ਅਜਮੇਰ ਬਲਾਤਕਾਰ ਮਾਮਲੇ ’ਚ 32 ਸਾਲ ਲੰਬੀ ਕਾਨੂੰਨੀ ਲੜਾਈ ਵਿੱਚ ਸਭ ਕੁਝ ਗੁਆਉਣ ਵਾਲੀ ਸਰਵਾਈਵਰ ਦੀ ਕਹਾਣੀ

ਤਸਵੀਰ ਸਰੋਤ, PUNEET BARNALA/BBC
- ਲੇਖਕ, ਮੋਹਰ ਸਿੰਘ ਮੀਣਾ
- ਰੋਲ, ਬੀਬੀਸੀ ਸਹਿਯੋਗੀ
“ਮੈਂ ਉਸ ਸਮੇਂ 18 ਸਾਲ ਦੀ ਸੀ ਅਤੇ ਗਾਣੇ ਦੀ ਕੈਸੇਟ ਲੈਣ ਬਾਜ਼ਾਰ ਗਈ ਸੀ। ਮੈਨੂੰ ਯਾਦ ਹੈ ਕਿ ਉਸ ਸਮੇਂ ਦੁਪਹਿਰ ਦੇ 12 ਵਜ ਰਹੇ ਸੀ। ਉਹ ਮੇਰਾ ਗੁਆਂਢੀ ਸੀ ਅਤੇ ਮੈਨੂੰ ਜਾਣਦਾ ਸੀ। ਉਸ ਨੇ ਮੇਰੇ ਹੱਥ ’ਚੋਂ ਦੋਵੇਂ ਕੈਸੇਟਾਂ ਖੋਹ ਲਈਆਂ ਅਤੇ ਭੱਜਣ ਲੱਗਾ। ਭੱਜਦੇ-ਭੱਜਦੇ ਅਸੀਂ ਇੱਕ ਖੰਡਰ ਤੱਕ ਜਾ ਪਹੁੰਚੇ।
ਇਸ ਖੰਡਰ ਵਿੱਚ ਸੱਤ-ਅੱਠ ਲੋਕ ਪਹਿਲਾਂ ਤੋਂ ਮੌਜੂਦ ਸੀ। ਉਨ੍ਹਾਂ ਨੇ ਮੇਰਾ ਮੂੰਹ ਤੇ ਦੋਵੇਂ ਹੱਥ ਬੰਨ੍ਹ ਦਿੱਤੇ।”
“ਉਨ੍ਹਾਂ ਸਾਰਿਆਂ ਨੇ ਮੇਰਾ ਬਲਾਤਕਾਰ ਕੀਤਾ ਅਤੇ ਮੇਰੀਆਂ ਨਗਨ ਤਸਵੀਰਾਂ ਖਿੱਚੀਆਂ। ਬਲਾਤਕਾਰ ਕਰਨ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਦੋ ਸੌ ਰੁਪਏ ਦਿੰਦਿਆਂ ਕਿਹਾ ਕਿ ਲਿਪਸਟਿਕ-ਪਾਊਡਰ ਖਰੀਦ ਲਈ। ਮੈਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ।”
“ਉਸ ਖੰਡਰ ਵਿੱਚ ਦੋ ਰਾਹ ਸਨ, ਉਨ੍ਹਾਂ ਨੇ ਮੈਨੂੰ ਦੂਜੇ ਦਰਵਾਜ਼ੇ ਤੋਂ ਬਾਹਰ ਕੱਢ ਦਿੱਤਾ। ਉਸ ਸਮੇਂ ਸ਼ਾਮ ਦੇ ਚਾਰ ਵਜ ਚੁੱਕੇ ਸੀ।”
ਇਸ ਬਾਰੇ ਦੱਸਦੇ ਹੋਏ ਸੰਜਨਾ (ਬਦਲਿਆ ਹੋਇਆ ਨਾਮ) ਦੀਆਂ ਅੱਖਾਂ ਭਰ ਗਈਆਂ। ਸੰਜਨਾ ਦੇ ਹੱਥ ਕੰਬ ਰਹੇ ਸੀ ਅਤੇ ਨਜ਼ਰਾਂ ਝੁੱਕੀਆਂ ਹੋਈਆਂ ਸਨ।
ਸੰਜਨਾ ਉਨ੍ਹਾਂ 16 ਸਰਵਾਈਵਰਜ਼ ’ਚੋਂ ਇੱਕ ਹੈ, ਜਿਨ੍ਹਾਂ ਦਾ ਰਾਜਸਥਾਨ ਦੇ ਅਜਮੇਰ ਵਿੱਚ 1992 ’ਚ ਬਲਾਤਕਾਰ ਕੀਤਾ ਗਿਆ ਸੀ।
ਬਲਾਤਕਾਰ ਕਰਨ ਵਾਲਿਆਂ ਨੇ ਇਨ੍ਹਾਂ ਲੜਕੀਆਂ ਨੂੰ ਕਈ ਦਿਨਾਂ ਤੱਕ ਬਲੈਕਮੇਲ ਕੀਤਾ। ਸ਼ਹਿਰ ਵਿੱਚ ਲੜਕੀਆਂ ਦੀਆਂ ਤਸਵੀਰਾਂ ਨੂੰ ਵੰਡਿਆ ਜਾਣ ਲੱਗਾ।
ਇਨ੍ਹਾਂ ਤਸਵੀਰਾਂ ਦਾ ਪ੍ਰਿੰਟ ਲੈਬ ਤੋਂ ਕੱਢਿਆ ਗਿਆ ਸੀ। ਤਸਵੀਰਾਂ ਇਥੋਂ ਹੀ ਲੀਕ ਹੋਈਆਂ ਸਨ।

ਮਾਮਲੇ ਦਾ ਪਤਾ ਕਿਵੇਂ ਲੱਗਿਆ
1992 ਦੇ ਅਪਰੈਲ-ਮਈ ਮਹੀਨੇ ਵਿੱਚ ਦੈਨਿਕ ਨਵਜਯੋਤੀ ਨਾਮ ਦੇ ਅਖਬਾਰ ਨੇ ਇਸ ਮਾਮਲੇ ਨੂੰ ਉਜਾਗਰ ਕੀਤਾ ਅਤੇ ਖਬਰਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਸੇ ਅਖਬਾਰ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਸੰਤੋਸ਼ ਗੁਪਤਾ ਬੀਬੀਸੀ ਹਿੰਦੀ ਨੂੰ ਕਹਿੰਦੇ ਹਨ,“ਖਬਰਾਂ ਛੱਪਣ ਤੋਂ ਕਈ ਮਹੀਨੇ ਪਹਿਲਾਂ ਤੋਂ ਇਹ ਬਲੈਕਮੇਲ ਕਰਨ ਦੀ ਖੇਡ ਚੱਲ ਰਹੀ ਸੀ। ਜਿਸ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਤੰਤਰ ਤੋਂ ਲੈ ਕੇ ਖੁਫੀਆ ਵਿਭਾਗ ਅਤੇ ਸੂਬਾ ਸਰਕਾਰ ਤੱਕ ਪਹੁੰਚ ਚੁੱਕੀ ਸੀ ਪਰ ਸਾਰੇ ਚੁੱਪ ਸੀ।”
ਸੂਬੇ ਦੀ ਤਤਕਾਲੀ ਭੈਰੋ ਸਿੰਘ ਸ਼ੇਖਾਵਤ ਸਰਕਾਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸੀਆਈਡੀ-ਕ੍ਰਾਈਮ ਬਰਾਂਚ ਨੂੰ ਸੌਂਪੀ।
ਹਾਲ ਹੀ ਵਿੱਚ ਅਜਮੇਰ ਦੀ ਸਪੈਸ਼ਲ ਪੋਕਸੋ ਕੋਰਟ ਨੇ ਇਸ ਮਾਮਲੇ ਵਿੱਚ ਨਫੀਸ ਚਿਸ਼ਤੀ, ਨਸ਼ੀਮ ਉਰਫ ਟਾਰਜਨ, ਸਲੀਮ ਚਿਸ਼ਤੀ, ਇਕਬਾਲ ਭਾਟੀ, ਸੋਹੇਲ ਗਨੀ ਅਤੇ ਸਈਅਦ ਜ਼ਮੀਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਪੰਜ-ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ।
ਇਸ ਮਾਮਲੇ ਦੇ 18 ਦੋਸ਼ੀਆਂ ’ਚੋਂ ਕੁਝ ਫਰਾਰ ਹਨ। ਇਕ ਨੇ ਖੁਦਕੁਸ਼ੀ ਕਰ ਲਈ, ਇੱਕ ’ਤੇ ਬਲਾਤਕਾਰ ਦਾ ਕੇਸ ਹੈ। ਬਾਕੀ ਸਜ਼ਾ ਪੂਰੀ ਕਰ ਚੁੱਕੇ ਹਨ ਤੇ ਕੁਝ ਜੇਲ੍ਹ ਵਿੱਚ ਹਨ।
ਜੋ ਗੁਆਂਢੀ ਸੰਜਨਾ ਨੂੰ ਖੰਡਰ ਤੱਕ ਲੈ ਕੇ ਗਿਆ ਸੀ, ਉਸ ਦਾ ਨਾਮ ਕੈਲਾਸ਼ ਸੋਨੀ ਸੀ ਅਤੇ ਕੋਰਟ ਨੇ ਇਸ ਮਾਮਲੇ ’ਚ ਉਨ੍ਹਾਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਇਸ ਮਾਮਲੇ ਵਿੱਚ ਸਰਕਾਰੀ ਵਕੀਲ ਵਰੇਂਦਰ ਸਿੰਘ ਰਾਠੌੜ ਦੱਸਦੇ ਹਨ,“ਕੈਲਾਸ਼ ਸੋਨੀ ਨੂੰ ਹੇਠਲੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਕਰੀਬ ਅੱਠ ਸਾਲ ਜੇਲ੍ਹ ਵਿੱਚ ਵੀ ਰਹੇ। ਪਰ ਹਾਈ ਕੋਰਟ ਨੇ ਉਸ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਸੀ।”

ਤਸਵੀਰ ਸਰੋਤ, PUNEET BARNALA/BBC
ਸੰਜਨਾ ਕਹਿੰਦੀ ਹੈ ਕਿ ਉਹ ਇੱਕ ਗਰੀਬ ਪਰਿਵਾਰ ਤੋਂ ਸੀ ਅਤੇ ਉਹ ਲੋਕ ਕਾਫੀ ਰਸੂਖ ਵਾਲੇ ਸਨ। ਇਹ ਇੱਕ ਲੰਬੀ ਲੜਾਈ ਸੀ, ਨਿਆਂ ਮਿਲਿਆ ਪਰ ਦੇਰੀ ਨਾਲ।
ਇਸ ਤੋਂ ਬਾਅਦ ਸੰਜਨਾ ਭੂਬਾਂ ਮਾਰ-ਮਾਰ ਰੋਣ ਲੱਗੀ। ਇਸ ਵਿਚਾਲੇ ਸੰਜਨਾ ਦੇ ਮਾਤਾ-ਪਿਤਾ, ਭਾਈ-ਭਾਬੀ ਦੀ ਮੌਤ ਹੋ ਗਈ ਹੈ।
ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਇਸ ਘਟਨਾ ਦੇ ਬਾਰੇ ਨਹੀਂ ਦੱਸਿਆ ਸੀ।
ਉਹ ਸਹਿਮੀ ਆਵਾਜ਼ ਵਿੱਚ ਕਹਿੰਦੀ ਹੈ,“ਉਨ੍ਹਾਂ ਨੇ ਮੈਨੂੰ ਬਹੁਤ ਡਰਾਇਆ, ਧਮਕਾਇਆ ਅਤੇ ਕਿਹਾ ਕਿ ਜੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਨ੍ਹਾਂ ਨੂੰ ਮਾਰ ਦੇਵਾਂਗੇ।”
ਪਰ ਪਰਿਵਾਰ ਤੱਕ ਇਹ ਜਾਣਕਾਰੀ ਪਹੁੰਚ ਹੀ ਗਈ।
ਸੰਜਨਾ ਕਹਿੰਦੀ ਹੈ,“ਧਮਕੀਆਂ ਤੋਂ ਡਰ ਗਈ ਸੀ। ਕਦੇ ਕਿਸੇ ਨਾਲ ਜ਼ਿਕਰ ਨਹੀਂ ਕੀਤਾ। ਪਰ ਘਟਨਾ ਦੇ ਕਰੀਬ ਤਿੰਨ ਸਾਲ ਬਾਅਦ ਪੁਲਿਸ ਵਾਲੇ ਪੁੱਛਦੇ ਹੋਏ ਘਰ ਆ ਗਏ। ਉਸ ਸਮੇਂ ਪਰਿਵਾਰ ਨੂੰ ਪਹਿਲੀ ਵਾਰ ਪਤਾ ਲੱਗਿਆ।”
ਖੁਦ ਦੀ ਅਤੇ ਪਰਿਵਾਰ ਦਾ ਦੁਖੜਾ ਸੁਣਾਉਂਦੇ ਹੋਏ ਉਨ੍ਹਾਂ ਦਾ ਰੰਗ ਫਿੱਕਾ ਪੈ ਗਿਆ ਸੀ।
ਉਨ੍ਹਾਂ ਦਾ ਪਰਿਵਾਰ ਚੁੱਪ ਰਿਹਾ ਕਿਉਂਕਿ ਰਸੂਖਦਾਰਾਂ ਦੇ ਸਾਹਮਣੇ ਖੜ੍ਹੇ ਹੋਣ ਦੀ ਸਾਡੀ ਹਿੰਮਤ ਨਹੀਂ ਸੀ। ਇਨਸਾਫ ਦੀ ਤਾਂ ਉਮੀਦ ਨਹੀਂ ਸੀ।
ਪਰ ਫਿਰ ਸਮਾਜ ਸੇਵੀ ਸੰਸਥਾਵਾਂ ਅਤੇ ਕੁਝ ਪੁਲਿਸ ਕਰਮੀਆਂ ਨੇ ਸਮਝਾਇਆ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਨ੍ਹਾਂ ਨੂੰ ਗਵਾਹੀ ਦੇਣੀ ਚਾਹੀਦੀ ਹੈ।
ਸਰਕਾਰੀ ਵਕੀਲ ਵਰੇਂਦਰ ਸਿੰਘ ਰਾਠੌੜ ਕਹਿੰਦੇ ਹਨ,“32 ਸਾਲ ਚੱਲੇ ਇਸ ਮਾਮਲੇ ਵਿੱਚ ਇਨਸਾਫ ਦਿਵਾਉਣ ਲਈ ਸੰਜਨਾ ਨੇ ਅਹਿਮ ਭੂਮਿਕਾ ਨਿਭਾਈ। ਇਸ ਮਾਮਲੇ ਵਿੱਚ ਤਿੰਨ ਸਰਵਾਈਵਰ ਗਵਾਹ ਬਣੀਆਂ ਸਨ, ਜਿਨ੍ਹਾਂ ਵਿੱਚੋਂ ਉਹ ਇੱਕ ਸੀ।”

ਤਸਵੀਰ ਸਰੋਤ, PUNEET BARNALA/BBC
ਜਦੋਂ ਪਤੀ ਨੇ ਤਲਾਕ ਦਿੱਤਾ
ਇਸ ਦਰਮਿਆਨ ਸੰਜਨਾ ਦੀ ਜ਼ਿੰਦਗੀ ਚਲਦੀ ਰਹੀ।
ਘਟਨਾ ਤੋਂ ਕਰੀਬ ਚਾਰ ਸਾਲ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ।
ਸੰਜਨਾ ਇਸ ਰਿਸ਼ਤੇ ਨੂੰ ਪੂਰੇ ਵਿਸ਼ਵਾਸ ਅਤੇ ਸੱਚਾਈ ਨਾਲ ਸ਼ੁਰੂ ਕਰਨਾ ਚਾਹੁੰਦੀ ਸੀ ਅਤੇ ਆਪਣੇ ਪਤੀ ਤੋਂ ਇਸ ਘਟਨਾ ਨੂੰ ਲੁਕਾਉਣਾ ਨਹੀਂ ਸਨ ਚਾਹੁੰਦੇ।
ਉਹ ਕਹਿੰਦੀ ਹੈ, “ਮੇਰਾ ਵਿਆਹ ਸ਼ਹਿਰ ਦੇ ਨੇੜੇ ਹੀ ਹੋਇਆ ਸੀ। ਸਿਰਫ਼ ਚਾਰ ਦਿਨ ਹੀ ਹੋਏ ਸਨ ਅਤੇ ਹੱਥਾਂ ਦੀ ਮਹਿੰਦੀ ਦਾ ਰੰਗ ਫਿੱਕਾ ਨਹੀਂ ਪਿਆ ਸੀ। ਉਹ ਸਭ ਕੁਝ ਸੁਣ ਕੇ ਕੁਝ ਨਾ ਬੋਲਿਆ। ਪਰ ਅਗਲੀ ਸਵੇਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਤੇਰੇ ਮਾਪਿਆਂ ਦੇ ਘਰ ਲੈ ਕੇ ਜਾਵਾਂਗਾ।”
“ਧੋਖੇ ਨਾਲ ਉਹ ਮੈਨੂੰ ਆਪਣੇ ਘਰ ਲੈ ਆਇਆ ਅਤੇ ਮੈਨੂੰ ਤਲਾਕ ਦੇ ਦਿੱਤਾ।”
ਇੰਝ ਮਹਿਸੂਸ ਹੋਇਆ ਜਿਵੇਂ ਇੱਕ ਵਾਰ ਫਿਰ ਮੇਰੀ ਵਸੀ ਵਸਾਈ ਦੁਨੀਆਂ ਲੁੱਟੀ ਗਈ ਹੋਵੇ।
ਸੰਜਨਾ ਨੇ ਵੀ ਸਮੇਂ ਦੇ ਨਾਲ ਆਪਣੇ ਆਪ ਨੂੰ ਸੰਭਾਲਿਆ ਅਤੇ ਚਾਰ ਸਾਲ ਗੁਜ਼ਾਰ ਦਿੱਤੇ।
ਇਸ ਮਾਮਲੇ ਦੀ ਅਦਾਲਤੀ ਕਾਰਵਾਈ ਵੀ ਨਾਲੋ-ਨਾਲ ਚੱਲਣ ਲੱਗੀ।
ਜਿਸ ਕਮਰੇ ਵਿੱਚ ਅਸੀਂ ਸੰਜਨਾ ਨਾਲ ਗੱਲ ਕਰ ਰਹੇ ਸੀ, ਉਸ ਕਮਰੇ ਦੀ ਕੰਧ 'ਤੇ ਕਈ ਤਸਵੀਰਾਂ ਟੰਗੀਆਂ ਹੋਈਆਂ ਸਨ।
ਇੱਕ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਸੰਜਨਾ ਕਹਿੰਦੀ ਹੈ, "ਜਦੋਂ ਮੈਂ 28 ਸਾਲ ਦੀ ਹੋਈ ਤਾਂ ਪਰਿਵਾਰ ਨੇ ਮੇਰਾ ਦੂਜਾ ਵਿਆਹ ਇਨ੍ਹਾਂ ਨਾਲ ਕਰਵਾਇਆ, ਮੈਂ ਉਸਦੀ ਤੀਜੀ ਪਤਨੀ ਸੀ।"
“ਕੁਝ ਸਮੇਂ ਬਾਅਦ ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ। ਇੰਝ ਲੱਗਦਾ ਸੀ ਜਿਵੇਂ ਜ਼ਿੰਦਗੀ ਦੀ ਸ਼ੁਰੂਆਤ ਹੀ ਹੋਈ ਹੋਵੇ।”
ਉਹ ਕਹਿੰਦੀ ਹੈ, "ਬਾਹਰ ਕਿਤੋਂ ਮੇਰੇ ਦੂਜੇ ਪਤੀ ਨੂੰ ਪਤਾ ਲੱਗਿਆ ਕਿ ਮੇਰੇ ਨਾਲ ਕੀ ਹੋਇਆ ਹੈ। ਇਸ ਤੋਂ ਬਾਅਦ ਉਸ ਨੇ ਮੈਨੂੰ ਤਲਾਕ ਦੇ ਦਿੱਤਾ ਅਤੇ ਮੇਰਾ 10 ਮਹੀਨਿਆਂ ਦਾ ਬੱਚਾ ਵੀ ਮੇਰੇ ਕੋਲੋਂ ਖੋਹ ਲਿਆ।”
ਕਮਰੇ ਵਿੱਚ ਰੱਖੀ ਆਪਣੇ ਬੱਚੇ ਦੀ ਫੋਟੋ ਉੱਤੇ ਹੱਥ ਫ਼ੇਰਦਿਆਂ ਉਹ ਕਹਿੰਦੀ ਹੈ, “ਉਹ ਹੁਣ 22 ਸਾਲਾਂ ਦਾ ਹੈ। ਭਾਰਤ ਤੋਂ ਬਾਹਰ ਕਿਸੇ ਦੇਸ਼ ਵਿੱਚ ਰਹਿੰਦਾ ਹੈ। ਉਹ ਸਿਰਫ਼ ਨਾਮ ਵਿੱਚ ਹੀ ਮੇਰਾ ਪੁੱਤਰ ਹੈ।”

ਤਸਵੀਰ ਸਰੋਤ, PUNEET BARNALA/BBC
'ਮੁਫ਼ਤ ਰਾਸ਼ਨ ਸਹਾਰੇ ਦਿਨ ਲੰਘ ਰਹੇ ਹਨ'
ਸੰਜਨਾ ਇਸ ਸਮੇਂ ਕਿਰਾਏ ਦੇ ਕਮਰੇ ਵਿੱਚ ਰਹਿੰਦੀ ਹੈ ਅਤੇ ਸੀਮਤ ਸਾਧਨਾਂ ਨਾਲ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੀ ਹੈ।
ਉਹ ਕਹਿੰਦੀ ਹੈ, "ਅਸੀਂ ਪੈਨਸ਼ਨ ਅਤੇ ਮੁਫ਼ਤ ਰਾਸ਼ਨ ਸਹਾਰੇ ਆਪਣੇ ਦਿਨ ਕੱਟ ਰਹੇ ਹਾਂ।"
ਪੈਸਾ ਕਮਾਉਣ ਦਾ ਉਨ੍ਹਾਂ ਕੋਲ ਕੋਈ ਜ਼ਰੀਆ ਨਹੀਂ ਹੈ।
ਉਹ ਜ਼ਿਆਦਾ ਬਾਹਰ ਨਹੀਂ ਨਿਕਲਦੀ ਅਤੇ ਵਧਦੀ ਉਮਰ ਦੇ ਨਾਲ-ਨਾਲ ਬਿਮਾਰੀਆਂ ਨੇ ਵੀ ਉਨ੍ਹਾਂ ਨੂੰ ਘੇਰਿਆ ਹੋਇਆ ਹੈ।
ਉਸ ਘਟਨਾ ਤੋਂ ਬਾਅਦ ਤੁਹਾਡੇ ਦਿਮਾਗ ਵਿੱਚ ਕੀ ਰਹਿੰਦਾ ਹੈ? ਇਹ ਸਵਾਲ ਉਸ ਲਈ 32 ਸਾਲਾਂ ਦੀ ਕਹਾਣੀ ਦੱਸਣ ਵਾਂਗ ਸੀ।
ਉਹ ਕਹਿੰਦੀ ਹੈ, “ਮੈਂ ਬਹੁਤ ਛੋਟੀ ਸੀ, ਮੈਨੂੰ ਕੁਝ ਸਮਝ ਨਹੀਂ ਸੀ। ਉਸ ਸਮੇਂ ਮੈਨੂੰ ਸਮਝ ਹੀ ਨਹੀਂ ਆਇਆ ਕਿ ਕੀ ਹੋ ਗਿਆ ਹੈ।”
“ਇਹ ਗੱਲ ਹਮੇਸ਼ਾ ਮੇਰੇ ਦਿਮਾਗ ਵਿੱਚ ਰਹਿੰਦੀ ਹੈ ਕਿ ਮੇਰੇ ਨਾਲ ਅਜਿਹਾ ਕਿਉਂ ਹੋਇਆ।”
ਉਹ ਬੜੇ ਦੁੱਖ ਨਾਲ ਕਹਿੰਦੀ ਹੈ, “32 ਸਾਲਾਂ ਵਿੱਚ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਜਦੋਂ ਮੈਨੂੰ ਗਵਾਹੀ ਦੇਣ ਲਈ ਅਦਾਲਤ ਵਿਚ ਜਾਣਾ ਪੈਂਦਾ ਸੀ, ਤਾਂ ਮੇਰੇ ਚਾਚਾ ਮੈਨੂੰ ਨਾਲ ਲੈ ਕੇ ਜਾਂਦੇ ਸਨ, ਉਹ ਹੀ ਸਨ ਜੋ ਮੈਨੂੰ ਪਹਿਲੀ ਪੇਸ਼ੀ 'ਤੇ ਅਦਾਲਤ ਵਿੱਚ ਲੈ ਗਏ ਸਨ। ਪਰ ਫਿਰ ਉਨ੍ਹਾਂ ਦੀ ਮੌਤ ਹੋ ਗਈ।”
“ਸਾਲ 2015 ਵਿੱਚ, ਮੈਨੂੰ ਬਿਆਨਾਂ ਲਈ ਅਦਾਲਤ ਵਿੱਚ ਬੁਲਾਇਆ ਗਿਆ ਸੀ।”
“ਅਦਾਲਤ ਦੇ ਕਾਗ਼ਜ਼ ਲੈ ਕੇ ਆਉਣ ਵਾਲੇ ਪੁਲਿਸ ਵਾਲੇ ਨੂੰ ਮੈਂ ਕਿਹਾ ਕਿ ਮੈਂ ਕਿਸੇ ਨਾਲ ਆਵਾਂ, ਕੋਈ ਨਹੀਂ ਹੈ ਮੈਨੂੰ ਅਦਾਲਤ ਤੱਕ ਲੈ ਕੇ ਆਉਣ ਵਾਲਾ।”
“ਫਿਰ ਉਹ ਪੁਲਿਸ ਵਾਲਾ ਹੀ ਸੀ ਜੋ ਮੈਨੂੰ ਬਿਆਨਾਂ ਲਈ ਅਦਾਲਤ ਲੈ ਗਿਆ ਸੀ।”
ਅਚਾਨਕ ਉਹ ਫਿਰ ਭਾਵੁਕ ਹੋ ਜਾਂਦੀ ਹੈ ਅਤੇ ਕਹਿੰਦੀ ਹੈ, “ਮੈਂ ਇਨ੍ਹਾਂ ਸਾਲਾਂ ਵਿੱਚ ਬਹੁਤ ਦੁੱਖ ਦੇਖੇ ਹਨ, ਮੈਂ ਆਪਣੇ ਪਿਆਰਿਆਂ ਨੂੰ ਵਿਛੜਦਿਆਂ ਅਤੇ ਮਰਦੇ ਹੋਏ ਦੇਖਿਆ ਹੈ।”
“ਹੁਣ ਬਾਕੀ ਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਗੁਜ਼ਾਰਨੀ ਹੈ। ਕੋਈ ਕੀ ਕਰ ਸਕਦਾ ਹੈ, ਜੋ ਕਿਸਮਤ ਵਿੱਚ ਲਿਖਿਆ ਹੋਵੇ।
ਇੰਨੀ ਲੰਬੀ ਲੜਾਈ ਲੜਨ ਦੀ ਹਿੰਮਤ ਕਿੱਥੋਂ ਆਈ?
ਇਸ ਸਵਾਲ 'ਤੇ ਸੰਜਨਾ ਕਹਿੰਦੀ ਹੈ, ''ਮੀਡੀਆ ਨੇ ਲੜਾਈ ਲੜੀ ਹੈ।
“ਉਨ੍ਹਾਂ ਤੋਂ ਹੀ ਮੈਨੂੰ ਹੌਸਲਾ ਮਿਲਦਾ ਸੀ, ਉੱਥੇ ਮੇਰੇ ਤੋਂ ਅਦਾਲਤ ਵਿੱਚ ਬਹੁਤ ਸਵਾਲ ਪੁੱਛੇ ਜਾਂਦੇ ਸੀ ਅਤੇ ਮੈਂ ਜਵਾਬ ਦਿੰਦੀ ਸੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












