ਉਹ ਖ਼ਤਰਨਾਕ ਜੰਗਲ, ਜਿੱਥੋਂ ਲੰਘਣ ਵੇਲੇ ਪਰਵਾਸੀਆਂ ਪਿੱਛੇ ਖੂੰਖਾਰ ਕੁੱਤੇ ਛੱਡ ਦਿੱਤੇ ਜਾਂਦੇ ਹਨ

ਬਿਆਲੋਵੀਜ਼ਾ ਜੰਗਲ ਵਿੱਚ ਲੱਗੀ ਵਾੜ

ਤਸਵੀਰ ਸਰੋਤ, Jack Garland, BBC News

ਤਸਵੀਰ ਕੈਪਸ਼ਨ, 2024 ਵਿੱਚ ਬੇਲਾਰੂਸ ਤੋਂ ਪੋਲੈਂਡ ਦੀ ਸਰਹੱਦ ਪਾਰ ਕਰਨ ਦੀਆਂ ਲਗਭਗ 30,000 ਕੋਸ਼ਿਸ਼ਾਂ ਹੋਈਆਂ ਹਨ
    • ਲੇਖਕ, ਜੈਸਮੀਨ ਡਾਇਰ
    • ਰੋਲ, ਬੀਬੀਸੀ ਵਰਲਡ ਸਰਵਿਸ

ਡੇਵਿਟ (ਇਹ ਉਸ ਦਾ ਅਸਲੀ ਨਾਮ ਨਹੀਂ ਹੈ) ਇਥੋਪੀਆ ਦਾ ਇੱਕ ਨੌਜਵਾਨ ਹੈ।

ਡੇਵਿਟ ਨਾਲ ਸਾਡੀ ਮੁਲਾਕਾਤ ਪੋਲੈਂਡ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਵਿੱਚ ਹੋਈ। ਅਸੀਂ ਇੱਕ ਸ਼ਾਂਤ ਅਤੇ ਹਰੇ ਭਰੇ ਪਾਰਕ ਵਿੱਚ ਮਿਲੇ। ਉਹ ਸ਼ਰਮੀਲਾ ਅਤੇ ਨਰਮ ਬੋਲਣ ਵਾਲਾ ਮੁੰਡਾ ਹੈ, ਸਰਦ ਮੌਸਮ ਮੁਤਾਬਕ ਉਸ ਨੇ ਪੀਲੇ ਅਤੇ ਕਾਲੇ ਹੁੱਡ ਵਾਲਾ ਪਫਰ ਕੋਟ ਪਹਿਨਿਆ ਹੋਇਆ ਸੀ।

ਗੱਲਬਾਤ ਦੌਰਾਨ, ਉਸ ਨੇ ਮੈਨੂੰ ਦੱਸਿਆ ਕਿ ਉਹ ਜ਼ਬਰਦਸਤੀ ਭਰਤੀ ਤੋਂ ਬਚਣ ਲਈ ਆਪਣੇ ਘਰੋਂ ਭੱਜ ਗਿਆ ਸੀ ਅਤੇ ਕਿਹਾ ਕਿ ਉਸ ਨੇ ਲੋਕਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਲਗਭਗ 7,000 ਅਮਰੀਕੀ ਡਾਲਰ ਦਿੱਤੇ ਸਨ।

ਉਨ੍ਹਾਂ ਨੇ ਉਸ ਨੂੰ ਰੂਸ ਅਤੇ ਬੇਲਾਰੂਸ ਰਾਹੀਂ ਪੋਲੈਂਡ ਪਹੁੰਚਣ ਵਿੱਚ ਮਦਦ ਕੀਤੀ ਸੀ।

ਡੇਵਿਟ ਉਨ੍ਹਾਂ ਹਜ਼ਾਰਾਂ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ 2021 ਵਿੱਚ ਸੰਕਟ ਸ਼ੁਰੂ ਹੋਣ ਤੋਂ ਬਾਅਦ ਬੇਲਾਰੂਸ-ਪੋਲੈਂਡ ਸਰਹੱਦ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਰ ਕੀਤਾ ਹੈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਸ ਸਰਹੱਦ ਦੇ ਪਾਰ ਇੱਕ ਵਿਸ਼ਾਲ ਪ੍ਰਾਚੀਨ ਜੰਗਲ ਦਾ ਆਖਰੀ ਹਿੱਸਾ, ਜੋ ਕਦੇ ਯੂਰਪ ਨੂੰ ਘੇਰਦਾ ਸੀ।

ਬਿਆਲੋਵੀਜ਼ਾ ਜੰਗਲ ਇੱਕ ਵਿਰਾਸਤੀ ਸਥਾਨ ਹੈ ਜੋ ਕਿ ਯੂਨੈਸਕੋ ਵਿੱਚ ਸੂਚੀਬੱਧ ਹੈ - ਭਾਵ ਵਾਤਾਵਰਣ ਪੱਖੋਂ ਸੁਰੱਖਿਅਤ ਇੱਕ ਖੇਤਰ। ਹੁਣ ਲੋਕ ਇਸਦਾ ਇਸਤੇਮਾਲ ਯੂਰਪ ਪਹੁੰਚਣ ਲਈ ਇੱਕ ਗੈਰ-ਕਾਨੂੰਨੀ ਰਸਤੇ ਵਜੋਂ ਕਰ ਰਹੇ ਹਨ।

ਜੰਗਲ ਵਿੱਚੋਂ ਲੰਘਦੀ ਇਹ ਵਾੜ ਲਗਭਗ 120 ਮੀਲ ਲੰਬੀ ਹੈ, ਜੋ ਕਿ 2022 ਵਿੱਚ ਪੋਲੈਂਡ ਸਰਕਾਰ ਵੱਲੋਂ ਆਪਣੀ ਸਰਹੱਦ ਅਤੇ ਵਿਸ਼ਾਲ ਯੂਰਪ ਨੂੰ ਮਜ਼ਬੂਤ ਕਰਨ ਦੇ ਯਤਨਾਂ ਤਹਿਤ ਬਣਾਈ ਗਈ ਸੀ।

ਪੋਲਿਸ਼ ਸਰਹੱਦੀ ਗਾਰਡ ਪੈਦਲ ਅਤੇ ਹਮਵੀਜ਼ (ਫੌਜੀ ਟੱਰਕ) ਅਤੇ ਬਖਤਰਬੰਦ ਕਰਮਚਾਰੀ ਕੈਰੀਅਰਾਂ ਵਿੱਚ ਦਿਨ-ਰਾਤ ਗਸ਼ਤ ਕਰਦੇ ਹਨ। ਉਹ ਹਾਈ-ਸਪੈਸੀਫਿਕ ਡਰੋਨਾਂ ਦੀ ਵਰਤੋਂ ਕਰਕੇ ਅਸਮਾਨ ਤੋਂ ਵੀ ਨਿਗਰਾਨੀ ਕਰਦੇ ਹਨ।

ਡੇਵਿਟ ਅਤੇ ਜੈਸਮੀਨ ਡਾਇਰ

ਤਸਵੀਰ ਸਰੋਤ, Jack Garland, BBC News

ਤਸਵੀਰ ਕੈਪਸ਼ਨ, ਇਸ ਤਰ੍ਹਾਂ ਸਰਹੱਦ ਪਾਰ ਕਰਨ ਵਾਲਿਆਂ ਵਿੱਚੋਂ ਇੱਕ ਡੇਵਿਟ ਵੀ ਹਨ ਜੋ ਹੁਣ ਪੋਲੈਂਡ ਵਿੱਚ ਹੀ ਰਹਿਣਾ ਚਾਹੁੰਦੇ ਹਨ

ਸਰਕਾਰੀ ਵਰਦੀ ਵਿੱਚ ਤੈਨਾਤ ਬਾਰਡਰ ਫੋਰਸ ਅਫਸਰ, ਮਿਕਲ ਬੂਰਾ, ਮੈਨੂੰ 5 ਮੀਟਰ ਤੋਂ ਵੱਧ ਉੱਚੀ ਵਾੜ ਕੋਲ ਲੈ ਕੇ ਜਾਂਦੇ ਹਨ। ਸਰਦੀਆਂ ਦੀ ਤੇਜ਼ ਧੁੱਪ ਵਿੱਚ ਇਹ ਨੁਕੀਲੀ ਵਾੜ ਬਹੁਤ ਚਮਕਦੀ ਹੈ।

ਉਹ ਕਹਿੰਦੇ ਹਨ, "ਸਾਨੂੰ ਤਸਕਰਾਂ ਤੋਂ ਇੱਕ ਕਦਮ ਅੱਗੇ ਰਹਿਣਾ ਚਾਹੀਦਾ ਹੈ।''

ਬੂਰਾ ਹੁਣ ਆਪਣੇ ਬੇਲਾਰੂਸੀ ਹਮਰੁਤਬਾ ਨੂੰ ਵੀ ਉਨ੍ਹਾਂ ਦੇ ਦੁਸ਼ਮਣਾਂ ਵਿੱਚ ਗਿਣਦੇ ਹਨ।

(ਬੇਲਾਰੂਸ) ਵਾਲੇ ਪਾਸੇ ਦੇ ਗਾਰਡ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ, "ਉਹ ਉਨ੍ਹਾਂ ਨੂੰ ਉਸ ਜਗ੍ਹਾ ਵੱਲ ਇਸ਼ਾਰਾ ਕਰਦੇ ਹਨ ਜਿੱਥੋਂ ਉਹ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰ ਸਕਦੇ ਹਨ। ਉਹ ਉਨ੍ਹਾਂ ਨੂੰ ਪੌੜੀਆਂ ਅਤੇ ਤਾਰ ਕੱਟਣ ਵਰਗੇ ਲੋੜੀਂਦੇ ਔਜ਼ਾਰ ਵੀ ਦਿੰਦੇ ਹਨ।''

ਪਰ ਪੋਲਿਸ਼ ਅਧਿਕਾਰੀਆਂ 'ਤੇ ਵੀ ਇਸ ਗੱਲ ਦੇ ਇਲਜ਼ਾਮ ਲੱਗਦੇ ਹਨ ਕਿ ਉਹ ਪਰਵਾਸੀਆਂ ਪ੍ਰਤੀ ਗੈਰ-ਕਾਨੂੰਨੀ ਵਿਵਹਾਰ ਕਰਦੇ ਹਨ।

ਦਸੰਬਰ 2024 ਦੀ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਵਿੱਚ ਸੀ ਕਿ ਪੋਲਿਸ਼ ਅਧਿਕਾਰੀ "ਗੈਰ-ਕਾਨੂੰਨੀ ਤੌਰ 'ਤੇ, ਅਤੇ ਕਈ ਵਾਰ ਹਿੰਸਕ ਤੌਰ 'ਤੇ, ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਉਨ੍ਹਾਂ ਦੀਆਂ ਸੁਰੱਖਿਆ ਜ਼ਰੂਰਤਾਂ 'ਤੇ ਵਿਚਾਰ ਕੀਤੇ ਬਿਨਾਂ, ਬੇਲਾਰੂਸ ਵਾਪਸ ਜਾਣ ਲਈ ਮਜਬੂਰ ਕਰ ਰਹੇ ਸਨ"।

ਸਰਹੱਦ 'ਤੇ ਤੈਨਾਤੀ

ਤਸਵੀਰ ਸਰੋਤ, Jack Garland, BBC News

ਤਸਵੀਰ ਕੈਪਸ਼ਨ, ਪਰਵਾਸੀਆਂ ਦੀ ਵਧਦੀ ਗਿਣਤੀ ਕਾਰਨ ਪੋਲੈਂਡ ਨੇ ਸਰਹੱਦ 'ਤੇ ਤੈਨਾਤੀ ਵਧਾ ਦਿੱਤੀ ਹੈ

2020 ਦੀਆਂ ਬੇਲਾਰੂਸ ਦੀਆਂ ਵਿਆਪਕ ਤੌਰ 'ਤੇ ਬਦਨਾਮ ਚੋਣਾਂ ਤੋਂ ਬਾਅਦ ਯੂਰਪ ਵੱਲੋਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਮਗਰੋਂ ਬੇਲਾਰੂਸ ਦੇ ਆਗੂ ਅਲੈਗਜ਼ੈਂਡਰ ਲੁਕਾਸੈਂਕੋ ਨੇ ਕਿਹਾ ਸੀ ਕਿ ਜੇਕਰ ਪਰਵਾਸੀ (ਅਕਸਰ ਮੱਧ ਪੂਰਬ ਅਤੇ ਅਫਰੀਕਾ ਤੋਂ ਆਉਣ ਵਾਲੇ) ਪੋਲੈਂਡ ਦੀ ਸਰਹੱਦ ਵੱਲ ਗੈਰ-ਕਾਨੂੰਨੀ ਢੰਗ ਨਾਲ ਵਧਦੇ ਹਨ ਤਾਂ ਉਹ ਇਸ ਵਿੱਚ ਦਖਲ ਨਹੀਂ ਦੇਣਗੇ।

ਬੇਲਾਰੂਸ 'ਤੇ ਇਲਜ਼ਾਮ ਵੀ ਲਗਾਇਆ ਗਿਆ ਹੈ ਕਿ ਉਹ ਪਰਵਾਸੀਆਂ ਨੂੰ ਯੂਰਪ ਵਿੱਚ ਦਾਖਲ ਹੋਣ ਦੇ ਸਾਧਨ ਵਜੋਂ, ਇਸ ਰਸਤੇ ਦੀ (ਬੇਲਾਰੂਸ ਦੇ ਰਸਤੇ ਦੀ) ਵਰਤੋਂ ਕਰਨ ਲਈ ਸਰਗਰਮੀ ਨਾਲ ਉਤਸ਼ਾਹਿਤ ਕਰ ਰਿਹਾ ਹੈ।

2021 ਵਿੱਚ, ਲੁਕਾਸੈਂਕੋ ਦੀ ਸਰਕਾਰ ਦੁਆਰਾ ਚਲਾਈ ਜਾ ਰਹੀ ਇੱਕ ਟਰੈਵਲ ਏਜੰਸੀ 'ਤੇ ਯੂਰਪੀਅਨ ਯੂਨੀਅਨ ਨੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਉਹ ਸਰਹੱਦ ਪਾਰ ਪਰਵਾਸੀਆਂ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ਲਈ ਕੰਮ ਕਰ ਰਹੀ ਸੀ।

ਬੀਬੀਸੀ ਨੇ ਇਸ ਸਬੰਧੀ ਸਬੂਤ ਦੇਖੇ ਹਨ ਕਿ ਟਰੈਵਲ ਏਜੰਸੀ ਸੈਂਟਰਕੁਰੋਰਟ ਨੇ 2021 ਵਿੱਚ ਕਈ ਇਰਾਕੀਆਂ ਲਈ ਸ਼ਿਕਾਰ ਸਬੰਧੀ ਸੈਰ-ਸਪਾਟੇ ਦੇ ਵੀਜ਼ਾ ਲਈ ਬੇਲਾਰੂਸੀ ਵਿਦੇਸ਼ ਮੰਤਰਾਲੇ ਨੂੰ ਅਰਜ਼ੀ ਦਿੱਤੀ ਸੀ - ਜਿਨ੍ਹਾਂ ਵਿੱਚ ਪੰਜ ਸਾਲ ਦੀ ਉਮਰ ਦੇ ਬੱਚੇ ਵੀ ਸ਼ਾਮਲ ਸਨ।

ਇਹ ਵੀਜ਼ਾ ਲੋਕਾਂ ਨੂੰ ਪੋਲੈਂਡ ਦੇ ਬਹੁਤ ਨੇੜੇ ਬੇਲਾਰੂਸ ਦੇ ਬਿਆਲੋਵੀਜ਼ਾ ਜੰਗਲ ਦੇ ਸੁਰੱਖਿਅਤ ਖੇਤਰਾਂ ਵਿੱਚ ਰਹਿਣ ਦਾ ਕਾਨੂੰਨੀ ਅਧਿਕਾਰ ਦਿੰਦਾ ਹੈ।

ਸਰਹੱਦ

ਤਸਵੀਰ ਸਰੋਤ, Jack Garland, BBC News

ਤਸਵੀਰ ਕੈਪਸ਼ਨ, ਪੋਲੈਂਡ ਦੇ ਸੁਰੱਖਿਆ ਗਾਰਡ ਪੈਦਲ, ਵਾਹਨਾਂ ਰਾਹੀਂ ਅਤੇ ਇੱਥੋਂ ਤੱਕ ਕੇ ਡਰੋਨਾਂ ਰਾਹੀਂ ਵੀ ਨਿਗਰਾਨੀ ਰੱਖਦੇ ਹਨ

ਬੇਲਾਰੂਸੀਅਨ ਸਰਹੱਦੀ ਅਥਾਰਟੀ ਨੇ ਪਰਵਾਸੀਆਂ ਨੂੰ ਸਰਹੱਦ ਪਾਰ ਕਰਨ ਵਿੱਚ ਸਰਗਰਮੀ ਨਾਲ ਮਦਦ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਬੀਬੀਸੀ ਨੂੰ ਸਰਹੱਦੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ 'ਤੇ ਉਨ੍ਹਾਂ ਦੇ ਪਿਛਲੇ ਬਿਆਨਾਂ ਦਾ ਹਵਾਲਾ ਦਿੱਤਾ ਹੈ।

"ਪਰਵਾਸ ਦੀ ਸਥਿਤੀ ਦੇ ਵਧਣ ਮਗਰੋਂ, ਸਟੇਟ ਬਾਰਡਰ ਕਮੇਟੀ ਨੇ ਵਾਰ-ਵਾਰ ਯੂਰਪੀ ਸੰਘ ਦੇ ਦੇਸ਼ਾਂ ਦਾ ਧਿਆਨ ਗੱਲਬਾਤ ਦੀ ਜ਼ਰੂਰਤ ਵੱਲ ਖਿੱਚਿਆ ਹੈ ਅਤੇ ਗੈਰ-ਕਾਨੂੰਨੀ ਪ੍ਰਵਾਸ ਨਾਲ ਨਜਿੱਠਣ ਲਈ ਸਬੰਧਤ ਮੁਅੱਤਲ ਕੀਤੇ ਗਏ ਸਰਹੱਦ ਪਾਰ ਸਹਿਯੋਗ ਪ੍ਰੋਜੈਕਟਾਂ ਨੂੰ 'ਮੁੜ ਸ਼ੁਰੂ ਕਰਨ' ਵੱਲ ਆਕਰਸ਼ਿਤ ਕੀਤਾ ਹੈ।''

"ਬਦਕਿਸਮਤੀ ਨਾਲ, ਗੱਲਬਾਤ ਵਿੱਚ ਸ਼ਾਮਲ ਹੋਣ ਦੀ ਬਜਾਏ, ਗੁਆਂਢੀ ਯੂਰਪੀ ਸੰਘ ਦੇ ਦੇਸ਼ਾਂ ਨੇ ਸਰਹੱਦੀ ਫੌਜੀਕਰਨ, ਟਕਰਾਅ ਅਤੇ ਸਰਹੱਦੀ ਸਹਿਯੋਗ ਮੁੱਦਿਆਂ ਦੀ ਅਣਦੇਖੀ ਦਾ ਰਸਤਾ ਚੁਣਿਆ ਹੈ। ਅੱਜ, ਉਹ ਉੱਭਰ ਰਹੀ ਪਰਵਾਸ ਸਮੱਸਿਆ ਨਾਲ ਨਜਿੱਠਣ ਲਈ ਕੱਟੜਪੰਥੀ ਤਰੀਕਿਆਂ ਦੀ ਵਰਤੋਂ ਕਰ ਰਹੇ ਹਨ।"

ਪੋਲੈਂਡ-ਬੇਲਾਰੂਸ ਸਰਹੱਦੀ ਸਬੰਧ

ਪਰਵਾਸੀਆਂ ਦੇ ਵਧਦੇ ਪ੍ਰਵਾਹ ਦਾ ਮਤਲਬ ਹੈ ਕਿ ਦੋਵਾਂ ਪਾਸਿਆਂ ਦੇ ਸਰਹੱਦੀ ਗਾਰਡਾਂ ਵਿਚਕਾਰ ਸਬੰਧ ਨਾਟਕੀ ਢੰਗ ਨਾਲ ਬਦਲ ਗਏ ਹਨ।

ਬੂਰਾ ਕਹਿੰਦੇ ਹਨ, "ਕੁਝ ਸਾਲ ਪਹਿਲਾਂ ਤੱਕ... ਅਸੀਂ ਉਨ੍ਹਾਂ ਨਾਲ ਗੱਲਾਂ ਕਰਦੇ ਸੀ, ਇਕੱਠੇ ਸਿਗਰਟ ਪੀਂਦੇ ਸੀ। ਹੁਣ ਅਸੀਂ ਸਿਰਫ਼ ਇੱਕ ਦੂਜੇ ਨੂੰ ਦੇਖਦੇ ਹਾਂ। ਸਾਡਾ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੈ।''

ਪੋਲੈਂਡ ਵੱਲੋਂ ਵਧੀਆਂ ਕੋਸ਼ਿਸ਼ਾਂ ਦੇ ਬਾਵਜੂਦ, 2024 ਵਿੱਚ ਸਰਹੱਦ ਪਾਰ ਕਰਨ ਦੀਆਂ ਲਗਭਗ 30,000 ਕੋਸ਼ਿਸ਼ਾਂ ਹੋਈਆਂ। ਜੋ ਕਿ 2021 ਵਿੱਚ ਸੰਕਟ ਸ਼ੁਰੂ ਹੋਣ ਤੋਂ ਬਾਅਦ ਦਰਜ ਕੀਤੀ ਗਈ ਦੂਜੀ ਸਭ ਤੋਂ ਵੱਡੀ ਗਿਣਤੀ ਹੈ।

ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਵਿੱਚੋਂ ਬਹੁਤ ਸਾਰੇ ਭਾਵੇਂ ਸਫਲ ਵੀ ਹੋਏ, ਪਰ ਉਨ੍ਹਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ।

"ਜੇ ਤੁਸੀਂ ਭੱਜੋਗੇ, ਤਾਂ ਉਹ ਤੁਹਾਡੇ ਪਿੱਛੇ ਇੱਕ ਕੁੱਤਾ ਲਗਾ ਦੇਣਗੇ।"

ਬਿਆਲੋਵੀਜ਼ਾ ਜੰਗਲ

ਤਸਵੀਰ ਸਰੋਤ, Jack Garland, BBC News

ਤਸਵੀਰ ਕੈਪਸ਼ਨ, ਜੰਗਲ ਦਾ ਇਹ ਇਲਾਕਾ ਬਹੁਤ ਸੰਘਣਾ ਹੈ ਅਤੇ ਅਕਸਰ ਇੱਥੋਂ ਗੈਰ-ਕਾਨੂੰਨੀ ਢੰਗ ਨਾਲ ਆਉਣ ਵਾਲੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਹਨ, ਕੁਝ ਤਾਂ ਮਰ ਵੀ ਜਾਂਦੇ ਹਨ

ਇਹ ਜੰਗਲੀ ਇਲਾਕਾ ਬਹੁਤ ਸੰਘਣਾ ਹੈ। ਅਤੇ 5.5 ਮੀਟਰ ਉੱਚੀ ਕੰਡਿਆਲੀ ਤਾਰ ਦੀ ਵਾੜ ਦਾ ਮਤਲਬ ਹੈ ਕਿ ਇਸ ਨਾਲ ਬਹੁਤ ਬੁਰੀਆਂ ਸੱਟਾ ਲੱਗਦੀਆਂ ਹਨ।

ਵੀ ਆਰ ਮਾਨੀਟਰਿੰਗ ਗਰੁੱਪ ਦੇ ਅਨੁਸਾਰ, ਸਰਹੱਦ ਪਾਰ ਕਰਦੇ ਸਮੇਂ 89 ਲੋਕਾਂ ਦੀ ਮੌਤ ਹੋ ਗਈ ਹੈ।

ਪਰਵਾਸੀਆਂ ਦਾ ਕਹਿਣਾ ਹੈ ਕਿ ਸਰਹੱਦ ਪਾਰ ਕਰਨ ਵਿੱਚ ਮਦਦ ਕਰਨ ਲਈ ਸਾਜ਼ੋ-ਸਾਮਾਨ ਦਿੱਤੇ ਜਾਣ ਦੇ ਬਾਵਜੂਦ, ਬੇਲਾਰੂਸੀ ਸਰਹੱਦੀ ਬਲ ਦੇ ਕੁੱਤਿਆਂ ਦੁਆਰਾ ਉਨ੍ਹਾਂ ਲੋਕਾਂ ਦਾ ਪਿੱਛਾ ਕਰਨਾ ਆਮ ਗੱਲ ਹੈ ਕਿਉਂਕਿ ਉੱਥੋਂ ਦੇ ਗਾਰਡ ਲੋਕਾਂ ਨੂੰ ਉਨ੍ਹਾਂ ਦੇ ਖੇਤਰ ਤੋਂ ਬਾਹਰ ਅਤੇ ਯੂਰਪੀ ਸੰਘ ਵੱਲ ਧੱਕਦੇ ਹਨ।

ਸਰਦੀਆਂ ਵਿੱਚ ਹਾਲਾਤ ਖਾਸ ਤੌਰ 'ਤੇ ਮਾੜੇ ਹੁੰਦੇ ਹਨ। ਇਸ ਦੌਰਾਨ ਲੋਕਾਂ ਨੂੰ ਹਾਈਪੋਥਰਮੀਆ ਅਤੇ ਫ੍ਰੋਸਟਬਾਈਟ ਹੋਣਾ ਆਮ ਹੈ।

ਡੇਵਿਟ ਨੇ ਮੈਨੂੰ ਦੱਸਿਆ ਕਿ "ਜੇ ਤੁਸੀਂ ਭੱਜੇ, ਤਾਂ ਉਹ ਤੁਹਾਡੇ ਪਿੱਛੇ ਆਪਣਾ ਕੁੱਤਾ ਲਗਾ ਦੇਣਗੇ।''

"ਮੈਂ ਕੁੱਤਿਆਂ ਨੂੰ ਲੋਕਾਂ ਦੀ ਗਰਦਨ ਅਤੇ ਲੱਤਾਂ 'ਤੇ ਵੀ ਕੱਟਦੇ ਦੇਖਿਆ ਹੈ।"

ਓਲਗਾ

ਤਸਵੀਰ ਸਰੋਤ, Jack Garland, BBC News

ਤਸਵੀਰ ਕੈਪਸ਼ਨ, ਓਲਗਾ ਇੱਕ ਚੈਰਿਟੀ ਲਈ ਕੰਮ ਕਰਦੇ ਹਨ ਅਤੇ ਕਹਿੰਦੇ ਹਨ ਉਨ੍ਹਾਂ ਕੋਲ ਆਉਣ ਵਾਲੇ ਲੋਕਾਂ ਦੀ ਹਾਲਤ ਬਹੁਤ ਖਰਾਬ ਹੁੰਦੀ ਹੈ

ਓਲਗਾ, ਇੱਕ ਚੈਰਿਟੀ ਲਈ ਕੰਮ ਕਰਦੇ ਹਨ ਜੋ ਨਵੇਂ ਆਉਣ ਵਾਲਿਆਂ ਨੂੰ ਸਹਾਇਤਾ ਦੇਣ ਲਈ ਜੰਗਲ ਵਿੱਚ ਜਾਂਦੇ ਹਨ। ਉਹ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਉਹ ਮਿਲਦੇ ਹਨ ਉਹ ਅਕਸਰ ਡਰੇ ਹੋਏ ਹੁੰਦੇ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ।

ਓਲਗਾ ਮੁਤਾਬਕ, "ਉਨ੍ਹਾਂ ਨੂੰ ਰੇਜ਼ਰ ਵਾਇਰ ਕਾਰਨ ਬਹੁਤ ਸੱਟਾਂ ਲੱਗਦੀਆਂ ਹਨ। ਕਈ ਵਾਰ ਉਹ ਵਾੜ ਤੋਂ ਛਾਲ ਮਾਰਨ ਕਾਰਨ ਆਪਣੀਆਂ ਲੱਤਾਂ-ਬਾਹਾਂ ਤੁੜਵਾ ਲੈਂਦੇ ਹਨ।''

ਅਸੀਂ ਓਲਗਾ ਨੂੰ ਚੈਰਿਟੀ ਦੇ ਮੁੱਖ ਦਫ਼ਤਰ ਵਿੱਚ ਮਿਲੇ।

ਨੇੜਲੇ ਪਿੰਡ ਦੇ ਬਾਹਰਵਾਰ, ਇੱਕ ਤਿੰਨ ਕਮਰਿਆਂ ਵਾਲੀ ਇਮਾਰਤ ਹੈ, ਜੋ ਸਥਾਨਕ ਭਾਈਚਾਰੇ ਦੇ ਇੱਕ ਮਦਦਗਾਰ ਮੈਂਬਰ ਦੁਆਰਾ ਦਾਨ ਕੀਤੀ ਗਈ ਹੈ।

ਉਹ ਆਪਣਾ ਟਿਕਾਣਾ ਗੁਪਤ ਰੱਖਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਪਰਵਾਸੀਆਂ ਦੇ ਆਉਣ ਤੋਂ ਨਾਰਾਜ਼ ਲੋਕ ਉਨ੍ਹਾਂ ਨਾਲ ਦੁਸ਼ਮਣੀ ਕੱਢ ਸਕਦੇ ਹਨ।

ਇਸ ਥਾਂ 'ਤੇ ਜ਼ਰੂਰਤ ਦਾ ਸਾਰਾ ਸਮਾਨ ਮੌਜੂਦ ਹੈ। ਇੱਥੇ ਗਰਮ ਕੱਪੜੇ, ਖਾਣ ਦੀਆਂ ਚੀਜ਼ਾਂ, ਪੱਟੀਆਂ ਅਤੇ ਫਸਟ ਏਡ ਕਿਟਾਂ ਕੰਧਾਂ ਦੇ ਨਾਲ ਉੱਚੀਆਂ ਢੇਰ ਕੀਤੀਆਂ ਹੋਈਆਂ ਹਨ। ਇੱਕ ਖੂੰਜੇ ਵਿੱਚ ਦੋ ਸਿੰਗਲ ਬੈੱਡ ਹਨ ਜਿੱਥੇ ਵਲੰਟੀਅਰ ਸੌਂਦੇ ਹਨ, ਜੇ ਉਨ੍ਹਾਂ ਨੂੰ ਕੰਮ ਤੋਂ ਕੁਝ ਵਿਹਲ ਮਿਲ ਜਾਵੇ ਤਾਂ।

ਉਨ੍ਹਾਂ ਨੂੰ ਕਿਸੇ ਸਮੇਂ ਵੀ ਮਦਦ ਲਈ ਤਿਆਰ ਰਹਿਣਾ ਪੈਂਦਾ ਹੈ ਅਤੇ ਆਉਣ ਵਾਲੇ ਲੋਕ ਵੀ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ।

ਓਲਗਾ ਦੱਸਦੇ ਹਨ, "ਜ਼ਿਆਦਾਤਰ ਹੁਣ (ਸਰਦੀਆਂ ਵਿੱਚ) ਨੌਜਵਾਨ ਆਉਂਦੇ ਹਨ। ਪਰ ਸਤੰਬਰ ਅਤੇ ਅਕਤੂਬਰ ਵਿੱਚ, ਲਗਭਗ ਅੱਧੀਆਂ ਕੁੜੀਆਂ ਸਨ, ਜਵਾਨ ਕੁੜੀਆਂ। ਬਹੁਤ ਸਾਰੇ ਕਿਸ਼ੋਰ ਵੀ ਸਨ।"

ਇਹ ਚੈਰਿਟੀ ਜਿਵੇਂ ਵੀ ਸੰਭਵ ਹੋਵੇ ਮੁੱਢਲੀ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਜੋ ਜੋ ਲੋਕ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹੁੰਦੇ ਹਨ ਉਨ੍ਹਾਂ ਨੂੰ ਸ਼ਰਣ ਲੈਣ ਸੰਬੰਧੀ ਸਲਾਹ ਵੀ ਦਿੰਦੀ ਹੈ।

ਬਿਆਲੋਵੀਜ਼ਾ ਜੰਗਲ

ਤਸਵੀਰ ਸਰੋਤ, Jack Garland, BBC News

ਤਸਵੀਰ ਕੈਪਸ਼ਨ, ਪਰਵਾਸੀਆਂ ਕਾਰਨ ਜੰਗਲ ਅਤੇ ਜਾਨਵਰਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ

ਇਸ ਦੌਰਾਨ ਇੱਕ ਹੋਰ ਮੁੱਦਾ ਵੀ ਧਿਆਨ ਦੇਣ ਯੋਗ ਹੈ - ਉਹ ਹੈ ਪਰਵਾਸੀਆਂ ਕਾਰਨ ਜੰਗਲ ਦੀ ਅੱਗ ਅਤੇ ਸੁੱਟਿਆ ਹੋਇਆ ਕੂੜਾ, ਜੋ ਕਿ ਉਹਪਾਬੰਦੀਸ਼ੁਦਾ ਖੇਤਰ ਤੋਂ ਲੰਘਣ ਦੌਰਾਨ ਛੱਡ ਆਉਂਦੇ ਹਨ - ਇਸ ਨਾਲ ਬਿਆਲੋਵੀਜ਼ਾ ਦੇ ਜਾਨਵਰਾਂ ਦਾ ਵਿਵਹਾਰ ਬਦਲ ਰਿਹਾ ਹੈ।

ਮਨੁੱਖੀ ਖੁਸ਼ਬੂ ਤੋਂ ਬਚਣ ਦੀ ਕੋਸ਼ਿਸ਼ ਵਿੱਚ, ਯੂਰਪੀਅਨ ਜੰਗਲੀ ਸਾਨ੍ਹਾਂ ਦੇ ਝੁੰਡ ਹੁਣ ਜੰਗਲ ਦੇ ਉਨ੍ਹਾਂ ਹਿੱਸਿਆਂ ਵਿੱਚ ਜਾ ਰਹੇ ਹਨ ਜਿਨ੍ਹਾਂ ਨੂੰ ਉਹ ਪਹਿਲਾਂ ਅਣਦੇਖਾ ਕਰਦੇ ਸਨ।

ਵਧਦੀ ਆਬਾਦੀ ਨੇ ਵਿਦੇਸ਼ੀ ਪ੍ਰਜਾਤੀਆਂ ਦੀ ਸ਼ੁਰੂਆਤ ਵੀ ਕੀਤੀ ਹੈ, ਜਿਨ੍ਹਾਂ ਨੂੰ ਹਟਾਉਣ ਲਈ ਜੰਗਲਾਤ ਮਾਹਿਰਾਂ ਨੂੰ ਕੰਮ ਕਰਨਾ ਪੈਂਦਾ ਹੈ।

ਮੈਟਿਊਜ਼ ਸ਼ਿਮੁਰਾ ਨੇ 20 ਸਾਲਾਂ ਤੋਂ ਵੱਧ ਸਮੇਂ ਤੋਂ ਜੰਗਲਾਤ ਰੇਂਜਰ ਵਜੋਂ ਕੰਮ ਕੀਤਾ ਹੈ ਅਤੇ ਆਪਣੀ ਸਾਰੀ ਜ਼ਿੰਦਗੀ ਬਿਆਲੋਵੀਜ਼ਾ ਵਿੱਚ ਰਹੇ ਹਨ।

ਮੈਟਿਊਜ਼ ਸ਼ਿਮੁਰਾ

ਤਸਵੀਰ ਸਰੋਤ, Jack Garland, BBC News

ਤਸਵੀਰ ਕੈਪਸ਼ਨ, ਜੰਗਲਾਤ ਵਿਭਾਗ ਲਈ ਕੰਮ ਕਰ ਚੁੱਕੇ ਮੈਟਿਊਜ਼ ਕਹਿੰਦੇ ਹਨ ਕਿ ਜਿੰਨਾ ਚਿਰ ਬੇਲਾਰੂਸ ਪਰਵਾਸੀਆਂ ਨੂੰ ਉਤਸਾਹਿਤ ਕਰਦਾ ਰਹੇਗਾ, ਇਹ ਸਮੱਸਿਆ ਹੱਲ ਨਹੀਂ ਹੋਵੇਗੀ

ਜਦੋਂ ਅਸੀਂ ਇੱਕ ਸੰਘਣੇ ਜੰਗਲ ਵਿੱਚੋਂ ਬਰਫ਼ ਨਾਲ ਢਕੇ ਪੁਲ ਉੱਤੇ ਤੁਰ ਰਹੇ ਸੀ, ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਅਕਸਰ ਆਪਣੇ ਕੰਮ ਵਿੱਚ ਪ੍ਰਵਾਸੀਆਂ ਨੂੰ ਦੇਖਦੇ ਹਨ ਅਤੇ ਉਹ ਇਸ ਸਿਲਸਿਲੇ ਵਿੱਚ ਬੇਲਾਰੂਸ ਵੱਲੋਂ ਕਾਰਵਾਈ ਦੀ ਘਾਟ ਬਾਰੇ ਚਿੰਤਤ ਹਨ।

ਉਹ ਕਹਿੰਦੇ ਹਨ, "ਜੇਕਰ ਉਹ (ਬੇਲਾਰੂਸ) ਲੋਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਮੌਜੂਦ ਰਹਿਣ ਦੀ ਇਜਾਜ਼ਤ ਦਿੰਦੇ ਰਹਿਣਗੇ ਤਾਂ ਬਿਆਲੋਵੀਜ਼ਾ ਜੰਗਲ ਵਿੱਚ ਸਮੱਸਿਆਵਾਂ ਤਾਂ ਵਧਣਗੀਆਂ ਹੀ।''

ਅਤੇ ਜਿੰਨਾ ਚਿਰ ਬੇਲਾਰੂਸ ਵੱਲੋਂ ਇਹ ਖੇਡ ਚੱਲਦੀ ਰਹੇਗੀ, ਇਹ ਸੰਕਟ ਯੂਰਪ ਦੀਆਂ ਸਰਹੱਦਾਂ ਨੂੰ ਪ੍ਰਭਾਵਿਤ ਕਰਦਾ ਰਹੇਗਾ।

ਹਾਲਾਂਕਿ, ਬਹੁਤ ਸਾਰੇ ਲੋਕਾਂ ਲਈ ਇਹ ਯੂਰਪ ਦੇ ਦੂਜੇ ਦੇਸ਼ਾਂ ਦੀ ਯਾਤਰਾ ਦਰਮਿਆਨ ਸਿਰਫ਼ ਇੱਕ ਰੁਕਣ ਦੀ ਥਾਂ ਵਾਂਗ ਹੈ।

ਡੇਵਿਟ ਨੇ ਮੈਨੂੰ ਦੱਸਿਆ ਕਿ ਆਪਣੀ ਯਾਤਰਾ ਦੌਰਾਨ ਉਸ ਨੂੰ ਮਿਲੇ ਕਈ ਹੋਰ ਲੋਕ ਬ੍ਰਿਟੇਨ ਪਹੁੰਚਣਾ ਚਾਹੁੰਦੇ ਸਨ। ਹਾਲਾਂਕਿ, ਉਸਨੇ ਖੁਦ ਪੋਲੈਂਡ ਵਿੱਚ ਹੀ ਸ਼ਰਣ ਲਈ ਅਰਜ਼ੀ ਦਿੱਤੀ ਹੈ ਅਤੇ ਅਜੇ ਇਹ ਪ੍ਰਕਿਰਿਆ ਵਿੱਚ ਹੈ।

ਉਹ ਕਹਿੰਦਾ ਹੈ, "ਮੈਂ ਬਸ ਸੁਰੱਖਿਅਤ ਰਹਿਣਾ ਚਾਹੁੰਦਾ ਹਾਂ। ਇਸੇ ਲਈ ਮੈਂ ਇੱਥੇ ਰਹਿ ਰਿਹਾ ਹਾਂ"।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)