ਪ੍ਰੇਮਿਕਾ, ਉਸ ਦੀ ਮਾਂ ਤੇ ਭੈਣ ਦੇ ਕਤਲ ਦੇ ਦੋਸ਼ੀ ਨੂੰ ਉਮਰ ਕੈਦ ਹੋਈ, ਕਿਉਂ ਕੀਤਾ ਗਿਆ ਇਨ੍ਹਾਂ ਜੀਆਂ ਦਾ ਕਤਲ

ਤਸਵੀਰ ਸਰੋਤ, Hertfordshire Police
- ਲੇਖਕ, ਡੈਨੀ ਫ਼ੁੱਲਬਰੁਕ
- ਰੋਲ, ਬੀਬੀਸੀ ਪੱਤਰਕਾਰ
ਇੱਕ ਵਿਅਕਤੀ ਨੇ ਆਪਣੀ ਸਾਬਕਾ ਪ੍ਰੇਮਿਕਾ, ਉਸਦੀ ਭੈਣ ਅਤੇ ਉਸਦੀ ਮਾਂ ਦਾ ਕਤਲ ਕਰ ਦਿੱਤਾ ਸੀ। ਕਿਹਾ ਗਿਆ ਕਿ ਉਸ ਨੇ ਮਹਿਸੂਸ ਕੀਤਾ ਕਿ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਸ ਨੂੰ ਹੁਣ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਕਿਹਾ ਹੈ ਕਿ ਉਹ ਕਦੇ ਵੀ ਜੇਲ੍ਹ ਤੋਂ ਰਿਹਾਅ ਨਹੀਂ ਹੋਵੇਗਾ।
ਬ੍ਰਿਟੇਨ ਦੇ ਹਰਟਫੋਰਡਸ਼ਾਇਰ ਸ਼ਹਿਰ ਦਾ ਇਹ ਮਾਮਲਾ ਹੈ।
ਦੋਸ਼ੀ ਕਾਇਲ ਕਲਿਫੋਰਡ ਨੇ ਆਪਣੀ ਸਾਬਕਾ ਸਾਥੀ 25 ਸਾਲਾ ਲੁਈਸ ਹੰਟ ਨਾਲ ਬਲਾਤਕਾਰ ਕੀਤਾ, ਫਿਰ ਉਸਨੂੰ ਅਤੇ ਉਸਦੀ 28 ਸਾਲਾ ਭੈਣ ਹੰਨਾਹ ਨੂੰ ਗੋਲੀ ਮਾਰਨ ਲਈ ਕਰਾਸਬੋਅ ਦੀ ਵਰਤੋਂ ਕੀਤੀ। ਕਰਾਸਬੋਅ ਇੱਕ ਤਰੀਕੇ ਦਾ ਨਿਸ਼ਾਨਾ ਲਾਉਣ ਵਾਲਾ ਹਥਿਆਰ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ ਉਸ ਨੇ ਜੁਲਾਈ ਵਿੱਚ ਹਰਟਫੋਰਡਸ਼ਾਇਰ ਵਿੱਚ ਸਥਿਤ ਆਪਣੀ ਪ੍ਰੇਮਿਕਾ ਦੇ ਪਰਿਵਾਰਕ ਘਰ ਵਿੱਚ ਉਸ ਦੀ 61 ਸਾਲਾ ਮਾਂ ਕੈਰਲ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਸੀ।
ਕੈਂਬਰਿਜ ਕਰਾਊਨ ਕੋਰਟ ਵਿੱਚ ਜੱਜ ਜਸਟਿਸ ਬੇਨਾਥਨ ਨੇ 26 ਸਾਲਾ ਨੌਜਵਾਨ ਨੂੰ ਤਿੰਨ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਅਤੇ ਨਾਲ ਹੀ ਸਾਰੀ ਸਜ਼ਾ ਜੇਲ੍ਹ ਵਿੱਚ ਮੁਕੰਮਲ ਕਰਨ ਦੇ ਹੁਕਮ ਵੀ ਸੁਣਾਏ।
ਮਾਰੀਆਂ ਜਾਣ ਵਾਲੀਆਂ ਇਹ ਔਰਤਾਂ ਬੀਬੀਸੀ ਦੇ ਘੋੜ ਦੌੜ ਕੁਮੈਂਟਟੇਰ ਜੌਨ ਹੰਟ ਦੀ ਪਤਨੀ ਅਤੇ ਧੀਆਂ ਸਨ।

ਹੰਟ ਨੇ ਆਪਣੇ ਬਿਆਨ ਵਿੱਚ, ਕਲਿਫੋਰਡ ਨੂੰ ਇੱਕ 'ਮਨੋਰੋਗੀ' ਦੱਸਿਆ ਸੀ ਜੋ ਆਪਣੇ ਆਪ ਨੂੰ 'ਇੱਕ ਆਮ ਇਨਸਾਨ' ਦੇ ਰੂਪ ਵਿੱਚ ਜ਼ਾਹਰ ਕਰਦਾ ਸੀ।
ਸੁਣਵਾਈ ਦੌਰਾਨ ਹੰਟ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਉਨ੍ਹਾਂ ਨੇ ਅਦਾਲਤ ਵਿੱਚ ਆਪਣਾ ਪੂਰਾ ਬਿਆਨ ਪੜ੍ਹ ਕੇ ਸੁਣਾਇਆ ਅਤੇ ਆਪਣੇ ਆਪ ਨੂੰ ਸ਼ਾਂਤ ਕਰਨ ਲਈ ਥੋੜ੍ਹਾ ਸਮਾਂ ਵੀ ਮੰਗਿਆਂ।
ਉਨ੍ਹਾਂ ਦੇ ਬਿਆਨ ਦੇ ਆਖ਼ਰੀ ਸ਼ਬਦ ਸਨ, "ਨਰਕ ਦੀਆਂ ਚੀਕਾਂ, ਕਾਇਲ, ਮੈਂ ਹੁਣ ਉਨ੍ਹਾਂ ਨੂੰ ਥੋੜ੍ਹਾ ਜਿਹਾ ਸੁਣ ਸਕਦਾ ਹਾਂ। ਲਾਲ ਕਾਰਪੇਟ ਤੁਹਾਡੇ ਲਈ ਬਾਹਰ ਆ ਜਾਵੇਗਾ।"
ਉਨ੍ਹਾਂ ਦੀ ਦੂਜੀ ਧੀ ਐਮੀ ਨੇ ਅਦਾਲਤ ਨੂੰ ਆਪਣੇ ਬਿਆਨ ਵਿੱਚ ਦੱਸਿਆ,"ਕਲਿਫੋਰਡ ਇੱਕ 'ਰਾਖਸ਼' ਸੀ ਅਤੇ ਉਸ ਨੇ ਮੇਰੀ ਛੋਟੀ ਭੈਣ ਨਾਲ ਜੋ ਕੀਤਾ ਉਹ ਸ਼ੈਤਾਨੀ ਹਰਕਤ ਤੋਂ ਘੱਟ ਨਹੀਂ ਹੈ।"
ਹੰਨਾਹ ਦੇ ਬੁਆਏਫ੍ਰੈਂਡ, ਐਲੇਕਸ ਕਲੇਨ ਨੇ ਵੀ ਅਦਾਲਤ ਨੂੰ ਦੱਸਿਆ ਕਿ ਕਲਿਫੋਰਡ ਇੱਕ 'ਡਰਪੋਕ' ਵਿਅਕਤੀ ਸੀ। ਜਿਸਨੂੰ ਹੁਣ ਸਦਾ ਲਈ 'ਮਾੜੀ ਕਿਸਮਤ' ਦਾ ਸਾਹਮਣਾ ਕਰਨਾ ਪਵੇਗਾ।
ਅਦਾਲਤ ਨੇ ਕੀ ਕਿਹਾ

ਤਸਵੀਰ ਸਰੋਤ, Hertfordshire Police
ਮਾਮਲਾ ਸੁਣਨ ਵਾਲੇ ਜੱਜ ਨੇ ਕਿਹਾ ਕਿ ਬਿਆਨ ਸੁਣਨਾ ਔਖਾ ਸੀ।
ਹਾਲਾਂਕਿ ਸਜ਼ਾਵਾਂ ਆਮ ਤੌਰ 'ਤੇ ਜੱਜ ਦੀਆਂ ਟਿੱਪਣੀਆਂ ਦੇ ਅੰਤ ਵਿੱਚ ਸੁਣਾਈਆਂ ਜਾਂਦੀਆਂ ਹਨ।
ਪਰ ਜਸਟਿਸ ਬੇਨਾਥਨ ਨੇ ਆਪਣਾ ਭਾਸ਼ਣ ਇਹ ਕਹਿ ਕੇ ਸ਼ੁਰੂ ਕੀਤਾ ਕਿ ਉਹ ਪਰਿਵਾਰ ਅਤੇ ਦੋਸਤਾਂ ਨੂੰ ਸਸਪੈਂਸ ਵਿੱਚ ਨਹੀਂ ਰੱਖਣਗੇ। ਇਹ ਕਹਿੰਦਿਆਂ ਹੀ ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ।
ਜੱਜ ਨੇ ਸਿੱਧੇ ਕਲਿਫੋਰਡ ਨੂੰ ਸੰਬੋਧਿਤ ਕੀਤਾ, ਇਸ ਤੱਥ ਦੇ ਬਾਵਜੂਦ ਕਿ ਕਲਿਫੋਰਡ ਫ਼ੈਸਲਾ ਸੁਣਨ ਲਈ ਅਦਾਲਤ ਵਿੱਚ ਨਹੀਂ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ, "ਤੁਸੀਂ ਪਹਿਲਾਂ (ਲੂਈਸ ਅਤੇ ਹੰਨਾਹ ਦੀ ਮਾਂ) ਮਾਂ, ਕੈਰਲ ਨੂੰ ਮਾਰਿਆ। ਪਰ ਕੈਰਲ ਨੇ ਉਸ ਦਿਨ ਵੀ ਤੁਹਾਡੇ ਨਾਲ ਦਿਆਲੂ ਰਵੱਈਆ ਰੱਖਿਆ ਜਿਸ ਦਿਨ ਤੁਸੀਂ ਉਸ 'ਤੇ ਹਮਲਾ ਕੀਤਾ ਸੀ। "
"ਤੁਸੀਂ ਲੁਈਸ ਨਾਲ ਬਲਾਤਕਾਰ ਕੀਤਾ ਅਤੇ ਉਸਨੂੰ ਮਾਰ ਦਿੱਤਾ, ਜਿਸਨੇ ਤੁਹਾਡਾ ਹੰਕਾਰ ਅਤੇ ਗੁੱਸੇ ਭਰਿਆ ਰਵੱਈਆ ਸਾਬਤ ਹੋਣ ਤੋਂ ਬਾਅਦ ਵੀ ਤੁਹਾਡੇ ਨਾਲ ਆਪਣਾ ਰਿਸ਼ਤਾ ਖ਼ਤਮ ਕਰਨ ਵਿੱਚ ਜਿੰਨੀ ਨਰਮਾਈ ਦਿਖਾਈ ਸੀ, ਉਹ ਉਸ ਲਈ ਸਹਿਣਯੋਗ ਨਹੀਂ ਸੀ।"
"ਫਿਰ ਤੁਸੀਂ ਹੰਨਾਹ ਹੰਟ ਦਾ ਕਤਲ ਕਰ ਦਿੱਤਾ, ਜੋ ਸਿਰਫ ਆਪਣੀ ਭੈਣ ਨੂੰ ਬਚਾ ਰਹੀ ਸੀ ਅਤੇ ਇਸ ਤੋਂ ਇਲਾਵਾ ਉਸ ਨੇ ਤੁਹਾਨੂੰ ਕੋਈ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।"
ਜਸਟਿਸ ਬੇਨਾਥਨ ਨੇ ਕਲਿਫੋਰਡ ਨੂੰ 'ਸਵੈ-ਤਰਸ ਵਿੱਚ ਡੁੱਬਿਆ' ਵਿਅਕਤੀ ਦੱਸਿਆ ਜੋ ਔਰਤਾਂ ਨੂੰ
'ਪੂਰੀ ਤਰ੍ਹਾਂ ਨਫ਼ਰਤ' ਕਰਦਾ ਹੈ।
ਜੱਜ ਨੇ ਅੱਗੇ ਪੀੜਤਾਂ ਬਾਰੇ ਕਿਹਾ, "ਉਨ੍ਹਾਂ ਨੇ ਇੱਕ ਸਹਿਜਤਾ ਭਰੀ ਬਹਾਦਰੀ ਦਿਖਾਈ ਜਿਸਦਾ ਤੁਸੀਂ, ਕਾਈਲ ਕਲਿਫੋਰਡ, ਸਿਰਫ਼ ਸੁਪਨਾ ਹੀ ਦੇਖ ਸਕਦੇ ਹੋ।"
ਫਿਰ ਉਨ੍ਹਾਂ ਨੇ ਸਜ਼ਾ ਪੂਰੇ ਵੇਰਵਿਆਂ ਨਾਲ ਸਜ਼ਾ ਸੁਣਾਈ।
ਕਲਿਫੋਰਡ ਨੂੰ ਹੋਰ ਸਜ਼ਾਵਾਂ ਵੀ ਸੁਣਾਈਆਂ ਗਈਆਂ:
- ਲੁਈਸ ਹੰਟ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ
- ਲੁਈਸ ਨੂੰ ਝੂਠੀ ਕੈਦ ਕਰਨ ਲਈ ਅੱਠ ਸਾਲ
- ਇੱਕ ਹਮਲਾਵਰ ਹਥਿਆਰ, ਜਿਸ ਨੂੰ ਕਰਾਸਬੋ ਕਿਹਾ ਜਾਂਦਾ ਹੈ ਰੱਖਣ ਲਈ ਇੱਕ ਸਾਲ ਦੀ ਸਜ਼ਾ
- ਇੱਕ ਹਮਲਾਵਰ ਹਥਿਆਰ, ਅਰਥਾਤ ਚਾਕੂ ਰੱਖਣ ਲਈ ਇੱਕ ਸਾਲ ਦੀ ਸਜ਼ਾ
ਆਪਣੀ ਟਿੱਪਣੀ ਖ਼ਤਮ ਕਰਨ ਤੋਂ ਬਾਅਦ ਜੱਜ ਨੇ ਪੁਲਿਸ ਅਤੇ ਹੰਟ ਪਰਿਵਾਰ ਦਾ ਧੰਨਵਾਦ ਕੀਤਾ, ਕਤਲ ਕੀਤੀਆਂ ਗਈਆਂ ਔਰਤਾਂ ਦੇ ਪਰਿਵਾਰ ਅਤੇ ਦੋਸਤਾਂ ਦੀ 'ਹੈਰਾਨੀਜਨਕ ਮਾਣ ਅਤੇ ਹਿੰਮਤ' ਨੂੰ ਸ਼ਰਧਾਂਜਲੀ ਭੇਟ ਕੀਤੀ।
ਸਜ਼ਾ ਸੁਣਾਏ ਜਾਣ 'ਤੇ ਹੰਟ ਅਤੇ ਉਨ੍ਹਾਂ ਦੀ ਧੀ ਨੇ ਇੱਕ ਦੂਜੇ ਨੂੰ ਜੱਫੀ ਪਾਈ।
ਜੁਲਾਈ ਵਿੱਚ ਕਤਲ ਹੋਣ ਤੋਂ ਬਾਅਦ ਕਲਿਫੋਰਡ ਦੀ ਤਲਾਸ਼ ਸ਼ੁਰੂ ਹੋ ਗਈ। ਉਹ ਉੱਤਰੀ ਲੰਡਨ ਦੇ ਐਨਫੀਲਡ ਵਿੱਚ ਇੱਕ ਕਬਰਸਤਾਨ ਵਿੱਚ ਮਿਲਿਆ। ਉਸ ਸਮੇਂ ਉਹ ਅਧਰੰਗ ਦਾ ਸ਼ਿਕਾਰ ਸੀ ਕਿਉਂਕਿ ਉਸ ਨੇ ਆਪਣੇ-ਆਪ ਨੂੰ ਵੀ ਗੋਲੀ ਮਾਰ ਲਈ ਸੀ।
ਫ਼ੈਸਲੇ ਦਾ ਸਵਾਗਤ ਕੀਤਾ ਗਿਆ

ਤਸਵੀਰ ਸਰੋਤ, PA Media
ਅਦਾਲਤ ਦੇ ਬਾਹਰ, ਮਾਮਲੇ ਦੇ ਸੀਨੀਅਰ ਜਾਂਚ ਅਧਿਕਾਰੀ, ਡਿਟੈਕਟਿਵ ਚੀਫ਼ ਇੰਸਪੈਕਟਰ ਨਿੱਕ ਗਾਰਡਨਰ ਨੇ ਉਮਰ ਕੈਦ ਦੀ ਸਜ਼ਾ ਦੇ ਹੁਕਮਾਂ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ, "ਲੁਈਸ, ਹੰਨਾਹ ਅਤੇ ਕੈਰਲ ਤਿੰਨ ਜੋਸ਼ੀਲੀਆਂ ਔਰਤਾਂ ਸਨ ਅਤੇ ਆਪਣੀ ਜ਼ਿੰਦਗੀ ਦੇ ਸਿਖਰ 'ਤੇ ਸਨ। ਉਨ੍ਹਾਂ ਦੀ ਮੌਤ ਨਾਲ ਜੋ ਨੁਕਸਾਨ ਹੋਇਆ ਹੈ ਉਸ ਦੀ ਕਦੇ ਵੀ ਭਰਪਾਈ ਨਹੀਂ ਹੋ ਸਕੇਗੀ।"
"ਕਲਿਫੋਰਡ ਨੇ ਫਿਰ ਤੋਂ ਆਪਣੇ ਆਪ ਨੂੰ ਕਾਇਰ ਸਾਬਤ ਕੀਤਾ ਹੈ। ਉਸ ਨੇ ਤਿੰਨ ਮਾਸੂਮ ਔਰਤਾਂ 'ਤੇ ਹਮਲਾ ਕੀਤਾ।"
"ਉਨ੍ਹਾਂ ਨੇ ਉਸਦਾ ਬਹਾਦਰੀ ਨਾਲ ਵਿਰੋਧ ਕੀਤਾ, ਹੰਨਾਹ ਨੇ ਅਲਾਰਮ ਵਜਾਇਆ, ਜਿਸਨੇ ਅੰਤ ਵਿੱਚ ਪੁਲਿਸ ਨੂੰ ਕਲਿਫੋਰਡ ਨੂੰ ਫੜਨ ਵਿੱਚ ਮਦਦ ਕੀਤੀ।"
"ਫਿਰ ਸਪੱਸ਼ਟ ਸਬੂਤਾਂ ਦੇ ਬਾਵਜੂਦ, ਕਲਿਫੋਰਡ ਨੇ ਲੁਈਸ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਤੋਂ ਇਨਕਾਰ ਕਰ ਦਿੱਤਾ ਜਿਸਦਾ ਮਤਲਬ ਸੀ ਕਿ ਹੰਟ ਪਰਿਵਾਰ ਨੂੰ ਕਈ ਦਿਨਾਂ ਤੱਕ ਤਕਲੀਫ਼ ਦੇਣ ਵਾਲੇ ਸਬੂਤਾਂ ਨੂੰ ਮੁੜ ਖੰਘਾਲਣਾ ਪਿਆ।"
ਕਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀਪੀਐੱਸ) ਦੀ ਇੱਕ ਸੀਨੀਅਰ ਵਕੀਲ ਲੀਜ਼ਾ ਕਿਫ ਨੇ ਕਿਹਾ ਕਿ ਕਲਿਫੋਰਡ ਇੱਕ ਕਾਤਲ ਅਤੇ ਬਲਾਤਕਾਰੀ ਸੀ। ਜਿਸਨੇ ਹਰ ਮੋੜ 'ਤੇ ਆਪਣੇ ਕੰਮਾਂ ਦੇ ਗੰਭੀਰ ਅੰਜਾਮ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ।
ਕਿਫ਼ ਨੇ, "ਅਦਾਲਤ ਵਲੋਂ ਸੁਣਾਈ ਗਈ ਸਜ਼ਾ ਸਹੀ ਹੈ, ਕਿਉਂਕਿ ਕਲਿਫੋਰਡ ਕਦੇ ਵੀ ਜੇਲ੍ਹ ਤੋਂ ਰਿਹਾਅ ਨਹੀਂ ਹੋਵੇਗਾ।"
ਜੇਕਰ ਤੁਸੀਂ ਇਸ ਕਹਾਣੀ ਵਿਚਲੇ ਵੇਵਰਵਿਆਂ ਤੋਂ ਪ੍ਰਭਾਵਿਤ ਹੋਏ ਹੋ, ਤਾਂ ਬੀਬੀਸੀ ਐਕਸ਼ਨ ਲਾਈਨ ਰਾਹੀਂ ਸਹਾਇਤਾ ਲੈ ਸਕਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












