ਹਨੀਮੂਨ 'ਤੇ ਗਏ ਜੋੜੇ ਨਾਲ ਕੀ ਵਾਪਰਿਆ, ਪਤੀ ਦੀ ਮਿਲੀ ਲਾਸ਼, ਪਤਨੀ ਪੁਲਿਸ ਹਿਰਾਸਤ ਵਿੱਚ

ਰਾਜਾ ਰਘੂਵੰਸ਼ੀ ਅਤੇ ਸੋਨਮ

ਤਸਵੀਰ ਸਰੋਤ, Sameer Khan/BBC Hindi

ਤਸਵੀਰ ਕੈਪਸ਼ਨ, ਇੰਦੌਰ ਦੇ ਰਾਜਾ ਰਘੂਵੰਸ਼ੀ ਅਤੇ ਸੋਨਮ ਆਪਣੇ ਹਨੀਮੂਨ ਲਈ ਮੇਘਾਲਿਆ ਗਏ ਸਨ, ਪਰ ਉਹ 23 ਮਈ ਨੂੰ ਲਾਪਤਾ ਹੋ ਗਏ

ਇੰਦੌਰ ਦੇ ਲਾਪਤਾ ਜੋੜੇ ਦੇ ਮਾਮਲੇ ਵਿੱਚ, ਮੇਘਾਲਿਆ ਪੁਲਿਸ ਨੇ ਕਿਹਾ ਹੈ ਕਿ ਮ੍ਰਿਤਕ ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ ਰਘੂਵੰਸ਼ੀ ਨੇ ਆਤਮ ਸਮਰਪਣ ਕਰ ਦਿੱਤਾ ਹੈ ਜਦਕਿ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੇਘਾਲਿਆ ਪੁਲਿਸ ਦਾ ਦਾਅਵਾ ਹੈ ਕਿ ਸੋਨਮ ਰਘੂਵੰਸ਼ੀ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਆਤਮ ਸਮਰਪਣ ਕੀਤਾ ਹੈ।

ਇਸ ਦੇ ਨਾਲ ਹੀ, ਸੋਨਮ ਰਘੂਵੰਸ਼ੀ ਦੇ ਪਿਤਾ ਦੇਵੀ ਸਿੰਘ ਨੇ ਮੇਘਾਲਿਆ ਪੁਲਿਸ 'ਤੇ ਉਨ੍ਹਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਆਪਣੀ ਦੀ ਧੀ ਸੋਨਮ ਨੂੰ ਬੇਕਸੂਰ ਦੱਸਿਆ ਹੈ।

ਸੋਮਵਾਰ ਸਵੇਰੇ, ਮੇਘਾਲਿਆ ਦੇ ਮੁੱਖ ਮੰਤਰੀ ਕਾਨਰਾਡ ਸੰਗਮਾ ਨੇ ਐਕਸ 'ਤੇ ਪੋਸਟ ਕਰਦਿਆਂ ਇੰਦੌਰ ਤੋਂ ਲਾਪਤਾ ਜੋੜੇ ਨਾਲ ਸਬੰਧਤ ਮਾਮਲੇ ਬਾਰੇ ਨਵੀਂ ਜਾਣਕਾਰੀ ਦਿੱਤੀ ਸੀ।

ਉਨ੍ਹਾਂ ਆਪਣੇ ਐਕਸ ਅਕਾਊਂਟ 'ਤੇ ਲਿਖਿਆ, "ਸਿਰਫ 7 ਦਿਨਾਂ ਦੇ ਅੰਦਰ ਹੀ ਰਾਜਾ ਕਤਲ ਮਾਮਲੇ ਵਿੱਚ ਮੇਘਾਲਿਆ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।"

"ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਤਿੰਨ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਇੱਕ ਮਹਿਲਾ ਨੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਇੱਕ ਹੋਰ ਹਮਲਾਵਰ ਨੂੰ ਫੜਨ ਲਈ ਕਾਰਵਾਈ ਅਜੇ ਵੀ ਜਾਰੀ ਹੈ।"

ਮੇਘਾਲਿਆ ਅਤੇ ਇੰਦੌਰ ਪੁਲਿਸ ਨੇ ਕੀ ਕਿਹਾ?

ਰਾਜਾ ਰਘੂਵੰਸ਼ੀ

ਤਸਵੀਰ ਸਰੋਤ, Sameer Khan/BBC Hindi

ਤਸਵੀਰ ਕੈਪਸ਼ਨ, 11 ਦਿਨਾਂ ਬਾਅਦ, 2 ਜੂਨ ਨੂੰ ਰਾਜਾ ਦੀ ਲਾਸ਼ ਇੱਕ ਗਹਿਰੀ ਖੱਡ 'ਚੋਂ ਮਿਲੀ ਸੀ ਪਰ ਸੋਨਮ ਲਾਪਤਾ ਸੀ

ਗੁਵਾਹਾਟੀ ਵਿੱਚ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਦਿਲੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੇਘਾਲਿਆ ਦੇ ਪੁਲਿਸ ਡਾਇਰੈਕਟਰ ਜਨਰਲ ਇਦਾਸ਼ੀਸ਼ਾ ਨੋਂਗਰਾਂਗ ਨੇ ਕਿਹਾ ਹੈ ਕਿ (ਮ੍ਰਿਤਕ ਦੀ) ਪਤਨੀ ਸੋਨਮ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੱਥੇ ਉਸਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਰਾਤ ਭਰ ਦੀ ਛਾਪੇਮਾਰੀ ਦੌਰਾਨ ਤਿੰਨ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਡੀਜੀਪੀ ਦੇ ਅਨੁਸਾਰ, "ਇੱਕ ਵਿਅਕਤੀ ਨੂੰ ਉੱਤਰ ਪ੍ਰਦੇਸ਼ ਤੋਂ ਫੜਿਆ ਗਿਆ ਸੀ, ਅਤੇ ਦੋ ਹੋਰ ਮੁਲਜ਼ਮਾਂ ਨੂੰ ਐਸਆਈਟੀ ਨੇ ਇੰਦੌਰ ਤੋਂ ਫੜਿਆ ਹੈ। ਸੋਨਮ ਨੇ ਨੰਦਗੰਜ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕੀਤਾ ਅਤੇ ਬਾਅਦ ਵਿੱਚ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।"

ਦੂਜੇ ਪਸੇ, ਇੰਦੌਰ ਵਿੱਚ ਬੀਬੀਸੀ ਦੇ ਸਹਾਇਕ ਪੱਤਰਕਾਰ ਸਮੀਰ ਖਾਨ ਨੇ ਦੱਸਿਆ ਹੈ ਕਿ ਇੰਦੌਰ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸੋਨਮ ਰਘੂਵੰਸ਼ੀ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਇੱਕ ਢਾਬੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੰਦੌਰ ਦੇ ਪੁਲਿਸ ਕਮਿਸ਼ਨਰ ਸੰਤੋਸ਼ ਸਿੰਘ ਨੇ ਦੱਸਿਆ ਕਿ ਇੰਦੌਰ ਅਤੇ ਮੇਘਾਲਿਆ ਪੁਲਿਸ ਨੇ ਮਿਲ ਕੇ ਲਾਪਤਾ ਰਾਜਾ ਅਤੇ ਸੋਨਮ ਨੂੰ ਲੱਭਣ ਲਈ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ ਸੀ।

ਇੰਦੌਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਪਛਾਣ ਵੀ ਜ਼ਾਹਿਰ ਕਰ ਦਿੱਤੀ ਗਈ ਹੈ।

ਇੰਦੌਰ ਪੁਲਿਸ ਦੇ ਅਡੀਸ਼ਨਲ ਡੀਸੀਪੀ ਕ੍ਰਾਈਮ ਰਾਜੇਸ਼ ਡਿੰਡੌਤਿਆ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਤਿੰਨ ਮੁਲਜ਼ਮ ਫੜੇ ਗਏ ਨੇ ਜਦਕਿ ਇੱਕ ਦੀ ਤਲਾਸ਼ ਹੈ।

ਉਨ੍ਹਾਂ ਨੇ ਕਿਹਾ," ਸ਼ਿਲੌਂਗ ਪੁਲਿਸ ਨੇ ਕੱਲ੍ਹ ਸ਼ਾਮ ਇੰਦੌਰ ਪੁਲਿਸ ਨਾਲ ਸੰਪਰਕ ਕੀਤਾ ਅਤੇ ਇੱਕ ਸਾਂਝਾ ਅਭਿਆਨ ਚਲਾਇਆ ਜਿਸ ਵਿੱਚ ਤਿੰਨ ਸ਼ੱਕੀ ਫੜੇ ਗਏ। ਤਿੰਨ ਸ਼ੱਕੀਆਂ ਦੇ ਨਾਮ ਰਾਜ ਕੁਸ਼ਵਾਹਾ, ਵਿਸ਼ਾਲ ਚੌਹਾਨ ਅਤੇ ਆਕਾਸ਼ ਰਾਜਪੂਤ ਹੈ। ਜਿਨ੍ਹਾਂ ਵਿੱਚੋਂ ਦੋ ਇੰਦੌਰ ਤੋਂ ਅਤੇ ਇੱਕ ਆਲੇ-ਦੁਆਲੇ ਦੇ ਇਲਾਕੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਸ਼ਿਲੌਂਗ ਪੁਲਿਸ ਤਿੰਨਾਂ ਤੋਂ ਪੁੱਛਗਿੱਛ ਕਰ ਰਹੀ ਹੈ।"

ਯੂਪੀ ਪੁਲਿਸ ਨੇ ਸੋਨਮ ਬਾਰੇ ਕੀ ਦੱਸਿਆ

ਇੰਦੌਰ ਦੇ ਲਾਪਤਾ ਜੋੜੇ ਦਾ ਮਾਮਲਾ

ਸੋਨਮ ਰਘੂਵੰਸ਼ੀ ਬਾਰੇ ਉੱਤਰ ਪ੍ਰਦੇਸ਼ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਅਮਿਤਾਭ ਯਸ਼ ਨੇ ਖ਼ਬਰ ਏਜੰਸੀ ਏਐਨਆਈ ਨੂੰ ਇੱਕ ਬਿਆਨ ਦਿੱਤਾ ਹੈ।

ਇਸ ਵਿੱਚ ਉਨ੍ਹਾਂ ਕਿਹਾ, "ਸੋਨਮ ਰਘੂਵੰਸ਼ੀ ਨੇ ਸਵੇਰੇ ਲਗਭਗ 3 ਵਜੇ ਆਪਣੇ ਪਰਿਵਾਰ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਬਨਾਰਸ-ਗਾਜ਼ੀਪੁਰ ਮੁੱਖ ਸੜਕ 'ਤੇ ਸਥਿਤ ਕਾਸ਼ੀ ਢਾਬੇ 'ਤੇ ਮੌਜੂਦ ਹੈ। ਇਹ ਜਾਣਕਾਰੀ ਸੋਨਮ ਰਘੂਵੰਸ਼ੀ ਦੇ ਪਰਿਵਾਰ ਨੇ ਇੰਦੌਰ ਪੁਲਿਸ ਨੂੰ ਦਿੱਤੀ ਅਤੇ ਇੰਦੌਰ ਪੁਲਿਸ ਨੇ ਯੂਪੀ ਪੁਲਿਸ ਨਾਲ ਸੰਪਰਕ ਕੀਤਾ।"

"ਇਸ ਜਾਣਕਾਰੀ 'ਤੇ ਗਾਜ਼ੀਪੁਰ ਪੁਲਿਸ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਸੋਨਮ ਨੂੰ ਵਨ ਸਟਾਪ ਸੈਂਟਰ ਭੇਜ ਦਿੱਤਾ ਗਿਆ ਹੈ।"

ਉਨ੍ਹਾਂ ਇਹ ਵੀ ਦੱਸਿਆ ਕਿ ਜਿਵੇਂ ਹੀ ਮੇਘਾਲਿਆ ਪੁਲਿਸ ਗਾਜ਼ੀਪੁਰ ਪਹੁੰਚਦੀ ਹੈ, ਸੋਨਮ ਰਘੂਵੰਸ਼ੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਯੂਪੀ ਪੁਲਿਸ ਨੇ ਸੋਨਮ ਰਘੂਵੰਸ਼ੀ ਤੋਂ ਪੁੱਛਗਿੱਛ ਨਹੀਂ ਕੀਤੀ ਹੈ ਕਿਉਂਕਿ ਇਹ ਮੇਘਾਲਿਆ ਪੁਲਿਸ ਦਾ ਕੰਮ ਹੈ।

ਸੋਨਮ ਰਘੂਵੰਸ਼ੀ ਦੇ ਪਿਤਾ ਨੇ ਕੀ ਕਿਹਾ

ਸੋਨਮ ਰਘੂਵੰਸ਼ੀ ਦੇ ਪਿਤਾ ਦੇਵੀ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੋਨਮ ਦੇ ਪਿਤਾ ਦੇਵੀ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਕਹਾਣੀ ਬਣਾ ਰਹੀ ਹੈ

ਸੋਨਮ ਰਘੂਵੰਸ਼ੀ ਦੇ ਪਿਤਾ ਦੇਵੀ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ 'ਧੀ ਸੋਨਮ ਰਘੂਵੰਸ਼ੀ ਬੇਕਸੂਰ ਹੈ ਅਤੇ ਉਨ੍ਹਾਂ ਨੂੰ ਆਪਣੀ ਧੀ 'ਤੇ ਪੂਰਾ ਵਿਸ਼ਵਾਸ ਹੈ ਕਿ ਉਹ ਅਜਿਹਾ ਕੁਝ ਨਹੀਂ ਕਰ ਸਕਦੀ'।

ਦੇਵੀ ਸਿੰਘ ਨੇ ਕਿਹਾ, "ਵਿਆਹ ਦੋਵਾਂ ਪਰਿਵਾਰਾਂ ਅਤੇ ਦੋਵਾਂ ਬੱਚਿਆਂ ਦੀ ਸਹਿਮਤੀ ਨਾਲ ਹੋਇਆ ਸੀ। ਉੱਥੋਂ ਦੀ ਸਰਕਾਰ (ਮੇਘਾਲਿਆ) ਪਹਿਲੇ ਦਿਨ ਤੋਂ ਹੀ ਝੂਠ ਬੋਲ ਰਹੀ ਹੈ। ਗਾਜ਼ੀਪੁਰ ਜਾ ਕੇ ਬੇਟੀ ਨੇ ਖੁਦ ਢਾਬੇ ਤੋਂ ਫ਼ੋਨ ਕੀਤਾ ਹੈ। ਪੁਲਿਸ ਢਾਬੇ 'ਤੇ ਪਹੁੰਚੀ ਹੈ ਅਤੇ ਉੱਥੋਂ ਲੈ ਆਈ ਹੈ। ਮੇਰੀ ਸੋਨਮ ਨਾਲ ਗੱਲ ਨਹੀਂ ਹੋਈ ਹੈ।"

"ਬੱਚੀ ਅਜਿਹਾ ਕਿਉਂ ਕਰਵਾਏਗੀ। ਜੇ ਅਜਿਹਾ ਹੁੰਦਾ, ਤਾਂ ਉਹ ਘੁੰਮਣ ਕਿਉਂ ਜਾਂਦੇ। ਮੇਰੀ ਅਮਿਤ ਸ਼ਾਹ ਜੀ ਨੂੰ ਅਪੀਲ ਹੈ ਕਿ ਇਸ ਦੀ ਸੀਬੀਆਈ ਜਾਂਚ ਹੋਵੇ। ਮੇਘਾਲਿਆ ਪੁਲਿਸ ਨੇ ਕਹਾਣੀ ਬਣਾਈ ਹੈ।"

ਕੀ ਮਾਮਲਾ ਹੈ

ਰਾਜਾ ਰਘੂਵੰਸ਼ੀ ਅਤੇ ਸੋਨਮ

ਤਸਵੀਰ ਸਰੋਤ, Sameer Khan/BBC Hindi

ਤਸਵੀਰ ਕੈਪਸ਼ਨ, ਰਾਜਾ ਦੇ ਪਰਿਵਾਰਿਕ ਮੈਂਬਰ ਸ਼ੁਰੂ ਤੋਂ ਇਸ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ

ਇੰਦੌਰ ਦੇ ਸਾਕਾਰ ਨਗਰ ਦੇ ਰਹਿਣ ਵਾਲਾ ਜੋੜਾ, 29 ਸਾਲਾ ਰਾਜਾ ਰਘੂਵੰਸ਼ੀ ਅਤੇ 27 ਸਾਲਾ ਸੋਨਮ ਆਪਣੇ ਹਨੀਮੂਨ ਲਈ ਮੇਘਾਲਿਆ ਗਏ ਸਨ। ਪਰ ਉਹ 23 ਮਈ ਨੂੰ ਲਾਪਤਾ ਹੋ ਗਏ।

11 ਦਿਨਾਂ ਬਾਅਦ, 2 ਜੂਨ ਨੂੰ ਰਾਜਾ ਦੀ ਲਾਸ਼ ਈਸਟ ਖਾਸੀ ਹਿਲਸ ਵਿੱਚ ਵੇਈਸਾਡੋਂਗ ਫਾਲਸ (ਝਰਨੇ) ਦੇ ਨੇੜੇ 150 ਫੁੱਟ ਡੂੰਘੀ ਖੱਡ ਵਿੱਚੋਂ ਮਿਲੀ, ਪਰ ਸੋਨਮ ਅਜੇ ਵੀ ਲਾਪਤਾ ਸਨ।

ਰਾਜਾ ਰਘੂਵੰਸ਼ੀ ਦੀ ਮ੍ਰਿਤਕ ਦੇਹ ਬੁੱਧਵਾਰ ਸ਼ਾਮ, 4 ਜੂਨ ਨੂੰ ਮੇਘਾਲਿਆ ਤੋਂ ਉਨ੍ਹਾਂ ਦੇ ਘਰ ਪਹੁੰਚੀ।

ਇਹ ਜੋੜਾ 23 ਮਈ ਨੂੰ ਲਾਪਤਾ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਮੇਘਾਲਿਆ ਦੇ ਨੋਂਗਰੀਆਟ ਪਹੁੰਚਿਆ ਸੀ ਅਤੇ ਉਨ੍ਹਾਂ ਨੂੰ ਆਖਰੀ ਵਾਰ ਸ਼ਿਪਾਰਾ ਹੋਮਸਟੇ ਤੋਂ ਚੈੱਕ ਆਊਟ ਕਰਦੇ ਦੇਖਿਆ ਗਿਆ ਸੀ।

ਪੁਲਿਸ ਸਥਾਨਕ ਲੋਕਾਂ ਅਤੇ ਟੂਰਿਸਟ ਗਾਈਡਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਸੀ ਪਰ ਕੋਈ ਸੁਰਾਗ ਨਹੀਂ ਮਿਲ ਪਾ ਰਿਹਾ ਸੀ।

ਪੁਲਿਸ ਨੇ ਪਹਿਲਾਂ 'ਕਤਲ' ਦਾ ਮਾਮਲਾ ਦੱਸਿਆ ਸੀ

ਕ੍ਰਾਈਮ ਸੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਵਾਰਦਾਤ ਲਈ ਵਰਤਿਆ ਗਿਆ ਵੱਡਾ ਚਾਕੂ ਵੀ ਬਰਾਮਦ ਕਰ ਲਿਆ ਹੈ (ਸੰਕੇਤਕ ਤਸਵੀਰ)

ਈਸਟ ਖਾਸੀ ਹਿਲਸ ਜ਼ਿਲ੍ਹੇ ਦੇ ਪੁਲਿਸ ਸੁਪਰੀਟੈਂਡੈਂਟ (ਐਸਪੀ) ਵਿਵੇਕ ਸਯੇਂਮ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਸੀ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਕਤਲ ਸੀ। ਅਸੀਂ ਅਪਰਾਧ ਵਿੱਚ ਵਰਤਿਆ ਗਿਆ ਇੱਕ 'ਦਾਓ' (ਵੱਡਾ ਧਾਰਦਾਰ ਚਾਕੂ) ਵੀ ਬਰਾਮਦ ਕੀਤਾ ਹੈ। ਹਾਲਾਂਕਿ, ਅਸੀਂ ਅਜੇ ਵੀ ਹੋਰ ਜਾਣਕਾਰੀ ਲਈ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ।"

ਉਨ੍ਹਾਂ ਇਹ ਵੀ ਦੱਸਿਆ ਸੀ ਕਿ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਪਰਿਵਾਰ ਨੇ ਕੀਤੀ ਸੀ ਸੀਬੀਆਈ ਜਾਂਚ ਦੀ ਮੰਗ

ਰਾਜਾ ਦੇ ਵੱਡੇ ਭਰਾ ਸਚਿਨ ਰਘੂਵੰਸ਼ੀ

ਤਸਵੀਰ ਸਰੋਤ, Sameer Khan/BBC Hindi

ਤਸਵੀਰ ਕੈਪਸ਼ਨ, ਰਾਜਾ ਦੇ ਵੱਡੇ ਭਰਾ ਸਚਿਨ ਰਘੂਵੰਸ਼ੀ (ਮਰੂਨ ਟੀਸ਼ਰਟ) ਦਾ ਇਲਜ਼ਾਮ ਹੈ ਪੁਲਿਸ ਨੇ ਚੰਗੀ ਤਰ੍ਹਾਂ ਉਨ੍ਹਾਂ ਦੀ ਮਦਦ ਨਹੀਂ ਕੀਤੀ

ਮੇਘਾਲਿਆ ਪੁਲਿਸ ਨੇ ਕਿਹਾ ਕਿ ਰਾਜਾ ਅਤੇ ਸੋਨਮ ਨੇ ਕਿਰਾਏ 'ਤੇ ਜੋ ਸਕੂਟੀ ਲਈ ਸੀ, ਉਸ ਦਾ ਜੀਪੀਐਸ ਰਿਕਾਰਡ ਦਿਖਾਉਂਦਾ ਹੈ ਕਿ 23 ਮਈ ਨੂੰ ਉਹ ਮਾਵਕਮਾ ਪਿੰਡ ਵਿੱਚ ਕੁਝ ਸਮੇਂ ਲਈ ਰੁਕੇ ਸਨ। ਜਿਸ ਜਗ੍ਹਾ ਤੋਂ ਰਾਜਾ ਦੀ ਲਾਸ਼ ਮਿਲੀ, ਉਹ ਥਾਂ ਉੱਥੋਂ ਲਗਭਗ 20 ਕਿਲੋਮੀਟਰ ਦੂਰ ਹੈ।

ਇੰਦੌਰ ਵਿੱਚ ਰਾਜਾ ਦੇ ਪਰਿਵਾਰ ਨੇ ਪੁਲਿਸ 'ਤੇ ਲਾਪਰਵਾਹੀ ਨਾਲ ਕੰਮ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਸੀ, "ਰਾਜਾ ਦਾ ਪਰਸ, ਗਹਿਣੇ ਅਤੇ ਹੋਰ ਸਮਾਨ ਗਾਇਬ ਹੈ।"

ਰਾਜਾ ਦੇ ਵੱਡੇ ਭਰਾ ਸਚਿਨ ਰਘੂਵੰਸ਼ੀ ਨੇ ਅਗਵਾ ਅਤੇ ਕਤਲ ਦਾ ਸ਼ੱਕ ਪ੍ਰਗਟਾਉਂਦੇ ਹੋਏ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਸੀ।

ਹੁਣ ਸੋਨਮ ਰਘੂਵੰਸ਼ੀ ਦੇ ਪਿਤਾ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)