ਅਧਿਆਪਕ ਦਿਵਸ: ਪੰਜਾਬ ਦੇ ਇਨ੍ਹਾਂ ਦੋ ਅਧਿਆਪਕਾਂ ਨੂੰ ਮਿਲ ਰਿਹਾ ਕੌਮੀ ਪੁਰਸਕਾਰ, ਸਕੂਲ ਦੇ ਇਕੱਲੇ ਅਧਿਆਪਕ ਨੇ ਕਿਵੇਂ ਪੜ੍ਹਨ ਲਾਏ 16 ਪਿੰਡਾਂ ਦੇ ਬੱਚੇ

ਤਸਵੀਰ ਸਰੋਤ, Rajinder Singh/Pankaj Goyal
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਦੋ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਕੇਂਦਰੀ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਾਲ 2024 ਦੇ ਨੈਸ਼ਨਲ ਟੀਚਰ ਐਵਾਰਡ ਦਾ ਐਲਾਨ ਕਰ ਦਿਤਾ ਹੈ।
ਪੂਰੇ ਦੇਸ਼ ਵਿੱਚੋਂ ਕੁੱਲ 50 ਅਧਿਆਪਕ ਇਸ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਚੁਣੇ ਗਏ ਹਨ। ਇਸ ਸੂਚੀ ਵਿੱਚ ਪੰਜਾਬ ਦੇ ਦੋ ਅਧਿਆਪਕਾਂ ਦਾ ਨਾਮ ਸ਼ਾਮਲ ਹੈ।
ਇਨ੍ਹਾਂ ਵਿੱਚ ਇੱਕ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਅਧਿਆਪਕ ਪੰਕਜ ਕੁਮਾਰ ਗੋਇਲ ਹਨ ਅਤੇ ਦੂਸਰੇ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਰਾਜਿੰਦਰ ਸਿੰਘ ਰਾਜੂ ਹਨ।

5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਸਨਮਾਨਿਤ ਕਰਨਗੇ।
ਹਰੇਕ ਅਧਿਆਪਕ ਨੂੰ ਮੈਰਿਟ ਸਰਟੀਫ਼ਿਕੇਟ, ਇੱਕ ਚਾਂਦੀ ਦਾ ਤਗਮਾ ਅਤੇ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਪੰਜਾਬ ਦੇ ਇਨ੍ਹਾਂ ਦੋਵੇਂ ਅਧਿਆਪਕਾਂ ਨੂੰ ਸਕੂਲ ਅਤੇ ਵਿਦਿਆਰਥੀਆਂ ਪ੍ਰਤੀ ਨਿਭਾਈ ਗਈ ਵਿਸ਼ੇਸ਼ ਜ਼ਿੰਮੇਵਾਰੀ ਕਰਕੇ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਹ ਉਹ ਅਧਿਆਪਕ ਹਨ, ਜਿਨ੍ਹਾਂ ਨੇ ਪੜ੍ਹਾਉਣ ਨੂੰ ਮਹਿਜ਼ ਇੱਕ ਕੰਮ ਨਹੀਂ ਸਮਝਿਆ ਸਗੋਂ ਦਿਲ ਨਾਲ ਬੱਚਿਆਂ ਨੂੰ ਪੜ੍ਹਾਉਣ ਅਤੇ ਸਕੂਲ ਨੂੰ ਸੋਹਣਾ ਬਣਾਉਣ ਲਈ ਸਮਰੱਥਾ ਤੋਂ ਵੱਧ ਕੇ ਹੰਭਲਾ ਮਾਰਿਆ ਹੈ।

ਤਸਵੀਰ ਸਰੋਤ, Pankaj Goyal
ਰਾਸ਼ਟਰੀ ਐਵਾਰਡ ਲਈ ਕਿਉਂ ਚੁਣੇ ਗਏ ਇਹ ਅਧਿਆਪਕ
ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਸਕੂਲ ਦੇ ਈਟੀਟੀ ਅਧਿਆਪਕ ਰਾਜਿੰਦਰ ਸਿੰਘ ਰਾਜੂ ਨੇ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਅਹਿਮ ਯੋਗਦਾਨ ਪਾਇਆ ਹੈ।
ਸਕੂਲ ਵਿੱਚ ਵਿਦਿਆਰਥੀਆਂ ਨੂੰ ਪੱਕੀ ਵਰਦੀ ਲਵਾਉਣ ਦਾ ਕੰਮ ਵੀ ਰਾਜਿੰਦਰ ਹੋਰਾਂ ਨੇ ਹੀ ਕੀਤਾ ਹੈ।
ਵਿਦਿਆਰਥੀਆਂ ਲਈ ਕੰਪਿਊਟਰ, ਸਮਾਰਟ ਕਲਾਸਰੂਮ ਇਹ ਸਭ ਉਪਲਬਧ ਕਰਵਾਉਣ ਲਈ ਰਾਜਿੰਦਰ ਸਿੰਘ ਪਿੱਛਲੇ 8 ਸਾਲਾਂ ਤੋਂ ਮਿਹਨਤ ਕਰ ਰਹੇ ਹਨ।
ਹਾਲਾਂਕਿ, ਇਸ ਸਭ ਕੰਮ ਲਈ ਉਨ੍ਹਾਂ ਨੂੰ ਵਿੱਤੀ ਯੋਗਦਾਨ ਪਿੰਡ ਵਾਲਿਆਂ, ਦੋਸਤਾਂ, ਪਰਵਾਸੀ ਪੰਜਾਬੀਆਂ ਵੱਲੋਂ ਮਿਲਦਾ ਰਿਹਾ ਹੈ।
ਉਧਰ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਪੜ੍ਹਾਉਂਦੇ ਪੰਕਜ ਕੁਮਾਰ ਗੋਇਲ ਵਿਦਿਆਰਥੀਆਂ ਨੂੰ ਸਮਾਜਿਕ ਸਿੱਖਿਆ ਪੜ੍ਹਾਉਂਦੇ ਹਨ।
ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਇਸ ਲਈ ਮਿਲ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਵਿਦਿਆਰਥੀਆਂ ਲਈ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਸਮਝਣਾ ਅਤੇ ਯਾਦ ਕਰਨਾ ਸੁਖਾਲਾ ਬਣਾ ਦਿੱਤਾ।
ਸਮਾਜਿਕ ਸਿੱਖਿਆ ਦੇ ਪਾਠ ਯਾਦ ਕਰਵਾਉਣ ਲਈ ਪੰਕਜ ਗੋਇਲ ਪੀਪੀਟੀ ਬਣਾ ਕੇ ਦਿਲਚਸਪ ਤਰੀਕੇ ਨਾਲ ਭੂਗੋਲ, ਇਤਿਹਾਸ ਸਮਝਣ ਅਤੇ ਯਾਦ ਕਰਵਾਉਣ ਵਿੱਚ ਮਦਦ ਕਰਦੇ ਹਨ।
ਪੁਰਸਕਾਰ ਲਈ ਚੋਣ ਕਿਵੇਂ ਹੁੰਦੀ ਹੈ
ਰਾਜਿੰਦਰ ਸਿੰਘ ਮੁਤਾਬਕ, "ਰਾਸ਼ਟਰੀ ਪੁਰਸਕਾਰ ਲਈ ਚੋਣ ਕਰਨ ਲਈ ਤਿੰਨ ਪੜਾਅ ਹੁੰਦੇ ਹਨ। ਕੋਈ ਵੀ ਅਧਿਆਪਕ ਆਨਲਾਈਨ ਫਾਰਮ ਭਰ ਸਕਦਾ ਹੈ।"
"ਉਸ ਤੋਂ ਬਾਅਦ ਜ਼ਿਲ੍ਹੇ ਵਿੱਚ ਇੱਕ ਪ੍ਰਸ਼ਾਸ਼ਨਿਕ ਟੀਮ (ਡੀਓ ਦੀ ਅਗਵਾਈ ਵਿੱਚ) ਸਾਰੇ ਉਮੀਦਵਾਰਾਂ ਦੀ ਫਾਰਮ ਮੁਤਾਬਕ ਜਾਂਚ ਕਰਦੀ ਹੈ। ਟੀਮ ਇਹ ਪਤਾ ਲਗਾਉਂਦੀ ਹੈ ਕਿ ਇੱਕ ਉਮੀਦਵਾਰ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਕੀ ਯੋਗਦਾਨ ਪਾਇਆ ਗਿਆ ਹੈ।"
"ਜਿਸ ਮਗਰੋਂ ਜ਼ਿਲ੍ਹੇ ਤੋਂ ਰਿਪੋਰਟ ਤਿਆਰ ਕਰਕੇ ਸੂਬਾ ਪੱਧਰੀ ਜਿਊਰੀ (ਜਾਂਚ ਟੀਮ) ਨੂੰ ਭੇਜੀ ਜਾਂਦੀ ਹੈ। ਇਸ ਤੋਂ ਬਾਅਦ ਸੂਬੇ ਦੀ ਟੀਮ ਕੇਂਦਰੀ ਸਿੱਖਿਆ ਵਿਭਾਗ ਨੂੰ ਇਹ ਸੂਚੀ ਭੇਜਦੀ ਹੈ ਉਸ ਤੋਂ ਬਾਅਦ ਪੂਰੇ ਦੇਸ਼ ਵਿੱਚੋਂ ਅਧਿਆਪਕਾਂ ਦੀ ਚੋਣ ਰਾਸ਼ਟਰੀ ਪੁਰਸਕਾਰ ਲਈ ਕੀਤੀ ਜਾਂਦੀ ਹੈ।"

ਤਸਵੀਰ ਸਰੋਤ, Rajinder Singh
ਰਾਜਿੰਦਰ ਸਿੰਘ ਰਾਜੂ ਕੌਣ ਹਨ
ਰਾਸ਼ਟਰੀ ਪੁਰਸਕਾਰ ਲਈ ਚੁਣੇ ਗਏ ਰਾਜਿੰਦਰ ਸਿੰਘ ਰਾਜੂ ਨੇ 2004 ਤੋਂ ਸਰਕਾਰੀ ਅਧਿਆਪਕ ਦੇ ਤੌਰ 'ਤੇ ਨੌਕਰੀ ਸ਼ੁਰੂ ਕੀਤੀ ਸੀ।
ਉਹ ਹੁਣ ਤੱਕ ਚਾਰ ਸਕੂਲਾਂ ਵਿੱਚ ਪੜ੍ਹਾ ਚੁੱਕੇ ਹਨ। 2015 ਵਿੱਚ ਉਨ੍ਹਾਂ ਨੇ ਆਪਣੇ ਚੌਥੇ ਸਕੂਲ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਸੀ, ਉਸ ਵੇਲੇ ਇਸ ਸਕੂਲ ਦੀ ਹਾਲਤ ਬਹੁਤ ਤਰਸਯੋਗ ਸੀ।
ਪਿੰਡ ਕੋਠੇ ਇੰਦਰ ਸਿੰਘ ਵਾਲਾ ਬਠਿੰਡਾ ਦੇ ਗੋਨੇਆਣਾ ਨੇੜੇ 550 ਦੇ ਲਗਭਗ ਦੀ ਆਬਾਦੀ ਵਾਲਾ ਛੋਟਾ ਜਿਹਾ ਪਿੰਡ ਹੈ।
ਪਿੰਡ ਵਿੱਚ ਹੀ ਸਰਕਾਰੀ ਪ੍ਰਾਇਮਰੀ ਸਕੂਲ ਹੈ, ਜਿੱਥੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਬੱਚੇ ਪੜ੍ਹਦੇ ਹਨ। ਜਦੋਂ ਰਾਜਿੰਦਰ ਸਿੰਘ ਦੀ ਪੋਸਟਿੰਗ ਇੱਥੇ ਹੋਈ ਤਾਂ ਉਨ੍ਹਾਂ ਸਾਹਮਣੇ ਇੱਕ ਵੱਡੀ ਚੁਣੌਤੀ ਸਕੂਲ ਦੀ ਖ਼ਸਤਾ ਹਾਲਤ ਸੀ।

ਤਸਵੀਰ ਸਰੋਤ, Rajinder Singh
ʻਬੰਦ ਹੁੰਦਾ ਸਕੂਲ ਬਚਾ ਲਿਆʼ
ਰਾਜਿੰਦਰ ਸਿੰਘ ਰਾਜੂ ਕਹਿੰਦੇ ਹਨ, "2015 ਵਿੱਚ ਸਕੂਲ ਵਿੱਚ 33 ਵਿਦਿਆਰਥੀ ਸਨ ਅਤੇ ਸਿਰਫ਼ ਇੱਕ ਅਧਿਆਪਕ ਸੀ ਉਹ ਵੀ ਮੈਂ। ਸਕੂਲ ਦੀ ਇਮਾਰਤ ਬੇਰੰਗ ਸੀ, ਕੰਧਾਂ ਟੁੱਟੀਆਂ ਹੋਈਆਂ ਸਨ। ਸਕੂਲ ਦਿਨ ਪ੍ਰਤੀ ਦਿਨ ਬੰਦ ਹੋਣ ਵੱਲ ਵੱਧ ਰਿਹਾ ਸੀ।"
"ਪਰ ਮੈਂ ਸਕੂਲ ਨੂੰ ਬਚਾਉਣ ਲਈ ਇੱਕ ਕੋਸ਼ਿਸ਼ ਹੀ ਕੀਤੀ ਸੀ, ਜੋ ਰੰਗ ਲੈ ਕੇ ਆਈ। ਸਕੂਲ ਖੁੱਲ੍ਹਣ ਦਾ ਸਮਾਂ ਹੁੰਦਾ ਸੀ ਪਰ ਬੰਦ ਹੋਣ ਦਾ ਕੋਈ ਸਮਾਂ ਨਹੀਂ ਸੀ। ਦਿਨ ਰਾਤ ਇੱਥੇ ਪੜ੍ਹਾਈ ਹੁੰਦੀ ਸੀ।"
"ਰੰਗ-ਰੋਗਨ ਦਾ ਕੰਮ, ਪਲੰਮਬਰ ਦਾ ਕੰਮ ਮੈਂ ਆਪਣੇ ਹੱਥੀਂ ਵੀ ਕਰਦਾ ਅਤੇ ਦੂਜਿਆਂ ਦੀ ਮਦਦ ਵੀ ਲੈਂਦਾ ਸੀ। ਫੇਰ ਹੌਲੀ-ਹੌਲੀ ਪਿੰਡ ਵਾਲਿਆਂ ਅਤੇ ਦਾਨੀ ਲੋਕਾਂ ਦੇ ਸਹਿਯੋਗ ਨਾਲ ਸਕੂਲ ਦੀ ਇਮਾਰਤ ਬਦਲਣ, ਬੈਂਚ ਲਾਉਣ, ਵਿਦਿਆਰਥੀਆਂ ਨੂੰ ਵਰਦੀ ਲਾਉਣ, ਕੰਪਿਊਟਰ ਰੱਖਣ, ਇੰਟਰਕੈਟਿਵ ਪੈਨਲ ਕਮਰਿਆਂ ਵਿੱਚ ਲਾਉਣ ਦਾ ਹਰ ਕੰਮ ਪੂਰਾ ਕਰ ਲਿਆ ਗਿਆ।"

ਤਸਵੀਰ ਸਰੋਤ, Rajinder Singh
ʻਪਿੰਡ ਦੇ ਸਰਪੰਚ ਦਾ ਬੱਚਾ ਵੀ ਸਰਕਾਰੀ ਸਕੂਲ ਵਿੱਚ ਪੜ੍ਹਦਾ'
ਰਾਜਿੰਦਰ ਸਿੰਘ ਅੱਗੇ ਦੱਸਦੇ ਹਨ, "ਸਾਡੀ ਮਿਹਨਤ ਤੋਂ ਬਾਅਦ ਹੁਣ ਸਾਡੇ ਇਸ ਸਕੂਲ ਵਿੱਚ 16 ਪਿੰਡਾਂ ਦੇ 240 ਬੱਚੇ ਇੱਥੇ ਪੜ੍ਹਨ ਲਈ ਆ ਰਹੇ ਹਨ। 40 ਬੱਚੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਹਨ ਅਤੇ 200 ਬੱਚੇ ਬਾਹਰੀ ਪਿੰਡਾਂ ਦੇ ਹਨ।"
"ਸਾਡਾ ਪ੍ਰਾਇਮਰੀ ਸਕੂਲ ਇਲਾਕੇ ਦੇ ਕਾਨਵੈਂਟ ਸਕੂਲਾਂ ਦੀ ਪੜ੍ਹਾਈ ਨੂੰ ਟੱਕਰ ਦੇ ਰਿਹਾ ਹੈ। ਸਕੂਲ ਦੇ ਵਿੱਚ ਗਰੀਬ ਪਰਿਵਾਰਾਂ ਤੋਂ ਇਲਾਵਾ ਜ਼ਿਮੀਂਦਾਰਾਂ ਦੇ ਬੱਚੇ ਵੀ ਪੜ੍ਹਦੇ ਹਨ। ਪਿੰਡ ਦੇ ਸਰਪੰਚ ਦਾ ਬੱਚਾ ਵੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਦਾ ਹੈ।"
ਰਾਜਿੰਦਰ ਸਿੰਘ ਨੂੰ ਇਸ ਤੋਂ ਪਹਿਲਾਂ ਸੂਬਾ ਪੱਧਰੀ ਵੀ ਸਨਮਾਨ ਮਿਲ ਚੁੱਕਿਆ ਹੈ ਪਰ ਇਸ ਵਾਰ ਪੂਰੇ ਦੇਸ਼ ਦੇ ਸਰਵੋਤਮ ਅਧਿਆਪਕਾਂ ਵਿੱਚ ਉਨ੍ਹਾਂ ਦਾ ਨਾਮ ਆਇਆ ਹੈ।

ਤਸਵੀਰ ਸਰੋਤ, Pankaj Goyal/BBC
ਕਲਰਕ ਤੋਂ ਅਧਿਆਪਕ ਬਣੇ ਪੰਕਜ ਕੁਮਾਰ ਗੋਇਲ
ਪੰਕਜ ਕੁਮਾਰ ਗੋਇਲ 2001 ਵਿੱਚ ਸਿੱਖਿਆ ਵਿਭਾਗ ਵਿੱਚ ਕਲਰਕ ਦੀ ਨੌਕਰੀ ਲਈ ਚੁਣੇ ਗਏ ਸੀ।
2010 ਵਿੱਚ ਉਹ ਅਧਿਆਪਕ ਵਜੋਂ ਬਰਨਾਲਾ ਦੇ ਸਰਕਾਰੀ ਸਕੂਲ ਮੁੰਡਿਆਂ ਵਿੱਚ ਪੜ੍ਹਾਉਣ ਲੱਗੇ।
2016 ਵਿੱਚ ਉਨ੍ਹਾਂ ਦੀ ਜੁਆਈਨਿੰਗ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਬਰਨਾਲਾ ਵਿੱਚ ਹੋਈ। ਸਕੂਲ ਵਿੱਚ 6ਵੀਂ ਜਮਾਤ ਤੋਂ ਲੈ ਕੇ 12ਵੀ ਤੱਕ ਵਿਦਿਆਰਥਣਾਂ ਪੜ੍ਹ ਰਹੀਆਂ ਹਨ।

ਤਸਵੀਰ ਸਰੋਤ, Pankaj Goyal
ਪੁਰਸਕਾਰ ਲਈ ਚੁਣੇ ਜਾਣ ਬਾਰੇ ਦੱਸਦਿਆਂ ਹੋਇਆਂ ਪੰਕਜ ਗੋਇਲ ਕਹਿੰਦੇ ਹਨ, "ਜਦੋਂ ਤੋਂ ਮੈਂ ਸਮਾਜਿਕ ਸਿੱਖਿਆ ਪੜ੍ਹਾਉਂਦਾ ਸੀ, ਸਭ ਨੂੰ ਇਹੀ ਲੱਗਦਾ ਸੀ ਕਿ ਸਮਾਜਿਕ ਸਿੱਖਿਆ ਬਹੁਤ ਬੋਰਿੰਗ ਹੈ।"
"ਮੈਂ ਆਪਣੇ ਵਿਦਿਆਰਥੀਆਂ ਲਈ ਸਮਾਜਿਕ ਸਿੱਖਿਆ ਨੂੰ ਸੌਖਾ ਬਣਾਉਣਾ ਚਾਹੁੰਦਾ ਸੀ ਤਾਂ ਜੋ ਉਹ ਰੱਟਾ ਨਾ ਮਾਰਨ ਸਗੋਂ ਸਮਾਜਿਕ ਸਿੱਖਿਆ ਨੂੰ ਯਾਦ ਕਰਨ।"
ਉਹ ਅੱਗੇ ਆਖਦੇ ਹਨ, "ਇਸ ਲਈ ਮੈਂ ਵਿਦਿਆਰਥੀਆਂ ਨੂੰ ਸੰਵਿਧਾਨ ਪੜ੍ਹਾਉਣ ਲਈ ਵੀ ਰੋਲ ਪਲੇਅ ਮਾਡਲ ਵਰਤਿਆ, ਬੱਚਿਆਂ ਨੂੰ ਚੋਣਾਂ ਬਾਰੇ ਸਮਝਾਉਣ ਲਈ ਵੀ ਮੈਂ ਵਿਦਿਆਰਥੀਆਂ ਨੂੰ ਪਾਤਰਾਂ ਵਿੱਚ ਵੰਡ ਦਿੰਦਾ ਹਾਂ ਤਾਂ ਜੋ ਉਨ੍ਹਾਂ ਨੂੰ ਗੱਲਾਂ ਆਪਣੇ ਆਪ ਯਾਦ ਹੋ ਜਾਣ। ਹੁਣ ਸਾਡੇ ਸਕੂਲ ਵਿੱਚ 1185 ਕੁੜੀਆਂ ਪੜ੍ਹਦੀਆਂ ਹਨ ਗਿਆਰਵੀ, ਬਾਰ੍ਹਵੀ ਵਿੱਚ 350 ਵਿਦਿਆਰਥਣਾਂ ਪੜ੍ਹ ਰਹੀਆਂ ਹਨ।"

ਤਸਵੀਰ ਸਰੋਤ, Meet Hayer/FB
ਸਾਬਕਾ ਮੰਤਰੀ ਮੀਤ ਹੇਅਰ ਨੂੰ ਕੀ ਅਪੀਲ ਕੀਤੀ ਸੀ
ਬਰਨਾਲਾ ਦੇ ਅਧਿਆਪਕ ਪੰਕਜ ਗੋਇਲ ਕਹਿੰਦੇ ਹਨ, "ਪਿਛਲੇ ਦੋ ਸਾਲਾਂ ਤੋਂ ਸਿੱਖਿਆ ਦਾ ਮਾਡਲ ਬਦਲ ਜ਼ਰੂਰ ਰਿਹਾ, ਮਾਪੇ ਵੀ ਖੁਸ਼ ਹਨ। ਪ੍ਰੋਜੈਕਟਰ ਵੀ ਆ ਰਹੇ, ਸਰਕਾਰ ਇਸ ਤਰੀਕੇ ਮਦਦ ਕਰਦੀ ਰਹੇ।"
"ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਪਿਛਲੇ ਸਾਲ ਜਦੋਂ ਮੈਨੂੰ ਸੂਬਾ ਪੱਧਰੀ ਐਵਾਰਡ ਮਿਲਿਆ ਤਾਂ ਮੈਂ ਸਾਬਕਾ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਵੀ ਇਹੀ ਅਪੀਲ ਕੀਤੀ ਸੀ ਕਿ ਜਿਵੇਂ ਵਿਗਿਆਨ ਦੇ ਵਿਦਿਆਰਥੀਆਂ ਲਈ ਵਿੱਦਿਅਕ ਟੂਰ ਲੱਗਦੇ ਹਨ ਉਸੇ ਤਰੀਕੇ ਸਮਾਜਿਕ ਸਿੱਖਿਆ ਦੇ ਟੂਰ ਵੀ ਲੱਗਣੇ ਚਾਹੀਦੇ ਹਨ। ਉਸ ਵੇਲੇ ਮੀਤ ਹੇਅਰ ਨੇ ਹਾਂ ਪੱਖੀ ਹੁੰਗਾਰਾ ਭਰਿਆ ਸੀ ਹੁਣ ਦੇਖੋ ਸਰਕਾਰ ਕੀ ਕਰਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












