀ।

1990 ਤੱਕ ਕਿਸੇ ਨੂੰ ਇਹ ਵੀ ਪਤਾ ਨਹੀਂ ਸੀ ਕਿ ਉੱਥੇ ਕੋਈ ਝਰਨਾ ਵੀ ਹੈ, ਪਰ ਬੋਧੀ ਵਿਦਵਾਨ ਈਆਨ ਬੇਕਰ ਦੀ ਅਗਵਾਈ ਵਿੱਚ ਕੁਝ ਬੋਧੀ ਅਭਿਆਸਕਾਰ ਆਖ਼ਰ ਉਸ ਖੇਤਰ ਵਿੱਚ ਦਾਖਲ ਹੋਏ ਅਤੇ 'ਕੈਨੀਯਨ' ਅੰਦਰ ਝਰਨੇ ਦੀ ਖੋਜ ਕੀਤੀ।

ਲਾਮਾ ਤੁਲਸ਼ੁਕ ਲਿੰਗਪਾ ਦਾ ਦਾਅਵਾ

ਆਪਣੇ ਇਸ ਤਜਰਬੇ ਨੂੰ ਬੇਕਰ ਨੇ ਕਿਤਾਬ 'ਦ ਹਾਰਟ ਆਫ ਦ ਵਰਲਡ' ਵਿੱਚ ਕਲਮਬੱਧ ਕੀਤਾ ਹੈ।

ਜਿਸ ਤਰ੍ਹਾਂ ਬੇਯੂਲ ਦੰਦਕਥਾ ਤੋਂ ਕਿਤੇ ਵਧ ਕੇ ਲੱਗਦੇ ਹਨ। ਓਵੇਂ ਹੀ ਸਾਫ਼ ਦਿਲ ਨਾ ਹੋਣ ਅਤੇ ਅਣ-ਉਚਿਤ ਸਮੇਂ ਬੇਯੂਲ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਖ਼ੌਫ਼ਨਾਕ ਅੰਤ ਦੀਆਂ ਕਹਾਣੀਆਂ ਜਾਪਦੀਆਂ ਹਨ।

ਸਾਲ 1962 ਵਿੱਚ, ਇੱਕ ਮੰਨੇ ਹੋਏ ਤਿੱਬਤੀ ਲਾਮਾ ਤੁਲਸ਼ੁਕ ਲਿੰਗਪਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਬੇਯੂਲ ਦਿਮੋਸ਼ੋਂਗ ਤੱਕ ਲਿਜਾਣ ਵਾਲਾ ਨਕਸ਼ਾ ਮਿਲ ਗਿਆ ਹੈ।

ਦੁਨੀਆ ਦੀ ਤੀਜੀ ਸਭ ਤੋਂ ਉੱਚੀ ਚੋਟੀ ਮਾਊਂਟ ਕੰਚਨਜੰਗਾ ਦੀਆਂ ਢਲਾਣਾਂ ਤੋਂ ਉਸ ਦਾ ਰਾਹ ਹੋਣ ਬਾਰੇ ਕਿਹਾ ਗਿਆ ਸੀ।

ਉਨ੍ਹਾਂ ਨੇ ਕਰੀਬ 3,000 ਪੈਰੋਕਾਰਾਂ ਨਾਲ ਪਰਬਤ ਦੀ ਯਾਤਰਾ ਕੀਤੀ। ਉਸ ਘਟਨਾ ਵਿੱਚ ਬਚਣ ਵਾਲੇ ਥੌਮਸ ਕੇ. ਸ਼ੋਰ ਨੇ ਆਪਣੀ ਕਿਤਾਬ 'ਅ ਸਟੈੱਪ ਅਵੇ ਫਰਾਮ ਪੈਰਾਡਾਈਸ'(A Step away from Paradise) ਵਿੱਚ ਲਿਖਿਆ ਕਿ ਲਿੰਗਪਾ ਅਤੇ ਕੁਝ ਹੋਰ ਰਸਤੇ ਦੇ ਸਰਵੇਖਣ ਲਈ ਅੱਗੇ ਗਏ ਸਨ।

ਹਿਮਾਲਿਆ

ਤਸਵੀਰ ਸਰੋਤ, Stuart Butler

ਤਸਵੀਰ ਕੈਪਸ਼ਨ, ਥਾਮੇ ਬੋਧੀ ਮੱਠ ਵਿੱਚ ਭਿਕਸ਼ੂ ਪ੍ਰਾਚੀਨ ਪੰਨਿਆਂ ਤੋਂ ਕੁਝ ਪੜ੍ਹ ਰਹੇ ਸੀ

ਉਨ੍ਹਾਂ ਨੇ ਚਮਕਦਾਰ ਰੌਸ਼ਨੀਆਂ ਦੇਖੀਆਂ ਸਨ, ਜੋ ਕਿ ਉਨ੍ਹਾਂ ਨੂੰ ਉੱਥੋਂ ਤੱਕ ਲਿਜਾਣ ਵਾਲੇ ਰਸਤੇ ਵੱਲ ਰਾਹ ਰੁਸ਼ਨਾ ਰਹੀਆਂ ਸੀ।

ਪਰ ਅੰਦਰ ਜਾਣ ਦੀ ਬਜਾਇ ਉਹ ਬਾਕੀ ਪੈਰੋਕਾਰਾਂ ਨੂੰ ਬੁਲਾਉਣ ਲਈ ਵਾਪਸ ਆ ਗਏ।

ਮਾੜੀ ਕਿਸਮਤ ਨਾਲ, ਜਾਦੂਈ ਰੌਸ਼ਨੀ ਪਾਰ ਕਰਕੇ ''ਸਵਰਗ ਘਾਟੀ'' ਵਿੱਚ ਜਾਣ ਦੀ ਥਾਂ ਲਾਮਾ ਸਮੇਤ ਗਰੁੱਪ ਦੇ ਵਧੇਰੇ ਮੈਂਬਰ ਬਰਫ਼ੀਲੇ ਤੂਫਾਨ ਵਿੱਚ ਮਾਰੇ ਗਏ।

ਬੇਯੂਲ ਅੰਦਰ ਕੌਣ ਗਿਆ

ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੇ ਬੇਯੂਲ ਅੰਦਰ ਜਾਣ ਦੀਆਂ ਸਫ਼ਲ ਕੋਸ਼ਿਸ਼ਾਂ ਕੀਤੀਆਂ ਹਨ। ਸ਼ੇਰਪਾ (ਨੇਪਾਲ ਅਤੇ ਤਿੱਬਤ ਦੇ ਬਾਰਡਰ 'ਤੇ ਰਹਿਣ ਵਾਲੇ ਕੁਝ ਲੋਕ) ਇਨ੍ਹਾਂ ਵਿੱਚੋਂ ਹਨ।

ਅਜੋਕੇ ਸਮੇਂ ਇਹ ਮੰਨੇ-ਪ੍ਰਮੰਨੇ ਪਰਬਤਾਰੋਹੀ, ਸਮਾਨ ਢੋਹਣ ਵਾਲੇ ਅਤੇ ਟਰੈਕਿੰਗ ਗਾਈਡ ਨੇਪਾਲੀ ਹਿਮਾਲਿਆ ਖਾਸ ਕਰਕੇ ਮਾਊਂਟ ਐਵਰੈਸਟ ਨੇੜੇ ਰਹਿੰਦੇ ਹਨ।

ਪਰ ਉਹ ਹਮੇਸ਼ਾ ਤੋਂ ਐਵਰੈਸਟ ਦੇ ਦੱਖਣੀ ਪਾਸੇ ਨਹੀਂ ਰਹੇ ਹਨ।

ਇਤਿਹਾਸਕ ਵੇਰਵਿਆਂ ਮੁਤਾਬਕ ਉਹ ਜ਼ਿਆਦਾ ਸਮਾਂ ਅਜੋਕੇ ਪੂਰਬੀ ਤਿੱਬਤ ਦੇ ਖਾਮ ਖੇਤਰ ਵਿੱਚ ਰਹਿੰਦੇ ਰਹੇ ਹਨ।

ਹਿਮਾਲਿਆ

ਪਰ 15ਵੀਂ ਸਦੀ ਵਿੱਚ ਹੋਈਆਂ ਗੜਬੜੀਆਂ ਕਾਰਨ ਸ਼ੇਰਪਾ ਲੋਕਾਂ ਦੀ ਦੁਨੀਆ ਉਥਲ-ਪੁਥਲ ਹੋ ਗਈ ਸੀ।

ਉਦੋਂ ਤਿੱਬਤੀ ਬੋਧੀ ਗੁਰੂ ਲਾਮਾ ਸੰਗਿਯਾ ਦੋਰਜੇ ਨੇ ਫ਼ੈਸਲਾ ਕੀਤਾ ਸੀ ਕਿ ਖੁੰਬੂ ਬੇਯੂਲ ਦਾ ਤਾਲਾ ਖੋਲ੍ਹਣ ਦਾ ਸਮਾਂ ਆ ਗਿਆ ਹੈ।

ਉਨ੍ਹਾਂ ਨੇ ਸ਼ੇਰਪਾ ਲੋਕਾਂ ਨੂੰ ਖਤਰਨਾਕ 'ਨੰਗਪਾ ਲਾ' ਦੱਰਾ ਪਾਰ ਕਰਵਾਇਆ ਅਤੇ ਉਸ ਜ਼ਮੀਨ ਵਿੱਚ ਲੈ ਗਏ ਜਿੱਥੇ ਚੰਗੀ ਮਾਤਰਾ ਵਿੱਚ ਪਾਣੀ ਉਪਲੱਬਧ ਸੀ। ਇੱਥੇ ਉਹ ਫਸਲਾਂ ਉਗਾ ਸਕਦੇ ਸਨ ਅਤੇ ਆਪਣੇ 'ਯਾਕ' ਚਰਾ ਸਕਦੇ ਸੀ।

ਇਸ ਤਰ੍ਹਾਂ ਸ਼ੇਰਪਾ ਖੁੰਬੂ (ਮਾਊਂਟ ਐਵਰੈਸਟ ਦੀ ਨੇਪਾਲ ਪਾਸੇ ਵਾਲੇ ਖੇਤਰ ਨੂੰ ਦਿੱਤਾ ਗਿਆ ਨਾਮ) ਪਹੁੰਚੇ। ਜਿੱਥੋਂ ਸ਼ੇਰਪਾ ਆਏ ਸੀ, ਉਸ ਦੇ ਮੁਕਾਬਲੇ ਇਹ ਉੱਚਾਈ ਉੱਤੇ 'ਸਵਰਗ' ਜਿਹਾ ਨਜ਼ਾਰਾ ਸੀ।

ਅੱਜ-ਕੱਲ੍ਹ ਖੁੰਬੂ ਦੇ ਇਸ ਇਲਾਕੇ ਵਿੱਚ ਹਜ਼ਾਰਾਂ ਕੌਮਾਂਤਰੀ ਮਹਿਮਾਨ ਹਰ ਸਾਲ ਆਉਂਦੇ ਹਨ ਅਤੇ ਮਾਊਂਟ ਐਵਰੈਸਟ ਬੇਸਕੈਂਪ 'ਤੇ ਪਹੁੰਚਦੇ ਹਨ, ਪਰ ਮੈਨੂੰ ਮਿਲੇ ਇਨ੍ਹਾਂ ਵਿੱਚੋਂ ਬਹੁਤ ਘੱਟ ਲੋਕ ਬੇਯੂਲ ਬਾਰੇ ਜਾਣਦੇ ਜਾਂ ਰੁਚੀ ਰੱਖਦੇ ਸੀ।

ਹਾਲਾਂਕਿ, ਖੁੰਬੂ ਦੇ ਕੁਝ ਕੋਨੇ ਅਜਿਹੇ ਹਨ ਜਿੱਥੇ ਬੇਯੂਲ ਦੀ ਧਾਰਨਾ ਮਜ਼ਬੂਤ ਰਹਿੰਦੀ ਹੈ।

ਐਵਰੈਸਟ ਬੇਸ ਕੈਂਪ ਤੋਂ ਦੋ ਘਾਟੀਆਂ ਪੱਛਮ ਵੱਲ ਨੇਪਾਲ ਦੀ ਭੋਤ ਕੋਸ਼ੀ ਨਾਦੀ ਘਾਟੀ ਵਿੱਚ ਸਿੱਧੀ ਢਲਾਣ ਉੱਤੇ ਲਾਉਦੂ ਗੋਮਪਾ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ।

ਪਦਮਾਸੰਭਵ ਦਾ ਤਪ ਅਸਥਾਨ

82 ਸਾਲਾ ਨਨ ਦਾਵਾ ਸ਼ਾਂਗਈ ਸ਼ੇਰਪਾ ਗੋਮਪਾ (ਇੱਕ ਛੋਟਾ ਤਿੱਬਤੀ ਮੱਠ) ਵਿੱਚ ਪਿਛਲੇ 50 ਸਾਲਾਂ ਤੋਂ ਰਹਿ ਰਹੀ ਹੈ।

ਉਨ੍ਹਾਂ ਨੇ ਮੇਰੇ ਪਹੁੰਚਦਿਆਂ ਹੀ ਮੈਨੂੰ ਚਾਹ ਅਤੇ ਬਿਸਕੁਟ ਲਿਆ ਕੇ ਦਿੱਤੇ ਅਤੇ ਲਾਉਦੂ ਦੇ ਖੁੰਬੂ ਨਾਲ ਸਬੰਧ ਬਾਰੇ ਦੱਸਣ ਨੂੰ ਤੁਰੰਤ ਤਿਆਰ ਹੋ ਗਈ।

ਹਿਮਾਲਿਆ

ਤਸਵੀਰ ਸਰੋਤ, Stuart Butler

ਤਸਵੀਰ ਕੈਪਸ਼ਨ, ਹਿਮਾਲਿਆ ਵਿੱਚ ਲੁਕੀਆਂ ਹੋਈਆਂ ਘਾਟੀਆਂ ਹੋਣ ਭਾਵੇਂ ਨਾ ਹੋਣ, ਪਰ ਇਹ ਸਾਫ਼ ਲੱਗ ਰਿਹਾ ਸੀ ਕਿ ਭਿਕਸ਼ੂਆਂ ਨੇ ਆਪਣੇ ਮਨ ਦੀ ਸ਼ਾਂਤੀ ਲੱਭ ਲਈ ਸੀ

ਉਨ੍ਹਾਂ ਦੱਸਿਆ, ''ਵਧੇਰੇ ਲੋਕ ਸੋਚਦੇ ਹਨ ਕਿ ਖੁੰਬੂ ਖੇਤਰ ਵਿੱਚ ਸਿਰਫ਼ ਚਾਰ ਘਾਟੀਆਂ ਹਨ, ਪਰ ਇਹ ਸੱਚ ਨਹੀਂ"।

ਉਨ੍ਹਾਂ ਨੇ ਮੈਨੂੰ ਦੱਸਿਆ, ''ਗੋਮਪਾ ਦੇ ਪਿੱਛੇ ਦਰਾਗਕਰਮਾ ਨਾਮੀ ਉੱਚੀ ਚੱਟਾਨ ਹੈ ਅਤੇ ਇੱਥੋਂ ਹੀ ਰਹੱਸਮਈ ਪੰਜਵੀਂ ਘਾਟੀ ਦਾ ਰਸਤਾ ਜਾਂਦਾ ਹੈ, ਇਹ ਬੇਯੂਲ ਦਾ ਦਿਲ ਹੈ।''

ਇਹ ਉਹੀ ਥਾਂ ਹੈ, ਜਿੱਥੇ ਪਦਮਾਸੰਭਵ ਨੇ ਤਪੱਸਿਆ ਕੀਤੀ ਸੀ ਅਤੇ ਜਿੱਥੇ ਉਨ੍ਹਾਂ ਨੇ ਖੁੰਬੂ ਨੂੰ ਆਸ਼ੀਰਵਾਦ ਦੇ ਕੇ ਬੇਯੂਲ ਵਿੱਚ ਬਦਲਿਆ।

ਜਦੋਂ ਮੈਂ ਉਨ੍ਹਾਂ ਤੋਂ ਉਹ ਚੱਟਾਨ ਦੇਖਣ ਬਾਰੇ ਪੁੱਛਿਆ ਤਾਂ ਉਹ ਮੁਸਕੁਰਾਈ ਅਤੇ ਨਾ ਵਿੱਚ ਸਿਰ ਹਿਲਾ ਦਿੱਤਾ।

ਉਨ੍ਹਾਂ ਕਿਹਾ, "ਪਰ ਮੈਂ ਤੁਹਾਨੂੰ ਕੁਝ ਹੋਰ ਦਿਖਾਉਂਦੀ ਹਾਂ।"

ਉਹ ਮੈਨੂੰ ਮੁੱਖ ਪ੍ਰਾਰਥਨਾ ਹਾਲ ਦੇ ਪਿਛਿਓਂ ਪੂਰੀ ਤਰ੍ਹਾਂ ਖੁੱਲ੍ਹੇ ਇੱਕ ਛੋਟੇ ਦਰਵਾਜ਼ੇ ਅੰਦਰੋਂ ਚੱਟਾਨ ਦੇ ਥੱਲੇ ਕਮਰਾ ਨੁਮਾ ਥਾਂ ਵਿੱਚ ਲੈ ਕੇ ਗਈ।

ਚੱਟਾਨ ਦੇ ਹੇਠਾਂ ਛੱਤਨੁਮਾਂ ਪਾਸਾ ਅਸਮਾਨੀ ਨੀਲੇ ਰੰਗ ਵਿੱਚ ਰੰਗਿਆ ਹੋਇਆ ਸੀ ਅਤੇ ਅੰਤ ਵਿੱਚ ਪਦਮਾਸੰਭਵ ਦੀ ਮੂਰਤੀ ਵਾਲਾ ਮੰਦਿਰ ਬਣਿਆ ਹੋਇਆ ਸੀ।

ਮੂਰਤੀ ਦੇ ਪੈਰਾਂ ਵਿੱਚ ਇੱਥੇ ਆਉਣ ਵਾਲਿਆਂ ਵੱਲੋਂ ਭੇਟ ਕੀਤੀਆਂ ਵਸਤੂਆਂ ਸੀ, ਇਨ੍ਹਾਂ ਵਿੱਚ ਇੱਕ ਬ੍ਰਿਟਾਨੀਆ ਡਾਈਜੈਸਟਿਵ ਬਿਸਕੁਟ, ਇੱਕ ਨੂਡਲ ਦਾ ਪੈਕਟ ਅਤੇ ਕੁਝ ਸੁੱਕੇ ਹੋਏ ਫੁੱਲ ਵੀ ਸਨ।

ਦਾਵਾ ਸਾਂਗਈ ਨੇ ਕਿਹਾ, "ਇੱਥੇ ਪਦਮਾਸੰਭਵ ਨੇ ਤਪੱਸਿਆ ਕੀਤੀ ਸੀ ਅਤੇ ਖੁੰਬੂ ਨੂੰ ਆਸ਼ੀਰਵਾਦ ਦੇ ਕੇ ਬੇਯੂਲ ਵਿੱਚ ਬਦਲਿਆ ਸੀ।"

ਭਾਵੇਂ ਕਿ ਮੈਂ ਬੋਧੀ ਨਹੀਂ ਹਾਂ, ਪਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਹੱਥਾਂ ਨਾਲ ਗੁਫਾ ਅੰਦਰਲੀਆਂ ਕੰਧਾਂ ਛੂਹ ਰਿਹਾ ਸੀ ਅਤੇ ਮੇਰੇ ਅੰਦਰ ਇੱਕ ਕਮਾਲ ਦਾ ਅਹਿਸਾਸ ਸੀ।

ਥਾਮੇ ਪਿੰਡ ਦੀ ਯਾਤਰਾ

ਸ਼ਾਇਦ ਮੇਰੇ ਚਿਹਰੇ 'ਤੇ ਮੁਸਕੁਰਾਹਟ ਵੇਖ ਕੇ ਉਨ੍ਹਾਂ ਨੇ ਮੈਨੂੰ ਸੁਝਾਅ ਦਿੱਤਾ ਕਿ ਘਾਟੀ ਪਾਰ ਥਾਮੇ ਦੇ ਪਿੰਡ ਜਾਵਾਂ। ਜਿਸ ਥਾਂ ਉੱਤੇ ਖੇਤੀ ਵਾਲੀਆਂ ਜ਼ਮੀਨਾਂ ਅਤੇ ਯਾਕਾਂ ਦੀਆਂ ਚਾਰਗਾਹਾਂ ਬਣਦੀਆਂ ਹਨ।

ਉੱਥੇ ਥਾਮੇ ਮੱਠ, ਖੁੰਬੂ ਦਾ ਸਭ ਤੋਂ ਪੁਰਾਣਾ ਬੋਧੀ ਮੱਠ ਹੈ ਅਤੇ ਇਸ ਥਾਂ ਦੀ ਬਹੁਤ ਅਧਿਆਤਮਕ ਅਹਿਮੀਅਤ ਹੈ। ਕੁਝ ਲੋਕ ਇਸ ਨੂੰ ਖੁੰਬੂ ਦਾ ਰੁਹਾਨੀ ਦਿਲ ਵੀ ਕਹਿੰਦੇ ਹਨ।

ਲਾਉਦੂ ਤੋਂ ਥਾਮੇ ਤੱਕ ਦਾ ਪੈਦਲ ਰਸਤਾ ਉੱਚੀਆਂ ਚੱਟਾਨਾਂ ਅਤੇ ਡੂੰਘੀਆਂ ਖਾਈਆਂ ਵਾਲਾ ਸੀ। ਫਿਰ ਅਚਾਨਕ, ਖੁੱਲ੍ਹੀ ਜ਼ਮੀਨ ਦਿਖੀ ਅਤੇ ਘਾਟੀ ਆ ਗਈ ਜਿਸ ਦੇ ਅੰਤ ਵਿੱਚ ਪਿੰਡ ਸੀ।

ਥਾਮੇ ਬੋਧੀ ਮੱਠ ਵਿੱਚ ਦਰਵਾਜ਼ਾ ਖੋਲ੍ਹ ਕੇ ਮੈਂ ਮੁੱਖ ਪ੍ਰਾਰਥਨਾ ਹਾਲ ਵਿੱਚ ਪਹੁੰਚਿਆ, ਜਿੱਥੇ ਤਿੰਨ ਭਿਕਸ਼ੂ ਪੀਲ਼ੇ ਰੰਗ ਦੇ ਪ੍ਰਾਚੀਨ ਪੰਨਿਆਂ ਤੋਂ ਕੁਝ ਪੜ੍ਹ ਰਹੇ ਸੀ।

ਆਪਣੇ ਗਾਇਨ ਤੋਂ ਰੁਕ ਕੇ ਉਨ੍ਹਾਂ ਵਿੱਚੋਂ ਇੱਕ ਨੇ ਮੈਨੂੰ ਹੱਥ ਹਿਲਾਇਆ ਅਤੇ ਉਸ ਕੋਲ ਪਏ ਬੈਂਚ ਉੱਤੇ ਬੈਠਣ ਦਾ ਇਸ਼ਾਰਾ ਕੀਤਾ।

ਉਸ ਨੇ ਹਲਕੀ ਆਵਾਜ਼ ਵਿੱਚ ਮੈਨੂੰ ਕਿਹਾ ,"ਕਈ ਵਾਰ ਇੱਥੇ ਪ੍ਰਾਰਥਨਾ ਕਰਦਿਆਂ ਸਾਨੂੰ ਪਦਮਾਸੰਭਵ ਦੇ ਦਰਸ਼ਨ ਹੁੰਦੇ ਹਨ।" ਉਸ ਨੇ ਕਿਹਾ ਕਿ ਪਦਮਾਸੰਭਵ ਉਨ੍ਹਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਕੰਮ ਅਤੇ ਪ੍ਰਾਰਥਨਾ ਨਾਲ ਦੁਨੀਆਂ ਦਾ ਭਲਾ ਹੋ ਰਿਹਾ ਹੈ।

ਕੁਝ ਸਮੇਂ ਬਾਅਦ, ਮੈਂ ਉਸ ਕਮਰੇ ਦਾ ਦਰਵਾਜ਼ਾ ਲੰਘਿਆ ਜਿੱਥੇ ਬੋਧੀ ਭਿਕਸ਼ੂ ਨੇ ਕਿਹਾ ਸੀ, "ਮੈਂ ਆਪਣੇ ਘਰ ਵਿੱਚ ਹਾਂ, ਆਪਣੇ ਸਵਰਗ ਵਿੱਚ।"

ਹਿਮਾਲਿਆ ਵਿੱਚ ਲੁਕੀਆਂ ਹੋਈਆਂ ਘਾਟੀਆਂ ਹੋਣ ਭਾਵੇਂ ਨਾ ਹੋਣ, ਪਰ ਇਹ ਸਾਫ਼ ਲੱਗ ਰਿਹਾ ਸੀ ਕਿ ਇਨ੍ਹਾਂ ਭਿਕਸ਼ੂਆਂ ਨੇ ਆਪਣੇ ਮਨ ਦੀ ਸ਼ਾਂਤੀ ਲੱਭ ਲਈ ਸੀ।

ਜਦੋਂ ਮੈਂ ਉੱਥੋਂ ਗਿਆ ਤਾਂ ਫਰਾਂਸਿਸ ਕਲਾਜ਼ਲ ਦੇ ਸ਼ਬਦ ਯਾਦ ਆ ਗਏ ਜੋ ਮੇਰੇ ਇੱਥੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਕਹੇ ਸੀ, "ਬੇਯੂਲ ਇੱਕ ਥਾਂ ਨਾ ਹੋ ਕੋ ਮਨ ਦੀ ਅਵਸਥਾ ਹੈ।"

ਬੇਯੂਲ ਸ਼ਾਂਤ ਤੇ ਸਥਿਰ ਮਾਨਸਿਕ ਅਵਸਥਾ ਹਾਸਲ ਕਰਕੇ ਸਾਨੂੰ ਚੁਣੌਤੀਆਂ ਦੇ ਸਾਹਮਣੇ ਲਈ ਤਿਆਰ ਰਹਿਣ ਵਾਸਤੇ ਯਾਦ ਦਵਾਉਣਾ ਹੈ, ਇਹੀ ਸਾਡੇ ਅੰਦਰ ਦਾ ਬੇਯੂਲ ਅਤੇ ਪਵਿੱਤਰ ਸਥਾਨ ਬਣਦਾ ਹੈ।"

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)