ਨਾਬਾਲਗ ਰੇਪ ਪੀੜਤਾ ਬਲਾਤਕਾਰ ਮਗਰੋਂ ਹੋਈ ਗਰਭਵਤੀ, ਪਿਤਾ ਨੇ ਕੀਤੀ ਖੁਦਕੁਸ਼ੀ ਤੇ ਕਈ ਦਿਨਾਂ ਤੋਂ ਨਹੀਂ ਬਲਿਆ ਚੁੱਲਾ- ਗ੍ਰਾਊਂਡ ਰਿਪੋਰਟ

ਤਸਵੀਰ ਸਰੋਤ, NEETU SINGH
- ਲੇਖਕ, ਨੀਤੂ ਸਿੰਘ
- ਰੋਲ, ਬੀਬੀਸੀ ਸਹਿਯੋਗੀ
ਉੱਤਰ ਪ੍ਰਦੇਸ਼ ਦੇ ਜਾਲੌਨ ਵਿੱਚ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣਾ ਆਉਣ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਦਾਅਵਾ ਹੈ ਕਿ ਕੁੜੀ ਦੇ ਪਿਤਾ ਨੇ ਖ਼ੁਦਕੁਸ਼ੀ ਕਰ ਲਈ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਪਿਤਾ ਸਥਾਨਕ ਪੁਲਿਸ ਦੀ ਕਾਰਵਾਈ ਤੋਂ ਨਿਰਾਸ਼ ਸਨ ਤੇ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ।
ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਜਾਲੌਨ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਉੱਤੇ ਲਾਪਰਵਾਹੀ ਦੇ ਇਲਜ਼ਾਮ ਲੱਗੇ ਹਨ ਤੇ ਹੁਣ ਇਸ ਦੀ ਵਿਭਾਗੀ ਜਾਂਚ ਚੱਲ ਰਹੀ ਹੈ।
7 ਜੂਨ ਨੂੰ 17 ਸਾਲ ਦੀ ਰੇਪ ਸਰਵਾਈਵਰ ਦੇ ਪਿਤਾ ਦੀ ਮੌਤ ਦਾ ਤੀਜਾ ਦਿਨ ਸੀ ਪਰ ਸਾਰਾ ਪਰਿਵਾਰ ਉਨ੍ਹਾਂ ਨੂੰ ਯਾਦ ਕਰਨ ਜਾਂ ਦੁੱਖ ਮਨਾਉਣ ਦੀ ਸਥਿਤੀ ਵਿੱਚ ਨਹੀਂ ਸੀ।
ਜਦੋਂ ਅਸੀਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਸਵੇਰੇ 7 ਵਜੇ ਕੁੜੀ ਉਰਈ ਜਾਣ ਲਈ ਤਿਆਰੀ ਕਰ ਰਹੀ ਸੀ ਕਿਉਂਕਿ ਮਜਿਸਟ੍ਰੇਟ ਦੇ ਸਾਹਮਣੇ ਉਨ੍ਹਾਂ ਦਾ ਬਿਆਨ ਦਰਜ ਹੋਣਾ ਸੀ।
ਘਰ ਵਿੱਚ ਉਸੇ ਦਿਨ ਉਨ੍ਹਾਂ ਦੇ ਪਿਤਾ ਦਾ ਨੌਬਾਰ (ਮੌਤ ਤੋਂ ਬਾਅਦ ਦੀ ਇੱਕ ਰਸਮ) ਵੀ ਸੀ।
ਇੱਕ ਪਾਸੇ ਪਰਿਵਾਰ ਨੇ ਪੁਲਿਸ ਦੀ ਜਾਂਚ ਪੂਰੀ ਕਰਵਾਉਣੀ ਸੀ ਤਾਂ ਉੱਥੇ ਹੀ ਦੂਜੇ ਪਾਸੇ ਮੌਤ ਤੋਂ ਬਾਅਦ ਦੀਆਂ ਜ਼ਰੂਰੀ ਰਸਮਾਂ ਪੂਰੀਆਂ ਹੋਣੀਆਂ ਸਨ।
ਇਸ ਸਭ ਵਿਚਾਲੇ ਘਰ ਵਿੱਚ ਪੁਲਿਸ ਮੌਜੂਦਗੀ ਦੇ ਕਾਰਨ ਪਰਿਵਾਰ ਵਿੱਚ ਵੀ ਬਹੁਤੀ ਗੱਲ ਕਰਨ ਤੋਂ ਗੁਰੇਜ਼ ਕਰ ਰਿਹਾ ਸੀ।
ਰੇਪ ਸਰਵਾਈਵਰ ਨੇ ਛੱਤ ਨੂੰ ਜਾਂਦੀਆਂ ਪੌੜੀਆਂ ’ਤੇ ਬਹਿ ਕੇ ਬੀਬੀਸੀ ਨਾਲ ਗੱਲ ਕੀਤੀ।

ਤਸਵੀਰ ਸਰੋਤ, Getty Images
(ਖ਼ੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਿਕ ਤੇ ਸਮਾਜਿਕ ਸਮੱਸਿਆ ਹੈ। ਜੇ ਤੁਸੀਂ ਵੀ ਤਣਾਅ ਵਿੱਚੋਂ ਲੰਘ ਰਹੇ ਹੋ ਤਾਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ)

ਤਸਵੀਰ ਸਰੋਤ, Getty Images
ਬਲਾਤਕਾਰ ਪੀੜਤਾ ਨੇ ਕੀ ਦੱਸਿਆ?
ਬਲਾਤਕਾਰ ਪੀੜਤਾ ਨੇ ਕਿਹਾ, "ਇਸ ਘਟਨਾ ਤੋਂ ਬਾਅਦ ਮੈਨੂੰ ਮਾਹਵਾਰੀ ਨਹੀਂ ਆਈ। ਮੈਂ ਇਹ ਗੱਲ ਆਪਣੀ ਸਹੇਲੀ ਨੂੰ ਦੱਸੀ ਜੋ ਦੇਵੇਂਦਰ ਅਤੇ ਲਕਸ਼ਮੀ (ਸਹਿ-ਦੋਸ਼ੀ) ਦੀ ਧੀ ਹੈ।”
“ਉਸ ਨੇ ਇਹ ਗੱਲ ਆਪਣੀ ਮਾਂ ਲਕਸ਼ਮੀ ਨੂੰ ਦੱਸੀ। ਫਿਰ ਉਨ੍ਹਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ। ਉਸ ਦੇ ਘਰ ਜਾ ਕੇ ਕਿੱਟ ਨਾਲ ਮੇਰੀ ਜਾਂਚ ਕੀਤੀ। ਉਸੇ ਨੇ ਮੈਨੂੰ ਦੱਸਿਆ ਕਿ ਤੁਹਾਡੇ ਅੰਦਰ ਬੱਚਾ ਹੈ। ਫਿਰ 25 ਮਈ ਨੂੰ ਉਨ੍ਹਾਂ ਨੇ ਦਵਾਈ ਖੁਆ ਦਿੱਤੀ।"
ਇਹ ਦੱਸਦਿਆਂ ਉਸ ਦਾ ਗਲਾ ਭਰ ਆਇਆ।
ਆਪਣੇ ਘਰ ਦੱਸਣ ਬਾਰੇ ਉਹ ਕਹਿੰਦੇ ਹਨ, ''ਮੈਨੂੰ ਦਵਾਈ ਦੇਣ ਤੋਂ ਬਾਅਦ ਲਕਸ਼ਮੀ (ਸਹਿ-ਦੋਸ਼ੀ) ਨੇ ਪੂਰੇ ਪਿੰਡ 'ਚ ਇਹ ਗੱਲ ਫੈਲਾ ਦਿੱਤੀ ਕਿ ਮੈਂ ਮਾਂ ਬਣਨ ਵਾਲੀ ਹਾਂ।”
“ਇਸ ਤੋਂ ਬਾਅਦ ਮੈਂ ਆਪਣੀ ਵੱਡੀ ਭੈਣ ਨੂੰ ਫੋਨ ਕਰਕੇ ਦੱਸਿਆ। ਦੀਦੀ ਨੇ ਮੇਰੀ ਮਾਂ ਨੂੰ ਦੱਸ ਦਿੱਤਾ। ਦਵਾਈ ਲੈਣ ਤੋਂ ਬਾਅਦ ਮੈਨੂੰ ਮਾਹਵਾਰੀ ਆ ਗਈ। ਅਸੀਂ ਇਹ ਗੱਲ ਥਾਣੇ ਵਿੱਚ ਵੀ ਦੱਸ ਦਿੱਤੀ ਸੀ।”
ਹਾਲਾਂਕਿ ਪ੍ਰਸ਼ਾਸਨ ਨੇ ਇਸ ਨੂੰ ਨਾ ਤਾਂ ਖੁੱਲ੍ਹੇਆਮ ਸਵੀਕਾਰ ਕੀਤਾ ਅਤੇ ਨਾ ਹੀ ਨਕਾਰਿਆ।
ਐੱਫ਼ਆਈਆਰ ਵਿੱਚ ਬਲਾਤਕਾਰ ਪੀੜਤਾ ਜਿਸ ਗਰਭ ਦੀ ਗੱਲ ਕਰ ਰਹੀ ਹੈ, ਉਸ ਦਾ ਕੋਈ ਜ਼ਿਕਰ ਨਹੀਂ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਹ ਗਰਭਵਤੀ ਨਹੀਂ ਸੀ।

ਤਸਵੀਰ ਸਰੋਤ, Getty Images
ਪਿਤਾ ਨੇ ਆਪਣੀ ਜਾਨ ਲੈ ਲਈ
ਪਿਛਲੇ ਕਈ ਦਿਨਾਂ ਤੋਂ ਜਾਲੌਨ ਜ਼ਿਲ੍ਹੇ ਦਾ ਇਹ ਬਲਾਤਕਾਰ ਮਾਮਲਾ ਸੁਰਖੀਆਂ ਵਿੱਚ ਹੈ। ਪੀੜਤ ਪਰਿਵਾਰ ਨੇ ਪੁਲਿਸ ’ਤੇ ਸਮਝੌਤਾ ਕਰਨ ਲਈ ਦਬਾਅ ਪਾਉਣ ਦਾ ਇਲਜ਼ਾਮ ਲਗਾਇਆ ਹੈ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਸਮਝੌਤਾ ਨਾ ਕਰਨ ’ਤੇ ਪੁਲਿਸ ਨੇ ਕੁੜੀ ਦੇ ਪਿਤਾ ਨੂੰ ਝੂਠੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦਿੱਤੀ ਹੈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੁਖੀ ਹੋ ਕੇ ਬਲਾਤਕਾਰ ਪੀੜਤਾ ਦੇ ਪਿਤਾ ਨੇ ਮਜਬੂਰੀ 'ਚ ਇਹ ਕਦਮ ਚੁੱਕਿਆ ਹੈ।
ਮਾਮਲੇ ਦੇ ਭਖਣ ਤੋਂ ਬਾਅਦ ਸਥਾਨਕ ਆਗੂਆਂ ਦੀ ਘਰ ਵਿੱਚ ਆਵਾਜਾਈ ਲੱਗੀ ਹੋਈ ਹੈ। ਪਰਿਵਾਰ ਹਰ ਆਉਣ ਵਾਲੇ ਨੂੰ ਇਨਸਾਫ਼ ਦਿਵਾਉਣ ਦੀ ਗੁਹਾਰ ਲਗਾ ਰਿਹਾ ਹੈ।
ਦਰਵਾਜ਼ੇ ਕੋਲ ਬੈਠੀ ਬਲਾਤਕਾਰ ਪੀੜਤਾ ਦੀ ਦਾਦੀ ਲਈ ਆਪਣੇ ਇਕਲੌਤੇ ਪੁੱਤਰ ਦੀ ਮੌਤ ਨੂੰ ਸਵੀਕਾਰ ਕਰਨਾ ਔਖਾ ਹੈ।
ਉਹ ਹਰ ਰਾਹਗੀਰ ਨੂੰ ਪੁੱਛਦੀ ਰਹੀ ਕਿ “ਕੋਈ ਇਹ ਕਹੇ ਕਿ ਉਹ ਜ਼ਿੰਦਾ ਹੈ ਅਤੇ ਜਲਦੀ ਵਾਪਸ ਆ ਜਾਵੇਗਾ। ਉਹ ਸਾਡਾ ਇਕਲੌਤਾ ਮੁੰਡਾ ਸੀ। ਹੁਣ ਸਭ ਕੁਝ ਖਤਮ ਹੋ ਗਿਆ ਹੈ।”
ਪਿਤਾ ਦੀ ਜੁੱਤੀ ਅਤੇ ਕੱਪੜੇ ਦਿਖਾਉਂਦਿਆਂ ਵੱਡੀ ਧੀ ਦੀਆਂ ਅੱਖਾਂ ਨਮ ਹੋ ਗਈਆਂ। 5 ਜੂਨ ਦੀ ਸਵੇਰ ਦਾ ਬੁਝਿਆ ਹੋਇਆ ਚੁੱਲਾ ਹਾਲੇ ਤੱਕ ਬਲਿਆ ਨਹੀਂ ਹੈ।
ਮਾਮਲਾ ਕੀ ਹੈ?
ਪਰਿਵਾਰਕ ਮੈਂਬਰਾਂ ਮੁਤਾਬਕ 28 ਮਾਰਚ 2023 ਨੂੰ 17 ਸਾਲਾ ਨਾਬਾਲਗ ਕੁੜੀ ਨਾਲ ਬਲਾਤਕਾਰ ਹੋਇਆ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮ ਨੇ ਪੀੜਤਾ ਨੂੰ ਇਸ ਮਾਮਲੇ ਬਾਰੇ ਚੁੱਪ ਰਹਿਣ ਦੀ ਧਮਕੀ ਦਿੱਤੀ ਸੀ ਪਰ ਜਦੋਂ ਪੀੜਤ ਬੱਚੀ ਦੇ ਗਰਭਵਤੀ ਹੋਣ ਦੀ ਖ਼ਬਰ ਪੂਰੇ ਪਿੰਡ ਵਿੱਚ ਫੈਲ ਗਈ ਤਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ।
ਬਲਾਤਕਾਰ ਪੀੜਤਾ ਦੇ ਮਾਤਾ-ਪਿਤਾ ਅਤੇ ਦੋ ਛੋਟੇ ਭਰਾ ਕਰੀਬ ਦੋ ਮਹੀਨੇ ਪਹਿਲਾਂ ਗੋਲਗੱਪਿਆਂ ਦਾ ਕੰਮ ਕਰਨ ਲਈ ਪੰਜਾਬ ਗਏ ਸਨ।
ਇਹ ਘਟਨਾ ਦਾ ਪਤਾ ਲੱਗਦਿਆਂ ਹੀ ਉਹ 30 ਮਈ ਨੂੰ ਘਰ ਆਏ ਅਤੇ 31 ਮਈ ਨੂੰ ਏਟ ਥਾਣੇ ਵਿੱਚ ਐੱਫ਼ਆਈਆਰ ਦਰਜ ਕਰਵਾਉਣ ਗਏ।
ਪੁਲਿਸ ’ਤੇ ਇਲਜ਼ਾਮ
ਪੁਲਿਸ 'ਤੇ ਇਲਜ਼ਾਮ ਲਗਾਉਂਦਿਆਂ ਬਲਾਤਕਾਰ ਪੀੜਤਾ ਦੀ ਮਾਂ ਨੇ ਕਿਹਾ, "ਅਸੀਂ 31 ਮਈ ਨੂੰ ਦੁਪਹਿਰ 2 ਵਜੇ ਤੋਂ 11 ਵਜੇ ਤੱਕ ਥਾਣੇ ਵਿੱਚ ਬੈਠੇ ਰਹੇ, ਪਰ ਕਿਸੇ ਨੇ ਐੱਫ਼ਾਆਈਆਰ ਦਰਜ ਨਹੀਂ ਕੀਤੀ।”
“ਉਨ੍ਹਾਂ ਨੇ ਧਮਕੀ ਦਿੱਤੀ ਤੇ ਕਿਹਾ ਕਿ ਇੱਕ ਅਰਜ਼ੀ ਲਿਖੋ ਅਤੇ ਦਸਤਖ਼ਤ ਕਰੋ ਕਿ ਅਸੀਂ ਪਿੰਡ ਵਾਲਿਆਂ ਦੀਆਂ ਗੱਲਾਂ ਵਿੱਚ ਆ ਕੇ ਉਨ੍ਹਾਂ ਨੂੰ ਝੂਠਾ ਫ਼ਸਾ ਰਹੇ ਸਾਂ।”
ਪਰਿਵਾਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਲਾਤਕਾਰ ਪੀੜਤਾ ਦੇ ਪਿਤਾ ਨੇ 5 ਜੂਨ 2023 ਨੂੰ ਸਵੇਰੇ 10 ਵਜੇ ਦੇ ਕਰੀਬ ਪੁਲਿਸ ਵੱਲੋਂ ਮਾਮਲੇ ਦੀ ਕੋਈ ਸੁਣਵਾਈ ਨਾ ਹੁੰਦੀ ਦੇਖ ਕੇ ਖੁਦਕੁਸ਼ੀ ਕਰ ਲਈ।
ਇਸ ਤੋਂ ਬਾਅਦ ਮਾਮਲੇ ਨੇ ਅੱਗ ਫੜ ਲਈ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਦੇ ਰਵੱਈਏ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪੀੜਤ ਦੀ ਮਾਂ ਦਾ ਕਹਿਣਾ ਹੈ, ''ਥਾਣਾ ਇੰਚਾਰਜ ਦੇ ਦਬਾਅ ਹੇਠ ਅਸੀਂ ਇੱਕ ਝੂਠੀ ਅਰਜ਼ੀ 'ਤੇ ਦਸਤਖਤ ਕੀਤੇ, ਜਿਸ 'ਚ ਲਿਖਿਆ ਗਿਆ ਸੀ ਕਿ ਅਸੀਂ ਦੋਸ਼ੀ ਦੇਵੇਂਦਰ ਅਤੇ ਉਸ ਦੀ ਪਤਨੀ ਲਕਸ਼ਮੀ ਨੂੰ ਗਲਤ ਤਰੀਕੇ ਨਾਲ ਫਸਾ ਰਹੇ ਸੀ।"
"ਇਸ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਇਹ ਬਲਾਤਕਾਰ ਦਾ ਮੁੱਖ ਮੁਲਜ਼ਮ ਡੋਲੂ ਸੀ। ਬਾਅਦ ਵਿੱਚ, ਸਾਡੇ ਚਚੇਰੇ ਦਿਓਰ ਨੇ ਆਨਲਾਈਨ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾ ਦਿੱਤੀ। ਫਿਰ ਜਾ ਕੇ ਥਾਣੇ ਵਾਲਿਆਂ ਨੇ ਐੱਫ਼ਆਈਆਰ ਦਰਜ ਕੀਤੀ।"

ਤਸਵੀਰ ਸਰੋਤ, NEETU SINGH
ਐੱਫ਼ਆਈਆਰ ਵਿੱਚ ਕੀ ਕਿਹਾ ਗਿਆ
ਐੱਫ਼ਆਈਆਰ ਦੀ ਕਾਪੀ ਅਨੁਸਾਰ 4 ਜੂਨ ਨੂੰ ਰਾਤ 10.56 ਵਜੇ ਏਟੀ ਥਾਣੇ ਵਿੱਚ ਤਿੰਨ ਲੋਕਾਂ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਗਈ ਸੀ।
ਇਸ 'ਚ ਵੀ ਮੁੱਖ ਮੁਲਜ਼ਮ ਡੋਲੂ ਉਰਫ ਮਾਨਵੇਂਦਰ 'ਤੇ ਬਲਾਤਕਾਰ ਦੇ ਇਲਜ਼ਾਮ ਹਨ।
ਜਦਕਿ ਲਕਸ਼ਮੀ ਅਤੇ ਉਸ ਦੇ ਪਤੀ ਦੇਵੇਂਦਰ 'ਤੇ ਬਲਾਤਕਾਰ ਪੀੜਤਾ ਨੂੰ ਵਰਗਲਾਉਣ ਦੇ ਇਲਜ਼ਾਮ ਹਨ। ਇਸ ਲਈ ਆਈਪੀਸੀ ਦੀ ਧਾਰਾ 376, ਅਤੇ 120ਬੀ ਲਾਈ ਗਈ ਹੈ।
ਐੱਫ਼ਆਈਆਰ ਲਿਖੇ ਜਾਣ ਦੀ ਜਾਣਕਾਰੀ ਬਾਰੇ ਬਲਾਤਕਾਰ ਪੀੜਤ ਦੀ ਮਾਂ ਦਾ ਕਹਿਣਾ ਹੈ, "ਮੈਨੂੰ ਪਤਾ ਲੱਗਾ ਕਿ ਐੱਫ਼ਆਈਆਰ ਪਤੀ ਦੀ ਮੌਤ ਤੋਂ ਬਾਅਦ ਲਿਖੀ ਗਈ ਸੀ।”
“ਉਨ੍ਹਾਂ (ਲਕਸ਼ਮੀ, ਦੇਵੇਂਦਰ) ਨੂੰ ਉਨ੍ਹਾਂ (ਪਤੀ) ਦੀ ਮੌਤ ਤੋਂ ਬਾਅਦ ਹੀ ਗ੍ਰਿਫ਼ਤਾਰ ਕੀਤਾ ਗਿਆ। ਸਾਡੀ ਧੀ ਨਾਲ ਗਲਤ ਹੋਇਆ ਸੀ, ਅਤੇ ਪੁਲਿਸ ਨੇ ਸਾਨੂੰ ਸਮਝੌਤਾ ਕਰਨ ਦੀ ਧਮਕਾਇਆ, ਜਿਸ ਕਾਰਨ ਮੇਰੇ ਪਤੀ ਦੀ ਜਾਨ ਚਲੀ ਗਈ ਸੀ।"
ਪੁਲਿਸ ਦਾ ਕੀ ਕਹਿਣਾ ਹੈ?
ਜਾਲੌਨ ਦੇ ਪੁਲਿਸ ਸੁਪਰਡੈਂਟ ਇਰਾਜ ਰਾਜਾ ਨੇ ਬੀਬੀਸੀ ਨੂੰ ਦੱਸਿਆ, "ਪਰਿਵਾਰ ਦੀ ਸ਼ਿਕਾਇਤ ਮੁਤਾਬਕ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।”
“ਮੁੱਖ ਮੁਲਜ਼ਮ ਪਹਿਲਾਂ ਹੀ ਇੱਕ ਹੋਰ ਮਾਮਲੇ ਵਿੱਚ 3 ਜੂਨ ਤੋਂ ਜਾਲੌਨ ਜੇਲ੍ਹ ਵਿੱਚ ਬੰਦ ਸੀ। ਉਸ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁੜੀ ਦਾ ਮੈਡੀਕਲ ਕਰਵਾਇਆ ਗਿਆ ਹੈ।”
“ਬੁੱਧਵਾਰ ਨੂੰ ਅਦਾਲਤ ਵਿੱਚ ਸੀਆਰਪੀਸੀ ਦੀ ਧਾਰਾ 164 ਤਹਿਤ ਬਿਆਨ ਵੀ ਦਰਜ ਕਰਵਾਏ ਗਏ।”

ਤਸਵੀਰ ਸਰੋਤ, Neetu singh
ਮਾਮਲਾ ਤੁਹਾਡੇ ਧਿਆਨ ਵਿੱਚ ਕਦੋਂ ਆਇਆ?
ਇਸ 'ਤੇ ਐੱਸਪੀ ਇਰਾਜ ਰਾਜਾ ਨੇ ਜਵਾਬ ਦਿੱਤਾ, "ਮੈਨੂੰ ਇਸ ਮਾਮਲੇ ਦੀ ਜਾਣਕਾਰੀ 4 ਜੂਨ ਨੂੰ ਔਨਲਾਈਨ ਪੋਰਟਲ ਰਾਹੀਂ ਮਿਲੀ ਸੀ। ਉਸੇ ਦਿਨ ਫ਼ੌਰੀ ਪ੍ਰਭਾਵ ਨਾਲ ਏਟੀ ਪੁਲਿਸ ਸਟੇਸ਼ਨ ਵਿੱਚ ਇੱਕ ਐੱਫ਼ਆਈਆਰ ਦਰਜ ਕੀਤੀ ਗਈ ਸੀ।”
“ਦੋ ਪੁਲਿਸ ਕਰਮਚਾਰੀਆਂ ਜਿਨ੍ਹਾਂ 'ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਗਿਆ ਸੀ। ਉਨ੍ਹਾਂ ਨੂੰ 5 ਜੂਨ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ। ਮਾਮਲੇ ਦੀ ਵਿਭਾਗੀ ਜਾਂਚ ਅਜੇ ਵੀ ਜਾਰੀ ਹੈ।
7 ਜੂਨ ਨੂੰ ਬਲਾਤਕਾਰ ਪੀੜਤਾ ਦੇ ਚਚੇਰੇ ਭਰਾ ਨੇ ਇੱਕ ਬੇਨਤੀ ਪੱਤਰ ਦਿਖਾਇਆ ਜਿਸ ਨੂੰ ਉਹ ਪੁਲਿਸ ਸੁਪਰਡੈਂਟ ਨੂੰ ਦੇਣ ਜਾ ਰਹੇ ਸਨ।
ਇਸ ਪੱਤਰ ਵਿੱਚ ਉਨ੍ਹਾਂ ਨੇ ਮੁਅੱਤਲ ਪੁਲਿਸ ਮੁਲਾਜ਼ਮ ਨਰਿੰਦਰ ਗੌਤਮ 'ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਸਨ ਜਿਸ ਤੋਂ ਤੰਗ ਹੋ ਕੇ ਉਨ੍ਹਾਂ ਦਾ ਭਰਾ ਖੁਦਕੁਸ਼ੀ ਵਰਗਾ ਕਦਮ ਚੁੱਕਣ ਨੂੰ ਮਜਬੂਰ ਹੋ ਗਿਆ ਸੀ।
ਉਨ੍ਹਾਂ ਦੀ ਮੰਗ ਹੈ ਕਿ ਨਰਿੰਦਰ ਗੌਤਮ ਦੇ ਖਿਲਾਫ ਐੱਫ਼ਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ।
ਇਸ ਸਵਾਲ ਦੇ ਜਵਾਬ ਵਿੱਚ ਜਦੋਂ ਪੁਲਿਸ ਸੁਪਰਡੈਂਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ, "ਹੁਣ ਵਿਭਾਗੀ ਜਾਂਚ ਚੱਲ ਰਹੀ ਹੈ। ਜੇਕਰ ਉਹ ਜਾਂਚ ਵਿੱਚ ਦੋਸ਼ੀ ਪਾਏ ਗਏ ਤਾਂ ਐੱਫ਼ਆਈਆਰ ਦਰਜ ਕਰਵਾਈ ਜਾਵੇਗੀ।"

ਧੀ ਨਾਲ ਹੋਇਆ ਬਲਾਤਕਾਰ ਤੇ ਪਿਤਾ ਨੇ ਕੀਤੀ ਖ਼ੁਦਕੁਸ਼ੀ
- ਪਰਿਵਾਰਕ ਮੈਂਬਰਾਂ ਮੁਤਾਬਕ 28 ਮਾਰਚ 2023 ਨੂੰ 17 ਸਾਲਾ ਨਾਬਾਲਗ ਕੁੜੀ ਨਾਲ ਬਲਾਤਕਾਰ ਹੋਇਆ ਸੀ।
- 31 ਮਈ ਨੂੰ ਦੁਪਹਿਰ 2 ਵਜੇ ਤੋਂ 11 ਵਜੇ ਤੱਕ ਪਰਿਵਾਰ ਐੱਫ਼ਆਈਆਰ ਦਰਜ ਕਰਵਾਉਣ ਲਈ ਥਾਣੇ ਵਿੱਚ ਬੈਠਾ ਰਿਹਾ
- ਪੁਲਿਸ ਵੱਲੋਂ ਸਮਝੌਤਾ ਕਰਨ ਦੇ ਦਬਾਅ ਦੇ ਚਲਦਿਆਂ ਪੀੜਤਾ ਦੇ ਪਿਤਾ ਨੇ ਖ਼ੁਦਕੁਸ਼ੀ ਕਰ ਲਈ
- 4 ਜੂਨ ਨੂੰ ਰਾਤ 10.56 ਵਜੇ ਏਟੀ ਥਾਣੇ ਵਿੱਚ ਤਿੰਨ ਲੋਕਾਂ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਗਈ ਸੀ।
- ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 376, ਅਤੇ 120ਬੀ ਲਾਈ ਗਈ ਹੈ।

ਗੁਆਂਢੀਆਂ ਨੇ ਕੀ ਦੱਸਿਆ?
ਮੁਲਜ਼ਮ ਦੇਵੇਂਦਰ ਦੇ ਘਰ ਦੇ ਕੋਲ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਰਾਮਦਾਸ ਨੇ ਦੱਸਿਆ, ''ਜਿਸ ਦਿਨ ਦੇਵੇਂਦਰ ਦੀ ਛੋਟੀ ਧੀ ਦਾ ਜਨਮ ਦਿਨ (28 ਮਾਰਚ) ਸੀ, ਉਸ ਦਿਨ ਮੈਂ ਦੁਕਾਨ 'ਤੇ ਹੀ ਸੀ, ਉਥੇ ਨੱਚਣ-ਗਾਉਣ ਦੀ ਆਵਾਜ਼ ਬਹੁਤ ਆ ਰਹੀ ਸੀ। ਆਂਢ-ਗੁਆਂਢ ਦੀਆਂ ਕੁੜੀਆਂ ਇਕੱਠੀਆਂ ਹੋਈਆਂ ਸਨ, ਪਰ ਅਜਿਹਾ ਕੁਝ ਹੋਣ ਦੀ ਕੋਈ ਖ਼ਬਰ ਨਹੀਂ ਸੀ ਮਿਲੀ।”
ਉਨ੍ਹਾਂ ਦਾ ਕਹਿਣਾ ਹੈ, "ਪੁਲਿਸ ਗਰੀਬ ਦੀ ਕਿੱਥੇ ਸੁਣਦੀ ਹੈ। ਜੇਕਰ ਉਨ੍ਹਾਂ ਨੇ ਸੁਣਿਆ ਹੁੰਦਾ ਤਾਂ ਛੋਟੇ ਬੱਚਿਆਂ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਦਾ ਪਰਛਾਵਾਂ ਨਾ ਉਠਦਾ।”
“ਜਦੋਂ ਸਾਰਾ ਪਿੰਡ ਇੱਕਜੁੱਟ ਹੋ ਗਿਆ ਤਾਂ ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਕਰਨੀ ਸ਼ੁਰੂ ਕੀਤੀ ਸੀ। ਪਰਿਵਾਰ ਦਾ ਇਕਲੌਤਾ ਮੁੰਡਾ ਸੀ ਮਰਨ ਵਾਲਾ।”
“ਉਹ ਇੱਕ ਸਾਊ ਇਨਸਾਨ ਸੀ। ਉਸ ਦੀ ਮੌਤ ਨਾਲ ਪੂਰਾ ਪਿੰਡ ਦੁਖੀ ਹੈ। ਉਹ ਸਖ਼ਤ ਮਿਹਨਤ ਕਰਕੇ ਪਰਿਵਾਰ ਦੀ ਦੇਖਭਾਲ ਕਰਦਾ ਸੀ। ਹੁਣ ਪਰਿਵਾਰ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ।"

ਤਸਵੀਰ ਸਰੋਤ, NEETU SINGH
ਪਰਿਵਾਰ ਦੇ ਮਾੜੇ ਮਾਲੀ ਹਾਲਾਤ
ਬਲਾਤਕਾਰ ਪੀੜਤਾ ਆਪਣੇ ਚਾਰ ਭੈਣ-ਭਰਾਵਾਂ ਵਿੱਚੋਂ ਦੂਜੇ ਨੰਬਰ 'ਤੇ ਹੈ। ਉਹ ਆਪਣੇ ਦਾਦਾ-ਦਾਦੀ ਨਾਲ ਰਹਿੰਦੀ ਸੀ। ਉਹ ਘਰ 'ਚ ਖਾਣਾ ਬਣਾ ਕੇ ਦਿਹਾੜੀ ਮਜ਼ਦੂਰੀ 'ਤੇ ਚਲੀ ਜਾਂਦੀ ਸੀ।
ਮੁਲਜ਼ਮ ਦੇਵੇਂਦਰ ਠੇਕੇਦਾਰ ਵਜੋਂ ਕੰਮ ਕਰਦਾ ਹੈ। ਪਿੰਡ ਦੇ ਜ਼ਿਆਦਾਤਰ ਮਜ਼ਦੂਰ ਵਰਗ ਦੇ ਲੋਕ ਉਸ ਕੋਲ ਮਜ਼ਦੂਰੀ ਲਈ ਆਉਂਦੇ ਹਨ। ਇਨ੍ਹਾਂ ਵਿੱਚ ਬਲਾਤਕਾਰ ਪੀੜਤ ਵੀ ਸ਼ਾਮਲ ਸੀ।
ਪੀੜਤਾ ਦੀ ਵੱਡੀ ਭੈਣ ਦਾ ਵਿਆਹ ਇਸੇ ਸਾਲ 22 ਫਰਵਰੀ ਨੂੰ ਹੋਇਆ ਸੀ, ਜਿਸ ਵਿੱਚ ਪਰਿਵਾਰ ਨੂੰ ਆਪਣੀ ਡੇਢ ਵਿਘੇ ਜ਼ਮੀਨ ਦੋ ਲੱਖ ਰੁਪਏ ਵਿੱਚ ਗਹਿਣੇ ਰੱਖਣੀ ਪਈ ਸੀ।
ਕਰਜ਼ਾ ਮੋੜਨ ਲਈ ਪਿਤਾ ਦੋ ਮਹੀਨੇ ਪਹਿਲਾਂ ਗੋਲਗੱਪਿਆਂ ਦੀ ਰੇਹੜੀ ਲਾਉਣ ਲਈ ਪੰਜਾਬ ਗਿਆ ਸੀ।
ਉਸ ਦੇ ਨਾਲ ਪੀੜਤਾਂ ਦੀ ਮਾਂ ਅਤੇ ਦੋ ਛੋਟੇ ਭਰਾ (10 ਅਤੇ 12 ਸਾਲ) ਵੀ ਨਾਲ ਗਏ ਸਨ।
ਬਲਾਤਕਾਰ ਪੀੜਤਾ ਦੇ 60 ਸਾਲਾ ਦਾਦਾ ਦੱਸਦੇ ਹਨ, ''ਵੱਡੀ ਪੋਤੀ ਦੇ ਵਿਆਹ ਲਈ ਡੇਢ ਵਿਘੇ ਜ਼ਮੀਨ ਪਿੰਡ ਦੇ ਇੱਕ ਪੁਜਾਰੀ ਨੂੰ ਦੋ ਸਾਲ ਲਈ ਦੋ ਲੱਖ ਰੁਪਏ 'ਚ ਦਿੱਤੀ ਸੀ, ਜਿਸ 'ਤੇ ਦੋ ਰੁਪਏ ਸੈਂਕਰਾ ਵਿਆਜ ਹੈ।”
“ਇਹ ਕਰਜ਼ਾ ਮੋੜਨ ਲਈ ਉਹ (ਪੁੱਤਰ) ਬਹੁਤ ਚਿੰਤਤ ਸੀ। ਉਸ ਨੇ ਕਿਹਾ ਕਿ ਚਿੰਤਾ ਨਾ ਕਰੋ, ਉਹ ਦੋ ਸਾਲਾਂ ਵਿੱਚ ਹੌਲੀ-ਹੌਲੀ ਕਮਾ ਕੇ ਕਰਜ਼ਾ ਲਾਹ ਦੇਵੇਗਾ। ਘਰ ਦਾ ਖ਼ਰਚਾ ਦੁੱਧ ਵੇਚਕੇ ਚਲਦਾ ਹੈ।”

ਤਸਵੀਰ ਸਰੋਤ, NEETU SINGH
ਕੀ ਤੁਹਾਨੂੰ ਸਰਕਾਰੀ ਘਰ ਅਤੇ ਗੁਸਲਖਾਨਾ ਮੁਫ਼ਤ ਮਿਲਿਆ ਹੈ?
ਇਸ 'ਤੇ ਉਨ੍ਹਾਂ ਨੇ ਕਿਹਾ, ''ਸਾਨੂੰ ਪੈਖਾਨਾ ਤਾਂ ਮਿਲ ਗਿਆ ਹੈ, ਪਰ ਘਰ ਕੁਝ ਸਾਲ ਪਹਿਲਾਂ ਮੇਰੀ ਮਿਹਨਤ ਦੀ ਕਮਾਈ ਨਾਲ ਬਣਾਇਆ ਗਿਆ ਸੀ। ਪੈਨਸ਼ਨ ਤਾਂ ਲਗਵਾਈ ਹੈ ਪਰ ਅਜੇ ਤੱਕ ਮੇਰੇ ਖਾਤੇ 'ਚ ਨਹੀਂ ਆਈ।”
“ਉਸ ਦੀ ਦਾਦੀ ਹੁਣ ਘੱਟ ਸੁਣਦੀ ਸੀ। ਜਦੋਂ ਤੋਂ ਪੁੱਤਰ ਦੀ ਮੌਤ ਹੋਈ ਹੈ ਉਸ ਨੂੰ ਗਹਿਰਾ ਸਦਮਾ ਲੱਗਿਆ ਹੈ।”
ਹੁਣ ਤੱਕ ਕੀ ਕਾਰਵਾਈ ਹੋਈ?
ਬਲਾਤਕਾਰ ਪੀੜਤਾ ਦੇ ਰਿਸ਼ਤੇਦਾਰਾਂ ਨੇ 6 ਜੂਨ ਨੂੰ ਏਟੀ ਪੁਲਿਸ ਸਟੇਸ਼ਨ ਵਿੱਚ ਇੱਕ ਦਰਖਾਸਤ ਵੀ ਦਿੱਤੀ ਹੈ, ਜਿਸ ਵਿੱਚ ਮੁਲਜ਼ਮ ਦੇਵੇਂਦਰ ਅਤੇ ਉਸਦੀ ਪਤਨੀ ਲਕਸ਼ਮੀ 'ਤੇ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮ ਲਗਾਏ ਗਏ ਹਨ।
ਜਦੋਂ ਬੀਬੀਸੀ ਨੇ ਇਸ ਬਾਰੇ ਥਾਣਾ ਇੰਚਾਰਜ ਕ੍ਰਿਸ਼ਨ ਪਾਲ ਸਰੋਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ, "ਦੋਵਾਂ ਖ਼ਿਲਾਫ਼ ਉਸੇ ਦਿਨ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।"
ਮੁਲਜ਼ਮ ਲਕਸ਼ਮੀ ਅਤੇ ਦੇਵੇਂਦਰ ਦਾ ਘਰ ਬਲਾਤਕਾਰ ਪੀੜਤਾ ਦੇ ਘਰ ਤੋਂ ਥੋੜ੍ਹੀ ਦੂਰੀ 'ਤੇ ਹੈ, ਜਿਸ ਨੂੰ ਹਾਲੇ ਵੀ ਤਾਲਾ ਲੱਗਿਆ ਹੋਇਆ ਹੈ।
ਉਨ੍ਹਾਂ ਦੇ ਘਰ ਦੇ ਬਿਲਕੁਲ ਨਾਲ, ਉਨ੍ਹਾਂ ਦੇ ਖ਼ਾਸ ਤੇ ਪਰਿਵਾਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਸਾਡੇ ਨਾਲ ਗੱਲ ਕੀਤੀ।
ਉਹ ਦੱਸਦੇ ਹਨ, "ਪੁਲਿਸ ਉਸ ਨੂੰ ਇੱਕ ਦਿਨ ਫ਼ੜਕੇ ਲੈ ਗਈ ਸੀ, ਪਰ ਅਗਲੇ ਦਿਨ ਛੱਡ ਵੀ ਦਿੱਤਾ ਸੀ। ਹੁਣ ਜਦੋਂ ਮਾਮਲਾ ਵੱਧ ਗਿਆ ਤਾਂ ਪੁਲਿਸ ਨੇ ਉਸ ਨੂੰ ਫਿਰ ਫੜ ਲਿਆ। ਇਨਸਾਫ਼ ਨਾ ਮਿਲਣ ਕਾਰਨ ਉਸ ਸੱਜਣ ਆਦਮੀ ਦੀ ਜਾਨ ਚਲੀ ਗਈ।"
''ਜਿਸ ਦਿਨ ਪਿੰਡ ਵਿੱਚ ਫਾਂਸੀ ਦੀ ਖ਼ਬਰ ਫੈਲੀ ਤਾਂ ਪੂਰੇ ਪਿੰਡ ਨੇ ਇਕੱਠੇ ਹੋ ਕੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ, ਅਸੀਂ ਲਾਸ਼ ਨੂੰ ਉਦੋਂ ਤੱਕ ਹੇਠਾਂ ਨਾ ਲਿਆਉਣ ਦਿੱਤਾ, ਜਦੋਂ ਤੱਕ ਇੱਕ ਸੀਨੀਅਰ ਅਧਿਕਾਰੀ ਨੇ ਆ ਕੇ ਇਨਸਾਫ਼ ਮਿਲਣ ਦਾ ਭਰੋਸਾ ਨਹੀਂ ਦੇ ਦਿੱਤਾ। ਅਸੀਂ ਇਸ ਭਰੋਸੋ ਤੋਂ ਬਾਅਦ ਹੀ ਲਾਸ਼ ਨੂੰ ਦਫ਼ਨਾਇਆ।"
ਦੂਜੇ ਪਾਸੇ ਰੇਪ ਪੀੜਤਾ ਦੇ ਚਾਚਾ ਜੋ ਪਹਿਲੇ ਦਿਨ ਤੋਂ ਪੀੜਤ ਪਰਿਵਾਰ ਦੇ ਨਾਲ ਸਨ, ਉਨ੍ਹਾਂ ਦਾ ਕਹਿਣਾ ਹੈ, ''ਜੇਕਰ ਪੁਲਿਸ ਤਸ਼ੱਦਦ ਨਾ ਕਰਦੀ ਤਾਂ ਉਹ ਕਦੇ ਖੁਦਕੁਸ਼ੀ ਵਰਗਾ ਕਦਮ ਨਾ ਚੁੱਕਦਾ। ਅਸੀਂ ਆਪਣੀ ਧੀ ਨੂੰ ਇਨਸਾਫ ਨਹੀਂ ਦਵਾ ਸਕੇ।"
ਅਹਿਮ ਜਾਣਕਾਰੀ- ਮਾਨਸਿਕ ਸਮੱਸਿਆਵਾਂ ਦਾ ਇਲਾਜ ਦਵਾਈ ਅਤੇ ਥੈਰੇਪੀ ਨਾਲ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਕਿਸੇ ਮਨੋਵਿਗਿਆਨੀ ਦੀ ਮਦਦ ਲੈਣੀ ਚਾਹੀਦੀ ਹੈ, ਤੁਸੀਂ ਇਨ੍ਹਾਂ ਹੈਲਪਲਾਈਨਾਂ 'ਤੇ ਵੀ ਸੰਪਰਕ ਕਰ ਸਕਦੇ ਹੋ-
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ ਹੈਲਪਲਾਈਨ- 1800-599-0019 (13 ਭਾਸ਼ਾਵਾਂ ਵਿੱਚ ਉਪਲਬਧ)
ਇੰਸਟੀਚਿਊਟ ਆਫ਼ ਹਿਊਮਨ ਬੀਹੇਵੀਅਰ ਐਂਡ ਅਲਾਈਡ ਸਾਇੰਸਜ਼-9868396824, 9868396841, 011-22574820
ਹਿਤਗੁਜ਼ ਹੈਲਪਲਾਈਨ, ਮੁੰਬਈ- 022- 24131212
ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸ-080 - 26995000












