‘ਖੇਡਾਂ ਵਤਨ ਪੰਜਾਬ ਦੀਆਂ’: ਤੀਜੇ ਸੀਜ਼ਨ ਦਾ ਆਗਾਜ਼ ਪਰ ਪਿਛਲੇ ਸਾਲਾਂ ਦੇ ਜੇਤੂ ਇਹਨਾਂ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਲਈ ਕਿਉਂ ਤਰਸਣਾ ਪਿਆ

ਤਸਵੀਰ ਸਰੋਤ, Meet Hayer/X
- ਲੇਖਕ, ਬਰਿੰਦਰ ਸਿੰਘ ਅਤੇ ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਦਾ ਆਗਾਜ਼ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 29 ਅਗਸਤ ਨੂੰ ਸੰਗਰੂਰ ਵਿੱਚ ਇਨ੍ਹਾਂ ਖੇਡਾਂ ਦਾ ਉਦਘਾਟਨ ਕੀਤਾ ਹੈ।
ਇਸ ਵੱਡ-ਆਕਾਰੀ ਟੂਰਨਾਮੈਂਟ ਰਾਹੀਂ ਮਾਨ ਸਰਕਾਰ ਬਲਾਕ ਤੋਂ ਸੂਬੇ ਪੱਧਰ ਤੱਕ ਅਜਿਹੇ ਖਿਡਾਰੀਆਂ ਨੂੰ ਪੈਦਾ ਕਰਨ ਦੇ ਦਾਅਵੇ ਕਰ ਰਹੀ ਹੈ, ਜੋ ਓਲੰਪਿਕ ਪੱਧਰ ਤੱਕ ਪਹੁੰਚ ਕੇ ਮੱਲਾਂ ਮਾਰਨ।
ਖੇਡਾਂ ਵਤਨ ਪੰਜਾਬ ਦੀਆਂ ਦਾ ਇਹ ਤੀਜਾ ਸੀਜ਼ਨ ਹੈ, ਜਿਸ ਦਾ ਹਰ ਵਾਰ ਦੀ ਤਰ੍ਹਾਂ ਵੱਡੇ ਪੱਧਰ ‘ਤੇ ਆਗਾਜ਼ ਕੀਤਾ ਗਿਆ।
ਸਰਕਾਰ ਨੇ ਇਸ ਵਾਰ ਵੀ ਸੂਬਾ ਪੱਧਰ ’ਤੇ ਪਹਿਲੇ ਸਥਾਨ ’ਤੇ ਆਉਣ ਵਾਲੇ ਖਿਡਾਰੀ ਨੂੰ 10 ਹਜ਼ਾਰ, ਦੂਜੇ ਨੂੰ 7 ਹਜ਼ਾਰ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਨੂੰ 5 ਹਜ਼ਾਰ ਰੁਪਏ ਦੇ ਨਕਦ ਇਨਾਮ ਦੇਣ ਦਾ ਦਾਅਵਾ ਕੀਤਾ ਹੈ।
ਪਰ ਦੂਜੇ ਪਾਸੇ ਝਾਤ ਮਾਰੀਏ ਤਾਂ ਪਿਛਲੇ ਟੂਰਨਾਮੈਂਟ ਦੇ ਹਜ਼ਾਰਾਂ ਗਿਣਤੀ ’ਚ ਜੇਤੂ ਖਿਡਾਰੀਆਂ ਨੂੰ ਆਪਣੀ ਇਨਾਮ ਰਾਸ਼ੀ ਲਈ ਹੁਣ ਤਰਸਣਾ ਪਿਆ ।
ਹਲਾਂਕਿ ਉਹ ਅਧਿਕਾਰੀ ਜੋ ਟੂਰਨਾਮੈਂਟ ਦਾ ਪ੍ਰਬੰਧ ਦੇਖਦੇ ਹਨ, ਉਹਨਾਂ ਨੂੰ ਵੀ ਸਰਕਾਰ ਪ੍ਰਤੀ ਕਈ ਸ਼ਿਕਾਇਤਾਂ ਹਨ।

ਸੈਂਕੜੇ ਖਿਡਾਰੀ ਇਨਾਮ ਰਾਸ਼ੀ ਤੋਂ ਵਾਂਝੇ
ਪਿਛਲੇ ਸਾਲ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜੇਤੂ ਸੈਂਕੜੇ ਖਿਡਾਰੀਆਂ ਨੂੰ ਲੰਮੇ ਸਮੇਂ ਤੱਕ ਆਪਣੀ ਇਨਾਮੀ ਰਾਸ਼ੀ ਲਈ ਤਰਸਣਾ ਪਿਆ।
ਰਸ਼ਦੀਪ ਕੌਰ ਪੰਜਾਬ ਦੇ ਇੱਕ ਅਥਲੀਟ ਹਨ। ਉਹ ਸੰਗਰੂਰ ਦੇ ਰਹਿਣ ਵਾਲੇ ਹਨ ਪਰ ਜਲੰਧਰ ਵਿੱਚ ਟਰੇਨਿੰਗ ਲੈਂਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਹਿੱਸਾ ਲਿਆ ਸੀ।
ਰਸ਼ਦੀਪ ਦੱਸਦੇ ਹਨ, “ਸਾਲ 2023 ਵਿਚ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਮੈਂ ਚਾਰ ਈਵੈਂਟ ਖੇਡੀ ਸੀ, ਦੋ ਰਿਲੇਅ, ਇੱਕ 400 ਮੀਟਰ ਦੌੜ ਅਤੇ ਇੱਕ 200 ਮੀਟਰ ਦੌੜ। ਸਾਰੇ ਇਵੈਂਟਾਂ ਵਿੱਚ ਮੈਂ ਸੋਨ ਤਗਮੇ ਜਿੱਤੇ ਸਨ।"
"ਪੰਜਾਬ ਸਰਕਾਰ ਨੇ ਇੱਕ ਗੋਲਡ ਮੈਡਲ ਦਾ 10,000 ਰੁਪਏ ਨਕਦ ਇਨਾਮ ਦੇਣ ਲਈ ਕਿਹਾ ਸੀ। ਇਸ ਤਰ੍ਹਾਂ ਚਾਰ ਗੋਲਡ ਮੈਡਲ ਦੇ ਮੇਰੇ 40,000 ਰੁਪਏ ਬਣਦੇ ਹਨ।"
ਰਸ਼ਦੀਪ ਕਹਿੰਦੇ ਹਨ ਕਿ ਉਹਨਾਂ ਦੀ ਇਨਾਮ ਰਾਸ਼ੀ ਵੀਰਵਾਰ ਦੇਰ ਸ਼ਾਮ ਨੂੰ ਉਹਨਾਂ ਦੇ ਖਾਤੇ ਵਿੱਚ ਆ ਗਈ।
ਇਸ ਤਰ੍ਹਾਂ ਕਈ ਹੋਰ ਖਿਡਾਰੀਆਂ ਦੇ ਬੈਂਕ ਖਾਤਿਆਂ ਵਿੱਚ ਵੀ ਵੀਰਵਾਰ ਨੂੰ ਇਨਾਮ ਰਾਸ਼ੀ ਦੇ ਪੈੇਸੇ ਆਉਣੇ ਸ਼ੁਰੂ ਹੋ ਗਏ।
2023 ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਭਾਗ ਲੈਣੇ ਵਾਲੇ ਜਲੰਧਰ ਦੇ ਨਿਰਮਲ ਸਿੰਘ, ਕਿੱਕ ਬਾਕਸਿੰਗ ਦੇ ਖਿਡਾਰੀ ਹਨ।
ਉਨ੍ਹਾਂ ਨੇ ਦੋ ਇਵੈਂਟਾਂ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਸਨ। ਜਿਸਦੇ ਨਤੀਜੇ ਵਜੋਂ ਉਨ੍ਹਾਂ ਨੂੰ ਕੁੱਲ 12 ਹਜ਼ਾਰ ਰੁਪਏ ਇਨਾਮੀ ਰਾਸ਼ੀ ਮਿਲਣੀ ਸੀ ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਇਨਾਮੀ ਰਾਸ਼ੀ ਨਹੀਂ ਮਿਲੀ।
ਨਿਰਮਲ ਸਿੰਘ ਕਹਿੰਦੇ ਹਨ, “ਮੇਰੇ ਆਪਣੇ ਕਈ ਵਿਦਿਆਰਥੀ ਹਨ, ਜਿਹੜੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿੱਤੇ ਸਨ, ਉਨ੍ਹਾਂ ਦੀ ਇਨਾਮੀ ਰਾਸ਼ੀ ਵੀ ਅਜੇ ਤੱਕ ਸਰਕਾਰ ਵੱਲੋਂ ਨਹੀਂ ਪਾਈ ਗਈ ਹੈ।"
ਬਲਾਚੌਰ ਨੇੜੇ ਪਿੰਡ ਥੋਪੀਆ ਦੇ ਰਹਿਣ ਵਾਲੇ ਜਗਮੀਤ ਸਿੰਘ ਵੀ ਅਥਲੀਟ ਹਨ। ਉਹ ਦੱਸਦੇ ਹਨ, “ਮੈਂ 2023 ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ 400 ਮੀਟਰ ਵਿੱਚ ਹਿੱਸਾ ਲਿਆ ਸੀ। ਮੈਂ ਇੱਕ ਗੋਲਡ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਸੀ।"
"ਮੈਂ ਹੁਣ ਤੱਕ ਆਪਣੇ 17 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਉਡੀਕ ਰਿਹਾ ਹਾਂ। ਮੈਂ ਇਸ ਵੇਲੇ ਕਰਨਾਟਕ ਵਿੱਚ ਹਾਂ, ਮੈਨੂੰ ਲੱਗਦਾ ਸੀ ਕਿ ਪੈਸੇ ਆ ਜਾਣਗੇ ਤਾਂ ਮੈਂ ਇੱਥੋਂ ਦਾ ਖਰਚਾ ਖ਼ੁਦ ਚੁੱਕ ਲੈਣਾ ਸੀ ਪਰ ਸਾਡੀਆਂ ਉਮੀਦਾਂ ਪੂਰੀਆਂ ਨਾ ਹੋਈਆਂ।"
ਪਰ ਵੀਰਵਾਰ ਦੇਰ ਸ਼ਾਮ ਜਗਮੀਤ ਸਿੰਘ ਦੇ ਖਾਤੇ ਵਿੱਚ ਵੀ ਇਨਾਮ ਰਾਸ਼ੀ ਦੇ ਪੈਸੇ ਆ ਗਏ।

ਤਸਵੀਰ ਸਰੋਤ, @AAPPunjab/X
ਇਨਾਮ ਰਾਸ਼ੀ ਦੇਣ ਬਾਰੇ ਅਧਿਕਾਰੀਆਂ ਦਾ ਕੀ ਕਹਿਣਾ ਹੈ ?
ਇਨਾਮੀ ਰਾਸ਼ੀ ਵਿੱਚ ਹੋਈ ਦੇਰੀ ਦਾ ਕਾਰਨ ਜਾਣਨ ਲਈ ਅਸੀਂ ਪੰਜਾਬ ਦੇ ਸਪੈਸ਼ਲ ਸੈਕਟਰੀ ਸਪੋਰਟਸ ਆਨੰਦ ਕੁਮਾਰ ਨਾਲ ਸੰਪਰਕ ਕੀਤਾ।
ਆਨੰਦ ਕੁਮਾਰ ਕਹਿੰਦੇ ਹਨ, “ਸਾਰੇ ਜੇਤੂਆਂ ਨੂੰ ਪੈਸੇ ਪਾ ਦਿੱਤੇ ਗਏ ਹਨ, ਕੱਲ੍ਹ ਚਾਰ ਵਜੇ ਦੇ ਆਸ ਪਾਸ ਸਾਰੇ ਖਿਡਾਰੀਆਂ ਦੇ ਖਾਤਿਆਂ ਵਿੱਚ ਪੈਸੇ ਪਾ ਦਿੱਤੇ ਗਏ ਸੀ।"
ਉਨ੍ਹਾਂ ਦਾ ਕਹਿਣਾ ਹੈ, "ਅਸੀਂ ਪਹਿਲਾਂ 8000 ਦੇ ਕਰੀਬ ਬੱਚਿਆਂ ਦੇ ਪੈਸੇ ਪਾਏ ਸਨ ਪਰ 1260 ਦੇ ਕਰੀਬ ਖਿਡਾਰੀਆਂ ਦੇ ਪੈਸੇ ਵਾਪਸ ਆ ਗਏ ਸਨ ਕਿਉਂਕਿ ਉਨ੍ਹਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਗ਼ਲਤ ਸਨ, ਕਈਆਂ ਦੇ ਆਈਐੱਫਐੱਸਸੀ ਕੋਡ ਗ਼ਲਤ ਲਿਖੇ ਹੋਏ ਸਨ।"
"ਕਈ ਬੱਚੇ ਜਿਨ੍ਹਾਂ ਦੇ ਖਾਤੇ ਉਨ੍ਹਾਂ ਦੇ ਨਾਮ ਉੱਤੇ ਨਹੀਂ ਹਨ ਤੇ ਉਨ੍ਹਾਂ ਦੇ ਮਾਪਿਆਂ ਦਾ ਨਾਮ ਗ਼ਲਤ ਸੀ, ਇਸ ਕਰਕੇ ਇਨਾਮੀ ਰਾਸ਼ੀ ਰੁਕੀ ਹੋਈ ਸੀ। ਫਿਲਹਾਲ ਅਸੀਂ ਸਾਰੇ ਜੇਤੂਆਂ ਦੇ ਖਾਤਿਆਂ ਵਿੱਚ ਇਨਾਮੀ ਰਾਸ਼ੀ ਪਾ ਦਿੱਤੀ ਹੈ।"
ਉਹ ਅੱਗੇ ਦੱਸਦੇ ਹਨ, “ਜਿਨ੍ਹਾਂ ਦੀ ਇਨਾਮੀ ਰਾਸ਼ੀ ਅਜੇ ਵੀ ਰੁਕੀ ਹੋਈ ਹੈ, ਉਸ ਦਾ ਕਾਰਨ ਵੀ ਇਹੀ ਹੋਵੇਗਾ ਕਿ ਉਨ੍ਹਾਂ ਨੇ ਖਾਤਿਆਂ ਦੇ ਵੇਰਵੇ ਗ਼ਲਤ ਦਿੱਤੇ ਗਏ ਹੋਣਗੇ।"
"ਪੈਸੇ ਗ਼ਲਤ ਖਾਤਿਆਂ ਵਿੱਚ ਨਹੀਂ ਪਾਏ ਜਾ ਸਕਦੇ ਇਸ ਕਰ ਕੇ ਵਾਰ-ਵਾਰ ਪੂਰੀ ਪੜਤਾਲ ਕੀਤੀ ਜਾਂਦੀ ਹੈ ਤੇ ਜਦੋਂ ਬੱਚਿਆਂ ਦੀ ਪੂਰੀ ਡਿਟੇਲ ਸਹੀ ਮਿਲ ਜਾਂਦੀ ਹੈ ਤਾਂ ਪੈਸੇ ਪਾ ਦਿੱਤੇ ਜਾਂਦੇ ਹਨ। ਹੁਣ ਵੀ ਜਿਨ੍ਹਾਂ ਬੱਚਿਆਂ ਦੇ ਪੈਸੇ ਨਹੀਂ ਪਹੁੰਚੇ, ਉਨ੍ਹਾਂ ਦੀ ਪੂਰੀ ਡਿਟੇਲ ਸਹੀ ਕਰਵਾ ਕੇ ਪੈਸੇ ਪਾ ਦਿੱਤੇ ਜਾਣਗੇ।”
ਉਧਰ ਖਾਤੇ ਦੇ ਵੇਰਵੇ ਗ਼ਲਤ ਹੋਣ ਵਾਲੇ ਖੇਡ ਵਿਭਾਗ ਦੇ ਦਾਅਵੇ ਦਾ ਜਵਾਬ ਦਿੰਦਿਆਂ ਜਗਮੀਤ ਸਿੰਘ ਨੇ ਕਿਹਾ, “ਖਾਤੇ ਦੇ ਵੇਰਵੇ ਕਿਸੇ ਇੱਕ ਖਿਡਾਰੀ ਦੇ 10 ਖਿਡਾਰੀਆਂ ਦੇ ਗ਼ਲਤ ਹੋ ਸਕਦੇ ਹਨ, 4100 ਦੇ ਕਰੀਬ ਖਿਡਾਰੀਆਂ ਦੇ ਖਾਤੇ ਦੇ ਵੇਰਵੇ ਗ਼ਲਤ ਨਹੀਂ ਹੋ ਸਕਦੇ, ਉਨ੍ਹਾਂ ਦੇ ਪੈਸੇ ਆਖਰ ਕਿਉਂ ਨਹੀਂ ਆਏ।”
ਇੰਨਾ ਸਮਾਂ ਆਖ਼ਰ ਕਿਉਂ ਲੱਗਾ
ਇਨਾਮੀ ਰਾਸ਼ੀ ਦੇਣ ਵਿੱਚ ਪੂਰਾ ਇੱਕ ਸਾਲ ਦਾ ਸਮਾਂ ਕਿਉਂ ਲੱਗ ਗਿਆ, ਇਸਦੇ ਜਵਾਬ ਵਿੱਚ ਆਨੰਦ ਕੁਮਾਰ ਕਹਿੰਦੇ ਹਨ, “ਖੇਡਾਂ ਪਿਛਲੇ ਸਾਲ ਨਵੰਬਰ ਵਿੱਚ ਖ਼ਤਮ ਹੋਈਆਂ ਹਨ ਤੇ ਫਰਵਰੀ 2024 ਵਿੱਚ ਜੇਤੂ ਬੱਚਿਆਂ ਨੂੰ ਇਨਾਮੀ ਰਾਸ਼ੀ ਪਾਈ ਗਈ ਹੈ।"
"ਉਸ ਤੋਂ ਬਾਅਦ ਚੋਣ ਜ਼ਾਬਤਾ ਲੱਗ ਗਿਆ ਸੀ, ਇਸ ਕਰ ਕੇ ਰਾਸ਼ੀ ਨਹੀਂ ਪਾਈ ਗਈ। ਹੁਣ ਜੂਨ ਵਿੱਚ ਬੱਚਿਆਂ ਦੀ ਡਿਟੇਲ ਮੰਗਵਾਈ ਗਈ ਸੀ ਤੇ ਜਿਨ੍ਹਾਂ ਦੀ ਗ਼ਲਤ ਸੀ ਉਹ ਸਹੀ ਕਰਵਾਏ ਗਏ, ਜਿਸ ਤੋਂ ਬਾਅਦ ਹੁਣ ਉਹ ਪੈਸੇ ਪਾ ਦਿੱਤੇ ਗਏ ਹਨ।”
ਇਸ ਦੇ ਉਲਟ ਇਨਾਮੀ ਰਾਸ਼ੀ ਉਡੀਕ ਰਹੇ ਰਸ਼ਦੀਪ ਕੌਰ ਨੇ ਦੱਸਿਆ, “ਸਾਲ 2022 ਵਿੱਚ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ” ਦੌਰਾਨ ਮੈਂ ਦੋ ਗੋਲਡ ਅਤੇ ਇੱਕ ਸਿਲਵਰ ਤਗਮਾ ਜਿੱਤਿਆ ਸੀ, ਉਦੋਂ ਮੈਨੂੰ 27,000 ਰੁਪਏ ਇਨਾਮੀ ਰਾਸ਼ੀ ਭੇਜੀ ਗਈ ਸੀ, ਉਦੋਂ ਵੀ ਮੇਰੇ ਬੈਂਕ ਖਾਤੇ ਦੀ ਡਿਟੇਲ ਉਹੀ ਸੀ, ਜੋ ਹੁਣ ਹੈ, ਫੇਰ ਇਸ ਵਾਰ ਪੈਸੇ ਕਿਉਂ ਨਹੀਂ ਆਏ।”
ਰਸ਼ਦੀਪ ਇਹ ਵੀ ਦੱਸਦੇ ਹਨ, “ਪੰਜਾਬ ਸਰਕਾਰ ਨੇ 21 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਨੂੰ ਇਨਾਮੀ ਰਾਸ਼ੀ ਦੇ ਦਿੱਤੀ ਹੈ, ਪਰ 21 ਤੋਂ 40 ਸਾਲ ਤੱਕ ਦੇ ਓਪਨ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਨਹੀਂ ਦਿੱਤੀ ਗਈ ਹੈ, ਮੇਰੇ ਨਾਲ ਜਿੰਨੇ ਵੀ ਸੀਨੀਅਰ ਜੇਤੂ ਖਿਡਾਰੀ ਹਨ, ਉਹ ਸਾਰੇ ਇਨਾਮੀ ਰਾਸ਼ੀ ਦੀ ਉਡੀਕ ਕਰ ਰਹੇ ਹਨ।”

ਤਸਵੀਰ ਸਰੋਤ, Meet Hayer/FB
ਕੀ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਸਮੇਂ ਸਿਰ ਫੰਡ ਮਿਲਦੇ ਹਨ
ਇਹ ਖੇਡਾਂ ਤਿੰਨ ਪੜਾਵਾਂ ’ਚ ਕਰਵਾਈਆਂ ਜਾਂਦੀਆਂ ਹਨ, ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਸੂਬਾ ਪੱਧਰ।
ਉੱਚ ਅਧਿਕਾਰੀਆਂ ਵੱਲੋਂ ਹਰ ਜ਼ਿਲ੍ਹੇ ’ਚ ਇਨ੍ਹਾਂ ਮੁਕਾਬਲਿਆਂ ਲਈ ਖੇਡ ਅਫ਼ਸਰ ਨੂੰ ਇੰਚਾਰਜ ਨਿਯੁਕਤ ਕੀਤਾ ਜਾਂਦਾ ਹੈ। ਉਸ ਦੀ ਅਗਵਾਈ ’ਚ ਹੀ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ।
ਇੱਕ ਜ਼ਿਲ੍ਹਾ ਖੇਡ ਅਧਿਕਾਰੀ ਨੇ ਪਛਾਣ ਛੁਪਾਉਣ ਦੀ ਸ਼ਰਤ ’ਤੇ ਸਰਕਾਰ ਦੇ ਪ੍ਰਬੰਧਾਂ ਬਾਰੇ ਕਿਹਾ ਕਿ ਉਪਰੋਂ ਆਏ ਹੁਕਮਾਂ ਮੁਤਾਬਕ ਪਹਿਲਾਂ ਆਪਣੇ ਪੱਧਰ ’ਤੇ ਟੂਰਨਾਮੈਂਟ ਦੇ ਪ੍ਰਬੰਧ ਕਰਨ ਲਈ ਕਿਹਾ ਜਾਂਦਾ ਹੈ।
ਇਨ੍ਹਾਂ ਪ੍ਰਬੰਧਾਂ ਲਈ ਕੁੱਲ ਬਜਟ ਰਕਮ ਦਾ ਕੁਝ ਕੁ ਹਿੱਸਾ ਦਿੱਤਾ ਜਾਂਦਾ ਹੈ, ਜਦੋਂਕਿ ਬਾਕੀ ਸਾਰਾ ਖਰਚਾ ਜਾਂ ਤਾਂ ਉਹ ਖੁਦ ਕਰਦੇ ਹਨ ਜਾਂ ਫਿਰ ਦੁਕਾਨਦਾਰਾਂ ਨਾਲ ਉਧਾਰ ਕਰ ਕੇ ਬਿੱਲ ਬਣਵਾ ਲੈਂਦੇ ਹਨ।
ਉਨ੍ਹਾਂ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ 2022 ਵਿੱਚ ਕੀਤੀ ਗਈ ਸੀ। ਪਹਿਲੇ ਸੀਜ਼ਨ ਦਾ ਖਰਚਾ ਸਰਕਾਰ ਵੱਲ ਪੂਰੇ ਇੱਕ ਸਾਲ ਤੱਕ ਖੜ੍ਹਾ ਰਿਹਾ।
ਅਧਿਕਾਰੀ ਨੇ ਦੱਸਿਆ ਕਿ ਖਰਚੇ ਦੇ ਇਹ ਬਿੱਲ ਇੱਕ ਸਾਲ ਬਾਅਦ ਪਾਸ ਹੋਏ।
ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦੇ ਇਹ ਫੰਡ ਪਹਿਲਾਂ ਹੀ ਮੁਹੱਈਆ ਕਰਵਾਉਣੇ ਚਾਹੀਦੇ ਹਨ ਤਾਂ ਜੋ ਬਿਨਾਂ ਕਿਸੇ ਰੁਕਾਵਟ ਦੇ ਇਨ੍ਹਾਂ ਮੁਕਾਬਲਿਆਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਹਰ ਸਾਲ ਉਨ੍ਹਾਂ ਵੱਲੋਂ ਜ਼ੋਰ ਪਾ ਕੇ ਫੰਡ ’ਚ ਵਾਧਾ ਕਰਵਾਇਆ ਜਾਂਦਾ ਹੈ। ਉਨ੍ਹਾਂ ਮੁਤਾਬਕ ਕਈ ਵਾਰ ਮੈਦਾਨਾਂ ਦੀ ਤਿਆਰੀ ਕਰਵਾਉਂਦੇ ਸਮੇਂ ਜਾਂ ਕਿਸੇ ਹੋਰ ਕਾਰਨ ਖਰਚਾ ਵੱਧ ਜਾਂਦਾ ਹੈ।
ਉਨ੍ਹਾਂ ਇਹ ਵੀ ਖਦਸ਼ਾ ਜਤਾਇਆ ਕਿ ਇਸ ਵਾਰ ਫੰਡਾਂ ’ਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਮੁੱਢਲੇ ਪ੍ਰਬੰਧਾਂ ਲਈ ਕੁੱਲ ਰਕਮ ’ਚੋਂ ਨਾ ਦੇ ਬਰਾਬਰ ਹੀ ਪੈਸੇ ਮਿਲੇ ਹਨ।

ʻਖਿਡਾਰੀ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਪੈਸੇ ਦੇ ਦੇਣੇ ਚਾਹੀਦੇ ਹਨʼ
ਜਲੰਧਰ ਵਿੱਚ ਅਥਲੈਟਿਕਸ ਦੀ ਕੋਚਿੰਗ ਦਿੰਦੇ ਸਰਬਜੀਤ ਸਿੰਘ ਕਹਿੰਦੇ ਹਨ, “ਇਨਾਮੀ ਰਾਸ਼ੀ ਨਾ ਮਿਲਣ ਕਰਕੇ ਬੱਚਿਆਂ ਦੇ ਸੁਪਨੇ ਟੁੱਟ ਜਾਂਦੇ ਹਨ। ਇਹ ਨਵੀਂ ਪਨੀਰੀ ਹੈ ਜੇਕਰ ਇਨ੍ਹਾਂ ਨੂੰ ਵਿਕਟਰੀ ਸਟੈਂਡ ਉੱਤੇ ਚੜ੍ਹ ਕੇ ਇਨਾਮ ਨਹੀਂ ਮਿਲੇਗਾ ਤਾਂ ਬੱਚਿਆਂ ਦਾ ਹੌਸਲਾ ਟੁੱਟ ਜਾਂਦਾ ਹੈ।"
"ਸਾਲ ਬਾਅਦ ਦਿੱਤੇ ਗਏ ਪੈਸੇ ਇਨਾਮ ਨਹੀਂ ਰਹਿੰਦੇ। ਉੱਤੋਂ ਪੰਜਾਬ ਵਿੱਚ ਤਾਂ ਬਹੁਤ ਸਾਰੇ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਬੂਟ ਲੈਣ ਲਈ ਵੀ ਪੈਸੇ ਚਾਹੀਦੇ ਹੁੰਦੇ ਹਨ, ਉਨ੍ਹਾਂ ਦੇ ਮਾਪੇ ਵੀ ਖੇਡਾਂ ਲਈ ਉਨ੍ਹਾਂ ਦੀ ਮਦਦ ਨਹੀਂ ਕਰਦੇ।"
ਉਹ ਅੱਗੇ ਆਪਣੀ ਗੱਲ ਜਾਰੀ ਰੱਖਦੇ ਹਨ, "ਬੱਚੇ ਖੁਦ ਹੀ ਬੂਟ ਅਤੇ ਜਰਸੀਆਂ ਲੈਂਦੇ ਹਨ, ਟੂਰਨਾਮੈਂਟ ਉੱਤੇ ਜਾਣ ਲਈ ਵੀ ਬੱਚੇ ਆਪਣੇ ਕੋਲੋਂ ਪੈਸੇ ਖਰਚਦੇ ਹਨ, ਜੇਕਰ ਉਨ੍ਹਾਂ ਕੋਲ ਪੈਸੇ ਹੀ ਨਹੀਂ ਹੋਣਗੇ ਤਾਂ ਖੇਡ ਸੱਭਿਆਚਾਰ ਵਧੇਗਾ ਫੁੱਲੇਗਾ ਕਿਵੇਂ।”
“ਖਿਡਾਰੀ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਸਦੇ ਪੈਸੇ ਦੇ ਦੇਣੇ ਚਾਹੀਦੇ ਹਨ ਨਹੀਂ ਤਾਂ ਕਈ ਬੰਦੇ ਖੇਡਣਾ ਛੱਡ ਹੀ ਜਾਂਦੇ ਹਨ, ਪੰਜਾਬ ਵਿੱਚ ਅੱਜ ਵੀ ਬੱਚਿਆਂ ਨੂੰ ਉਨ੍ਹਾਂ ਦੇ ਘਰ ਦੇ ਕਹਿੰਦੇ ਹਨ ਕਿ ਕਿਉਂ ਖੇਡਾਂ ਵਿੱਚ ਲੱਗੇ ਹੋਏ ਹੋ, ਇਹਦੇ ਨਾਲੋਂ ਤਾਂ ਆਇਲਸ ਕਰ ਲਓ ਤੇ ਬਾਹਰ ਜਾਓ।”

ਤਸਵੀਰ ਸਰੋਤ, Meet Hayer/X
ਟੂਰਨਾਮੈਂਟਾਂ ’ਤੇ ਖਰਚਾ ਕਿੰਨਾ ਤੇ ਕਿਵੇਂ ਵਰਤਿਆ ਜਾਂਦਾ
ਪੰਜਾਬ ਖੇਡ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਲਈ ਇਸ ਵਾਰ 30 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਵਿੱਚ 10 ਕਰੋੜ ਰੁਪਏ ਇਨਾਮ ਰਾਸ਼ੀ ਲਈ ਰੱਖੇ ਗਏ ਹਨ, ਜੋ ਪਿਛਲੇ ਸਾਲ 8.87 ਕਰੋੜ ਸੀ।
ਇਸ ਤੋਂ ਇਲਾਵਾ 20 ਕਰੋੜ ਰੁਪਏ ਪੂਰੇ ਖੇਡ ਪ੍ਰਬੰਧਾਂ ਲਈ ਰੱਖੇ ਗਏ ਹਨ।
ਉਨ੍ਹਾਂ ਨੇ ਖਿਡਾਰੀਆਂ ਦੀ ਰਿਫਰੈਸ਼ਮੈਂਟ ਬਾਰੇ ਦੱਸਿਆ ਕਿ ਬਲਾਕ ਪੱਧਰ ’ਤੇ ਪ੍ਰਤੀ ਖਿਡਾਰੀ 100 ਰੁਪਏ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ’ਤੇ ਪ੍ਰਤੀ ਖਿਡਾਰੀ 125 ਤੇ ਸੂਬਾ ਪੱਧਰ ’ਤੇ ਪ੍ਰਤੀ ਖਿਡਾਰੀ 250 ਰੁਪਏ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ।
ਪਰਮਿੰਦਰ ਸਿੱਧੂ ਨੇ ਦੱਸਿਆ ਕਿ ਇਹ ਮੁਕਾਬਲੇ ਨੌਂ ਵਰਗਾਂ ’ਚ ਕਰਵਾਏ ਜਾਣਗੇ।
ਇਨ੍ਹਾਂ ਮੁਕਾਬਲਿਆਂ ’ਚ ਅੰਡਰ-14,17, 21, 21-30, 31-40, 41-50, 51-60, 61-70 ਅਤੇ 70 ਤੋਂ ਉਪਰ ਦੇ ਉਮਰ ਵਾਲੇ ਹਿੱਸਾ ਲੈ ਸਕਣਗੇ।
ਇਨ੍ਹਾਂ ਮੁਕਾਬਲਿਆਂ ’ਚ ਅੰਦਾਜ਼ਨ ਚਾਰ ਲੱਖ ਤੋਂ ਵੱਧ ਖਿਡਾਰੀ ਤਗਮਿਆਂ ਦੀ ਦੌੜ ’ਚ ਹੋਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












