ਯੂਰਪ ਦੇ ਲੋਕ ਯੂਕਰੇਨ ਛੱਡ 'ਕਿਰਾਏ ਦੀ ਕੁੱਖ' ਲਈ ਜੌਰਜੀਆ ਜਾਣ ਲੱਗੇ, ਜੰਗ ਨੇ ਸਰੋਗੇਸੀ ਦਾ ਕਾਰੋਬਾਰ ਕਿਵੇਂ ਬਦਲਿਆ

ਅਲੀਨਾ
ਤਸਵੀਰ ਕੈਪਸ਼ਨ, ਅਲੀਨਾ ਨੇ ਇੱਕ ਸਰੋਗੇਟ ਮਾਂ ਦੇ ਰੂਪ ਵਿੱਚ ਇੱਕ ਹੋਰ ਜੋੜੇ ਦੇ ਬੱਚੇ ਨੂੰ ਆਪਣੀ ਕੁੱਖ ਵਿੱਚ ਰੱਖ ਕੇ ਜਾਰਜੀਆ ਜਾ ਰਹੀ ਹੈ
    • ਲੇਖਕ, ਐਲੀਨੌਰਾ ਕੁਲਬੇਕੋਵਾ
    • ਰੋਲ, ਬੀਬੀਸੀ ਪੱਤਰਕਾਰ

ਯੂਕਰੇਨ ਕਿਰਾਏ ਦੀਆਂ ਕੁੱਖਾਂ ਲਈ ਯੂਰਪ ਦੀ ਪਹਿਲੀ ਪਸੰਦ ਹੋਇਆ ਕਰਦਾ ਸੀ। ਪਰ ਰੂਸ ਦੇ ਹਮਲੇ ਤੋਂ ਬਾਅਦ ਅਨੁਮਾਨ ਹੈ ਕਿ ਇੱਥੇ ਹੋਣ ਵਾਲੇ ਜਣੇਪਿਆਂ ਵਿੱਚ 90 ਫੀਸਦੀ ਦੀ ਕਮੀ ਆ ਸਕਦੀ ਹੈ।

ਹੁਣ ਮਾਪੇ ਯੂਕਰੇਨ ਦੀ ਥਾਂ ਜੌਰਜੀਆ ਜਾ ਰਹੇ ਸਨ। ਜਿੱਥੇ ਇਸ਼ਤਿਹਾਰਾਂ ਵਿੱਚ ਦਿੱਤੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।

ਮਾਹਿਰਾਂ ਨੂੰ ਡਰ ਹੈ ਕਿ ਇਹ ਮੰਗ ਪੂਰੀ ਕਰਨ ਲਈ ਔਰਤਾਂ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੀਆਂ ਔਰਤਾਂ ਨੂੰ ਵਿਦੇਸ਼ਾਂ ਤੋਂ ਲਿਆ ਕੇ ਇਸ ਕੰਮ ਵਿੱਚ ਲਾਇਆ ਜਾ ਰਿਹਾ ਹੈ।

ਐਲੀਨਾ ਦੀ ਉਮਰ 37 ਸਾਲ ਹੈ ਅਤੇ ਉਨ੍ਹਾਂ ਨੇ ਕਿਹਾ, ‘ਜੇ ਪੈਸੇ ਲਈ ਨਾ ਹੁੰਦਾ ਤਾਂ ਮੈਂ ਇਹ ਕਦੇ ਨਾ ਕਰਦੀ।”

ਹਾਲਾਂਕਿ, ਐਲੀਨਾ ਉਨ੍ਹਾਂ ਦਾ ਅਸਲੀ ਨਾਮ ਨਹੀਂ ਹੈ। ਜੌਰਜੀਆ ਦੀ ਇੱਕ ਏਜੰਸੀ ਨੇ ਕਿਸੇ ਹੋਰ ਜੋੜੇ ਲਈ ਮਾਂ ਬਣਨ ਖਾਤਰ ਉਨ੍ਹਾਂ ਨੂੰ ਭਰਤੀ ਕੀਤਾ ਹੈ।

ਗਰਭਕਾਲ ਦੌਰਾਨ ਉਨ੍ਹਾਂ ਨੂੰ ਹਰ ਮਹੀਨੇ 500 ਡਾਲਰ ਅਤੇ ਜਣੇਪੇ ਤੋਂ ਬਾਅਦ 15000 ਡਾਲਰ ਮਿਲਣਗੇ।

ਉਨ੍ਹਾਂ ਨੇ ਕਿਹਾ, “ਮੈਂ ਉਨ੍ਹਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੁੰਦੀ ਹਾਂ ਜਿਨ੍ਹਾਂ ਦੇ ਆਪਣੇ ਬੱਚੇ ਨਹੀਂ ਹੋ ਸਕਦੇ। ਮੈਂ ਬੱਚਾ ਨਾ ਹੋਣ ਕਾਰਨ ਕਈ ਪਰਿਵਾਰ ਟੁੱਟਦੇ ਦੇਖੇ ਹਨ।”

“(ਪਰ) ਪਹਿਲਾਂ ਤਾਂ, ਮੈਨੂੰ ਪੈਸੇ ਦੀ ਲੋੜ ਹੈ, ਮੈਨੂੰ ਆਪਣੇ ਪਰਿਵਾਰ ਲਈ ਲੋੜ ਹੈ। ਮੈਨੂੰ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਮਜ਼ਬੂਤ ਬਣਨਾ ਪਵੇਗਾ।”

ਸਰੋਗੇਟ ਦੀ ਪ੍ਰੀਕਿਰਿਆ
ਤਸਵੀਰ ਕੈਪਸ਼ਨ, ਪ੍ਰਕਿਰਿਆ ਦੇ ਦੌਰਾਨ ਭਰੂਣਾਂ ਨੂੰ ਸਰੋਗੇਟ ਕੁੱਖ ਵਿੱਚ ਰੱਖਿਆ ਜਾਂਦਾ ਹੈ

ਪ੍ਰਕਿਰਿਆ ਦੌਰਾਨ ਵਿਕਸਿਤ ਹੋਇਆ ਭਰੂਣ ਸਰੋਗੇਟ ਮਾਂ ਦੀ ਕੁੱਖ ਵਿੱਚ ਰੱਖ ਦਿੱਤਾ ਜਾਂਦਾ ਹੈ।

ਪੂਰੀ ਦੁਨੀਆਂ ਵਿੱਚ ਸਰੋਗੇਸੀ ਜਿਸ ਨੂੰ ਕਿਰਾਏ ਦੀ ਕੁੱਖ ਵੀ ਕਿਹਾ ਜਾਂਦਾ ਹੈ ਬਹੁ-ਅਰਬੀ ਡਾਲਰ ਦਾ ਕਾਰੋਬਾਰ ਹੈ।

ਐਲੀਨਾ, ਨੂੰ ਜੋਰਜੀਆ ਦੀ ਏਜੰਸੀ ਨੇ ਉਨ੍ਹਾਂ ਦੇ ਦੇਸ ਕਜ਼ਾਕਿਸਤਾਨ ਤੋਂ ਭਰਤੀ ਕੀਤਾ ਸੀ। ਉੱਥੇ ਉਹ ਆਪਣੇ ਦੋ ਬੱਚਿਆਂ ਨਾਲ ਇਕਹਿਰੀ ਮਾਂ ਵਜੋਂ ਰਹਿੰਦੇ ਸਨ। ਇਸ ਅਰਸੇ ਦੌਰਾਨ ਉਹ ਕੱਪੜਿਆਂ ਦੀ ਦੁਕਾਨ ਦੇ ਆਮ ਕੰਮ ਦੇ ਮੁਕਾਬਲੇ ਤਿੰਨ ਗੁਣਾਂ ਪੈਸੇ ਕਮਾ ਲੈਣਗੇ।

“ਮੈਨੂੰ ਆਪਣੇ ਬੱਚਿਆਂ ਤੋਂ ਇਲਾਵਾ ਕਿਸੇ ਦੀ ਖ਼ਬਰ ਨਹੀਂ”। ਉਹ ਜੌਰਜੀਆ ਵਿੱਚ ਭਰੂਣ ਰਖਵਾਉਣ ਆਏ ਹੋਏ ਹਨ ਅਤੇ ਕਹਿੰਦੇ ਹਨ ਕਿ ਇਸ ਦੌਰਾਨ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਬਹੁਤ ਯਾਦ ਆਉਂਦੀ ਹੈ।

ਉਹ ਦੱਸਦੇ ਹਨ,“ਮੈਂ ਆਪਣੇ-ਆਪ ਨੂੰ ਇਸ ਲਈ ਤਿਆਰ ਕੀਤਾ ਹੈ ਪਰ ਮੈਨੂੰ ਬਿਨਾਂ ਕਿਸੇ ਸਹਾਰੇ ਤੋਂ ਇੱਥੇ ਇਕੱਲਾ ਮਹਿਸੂਸ ਹੁੰਦਾ ਹੈ।”

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਰੋਗੇਸੀ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ

ਦਮੀਰਾ ਬੇਕਬਰਗੇਨੋਵਾ ਇੱਕ ਸਰੋਗੇਸੀ ਏਜੰਸੀ ‘ਕਜ਼ਾਕ ਫਾਰ ਫਿਊਚਰ’ ਚਲਾਉਂਦੇ ਹਨ।

ਜੌਰਜੀਆ ਨੇ ਯੂਰਪ ਲਈ ਸਰੋਗੇਸੀ ਦੇ ਕੇਂਦਰ ਵਜੋਂ ਯੂਕਰੇਨ ਦੀ ਥਾਂ ਲੈ ਲਈ ਹੈ।

ਹਾਲਾਂਕਿ, ਇਸਦੀ ਵਸੋਂ ਯੂਕਰੇਨ ਨਾਲੋਂ 10 ਗੁਣਾਂ ਘੱਟ ਹੈ। ਇੱਥੋਂ ਦੀਆਂ ਸਰੋਗੇਸੀ ਏਜੰਸੀਆਂ ਕੇਂਦਰੀ ਏਸ਼ੀਆ ਤੋਂ ਔਰਤਾਂ ਨੂੰ ਭਰਤੀ ਕਰ ਰਹੀਆਂ ਹਨ।

ਇਸ ਵਿੱਚ ਸ਼ਾਮਲ ਰਕਮ ਕਿਸੇ ਦਾ ਵੀ ਸੰਭਾਵੀ ਤੌਰ ਉੱਤੇ ਜੀਵਨ ਬਦਲ ਸਕਦੀ ਹੈ। ਇਸ ਲਈ ਇਸ ਉਦਯੋਗ ਵਿੱਚ ਪਹਿਲਾਂ ਤੋਂ ਹੀ ਲੱਗੀਆਂ ਔਰਤਾਂ ਉੱਪਰ ਵੀ ਦਬਾਅ ਵਧਣ ਦੇ ਖਦਸ਼ੇ ਨੇ ਮਾਹਿਰਾਂ ਦੀ ਚਿੰਤਾ ਵਧਾਈ ਹੈ।

ਦਮੀਰਾ ਬੇਕਬਰਗੇਨੋਵਾ ਦੱਸਦੇ ਹਨ, “ਦੇਖੋ ਅਮਲੀ ਤੌਰ ਉੱਤੇ ਤਾਂ ਸਰੋਗੇਟ ਮਾਂ ਬਣਨ ਦਾ ਕੋਈ ਲਾਭ ਨਹੀਂ ਹੈ। ਸਾਡੀਆਂ ਕੁੜੀਆਂ ਧੱਕਾ ਕੀਤਾ ਮਹਿਸੂਸ ਕਰਦੀਆਂ ਹਨ।”

ਉਨ੍ਹਾਂ ਨੇ ਦੱਸਿਆ,“ਉਨ੍ਹਾਂ ਵਿੱਚੋਂ ਕੋਈ ਵੀ ਦਿਲ ਦੀ ਨੇਕੀ ਕਾਰਨ ਅਜਿਹਾ ਨਹੀਂ ਕਰਦੀ। ਉਹ ਇਹ ਪੈਸੇ ਦੀ ਲੋੜ ਕਾਰਨ ਕਰਦੀਆਂ ਹਨ। ਲਗਭਗ ਸਾਰੀਆਂ ਹੀ ਆਪਣੇ ਬੱਚਿਆਂ ਦੇ ਭਵਿੱਖ ਲਈ ਬੱਚੇ ਪੈਦਾ ਕਰ ਰਹੀ ਆਂ ਹਨ।”

ਉਨ੍ਹਾਂ ਦੀ ਏਜੰਸੀ ਟਿਕਟਾਕ ਅਤੇ ਇੰਸਟਾਗ੍ਰਾਮ ਉੱਪਰ ਇਸ ਲਈ ਇਸ਼ਤਿਹਾਰ ਦਿੰਦੀ ਹੈ।

ਉਹ 20 ਤੋਂ 34 ਸਾਲ ਦੀਆਂ ਉਨ੍ਹਾਂ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਜਿਨ੍ਹਾਂ ਦੇ ਪਹਿਲਾਂ ਤੋਂ ਹੀ ਬੱਚੇ ਹੋਣ। ਸਰੋਗੇਸੀ ਦੀ ਮੰਗ ਵਿੱਚ ਵਾਧਾ ਹੋਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਕਜ਼ਾਕਿਸਤਾਨ ਅਤੇ ਚੀਨ ਦੇ ਆਪਣੇ ਤਿੰਨ ਦਫ਼ਤਰਾਂ ਵਿੱਚ ਔਰਤਾਂ ਨੂੰ ਮਿਲਣ ਲਈ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।

ਦਮੀਰਾ ਬੇਕਬਰਗੇਨੋਵਾ
ਤਸਵੀਰ ਕੈਪਸ਼ਨ, ਦਮੀਰਾ ਬੇਕਬਰਗੇਨੋਵਾ ਸਰੋਗੇਸੀ ਏਜੰਸੀ ਚਲਾਉਂਦੀ ਹੈ

ਹਾਲਾਂਕਿ, ਸਰੋਗੇਸੀ ਲਈ ਫੀਸ ਕਾਫ਼ੀ ਵਧ ਗਈ ਹੈ। ਲੇਕਿਨ ਦਮੀਰਾ ਦਾ ਕਹਿਣਾ ਹੈ ਕਿ ਕਜ਼ਾਕਿਸਤਾਨ ਵਿੱਚ ਰਹਿਣ-ਸਹਿਣ ਵੀ ਮਹਿੰਗਾ ਹੋਇਆ ਹੈ।

ਕੁਝ ਔਰਤਾਂ ਤਾਂ ਕਰਜ਼ਾ ਉਤਾਰਨ ਲਈ ਦੂਜੀ ਜਾਂ ਤੀਜੀ ਵਾਰ ਵੀ ਆਪਣੀ ਕੁੱਖ ਕਿਰਾਏ ਉੱਤੇ ਦੇ ਰਹੀਆਂ ਹਨ।

“ਦੁੱਖ ਦੀ ਗੱਲ ਹੈ ਕਿ, ਅੱਜ ਕੱਲ੍ਹ ਉਹ ਅਧਿਆਪਕ ਅਤੇ ਡਾਕਟਰ ਵੀ ਇਸ ਲਈ ਰਜਿਸਟਰੇਸ਼ਨ ਕਰਵਾ ਰਹੀਆਂ ਹਨ ਜੋ ਆਪਣੀ ਸਿਖਲਾਈ ਦਾ ਖਰਚਾ ਨਹੀਂ ਚੁੱਕ ਪਾ ਰਹੀਆਂ। ਮੈਨੂੰ ਇਸ ਉੱਪਰ ਕੋਈ ਫਖਰ ਮਹਿਸੂਸ ਨਹੀਂ ਹੁੰਦਾ।”

“ਮੈਨੂੰ ਇਨ੍ਹਾਂ ਕੁੜੀਆਂ ਲ਼ਈ ਅਫ਼ਸੋਸ ਹੈ— ਮੈਨੂੰ ਨਹੀਂ ਲਗਦਾ ਹੈ ਕਿ ਜੋ ਪੈਸਾ ਉਨ੍ਹਾਂ ਨੂੰ ਮਿਲਦਾ ਹੈ ਉਹ ਉਸ ਤਣਾਅ ਦੇ ਬਰਾਬਰ ਦਾ ਹੈ ਜੋ ਉਹ ਝੱਲਦੀਆਂ ਹਨ।”

“ਅਸੀਂ ਮਨੋਵਿਗਿਆਨਕ ਮਦਦ ਮੁਹੱਈਆ ਕਰਵਾਉਂਦੇ ਹਾਂ ਜੋ ਕੁਝ ਏਜੰਸੀਆ ਨਹੀਂ ਦਿੰਦੀਆਂ ਪਰ ਫਿਰ ਵੀ, ਇਹ ਸਰੀਰ ਉੱਪਰ ਬਹੁਤ ਜ਼ਿਆਦਾ ਤਣਾਅ ਹੈ। ਇਹ ਸੌਖੀ ਕਮਾਈ ਨਹੀਂ ਹੈ ਸਗੋਂ, ਬਹੁਤ ਜ਼ਿਆਦਾ ਮਿਹਨਤ ਹੈ।”

ਤਾਂ ਫਿਰ ਉਹ ਇਸ ਵਿੱਚ ਸਹਿਯੋਗ ਕਿਉਂ ਕਰ ਰਹੇ ਹਨ ਅਤੇ ਪੈਸਾ ਵੀ ਕਮਾ ਰਹੇ ਹਨ?

ਉਨ੍ਹਾਂ ਨੇ ਇਸਦੇ ਜਵਾਬ ਵਿੱਚ ਕਿਹਾ,“ਮੈਂ ਇਹ ਇਸ ਲਈ ਕਰ ਰਹੀ ਹਾਂ ਕਿਉਂਕਿ ਇਸਦੀ ਮੰਗ ਵਧ ਰਹੀ ਹੈ। ਸਭ ਤੋਂ ਉੱਪਰ ਇਹ ਕਾਨੂੰਨੀ ਅਤੇ ਸਾਰਿਆਂ ਲਈ ਫਾਇਦੇਮੰਦ ਹੋਣੀ ਚਾਹੀਦੀ ਹੈ।”

ਕਾਨੂੰਨ ਦੀ ਸਾਬਕਾ ਅਧਿਆਪਕ ਵਜੋਂ ਦਮੀਰਾ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਵਿੱਚ ਸ਼ਾਮਲ ਹਰੇਕ ਵਿਅਕਤੀ ਲਈ ਜਿੰਨੀ ਹੋ ਸਕੇ ਕਾਨੂੰਨੀ ਸੁਰੱਖਿਆ ਦੀ ਮੰਗ ਕਰਦੇ ਹਨ।

ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਕਈ ਅਜਿਹੀਆਂ ਔਰਤਾਂ ਨੇ ਸੰਪਰਕ ਕੀਤਾ ਹੈ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ। ਜਾਂ ਉਨ੍ਹਾਂ ਦੇਸਾਂ ਵਿੱਚ ਬੱਚਿਆਂ ਦੀ ਤਸਕਰੀ ਕਰਵਾਈ ਗਈ, ਜਿੱਥੇ ਸਰੋਗੇਸੀ ਉੱਤੇ ਪਾਬੰਦੀ ਹੈ।

ਸਬੀਨਾ
ਤਸਵੀਰ ਕੈਪਸ਼ਨ, ਸਬੀਨਾ ਦੀ ਕੁੱਖ ਵਿੱਚ ਤੀਜਾ ਸਰੋਗੇਟ ਬੱਚਾ

‘ਸਰੋਗੇਸੀ ਨੂੰ ਜਿਣਸੀ ਪੇਸ਼ੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ’

ਸਬੀਨਾ (ਬਦਲਿਆ ਹੋਇਆ ਨਾਮ) ਸਰੋਗੇਸੀ ਜ਼ਰੀਏ ਤੀਜੇ ਬੱਚੇ ਨੂੰ ਜਨਮ ਦੇਣ ਜਾ ਰਹੇ ਹਨ।

ਹਾਲਾਂਕਿ, ਜਿਨ੍ਹਾਂ ਵੀ ਔਰਤਾਂ ਨੂੰ ਅਸੀਂ ਮਿਲੇ ਕੋਈ ਵੀ ਆਪਣੇ-ਆਪ ਨੂੰ ਪੀੜਤ ਨਹੀਂ ਸਮਝੀ। ਕਈ ਤਾਂ ਖੁਸ਼ ਸਨ ਕਿ ਉਹ ਹੋਰਾਂ ਲਈ ਵੀ ਬੱਚੇ ਪੈਦਾ ਕਰ ਰਹੀਆਂ ਹਨ ਅਤੇ ਆਪਣੇ ਬੱਚਿਆਂ ਦੀ ਸੰਭਾਲ ਵੀ ਕਰ ਰਹੀਆਂ ਹਨ। ਹਾਲਾਂਕਿ, ਉਹ ਸਰੋਗੇਸੀ ਦੇ ਦੁਆਲੇ ਆਪਣੇ ਗ੍ਰਹਿ ਦੇਸ ਦੀਆਂ ਗਲਤ ਧਾਰਨਾਵਾਂ ਤੋਂ ਦੁਖੀ ਸਨ।

ਸਬੀਨਾ ਸੱਤ ਮਹੀਨਿਆਂ ਦੇ ਗਰਭਵਤੀ ਹਨ, ਇਹ ਉਨ੍ਹਾਂ ਦਾ ਪੰਜਵਾਂ ਬੱਚਾ ਹੈ। ਤੀਜਾ ਹੈ ਜੋ ਉਹ ਕਿਸੇ ਹੋਰ ਲਈ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਸਾਨੂੰ ਜੌਰਜੀਆ ਦੀ ਰਾਜਧਾਨੀ ਤਿਬਲਿਸ ਵਿੱਚ ਆਪਣੇ ਘਰ ਬੁਲਾਇਆ।

ਇਹ ਘਰ ਉਨ੍ਹਾਂ ਨੂੰ ਸਰੋਗੇਸੀ ਏਜੰਸੀ ਨੇ ਦਿੱਤਾ ਹੈ ਅਤੇ ਉਹ ਇਹ ਘਰ ਪੰਜ ਹੋਰ ਗਰਭਵਤੀ ਸਰੋਗੇਟ ਮਾਵਾਂ ਨਾਲ ਸਾਂਝਾ ਕਰਦੇ ਹਨ। ਇਨ੍ਹਾਂ ਮਾਵਾਂ ਨੂੰ ਘੱਟੋ-ਘੱਟ ਆਪਣੇ ਆਖਰੀ ਤਿੰਨ ਮਹੀਨੇ ਜੌਰਜੀਆ ਵਿੱਚ ਹੀ ਬਿਤਾਉਣੇ ਪੈਂਦੇ ਹਨ।

ਇਹ ਘਰ ਚਮਕਦਾਰ ਹੈ, ਇਸਦੀਆਂ ਛੱਤਾਂ ਉੱਚੀਆਂ ਹਨ ਅਤੇ ਇੱਕ ਛੋਟੀ ਜਿਹੀ ਬਾਲਕੋਨੀ ਹੈ ਜੋ ਕਾਉਕੁਸ ਪਹਾੜਾਂ ਵੱਲ ਖੁੱਲ੍ਹਦੀ ਹੈ।

ਸਬੀਨਾ ਜੋ ਕਿ ਕਜ਼ਾਕਿਸਤਾਨ ਦੇ ਲੇਕ ਬਲਖ਼ਸ਼ ਤੋਂ ਆਉਂਦੇ ਹਨ, ਦਾ ਵਿਆਹ 15 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਇੱਥੇ ਰਹਿ ਕੇ ਉਹ ਆਪਣੇ ਭਾਈਚਾਰੇ ਵਿੱਚ ਹੋਣ ਵਾਲੀ ਨਿੰਦਾ ਤੋਂ ਬਚ ਗਏ ਹਨ। ਉਹ ਕਹਿੰਦੇ ਹਨ ਕਿ ਉੱਥੇ ਸਰੋਗੇਸੀ ਨੂੰ ਅਕਸਰ ਜਿਣਸੀ ਕਿੱਤੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

“ਮਾਨਸਿਕਤਾ ਇਸਦੇ ਹੱਕ ਵਿੱਚ ਨਹੀਂ ਹੈ। ਲੋਕ ਮੇਰੇ ਉੱਤੇ ਬੱਚਾ ਵੇਚਣ ਦਾ ਇਲਜ਼ਾਮ ਲਾਉਣਗੇ। ਇਸ ਲਈ ਮੈਂ ਲੋਕਾਂ ਨੂੰ ਨਾ ਦੱਸਣ ਦਾ ਫੈਸਲਾ ਕੀਤਾ ਹੈ ਤਾਂ ਜੋ ਮੈਂ ਛੇਕੀ ਨਾ ਜਾਵਾਂ।”

ਇੱਕ ਮੁਸਲਮਾਨ ਵਜੋਂ ਮੈਂ ਆਪਣੇ-ਆਪ ਨੂੰ ਪੁੱਛਿਆ ਕੀ ਮੈਂ ਕੋਈ ਪਾਪ ਕਰ ਰਹੀ ਹਾਂ। ਮੈਂ ਇਸ ਬਾਰੇ ਪੜ੍ਹਿਆ ਹੈ ਅਤੇ ਇੰਟਰਨੈਟ ਉੱਤੇ ਖੋਜ ਕੀਤੀ ਹੈ। ਮੈਨੂੰ ਲਗਦਾ ਹੈ ਕਿ ਬੱਚਾ ਪੈਦਾ ਕਰਨਾ ਇੱਕ ਨੇਕ ਕੰਮ ਹੈ ਕਿਉਂਕਿ ਮੈਂ ਜੀਵਨ ਦੇ ਰਹੀ ਹਾਂ ਅਤੇ ਜਿਨ੍ਹਾਂ ਲੋਕਾਂ ਦੇ ਬੱਚੇ ਨਹੀਂ ਹੋ ਸਕਦੇ ਉਨ੍ਹਾਂ ਦਾ ਭਲਾ ਕਰ ਰਹੀ ਹਾਂ।

ਸਬੀਨਾ ਦੱਸਦੇ ਹਨ,“ਮੈਂ ਇਹ ਮੁਫ਼ਤ ਵਿੱਚ ਨਹੀਂ ਕਰਨਾ ਸੀ। ਖਾਣਾ ਖਵਾਉਣ ਲਈ ਮੇਰੇ ਬੱਚੇ ਹਨ ਅਤੇ ਮੇਰਾ ਵੱਡਾ ਪੁੱਤਰ ਅਗਲੇ ਕੁਝ ਸਾਲਾਂ ਵਿੱਚ ਕਾਲਜ ਜਾਵੇਗਾ। ਕਜ਼ਾਕਿਸਤਾਨ ਵਿੱਚ ਮੈਨੂੰ ਇੰਨਾ ਪੈਸਾ ਕਮਾਉਣ ਵਿੱਚ ਇਸ ਤੋਂ ਦੁੱਗਣਾ ਸਮਾਂ ਲੱਗੇਗਾ।”

ਸਰੋਗੇਸੀ
ਤਸਵੀਰ ਕੈਪਸ਼ਨ, ਅਲੀਨਾ ਵਰਗੀਆਂ ਬਹੁਤ ਸਾਰੀਆਂ ਇਕੱਲੀਆਂ ਮਾਵਾਂ ਉਮੀਦ ਕਰ ਰਹੀਆਂ ਹਨ ਕਿ ਸੇਰੋਗੇਸੀ ਦੇ ਵਿੱਤੀ ਲਾਭ ਖੁੱਲ੍ਹੇ ਰਹਿਣਗੇ।

ਕਾਨੂੰਨੀ ਪਾਬੰਦੀ

ਸਰੋਗੇਸੀ ਦੇ ਆਲੇ ਦੁਆਲੇ ਦੇ ਵਿਵਾਦ ਨੇ ਜਾਰਜੀਆ ਵਿੱਚ ਰਾਜਨੀਤਿਕ ਸਪੈਕਟ੍ਰਮ ਦੇ ਦੋਵਾਂ ਪਾਸਿਆਂ ਤੋਂ ਆਲੋਚਨਾ ਦਾ ਸਾਹਮਣਾ ਕੀਤਾ ਹੈ।

ਉਦਾਰਵਾਦੀ ਪੱਖ ਤੋਂ, ਨਾਰੀਵਾਦੀ ਸਮੂਹ ਡਾਕਟਰੀ ਅਭਿਆਸਾਂ ਦੇ ਸਖ਼ਤ ਨਿਯਮ ਅਤੇ ਸ਼ੋਸ਼ਣ ਦੇ ਜੋਖਮ ਦੇ ਵਿਰੁੱਧ ਵਧੇਰੇ ਸੁਰੱਖਿਆ ਦੀ ਮੰਗ ਕਰ ਰਹੇ ਹਨ।

ਫਿਰ, ਜੁਲਾਈ 2023 ਵਿੱਚ, ਸਮਾਜਿਕ ਤੌਰ 'ਤੇ ਰੂੜੀਵਾਦੀ ਜਾਰਜੀਅਨ ਡਰੀਮ ਪਾਰਟੀ ਦੇ ਤਤਕਾਲੀ ਪ੍ਰਧਾਨ ਮੰਤਰੀ ਇਰਾਕਲੀ ਗੈਰੀਬਾਸ਼ਵਿਲੀ ਨੇ ਵਿਦੇਸ਼ੀ ਨਾਗਰਿਕਾਂ ਲਈ ਸਰੋਗੇਸੀ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਇੱਕ ਕਾਰੋਬਾਰ ਵਿੱਚ ਬਦਲ ਰਹੇ ਹਨ ਅਤੇ ਵੱਡੇ ਪੱਧਰ ਉੱਤੇ ਇਸ਼ਤਿਹਾਰਬਾਜ਼ੀ ਕਰ ਰਹੇ ਸਨ।

ਐੱਲਜੀਬੀਟੀ ਵਿਰੋਧੀ ਮੰਨੀ ਜਾਂਦੀ ਜਾਰਜੀਆ ਦੀ ਸਰਕਾਰ ਨੇ ਅਕਸਰ ਸਰੋਗੇਸੀ ਨੀਤੀਆਂ ਅਤੇ ਬਿਆਨ ਦਿੱਤੇ ਹਨ। ਨਾਲ ਹੀ ਇਹ ਵੀ ਚਿੰਤਾ ਜ਼ਾਹਰ ਕੀਤੀ ਕਿ "ਸਮਲਿੰਗੀ ਜੋੜੇ ਇੱਥੇ ਪੈਦਾ ਹੋਏ ਬੱਚਿਆਂ ਨੂੰ ਲੈ ਸਕਦੇ ਹਨ"।

ਸਰੋਗੇਸੀ ਏਜੰਸੀਆਂ ਦੁਆਰਾ ਲਾਬਿੰਗ ਕਰਨ ਤੋਂ ਬਾਅਦ, ਹਾਲਾਂਕਿ, ਬਿੱਲ ਨੂੰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਜਾਰਜੀਆ ਦੀ ਸੰਸਦ ਵਿੱਚ ਰੱਖਿਆ ਗਿਆ ਹੈ।

ਅਲੀਨਾ ਵਰਗੀਆਂ ਬਹੁਤ ਸਾਰੀਆਂ ਇਕੱਲੀਆਂ ਮਾਵਾਂ ਉਮੀਦ ਕਰ ਰਹੀਆਂ ਹਨ ਕਿ ਸੇਰੋਗੇਸੀ ਦੇ ਵਿੱਤੀ ਲਾਭ ਖੁੱਲ੍ਹੇ ਰਹਿਣਗੇ।

ਉਨ੍ਹਾਂ ਕਿਹਾ, "ਮੈਂ ਜਲਦੀ ਤੋਂ ਜਲਦੀ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੀ ਹਾਂ, ਤਾਂ ਜੋ ਇਹ ਜਲਦੀ ਤੋਂ ਜਲਦੀ ਖਤਮ ਹੋ ਸਕੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)