ਪਾਕਿਸਤਾਨ ਲਈ ਪਹਿਲੀ ਵਾਰ ਸੋਨੇ ਦਾ ਤਗ਼ਮਾ ਜਿੱਤਣ ਵਾਲੇ ਅਰਸ਼ਦ ਨਦੀਮ ਨੂੰ ਪਿੰਡ ਵਾਲੇ ‘ਰੂਸੀ ਟ੍ਰੈਕਟਰ’ ਕਿਉਂ ਕਹਿੰਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਫ਼ੁਰਕਾਨ ਇਲਾਹੀ, ਮੁਨੱਜ਼ਾ ਅਨਵਾਰ
- ਰੋਲ, ਬੀਬੀਸੀ ਉਰਦੂ
''ਜਿਵੇਂ ਹੀ ਮੈਨੂੰ ਪਤਾ ਲੱਗਾ ਕਿ ਅਰਸ਼ਦ ਨੇ ਮੈਡਲ ਜਿੱਤ ਲਿਆ ਹੈ ਤਾਂ ਮੈਂ ਕੀ ਆਖਾਂ, ਕਿੰਨੀ ਖ਼ੁਸ਼ੀ ਹੋਈ, ਮੈਨੂੰ ਇੰਨੀ ਖੁਸ਼ੀ ਹੋਈ ਕਿ ਮੇਰਾ ਦਿਲ ਕੀਤਾ ਕਿ ਮੇਰਾ ਬੇਟਾ ਮੇਰੇ ਸਾਹਮਣੇ ਹੋਵੇ ਅਤੇ ਉਸ ਨੂੰ ਗਲ ਨਾਲ ਲਾਵਾਂ।”
ਪਾਕਿਸਤਾਨ ਲਈ ਪੈਰਿਸ ਓਲੰਪਿਕ ਖੇਡਾਂ ਵਿੱਚ ਜੈਵਲਿਨ ਥ੍ਰੋ ਵਿੱਚ ਸੋਨੇ ਦਾ ਤਗਮਾ ਜਿੱਤਣ ਤੋਂ ਬਾਅਦ ਅਰਸ਼ਦ ਨਦੀਮ ਦੀ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।
ਅਰਸ਼ਦ ਪਾਕਿਸਤਾਨ ਦੇ ਲਈ ਦਹਾਕਿਆਂ ਬਾਅਦ ਕੋਈ ਵੀ ਓਲੰਪਿਕ ਮੈਡਲ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ।
ਅਰਸ਼ਦ ਨਦੀਮ ਦੀ ਮਾਂ ਰਜ਼ੀਆ ਪਰਵੀਨ ਕਹਿੰਦੇ ਹਨ, “ਮੈਂ ਬਹੁਤ ਅਰਦਾਸਾਂ ਕਰਦੀ ਸੀ ਅਤੇ ਮੇਰਾ ਦਿਲ ਚਾਹੁੰਦਾ ਸੀ ਕਿ ਮੇਰਾ ਪੁੱਤ ਮੈਡਲ ਜਿੱਤੇ ਅਤੇ ਪਾਕਿਸਤਾਨ ਦਾ ਨਾਮ ਰੌਸ਼ਨ ਕਰੇ।''

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਮੇਰੇ ਪੁੱਤ ਨੇ ਨਾ ਸਿਰਫ਼ ਸਾਡੀ ਖ਼ਾਹਿਸ਼ ਪੂਰੀ ਕੀਤੀ ਬਲਕਿ ਪਾਕਿਸਤਾਨੀਆਂ ਨਾਲ ਕੀਤਾ ਵਾਅਦਾ ਵੀ ਪੂਰਾ ਕੀਤਾ ਅਤੇ ਪਾਕਿਸਤਾਨ ਦਾ ਨਾਮ ਰੌਸ਼ਨ ਕੀਤਾ।''
ਉਨ੍ਹਾਂ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਸਵੇਰੇ ਅਰਸ਼ਦ ਨੂੰ ਫੋਨ ਉੱਤੇ ਕਿਹਾ ਕਿ ‘ਮੈਂ ਤੁਹਾਡੇ ਤੋਂ ਬਹੁਤ ਖੁਸ਼ ਹਾਂ, ਤੂੰ ਅੱਜ ਮੇਰਾ ਦਿਲ ਵੱਡਾ ਕਰ ਦਿੱਤਾ ਹੈ।”
ਉਨ੍ਹਾਂ ਨੇ ਕਿਹਾ ਅਰਸ਼ਦ ਨੇ ਉਨ੍ਹਾਂ ਨੂੰ ਕਿਹਾ ਸੀ, “ਮਾਂ, ਤੁਸੀਂ ਮੇਰੇ ਲਈ ਬਹੁਤ ਦੁਆਵਾਂ ਕੀਤੀਆਂ ਹਨ ਅਤੇ ਅੱਲਾਹ ਨੇ ਤੁਹਾਡੀਆਂ ਦੁਆਵਾਂ ਨਾਲ ਮੈਨੂੰ ਕਾਮਯਾਬ ਬਣਾਇਆ ਹੈ।”
ਪਾਕਿਸਤਾਨ ਨੇ ਅਰਸ਼ਦ ਨਦੀਮ ਨੇ ਪੈਰਿਸ ਓਲੰਪਿਕ ਵਿੱਚ ਮਰਦਾਂ ਦੇ ਜੈਵਲਿਨ ਥਰੋ ਮੁਕਾਬਲੇ ਵਿੱਚ 92.97 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟਕੇ ਨਵਾਂ ਓਲੰਪਿਕ ਰਿਕਾਰਡ ਬਣਾਇਆ ਅਤੇ ਸੋਨੇ ਦਾ ਮੈਡਲ ਜਿੱਤਿਆ।
ਇਸੇ ਮੁਕਾਬਲੇ ਵਿੱਚ ਭਾਰਤ ਦੇ ਨੀਰਜ ਚੋਪੜਾ ਨੇ ਚਾਂਦੀ ਦਾ ਮੈਡਲ ਜਿੱਤਿਆ।
ਜਸ਼ਨ ਪੂਰੀ ਰਾਤ ਚੱਲਿਆ

ਤਸਵੀਰ ਸਰੋਤ, SHAHID SAEED MIRZA/AFP via Getty Images
ਅਰਸ਼ਦ ਨਦੀਮ ਦਾ ਸਬੰਧ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੀਆਂ ਚੰਨੂ ਨਾਂ ਦੀ ਥਾਂ ਨਾਲ ਹੈ।
ਉਨ੍ਹਾਂ ਦੇ ਪਿਤਾ ਰਾਜ ਮਿਸਤਰੀ ਹਨ, ਜਿਨ੍ਹਾਂ ਨੇ ਆਪਣੇ ਪੁੱਤ ਦਾ ਹਰ ਪੈਰ ਉੱਤੇ ਭਰੋਸਾ ਵਧਾਇਆ।
ਸਵੇਰੇ ਕਰੀਬ 8 ਵਜੇ ਜਦੋਂ ਬੀਬੀਸੀ ਦੀ ਟੀਮ ਮੀਆਂ ਚੁੱਨੂ ਵਿੱਚ ਅਰਸ਼ਦ ਦੇ ਘਰ ਪਹੁੰਚੀ ਤਾਂ ਅਰਸ਼ਦ ਅਤੇ ਨੀਰਜ ਦੀ ਪ੍ਰੈੱਸ ਕਾਨਫਰੰਸ ਚੱਲ ਰਹੀ ਸੀ ਅਤੇ ਸਾਰੇ ਲੋਕ ਬਹੁਤ ਧਿਆਨ ਨਾਲ ਸੁਣ ਰਹੇ ਸਨ।
ਅਰਸ਼ਦ ਦੇ ਭਰਾ ਨੇ ਕਿਹਾ, “ਉਹ ਪੂਰੀ ਰਾਤ ਜਾਗਦੇ ਰਹੇ ਅਤੇ ਪੂਰੀ ਰਾਤ ਆਤਿਸ਼ਬਾਜ਼ੀ ਹੁੰਦੀ ਰਹੀ ਅਤੇ ਜਸ਼ਨ ਦਾ ਮਾਹੌਲ ਸੀ।”
ਉਸ ਵੇਲੇ ਅਰਸ਼ਦ ਦੇ ਘਰ ਦੇ ਬਾਹਰ ਅਜਿਹਾ ਲੱਗ ਰਿਹਾ ਸੀ ਕਿ ਕੋਈ ਵਿਆਹ ਹੋਣ ਵਾਲਾ ਅਤੇ ਲਾੜੇ ਦਾ ਇੰਤਜ਼ਾਰ ਹੋ ਰਿਹਾ ਹੋਵੇ।
ਤੰਬੂ ਅਤੇ ਕੁਰਸੀਆਂ ਲਗਾਈਆਂ ਜਾ ਰਹੀਆਂ ਸਨ, ਢੋਲ ਵਜਾਉਣ ਵਾਲੇ ਹਾਜ਼ਰ ਸਨ ਜਦੋਂਕਿ ਰਿਸ਼ਤੇਦਾਰ ਅਤੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕ ਉਨ੍ਹਾਂ ਨੂੰ ਵਧਾਈ ਦੇਣ ਲਈ ਆਏ ਸਨ।
'ਅਰਸ਼ਦ ਨਦੀਮ ਦਾ ਮੁਕਾਬਲਾ ਅਰਸ਼ਦ ਨਦੀਮ ਨਾਲ ਸੀ'

ਅਰਸ਼ਦ ਦੇ ਵੱਡੇ ਭਰਾ ਸ਼ਾਹਿਦ ਅਜ਼ੀਮ ਨੇ ਕਿਹਾ, “ਇਹ ਮੇਰੇ ਭਰਾ ਦਾ ਦਿਨ ਸੀ ਅਤੇ ਰੱਬ ਨੇ ਉਸ ਨੂੰ ਅਸ਼ੀਰਵਾਦ ਦੇਣਾ ਹੀ ਸੀ।”
ਇਹ ਪੁੱਛੇ ਜਾਣ ਉੱਤੇ ਕਿ ਉਨ੍ਹਾਂ ਨੂੰ ਕੀ ਲੱਗਦਾ ਹੈ ਕਿ ਅਰਸ਼ਦ ਦਾ ਮੁਕਾਬਲਾ ਕਿਸ ਦੇ ਖ਼ਿਲਾਫ਼ ਸੀ ਤਾਂ ਸ਼ਾਹਿਦ ਅਜ਼ੀਮ ਨੇ ਕਿਹਾ, “ਅਰਸ਼ਦ ਨਦੀਮ ਦਾ ਮੁਕਾਬਲਾ ਅਰਸ਼ਦ ਨਦੀਮ ਨਾਲ ਸੀ ਕਿਉਂਕਿ ਬਾਕੀ ਸਾਰੇ ਖਿਡਾਰੀ ਚੰਗੇ ਸਨ।''
“ਮੈਂ ਅਰਸ਼ਦ ਨੂੰ ਕਿਹਾ ਕਿ ਜੇਕਰ ਤੁਸੀਂ 90 ਮੀਟਰ ਤੋਂ ਵੱਧ ਥ੍ਰੋ ਕਰੋਗੇ ਤਾਂ ਮੈਡਲ ਤੁਹਾਡਾ ਹੋਵੇਗਾ ਅਤੇ ਜੇਕਰ ਤੁਸੀਂ 90 ਮੀਟਰ ਤੋਂ ਘੱਟ ਦੂਰੀ ਉੱਤੇ ਸਿੱਟੋਗੇ ਤਾਂ ਮੈਡਲ ਕਿਸੇ ਹੋਰ ਦਾ ਹੋਵੇਗਾ।”
ਉਹ ਦੱਸਦੇ ਹਨ ਕਿ ਅਰਸ਼ਦ ਨਾਲ ਹੋਈ ਗੱਲਬਾਤ ਵਿੱਚ ਅਰਸ਼ਦ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ 92 ਮੀਟਰ ਤੋਂ ਵੱਧ ਦੂਰੀ ਉੱਤੇ ਜੈਵਲਿਨ ਸੁੱਟ ਸਕਦੇ ਹਨ, ਉਨ੍ਹਾਂ ਨੇ 92.97 ਮੀਟਰ ਦੂਰ ਜੈਵਲਿਨ ਸੁੱਟਿਆ ਸੀ ਅਤੇ ਉਹ ਇਸ ਨਾਲ ਖ਼ੁਸ਼ ਹਨ।
ਪਿੰਡ ਵਾਲੇ ਕਿਉਂ ਕਹਿੰਦੇ ਹਨ 'ਰੂਸੀ ਟ੍ਰੈਕਟਰ'

ਤਸਵੀਰ ਸਰੋਤ, Reuters
ਅਰਸ਼ਦ ਨਦੀਮ ਨੂੰ ਇਸ ਖੇਡ ਵਿੱਚ ਅੱਗੇ ਜਾਣ ਦੇ ਲਈ ਜ਼ਰੂਰੀ ਸਾਜ਼ੋਸਮਾਨ ਉੱਤੇ ਬਹਿਸ ਕਈ ਸਾਲਾਂ ਤੋਂ ਜਾਰੀ ਹੈ ਅਤੇ ਹੁਣ ਤੱਕ ਇਸ ਬਾਰੇ ਵਿੱਚ ਕੋਈ ਉਤਸ਼ਾਹਜਨਕ ਖ਼ਬਰ ਸਾਹਮਣੇ ਨਹੀਂ ਆਈ।
ਅਰਸ਼ਦ ਨਦੀਮ ਨੇ ਇਸ ਸਾਲ ਮਾਰਚ ਵਿੱਚ ਮੁਕਾਬਲੇ ਵਿੱਚ ਜਾਣ ਤੋਂ ਪਹਿਲਾਂ ਬੀਬੀਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਕੋਲ ਸਿਰਫ਼ ਇੱਕ ਅੰਤਰਾਸ਼ਟਰੀ ਪੱਧਰ ਵਾਲਾ ਜੈਵਲਿਨ ਹੈ ਜੋ ਇਸ ਵੇਲੇ ਖ਼ਰਾਬ ਸਥਿਤੀ ਵਿੱਚ ਹੈ।
ਉੱਥੇ ਹੀ ਉਨ੍ਹਾਂ ਦੇ ਮੁਕਾਬਲੇਬਾਜ਼ ਖਿਡਾਰੀ ਭਾਰਤ ਦੇ ਨੀਰਜ ਚੋਪੜਾ ਦੇ ਲਈ ਸਰਕਾਰ ਨੇ ਟੋਕੀਓ ਓਲੰਪਿਕ ਤੋਂ ਪਹਿਲਾਂ 177 ਜੈਵਲਿਨ ਖਰੀਦੇ ਸਨ।
ਉਨ੍ਹਾਂ ਨੇ ਦੱਸਿਆ ਸੀ, ''ਉਸ ਜੈਵਲਿਨ ਦੀ ਕੀਮਤ ਕਰੀਬ ਸੱਤ ਤੋਂ ਅੱਠ ਲੱਖ ਰੁਪਏ ਹੈ ਜਿਸ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।''
ਸਾਧਨਾਂ ਦੀ ਕਮੀ ਨੂੰ ਲੈ ਕੇ ਅਰਸ਼ਦ ਦੇ ਵੱਡੇ ਭਰਾ ਸ਼ਾਹਿਦ ਅਜ਼ੀਮ ਕਹਿੰਦੇ ਹਨ, “ਸਾਨੂੰ ਪਤਾ ਸੀ ਕਿ ਅਰਸ਼ਦ ਨੂੰ ਸਾਧਨਾਂ ਦੀ ਨਹੀਂ ਦੁਆਵਾਂ ਦੀ ਲੋੜ ਹੈ।”
ਸ਼ਾਹਿਦ ਦੱਸਦੇ ਹਨ, “ਅਰਸ਼ਦ ਨੂੰ ਪਿੰਡ ਵਿੱਚ ‘ਰੂਸੀ ਟ੍ਰੈਕਟਰ’ ਕਿਹਾ ਜਾਂਦਾ ਹੈ ਕਿਉਂਕਿ ਅੱਲ੍ਹਾਂ ਨੇ ਉਨ੍ਹਾਂ ਨੂੰ ਬਹੁਤ ਤਾਕਤ ਦਿੱਤੀ ਹੈ।”
ਇਸ ਗੱਲ ਨੂੰ ਸਮਝਾਉਂਦੇ ਹੋਏ ਉਹ ਕਹਿੰਦੇ ਹਨ, “ਬਾਕੀ ਜਿੰਨੇ ਵੀ ਟ੍ਰੈਕਟਰ ਹੁੰਦੇ ਹਨ, ਉਨ੍ਹਾਂ ਦੀ ਸਾਰਿਆਂ ਦੀ ਭਾਰ ਖਿੱਚਣ ਦੀ ਹੱਦ ਹੁੰਦੀ ਹੈ, ਤੁਸੀਂ ਇਸਦੇ ਪਿੱਛੇ ਜਿੰਨਾ ਵੀ ਵਜ਼ਨ ਪਾਓ, ਉਹ ਉਸ ਨੂੰ ਖਿੱਚ ਲੈਂਦਾ ਹੈ।”
ਅਰਸ਼ਦ ਦੇ ਦੂਜੇ ਭਰਾ ਸ਼ਾਹਿਦ ਨਦੀਮ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਤਾਂ ਉਮੀਦ ਸੀ ਕਿ ਉਨ੍ਹਾਂ ਦਾ ਭਰਾ ਗੋਲਡ ਮੈਡਲ ਲੈ ਕੇ ਆਏਗਾ ਪਰ ਉਨ੍ਹਾਂ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਇਤਿਹਾਸ ਵੀ ਬਣਾ ਦੇਵੇਗਾ।
ਕ੍ਰਿਕਟ, ਫੁੱਟਬਾਲ ਤੇ ਕਬੱਡੀ ਤੋਂ ਲੈ ਕੇ ਜੈਵਲਿਨ ਥ੍ਰੋ ਤੱਕ

ਮੁਕਾਬਲੇ ਤੋਂ ਨੀਰਜ ਚੋਪੜਾ ਅਤੇ ਤੀਜੇ ਥਾਂ ਉੱਤੇ ਰਹੇ ਗ੍ਰੇਨੇਡਾ ਦੇ ਐਂਡਰਸਨ ਪੀਟਰਸ ਦੇ ਨਾਲ ਇੱਕ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਅਰਸ਼ਦ ਨਦੀਮ ਨੇ ਜੈਵਲਿਨ ਥ੍ਰੋ ਵਿੱਚ ਆਪਣੇ ਹੁਣ ਤੱਕ ਦੇ ਸਫ਼ਰ ਬਾਰੇ ਗੱਲ ਕੀਤੀ।
ਉਨ੍ਹਾਂ ਨੇ ਕਿਹਾ, “ਨੀਰਜ ਦੇ ਵਾਂਗ ਮੈਂ ਪਿੰਡ ਤੋਂ ਸ਼ੁਰੂਆਤ ਕੀਤੀ ਅਤੇ ਸਭ ਤੋਂ ਪਹਿਲਾਂ ਕ੍ਰਿਕਟ ਖੇਡਿਆ।”
ਅਰਸ਼ਦ ਨੇ ਦੱਸਿਆ, “ਮੇਰਾ ਕ੍ਰਿਕਟ ਵਿੱਚ ਪ੍ਰਦਰਸ਼ਨ ਬਹੁਤ ਚੰਗਾ ਸੀ ਅਤੇ ਮੈਂ ਬਹੁਤ ਚੰਗਾ ਗੇਂਦਬਾਜ਼ ਸੀ ਪਰ ਫਿਰ ਕ੍ਰਿਕਟ ਛੱਡਣਾ ਪਿਆ।”
ਅਰਸ਼ਦ ਕਹਿੰਦੇ ਹਨ, “ਇਸੇ ਤਰੀਕੇ ਮੇਰਾ ਫੁੱਟਬਾਲ ਅਤੇ ਕਬੱਡੀ ਵਿੱਚ ਪ੍ਰਦਰਸ਼ਨ ਚੰਗਾ ਸੀ।”
ਉਨ੍ਹਾਂ ਨੇ ਬੈਡਮਿੰਟਨ ਵੀ ਖੇਡਿਆ ਪਰ ਫਿਰ ਇਸ ਨੂੰ ਛੱਡ ਦਿੱਤਾ ਅਤੇ ਸਕੂਲੀ ਪੱਧਰ ਉੱਤੇ ਐਥਲੈਟਿਕਸ ਸ਼ੁਰੂ ਕੀਤਾ ਅਤੇ ਵੱਖ-ਵੱਖ ਖੇਡਾਂ ਵਿੱਚ ਆਪਣੀ ਕਿਸਮਤ ਅਜ਼ਮਾਈ।
ਅਰਸ਼ਦ ਕਹਿੰਦੇ ਹਨ ਕਿ ਉਸ ਵੇਲੇ ਉਨ੍ਹਾਂ ਨੂੰ ਕ੍ਰਿਕਟ ਵਿੱਚ ਅੱਗੇ ਵਧਣ ਵਿੱਚ ਦਿਲਚਸਪੀ ਸੀ ਪਰ ਕ੍ਰਿਕਟ ਵਿੱਚ ਅੱਗੇ ਵਧਣਾ ਅਤੇ ਨਾਮ ਬਣਾਉਣਾ ਅਤੇ ਟੀਮ ਵਿੱਚ ਥਾਂ ਬਣਾਉਣੀ ਮੁਸ਼ਕਲ ਸੀ।
ਉਹ ਕਹਿੰਦੇ ਹਨ ਕਿ ਇੱਕ ਦਿਨ ਉਨ੍ਹਾਂ ਦੇ ਕੋਚ ਰਾਸ਼ਿਦ ਅਹਿਮਦ ਸਾਕੀ ਨੇ ਉਨ੍ਹਾਂ ਨੂੰ ਕਿਹਾ, “ਯਾਰ ਇੱਕ ਖੇਡ ਚੁਣ ਲਓ, ਤੁਹਾਡਾ ਸਰੀਰ ਚੰਗਾ ਹੈ, ਜੈਵਲਿਨ ਸੁੱਟੋ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਐਥਲੈਟਿਕਸ ਵਿੱਚ ਸ਼ੁਰੂਆਤ ਹੋਈ।
ਉਹਨਾਂ ਨੇ 2016 ਵਿੱਚ ਭਾਰਤ ਦੇ ਗੁਵਾਹਾਟੀ ਵਿੱਚ ਨੀਰਜ ਦੇ ਨਾਲ ਪਹਿਲੇ ਮੁਕਾਬਲੇ ਵਿੱਚ 78.33 ਦੇ ਨਾਲ ਪਾਕਿਸਤਾਨ ਦਾ ਰਿਕਾਰਡ ਤੋੜਿਆ ਅਤੇ ਉੱਥੇ ਹੀ ਉਨ੍ਹਾਂ ਨੂੰ ਲੱਗਾ ਕਿ ‘ਜੇਕਰ ਮੈਂ ਸਖ਼ਤ ਮਿਹਨਤ ਕਰਾਂ ਤਾਂ ਮੈਂ ਹੋਰ ਅੱਗੇ ਜਾ ਸਕਦਾ ਹਾਂ।’
ਕ੍ਰਿਕਟ ਦੇ ਚੰਗੇ ਖਿਡਾਰੀ ਰਹੇ

ਤਸਵੀਰ ਸਰੋਤ, EPA-EFE/REX/Shutterstock
ਅਰਸ਼ਦ ਨਦੀਮ ਦੇ ਕਰੀਅਰ ਵਿੱਚ ਦੋ ਕੋਚਾਂ ਰਸ਼ੀਦ ਅਹਿਮਦ ਸਾਕੀ ਅਤੇ ਫੈਯਾਜ਼ ਹੁਸੈਨ ਬੁਖਾਰੀ ਨੇ ਅਹਿਮ ਭੂਮਿਕਾ ਨਿਭਾਈ ਹੈ।
ਰਾਸ਼ਿਦ ਅਹਿਮਦ ਸਾਕੀ ਖਾਨੀਵਾਲ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਤੋਂ ਇਲਾਵਾ ਖੁਦ ਵੀ ਐਥਲੀਟ ਰਹਿ ਚੁੱਕੇ ਹਨ। ਉਹ ਆਪਣੇ ਖੇਤਰ ਵਿੱਚ ਖੇਤਰ ਵਿੱਚ ਚੰਗੇ ਐਥਲੀਟਾਂ ਦਾ ਹੌਂਸਲਾ ਵਧਾਉਣ ਵਿੱਚ ਅੱਗੇ ਰਹੇ ਹਨ।
2021 ਵਿੱਚ ਰਸ਼ੀਦ ਅਹਿਮਦ ਸਾਕੀ ਨੇ ਬੀਬੀਸੀ ਪੱਤਰਕਾਰ ਅਬਦੁਲ ਰਾਸ਼ਿਦ ਸ਼ਕੂਰ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਹ ਅਰਸ਼ਦ ਨਦੀਮ ਨੂੰ ਉਦੋਂ ਤੋਂ ਜਾਣਦੇ ਸਨ ਜਦੋਂ ਉਹ ਛੇਵੀਂ-ਸੱਤਵੀਂ ਜਮਾਤ ਵਿੱਚ ਪੜ੍ਹਦੇ ਸਨ।
ਉਹ ਦੱਸਦੇ ਹਨ, ''ਉਸ ਸਮੇਂ ਅਰਸ਼ਦ ਦਾ ਧਿਆਨ ਕ੍ਰਿਕਟ 'ਤੇ ਜ਼ਿਆਦਾ ਸੀ ਅਤੇ ਉਹ ਕ੍ਰਿਕਟਰ ਬਣਨ ਨੂੰ ਲੈ ਕੇ ਕਾਫੀ ਗੰਭੀਰ ਸਨ ਪਰ ਨਾਲ ਹੀ ਉਹ ਐਥਲੈਟਿਕਸ 'ਚ ਵੀ ਦਿਲਚਸਪੀ ਨਾਲ ਹਿੱਸਾ ਲੈਂਦੇ ਸਨ। ਉਹ ਆਪਣੇ ਸਕੂਲ ਦੇ ਸਭ ਤੋਂ ਵਧੀਆ ਐਥਲੀਟ ਸਨ।''
ਰਾਸ਼ਿਦ ਅਹਿਮਦ ਸਾਕੀ ਕਹਿੰਦੇ ਹਨ, “ਅਰਸ਼ਦ ਨਦੀਮ ਦੇ ਪਰਿਵਾਰ ਨਾਲ ਵੀ ਮੇਰਾ ਚੰਗਾ ਰਿਸ਼ਤਾ ਹੈ। ਮੈਨੂੰ ਯਾਦ ਹੈ ਕਿ ਇੱਕ ਦਿਨ ਉਨ੍ਹਾਂ ਦੇ ਪਿਤਾ ਮੇਰੇ ਕੋਲ ਆਏ ਅਤੇ ਕਿਹਾ ਕਿ ਅਰਸ਼ਦ ਨਦੀਮ ਹੁਣ ਤੁਹਾਡੇ ਹੱਥ ਵਿੱਚ ਹੈ, ਉਹ ਤੁਹਾਡਾ ਪੁੱਤਰ ਹੈ। ,
"ਮੈਂ ਅਰਸ਼ਦ ਦੀ ਸਿਖਲਾਈ ਦੀ ਜ਼ਿੰਮੇਵਾਰੀ ਲਈ ਅਤੇ ਉਸਨੂੰ ਪੰਜਾਬ ਵਿੱਚ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਭੇਜਦਾ ਰਿਹਾ, ਅਰਸ਼ਦ ਨੇ ਪੰਜਾਬ ਯੂਥ ਫੈਸਟੀਵਲ ਅਤੇ ਹੋਰ ਰਾਜ ਪੱਧਰੀ ਮੁਕਾਬਲਿਆਂ ਵਿੱਚ ਚੰਗੀ ਸਫਲਤਾ ਪ੍ਰਾਪਤ ਕੀਤੀ।"
ਉਹ ਕਹਿੰਦਾ ਹੈ, "ਹਾਲਾਂਕਿ ਅਰਸ਼ਦ ਨਦੀਮ ਸ਼ਾਰਟ ਪੁਟ, ਡਿਸਕਸ ਥਰੋਅ ਅਤੇ ਹੋਰ ਈਵੈਂਟਸ ਵਿੱਚ ਹਿੱਸਾ ਲੈਂਦਾ ਸੀ, ਪਰ ਅਰਸ਼ਦ ਲੰਬਾ ਕੱਦ ਦੇਖ ਕੇ ਮੈਂ ਉਸਨੂੰ ਜੈਵਲਿਨ ਥਰੋਅ ਲਈ ਤਿਆਰ ਕੀਤਾ।"
ਰਾਸ਼ਿਦ ਅਹਿਮਦ ਸਾਕੀ ਦੱਸਦੇ ਹਨ, “ਮੈਂ ਅਰਸ਼ਦ ਨਦੀਮ ਨੂੰ ਪਾਕਿਸਤਾਨ ਏਅਰਫੋਰਸ ਵਿੱਚ ਟ੍ਰੇਨਿੰਗ ਲਈ ਭੇਜਿਆ ਪਰ ਇੱਕ ਹਫ਼ਤੇ ਬਾਅਦ ਉਸਨੂੰ ਵਾਪਸ ਬੁਲਾ ਲਿਆ। ਇਸ ਦੌਰਾਨ ਪਾਕਿਸਤਾਨੀ ਫੌਜ ਨੇ ਵੀ ਅਰਸ਼ਦ ਨਦੀਮ ਵਿੱਚ ਦਿਲਚਸਪੀ ਲਈ, ਅਸਲ ਵਿੱਚ ਇੱਕ ਦਿਨ ਫੌਜ ਦੀ ਗੱਡੀ ਆਈ ਅਤੇ ਉਸ ਵਿੱਚ ਬੈਠੇ ਇੱਕ ਕਰਨਲ ਮੇਰੇ ਬਾਰੇ ਪੁੱਛ ਰਹੇ ਸਨ।"
ਸਾਕੀ ਉਸ ਦਿਨ ਬਾਰੇ ਦੱਸਦੇ ਹਨ, “ਮੈਂ ਘਬਰਾ ਗਿਆ ਕਿ ਮਾਮਲਾ ਕੀ ਹੈ? ਪਰ ਜਦੋਂ ਉਨ੍ਹਾਂ ਨੇ ਅਰਸ਼ਦ ਨਦੀਮ ਦੀ ਗੱਲ ਕੀਤੀ ਤਾਂ ਮੇਰੀ ਜਾਨ ਵਿੱਚ ਜਾਨ ਆਈ।"
"ਕਰਨਲ ਸਾਹਬ ਨੇ ਕਿਹਾ, ਅਰਸ਼ਦ ਨਦੀਮ ਨੂੰ ਫੌਜ ਨੂੰ ਦਿਓ ਪਰ ਮੈਂ ਇਨਕਾਰ ਕਰ ਦਿੱਤਾ। ਜਦੋਂ ਕਰਨਲ ਸਾਹਬ ਨੇ ਕਾਰਨ ਪੁੱਛਿਆ ਤਾਂ ਮੈਂ ਦੱਸਿਆ ਕਿ ਤੁਸੀਂ ਲੋਕ ਇਸ ਦੀ ਟ੍ਰੇਨਿੰਗ ਮਿਲਟਰੀ ਸਟਾਈਲ ਵਿੱਚ ਕਰੋਗੇ। ਵੈਸੇ ਵੀ, ਉਸ ਤੋਂ ਬਾਅਦ ਮੈਂ ਅਰਸ਼ਦ ਨਦੀਮ ਨੂੰ 'ਵਪਦਾ' (ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਟੀ) ਦੇ ਟਰਾਇਲਾਂ ਲਈ ਭੇਜਿਆ ਜਿੱਥੇ ਉਨ੍ਹਾਂ ਦੀ ਚੋਣ ਹੋਈ।"
ਮੀਆਂ ਚੰਨੂ ਤੋਂ ਸ਼ੁਰੂ ਹੋਇਆ ਸਫ਼ਰ

ਅਰਸ਼ਦ ਨਦੀਮ ਵਿਆਹੇ ਹੋਏ ਹਨ, ਉਨ੍ਹਾਂ ਦਾ ਇੱਕ ਪੁੱਤਰ ਹੈ ਅਤੇ ਇੱਕ ਧੀ ਹੈ।
ਰਾਸ਼ਿਦ ਅਹਿਮਦ ਸਾਕੀ ਨੇ ਦੱਸਿਆ ਸੀ, ''ਮੈਂ ਮਜ਼ਾਕ 'ਚ ਅਰਸ਼ਦ ਨਦੀਮ ਨੂੰ ਕਹਿੰਦਾ ਸੀ ਕਿ ਜੇਕਰ ੳੇੁਨ੍ਹਾਂ ਦਾ ਓਲੰਪਿਕ 'ਚ ਹਿੱਸਾ ਲੈਣ ਦਾ ਸੁਪਨਾ ਪੂਰਾ ਹੁੰਦਾ ਹੈ ਤਾਂ ਉਸ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ ਪਰ ਤੁਸੀਂ ਜਾਣਦੇ ਹੋ ਕਿ ਪਿੰਡਾਂ 'ਚ ਛੋਟੀ ਉਮਰ 'ਚ ਹੀ ਵਿਆਹ ਹੋ ਜਾਂਦੇ ਹਨ।
ਅਰਸ਼ਦ ਨਦੀਮ ਦਾ ਸਫ਼ਰ ਮੀਆਂ ਚੰਨੂ ਦੇ ਘਾਹ ਵਾਲੇ ਮੈਦਾਨ ਤੋਂ ਸ਼ੁਰੂ ਹੋਇਆ ਜੋ ਉਨ੍ਹਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਤੱਕ ਲੈ ਗਿਆ।
ਅਰਸ਼ਦ ਨਦੀਮ ਦੇ ਕੋਚ ਫ਼ੈਯਾਜ਼ ਹੁਸੈਨ ਬੁਖ਼ਾਰੀ ਹਨ ਜੋ ਪਾਕਿਸਤਾਨ 'ਵਾਪਡਾ' ਨਾਲ ਸਬੰਧਤ ਹਨ।
ਫੈਯਾਜ਼ ਹੁਸੈਨ ਬੁਖਾਰੀ ਨੇ ਬੀਬੀਸੀ ਉਰਦੂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, “ਅਰਸ਼ਦ ਨਦੀਮ ਇੱਕ ਸਮਝਦਾਰ ਐਥਲੀਟ ਹਨ ਜੋ ਬਹੁਤ ਜਲਦੀ ਸਿੱਖਣ ਦੀ ਕੋਸ਼ਿਸ਼ ਕਰਦੇ ਹਨ। ਜੋ ਕੰਮ ਇੱਕ ਆਮ ਐਥਲੀਟ ਛੇ ਮਹੀਨਿਆਂ ਵਿੱਚ ਕਰਦਾ ਹੈ ਅਰਸ਼ਦ ਉਹ ਕੰਮ ਇੱਕ ਮਹੀਨੇ ਵਿੱਚ ਕਰ ਲੈਂਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












