ਅਧਿਆਪਕ ਦਿਵਸ : ਜਿਨ੍ਹਾਂ ਨੂੰ ਚੱਪਲਾਂ ਮੁਸ਼ਕਲ ਨਾਲ ਜੁੜਦੀਆਂ ਸਨ, ਉਨ੍ਹਾਂ ਨੂੰ ਪੁਆ ਦਿੱਤੇ ਸਕੇਟਸ

ਅੰਮ੍ਰਿਤਪਾਲ ਸਿੰਘ

ਤਸਵੀਰ ਸਰੋਤ, Gurminder Grewal/BBC

ਕੰਪਿਊਟਰ ਦੇ ਪੇਚੀਦਾ ਸਿਧਾਂਤਾਂ ਨੂੰ ਸਰਲ ਰੂਪ ‘ਚ ਦਰਸਾਉਂਦਾ ਇੱਕ ਪਾਰਕ ਪੰਜਾਬ ਦੇ ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਬਣਾਉਣ ਵਾਲੇ ਅਧਿਆਪਕ ਅੰਮ੍ਰਿਤਪਾਲ ਸਿੰਘ ਨੂੰ ਨੈਸ਼ਨਲ ਟੀਚਰਜ਼ ਐਵਾਰਡ 2023 ਲਈ ਚੁਣਿਆ ਗਿਆ ਹੈ।

ਭਾਰਤ ਸਰਕਾਰ ਦੀ ਵੈਬਸਾਈਟ ‘ਤੇ ਮੌਜੂਦ ਜਾਣਕਾਰੀ ਮੁਤਾਬਕ ਚੁਣੇ ਗਏ ਅਧਿਆਪਕਾਂ ਨੂੰ 5 ਸਤੰਬਰ 2023 ਨੂੰ ਵਿਗਿਆਨ ਭਵਨ ਵਿਖੇ ਕੌਮੀ ਸਨਮਾਨ ਦਿੱਤੇ ਜਾਣਗੇ।

ਲੁਧਿਆਣਾ ਦੇ ਛਪਾਰ ਦੇ ਅਧਿਆਪਕ ਅੰਮ੍ਰਿਤਪਾਲ ਸਿੰਘ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੇ ਪੰਜਾਬ ਦੇ ਪਹਿਲੇ ਕੰਪਿਊਟਰ ਅਧਿਆਪਕ ਹਨ।

ਪਾਰਕ ਦੇ ਨਾਲ-ਨਾਲ ਅੰਮ੍ਰਿਤਪਾਲ ਸਿੰਘ ਨੇ ਤਕਨੀਕ ਅਤੇ ਸਾਇੰਸ ਵਿੱਚ ਦੀਆਂ ਨਵੀਆਂ ਗੱਲਾਂ ਨੂੰ ਸਕੂਲ ਵਿੱਚ ਲਾਗੂ ਕੀਤਾ।

ਅੰਮ੍ਰਿਤਪਾਲ ਸਿੰਘ ਨੂੰ 2021 ਵਿੱਚ ਸਟੇਟ ਐਵਾਰਡ ਵੀ ਮਿਲਿਆ ਸੀ। ਉਨ੍ਹਾਂ ਨੂੰ 'ਪਾਲੀ ਖਾਦਮ' ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਸਰਕਾਰ ਵੱਲੋ ਇੱਕ ਤੈਅ ਪ੍ਰਕਿਰਿਆ ਤਹਿਤ ਪੰਜਾਬ ਭਰ ਵਿੱਚੋਂ ਛੇ ਅਧਿਆਪਕਾਂ ਦੀ ਚੋਣ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਨਾਮ ਕੌਮੀ ਪੱਧਰ ਦੇ ਇਨਾਮ ਲਈ ਭੇਜੇ ਜਾਂਦੇ ਹਨ।

ਅਧਿਆਪਕ ਅੰਮ੍ਰਿਤਪਾਲ ਸਿੰਘ ਦਾ ਮੰਨਣਾ ਹੈ ਕਿ ਇਸ ਕੌਮੀ ਅਵਾਰਡ ਦਾ ਮਿਲਣਾ ਸਿਰਫ਼ ਉਹਨਾਂ ਦੀ ਇਕੱਲਿਆਂ ਦੀ ਪ੍ਰਾਪਤੀ ਨਹੀਂ ਸਗੋਂ ਅਧਿਆਪਕ ਸਾਥੀਆਂ ਤੇ ਸਮਾਜ ਦੇ ਸਹਿਯੋਗ ਦਾ ਨਤੀਜਾ ਏ।

ਅੰਮ੍ਰਿਤਪਾਲ ਦੱਸਦੇ ਹਨ ਕਿ, ਉਨ੍ਹਾਂ ਨੇ ਪੰਜਾਬ ਦਾ ਪਹਿਲਾ ਕੰਪਿਊਟਰ ਪਾਰਕ ਵਿਦਿਆਰਥੀ ਅਤੇ ਸਕੂਲ ਦੇ ਹੋਰ ਅਧਿਆਪਕਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਸੀ।

ਉਨ੍ਹਾਂ ਨੂੰ ਇਸ ਨੂੰ ਤਿਆਰ ਕਰਨ ਵਿੱਚ ਦੋ ਸਾਲ ਦਾ ਸਮਾਂ ਲੱਗ ਗਿਆ।

ਵੀਡੀਓ ਕੈਪਸ਼ਨ, ਕੰਪਿਊਟਰ ਟੀਚਰ ਜੋ ਬੱਚਿਆਂ ਨੂੰ ਪੜ੍ਹਾਉਂਦਾ ਹੈ, ਖਿਡਾਉਂਦਾ ਹੈ ਤੇ ਭੰਗੜਾ ਵੀ ਪਵਾਉਂਦਾ ਹੈ

ਸਕੂਲ ਵਿੱਚ ਬਣਾਈ ਅਨੋਖੀ ਪਾਰਕ ਅਤੇ ਲੈਬ

ਉਨ੍ਹਾਂ ਨੇ ਦੱਸਿਆ ਕਿ ਇਸ ਪਾਰਕ ਰਾਹੀਂ ਬੱਚੇ ਨੈਟਵਰਕਿੰਗ ਜਿਹੇ ਮੁਸ਼ਕਲ ਸਿਧਾਂਤ ਵੀ ਸੌਖੇ ਤਰੀਕੇ ਨਾਲ ਸਿੱਖ ਲੈਂਦੇ ਹਨ।

“ਵਿਦਿਆਰਥੀ ਜਦੋਂ ਵੀ ਇਸ ਪਾਰਕ ਵਿੱਚ ਜਾਂਦੇ ਹਨ ਤਾਂ ਕੰਪਿਊਟਰ ਦੀ ਕੋਈ ਨਵੀਂ ਚੀਜ਼ ਸਿੱਖ ਕੇ ਆਉਂਦੇ ਹਨ।”

“ਇਸ ਪਾਰਕ ਵਿੱਚ ਕੰਪਿਊਟਰ ਸ਼ਾਰਟਕਟਸ, ਟੋਪੌਲਜੀ ਆਦਿ ਨਾਲ ਸੰਬੰਧਤ ਮਾਡਲ ਸਥਾਪਿਤ ਕੀਤੇ ਗਏ ਹਨ, ਬੱਚੇ ਤੁਰਦੇ ਫਿਰਦੇ ਹੀ ਨਵੇਂ ਸਿਧਾਂਤ ਸਿੱਖ ਲੈਂਦੇ ਹਨ।”

ਉਨ੍ਹਾ ਨੇ ਕਿਹਾ ਕਿ, ਉਨ੍ਹਾਂ ਦੇ ਸਕੂਲ ਦੀ ਲੈਬ ਥਿੰਨ ਕਲਾਇੰਟ ਤਕਨੀਕ ਉੱਤੇ ਆਧਾਰਤ ਹੈ, ਇਸ ਤਕਨੀਕ ਵਿੱਚ ਲੈਬ ਦੇ ਸਾਰੇ ਕੰਪਿਊਟਰ ਇੱਕੋ ਸਰਵਰ ਨਾਲ ਜੋੜੇ ਜਾਂਦੇ ਹਨ। ਇਹ ਸਰਵਰ ਸਕੂਲ ਵਿੱਚ ਲਗਵਾਉਣ ਵਿੱਚ ਪਿੰਡ ਦੇ ਐੱਨਆਰਆਈ (ਪਰਵਾਸੀ ਪੰਜਾਬੀ) ਲੋਕਾਂ ਨੇ ਸਹਿਯੋਗ ਦਿੱਤਾ।

ਬੀਬੀਸੀ
  • ਅੰਮ੍ਰਿਤਪਾਲ ਸਿੰਘ ਨੂੰ 5 ਸਤੰਬਰ ਨੂੰ ਕੌਮੀ ਐਵਾਰਡ ਮਿਲੇਗਾ।
  • ਸਾਲ 2021 ਵਿੱਚ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
  • ਅੰਮ੍ਰਿਤਪਾਲ ਸਿੰਘ ਲੁਧਿਆਣਾ ਜ਼ਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਵਿੱਚ ਕੰਪਿਊੇਟਰ ਸਾਇੰਸ ਅਧਿਆਪਕ ਹਨ।
  • ਅੰਮ੍ਰਿਤਪਾਲ ਸਿੰਘ ਨੇ ਸਕੂਲ ਲਈ ਪੰਜਾਬ ਦਾ ਪਹਿਲਾ ਕੰਪਿਉਟਰ ਪਾਰਕ ਬਣਾਇਆ।
  • ਉਹ ਦਾਅਵਾ ਕਰਦੇ ਹਨ ਉਨ੍ਹਾਂ ਦੇ ਸਕੂਲ ਵਿੱਚ ਲੈਬ ਥਿਨ ਕਲਾਇੰਟ ਨੈੱਟਵਰਕ ਤਕਨੀਕ ਨਾਲ ਚੱਲਣ ਵਾਲੀ ਪਹਿਲੀ ਲੈਬ ਹੈ।
ਬੀਬੀਸੀ
ਬੀਬੀਸੀ

ਪੜ੍ਹਾਉਣ ਦੇ ਨਾਲ-ਨਾਲ ਸੰਗੀਤਕਾਰੀ ਅਤੇ ਸਾਹਿਤਕਾਰੀ ਵੀ

ਅੰਮ੍ਰਿਤਪਾਲ ਦੱਸਦੇ ਹਨ ਕਿ ਉਨ੍ਹਾਂ ਦਾ ਸਾਹਿਤਕ ਨਾਮ 'ਪਾਲੀ ਖ਼ਾਦਿਮ' ਹੈ, ਉਨ੍ਹਾਂ ਦੀਆਂ ਕੁਲ ਚਾਰ ਕਿਤਾਬਾਂ ਛਪ ਚੁੱਕੀਆਂ ਹਨ।

ਉਹ ਬੱਚਿਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵੀ ਉਤਸ਼ਾਹਤ ਕਰਦੇ ਹਨ ਅਤੇ ਕਲਾਸਾਂ ਤੋਂ ਬਾਅਦ ਬੱਚਿਆਂ ਨੂੰ ਲੋਕਨਾਚ ਅਤੇ ਲੋਕਸਾਜ਼ ਵੀ ਸਿਖਾਉਂਦੇ ਹਨ।

ਉਹ ਦੱਸਦੇ ਹਨ, "ਸਾਡੇ ਵਿਦਿਆਰਥੀ ਸਟੇਟ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ 215 ਮੈਡਲ ਵੀ ਜਿੱਤ ਚੁੱਕੇ ਹਨ।"

ਉਹ ਬੱਚਿਆਂ ਨੂੰ ਮਲਵਈ ਗਿੱਧਾ ਅਤੇ ਅਲਗੋਜ਼ਾ ਵਜਾਉਣਾ ਵੀ ਸਿਖਾਉਂਦੇ ਹਨ।

ਉਨ੍ਹਾਂ ਦੱਸਿਆ, “ਮੇਰਾ ਮੰਨਣਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਵੀ ਜ਼ਰੂਰੀ ਹੈ।”

ਅੰਮ੍ਰਿਤਪਾਲ ਸਿੰਘ

ਤਸਵੀਰ ਸਰੋਤ, Gurminder Grewal/BBC

ਇੱਕ ਪ੍ਰੋਫ਼ੈਸਰ ਵਜੋਂ ਕੀਤੀ ਸ਼ੁਰੂਆਤ

ਮੰਡੀ ਅਹਿਮਦਗੜ੍ਹ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ 2006 ਵਿੱਚ ਸਿੱਖਿਆ ਵਿਭਾਗ ਵਿੱਚ ਭਰਤੀ ਹੋਏ ਅਤੇ ਪਿਛਲੇ 17 ਸਾਲਾਂ ਤੋਂ ਕੰਪਿਊਟਰ ਸਾਇੰਸ ਵਿਸ਼ਾ ਪੜ੍ਹਾ ਰਹੇ ਹਨ।

ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਵਿੱਚ ਸਾਲ 2009 ਤੋਂ ਪੜ੍ਹਾਉਣਾ ਸ਼ੁਰੂ ਕੀਤਾ।

ਅੰਮ੍ਰਿਤਪਾਲ ਸਿੰਘ ਨੇ ਸ਼ੁਰੂਆਤ ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਇੱਕ ਅਸਿਸਟੈਂਟ ਪ੍ਰੋਫੈਸਰ ਵਜੋਂ ਪੜ੍ਹਾਇਆ ਵੀ ਹੈ।

ਅੰਮ੍ਰਿਤਪਾਲ ਸਿੰਘ

ਤਸਵੀਰ ਸਰੋਤ, Gurminder Grewal/BBC

ਬੱਚਿਆਂ ਲਈ ਬਣਾਈਆਂ 30 ਗੇਮਾਂ

ਉਨ੍ਹਾਂ ਨੇ ਬੱਚਿਆਂ ਲਈ ਪੜ੍ਹਾਈ ਨੂੰ ਮਜ਼ੇਦਾਰ ਬਣਾਉਣ ਲਈ ਸਿੱਖਿਆ ਆਧਾਰਤ 30 ਆਨਲਾਈਨ ਗੇਮਾਂ ਬਣਾਈਆਂ ਹਨ।

ਇਸਦੇ ਨਾਲ ਹੀ ਉਨ੍ਹਾਂ ਕਈ ਆਫਲਾਈਨ ਗੇਮਾਂ ਵੀ ਬਣਾਈਆਂ, ਜਿਨ੍ਹਾਂ ਰਾਹੀਂ ਉਹ ਬੱਚਿਆਂ ਨੂੰ ਪੜ੍ਹਾਈ ਕਰਵਾਉਂਦੇ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਬੱਚਿਆਂ ਲਈ ਸਕੇਟਿੰਗ ਦਾ ਵੀ ਪ੍ਰਬੰਧ ਹੈ।

ਸਰਕਾਰੀ ਸਕੂਲਾਂ ਵਿੱਚ ਜਿੱਥੇ ਆਮ ਤੌਰ ਉੱਤੇ ਆਰਥਿਕ ਪੱਖੋਂ ਕਮਜ਼ੋਰ ਤਬਕੇ ਦੇ ਬੱਚੇ ਪੜ੍ਹਦੇ ਹਨ।

ਜਿਨ੍ਹਾਂ ਨੂੰ ਪੈਰੀਂ ਚੱਪਲਾਂ ਵੀ ਮੁਸ਼ਕਲ ਨਾਲ ਜੁੜਦੀਆਂ ਹਨ, ਉਨ੍ਹਾਂ ਨੂੰ ਸਕੇਟ ਪੁਆ ਦੇਣੇ ਅਤੇ ਖੇਡਾਂ ਵਿੱਚ ਮੈਡਲ ਜਿਤਵਾ ਦੇਣੇ ਕੋਈ ਕ੍ਰਿਸ਼ਮੇ ਤੋਂ ਘੱਟ ਨਹੀਂ ਹਨ।

ਅੰਮ੍ਰਿਤਪਾਲ ਸਿੰਘ

ਤਸਵੀਰ ਸਰੋਤ, Gurminder Grewal/BBC

'ਅਪਲਾਈ ਕਰਨ ਬਾਰੇ ਸੋਚਿਆ ਨਹੀਂ ਸੀ'

ਐਵਾਰਡ ਮਿਲਣ ਦੇ ਤਜਰਬੇ ਬਾਰੇ ਉਨ੍ਹਾਂ ਨੇ ਦੱਸਿਆਂ, “ਮੈਂ ਇਹ ਨਹੀਂ ਸੀ ਸੋਚਿਆ ਕਿ ਮੈਂ ਅਪਲਾਈ ਕਰਾਂਗਾ ਪਰ ਮੇਰੇ ਸਾਥੀਆਂ ਨੇ ਮੈਨੂੰ ਅਪਲਾਈ ਕਰਨ ਲਈ ਪ੍ਰੇਰਿਤ ਕੀਤਾ।”

ਪਹਿਲੀ ਵਾਰ ਪੰਜਾਬ ਦੇ ਕੰਪਿਊਟਰ ਸਾਇੰਸ ਟੀਚਰ ਨੂੰ ਸਟੇਟ ਐਵਾਰਡ ਮਿਲਿਆ।

ਉਨ੍ਹਾਂ ਕਿ ਮੈਂ ਲਗਾਤਾਰ ਪੰਜ ਸਾਲ ਐਵਾਰਡ ਲਈ ਅਪਲਾਈ ਕਰਦਾ ਰਿਹਾ ਅਤੇ ਪੰਜ ਸਾਲਾਂ ਬਾਅਦ ਮੈਨੂੰ ਇਹ ਐਵਾਰਡ ਮਿਲਿਆ।

ਉਨ੍ਹਾਂ ਦੱਸਿਆ, “ਮੇਰੀ ਸਭ ਤੋਂ ਪਹਿਲੀ ਇੱਛਾ ਸੀ ਕਿ ਮੈਂ ਕਿਸੇ ਕਾਲਜ ਵਿੱਚ ਪ੍ਰੋਫੈਸਰ ਲੱਗਾਂ, ਮੈਂ ਦੋ ਸਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਪੜ੍ਹਾਇਆ ਵੀ।”

ਉਨ੍ਹਾਂ ਦੱਸਿਆ ਕਿ ਬੱਚਿਆਂ ਨਾਲ ਜੁੜ ਕੇ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ ਅਤੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਸ਼ੌਂਕ ਵੀ ਪੂਰੇ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਉਹ ਬੱਚਿਆਂ ਨੂੰ ਅਜਿਹਾ ਮਾਹੌਲ ਦੇਣਾ ਚਾਹੁੰਦੇ ਹਨ ਕਿ ਉਹ ਸਕੂਲ ਵਿੱਚ ਆ ਕੇ ਖੁਸ਼ ਹੋਣ ਅਤੇ ਹਰ ਦਿਨ ਕੁਝ ਨਵਾਂ ਸਿੱਖਣ।

ਉਨ੍ਹਾਂ ਦੀਆਂ ਚਾਰ ਕਿਤਾਬਾਂ ਵਿੱਚੋ ਇੱਕ ਕਿਤਾਬ ਬੱਚਿਆਂ ਦੇ ਮਨੋਵਿਗਿਆਨ ਉੱਤੇ ਹਨ। ਉਨ੍ਹਾਂ ਦਾ ਲਿਖਿਆ ਬਾਲ ਨਾਵਲ ‘ਵਾਇਰਸ’ ਕੰਪਿਊਟਰ ਸਾਇੰਸ ਉੱਤੇ ਆਧਾਰਤ ਹੈ।

ਅੰਮ੍ਰਿਤਪਾਲ ਸਿੰਘ ਨੇ 2018 ਵਿੱਚ ਆਪਣੇ ਬੱਚਿਆਂ ਨਾਲ ਆਈਸੀਟੀ ਪ੍ਰਵਾਜ਼ ਨਾਂ ਦਾ ਪ੍ਰੋਜੈਕਟ ਵੀ ਸ਼ੁਰੂ ਕੀਤਾ, ਜਿਸ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਦੀਆਂ ਸਾਰੀਆਂ ਕਿਤਾਬਾਂ ਦੇ ਵਿੱਚੋਂ ਕੁਇਜ਼ ਬਣਾਏ।

ਇਸ ਨੂੰ ਤਕਰੀਬਨ 9 ਲੱਖ ਵਿਦਿਆਰਥੀ ਵਰਤ ਚੁੱਕੇ ਹਨ। ਆਈਸੀਟੀ ਪ੍ਰਵਾਜ਼ ਦੇ ਯੂਟਿਊਬ ਚੈਨਲ ਉੱਤੇ ਵੱਖ-ਵੱਖ ਵਿਸ਼ਿਆਂ ਦੇ ਵੀਡੀੳਜ਼ ਵੀ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਕੰਪਿਊਟਰ ਸਾਇੰਸ ਵਿਸ਼ਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਜਿਵੇਂ ਆਰਟੀਫਿਸ਼ਿਅਲ ਇੰਟੈਲੀਜੈਂਸ ਅਤੇ ਹੋਰ ਤਕਨੀਕਾਂ ਵਿੱਚ ਵਿਕਾਸ ਹੋ ਰਿਹਾ ਹੈ ਇਸ ਵਿਸ਼ੇ ਦਾ ਮਹੱਤਵ ਵੱਧ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)