ਉਸ ਗਿਰੋਹ ਦੀ ਕਹਾਣੀ ਜੋ ਕੁੜੀਆਂ ਨੂੰ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾਉਂਦਾ ਸੀ, ਕਿਵੇਂ 32 ਸਾਲਾਂ ਬਾਅਦ ਮਿਲਿਆ ਨਿਆਂ

ਸਾਲ 1992 ਦੇ ਅਜਮੇਰ ਕਾਂਡ ਦੇ ਕੁਝ ਮੁਲਜ਼ਮ

ਤਸਵੀਰ ਸਰੋਤ, Santosh Kumar

ਤਸਵੀਰ ਕੈਪਸ਼ਨ, ਸਾਲ 1992 ਦੇ ਅਜਮੇਰ ਕਾਂਡ ਦੇ ਕੁਝ ਮੁਲਜ਼ਮ
    • ਲੇਖਕ, ਸ਼ੈਰਲਿਨ ਮੋਲਨ
    • ਰੋਲ, ਬੀਬੀਸੀ ਨਿਊਜ਼, ਮੁੰਬਈ

ਚੇਤਾਵਨੀ- ਇਸ ਲੇਖ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ, ਪਾਠਕ ਵਿਵੇਕ ਤੋਂ ਕੰਮ ਲੈਣ।

“ਮੇਰਾ ਦਿਲ ਬੇਹੱਦ ਦਰਦ ਨਾਲ ਭਰਿਆ ਹੋਇਆ ਹੈ। ਹਰ ਰੋਜ਼ ਮੈਂ ਆਪਣੀ ਜ਼ਿੰਦਗੀ ਦੇ ਉਸ ਵਾਕਿਆ ਬਾਰੇ ਸੋਚ ਕੇ ਰੋਂਦੀ ਹਾਂ, ਜਿਸ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ।”

ਉਹ 1992 ਦਾ ਸਾਲ ਸੀ ਅਤੇ ਸੁਸ਼ਮਾ (ਬਦਲਿਆ ਹੋਇਆ ਨਾਮ*) ਉਦੋਂ 18 ਸਾਲ ਦੇ ਸਨ।

ਇੱਕ ਜਣਾ ਜਿਸ ਨੂੰ ਉਹ ਜਾਣਦੇ ਸਨ ਵੀਡੀਓ ਟੇਪ ਦਿਖਾਉਣ ਦੇ ਬਹਾਨੇ ਇੱਕ ਸੁੰਨੇ ਪਏ ਗੋਦਾਮ ਵਿੱਚ ਲੈ ਗਿਆ।

ਉੱਥੇ ਛੇ ਤੋਂ ਸੱਤ ਜਣਿਆਂ ਨੇ ਸੁਸ਼ਮਾਂ ਨੂੰ ਬੰਨ੍ਹਿਆ। ਉਨ੍ਹਾਂ ਨਾਲ ਰੇਪ ਕੀਤਾ ਅਤੇ ਤਸਵੀਰਾਂ ਲਈਆਂ।

ਸਾਰੇ ਮਰਦ ਰਾਜਸਥਾਨ ਦੇ ਅਜਮੇਰ ਸ਼ਹਿਰ ਦੇ ਅਮੀਰ ਅਤੇ ਰਸੂਖਦਾਰਾ ਪਰਿਵਾਰਾਂ ਨਾਲ ਸਬੰਧਤ ਸਨ।

ਸੁਸ਼ਮਾ ਦੱਸਦੇ ਹਨ,“ਰੇਪ ਕਰਨ ਤੋਂ ਬਾਅਦ ਉਨ੍ਹਾਂ ਵਿੱਚੋਂ ਇੱਕ ਨੇ ਮੈਨੂੰ ਲਿਪਸਟਿਕ ਲੈਣ ਲਈ 200 ਰੁਪਏ ਦਿੱਤੇ। ਮੈਂ ਪੈਸੇ ਨਹੀਂ ਲਏ।”

ਪਿਛਲੇ ਹਫ਼ਤੇ 32 ਸਾਲਾਂ ਬਾਅਦ, ਅਦਾਲਤ ਨੇ ਸੁਸ਼ਮਾ ਦੇ ਗੁਨਾਹਗਾਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

“ਅੱਜ ਮੈਂ 50 ਸਾਲਾਂ ਦੀ ਹਾਂ ਅਤੇ ਆਖ਼ਰਕਾਰ ਮੈਂ ਮਹਿਸੂਸ ਕਰ ਰਹੀ ਹਾਂ ਕਿ ਮੈਨੂੰ ਇਨਸਾਫ਼ ਮਿਲ ਗਿਆ ਹੈ। ਲੇਕਿਨ ਉਹ ਜੋ ਕੁਝ ਮੈਂ ਗੁਆ ਲਿਆ ਹੈ ਉਹ ਵਾਪਸ ਨਹੀਂ ਲਿਆ ਸਕਦਾ।“

ਉਹ ਦੱਸਦੇ ਹਨ ਕਿ ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਨੂੰ ਆਪਣੇ ਨਾਲ ਵਾਪਰੀ ਘਟਨਾ ਕਾਰਨ ਸਮਾਜ ਦੇ ਤਾਹਨੇ-ਮਿਹਣਿਆਂ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਸੁਸ਼ਮਾ ਦੇ ਪਤੀਆਂ ਨੂੰ ਉਨ੍ਹਾਂ ਦੇ ਅਤੀਤ ਬਾਰੇ ਪਤਾ ਲੱਗਿਆ ਤਾਂ ਦੋਵਾਂ ਨੇ ਤਲਾਕ ਲੈ ਲਿਆ।

ਸੁਸ਼ਮਾ ਉਨ੍ਹਾਂ 16 ਪੀੜਤਾਂ ਵਿੱਚੋਂ ਹਨ, ਜਿਨ੍ਹਾਂ ਦਾ 1992 ਦੇ ਕਈ ਮਹੀਨਿਆਂ ਦੌਰਾਨ ਅਜਮੇਰ ਦੇ ਰਸੂਖਦਾਰ ਅਤੇ ਧਨੀ ਆਦਮੀਆਂ ਦੇ ਸਮੂਹ ਵੱਲੋਂ ਬਲਾਤਕਾਰ ਕੀਤਾ ਗਿਆ।

ਇਹ ਉਸ ਸਮੇਂ ਇੱਕ ਵੱਡੇ ਸਕੈਂਡਲ ਵਜੋਂ ਉੱਭਰਿਆ ਸੀ, ਅਤੇ ਵਿਆਪਕ ਮੁਜ਼ਾਹਰੇ ਹੋਏ ਸਨ।

ਪਿਛਲੇ ਹਫ਼ਤੇ ਅਦਾਲਤ ਨੇ 18 ਮੁਲਜ਼ਮਾਂ ਵਿੱਚੋਂ ਛੇ ਨੂੰ ਸਜ਼ਾ ਸੁਣਾਈ ਹੈ। ਇਹ ਮੁਲਜ਼ਮ ਸਨ— ਨਾਸਿਫ਼ ਚਿਸ਼ਤੀ, ਇਕਬਾਲ ਭੱਟ, ਸਲੀਮ ਚਿਸ਼ਤੀ, ਸਈਅਦ ਜਮੀਰ ਹੁਸੈਨ, ਨਸੀਮ ਉਰਫ਼ ਟਾਰਜ਼ਨ ਅਤੇ ਸੁਹੇਲ ਗ਼ਨੀ।

ਇਨ੍ਹਾਂ ਨੇ ਆਪਣੇ ਜੁਰਮ ਕਬੂਲ ਨਹੀਂ ਕੀਤੇ ਹਨ ਅਤੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਉੱਚੀ ਅਦਾਲਤ ਵਿੱਚ ਦਾਅਵਾ ਕਰਨਗੇ।

ਫਿਰ ਬਾਕੀ 12 ਮੁਲਜ਼ਮਾਂ ਨਾਲ ਕੀ ਹੋਇਆ?

ਪੀੜਤਾਂ ਨੂੰ ਲਿਆਉਣ ਅਤੇ ਲਿਜਾਣ ਲਈ ਵਰਤੀ ਗਈ ਵੈਨ

ਤਸਵੀਰ ਸਰੋਤ, Santosh Kumar

ਤਸਵੀਰ ਕੈਪਸ਼ਨ, ਪੀੜਤਾਂ ਨੂੰ ਲਿਆਉਣ ਅਤੇ ਲਿਜਾਣ ਲਈ ਵਰਤੀ ਗਈ ਵੈਨ

ਇਨ੍ਹਾਂ ਵਿੱਚੋਂ ਅੱਠ ਨੂੰ 1998 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਲੇਕਿਨ ਚਾਰ ਨੂੰ ਇੱਕ ਉੱਚੀ ਅਦਾਲਤ ਨੇ ਬਰੀ ਕਰ ਦਿੱਤਾ। ਜਦਕਿ ਬਾਕੀਆਂ ਦੀ ਸਜ਼ਾ ਘਟਾ ਕੇ 10 ਸਾਲ ਕਰ ਦਿੱਤੀ ਗਈ

ਬਾਕੀ ਬਚੇ ਚਾਰ ਵਿੱਚੋਂ ਇੱਕ ਨੇ ਖ਼ੁਦਕੁਸ਼ੀ ਕਰ ਲਈ ਸੀ ਇੱਕ ਨੂੰ 2007 ਵਿੱਚ ਸਜ਼ਾਏ ਮੌਤ ਸੁਣਾਈ ਗਈ ਪਰ ਛੇ ਸਾਲ ਬਾਅਦ ਬਰੀ ਕਰ ਦਿੱਤਾ ਗਿਆ। ਇੱਕ ਹੋਰ ਨੂੰ ਇੱਕ ਸੰਬੰਧਿਤ ਛੋਟੇ ਕੇਸ ਵਿੱਚ ਸਜ਼ਾ ਸੁਣਾਈ ਗਈ ਪਰ ਬਾਅਦ ਵਿੱਚ ਬਰੀ ਕਰ ਦਿੱਤਾ ਗਿਆ। ਇੱਕ ਅਜੇ ਵੀ ਭਗੌੜਾ ਹੈ।

ਪੱਤਰਕਾਰ ਸੰਤੋਸ਼ ਗੁਪਤਾ ਨੇ ਇਸ ਕੇਸ ਨੂੰ ਕਵਰ ਕੀਤਾ ਹੈ ਅਤੇ ਅਦਾਲਤ ਵਿੱਚ ਗਵਾਹੀ ਵੀ ਦਿੱਤੀ ਹੈ। ਉਹ ਕਹਿੰਦੇ ਹਨ, “ਕੀ ਤੁਸੀਂ ਇਸ ਨੂੰ ਇਨਸਾਫ਼ ਕਹਿ ਵੀ ਸਕਦੇ ਹੋ? ਇੱਕ ਫੈਸਲਾ ਨਿਆਂ ਨਹੀਂ ਹੁੰਦਾ।”

ਇਹੀ ਵਿਚਾਰ ਸੁਪਰੀਮ ਕੋਰਟ ਵਿੱਚ ਵਕੀਲ ਰਿਬੈਕਾ ਜੌਹਨ ਦੇ ਹਨ, ਜੋ ਇਸ ਨੂੰ “ਨਿਆਂ ਵਿੱਚ ਦੇਰੀ, ਨਿਆਂ ਤੋਂ ਇਨਕਾਰ” ਦੀ ਇੱਕ ਹੋਰ ਮਿਸਾਲ ਦੱਸਦੇ ਹਨ।

“ਇਹ ਇੱਕ ਅਜਿਹੀ ਸਮੱਸਿਆ ਵੱਲ ਸੰਕੇਤ ਕਰਦਾ ਹੈ ਜੋ ਕਨੂੰਨੀ ਪ੍ਰਣਾਲੀ ਤੋਂ ਬਹੁਤ ਬਾਹਰ ਤੱਕ ਫੈਲੀ ਹੋਈ ਹੈ। ਸਾਡਾ ਪਿਤਰ-ਪੁਰਖੀ ਸਮਾਜ ਟੁੱਟ ਚੁੱਕਿਆ ਹੈ। ਸਾਨੂੰ ਵਤੀਰੇ ਵਿੱਚ ਬਦਲਾਅ ਦੀ ਲੋੜ ਹੈ, ਲੇਕਿਨ ਇਸ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ?”

ਸਰਕਾਰੀ ਵਕੀਲ ਵਿਰੇਂਦਰ ਸਿੰਘ ਰਾਠੌਰ ਨੇ ਕਿਹਾ, ਮੁਲਜ਼ਮਾਂ ਨੇ ਪੀੜਤਾਂ ਨੂੰ ਧੋਖਾ ਦੋਣ, ਧਮਕਾਉਣ ਅਤੇ ਲਾਲਚ ਦੇਣ ਲਈ ਆਪਣੇ ਪੈਸੇ ਅਤੇ ਤਾਕਤ ਦੀ ਵਰਤੋਂ ਕੀਤੀ।

ਉਨ੍ਹਾਂ ਨੇ ਪੀੜਤਾਂ ਨੂੰ ਬਲੈਕਮੇਲ, ਚੁੱਪ ਕਰਾਉਣ ਜਾਂ ਹੋਰ ਪੀੜਤਾਂ ਨੂੰ ਫਸਾਉਣ ਲਈ ਆਪਣੀਆਂ ਪੀੜਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਲਈਆਂ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਵਾਈਟ ਪੋਸਟਰ

ਤਸਵੀਰ ਸਰੋਤ, BBC

ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

“ਇਸ ਮਾਮਲੇ ਵਿੱਚ, ਮੁਲਜ਼ਮ ਨੇ ਆਪਣੇ ਜਾਣਕਾਰ ਨੂੰ ਦਾਅਵਤ ਉੱਤੇ ਬੁਲਾਇਆ ਅਤੇ ਉਸ ਨੂੰ ਸ਼ਰਾਬੀ ਕਰ ਦਿੱਤਾ। ਉਸਦੀਆਂ ਇਤਰਾਜ਼ੋਯਗ ਤਸਵੀਰਾਂ ਲਈਆਂ ਅਤੇ ਧਮਕਾਇਆ ਕਿ ਜੇ ਉਹ ਆਪਣੀ ਮਹਿਲਾ ਮਿੱਤਰ ਨੂੰ ਉਨ੍ਹਾਂ ਨੂੰ ਮਿਲਾਉਣ ਲਈ ਨਾ ਲਿਆਇਆ ਤਾਂ ਤਸਵੀਰਾਂ ਜਨਤਕ ਕਰ ਦੇਣਗੇ। ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਸ਼ਿਕਾਰ ਮਿਲ ਰਹੇ ਸਨ।”

ਮੁਲਜ਼ਮ ਦੇ ਮਜ਼ਬੂਤ ਸਿਆਸੀ ਅਤੇ ਸਮਾਜਿਕ ਰਿਸ਼ਤੇ ਸਨ। ਇਨ੍ਹਾਂ ਵਿੱਚੋਂ ਕੁਝ ਅਜਮੇਰ ਦੀ ਇੱਕ ਮਸ਼ਹੂਰ ਦਰਗਾਹ ਨਾਲ ਜੁੜੇ ਹੋਏ ਸਨ।

ਗੁਪਤਾ ਦੱਸਦੇ ਹਨ,“ਉਹ ਉਸ ਸਮੇਂ ਛੋਟੇ ਜਿਹੇ ਸ਼ਹਿਰ ਦੀਆਂ ਸੜਕਾਂ ਉੱਤੇ ਕਾਰਾਂ ਅਤੇ ਬਾਈਕਾਂ ਉੱਤੇ ਘੁੰਮਦੇ ਸਨ। ਕੁਝ ਲੋਕ ਇਨ੍ਹਾਂ ਤੋਂ ਡਰਦੇ ਸਨ, ਕੁਝ ਉਨ੍ਹਾਂ ਦੇ ਨਜ਼ਦੀਕ ਹੋਣਾ ਅਤੇ ਉਨ੍ਹਾਂ ਵਰਗਾ ਬਣਨਾ ਚਾਹੁੰਦੇ ਸਨ।”

ਪੱਤਰਕਾਰ ਗੁਪਤਾ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਾਕਤ ਅਤੇ ਕਨੈਕਸ਼ਨਾਂ ਨੇ ਮਾਮਲਿਆਂ ਉੱਤੇ ਕਈ ਮਹੀਨੇ ਤੱਕ ਪਰਦਾ ਪਾਈ ਰੱਖਣ ਵਿੱਚ ਮਦਦ ਕੀਤੀ। ਲੇਕਿਨ ਕੁਝ ਲੋਕ ਸਨ— ਜਿਵੇਂ ਜਿੱਥੇ ਫੋਟੋਆਂ ਧੋਤੀਆਂ ਜਾ ਰਹੀਆਂ ਸਨ ਉੱਥੇ ਕੰਮ ਕਰਨ ਵਾਲੇ ਲੋਕ ਅਤੇ ਕੁਝ ਪੁਲਿਸ ਵਾਲੇ— ਜੋ ਜਾਣਦੇ ਸਨ ਕਿ ਕੀ ਹੋ ਰਿਹਾ ਹੈ।

ਇੱਕ ਦਿਨ ਮੁਲਜ਼ਮਾਂ ਵੱਲੋਂ ਲਈਆਂ ਕੁਝ ਤਸਵੀਰਾਂ ਪੱਤਰਕਾਰ ਗੁਪਤਾ ਕੋਲ ਪਹੁੰਚ ਗਈਆਂ। ਗੁਪਤਾ ਨੂੰ ਇਹ ਦੇਖ ਕੇ ਇੱਕ ਦਮ ਸਦਮਾ ਲੱਗਿਆ।

ਸ਼ਹਿਰ ਦੇ ਕੁਝ ਸਭ ਤੋਂ ਤਾਕਤਵਰ ਲੋਕ, ਮਾਸੂਮ ਕੁੜੀਆਂ ਨਾਲ ਭਿਆਨਕ ਜੁਰਮ ਕਰ ਰਹੇ ਸਨ— ਅਤੇ ਇਸਦੇ ਸਬੂਤ ਸਨ। ਲੇਕਿਨ ਪੁਲਿਸ ਜਾਂ ਲੋਕਾਂ ਵੱਲੋਂ ਕੋਈ ਵੱਡੀ ਪ੍ਰਤੀਕਿਰਿਆ ਨਹੀਂ ਸੀ।

ਉਨ੍ਹਾਂ ਨੇ ਇਸ ਬਾਰੇ ਕੁਝ ਖ਼ਬਰਾਂ ਲਿਖੀਆਂ ਪਰ ਕੋਈ ਰੌਲਾ ਨਹੀਂ ਪਿਆ।

ਫਿਰ ਇੱਕ ਦਿਨ ਉਹ ਦੱਸਦੇ ਹਨ ਕਿ ਉਨ੍ਹਾਂ ਦੇ ਅਖ਼ਬਾਰ ਨੇ ਇੱਕ “ਬਹਾਦਰੀ ਵਾਲਾ ਫੈਸਲਾ ਲਿਆ”।

ਅਖ਼ਬਾਰ ਨੇ ਦੋ ਬੰਦਿਆਂ ਵਿੱਚ ਦੱਬੀ ਹੋਈ, ਲੱਕ ਤੱਕ ਨੰਗੀ ਕੁੜੀ ਦੀ ਤਸਵੀਰ ਛਾਪੀ, ਜੋ ਉਸਦੀਆਂ ਛਾਤੀਆਂ ਨਾਲ ਖੇਡ ਰਹੇ ਸਨ। ਸਿਰਫ਼ ਕੁੜੀ ਦਾ ਚਿਹਰਾ ਧੁੰਦਲਾ ਕੀਤਾ ਗਿਆ ਸੀ। ਇੱਕ ਜਣਾ ਕੈਮਰੇ ਵੱਲ ਦੇਖ ਕੇ ਮੁਸਕਰਾ ਰਿਹਾ ਸੀ।

ਰਿਪੋਰਟ ਨਾਲ ਸ਼ਹਿਰ ਵਿੱਚ ਸਦਮਾ ਛਾ ਗਿਆ। ਲੋਕਾਂ ਨੇ ਕਈ ਦਿਨ ਰੋਸ ਵਜੋਂ ਸ਼ਹਿਰ ਬੰਦ ਰੱਖਿਆ। ਖ਼ਬਰ ਬਾਰੂਦ ਦੀ ਅੱਗ ਵਾਂਗ ਪੂਰੇ ਸੂਬੇ ਵਿੱਚ ਫੈਲ ਗਈ।

ਰਾਠੌਰ ਮੁਤਾਬਕ, ਆਖਰ ਸਰਕਾਰ ਨੇ ਕੁਝ ਪੁਖ਼ਤਾ ਕਦਮ ਚੁੱਕਿਆ। ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਬਲਾਤਕਾਰ ਅਤੇ ਬਲੈਕਮੇਲਿੰਗ ਦਾ ਪਰਚਾ ਦਰਜ ਕਰਕੇ ਕੇਸ ਸੀਬੀਆਈ ਦੇ ਹਵਾਲੇ ਕਰ ਦਿੱਤਾ।

ਰਾਠੌਰ ਨੇ ਕਿਹਾ ਕਿ ਕੇਸ ਦੇ 32 ਸਾਲ ਤੱਕ ਲਟਕਣ ਦੇ ਕਈ ਕਾਰਨ ਹਨ। ਜਿਵੇਂ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵਿੱਚ ਦੇਰੀ, ਬਚਾਅ ਪੱਖ ਦੀਆਂ ਕੇਸ ਲਟਕਾਉਣ ਦੀਆਂ ਚਾਲਾਂ, ਸਰਕਾਰੀ ਪੱਖ ਨੂੰ ਪੈਸੇ ਦੀ ਕਮੀ ਅਤੇ ਨਿਆਂ ਪ੍ਰਣਾਲੀ ਦੇ ਢਾਂਚਾਗਤ ਮਸਲੇ।

ਜਦੋਂ 1992 ਵਿੱਚ ਪੁਲਿਸ ਨੇ ਇਲਜ਼ਾਮ ਫਾਈਲ ਕੀਤੇ ਤਾਂ ਛੇ ਮੁਲਜ਼ਮ ਜਿਨ੍ਹਾਂ ਨੂੰ ਹੁਣ ਸਜ਼ਾ ਸੁਣਾਈ ਗਈ ਹੈ, ਉਹ ਭਗੌੜੇ ਹੋ ਗਏ।

ਜੈਪੁਰ

ਤਸਵੀਰ ਸਰੋਤ, Santosh Kumar

ਤਸਵੀਰ ਕੈਪਸ਼ਨ, ਅਜਮੇਰ ਦਾ ਸਮੂਹਕ ਬਲਾਤਕਾਰ ਕਾਂਡ

ਮਾਮਲਾ ਲਟਕਣ ਦੀ ਵਜ੍ਹਾ

ਰਾਠੌਰ ਦਾ ਕਹਿਣਾ ਹੈ ਕਿ ਇਹ ਇੱਕ ਭੁੱਲ ਸੀ ਕਿਉਂਕਿ ਜਦੋਂ ਪੁਲਿਸ ਨੇ ਚਾਰਜ ਫਾਈਲ ਕੀਤੇ ਤਾਂ ਇਹ ਛੇ ਜਣੇ ਭਗੌੜੇ ਸਨ। ਦੋ ਨੂੰ 2003 ਵਿੱਚ, ਇੱਕ ਨੂੰ 2005 ਵਿੱਚ ਅਤੇ ਦੋ ਹੋਰ ਨੂੰ 2012 ਅਤੇ ਆਖਰੀ ਨੂੰ 2018 ਵਿੱਚ ਫੜਿਆ ਗਿਆ।

ਹਰ ਵਾਰ ਜਦੋਂ ਨਵਾਂ ਮੁਲਜ਼ਮ ਫੜਿਆ ਜਾਂਦਾ ਤਾਂ ਕੇਸ ਨਵੇਂ ਸਿਰੇ ਤੋਂ ਸ਼ੁਰੂ ਹੋ ਜਾਂਦਾ। ਬਚਾਅ ਪੱਖ ਪੀੜਤਾਂ ਅਤੇ ਗਵਾਹਾਂ ਨੂੰ ਗਵਾਹੀ ਲਈ ਬੁਲਾਉਂਦਾ।

ਉਹ ਸਮਝਾਉਂਦੇ ਹਨ, ਕਨੂੰਨ ਵਿੱਚ, ਜਦੋਂ ਗਵਾਹ ਗਵਾਹੀ ਦੇ ਰਿਹਾ ਹੋਵੇ ਤਾਂ ਮੁਲਜ਼ਮ ਨੂੰ ਹਾਜਰ ਰਹਿਣ ਦਾ ਹੱਕ ਹੈ ਅਤੇ ਬਚਾਅ ਪੱਖ ਨੂੰ ਉਨ੍ਹਾਂ ਤੋਂ ਸਵਾਲ ਕਰਨ ਦਾ ਹੱਕ ਹੈ।

ਇਸ ਨਾਲ ਪੀੜਤਾਂ ਨੂੰ ਉਹ ਸਦਮਾ ਮੁੜ ਯਾਦ ਕਰਨਾ ਪੈਂਦਾ ਸੀ ਅਤੇ ਬਿਆਨ ਕਰਨਾ ਪੈਂਦਾ ਸੀ।

ਰਾਠੌਰ ਦੱਸਦੇ ਹਨ ਕਿ ਕਿਵੇਂ ਪੀੜਤਾਂ ਜੋ ਅੱਜ 40-50 ਸਾਲ ਦੀਆਂ ਸਨ, ਜੱਜ ਉੱਤੇ ਚੀਕਦੀਆਂ ਸਨ ਕਿ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਨੂੰ ਕਿਉਂ ਅਦਾਲਤ ਵਿੱਚ ਘੜੀਸਿਆ ਜਾ ਰਿਹਾ ਹੈ।

ਸਮੇਂ ਦੇ ਬੀਤਣ ਨਾਲ ਪੁਲਿਸ ਲਈ ਵੀ ਗਵਾਹਾਂ ਉੱਤੇ ਨਜ਼ਰ ਰੱਖਣਾ ਅਤੇ ਸੱਦਣਾ ਮੁਸ਼ਕਿਲ ਹੋ ਗਿਆ।

ਰਾਠੌਰ ਮੁਤਾਬਕ,“ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਗਏ ਸਨ ਇਸ ਲਈ ਕੇਸ ਨਾਲ ਜੁੜੇ ਨਹੀਂ ਰਹਿਣਾ ਚਾਹੁੰਦੇ ਸਨ।”

“ਹੁਣ ਵੀ ਇੱਕ ਮੁਲਜ਼ਮ ਭਗੌੜਾ ਹੈ। ਜੇ ਉਹ ਫੜਿਆ ਜਾਂਦਾ ਹੈ, ਜਾਂ ਦੂਸਰੇ ਮੁਲਜ਼ਮ ਫੈਸਲੇ ਦੇ ਖਿਲਾਫ਼ ਵੱਡੀ ਅਦਾਲਤ ਵਿੱਚ ਅਪੀਲ ਕਰ ਦਿੰਦੇ ਹਨ, ਤਾਂ ਪੀੜਤਾਂ ਅਤੇ ਗਵਾਹਾਂ ਨੂੰ ਇਕ ਵਾਰ ਫਿਰ ਗਵਾਹੀ ਲਈ ਸੱਦਿਆ ਜਾਵੇਗਾ।”

ਸੁਸ਼ਮਾ—ਉਨ੍ਹਾਂ ਤਿੰਨ ਪੀੜਤਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਗਵਾਹੀ ਦੇ ਕੇ ਮੁਲਜ਼ਮਾਂ ਨੂੰ ਸਜ਼ਾ ਦਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਉਹ ਮੀਡੀਆ ਨੂੰ ਆਪਣੀ ਕਹਾਣੀ ਇਸ ਲਈ ਸੁਣਾ ਰਹੇ ਹਨ ਕਿਉਂਕਿ ਸੱਚ ਕਹਿ ਰਹੇ ਸਨ।

“ਮੈਂ ਆਪਣੀ ਕਹਾਣੀ ਕਦੇ ਨਹੀਂ ਬਦਲੀ। ਮੈਂ ਨਿਆਣੀ ਅਤੇ ਮਾਸੂਮ ਸੀ ਜਦੋਂ ਇਨ੍ਹਾਂ ਲੋਕਾਂ ਨੇ ਮੇਰੇ ਨਾਲ ਅਜਿਹਾ ਕੀਤਾ। ਇਸ ਨੇ ਮੈਥੋਂ ਸਾਰਾ ਕੁਝ ਖੋਹ ਲਿਆ। ਹੁਣ ਮੇਰੇ ਕੋਲ ਗਵਾਉਣ ਲਈ ਕੁਝ ਨਹੀਂ ਹੈ।”

*ਭਾਰਤੀ ਕਨੂੰਨ ਰੇਪ ਪੀੜਤਾ ਦੀ ਪਛਾਣ ਜਨਤਕ ਕਰਨ ਦੀ ਆਗਿਆ ਨਹੀਂ ਦਿੰਦਾ ਹੈ। ਇਸ ਲਈ ਨਾਮ ਇਸ ਲਈ ਬਦਲਿਆ ਗਿਆ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)