ਧਿਆਨ ਚੰਦ: ਹਾਕੀ ਦੇ 'ਜਾਦੂਗਰ' ਦਾ ਪੰਜਾਬ ਨਾਲ ਕੀ ਰਿਸ਼ਤਾ ਸੀ, ਵੰਡ ਵੇਲ਼ੇ ਉਨ੍ਹਾਂ ਨਾਲ ਕੀ ਵਾਪਰਿਆ ਸੀ

ਧਿਆਨ ਚੰਦ
ਤਸਵੀਰ ਕੈਪਸ਼ਨ, ਮੇਜਰ ਧਿਆਨ ਚੰਦ ਨੂੰ ਭਾਰਤ ਦਾ ਸਭ ਤੋਂ ਮਹਾਨ ਹਾਕੀ ਖਿਡਾਰੀ ਮੰਨਿਆ ਜਾਂਦਾ ਹੈ
    • ਲੇਖਕ, ਸੌਰਭ ਦੁੱਗਲ
    • ਰੋਲ, ਬੀਬੀਸੀ ਸਹਿਯੋਗੀ

ਹਾਕੀ ਦੇ ਜਾਦੂਗਰ ਮੰਨੇ ਜਾਂਦੇ ਧਿਆਨ ਚੰਦ ਦੇ ਪੁੱਤਰ ਤੇ ਓਲੰਪਿਕ ਦੇ ਤਗਮਾ ਜੇਤੂ ਅਸ਼ੋਕ ਕੁਮਾਰ ਨੂੰ 2005 ਵਿੱਚ ਲਾਹੌਰ ਤੋਂ ਇੱਕ ਚਿੱਠੀ ਆਈ।

ਉਨ੍ਹਾਂ ਨੇ ਜਦੋਂ ਲਿਫ਼ਾਫ਼ਾ ਖੋਲ੍ਹਿਆ ਤਾਂ ਉਸ ’ਚ ਇੱਕ ਖ਼ਤ ਸੀ, ਜਿਸ ਨੂੰ ਉਨ੍ਹਾਂ ਦੇ ਪਿਤਾ ਧਿਆਨ ਚੰਦ ਨੇ ਲਿਖਿਆ ਸੀ।

ਇਹ ਚਿੱਠੀ ਧਿਆਨ ਚੰਦ ਦੀ 100ਵੀਂ ਵਰ੍ਹੇ ਨੂੰ ਮਨਾਉਣ ਮੌਕੇ ਰਕਸ਼ੰਦਾ ਨੇ ਲਿਖੀ ਸੀ। ਉਸ ਦੇ ਪਿਤਾ ਇਸ ਮਹਾਨ ਹਾਕੀ ਖਿਡਾਰੀ ਦੇ ਵੱਡੇ ਪ੍ਰਸ਼ੰਸਕ ਸਨ।

ਉਸ ਨੇ ਇਸ ਚਿੱਠੀ ’ਚ ਲਿਖਿਆ ਸੀ ਕਿ ਧਿਆਨ ਚੰਦ ਨਾਲ ਉਨ੍ਹਾਂ ਦੇ ਪਰਿਵਾਰ ਦਾ ਬੜਾ ਗੂੜ੍ਹਾ ਰਿਸ਼ਤਾ ਰਿਹਾ ਸੀ।

ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੀ ਇੱਕ ਤਸਵੀਰ ਵੀ ਫਰੇਮ ਕੀਤੀ ਹੋਈ ਹੈ। ਉਹ ਆਪਣੇ ਬਚਪਨ ਤੋਂ ਹੁਣ ਤੱਕ ਜਦੋਂ ਵੀ ਘਰੋਂ ਨਿਕਲਦੇ ਹਨ ਤਾਂ ਸਤਿਕਾਰ ਵਜੋਂ ਉਸ ਤਸਵੀਰ ਅੱਗੇ ਸਿਰ ਝੁਕਾਉਂਦੇ ਹਨ।

ਧਿਆਨ ਚੰਦ ਵੱਲੋਂ ਉਨ੍ਹਾਂ ਦੇ ਪਿਤਾ ਨੂੰ ਲਿਖਿਆ ਇਹ ਖ਼ਤ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਕੀਮਤੀ ਚੀਜ਼ ਸੀ।

ਅਸ਼ੋਕ ਕੁਮਾਰ ਉਸ ਵੇਲੇ ਨੂੰ ਯਾਦ ਕਰਦਿਆਂ ਕਹਿੰਦੇ ਹਨ, “ਇਹ ਖ਼ਤ ਪੜ੍ਹ ਕੇ ਜੋ ਮੈਂ ਮਹਿਸੂਸ ਕੀਤਾ, ਉਸ ਨੂੰ ਬਿਆਨ ਨਹੀਂ ਕਰ ਸਕਦਾ।”

“ਇਹ ਬਹੁਤ ਵੱਡੀ ਗੱਲ ਹੈ ਕਿ ਮੇਰੇ ਮਰਹੂਮ ਪਿਤਾ ਨੇ ਵੰਡ ਦੇ ਛੇ ਦਹਾਕਿਆਂ ਬਾਅਦ ਵੀ ਲਾਹੌਰ ਦੇ ਇੱਕ ਪਰਿਵਾਰ ਦੇ ਜੀਵਨ ’ਚ ਅਜੇ ਵੀ ਇੱਕ ਖ਼ਾਸ ਥਾਂ ਬਣਾਈ ਹੋਈ ਹੈ। ਉਨ੍ਹਾਂ ਦਾ ਸਬੰਧ ਭਾਵੇਂ ਪੂਰੇ ਭਾਰਤ ਨਾਲ ਹੈ ਪਰ ਅਣਵੰਡੇ ਪੰਜਾਬ ਨਾਲ ਉਨ੍ਹਾਂ ਦਾ ਖ਼ਾਸ ਰਿਸ਼ਤਾ ਹੈ।"

"ਉਨ੍ਹਾਂ ਨੇ ਪੰਜਾਬ ’ਚ ਆਜ਼ਾਦੀ ਤੋਂ ਪਹਿਲਾਂ ਆਪਣੀ ਜ਼ਿੰਦਗੀ ਦਾ ਬੇਹੱਦ ਕੀਮਤੀ ਸਮਾਂ ਬਿਤਾਇਆ ਸੀ। ਉਹ ਇਸ ਇਲਾਕੇ ਵਿੱਚ ਫੌਜ ’ਚ ਸੇਵਾਵਾਂ ਦੌਰਾਨ ਅਤੇ ਬਾਅਦ ਵਿੱਚ ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐੱਨਆਈਐੱਸ) ’ਚ ਹਾਕੀ ਦੇ ਮੁੱਖ ਕੋਚ ਰਹੇ।”

ਅਸ਼ੋਕ ਕੁਮਾਰ ਨੇ ਦੱਸਿਆ, “ਇਹ ਚਿੱਠੀ ਮਿਲਣ ਮਗਰੋਂ ਮੈਂ ਰਕਸ਼ੰਦਾ ਨਾਲ ਸੰਪਰਕ ਕੀਤਾ ਸੀ।

ਉਨ੍ਹਾਂ ਨੂੰ ਮੈਂ ‘ਦੀਦੀ’ ਕਹਿ ਕੇ ਬੁਲਾਉਂਦਾ ਸੀ। ਉਨ੍ਹਾਂ ਨੇ ਮੇਰੇ ਨਾਲ ਆਪਣੇ ਪਿਤਾ ਵੱਲੋਂ ਧਿਆਨ ਚੰਦ ਬਾਰੇ ਕਹੀਆਂ ਗੱਲਾਂ ਸਾਂਝੀਆਂ ਕੀਤੀਆਂ। ਉਹ ਸਾਨੂੰ ਮਿਲਣ 2007 ’ਚ ਦਿੱਲੀ ਆਏ ਸਨ।”

(ਇਹ ਲੇਖ ਪਹਿਲੀ ਵਾਰ ਅਗਸਤ ਮਹੀਨੇ ਛਾਪਿਆ ਗਿਆ ਸੀ। ਅੱਜ ਉਨ੍ਹਾਂ ਦੀ ਬਰਸੀ ਮੌਕੇ ਮੁੜ ਤੋਂ ਇਹ ਲੇਖ ਪ੍ਰਕਾਸ਼ਿਤ ਕਰ ਰਹੇ ਹਾਂ)

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

14 ਪੰਜਾਬ ਰੈਜੀਮੈਂਟ ਤੋਂ ਓਲੰਪਿਕ ਤੱਕ ਦਾ ਸਫ਼ਰ

ਮੇਜਰ ਧਿਆਨ ਚੰਦ ਨੂੰ ਭਾਰਤ ਦਾ ਸਭ ਤੋਂ ਮਹਾਨ ਹਾਕੀ ਖਿਡਾਰੀ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ 1928, 1932 ਤੇ 1936 ’ਚ ਤਿੰਨ ਓਲੰਪਿਕ ਸੋਨ ਤਗਮੇ ਜਿੱਤੇ ਸਨ।

ਉਨ੍ਹਾਂ ਦਾ ਜਨਮ 29 ਅਗਸਤ, 1905 ਨੂੰ ਇਲਾਹਾਬਾਦ ’ਚ ਹੋਇਆ। ਉਨ੍ਹਾਂ ਦੇ ਪਿਤਾ ਦੀ ਰੈਜੀਮੈਂਟ ਝਾਂਸੀ ’ਚ ਚਲੇ ਜਾਣ ਕਾਰਨ ਉਨ੍ਹਾਂ ਦਾ ਬਚਪਨ ਇੱਥੇ ਹੀ ਬੀਤਿਆ।

ਝਾਂਸੀ ’ਚ ਹੀ ਉਨ੍ਹਾਂ ਨੇ ਹਾਕੀ ਫੜਨੀ ਸਿੱਖੀ। 16 ਸਾਲ ਦੀ ਉਮਰ ’ਚ ਉਹ ‘ਆਰਮੀ ਬੁਆਏਜ਼’ ਕੰਪਨੀ ਨਾਲ ਜੁੜੇ। ਫੌਜ ’ਚ ਭਰਤੀ ਹੋਣ ਮਗਰੋਂ ਉਨ੍ਹਾਂ ਨੇ ਹਾਕੀ ਵਿੱਚ ਸ਼ਾਨਦਰ ਪ੍ਰਦਰਸ਼ਨ ਕਰਦਿਆਂ ਬਹੁਤ ਮੱਲਾਂ ਮਾਰੀਆਂ।

ਧਿਆਨ ਚੰਦ ਨੂੰ 17 ਸਾਲ ਦੀ ਉਮਰ ’ਚ ਬ੍ਰਿਟਿਸ਼ ਭਾਰਤੀ ਫੌਜ ਦੇ ਪਹਿਲੇ ਬ੍ਰਾਹਮਣਾਂ ’ਚ ਭਰਤੀ ਕੀਤਾ ਗਿਆ। ਇਸੇ ਸਾਲ ਦੌਰਾਨ ਫੌਜ ਦਾ ਪੁਨਰਗਠਨ ਕੀਤਾ ਗਿਆ ਤੇ ਬ੍ਰਾਹਮਣਾਂ ਨੂੰ ਪੰਜਾਬ ਰੈਜੀਮੈਂਟ ਵਿੱਚ ਸ਼ਾਮਲ ਕੀਤਾ ਗਿਆ।

ਉਨ੍ਹਾਂ ਨੂੰ 14ਵੀਂ ਪੰਜਾਬ ਰੈਜੀਮੈਂਟ ’ਚ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ 1928 ਦੀ ਓਲੰਪਿਕ ’ਚ ਆਪਣਾ ਪਹਿਲਾ ਸੋਨ ਤਗਮਾ ਜਿੱਤਣ ਮਗਰੋਂ ਉਤਰੀ ਪੱਛਮੀ ਸਰਹੱਦੀ ਸੂਬੇ ਦੇ ਬੰਨੂ, ਕੋਹਾਟ ’ਚ ਤੈਨਾਤ ਕੀਤਾ ਗਿਆ।

ਉਹ ਆਜ਼ਾਦੀ ਤੱਕ ਮੁੱਖ ਤੌਰ ’ਤੇ ਪੰਜਾਬ ਦੇ ਫਿਰੋਜ਼ਪੁਰ ְְ’ਚ ਤੈਨਾਤ ਰਹੇ।

ਵੰਡ ਵੇਲੇ 14ਵੀਂ ਪੰਜਾਬ ਰੈਜੀਮੈਂਟ ਦੀਆਂ ਦੋ ਕੰਪਨੀਆਂ ਨੂੰ ਪਾਕਿਸਤਾਨ ਭੇਜਿਆ ਗਿਆ, ਜਦਕਿ ਬਾਕੀ ਭਾਰਤ ’ਚ ਹੀ ਰਹੀਆਂ। ਧਿਆਨ ਚੰਦ ਨੂੰ ਵੰਡ ਤੋਂ ਬਾਅਦ ਤੀਜੀ ਪੰਜਾਬ ਰੈਜੀਮੈਂਟ ’ਚ ਨਿਯੁਕਤ ਕੀਤਾ ਗਿਆ।

ਧਿਆਨ ਚੰਦ

ਤਸਵੀਰ ਸਰੋਤ, Col . Balbir Singh personal collection

ਤਸਵੀਰ ਕੈਪਸ਼ਨ, ਕਰਨਲ ਬਲਬੀਰ ਸਿੰਘ 1971 ਵਿੱਚ ਧਿਆਨ ਚੰਦ ਤੋਂ ਟਰਾਫੀ ਹਾਸਿਲ ਕਰਦੇ ਹੋਏ

ਪੰਜਾਬ ਕੁਨੈਕਸ਼ਨ: ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਵਿਰਾਸਤ

1968 ਦੇ ਓਲੰਪਿਕ ਮੁਕਾਬਲੇ ’ਚ ਕਾਂਸੀ ਤਗਮਾ ਜੇਤੂ ਕਰਨਲ ਬਲਬੀਰ ਸਿੰਘ ਕਹਿੰਦੇ ਹਨ, “ਧਿਆਨ ਚੰਦ ਭਾਰਤ ਦੇ ਪਹਿਲੇ ਖੇਡ ਨਾਇਕ ਹਨ। ਪੰਜਾਬ ’ਚ ਜ਼ਿਆਦਾ ਸਮਾਂ ਬਿਤਾਉਣ ਕਾਰਨ ਇਥੋਂ ਦੇ ਲੋਕਾਂ ਦਾ, ਖ਼ਾਸਕਰ ਹਾਕੀ ਪ੍ਰੇਮੀਆਂ ਦਾ ਉਨ੍ਹਾਂ ਨਾਲ ਖ਼ਾਸ ਸਬੰਧ ਹੈ।”

ਬਲਬੀਰ ਸਿੰਘ ਸੰਸਾਰਪੁਰ ਦੇ ਰਹਿਣ ਵਾਲੇ ਹਨ। ਜਲੰਧਰ ਦਾ ਇਹ ਪਿੰਡ ਹਾਕੀ ਓਲੰਪੀਅਨਾਂ ਕਰਕੇ ਮਸ਼ਹੂਰ ਹੈ।

ਉਹ ਕਹਿੰਦੇ ਹਨ, “ਉਹ ਪੰਜਾਬ ਦੇ ਵੱਡੀ ਗਿਣਤੀ ਓਲੰਪੀਅਨਾਂ ਦੇ ਰੋਲ ਮਾਡਲ ਸਨ। ਇਸ ਵਿੱਚ ਉਹ ਵੀ ਸ਼ਾਮਲ ਹਨ, ਜੋ ਹੁਣ ਪਾਕਿਸਤਾਨ ’ਚ ਹਨ।”

ਉਹ ਦੱਸਦੇ ਹਨ, “ਬ੍ਰਿਗੇਡੀਅਰ ਮਨਜ਼ੂਰ ਹੁਸੈਨ ਆਤਿਫ਼ ਪਾਕਿਸਤਾਨ ਦੇ ਇੱਕ ਮਹਾਨ ਹਾਕੀ ਖਿਡਾਰੀ ਹਨ। ਉਨ੍ਹਾਂ ਨੇ ਲਗਾਤਾਰ ਚਾਰ ਵਾਰ (1952,1956,1960,1964) ਓਲੰਪਿਕ ’ਚ ਦੇਸ਼ ਦੀ ਨੁਮਾਇੰਦਗੀ ਕੀਤੀ, ਜਿਸ ’ਚ ਇਕ ਵਾਰ ਸੋਨੇ ਦਾ ਤੇ ਦੋ ਵਾਰ ਚਾਂਦੀ ਦਾ ਤਗਮਾ ਜਿੱਤਿਆ।”

“ਉਨ੍ਹਾਂ ਨੂੰ ਪਾਕਿਸਤਾਨ ਫੌਜ ਦੀ 14ਵੀਂ ਪੰਜਾਬ ਰੈਜੀਮੈਂਟ ਵਿੱਚ ਲੈਫਟੀਨੈਂਟ ਕਰਨਲ ਦੀਆਂ ਸੇਵਾਵਾਂ ਨਿਭਾਉਣ ’ਤੇ ਮਾਣ ਸੀ। ਉਹ ਲੋਕਾਂ, ਫੌਜ ਦੇ ਆਪਣੇ ਸਾਥੀਆਂ ਤੇ ਖੇਡ ਜਗਤ ਨਾਲ ਜੁੜੇ ਲੋਕਾਂ ਨੂੰ ਹਮੇਸ਼ਾ ਇਹ ਦੱਸ ਕੇ ਮਾਣ ਮਹਿਸੂਸ ਕਰਦੇ ਸਨ ਕਿ ਉਨ੍ਹਾਂ ਨੇ ਉਸ ਬਟਾਲੀਅਨ ਦੀ ਕਮਾਂਡ ਸਾਂਭੀ, ਜਿਸ ’ਚ ਆਜ਼ਾਦੀ ਤੋਂ ਪਹਿਲਾਂ ਹਾਕੀ ਦੇ ਮਹਾਨ ਖਿਡਾਰੀ ਧਿਆਨ ਚੰਦ ਨੇ ਸੇਵਾ ਨਿਭਾਈ ਸੀ।”

ਬਲਬੀਰ ਦੱਸਦੇ ਹਨ, “ਮੈਂ ਉਨ੍ਹਾਂ ਨੂੰ 1997 ’ਚ ਹਰਾਰੇ ਵਿੱਚ ਮਿਲਿਆ ਸੀ। ਉਸ ਨੇ ਇਹ ਕਹਾਣੀ ਮੇਰੇ ਨਾਲ ਸਾਂਝੀ ਕੀਤੀ ਸੀ।”

ਬਲਬੀਰ ਸਿੰਘ ਦੇ ਪਿਤਾ ਗੱਜਣ ਸਿੰਘ ਕੁਲਾਰ ਵੀ ਫੌਜ ’ਚ ਸਨ, ਜਿਨ੍ਹਾਂ ਨੂੰ ਧਿਆਨ ਚੰਦ ਨਾਲ ਖੇਡਣ ਦਾ ਮੌਕਾ ਮਿਲਿਆ।

ਮਿਊਨਿਖ ਓਲੰਪਿਕ 1972 ’ਚ ਕਾਂਸੀ ਤਗਮਾ ਜੇਤੂ ਮੁਖਬੈਨ ਸਿੰਘ ਨੇ ਵੀ ਧਿਆਨ ਚੰਦ ਨਾਲ ਬਿਤਾਈਆਂ ਯਾਦਾਂ ਨੂੰ ਤਾਜ਼ਾ ਕੀਤਾ। ਮੁਖਬੈਨ ਸਿੰਘ ਦਾ ਜਨਮ ਸ਼ਤਾਬਗੜ੍ਹ ’ਚ ਹੋਇਆ ਸੀ, ਜੋ ਹੁਣ ਪਾਕਿਸਤਾਨ ਸਥਿਤ ਹੈ। ਵੰਡ ਤੋਂ ਬਾਅਦ ਉਹ ਗੁਰਦਾਸਪੁਰ ਆ ਕੇ ਵਸ ਗਏ।

ਮੁਖਬੈਨ ਸਿੰਘ

ਤਸਵੀਰ ਸਰੋਤ, MUKHBAIN SINGH/BBC

ਉਹ ਦੱਸਦੇ ਹਨ, “ਧਿਆਨ ਚੰਦ ਪੰਜਾਬ ਦੇ ਲੋਕਾਂ ਲਈ ਇੱਕ ਮਹਾਨ ਹਸਤੀ ਸੀ, ਜਿੱਥੇ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਤੋਂ ਹਾਕੀ ਦਾ ਵਿਸ਼ੇਸ਼ ਮਹੱਤਵ ਰਿਹਾ ਹੈ।"

"ਇਥੋਂ ਦੇ ਲੋਕਾਂ ਨੂੰ ਉਸ ਮਹਾਨ ਸ਼ਖ਼ਸੀਅਤ ਨਾਲ ਖੇਡਣ ਦਾ ਮੌਕਾ ਮਿਲਿਆ। ਚਾਹੇ ਉਹ ਕੌਮੀ ਟੂਰਨਾਮੈਂਟ ਹੋਣ, ਫੌਜ ਦੇ ਮੁਕਾਬਲੇ ਜਾਂ ਸਿਰਫ਼ ਅਭਿਆਸ ਮੈਚ, ਇਥੋਂ ਦੇ ਖਿਡਾਰੀ ਉਸ ਸਮੇਂ ਨੂੰ ਬਹੁਤ ਕੀਮਤੀ ਮੰਨਦੇ ਹਨ।”

“ਧਿਆਨ ਚੰਦ ਬਹੁਤ ਨਰਮ ਦਿਲ ਇਨਸਾਨ ਸਨ। ਉਹ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਯਾਦ ਕਰਦੇ, ਜਿਨ੍ਹਾਂ ਨਾਲ ਉਹ ਘਰੇਲੂ ਪੱਧਰ ’ਤੇ ਜਾਂ ਫੌਜ ਦੇ ਸਮੇਂ ਦੌਰਾਨ ਖੇਡੇ ਸੀ।”

ਉਹ ਆਖਦੇ ਹਨ “ਮੇਰੇ ਪਿਤਾ ਦਰਬਾਰਾ ਸਿੰਘ ਵੀ ਫੌਜ ਵਿੱਚ ਸਨ, ਜਿਨ੍ਹਾਂ ਨੂੰ ਧਿਆਨ ਚੰਦ ਨਾਲ ਖੇਡਣ ਦਾ ਮੌਕਾ ਮਿਲਿਆ।"

"ਆਪਣੀ ਜਵਾਨੀ ਦੇ ਸਮੇਂ ਮੈਂ ਜਦੋਂ ਵੀ ਉਨ੍ਹਾਂ ਨੂੰ ਮਿਲਦਾ, ਉਹ ਮੇਰੇ ਪਿਤਾ ਬਾਰੇ ਪੁੱਛਦੇ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜਿਸ ਮਹਾਨ ਖਿਡਾਰੀ ਦੀਆਂ ਕਹਾਣੀਆਂ ਸੁਣ-ਸੁਣ ਅਸੀਂ ਵੱਡੇ ਹੋਏ, ਉਨ੍ਹਾਂ ਨਾਲ ਮੇਰੇ ਪਿਤਾ ਵੀ ਖੇਡੇ ਸਨ।”

ਅਸ਼ੋਕ ਨੇ ਧਿਆਨ ਚੰਦ ਦੀ ਆਤਮ ਕਥਾ ‘ਗੋਲ’ ’ਚ 1932 ਦੇ ਓਲੰਪਿਕ ਦੀ ਇੱਕ ਕਹਾਣੀ ਦਾ ਹਵਾਲਾ ਦਿੱਤਾ।

ਉਹ ਦੱਸਦੇ ਹਨ,“ਜਦੋਂ ਭਾਰਤ ਬ੍ਰਿਟਿਸ਼ ਬਸਤੀ ਸੀ ਤਾਂ ਉਸ ਸਮੇਂ ਖੇਡਾਂ ਲਈ ਸਰਕਾਰੀ ਸਹਾਇਤਾ ਬਹੁਤ ਘੱਟ ਸੀ। 1932 ਦੀਆਂ ਓਲੰਪਿਕ ਖੇਡਾਂ ਲਈ ਭਾਰਤੀ ਹਾਕੀ ਫੈਡਰੇਸ਼ਨ (ਆਈਐੱਚਐੱਫ) ਨੂੰ ਪੰਜਾਬ ਨੈਸ਼ਨਲ ਬੈਂਕ ਤੋਂ 9,000 ਰੁਪਏ ਦਾ ਕਰਜ਼ਾ ਲੈਣਾ ਪਿਆ।”

“ਲਾਸ ਏਂਜਲਸ ਓਲੰਪਿਕ ਲਈ ਖਿਡਾਰੀਆਂ ਨੇ ਸਾਰੇ ਭੱਤੇ ਛੱਡਣ ਦਾ ਐਲਾਨ ਕੀਤਾ ਅਤੇ ਪੈਸੇ ਇਕੱਠੇ ਕਰਨ ਲਈ ਵਾਪਸੀ ਦੀ ਯਾਤਰਾ ਦੌਰਾਨ ਪੂਰੇ ਯੂਰਪ ’ਚ ਮੈਚ ਖੇਡੇ ਤਾਂ ਜੋ ਕਰਜ਼ੇ ਦੀ ਅਦਾਇਗੀ ਕੀਤੀ ਜਾ ਸਕੇ।”

ਧਿਆਨ ਚੰਦ

ਤਸਵੀਰ ਸਰੋਤ, WWW.BHARTIYAHOCKEY.ORG

ਤਸਵੀਰ ਕੈਪਸ਼ਨ, 1961 ਵਿੱਚ ਉਹ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐੱਨਆਈਐੱਸ), ਪਟਿਆਲਾ ’ਚ ਹਾਕੀ ਕੋਚਿੰਗ ਦੇ ਮੁਖੀ ਵਜੋਂ ਪੰਜਾਬ ਪਰਤੇ

ਕੁਵੇਟਾ ਦੇ ਭੂਚਾਲ ਪੀੜਤਾਂ ਲਈ ਪੈਸੇ ਇਕੱਠੇ ਕਰਨ ਲਈ ਵੇਚੇ ਆਟੋਗ੍ਰਾਫ

ਅਸ਼ੋਕ ਨੇ 1935 ’ਚ ਧਿਆਨ ਚੰਦ ਵੱਲੋਂ ਹੜ੍ਹ ਪੀੜਤਾਂ ਲਈ ਇਕੱਠੇ ਕੀਤੇ ਪੈਸਿਆਂ ਦੀ ਯਾਦ ਨੂੰ ਵੀ ਤਾਜ਼ਾ ਕੀਤਾ।

ਉਹ ਦੱਸਦੇ ਹਨ, ”1935 ਦੇ ਨਿਊਜ਼ੀਲੈਂਡ ਟੂਰ ਦੌਰਾਨ ਧਿਆਨ ਚੰਦ ਸਥਾਨਕ ਲੋਕਾਂ ’ਚ ਕਾਫੀ ਮਸ਼ਹੂਰ ਹੋ ਗਏ ਅਤੇ ਉਥੋਂ ਦੇ ਅਖ਼ਬਾਰਾਂ ਨੇ ਭਾਰਤ ਦੇ ਮਹਾਨ ਖਿਡਾਰੀ ਦੀ ਸ਼ਲਾਘਾ ਕਰਦਿਆਂ ਬਹੁਤ ਕੁਝ ਲਿਖਿਆ।"

"ਇੱਕ ਅਖ਼ਬਾਰ ਦਾ ਸਿਰਲੇਖ ਸੀ ‘ਭਾਰਤੀ ਇਸ ਨੂੰ ਹਾਕੀ ਦੱਸਦੇ ਹਨ, ਅਸੀਂ ਇਸ ਨੂੰ ਜਾਦੂ’। ਧਿਆਨ ਚੰਦ ਦੀ ਚੁੰਬਕੀ ਸ਼ਖ਼ਸੀਅਤ ’ਤੇ ਵਿਸ਼ਵਾਸ ਕੀਤਾ ਜਾਣਾ ਚਾਹੀਦਾ ਹੈ।”

“ਜਦੋਂ ਭਾਰਤੀ ਟੀਮ ਟਿਮਾਰੂ ਵਿੱਚ ਠਹਿਰੀ ਹੋਈ ਸੀ ਤਾਂ ਉਥੇ ਭੀੜ ਨੇ ਉਨ੍ਹਾਂ ਨੂੰ ਆਟੋਗ੍ਰਾਫ ਲਈ ਘੇਰ ਲਿਆ। ਇਸ ਦੌਰਾਨ ਟੀਮ ਨੇ ਖਿਡਾਰੀਆਂ ਦੇ ਆਟੋਗ੍ਰਾਫ ਲਈ ਛੇ ਪੈਸੇ ਚਾਰਜ ਕਰਨ ਦਾ ਫ਼ੈਸਲਾ ਕੀਤਾ। ਟੀਮ ਨੇ ਇਹ ਪੈਸੇ ਇਕੱਠੇ ਕਰ ਕੇ ਕਵੇਟਾ ਲਈ ਭਾਰਤੀ ਭੂਚਾਲ ਰਾਹਤ ਫੰਡ ਲਈ ਦਿੱਤੇ।”

1935 ਦੇ ਨਿਊਜ਼ੀਲੈਂਡ ਟੂਰ ਦੌਰਾਨ ਕ੍ਰਿਕਟ ਦੇ ਮਹਾਨ ਖਿਡਾਰੀ ਡੌਨ ਬਰੈਡਮੇਨ ਨੇ ਧਿਆਨ ਚੰਦ ਨੂੰ ਖੇਡਦੇ ਹੋਏ ਦੇਖਿਆ। ਉਨ੍ਹਾਂ ਨੇ ਟਿੱਪਣੀ ਕੀਤੀ, “ਜਿਵੇਂ ਮੈਂ ਕ੍ਰਿਕਟ ਵਿੱਚ ਦੌੜਾਂ ਬਣਾਉਂਦਾ ਹਾਂ, ਉਹ ਗੋਲ ਕਰਦੇ ਹਨ।”

1932 ਓਲੰਪਿਕ ਤੋਂ ਪਹਿਲਾਂ ਧਿਆਨ ਚੰਦ ਬੰਨੂ-ਕੋਹਟ ਇਲਾਕੇ ’ਚ ਤੈਨਾਤ ਸਨ ਅਤੇ ਫੌਜ ਨੇ ਕੌਮੀ ਮੁਕਾਬਲੇ ਖੇਡਣ ਲਈ ਉਨ੍ਹਾਂ ਨੂੰ ਆਗਿਆ ਨਹੀਂ ਦਿੱਤੀ। ਇਸੇ ਤਰ੍ਹਾਂ 1936 ਓਲੰਪਿਕ ਦੌਰਾਨ ਵੀ ਹੋਇਆ।

ਇਸ ਦੇ ਬਾਵਜੂਦ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਨੂੰ ਦੋਵੇਂ ਓਲੰਪਿਕਸ ਲਈ ਚੁਣਿਆ ਗਿਆ। ਇਥੋਂ ਤੱਕ ਕਿ ਉਨ੍ਹਾਂ ਨੇ 1936 ਓਲੰਪਿਕ ਵਿੱਚ ਟੀਮ ਦੀ ਅਗਵਾਈ ਵੀ ਕੀਤੀ।

ਧਿਆਨ ਚੰਦ ਨੂੰ ਉਤਰੀ-ਪੱਛਮੀ ਇਲਾਕੇ ’ਚ ਸੇਵਾਵਾਂ ਦੇਣ ਬਦਲੇ ਬਹਾਦਰੀ ਤਗਮੇ ਨਾਲ ਸਨਮਾਨਿਤ ਵੀ ਕੀਤਾ ਗਿਆ, ਜੋ ਕਿ ਉਸ ਸਮੇਂ ਕਾਫੀ ਸਖ਼ਤ ਪੋਸਟਿੰਗ ਮੰਨਿਆ ਜਾਂਦਾ ਸੀ।

ਧਿਆਨ ਚੰਦ

ਤਸਵੀਰ ਸਰੋਤ, OTHER

ਤਸਵੀਰ ਕੈਪਸ਼ਨ, ਆਜ਼ਾਦੀ ਤੋਂ ਬਾਅਦ ਧਿਆਨ ਚੰਦ ਦੀ ਰੈਜੀਮੈਂਟ 3 ਪੰਜਾਬ ਨੂੰ ਮੇਰਠ ’ਚ ਤਬਦੀਲ ਕਰ ਦਿੱਤਾ ਗਿਆ

ਧਿਆਨ ਚੰਦ ਦਾ ਪੰਜਾਬ ’ਚ ਪ੍ਰਭਾਵ

ਅਸ਼ੋਕ ਕੁਮਾਰ ਮਿਊਨਿਖ ਓਲੰਪਿਕ 1972 ਦੇ ਕਾਂਸੀ ਜੇਤੂ ਟੀਮ ਦੇ ਮੈਂਬਰ ਹਨ ਤੇ ਉਹ 1975 ਵਿਸ਼ਵ ਕੱਪ ਜੇਤੂ ਟੀਮ ਦਾ ਵੀ ਹਿੱਸਾ ਰਹੇ ਸਨ।

ਉਹ ਦੱਸਦੇ ਹਨ, “ਚਾਰ ਸਾਲ ਪਹਿਲਾਂ ਮੈਨੂੰ ਫਿਰੋਜ਼ਪੁਰ ’ਚ ਆਉਣ ਲਈ ਸੱਦਾ ਦਿੱਤਾ ਗਿਆ। ਇਥੇ ਮੇਰੇ ਪਿਤਾ 1942-43 ’ਚ ਆਪਣੀ ਰੈਜੀਮੈਂਟ ’ਚ ਰਹੇ ਸਨ।”

“ਜਦੋਂ ਕੁਝ ਸਥਾਨਕ ਪਰਿਵਾਰਾਂ ਨੂੰ ਮੇਰੇ ਫਿਰੋਜ਼ਪੁਰ ਆਉਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੈਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਮੇਰੇ ਪਿਤਾ ਦੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ।”

ਆਜ਼ਾਦੀ ਤੋਂ ਬਾਅਦ ਧਿਆਨ ਚੰਦ ਦੀ ਰੈਜੀਮੈਂਟ 3 ਪੰਜਾਬ ਨੂੰ ਮੇਰਠ ’ਚ ਤਬਦੀਲ ਕਰ ਦਿੱਤਾ ਗਿਆ। ਉਹ ਇਥੋਂ ਹੀ 1956 ’ਚ ਸੇਵਾਮੁਕਤ ਹੋਏ ਸਨ। ਇਸੇ ਸਾਲ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਅਸ਼ੋਕ ਦੱਸਦੇ ਹਨ, “ਵੰਡ ਦੇ ਸਮੇਂ ਦੌਰਾਨ ਧਿਆਨ ਚੰਦ ਨੂੰ ਪੰਜਾਬ ਸੂਬੇ ’ਚ ਤੈਨਾਤ ਕੀਤਾ ਗਿਆ, ਜੋ ਹੁਣ ਪਾਕਿਸਤਾਨ ਦੇ ਪੰਜਾਬ ਵਿੱਚ ਹੈ। ਉਨ੍ਹਾਂ ਦੀ ਹਬੀਬ ਬੈਂਕ ’ਚ 13,000 ਰੁਪਏ ਦੀ ਬਚਤ ਸੀ, ਜਿਨ੍ਹਾਂ ਨੂੰ ਉਹ ਕਢਵਾ ਨਹੀਂ ਸੀ ਸਕਦੇ।”

“ਵੰਡ ਤੋਂ ਬਾਅਦ ਉਨ੍ਹਾਂ ਦੀ ਰੈਜੀਮੈਂਟ ਨੂੰ ਮੇਰਠ ’ਚ ਤਬਦੀਲ ਕੀਤਾ ਗਿਆ। ਮੈਂ ਆਪਣੇ ਪਿਤਾ ਨੂੰ ਉਨ੍ਹਾਂ ਪੈਸਿਆਂ ਬਾਰੇ ਸੋਚਦੇ ਦੇਖਿਆ ਅਤੇ ਆਰਥਿਕ ਤੰਗੀ ਕਾਰਨ ਉਹ ਆਪਣੇ ਆਖ਼ਰੀ ਸਮੇਂ ਤੱਕ ਇਸ ਗੱਲ ’ਤੇ ਮਲਾਲ ਕਰਦੇ ਰਹੇ ਕਿ ਉਹ ਆਪਣੇ ਪੈਸੇ ਕਢਵਾ ਨਹੀਂ ਸਕੇ।”

ਹਾਕੀ ਟੀਮ

ਤਸਵੀਰ ਸਰੋਤ, WWW.BHARATIYAHOCKEY.ORG

1961 ਵਿੱਚ ਉਹ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐੱਨਆਈਐੱਸ), ਪਟਿਆਲਾ ’ਚ ਹਾਕੀ ਕੋਚਿੰਗ ਦੇ ਮੁਖੀ ਵਜੋਂ ਪੰਜਾਬ ਪਰਤੇ। ਇਥੇ ਉਨ੍ਹਾਂ ਨੇ ਆਉਣ ਵਾਲੇ ਨਵੇਂ ਕੋਚਾਂ ਨੂੰ ਤਿਆਰ ਕੀਤਾ। ਉਹ 1969 ਤੱਕ ਇਸ ਅਹੁਦੇ ’ਤੇ ਰਹੇ।

ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਬਾਲਕ੍ਰਿਸ਼ਨ ਦੀ ਬੇਟੀ ਹਰੀਨਾ ਨੇ ਵੀ ਧਿਆਨ ਚੰਦ ਨਾਲ ਆਪਣੇ ਪਿਤਾ ਦੀਆਂ ਕੁਝ ਯਾਦਾਂ ਨੂੰ ਸਾਂਝਾ ਕੀਤਾ।

ਉਹ ਦੱਸਦੇ ਹਨ, “ਮੇਰੇ ਪਿਤਾ ਬਾਲਕ੍ਰਿਸ਼ਨ ਨੇ ਧਿਆਨ ਚੰਦ ਦੇ ਅਧੀਨ ਐੱਨਆਈਐੱਸ ’ਚ ਕੋਚਿੰਗ ਡਿਪਲੋਮਾ ਪੂਰਾ ਕੀਤਾ ਤੇ ਬਾਅਦ ਵਿੱਚ ਉਨ੍ਹਾਂ ਦੇ ਅਧੀਨ ਫੈਕਲਟੀ ਵਜੋਂ ਕੰਮ ਵੀ ਕੀਤਾ। ਧਿਆਨ ਚੰਦ ਅਤੇ ਮੇਰੇ ਦਾਦਾ ਦਲੀਪ ਸਿੰਘ 1928 ਓਲੰਪਿਕ ਦਲ ਦੇ ਹਿੱਸਾ ਸਨ।"

"ਧਿਆਨ ਚੰਦ ਵੱਲੋਂ ਸਾਡੇ ਦਾਦਾ ਜੀ ਨੂੰ ਮਿਲਣਾ ਇੱਕ ਰੂਟੀਨ ਬਣ ਗਈ ਸੀ। ਉਹ ਇਕੱਠੇ ਹੀ ਰੇਡੀਓ ʼਤੇ ਖੇਡਾਂ ਦੀ ਕੁਮੈਂਟਰੀ ਸੁਣਦੇ ਸੀ। ਅਸੀਂ ਉਨ੍ਹਾਂ ਦੇ ਬਹੁਤ ਨੇੜੇ ਆ ਚੁੱਕੇ ਸੀ ਤੇ ਉਨ੍ਹਾਂ ਨੂੰ ਵੀ ਦਾਦਾ ਜੀ ਕਹਿ ਕੇ ਬੁਲਾਉਂਦੇ ਸਨ।”

“ਉਨ੍ਹਾਂ ਨੇ ਮੇਰੀ ਛੋਟੀ ਭੈਣ ਦਾ ਨਾਂ ਮੀਨੂੰ ਰੱਖਿਆ, ਜੋ 1968 ’ਚ ਪੈਦਾ ਹੋਈ ਸੀ। ਉਹ ਹੁਣ ਨਿਊਜ਼ੀਲੈਂਡ ਵਿੱਚ ਰਹਿੰਦੀ ਹੈ।”

ਇੱਕ ਕੌਮੀ ਚੋਣਕਾਰ ਵਜੋਂ ਧਿਆਨ ਚੰਦ ਨੇ ਐੱਨਆਈਐੱਸ ਛੱਡਣ ਤੋਂ ਬਾਅਦ ਵੀ ਪੰਜਾਬ ਦਾ ਦੌਰਾ ਜਾਰੀ ਰੱਖਿਆ।

ਕਰਨਲ ਬਲਬੀਰ ਸਿੰਘ ਦੱਸਦੇ ਹਨ, “1972 ’ਚ ਧਿਆਨ ਚੰਦ ਹਾਕੀ ਦੇ ਕੌਮੀ ਮੁਕਾਬਲਿਆਂ ਲਈ ਜਲੰਧਰ ਆਈ। ਇਸ ਦੌਰਾਨ ਜਦੋਂ ਇਸ ਮਹਾਨ ਖਿਡਾਰੀ ਨੇ ਮੇਰੇ ਵੱਲੋਂ ਭੇਜੇ ਰਾਤ ਦੇ ਖਾਣੇ ਦੇ ਸੱਦੇ ਨੂੰ ਸਵੀਕਾਰ ਕੀਤਾ ਤਾਂ ਮੈਂ ਬਹੁਤ ਪ੍ਰਭਾਵਿਤ ਹੋਇਆ।”

“ਉਨ੍ਹਾਂ ਦੇ ਕਹਿਣ ’ਤੇ ਮੈਂ ਸੰਸਾਰਪੁਰ ਦੇ ਉਨ੍ਹਾਂ ਸੀਨੀਅਰ ਖਿਡਾਰੀਆਂ ਨੂੰ ਵੀ ਸੱਦਾ ਦਿੱਤਾ, ਜੋ ਉਨ੍ਹਾਂ ਦੇ ਨਾਲ 1930 ’ਚ ਫੌਜ ਦੇ ਟੂਰਨਾਮੈਂਟ ਖੇਡੇ ਸਨ।"

"ਇਨ੍ਹਾਂ ਪੰਜ ਜਣਿਆਂ ਸਣੇ ਮੇਰੇ ਪਿਤਾ ਵੀ 5/13 ਫਰੰਟੀਅਰ ਫੋਰਸ ਰੈਜੀਮੈਂਟ ਦਾ ਹਿੱਸਾ ਰਹੇ ਸਨ, ਜਿਨ੍ਹਾਂ ਦੇ ਧਿਆਨ ਚੰਦ ਦੀ 14ਵੀਂ ਪੰਜਾਬ ਰੈਜੀਮੈਂਟ ਨਾਲ ਮੁਕਾਬਲੇ ਹੋਏ ਸਨ। ਇਨ੍ਹਾਂ ਮੁਕਾਬਲਿਆਂ ’ਚ ਦੋਵੇਂ ਟੀਮਾਂ ਦੋ-ਦੋ ਮੈਚ ਜਿੱਤੇ ਸਨ।”

ਬਲਕ੍ਰਿਸ਼ਨ ਸਿੰਘ, ਧਿਆਨ ਚੰਦ ਅਤੇ ਜੇਤੂ ਰੂਪ ਸਿੰਘ

ਤਸਵੀਰ ਸਰੋਤ, Balkrishan Family

ਤਸਵੀਰ ਕੈਪਸ਼ਨ, ਡਬਲ ਓਲੰਪਿਕ ਹਾਕੀ ਤਗਮਾ ਜੇਤੂ ਬਲਕ੍ਰਿਸ਼ਨ ਸਿੰਘ (ਵਿਚਕਾਰ) ਤੀਹਰਾ ਓਲੰਪਿਕ ਸੋਨ ਤਗਮਾ ਜੇਤੂ ਧਿਆਨ ਚੰਦ (ਸੱਜੇ) ਅਤੇ ਉਸਦੇ ਭਰਾ ਡਬਲ ਓਲੰਪਿਕ ਸੋਨ ਤਗਮਾ ਜੇਤੂ ਰੂਪ ਸਿੰਘ

ਉਹ ਦੱਸਦੇ ਹਨ, “ਧਿਆਨ ਚੰਦ ਇੱਕ ਨੇਕ ਰੂਹ ਦੇ ਮਾਲਕ ਸਨ। ਚਰਚਾ ਦੌਰਾਨ ਉਨ੍ਹਾਂ ਦੱਸਿਆ ਕਿ ਕਿਵੇਂ 5/13 ਫਰੰਟੀਅਰ ਫੋਰਸ ਰੈਜੀਮੈਂਟ ਨੇ ਫਾਈਨਲ ਮੁਕਾਬਲੇ ’ਚ ਉਨ੍ਹਾਂ ਦੀ ਟੀਮ ਨੂੰ ਹਰਾਇਆ ਸੀ।"

"ਉਨ੍ਹਾਂ ਨੇ ਸਾਰੇ ਖਿਡਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉੱਥੇ ਬੈਠੇ ਮੋਹਨ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਦੂਜੇ ਵਿਸ਼ਵ ਯੁੱਧ ਕਾਰਨ 1940 ਤੇ 1944 ਦੀਆਂ ਓਲੰਪਿਕ ਖੇਡਾਂ ਰੱਦ ਨਾ ਹੁੰਦੀਆਂ ਤਾਂ ਇਨ੍ਹਾਂ ਦੋਵਾਂ ਵਿੱਚ ਮੋਹਨ ਸਿੰਘ ਖੇਡਦਾ।"

"ਪਰ ਜੇ ਦੂਜਾ ਵਿਸ਼ਵ ਯੁੱਧ ਨਾ ਹੋਇਆ ਹੁੰਦਾ ਤਾਂ ਧਿਆਨ ਚੰਦ ਦੇ ਨਾਂ ਓਲੰਪਿਕ ਦੇ ਪੰਜ ਸੋਨ ਤਗਮੇ ਹੁੰਦੇ।”

ਧਿਆਨ ਚੰਦ ਨੇ ਆਪਣੇ ਕੌਮਾਂਤਰੀ ਖੇਡ ਸਫ਼ਰ 1926 ਤੋਂ 1948 ਦੌਰਾਨ 500 ਗੋਲ ਕੀਤੇ। ਇਨ੍ਹਾਂ ’ਚ 49 ਗੋਲ ਓਲੰਪਿਕਸ ਦੇ ਵੀ ਸ਼ਾਮਲ ਹਨ।

ਉਨ੍ਹਾਂ ਨੇ 3 ਦਸੰਬਰ, 1979 ਨੂੰ ਆਖ਼ਰੀ ਸਾਹ ਲਏ। ਭਾਰਤ ਸਰਕਾਰ 1995 ਤੋਂ ਉਨ੍ਹਾਂ ਦੇ ਜਨਮ ਦਿਨ ’ਤੇ 29 ਅਗਸਤ ਨੂੰ ਕੌਮੀ ਖੇਡ ਦਿਵਸ ਵਜੋਂ ਮਨਾਉਂਦੀ ਆ ਰਹੀ ਹੈ।

ਬੀਬੀਸੀ ਨੇ ਉਨ੍ਹਾਂ ਨੂੰ ‘ਆਪਣੀ ਸਮੇਂ ਦਾ ਪੇਲੇ’ ਕਹਿ ਕੇ ਸੰਬੋਧਨ ਕੀਤਾ।

ਬਲਬੀਰ ਸਿੰਘ ਦੱਸਦੇ ਹਨ, “ਧਿਆਨ ਚੰਦ ਦਾ ਕਦੇ ਕੋਈ ਵਿਵਾਦ ਨਹੀਂ ਰਿਹਾ ਤੇ ਇਹ ਖੇਡ ਜਦੋਂ ਤੱਕ ਕਾਇਮ ਰਹੇਗੀ, ਉਹ ਹਾਕੀ ਦੇ ਬਾਦਸ਼ਾਹ ਰਹਿਣਗੇ। ਉਹ ਦੁਨੀਆਂ ਭਰ ਦੇ ਕਈ ਮਹਾਨ ਓਲੰਪੀਅਨਾਂ ਦੇ ਰੋਲ ਮਾਡਲ ਸਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)