ਕਾਨ੍ਹ ਸਿੰਘ ਨਾਭਾ: ਜਦੋਂ ਮਹਾਨ ਕੋਸ਼ ਨੂੰ ਕੋਈ ਛਾਪਣ ਨੂੰ ਤਿਆਰ ਨਹੀਂ ਸੀ, ਤਾਂ ਫ਼ਿਰ ਕੌਣ ਆਇਆ ਅੱਗੇ

ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ

ਤਸਵੀਰ ਸਰੋਤ, bhaikahansinghnabha.com

ਤਸਵੀਰ ਕੈਪਸ਼ਨ, ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ
    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਕਿਸੇ ਇੱਕ ਵਿਅਕਤੀ ਵੱਲੋਂ ਕੀਤੇ ਗਏ ਹੈਰਾਨ ਕਰਨ ਵਾਲੇ ਕਾਰਨਾਮਿਆਂ ਵਿੱਚੋਂ ਇੱਕ ਹੈ। ਯਕੀਨ ਨਹੀਂ ਆਉਂਦਾ ਕਿ ਕਿਸੇ ਨੇ ਇਕੱਲਿਆਂ ਹਜ਼ਾਰਾਂ ਸ਼ਬਦਾਂ ਅਰਥਾਂ ਦੇ ਇਸ ਸਮੁੰਦਰ ਨੂੰ ਕਤਰਾ-ਕਤਰਾ ਸਮੋਇਆ ਅਤੇ ਭਾਸ਼ਾ ਦੇ ਸਨੇਹੀਆਂ ਦੀ ਝੋਲੀ ਪਾ ਦਿੱਤਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਨੇ ਇਹ ਸਭ ਉਸ ਯੁੱਗ ਵਿੱਚ ਕੀਤਾ ਜਦੋਂ ਇੰਟਰਨੈੱਟ ਹਾਲੇ ਹੋਂਦ ਵਿੱਚ ਨਹੀਂ ਸੀ ਆਇਆ ਅਤੇ ਆਲੇ-ਦੁਆਲੇ ਬਾਰੇ ਜਾਣਕਾਰੀ ਦੇਣ ਲਈ ਗੂਗਲ ਵੀ ਨਹੀਂ ਸੀ। ਮੌਜੂਦ ਸੀਮਤ ਲਿਖਤੀ ਸਾਧਨਾਂ ਦੇ ਬਾਵਜੂਦ ਭਾਈ ਕਾਨ੍ਹ ਸਿੰਘ ਨਾਭਾ ਨੇ 3338 ਪੰਨਿਆਂ ਤੇ 4 ਸੈਂਚੀਆਂ ਦਾ ਮਹਾਨ ਗ੍ਰੰਥ ਲਿਖਿਆ।

ਇਸ ਹੈਰਤਅੰਗੇਜ ਕੰਮ ਨੂੰ ਕਰਨ ਵਾਲੇ ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਮਹਾਨ ਕੋਸ਼ ਨਾਲ ਜੁੜੇ ਦਿਲਚਸਪ ਤੱਥਾਂ ਬਾਰੇ ਜਾਣਦੇ ਹਾਂ।

ਸਾਹਿਤ ਅਕੈਡਮੀ ਸਨਮਾਨ ਹਾਸਿਲ ਪੰਜਾਬੀ ਲੇਖਕ ਗੁਰਬਚਨ ਭੁੱਲਰ, ਭਾਈ ਕਾਨ੍ਹ ਸਿੰਘ ਨਾਭਾ ਦੇ ਗਰਾਂਈ ਹਨ।

ਦੋਵਾਂ ਦਾ ਪਿਛੋਕੜ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋ ਦਾ ਹੈ।

ਭੁੱਲਰ ਨੇ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਕਾਮਯਾਬੀ ਦੇ ਪੈਂਡਿਆਂ ਨੂੰ ਨੇੜਿਓਂ ਨਾਪਿਆ ਹੈ। ਉਨ੍ਹਾਂ ਨੇ ਸਾਡੇ ਨਾਲ ਭਾਈ ਕਾਨ੍ਹ ਸਿੰਘ ਨਾਭਾ ਬਾਰੇ ਗੱਲਬਾਤ ਕੀਤੀ।

ਇਸ ਲੇਖ ਵਿੱਚ ਅਸੀਂ ਗੁਰਬਚਨ ਭੁੱਲਰ ਵਲੋਂ ਲਿਖੇ ਖੋਜ ਪੱਤਰ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਰਚਨਾਕਾਰ ਭਾਈ ਕਾਨ੍ਹ ਸਿੰਘ ਨਾਭਾ ਵਿੱਚੋਂ ਵੀ ਕੁਝ ਅੰਸ਼ ਲਏ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਾਨ੍ਹ ਸਿੰਘ ਨਾਭਾ ਦਾ ਪਿੰਡ ਤੇ ਉੱਥੇ ਦੀ ਜ਼ਿੰਦਗੀ

ਕਿਸੇ ਵੇਲੇ ਟਿੱਬਿਆਂ ਦੇ ਇਲਾਕੇ ਵਜੋਂ ਜਾਣੇ ਜਾਂਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋਂ ਵਿੱਚ ਕਾਨ੍ਹ ਸਿੰਘ ਨਾਭਾ ਦਾ ਜੱਦੀ ਘਰ ਅੱਜ ਵੀ ਮੌਜੂਦ ਹੈ। ਹਾਲਾਂਕਿ ਇਸ ਦੀ ਹਾਲਤ ਹੁਣ ਖਸਤਾ ਹੋ ਚੁੱਕੀ ਹੈ।

30 ਅਗਸਤ, 1861 ਨੂੰ ਜਨਮੇ ਕਾਨ੍ਹ ਸਿੰਘ ਨਾਭਾ ਦੀ ਪਿੰਡ ਤੋਂ ਬਾਹਰ ਇੱਕ ਕੋਠੀ ਵੀ ਸੀ ਜਿਸ ਦੇ ਬਾਗ਼ ਵਿੱਚ ਬੈਠ ਕੇ ਉਨ੍ਹਾਂ ਮਹਾਨ ਕੋਸ਼ ਦਾ ਕੰਮ ਵੀ ਕੀਤਾ।

ਇਸ ਬਾਰੇ ਕਾਨ੍ਹ ਸਿੰਘ ਨਾਭਾ ਦੇ ਪੜਪੋਤੇ ਮੇਜਰ ਆਦਰਸ਼ਪ੍ਰਤਾਪ ਸਿੰਘ ਨੇ ਦੱਸਿਆ ਕਿ, “ਪਿੰਡ ਪਿੱਥੋ ਵਿੱਚ ਕੋਠੀ ਅਤੇ 10 ਏਕੜ ਤੋਂ ਵੀ ਵੱਡਾ ਬਾਗ਼ ਸੀ ਜਿੱਥੇ ਉਹ ਸਿਆਲ ਦੀਆਂ ਧੁੱਪਾਂ ਵਿੱਚ ਬੈਠਦੇ ਤੇ ਆਪਣਾ ਕੰਮ ਕਰਦੇ। ਇਸ ਤੋਂ ਇਲਾਵਾ ਗ਼ਰਮੀਆਂ ਵਿੱਚ ਹਿਮਾਚਲ ਦੇ ਸੋਲਨ ਚਲੇ ਜਾਂਦੇ, ਉੱਥੇ ਵੀ ਉਨ੍ਹਾਂ ਦੀ ਕੋਠੀ ਸੀ। ਕਾਫ਼ੀ ਕੰਮ ਉਨ੍ਹਾਂ ਉੱਥੇ ਰਹਿ ਕੇ ਵੀ ਕੀਤਾ।”

ਹਾਲਾਂਕਿ ਇਸ ਕੋਠੀ ਦੇ ਮੌਜੂਦਾ ਹਾਲਾਤ ਬਹੁਤੇ ਚੰਗੇ ਨਹੀਂ ਹਨ। ਗੁਰਬਚਨ ਭੁੱਲਰ ਦੱਸਦੇ ਹਨ ਕਿ ਕੋਠੀ ਪਰਿਵਾਰ ਨੇ ਵੇਚ ਦਿੱਤੀ ਅਤੇ ਉਸਦੇ ਬਾਅਦ ਵਿੱਚ ਆਏ ਮਾਲਕਾਂ ਨੇ ਇੱਕ ਵੱਡਾ ਹਿੱਸਾ ਢਾਹ ਵੀ ਦਿੱਤਾ।

ਉਹ ਅਫ਼ਸੋਸ ਜ਼ਾਹਰ ਕਰਦੇ ਹਨ ਕਿ ਇੰਨੇ ਮਹਾਨ ਕੰਮ ਲੇਖੇ ਲੱਗੀ ਥਾਂ ਨੂੰ ਬਚਾਇਆ ਨਾ ਜਾ ਸਕਿਆ।

ਨਾਭਾ ਬਾਰੇ ਆਦਰਸ਼ਪ੍ਰਤਾਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਇਹ ਨੇਮ ਸੀ ਕਿ ਸਵੇਰੇ ਸਾਢੇ ਅੱਠ ਵਜੇ ਤੋਂ ਲੈ ਕੇ ਦੁਪਿਹਰ ਡੇਢ ਵਜੇ ਤੱਕ ਆਪਣਾ ਪੜ੍ਹਨ ਲਿਖਣ ਦਾ ਕੰਮ ਕਰਨਾ।

“ਉਸ ਜ਼ਮਾਨੇ ਵਿੱਚ ਬਿਜਲੀ ਦਾ ਪ੍ਰਬੰਧ ਨਹੀਂ ਸੀ, ਇਸ ਲਈ ਸ਼ਾਮ ਨੂੰ ਉਹ ਬੱਚਿਆਂ ਨੂੰ ਸਾਖੀਆਂ ਸੁਣਾਉਂਦੇ। ਉਨ੍ਹਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕਰਦੇ।”

ਉਹ ਦੱਸਦੇ ਹਨ ਕਿ, “ਭਾਈ ਸਾਹਿਬ (ਕਾਨ੍ਹ ਸਿੰਘ ਨਾਭਾ) ਕਦੇ ਸਕੂਲ ਨਹੀਂ ਗਏ ਅਤੇ ਉਨ੍ਹਾਂ ਨੇ ਜੋ ਕੁਝ ਵੀ ਸਿੱਖਿਆ ਉਹ ਆਪਣੇ ਪਿਤਾ ਨਰਾਇਣ ਸਿੰਘ ਤੋਂ ਸਿੱਖਿਆ।”

“ਪਿਤਾ ਸਦਕਾ ਹੀ ਉਹ ਗੁਰਬਾਣੀ ਅਤੇ ਨਾਭਾ ਰਿਆਸਤ ਨਾਲ ਜੁੜੇ ਸਨ।”

ਕਾਹਨ ਸਿੰਘ ਨਾਭਾ ਦੇ ਪਿਤਾ ਨਰਾਇਣ ਸਿੰਘ

ਤਸਵੀਰ ਸਰੋਤ, bhaikahansinghnabha.com

ਤਸਵੀਰ ਕੈਪਸ਼ਨ, ਕਾਹਨ ਸਿੰਘ ਨਾਭਾ ਦੇ ਪਿਤਾ ਨਰਾਇਣ ਸਿੰਘ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਚੇਤੇ ਸੀ

ਭਾਸ਼ਾ ਅਤੇ ਗੁਰਬਾਣੀ ਨਾਲ ਨਾਤਾ

ਬਠਿੰਡਾ ਜ਼ਿਲ੍ਹੇ ਦਾ ਪਰਿਵਾਰ ਨਾਭਾ ਰਿਆਸਤ ਦਾ ਹਿੱਸਾ ਕਿਵੇਂ ਬਣ ਗਿਆ, ਇਸ ਸਭ ਬਾਰੇ ਗੁਰਬਚਨ ਭੁੱਲਰ ਦੱਸਦੇ ਹਨ ਕਿ ਕਾਨ੍ਹ ਸਿੰਘ ਨਾਭਾ ਦੇ ਦਾਦੇ-ਪੜਦਾਦੇ ਪਿੱਥੋਂ ਪਿੰਡ ਵਿੱਚ ਖੇਤੀ ਕਰਦੇ ਸਨ ਤੇ ਉਹ ਵੀ ਮੀਂਹ ਉੱਤੇ ਹੀ ਨਿਰਭਰ ਹੁੰਦੀ ਸੀ।

“ਪਰ ਕਾਨ੍ਹ ਸਿੰਘ ਨਾਭਾ ਦੇ ਪੜਦਾਦਾ, ਬਾਬਾ ਸਰੂਪ ਸਿੰਘ ਨਾਭੇ ਨੌਕਰੀ ਕਰਨ ਚਲੇ ਗਏ। ਜਿੱਥੇ ਕੁਝ ਮਹੀਨੇ ਨੌਕਰੀ ਕਰਨ ਤੋਂ ਬਾਅਦ ਉਹ ਉਥੋਂ ਨੇੜੇ ਪੈਂਦੇ ‘ਡੇਰਾ ਬਾਬਾ ਅਜਾਪਾਲ ਸਿੰਘ’ ਦੇ ਮਹੰਤ ਬਣ ਗਏ।”

ਭੁੱਲਰ ਕਹਿੰਦੇ ਹਨ ਕਿ, “ਸਰੂਪ ਸਿੰਘ ਦੇ ਮਹੰਤ ਬਣਨ ਦਾ ਕੋਈ ਫ਼ਾਇਦਾ ਹੋਇਆ ਜਾਂ ਨਹੀਂ ਪਰ ਇਹ ਜ਼ਰੂਰ ਹੋਇਆ ਕਿ ਨਾਭਾ ਦਾ ਪਰਿਵਾਰ ਗੁਰਬਾਣੀ ਨਾਲ ਜੁੜ ਗਿਆ ਅਤੇ ਇਹ ਅਸਰ ਕਾਨ੍ਹ ਸਿੰਘ ਨਾਭਾ ਤੱਕ ਵੀ ਰਿਹਾ।”

“ਬਾਬਾ ਸਰੂਪ ਸਿੰਘ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪੋਤੇ ਅਤੇ ਕਾਨ੍ਹ ਸਿੰਘ ਦੇ ਪਿਤਾ ਨਰਾਇਣ ਸਿੰਘ ਡੇਰੇ ਦੀ ਦੇਖ-ਭਾਲ ਵਿੱਚ ਲੱਗ ਗਏ।”

ਇਹ ਕਾਨ੍ਹ ਸਿੰਘ ਦੇ ਗੁਰਬਾਣੀ ਤੋਂ ਪ੍ਰੇਰਿਤ ਹੋਣ ਦਾ ਸਬੱਬ ਬਣਿਆ।

ਮਹਾਰਾਜਾ ਹੀਰਾ ਸਿੰਘ, ਟਿੱਕਾ ਰਿਪੁਦਮਨ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ

ਤਸਵੀਰ ਸਰੋਤ, Riyasat-E-NABHA/Gurjot

ਤਸਵੀਰ ਕੈਪਸ਼ਨ, ਮਹਾਰਾਜਾ ਹੀਰਾ ਸਿੰਘ, ਟਿੱਕਾ ਰਿਪੁਦਮਨ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ। ਨਿਸ਼ਾਨ ਸਿੰਘ ਅਤੇ ਫ਼ੈਜ਼ ਬਕਸ਼ (ਪਿੱਛੇ ਖੜੇ)

ਨਾਭਾ ਰਿਆਸਤ ਨਾਲ ਸੰਬੰਧ

ਕਾਨ੍ਹ ਸਿੰਘ ਦੇ ਪਰਿਵਾਰ ਦਾ ਨਾਭਾ ਦੇ ਰਾਜਸੀ ਪਰਿਵਾਰ ਨਾਲ ਸਬੰਧ ਇੰਨਾ ਗਹਿਰਾ ਸੀ ਕਿ ਉਨ੍ਹਾਂ ਦੇ ਨਾਮ ਨਾਲ ਵੀ ‘ਨਾਭਾ’ ਜੁੜ ਗਿਆ। ਪਰ ਇਸ ਰਿਸ਼ਤੇ ਦੀ ਸ਼ੁਰੂਆਤ ਬੇਹੱਦ ਦਿਲਚਸਪ ਘਟਨਾ ਨਾਲ ਹੋਈ।

ਭੁੱਲਰ ਦੱਸਦੇ ਹਨ, “ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਨਰਾਇਣ ਸਿੰਘ ਹਰ ਹਫ਼ਤੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਪਾਠ ਕਰਦੇ ਸਨ। ਜਿਸ ਨਾਲ ਉਨ੍ਹਾਂ ਨੂੰ ਸੰਪੂਰਨ ਪਾਠ ਕੰਠ ਹੋ ਗਿਆ ਯਾਨੀ ਚੇਤੇ ਹੋ ਗਿਆ।”

“ਇਸ ਪਿੱਛੋਂ ਉਨ੍ਹਾਂ ਨੇ ਦੋ ਵਾਰ ਇੱਕੋ ਆਸਣ ਵਿੱਚ ਬੈਠ ਕੇ ਇਕੱਲਿਆਂ ਅਖੰਡ ਪਾਠ ਸੰਪੂਰਨ ਕੀਤਾ ਜਿਸ ਨੂੰ ਅਤੀ-ਅਖੰਡ ਪਾਠ ਕਿਹਾ ਜਾਂਦਾ ਹੈ।”

ਉਨੀਂ ਦਿਨੀਂ ਨਾਭਾ ਰਿਆਸਤ ਦੀ ਵਾਗਡੋਰ ਰਾਜਾ ਹੀਰਾ ਸਿੰਘ ਦੇ ਹੱਥਾਂ ਵਿੱਚ ਸੀ, ਜਿਨ੍ਹਾਂ ਨੂੰ ਲੋਕ ਇੱਕ ਇਨਸਾਫ਼ ਪਸੰਦ ਰਾਜੇ ਵੱਜੋਂ ਮਾਣ ਦਿੰਦੇ ਸਨ।

ਭੁੱਲਰ ਇੱਕ ਕਿੱਸਾ ਸੁਣਾਉਂਦਿਆਂ ਕਹਿੰਦੇ ਹਨ ਕਿ, “ਰਾਜਾ ਹੀਰਾ ਸਿੰਘ ਹਰ ਸਵੇਰ ‘ਜਨਤਾ ਦਰਸ਼ਨ’ ਕਰਦੇ ਸਨ। ਜਿਸ ਵਿੱਚ ਆਮ ਲੋਕਾਂ ਦੀਆਂ ਅਰਜੋਈਆਂ ਵੀ ਸੁਣਦੇ ਅਤੇ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਵੀ ਕਰਦੇ।”

“ਇੱਕ ਅਜਿਹੇ ਹੀ ਜਨਤਾ ਦਰਸ਼ਨ ਦੌਰਾਨ ਨਰਾਇਣ ਸਿੰਘ ਵੀ ਉੱਥੇ ਮੌਜੂਦ ਸਨ। ਜਿਨ੍ਹਾਂ ਨੇ ਅਤੀ-ਅਖੰਡ ਪਾਠ ਕਰ ਸਕਣ ਦੀ ਆਪਣੀ ਸਮਰੱਥਾ ਬਾਰੇ ਰਾਜਾ ਹੀਰਾ ਸਿੰਘ ਨੂੰ ਦੱਸਿਆ ਅਤੇ ਉਨ੍ਹਾਂ ਸਾਹਮਣੇ ਪਾਠ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ।”

“ਰਾਜਾ ਹੈਰਾਨ ਸੀ। ਉਸ ਨੇ ਸ਼ੰਕਾ ਜਤਾਈ ਕਿ ਇੰਨਾ ਲੰਬਾ ਸਮਾਂ ਕੋਈ ਭੁੱਖ-ਤੇਹ ਤਾਂ ਚਾਹੇ ਸਹਾਰ ਹੀ ਲਵੇ ਪਰ ਮਲ-ਮੂਤਰ ਦਾ ਕੀ ਬਣਦਾ ਹੋਵੇਗਾ।”

“ਨਰਾਇਣ ਸਿੰਘ ਦਾ ਜਵਾਬ ਸੀ ਉਹ ਪਾਠ ਅਰੰਭ ਕਰਨ ਤੋਂ ਕੁਝ ਦਿਨ ਪਹਿਲਾਂ ਅੰਨ ਅਤੇ ਫ਼ਿਰ ਪਾਣੀ ਦਾ ਤਿਆਗ ਕਰ ਦਿੰਦੇ ਹਨ ਅਤੇ ਸਿਰਫ਼ ਵੱਡੀਆਂ ਦਾਖਾਂ, ਯਾਨੀ ਮੁਨੱਕਾ ਹੀ ਪਾਣੀ ਵਿੱਚ ਭਿਓਂ ਕਿ ਖਾਂਦੇ ਹਨ। ਜਿਸ ਨਾਲ ਨਾ ਤਾਂ ਭੁੱਖ-ਪਿਆਸ ਮਹਿਸੂਸ ਹੁੰਦੀ ਅਤੇ ਨਾ ਹੀ ਕੋਈ ਹੋਰ ਲੋੜ ਮਹਿਸੂਸ ਹੁੰਦੀ ਹੈ।”

“ਇਹ ਸੁਣ ਕੇ ਰਾਜੇ ਨੇ ਵਾਅਦਾ ਕੀਤਾ ਕਿ ਉਹ ਵੀ ਸੁੱਤੇ ਤੇ ਅਰਾਮ ਕੀਤੇ ਬਿਨ੍ਹਾਂ ਲਗਾਤਾਰ ਪਾਠ ਸੁਣੇਗਾ। ਸਰਵਣ ਸਿੰਘ ਨੇ ਇੱਕੋ ਆਸਣ ਵਿੱਚ ਬੈਠ ਕੇ ਪਾਠ ਕੀਤਾ ਅਤੇ ਉਨ੍ਹਾਂ ਦੀਆਂ ਲੱਤਾਂ ਸੌਣ ਗਈਆਂ। ਰਾਜਾ ਹੀਰਾ ਸਿੰਘ ਨੇ ਖ਼ੁਦ ਉਨ੍ਹਾਂ ਦੀਆਂ ਲੱਤਾਂ ਘੁੱਟੀਆਂ ਅਤੇ ਆਸਣ ਖ਼ੁੱਲ੍ਹਵਾਕੇ ਉਨ੍ਹਾਂ ਨੂੰ ਖੜ੍ਹਾ ਕੀਤਾ।”

ਮਹਾਰਾਜਾ ਹੀਰਾ ਸਿੰਘ

ਤਸਵੀਰ ਸਰੋਤ, Riyasat-E-NABHA/Gurjot

ਤਸਵੀਰ ਕੈਪਸ਼ਨ, 1871 ਈਸਵੀ ਨੂੰ ਨਾਭਾ ਰਿਆਸਤ ਦੀ ਵਾਗਡੋਰ ਸੰਭਾਲਣ ਵਾਲੇ ਮਹਾਰਾਜਾ ਹੀਰਾ ਸਿੰਘ ਨੂੰ ਲੋਕ ਇੱਕ ਇਨਸਾਫ਼ ਪਸੰਦ ਰਾਜੇ ਵਜੋਂ ਜਾਣਦੇ ਸਨ

ਕਹਿੰਦੇ ਹਨ ਕਿ ਰਾਜਾ ਰਹੀ ਸਿੰਘ ਦੇ ਮਨ ਵਿੱਚ ਨਰਾਇਣ ਸਿੰਘ ਲਈ ਇੰਨਾ ਸਤਿਕਾਰ ਭਰ ਗਿਆ ਕਿ ਜਦੋਂ ਉਨ੍ਹਾਂ ਨੇ ਵਾਪਸ ਜਾਣਾ ਸੀ, ਹਰੀ ਸਿੰਘ ਨੇ ਪਾਲਕੀ ਮੰਗਵਾਈ ਅਤੇ ਇਸ ਦਾ ਇੱਕ ਪਾਵਾ ਆਪਣੇ ਮੋਢਿਆਂ ਉੱਤੇ ਚੁੱਕ ਕੇ ਮਹਿਲ ਦੇ ਬਾਹਰਲੇ ਦਰਵਾਜ਼ੇ ਤੱਕ ਲੈ ਗਏ।

ਭੁੱਲਰ ਕਹਿੰਦੇ ਹਨ ਕਿ ਇਹ ਕਿੱਸਾ ਉਨ੍ਹਾਂ ਨੇ ਆਪਣੇ ਪਿਤਾ ਤੋਂ ਸੁਣਿਆ ਸੀ।

ਇਸ ਘਟਨਾ ਨਾਲ ਜੁੜੇ ਹੋਏ ਹੋਰ ਵੀ ਕਈ ਕਿੱਸੇ ਹਨ।

ਪਰ ਅਸਲ ਵਿੱਚ ਇਹ ਨਰਾਇਣ ਸਿੰਘ ਅਤੇ ਕਾਨ੍ਹ ਸਿੰਘ ਦੇ ਗੁਰਬਾਣੀ, ਭਾਸ਼ਾ ਤੇ ਨਾਭਾ ਰਿਆਸਤ ਨਾਲ ਰਿਸ਼ਤੇ ਨੂੰ ਸਮਝਾਉਂਦੀ ਕਹਾਣੀ ਹੈ। ਅਜਿਹਾ ਰਿਸ਼ਤਾ ਜੋ ਬਾਅਦ ਵਿੱਚ ਅਨਿੱਖੜਵਾਂ ਹੋ ਨਿਬੜਿਆ।

ਨਾਭਾ ਰਿਆਸਤ

ਤਸਵੀਰ ਸਰੋਤ, Riyasat-E-NABHA/Gurjot

ਤਸਵੀਰ ਕੈਪਸ਼ਨ, ਨਾਭਾ ਰਿਆਸਤ ਦੀ ਇੱਕ ਪੁਰਾਣੀ ਤਸਵੀਰ

ਨਾਭਾ ਰਿਆਸਤ ਵਿੱਚ ਅਹਿਮ ਜ਼ਿੰਮੇਵਾਰੀ ਨਿਭਾਉਣਾ

ਨਾਭਾ ਦੇ ਰਾਜਾ ਹੀਰਾ ਸਿੰਘ ਕਾਨ੍ਹ ਸਿੰਘ ਦੇ ਗਿਆਨ ਅਤੇ ਸੂਝ-ਬੂਝ ਦੇ ਕਾਇਲ ਸਨ।

ਆਦਰਸ਼ਪ੍ਰਤਾਪ ਸਿੰਘ ਕਹਿੰਦੇ ਹਨ,“ਇਹ ਜਾਣਦਿਆਂ ਵੀ ਕਿ ਕਾਨ੍ਹ ਸਿੰਘ ਨੇ ਖ਼ੁਦ ਕਦੀ ਸਕੂਲੀ ਸਿੱਖਿਆ ਹਾਸਲ ਨਹੀਂ ਕੀਤੀ, ਹੀਰਾ ਸਿੰਘ ਨੇ ਆਪਣੇ ਪੁੱਤ ਟਿੱਕਾ ਰਿਪੁਦਮਨ ਸਿੰਘ ਦੀ ਸਿੱਖਿਆ ਦੀ ਜ਼ਿੰਮੇਵਾਰੀ 1888 ਵਿੱਚ ਉਨ੍ਹਾਂ ਨੂੰ ਸੌਂਪੀ।”

ਕਾਨ੍ਹ ਸਿੰਘ ਦੀ ਨਾਭਾ ਰਿਆਸਤ ਵਿੱਚ ਭੂਮਿਕਾ ਬਾਰੇ ਆਦਰਸ਼ਪ੍ਰਤਾਪ ਸਿੰਘ ਦੱਸਦੇ ਹਨ, “ਉਨ੍ਹਾਂ ਨੂੰ ਰਿਆਸਤ ਦਾ ਨਾਜ਼ਮ ਨਿਯੁਕਤ ਕੀਤਾ ਗਿਆ ਯਾਨੀ ਉਹ ਜ਼ਿੰਮੇਵਾਰੀ ਦਿੱਤੀ ਗਈ ਜੋ ਅੱਜ-ਕੱਲ੍ਹ ਡਿਪਟੀ-ਕਮਿਸ਼ਨਰ ਨਿਭਾਉਂਦੇ ਹਨ।”

“ਰਾਜੇ ਨੂੰ ਕਾਨ੍ਹ ਸਿੰਘ ਉੱਤੇ ਇੰਨਾ ਭਰੋਸਾ ਸੀ ਕਿ ਇਸ ਤੋਂ ਇਲਾਵਾ ਉਹ ਨਿੱਜੀ ਸਕੱਤਰ ਅਤੇ ਵਿਦੇਸ਼ ਮੰਤਰੀ ਦੇ ਅਹੁਦੇ ਉੱਤੇ ਵੀ ਰਹੇ।”

ਪਰ 1909 ਵਿੱਚ ਉਨ੍ਹਾਂ ਨੇ ਨਾਭਾ ਰਿਆਸਤ ਦੀ ਨੌਕਰੀ ਛੱਡ ਦਿੱਤੀ ਅਤੇ ਰਾਜਾ ਹੀਰਾ ਸਿੰਘ ਨੂੰ ਦੱਸਿਆ ਕਿ ਉਹ ਮਹਾਨ ਕੋਸ਼ ਉੱਤੇ ਕੰਮ ਕਰਨਾ ਚਾਹੁੰਦੇ ਹਨ।

ਗੁਰਸ਼ਬਦ ਰਤਨਾਕਰ ਮਹਾਨ ਕੋਸ਼
ਤਸਵੀਰ ਕੈਪਸ਼ਨ, ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਖੋਜ ਕਾਰਜ ਤੋਂ ਲੈ ਕੇ ਛਪਾਈ ਤੱਕ 28 ਸਾਲਾਂ ਦਾ ਸਮਾਂ ਲੱਗਿਆ।

ਮਹਾਨ ਕੋਸ਼ ਉੱਤੇ ਕੰਮ

‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਜਿਸ ਨੂੰ ‘ਇਨਸਾਈਕਲੋਪੀਡੀਆ ਆਫ਼ ਸਿੱਖ ਲਿਟਰੇਚਰ’ ਯਾਨੀ ਸਿੱਖ ਸਾਹਿਤ ਦਾ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ, ਇਕ ਅਜਿਹਾ ਅਨੋਖਾ ਕੰਮ ਹੈ ਜੋ ਸਦੀਆਂ ਵਿੱਚ ਇੱਕ ਵਾਰੀ ਹੁੰਦਾ ਹੈ।

ਪਰ ਇਹ ਹੈਰਾਨ ਕਰਨ ਵਾਲਾ ਹੈ ਕਿ ਉਨ੍ਹਾਂ ਨੇ ਸ਼ਬਦਾਂ ਦੇ ਇਸ ਭੰਡਾਰ ਨੂੰ ਇਕੱਤਰ ਕਿਵੇਂ ਕੀਤਾ।

ਕਾਨ੍ਹ ਸਿੰਘ ਨਾਭਾ ਨੂੰ ਗੁਰਮੁਖੀ ਦੀ ਸਿੱਖਿਆ ਤਾਂ ਘਰ ਵਿੱਚ ਹੀ ਮਿਲ ਗਈ ਪਰ ਹੋਰ ਭਾਸ਼ਾਵਾਂ ਜਿਵੇਂ ਕਿ ਫ਼ਾਰਸੀ ਅਤੇ ਉਰਦੂ ਲਈ ਉਹ ਦਿੱਲੀ ਅਤੇ ਆਗਰੇ ਗਏ।

ਗੁਰਬਚਨ ਭੁੱਲਰ ਦੱਸਦੇ ਹਨ ਕਿ ਮਹਾਨ ਕੋਸ਼ ਵਿੱਚ ਅੰਗਰੇਜ਼ੀ, ਹਿੰਦੀ ਤੇ ਸੰਸਕ੍ਰਿਤ ਦੇ ਵੀ ਸੈਂਕੜੇ ਸ਼ਬਦਾਂ ਦੇ ਅਰਥ ਹਨ। ਨਾਭਾ ਨੇ ਇਹ ਭਾਸ਼ਾਵਾਂ ਸਿੱਖਣ ਲਈ ਵੀ ਖ਼ਾਸ ਕੋਸ਼ਿਸ਼ ਤੇ ਮਿਹਨਤ ਕੀਤੀ ਸੀ।

ਭੁੱਲਰ ਦੱਸਦੇ ਹਨ, “ਮਹਾਨ ਕੋਸ਼ ਦਾ ਕੰਮ ਸੌਖਾ ਨਹੀਂ ਸੀ। ਕਾਨ੍ਹ ਸਿੰਘ ਨੇ ਇਸ ਦੀ ਮੁੱਢਲੀ ਖੋਜ ਤੋਂ ਲੈ ਕੇ ਛਪਾਈ ਤੱਕ 28 ਸਾਲ ਇਸ ਕੰਮ ਦੇ ਲੇਖੇ ਲਾਏ।”

“20 ਮਈ 1912 ਨੂੰ ਉਨ੍ਹਾਂ ਨੇ ਅਰਦਾਸ ਕਰਕੇ ਇਕੱਤਰ ਕੀਤੀ ਜਾਣਕਾਰੀ ਨੂੰ ਇੱਕ ਥਾਂ ਉੱਤੇ ਲਿਖਣ ਦਾ ਕੰਮ ਸ਼ੁਰੂ ਕੀਤਾ। ਤੇ ਇਸ ਮਹਾਨ ਕੋਸ਼ ਨੂੰ ਲਿਖਣ ਉੱਤੇ ਹੀ 15 ਸਾਲ ਦਾ ਸਮਾਂ ਲੱਗ ਗਿਆ।”

“ਕੋਸ਼ ਦੇ ਪਹਿਲੇ ਖਰੜੇ ਦਾ ਆਖ਼ਰੀ ਸ਼ਬਦ, ਉਨ੍ਹਾਂ ਨੇ 5 ਫ਼ਰਵਰੀ 1926 ਨੂੰ ਲਿਖਿਆ।”

ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ, ਭਾਈ ਕਾਹਨ ਸਿੰਘ ਨਾਭਾ ਅਤੇ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ

ਤਸਵੀਰ ਸਰੋਤ, bhaikahansinghnabha.com

ਤਸਵੀਰ ਕੈਪਸ਼ਨ, ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ, ਭਾਈ ਕਾਹਨ ਸਿੰਘ ਨਾਭਾ ਅਤੇ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ

1930 ਵਿੱਚ ਮਹਾਨ ਕੋਸ਼ ਦੀ ਪਹਿਲੀ ਜਿਲਦ ਛਪੀ, ਜਿਸ ਲਈ ਕਾਨ੍ਹ ਸਿੰਘ ਨਾਭਾ ਨੂੰ ਕੁਝ ਜੱਦੋ-ਜਹਿਦ ਵੀ ਕਰਨੀ ਪਈ।

ਇਸ ਬਾਰੇ ਆਦਰਸ਼ਪ੍ਰਤਾਪ ਸਿੰਘ ਕਹਿੰਦੇ ਹਨ, “ਅਸਲ ਵਿੱਚ ਜਦੋਂ ਤੱਕ ਕੋਸ਼ ਨੂੰ ਲਿਖਣ ਦਾ ਕੰਮ ਨੇਪਰੇ ਚੜ੍ਹਿਆ, ਉਦੋਂ ਤੱਕ ਉਸ ਨੂੰ ਛਾਪਣ ਦਾ ਵਾਅਦਾ ਕਰਨ ਵਾਲੇ ਫ਼ਰੀਦਕੋਟ ਦੇ ਮਹਾਰਾਜਾ ਬਰਜਿੰਦਰ ਸਿੰਘ ਦੀ ਮੌਤ ਹੋ ਗਈ ਤੇ ਟਿੱਕਾ ਰਿਪੁਦਮਨ ਸਿੰਘ ਕੋਲ ਆਪਣੀ ਨਾਭਾ ਰਿਆਸਤ ਦੀ ਗੱਦੀ ਨਾ ਰਹੀ। ਫ਼ਿਰ ਇਸ ਦੀ ਛਪਾਈ ਇੱਕ ਮਸਲਾ ਬਣ ਗਈ।”

“ਅੰਤ ਨੂੰ ਭਾਈ ਸਾਹਿਬ (ਕਾਨ੍ਹ ਸਿੰਘ) ਨੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨਾਲ ਸੰਪਕਰ ਕੀਤਾ। ਉਨ੍ਹਾਂ ਨੇ ਭਾਈ ਸਾਹਿਬ ਨੂੰ ਹੋਰ ਲੋਕਾਂ ਤੋਂ ਛਪਾਈ ਲਈ ਲਏ ਪੈਸੇ ਵਾਪਸ ਕਰ ਦੇਣ ਲਈ ਕਿਹਾ ਅਤੇ ਦਰਬਾਰ ਪਟਿਆਲਾ ਵਲੋਂ ਮਹਾਨ ਕੋਸ਼ ਛਾਪਣ ਦੀ ਜ਼ਿੰਮੇਵਾਰੀ ਲਈ।”

ਕਾਨ੍ਹ ਸਿੰਘ ਨਾਭਾ

ਆਖ਼ੀਰ ਹਜ਼ਾਰਾਂ ਸ਼ਬਦਾਂ ਨੂੰ ਅਰਥ ਦਿੰਦੇ ਇਸ ਮਹਾਨ ਕੋਸ਼ ਦੀ ਪਹਿਲੀ ਜਿਲਦ 1930 ਵਿੱਚ ਪਟਿਆਲਾ ਦਰਬਾਰ ਵੱਲੋਂ ਛਾਪੀ ਗਈ ਸੀ।

ਉਸ ਸਮੇਂ ਇਸ ਦੀਆਂ 500 ਕਾਪੀਆਂ ਛਾਪਣ ਉੱਤੇ 51 ਹਜ਼ਾਰ ਰੁਪਏ ਖਰਚਾ ਹੋਇਆ ਤੇ ਪਟਿਆਲਾ ਦਰਬਾਰ ਨੇ ਕੋਈ ਵਾਧੂ ਖ਼ਰਚਾ ਪਾਏ ਬਿਨ੍ਹਾਂ ਇੱਕ ਕਾਪੀ ਦਾ ਮੁੱਲ 110 ਰੁਪਏ ਰੱਖਿਆ।

ਗੁਰਬਚਨ ਭੁੱਲਰ ਦੱਸਦੇ ਹਨ ਕਿ ਇਸ ਤੋਂ ਬਾਅਦ ਅਗਸਤ 1948 ਵਿੱਚ ਪੰਜਾਬ ਵਿੱਚ ਰਿਆਸਤਾਂ ਖ਼ਤਮ ਹੋ ਗਈਆਂ ਅਤੇ ਨਵਾਂ ਰਾਜ ਪੈਪਸੂ ਹੋਂਦ ਵਿੱਚ ਆਇਆ।।

“ਫ਼ਿਰ 18 ਸਾਲਾਂ ਬਾਅਦ ਜਦੋਂ ਦਰਬਾਰ ਪਟਿਆਲਾ ਨੇ ਇਸ ਦੇ ਛਪਾਈ ਦੇ ਅਧਿਕਾਰ ਪੈਪਸੂ ਦੇ ‘ਮਹਿਕਮਾ ਪੰਜਾਬੀ’ ਨੂੰ ਦੇ ਦਿੱਤੇ ਤਾਂ ਇੱਕ ਵਾਰ ਫ਼ਿਰ 500 ਕਾਪੀਆਂ ਛਾਪੀਆਂ ਗਈਆਂ, ਜੋ ਹੱਥੋ-ਹੱਥੀਂ ਵਿਕ ਗਈਆਂ।”

ਹੁਣ ਇਸ ਦੀ ਛਪਾਈ ਦੀ ਜ਼ਿੰਮੇਵਾਰੀ ਭਾਸ਼ਾ ਵਿਭਾਗ ਪੰਜਾਬ ਕੋਲ ਹੈ।

ਭਾਸ਼ਾ ਵਿਭਾਗ, ਪੰਜਾਬ ਦੇ ਸਹਾਇਕ ਨਿਰਦੇਸ਼ਕ ਅਲੋਕ ਚਾਵਲਾ ਦੱਸਦੇ ਹਨ ਕਿ, “ਅਸੀਂ ਵਿਭਾਗ ਵੱਲੋਂ ਇੱਕ ਵਾਰ ਵਿੱਚ ਇਸ ਦੀਆਂ 1000 ਕਾਪੀਆਂ ਛਾਪਦੇ ਹਾਂ ਜੋ ਕਿ ਬਹੁਤ ਜਲਦ ਵਿਕ ਜਾਂਦੀਆਂ ਹਨ। ਹੁਣ ਇਸ ਦੀ ਕੀਮਤ 417 ਰੁਪਏ ਪ੍ਰਤੀ ਕਾਪੀ ਹੈ।”

ਕਾਨ੍ਹ ਸਿੰਘ ਨਾਭਾ

ਤਸਵੀਰ ਸਰੋਤ, bhaikahansinghnabha.com

ਤਸਵੀਰ ਕੈਪਸ਼ਨ, ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਖੋਜ ਕਾਰਜ ਲਈ ਨਾਭਾ ਰਿਆਸਤ ਦੇ ਆਪਣੇ ਉੱਚ ਅਹੁਦੇ ਨੂੰ ਵੀ ਛੱਡਿਆ

ਕਾਨ੍ਹ ਸਿੰਘ ਨਾਭਾ ਤੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ’ਚ ਅਨੁਵਾਦ

ਮਹਾਨ ਕੋਸ਼ ਤੋਂ ਇਲਾਵਾ ਕਾਨ੍ਹ ਸਿੰਘ ਨਾਭਾ ਦੀ ਇੱਕ ਹੋਰ ਅਹਿਮ ਗਿਣਨਯੋਗ ਭੂਮਿਕਾ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਵਿੱਚ ਰਹੀ।

ਆਦਰਸ਼ਪ੍ਰਤਾਪ ਸਿੰਘ ਦੱਸਦੇ ਹਨ ਕਿ ਇੱਕ ਜਰਮਨ ਮਿਸ਼ਨਰੀ ਡਾਕਟਰ ਅਰਨੈਸਟ ਟਰੰਪ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਸ ਵਿੱਚ ਤਰੁੱਟੀਆਂ ਸਨ।”

“ਇਸ ਤੋਂ ਬਾਅਦ ਇੱਕ ਅੰਗਰੇਜ਼ ਅਫ਼ਸਰ ਮੈਕਲਿਫ਼ ਜੋ ਉਸ ਸਮੇਂ ਇੰਡੀਅਨ ਸਿਵਿਲ ਸਰਵੈਂਟ ਵਜੋਂ ਉੱਚ ਅਹੁਦੇ ’ਤੇ ਸੀ, ਨੇ ਸਿੱਖ ਓਰੀਐਂਟਲ ਕਾਲਜ, ਲਾਹੌਰ ਦੇ ਪ੍ਰੋਫ਼ੈਸਰ ਗੁਰਮੁਖ ਸਿੰਘ ਦੇ ਕਹਿਣ ਉੱਤੇ ਸਹੀ ਤੇ ਸ਼ੁੱਧ ਅਨੁਵਾਦ ਲਈ ਭਾਈ ਕਾਨ੍ਹ ਸਿੰਘ ਨਾਭਾ ਦੀ ਮਦਦ ਲੈਣ ਲਈ ਰਾਜਾ ਹੀਰਾ ਸਿੰਘ ਨਾਲ ਰਾਬਤਾ ਕੀਤਾ।”

“ਮੈਕਲਿਫ਼ ਦੀ ਮਦਦ ਲਈ ਕਾਨ੍ਹ ਸਿੰਘ ਨੂੰ 2 ਸਾਲਾਂ ਤੱਕ ਰਿਆਸਤ ਦੇ ਕੰਮਾਂ ਤੋਂ ਫ਼ਾਰਗ ਕੀਤਾ ਗਿਆ। ਸਾਲ 1893 ਵਿੱਚ ਮੈਕਲਿਫ਼ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦਿੱਤਾ ਅਤੇ ਕਾਨ੍ਹ ਸਿੰਘ ਨਾਭਾ ਦੀ ਮਦਦ ਨਾਲ ਗੁਰੂ ਗ੍ਰੰਥ ਸਾਹਿਬ ਦਾ ਅੰਗੇਰੀਜ਼ੀ ਅਨੁਵਾਦ ਪੂਰਾ ਕੀਤਾ।”

ਆਦਰਸ਼ਪ੍ਰਤਾਪ ਸਿੰਘ ਦੱਸਦੇ ਹਨ ਇਸ ਕੰਮ ਲਈ ਮੈਕਲਿਫ਼ ਨੇ ਕਈ ਗਰਮੀਆਂ ਤੇ ਕਈ ਸਿਆਲ ਭਾਈ ਸਾਹਿਬ ਦੀ ਪੰਜਾਬ ਦੇ ਹਿਮਾਚਲ ਵਿੱਚ ਰਿਹਾਇਸ਼ ’ਤੇ ਉਨ੍ਹਾਂ ਨਾਲ ਬਿਤਾਈਆਂ। ਅੰਤ ਨੂੰ 1909 ਵਿੱਚ ‘ਦਿ ਸਿੱਖ ਰਿਲੀਜ਼ਨ’ ਸਿਰਲੇਖ ਹੇਠ ਆਕਸਫ਼ੋਰਡ ਯੁਨਿਵੀਰਸਿਟੀ ਪ੍ਰੈਸ, ਲੰਡਨ ਨੇ ਇਸ ਦੀ ਛਪਾਈ ਕੀਤੀ।

“ਕਾਨ੍ਹ ਸਿੰਘ ਨਾਭਾ ਦੀ ਇਸ ਅਨੁਵਾਦ ਵਿੱਚ ਨਿਭਾਈ ਭੂਮਿਕਾ ਦੀ ਅਹਿਮੀਅਤ ਉਸ ਸਮੇਂ ਸਾਹਮਣੇ ਆਈ ਜਦੋਂ ਮੈਕਲਿਫ਼ ਨੇ ਇਸ ਦੇ ਕਾਪੀਰਾਈਟ ਉਨ੍ਹਾਂ ਨੂੰ ਦਿੱਤੇ।”

ਇਸ ਤੋਂ ਇਲਾਵਾ ਨਾਭਾ ਦੋ ਦਰਜਨ ਤੋਂ ਵੱਧ ਲਿਖਤਾਂ, ਜਿਨ੍ਹਾਂ ਵਿੱਚ ਸਿੱਖ ਮਰਿਆਦਾ ਨੂੰ ਦਰਸਾਉਂਦੇ ਦੋ ਸੰਸਕਰਣ ਗੁਰੁਮਤ ਸੁਧਾਕਰ, ਹਮ ਹਿੰਦੂ ਨਹੀਂ ਸ਼ੁਮਾਰ ਹਨ, ਦੇ ਲੇਖਕ ਹਨ।

ਗੁਰਬਚਨ ਭੁੱਲਰ ਦੱਸਦੇ ਹਨ ਕਿ, “ਕਿਉਂਜੋ ਗੁਰਬਾਣੀ ਰਾਗਾਂ ਵਿੱਚ ਲਿਖੀ ਗਈ ਸੀ, ਇਸ ਲਈ ਕਾਨ੍ਹ ਸਿੰਘ ਨਾਭਾ ਨੇ ਰਾਗ ਵਿਦਿਆ ਵੀ ਸਿੱਖੀ। ਉਨ੍ਹਾਂ ਸਿਤਾਰ ਵਜਾਉਣੀ ਵੀ ਸਿੱਖੀ। ਜਲੰਧਰ ਦੇ ਸੰਗੀਤਕਾਰ ਰਹਿਮਤ ਖਾਂ ਤੋਂ ਉਨ੍ਹਾਂ ਨੇ ਰਾਗ਼ ਵਿਦਿਆ ਲਈ। ਭੁੱਲਰ ਉਨ੍ਹਾਂ ਨੂੰ ਸ਼ਾਸ਼ਤਰੀ ਵਿਦਿਆ ਦੇ ਰਸੀਏ ਦੱਸਦੇ ਹਨ।”

ਕਾਨ੍ਹ ਸਿੰਘ ਨਾਭਾ ਦਾ ਲਿਖਿਆ ਮਹਾਨ ਕੋਸ਼ ਸਾਡੇ ਸਭ ਲਈ ਸਦਾ ਮੌਜੂਦ ਰਹੇਗਾ ਪਰ ਨਾਲ ਹੀ ਗੁਰਬਚਨ ਭੁੱਲਰ ਦਾ ਅਫ਼ਸੋਸ ਤੇ ਗਿਲ਼ਾ ਵੀ ਕਿ ਜੱਦੀ ਪਿੰਡ ਪਿੱਥੋ ਵਿੱਚਲੀਆਂ ਉਨ੍ਹਾਂ ਦੀਆਂ ਛੋਹਾਂ ਦੀ ਕੀਮਤੀ ਵਿਰਾਸਤ ਨੂੰ ਸਾਂਭਿਆ ਨਹੀਂ ਜਾ ਸਕਿਆ।

ਦੂਜੇ ਪਾਸੇ ਆਦਰਸ਼ਪ੍ਰਤਾਪ ਸਿੰਘ ਆਪਣੇ ਪੜਦਾਦਾ ਕਾਨ੍ਹ ਸਿੰਘ ਨਾਭਾ ਦੀਆਂ ਯਾਦਾਂ ਨੂੰ ਸੀਨੇ ਨਾਲ ਲਾਈ ਬੈਠੇ ਹਨ। ਪਟਿਆਲਾ ਵਿਚਲੇ ਘਰ ਵਿੱਚ ਨਾਭਾ ਦੀਆਂ ਤਸਵੀਰਾਂ ਅਤੇ ਉਨ੍ਹਾਂ ਨਾਲ ਜੁੜੀਆਂ ਹੋਰ ਚੀਜ਼ਾਂ ਸੰਭਾਲ ਕੇ ਰੱਖਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)