ਸਰੋਗੇਸੀ: ਉਧਾਰ ਦੀ ਕੁੱਖ, ਤੋਹਫ਼ਾ ਹੀ ਨਹੀਂ, ‘ਸ਼ੋਸ਼ਣ ਦਾ ਨਵਾਂ ਤਰੀਕਾ’ ਵੀ

ਤਸਵੀਰ ਸਰੋਤ, Getty Images
- ਲੇਖਕ, ਕਲੇਅਰ ਫੈਨਟਨ-ਗਲਿਨ
- ਰੋਲ, ਕੈਂਬਰਜਿ ਯੂਨੀਵਰਸਿਟੀ
ਸਰੋਗੇਸੀ ਕੋਈ ਨਵਾਂ ਵਰਤਾਰਾ ਨਹੀਂ ਹੈ। ਹਜ਼ਾਰਾਂ ਸਾਲਾਂ ਤੋਂ ਔਰਤਾਂ ਦੂਸਰੀਆਂ ਔਰਤਾਂ ਨੂੰ ਆਪਣੀ ਥਾਂ ਬੱਚੇ ਪੈਦਾ ਕਰਨ ਲਈ ਅਧਿਕਾਰਿਤ ਕਰਦੀਆਂ ਆਈਆਂ ਹਨ।
ਭਾਵ, ਇੱਕ ਔਰਤ ਲਈ ਕੋਈ ਦੂਸਰੀ ਔਰਤ ਮਾਂ ਬਣਦੀ ਹੈ, ਬੱਚੇ ਨੂੰ ਗਰਭ ਵਿੱਚ ਪਾਲਦੀ ਹੈ ਅਤੇ ਬੱਚਾ ਪੈਦਾ ਹੋਣ ਤੋਂ ਬਾਅਦ ਪਹਿਲੀ ਔਰਤ ਨੂੰ ਸੌਂਪ ਦਿੰਦੀ ਹੈ।
ਗਰਭਧਾਰਣ ਦੀਆਂ ਆਈਵੀਐੱਫ ਵਰਗੀਆਂ ਆਧੁਨਿਕ ਤਕਨੀਕਾਂ ਦੇ ਵਿਕਾਸ ਅਤੇ ਲੋਕਾਂ ਦੇ ਸੱਭਿਆਚਾਰਕ ਨਜ਼ਰੀਏ ਵਿੱਚ ਉਦਾਰਤਾ ਆਉਣ ਨਾਲ ਅਤੇ ਜੋੜਿਆਂ ਵਿੱਚ ਬੱਚੇ ਦੀ ਪੈਦਾਇਸ਼ ਨੂੰ ਟਾਲਣ ਦੇ ਵਧਦੇ ਰੁਝਾਨ ਸਦਕਾ ਸਰੋਗੇਸੀ ਵਿੱਚ ਵੀ ਬਹੁਤ ਵਾਧਾ ਹੋਇਆ ਹੈ।
ਪਿਛਲੇ ਦੋ ਦਹਾਕਿਆਂ ਦੌਰਾਨ, ਸਰੋਗੇਸੀ ਇੱਕ ਵਿਸ਼ਵੀ ਵਰਤਾਰਾ ਬਣ ਗਿਆ ਹੈ। ਹਾਲਾਂਕਿ ਇਸ ਬਾਰੇ ਕੋਈ ਸਟੀਕ ਅੰਕੜੇ ਤਾਂ ਉਪਲੱਬਧ ਨਹੀਂ ਹਨ ਕਿ ਕਿੰਨੇ ਬੱਚਿਆਂ ਦਾ ਜਨਮ ਸਰੋਗੇਸੀ ਰਾਹੀਂ ਹੋਇਆ ਹੈ ਪਰ ਸਾਲ 2012 ਵਿੱਚ ਸਰੋਗੇਸੀ ਸਨਅਤ ਹਰ ਸਾਲ ਅੰਦਾਜ਼ਨ ਛੇ ਬਿਲੀਅਨ ਡਾਲਰ ਤੱਕ ਦਾ ਕਾਰੋਬਾਰ ਹੋ ਰਿਹਾ ਸੀ।
ਇਹ ਵੀ ਪੜ੍ਹੋ:
ਇਕੱਲੇ ਇੰਗਲੈਂਡ ਵਿੱਚ ਹੀ ਸਰੋਗੇਟ ਮਾਵਾਂ ਤੋਂ ਪੈਦਾ ਹੋਏ ਬੱਚਿਆਂ ਨੂੰ ਉਨ੍ਹਾਂ ਮਾਪਿਆਂ ਦੇ ਬੱਚਿਆਂ ਵਜੋਂ ਰਜਿਸਟਰਡ ਕਰਨ ਦੇ ਮਾਮਲੇ 2011 ਤੋਂ 2018 ਦਰਮਿਆਨ ਤਿੰਨ ਗੁਣਾ ਹੋ ਗਏ ਹਨ।
ਇਸ ਨੂੰ ਥੋੜ੍ਹਾ ਸਮਝ ਲਿਆ ਜਾਵੇ- ਲਗਭਗ ਸਾਰੇ ਦੇਸਾਂ ਵਿੱਚ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਬੱਚੇ ਦੀ ਮਾਂ ਉਹੀ ਲਿਖੀ ਜਾਂਦੀ ਹੈ, ਜਿਸ ਦੀ ਕੁੱਖੋਂ ਉਸ ਦਾ ਜਨਮ ਹੋਇਆ ਪਰ ਬਾਅਦ ਵਿੱਚ ਬੱਚੇ ਨੂੰ ਦੂਸਰੇ ਮਾਂ-ਬਾਪ (ਕਮਿਸ਼ਨਿੰਗ ਪੇਰੈਂਟਸ), (ਜਿਨ੍ਹਾਂ ਦੇ ਕਹਿਣ ’ਤੇ ਮਾਂ ਨੇ ਬੱਚੇ ਨੂੰ ਜਨਮ ਦਿੱਤਾ) ਦੇ ਨਾਮ ’ਤੇ ਰਜਿਸਟਰ ਕੀਤਾ ਜਾਂਦਾ ਹੈ। ਇਸ ਮਗਰੋਂ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਦਾ ਉਸ ਬੱਚੇ ਉੱਪਰ ਹਰ ਕਿਸਮ ਦਾ ਕਾਨੂੰਨੀ ਦਾਅਵਾ ਸਮਾਪਤ ਹੋ ਜਾਂਦਾ ਹੈ ਤੇ ਬੱਚਾ ਕਾਨੂੰਨੀ ਤੌਰ ਤੇ ਦੂਸਰੇ ਮਾਂ-ਬਾਪ ਦੀ ਔਲਾਦ ਬਣ ਜਾਂਦਾ ਹੈ।
ਇਸ ਨੂੰ ਵੀ ਅਸੀਂ ਕੋਈ ਪ੍ਰਮਾਣਿਕ ਅੰਕੜਾ ਨਹੀਂ ਮੰਨ ਸਕਦੇ ਕਿਉਂਕਿ ਬੱਚੇ ਨੂੰ ਦੁਬਾਰਾ ਦੂਸਰੇ ਮਾਂ-ਬਾਪ ਨਾਲ ਰਜਿਸਟਰ ਕਰਵਾਉਣਾ ਕੋਈ ਕਾਨੂੰਨੀ ਬੰਦਿਸ਼ ਨਹੀਂ ਹੈ।
ਸਰੋਗੇਸੀ ਦਾ ਸੁਰਖੀਆਂ ਵਿੱਚ ਆਉਣਾ
ਸਰੋਗੇਸੀ ਦੇ ਦੋ ਰੂਪ ਹੁੰਦੇ ਹਨ ਪਹਿਲੀ ਪ੍ਰਕਿਰਿਆ ਵਿੱਚ ਸਰੋਗੇਟ ਮਾਂ ਦੇ ਅੰਦਰ ਇੱਕ ਆਂਡਾ ਅਤੇ ਸ਼ੁਕਰਾਣੂ ਰੱਖਿਆ ਜਾਂਦਾ ਹੈ। ਦੂਸਰੀ ਪ੍ਰਕਿਰਿਆ ਵਿੱਚ ਸੈਰੋਗੇਟ ਮਾਂ ਦਾ ਆਪਣਾ ਆਂਡਾ ਹੀ ਵਰਤਿਆ ਜਾਂਦਾ ਹੈ।
ਸਰੋਗੇਸੀ ਉਨ੍ਹਾਂ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਜੋ ਕੁਦਰਤੀ ਕਾਰਨਾਂ ਕਰਕੇ ਬੱਚੇ ਨੂੰ ਜਨਮ ਨਹੀਂ ਦੇ ਸਕਦੇ। ਇਸ ਨਾਲ ਉਨ੍ਹਾਂ ਦਾ ‘ਆਪਣੇ’ ਬੱਚੇ ਵੀ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਬੱਚਾ ਗੋਦ ਲੈਣ ਵਾਲੀ ਵਲ-ਵਲੇਵਿਆਂ ਵਾਲੀ ਕਾਨੂੰਨੀ ਪ੍ਰਕਿਰਿਆ ਵਿੱਚੋਂ ਵੀ ਲੰਘਣਾ ਨਹੀਂ ਪੈਂਦਾ।
ਜ਼ਿਆਦਾਤਰ ਮਾਮਲਿਆਂ ਵਿੱਚ ਇਹ ਸਭ ਸੌਖਿਆਂ ਹੀ ਨੇਪਰੇ ਚੜ੍ਹ ਜਾਂਦਾ ਹੈ। ਜਦੋਂ ਅਜਿਹਾ ਨਹੀਂ ਹੁੰਦਾ ਤਾਂ ਕਈ ਵਾਰ ਸਰੋਗੇਟ ਮਾਵਾਂ ਅਤੇ ਪੈਦਾ ਹੋਏ ਬੱਚਿਆਂ ਦੇ ਸ਼ੋਸ਼ਣ ਦੇ ਮਾਮਲੇ ਵੀ ਸੁਰਖੀਆਂ ਵਿੱਚ ਦੇਖੇ ਗਏ। ਪਿਛਲੇ ਕੁਝ ਸਾਲਾਂ ਦੌਰਾਨ ਅਜਿਹੇ ਮਾਮਲਿਆਂ ਕਈ ਵਾਰ ਸਾਹਮਣੇ ਆਏ ਹਨ।

ਤਸਵੀਰ ਸਰੋਤ, Getty Images
ਮਿਸਾਲ ਵਜੋਂ ਬੇਬੀ ਗੈਮੀ ਦੇ ਮਾਮਲੇ ਨੇ ਸਾਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਦਾਅਵਾ ਕੀਤਾ ਗਿਆ ਕਿ ਕਮਿਸ਼ਨਿੰਗ ਪੇਰੈਂਟਸ ਨੇ ਬੇਬੀ ਗੈਮੀ ਜੋ ਕਿ ਜਮਾਂਦਰੂ ਡਾਊਨ ਸਿੰਡਰੋਮ ਤੋਂ ਪੀੜਤ ਸੀ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਸਰੋਗੇਟ ਮਾਂ ਥਾਈਲੈਂਡ ਦੀ ਸੀ ਅਤੇ ਕਮਿਸ਼ਨਿੰਗ ਪੇਰੈਂਟਸ ਆਸਟਰੇਲੀਆ ਦੇ ਸਨ, ਉਹ ਬੇਬੀ ਗੈਮੀ ਦੀ ਤੰਦਰੁਸਤ ਜੁੜਵਾਂ ਭੈਣ, ਪਿਪਾਹ ਨੂੰ ਤਾਂ ਆਪਣੇ ਨਾਲ ਲੈ ਗਏ ਪਰ ਗੈਮੀ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ।
ਬਾਅਦ ਵਿੱਚ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਹੀ ਬੇਬੀ ਗੈਮੀ ਨੂੰ ਥਾਈਲੈਂਡ ਵਿੱਚ ਤਿਆਗਿਆ ਨਹੀਂ ਸੀ ਗਿਆ। ਇਸ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਕਮਿਸ਼ਨਿੰਗ ਪਿਤਾ ਉੱਪਰ ਬੱਚਿਆਂ ਨਾਲ ਜਿਨਸੀ ਦੁਰਵਿਹਾਰ ਦੇ ਮਾਮਲੇ ਸਨ। ਇਸ ਤੱਥ ਦੇ ਸਾਹਮਣੇ ਆਉਣ ਨਾਲ ਸੈਰੋਗੇਸੀ ਦੀ ਪੈਦਾਇਸ਼ ਬੱਚਿਆਂ ਬਾਰੇ ਵੀ ਵੱਡੇ ਫਿਕਰ ਖੜ੍ਹੇ ਹੋ ਗਏ।
ਹਾਸ਼ੀਆਗਤ ਔਰਤਾਂ ਨੂੰ ਬਣਾਇਆ ਜਾਂਦਾ ਹੈ ਨਿਸ਼ਾਨਾ
ਬੱਚਿਆਂ ਦੀ ਭਲਾਈ ਬਾਰੇ ਖ਼ਦਸ਼ਿਆਂ ਤੋਂ ਇਲਾਵਾ ਵੀ ਅਤੇ ਉੱਪਰ ਸਰੋਗੇਟ ਮਾਵਾਂ ਦਾ ਏਜੰਟਾਂ ਰਾਹੀਂ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਨ੍ਹਾਂ ਮਾਵਾਂ ਨੂੰ ਘਟੀਆ ਹਾਲਤਾਂ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ।
ਸਰੋਗੇਸੀ ਲਈ ਆਰਥਿਕ ਅਤੇ ਸਮਾਜਿਕ ਪੱਖੋਂ ਹਾਸ਼ੀਆਗਤ ਔਰਤਾਂ ਨੂੰ ਮੋਟੇ ਪੈਸੇ ਦਾ ਲਾਲਚ ਦੇ ਕੇ ਚੁਣਿਆ ਜਾਂਦਾ ਹੈ। ਯੂਕਰੇਨ ਵਿੱਚ ਇੱਕ ਸਰੋਗੇਟ ਮਾਂ ਨੂੰ ਮਿਸਾਲ ਵਜੋਂ ਇੱਕ ਸੈਰੋਗੇਟ ਮਾਂ 2,000 ਡਾਲਰ ਤੱਕ ਕਮਾ ਸਕਦੀ ਹੈ। ਇਹ ਰਕਮ ਯੂਕਰੇਨ ਦੀ ਸਾਲਨਾ ਆਮਦਨ ਤੋਂ ਅੱਠ ਗੁਣਾ ਵਧੇਰੇ ਹੈ।
ਹਾਲਾਂਕਿ ਸਰੋਗੇਟ ਮਾਵਾਂ ਨਾਲ ਮਾੜੇ ਵਤੀਰੇ ਦੀਆਂ ਵੀ ਰਿਪੋਰਟਾਂ ਆਉਂਦੀਆਂ ਰਹੀਆਂ ਹਨ। ਕੁਝ ਅਜਿਹੀਆਂ ਏਜੰਸੀਆਂ ਬਾਰੇ ਵੀ ਪਤਾ ਚੱਲਿਆ ਸੀ ਜਿਨ੍ਹਾਂ ਨੇ ਸਰੋਗੇਟ ਮਾਵਾਂ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ ਬਦਲੇ ਤੈਅ ਸ਼ੁਦਾ ਪੈਸਿਆਂ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਗਰਭਪਾਤ ਦੀ ਸੂਰਤ ਵਿੱਚ ਵੀ ਉਨ੍ਹਾਂ ਨੂੰ ਬਣਦੇ ਪੈਸੇ ਨਹੀਂ ਦਿੱਤੇ ਗਏ।
ਇਨ੍ਹਾਂ ਮਾਮਲਿਆਂ ਦੀ ਲੋਅ ਵਿੱਚ ਕਈ ਦੇਸਾਂ ਨੇ ਸਰੋਗੇਸੀ ਦੇ ਕਾਰੋਬਾਰ ਉੱਪਰ ਪਾਬੰਦੀ ਲਾ ਦਿੱਤੀ ਹੈ। ਪਿਛਲੇ ਸਾਲ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਜਾਰੀ ਕੀਤੀ, “ਵਪਾਰਕ ਸੈਰੋਗੇਸੀ...ਆਮ ਤੌਰ ’ਤੇ ਬੱਚਿਆਂ ਨੂੰ ਵੇਚੇ ਜਾਣ ਦਾ ਕਾਰਨ ਬਣਦੀ ਹੈ।”

ਹੈਲਥ ਟੂਰਿਜ਼ਮ ਦੀ ਆੜ ਵਿੱਚ
ਇੱਕ ਸਮੱਸਿਆ ਇਹ ਵੀ ਹੈ ਕਿ ਸਰੋਗੇਸੀ ਬਾਰੇ ਨਿਯਮ ਕਾਨੂੰਨ ਹਰ ਦੇਸ ਵਿੱਚ ਵੱਖੋ-ਵੱਖ ਹਨ। ਇਹ ਕਾਨੂੰਨ ਉਥੋਂ ਦੀਆਂ ਰਵਾਇਤਾਂ ਅਤੇ ਸਭਿਆਚਾਰਕ ਮੁੱਲਾਂ ਦੇ ਆਧਾਰ ’ਤੇ ਘੜੇ ਜਾਂਦੇ ਹਨ।
ਸਰੋਗੇਸੀ ਵਿੱਚ ਇੱਕ ਔਰਤ ਨੂੰ ਕਿਸੇ ਹੋਰ ਦੇ ਮੰਤਵਾਂ ਲਈ ਵਰਤਿਆਂ ਜਾਂਦਾ ਹੈ ਜਿਸ ਕਾਰਨ ਜਰਮਨੀ ਤੇ ਫਰਾਂਸ ਵਾਂਗ ਕਈ ਥਾਵਾਂ ’ਤੇ ਇਸ ਨੂੰ ਔਰਤ ਦਾ ਅਪਮਾਨ ਸਮਝਿਆ ਜਾਂਦਾ ਹੈ। ਇਸ ਕਾਰਨ ਇਨ੍ਹਾਂ ਦੇਸਾਂ ਵਿੱਚ ਸਰੋਗੇਸੀ ਉੱਪਰ ਮੁੱਢੋਂ ਹੀ ਪਾਬੰਦੀ ਹੈ।
ਦੂਸਰੇ ਦੇਸ਼ ਜਿਵੇਂ ਇੰਗਲੈਂਡ ਵਿੱਚ ਸਰੋਗੇਸੀ ਨੂੰ ਇੱਕ ਔਰਤ ਨੂੰ ਦੂਸਰੇ ਲਈ ਤੋਹਫ਼ੇ ਵਜੋਂ ਦੇਖਿਆ ਜਾਂਦਾ ਹੈ। ਇਸ ਨੂੰ ਪਰਉਪਕਾਰ ਸਮਝਿਆ ਜਾਂਦਾ ਹੈ।
ਦੂਸਰੇ ਦੇਸ਼ਾਂ ਜਿਵੇਂ, ਕੈਲੀਫੋਰਨੀਆ, ਰੂਸ ਅਤੇ ਯੂਕਰੇਨ ਵਿੱਚ ਵਪਾਰਕ ਸਰੋਗੇਸੀ ਦੀ ਪ੍ਰਵਾਨਗੀ ਹੈ। ਉੱਥੇ ਇਸ ਨੂੰ ਔਰਤ ਦੀ ਖ਼ੁਦਮੁਖ਼ਤਿਆਰੀ ਹੈ, ਜੇ ਉਹ ਆਪਣੀ ਮਰਜ਼ੀ ਨਾਲ ਸਰੋਗੇਸ ਕਰਨਾ ਚਾਹੁੰਦੀ ਹੈ।

ਤਸਵੀਰ ਸਰੋਤ, Getty Images
ਫਿਕਰ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੇ ਦੇਸ਼ਾਂ ਵਿੱਚ ਸਰੋਗੇਸੀ ਕਰਵਾਉਣ ਲਈ ਲੋਕ ਸਭ ਤੋਂ ਜ਼ਿਆਦਾ ਕੂਚ ਕਰਦੇ ਹਨ ਉਨ੍ਹਾਂ ਦੇਸ਼ਾਂ ਵਿੱਚ ਇਸ ਬਾਰੇ ਕੋਈ ਨਿਯਮ ਨਹੀਂ ਹਨ, ਜਿਵੇਂ ਕੀਨੀਆ ਅਤੇ ਨਾਈਜੀਰੀਆ।
ਇਨ੍ਹਾਂ ਪਾੜਿਆ ਦੇ ਕਾਰਨ ਸਰੋਗੇਸੀ ਇੱਕ ਕਿਸਮ ਨਾਲ “ਹੈਲਥ ਟੂਰਿਜ਼ਮ” ਦਾ ਰੂਪ ਲੈਂਦੀ ਜਾ ਰਹੀ ਹੈ।
ਜੇ ਸਰੋਗੇਸੀ ਕਰਵਾਉਣ ਦੇ ਚਾਹਵਾਨ ਲੋਕਾਂ( ਮਾਪਿਆਂ) ਦੇ ਦੇਸ਼ ਸਰੋਗੇਸੀ ਦੀ ਆਗਿਆ ਨਹੀਂ ਦਿੰਦੇ ਜਾਂ ਕਾਨੂੰਨ ਸਖ਼ਤ ਹਨ ਤਾਂ ਇਹ ਲੋਕ ਸੌਖਿਆਂ ਹੀ ਦੂਸਰੇ ਦੇਸ਼ਾਂ ਵਿੱਚ ਜਿੱਥੇ ਸਰੋਗੇਸੀ ਬਾਰੇ ਕਾਨੂੰਨ ਢਿੱਲੇ ਹਨ, ਜਾ ਕੇ ਸਰੋਗੇਟ ਮਾਵਾਂ ਦੀ ਭਾਲ ਕਰ ਲੈਂਦੇ ਹਨ। ਇਹ ਸਮੱਸਿਆ ਦੀ ਜੜ੍ਹ ਹੈ। ਕਾਨੂੰਨ ਦੀ ਅਣਹੋਂਦ ਵਿੱਚ ਸਰੋਗੇਟ ਮਾਵਾਂ ਦਾ ਸ਼ੋਸ਼ਣ ਇੱਕ ਤੈਅ ਵਰਤਾਰਾ ਹੈ।
ਬੀਤੇ ਸਾਲਾਂ ਦੌਰਾਨ ਸਰੋਗੇਸੀ ਦੇ ਚਾਹਵਾਨ ਮਾਪਿਆਂ ਨੇ ਭਾਰਤ, ਥਾਈਲੈਂਡ, ਕੰਬੋਡੀਆ ਅਤੇ ਨੇਪਾਲ ਦਾ ਰੁਖ ਕੀਤਾ ਹੋਇਆ ਹੈ। ਇਨ੍ਹਾਂ ਦੇਸ਼ਾਂ ਨੇ ਵਿਦੇਸ਼ੀਆਂ ਹੱਥੋਂ ਆਪਣੇ ਨਾਗਰਿਕਾਂ ਨੂੰ ਸ਼ੋਸ਼ਣ ਰੋਕਣ ਲਈ ਆਪਣੇ ਦਰਵਾਜੇ ਢੋਅ ਦਿੱਤੇ ਹਨ ਪਰ ਜੇ ਇੱਕ ਦੇਸ਼ ਦਰਵਾਜਾ ਬੰਦ ਕਰਦਾ ਹੈ ਤਾਂ ਕੋਈ ਹੋਰ ਉਸ ਦੀ ਥਾਂ ਲੈ ਲੈਂਦਾ ਹੈ।
ਕਾਨੂੰਨੀ ਪੇਚੀਦਗੀਆਂ
ਸਪੱਸ਼ਟ ਤੌਰ ’ਤੇ ਗਰੀਬ ਦੇਸ਼ਾਂ ਦੀਆਂ ਔਰਤਾਂ ਦੇ ਸੰਭਾਵੀ ਸ਼ੋਸ਼ਣ ਤੋਂ ਸਰੋਗੇਸੀ ਨਾਲ ਜੁੜੀਆਂ ਗੰਭਰ ਨੈਤਿਕ ਸਮੱਸਿਆਵਾਂ ਪੈਦਾ ਹੁੰਦੀਂ ਹਨ। ਇਸ ਨਾਲ ਬੱਚਿਆਂ ਦੇ ਇੱਕ ਵਿਕਾਊ ਵਸਤੂ ਬਣ ਜਾਣ ਦਾ ਖ਼ਤਰਾ ਵੀ ਖੜ੍ਹਾ ਹੋ ਜਾਂਦਾ ਹੈ।
ਕਈ ਬੱਚੇ ਦੇ ਜਨਮ ਸਮੇਂ ਦੇਸ਼ ਸਰੋਗੇਟ ਨੂੰ ਕਾਨੂੰਨੀ ਮਾਂ ਮੰਨਦੇ ਹਨ ਦੂਸਰੇ ਦੇਸ਼ ਕਮਿਸ਼ਨਿੰਗ ਮਾਪਿਆਂ ਨੂੰ ਮਾਪੇ ਮੰਨਦੇ ਹਨ। ਇਸ ਕਾਨੂੰਨੀ ਸਥਿਤੀ ਵਿੱਚ ਜਦੋਂ ਕੋਈ ਦੋਵਾਂ ਵਿੱਚੋਂ ਕੋਈ ਦੇਸ਼ ਉਸ ਨੂੰ ਆਪਣਾ ਨਾਗਰਿਕ ਨਾ ਮੰਨੇ ਤਾਂ ਬੱਚਾ ਬਿਨਾਂ ਕਿਸੇ ਨਾਗਰਿਕਤਾ ਦੇ ਛੁੱਟ ਸਕਦਾ ਹੈ।
ਮਿਸਾਲ ਵਜੋਂ ਸਾਲ 2018 ਦੇ ਬੇਬੀ ਮਨਜੀ ਦੇ ਚਰਚਿਤ ਮਾਮਲੇ ਵਿੱਚ ਇੱਕ ਭਾਰਤੀ ਸੈਰੋਗੇਟ ਮਾਂ ਦੀ ਕੁੱਖੋਂ ਪੈਦਾ ਹੋਏ ਬੱਚੇ ਦਾ ਭਵਿੱਖ ਉਸ ਸਮੇਂ ਅੱਧ-ਵਿਚਾਲੇ ਲਟਕ ਗਿਆ ਜਦੋਂ ਉਸ ਦੇ ਜਪਾਨੀ ਕਮਿਸ਼ਨਿੰਗ ਮਾਪਿਆਂ ਦਾ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਤਲਾਕ ਹੋ ਗਿਆ।
ਉਸ ਬੱਚੇ ਨੂੰ ਨਾ ਤਾਂ ਸਰੋਗੇਟ ਮਾਂ ਅਤੇ ਨਾ ਹੀ ਕਮਿਸ਼ਨਿੰਗ ਮਾਂ ਉਸ ਬੱਚੇ ਨੂੰ ਰੱਖਣਾ ਚਾਹੁੰਦੀ ਸੀ। ਦੂਸਰੇ ਪਾਸੇ ਕਮਿਸ਼ਨਿੰਗ ਬਾਪ ਜੋ ਕਿ ਉਸ ਬੱਚੇ ਨੂੰ ਰੱਖਣਾ ਤਾਂ ਚਾਹੁੰਦਾ ਸੀ ਭਾਰਤੀ ਕਾਨੂੰਨ ਮੁਤਾਬਕ ਇਕੱਲਾ ਬਾਪ (ਤਲਾਕ ਮਗਰੋਂ) ਰਹਿ ਜਾਣ ਕਾਰਨ ਗੋਦ ਨਹੀਂ ਸੀ ਲੈ ਸਕਦਾ।
ਨਤੀਜੇ ਵਜੋਂ ਇਹ ਸਪਸ਼ਟ ਨਹੀਂ ਸੀ ਹੋ ਰਿਹਾ ਕਿ ਬੱਚੇ ਦੇ ਕਾਨੂੰਨੀ ਮਾਂ-ਬਾਪ ਕੌਣ ਹਨ ਅਤੇ ਬੱਚੇ ਦੀ ਕੌਮੀਅਤ ਕੀ ਸੀ।
ਜੇ ਬੱਚਾ ਕਮਿਸ਼ਨਿੰਗ ਮਾਪਿਆਂ ਨਾਲ ਜਾਂਦਾ ਹੈ ਤਾਂ ਜਪਾਨ ਦੇ ਅਧਿਕਾਰੀਆਂ ਨੂੰ ਫੈਸਲਾ ਕਰਨਾ ਪਵੇਗਾ ਕਿ ਉਹ ਵਿਦੇਸ਼ੀ ਧਰਤੀ ਉੱਪਰ ਹੋਏ ਸਮਝੌਤੇ ਨੂੰ ਮਾਨਤਾ ਦੇਣ ਅਤੇ ਕਮਿਸ਼ਨਿੰਗ ਮਾਪਿਆਂ ਨੂੰ ਬੱਚੇ ਦੇ ਕਾਨੂੰਨੀ ਮਾਪੇ ਮੰਨ ਲੈਣ।
ਜ਼ਿਆਦਾਤਰ ਦੇਸ਼ਾਂ ਵਿੱਚ ਬੱਚੇ ਦੀ ਭਲਾਈ ਸਭ ਤੋਂ ਉੱਪਰ ਰੱਖੀ ਜਾਂਦੀ ਹੈ। ਜਿਸ ਕਾਰਨ ਅਧਿਕਾਰੀਆਂ ਨੂੰ ਬਾਕੀ ਸਾਰੀਆਂ ਗੱਲਾਂ ਤੋਂ ਅੱਖਾਂ ਬੰਦ ਕਰਕੇ ਅਜਿਹੇ ਸਮਝੌਤਿਆਂ ਨੂੰ ਮਾਨਤਾ ਦੇਣੀ ਪੈਂਦੀ ਹੈ। ਇਸ ਸਥਿਤੀ ਵਿੱਚ ਦੂਸਰੇ ਦੇਸ਼ ਵਿੱਚ ਹੋਇਆ ਸਰੋਗੇਟ ਮਾਂ ਦਾ ਸ਼ੋਸ਼ਣ ਵੀ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਕੀ ਸਰੋਗੇਸੀ ਲਈ ਕੋਈ ਕੌਮਾਂਤਰੀ ਸਮਝੌਤਾ ਸੰਭਵ ਹੈ?
ਹੇਗ ਕਾਨਫਰੰਸ ਜੋ ਕੌਮਾਂਤਰੀ ਕਾਨੂੰਨਾਂ ਬਾਰੇ ਇੱਕ ਅੰਤਰ-ਸਰਕਾਰੀ ਏਜੰਸੀ ਹੈ। ਇਸ ਦਿਸ਼ਾ ਵਿੱਚ ਸੰਭਾਵੀ ਕਾਨੂੰਨ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ, ਜਿਨ੍ਹਾਂ ਤਹਿਤ ਅਧਿਕਾਰੀ ਸਰੋਗੇਸੀ ਰਾਹੀਂ ਦੂਸਰੇ ਦੇਸ਼ਾਂ ਵਿੱਚ ਪੈਦਾ ਹੋਏ ਬੱਚਿਆਂ ਦੇ ਮਾਪਿਆਂ ਬਾਰੇ ਫੈਸਲਾ ਲੈ ਸਕਣ।
ਹਾਲਾਂਕਿ, ਸੈਰੋਗੇਸੀ ਬਾਰੇ ਹਰ ਦੇਸ਼ ਵਿੱਚ ਪ੍ਰਚਲਿਤ ਧਾਰਨਾਵਾਂ ਕਾਰਨ, ਇਸ ਬਾਰੇ ਕਿਸੇ ਕੌਮਾਂਤਰੀ ਸਮਝੌਤੇ ਬਾਰੇ ਸਹਿਮਤੀ ਬਣਾਉਣਾ ਮੁਸ਼ਕਿਲ ਹੋਵੇਗਾ।
ਜਿਨ੍ਹਾਂ ਦੇਸ਼ਾਂ ਵਿੱਚ ਵਾਪਰਕ ਸਰੋਗੇਸੀ ਉੱਪਰ ਪਾਬੰਦੀ ਹੈ ਉਹ ਅਜਿਹੇ ਕਿਸੇ ਸਮਝੌਤੇ ਲਈ ਸਹਿਮਤ ਨਹੀਂ ਹੋਣਗੇ ਜਿਸ ਰਾਹੀਂ ਵਪਾਰਕ ਸਰੋਗੇਸੀ ਨੂੰ ਮਾਨਤਾ ਮਿਲਦੀ ਹੋਵੇ। ਇਸ ਦੇ ਨਾਲ ਹੀ ਜਿਨ੍ਹਾਂ ਦੇਸ਼ਾ ਵਿੱਚ ਵਪਾਰਕ ਸਰੋਗੇਸੀ ਨੂੰ ਮਾਨਤਾ ਪ੍ਰਾਪਤ ਹੈ ਉਹ ਅਜਿਹੇ ਸਮਝੌਤੇ ਲਈ ਸਹਿਮਤ ਨਹੀਂ ਹੋਣਗੇ ਜਿਸ ਨਾਲ ਇਹ ਮਾਨਤਾ ਖ਼ਤਮ ਹੁੰਦੀ ਹੋਵੇ।
ਇਸ ਦਾ ਮਤਲਬ ਹੈ ਕਿ ਅਧਿਕਾਰੀ ਬੜੀ ਮੁਸ਼ਕਿਲ ਸਥਿਤੀ ਵਿੱਚ ਹਨ। ਦੁਨੀਆਂ ਵਿੱਚ ਸਰੋਗੇਸੀ ਸੰਬੰਧੀ ਕਾਨੂੰਨਾਂ ਵਿੱਚ ਇੱਕ ਸਾਰਤਾ ਨਾ ਹੋਣ ਕਾਰਨ ਸਰੋਗੇਸੀ ਦਾ ਕਾਰੋਬਾਰ ਵਧਦਾ ਜਾ ਰਿਹਾ ਹੈ। ਇਸ ਦੀ ਇੱਕੋ-ਇੱਕ ਵਜ੍ਹਾ ਹੈ ਕਿ ਇਨ੍ਹਾਂ ਕਾਨੂੰਨੀ ਪਾੜਿਆਂ ਕਾਰਨ ਹੀ ਦੇਸ਼ ਸੈਰੋਗੇਸੀ ਨੂੰ ਕਿਸੇ ਅਨੁਸ਼ਾਸ਼ਨ ਵਿੱਚ ਨਹੀਂ ਬੰਨ੍ਹਾ ਪਾ ਰਹੇ।
ਸਰੋਗੇਸੀ ਬੱਚੇ ਲਈ ਤਰਸਦੇ ਲੋਕਾਂ ਨੂੰ ਖ਼ੁਸ਼ੀ ਤਾਂ ਜਰੂਰ ਦੇ ਸਕਦੀ ਹੈ ਪਰ ਇਸ ਦੇ ਨਾਲ ਹੀ ਇਹ ਹਾਸ਼ੀਆਗਤ ਲੋਕਾਂ ਦੇ ਸ਼ੋਸ਼ਣ ਦੇ ਦਰਵਾਜੇ ਵੀ ਖੋਲ੍ਹ ਦਿੰਦੀ ਹੈ।
ਜਿਵੇਂ-ਜਿਵੇਂ ਸਰੋਗੇਸੀ ਦਾ ਰੁਝਾਨ ਵਧੇਗਾ, ਇਹ ਕਾਨੂੰਨੀ ਅਤੇ ਨੈਤਿਕ ਸਵਾਲ ਉਹ ਗੰਭੀਰ ਹੁੰਦੇ ਜਾਣਗੇ। ਪੰਡੋਰਾਜ਼ ਬਾਕਸ ਖੁੱਲ੍ਹ ਚੁੱਕਿਆ ਹੈ ਅਤੇ ਕਾਨੂੰਨ ਇਸ ਨੂੰ ਸਾਂਭਣ ਲਈ ਤਿਆਰ ਨਹੀਂ ਹੈ।

ਇਸ ਲੇਖ ਬਾਰੇ
ਇਹ ਲੇਖ ਬੀਬੀਸੀ ਵੱਲੋਂ ਇੱਕ ਬਾਹਰੀ ਮਾਹਰ ਤੋਂ ਲਿਖਵਾਇਆ ਗਿਆ।
ਲੇਖਰ ਕੈਂਬਰਿਜ ਯੂਨੀਵਰਸਿਟੀ ਦੀ ਕਾਨੂੰਨ ਫੈਕਲਟੀ ਵਿੱਚ ਲੈਕਚਰਾਰ ਹਨ। ਉਹ ਬੱਚਿਆਂ ਦੇ ਅਧਿਕਾਰਾਂ, ਪਰਿਵਾਰਕ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਬਾਰੇ ਕੋਮਾਂਤਰੀ ਕਾਨੂੰਨ ਦੇ ਮਾਹਰ ਹਨ। ਤੁਸੀਂ ਉਨ੍ਹਾਂ ਨਾਲ, ਇਸ ਲਿੰਕ ਉੱਤੇ ਕਲਿੱਕ ਕਰ ਕੇ ਟਵਿੱਟਰ ’ਤੇ ਰਾਬਤਾ ਕਰ ਸਕਦੇ ਹੋ।
ਇਸ ਲੇਖ ਦੇ ਸੰਪਾਦਕ ਐਲੀਨੌਰ ਲਾਰੀ ਹਨ।

ਇਹ ਵੀ ਪੜ੍ਹੋ
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












