ਅਮਰੀਕਾ 'ਚ ਮੁੜ ਸ਼ੁਰੂ ਹੋਇਆ ਮੌਤ ਦੀ ਸਜ਼ਾ ਦੇਣ ਦਾ ਪੁਰਾਣਾ ਤਰੀਕਾ, ਕਿਉਂ ਗਵਾਹੀ ਦੇਣ ਵਾਲਿਆਂ ਲਈ ਵੀ ਇਹ ਖ਼ੌਫ਼ਨਾਕ ਹੈ

ਤਸਵੀਰ ਸਰੋਤ, South Carolina Department of Corrections
15 ਸਾਲਾਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਅਮਰੀਕਾ ਵਿੱਚ ਕਿਸੇ ਕੈਦੀ ਨੂੰ ਫਾਇਰਿੰਗ ਸਕੁਐਡ ਦੁਆਰਾ ਮੌਤ ਦੀ ਸਜ਼ਾ ਦਿੱਤੀ ਗਈ ਹੈ। ਬ੍ਰੈਡ ਸਿਗਮਨ ਨਾਮ ਦੇ ਇੱਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦੱਖਣੀ ਕੈਰੋਲੀਨਾ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਸੀ।
ਸਿਗਮਨ ਨੇ 2002 ਵਿੱਚ ਆਪਣੀ ਸਾਬਕਾ ਪ੍ਰੇਮਿਕਾ ਦੇ ਮਾਪਿਆਂ, ਗਲੈਡਿਸ ਅਤੇ ਡੇਵਿਡ ਲਾਰਕ ਨੂੰ ਦੱਖਣੀ ਕੈਰੋਲੀਨਾ ਦੇ ਉਨ੍ਹਾਂ ਦੇ ਘਰ ਵਿੱਚ ਬੇਸਬਾਲ ਬੈਟ ਨਾਲ ਮਾਰ ਦਿੱਤਾ ਸੀ। ਇਸੇ ਅਪਰਾਧ ਦੇ ਦੋਸ਼ ਵਿੱਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਹਾਲਾਂਕਿ, ਇਸ ਫੈਸਲੇ ਦੇ ਸਬੰਧ ਵਿੱਚ ਗਵਾਹਾਂ ਲਈ ਜੋਖਮਾਂ ਬਾਰੇ ਚਿੰਤਾਵਾਂ ਉਠਾਈਆਂ ਗਈਆਂ ਹਨ, ਕਿਉਂਕਿ ਕਾਨੂੰਨ ਮੁਤਾਬਕ ਗਵਾਹਾਂ ਨੂੰ ਇਹ ਘਟਨਾ ਵਾਪਰਦੀ ਦੇਖਣੀ ਪੈਂਦੀ ਹੈ।
ਸਿਗਮਨ ਦੇ ਵਕੀਲਾਂ ਨੇ ਦੱਸਿਆ ਕਿ ਉਸਨੇ ਆਪਣੇ ਆਪ ਲਈ ਫਾਇਰਿੰਗ ਸਕੁਐਡ ਦੁਆਰਾ ਮੌਤ ਚੁਣੀ ਸੀ।
ਵਕੀਲ ਨੇ ਦੱਸਿਆ ਕਿ ਉਸਨੂੰ ਮੌਤ ਦੀ ਸਜ਼ਾ ਦੇ ਦੋ ਤਰੀਕਿਆਂ ਵਿੱਚੋਂ ਇੱਕ ਨੂੰ ਚੁਣਨ ਦਾ ਹੌਲਨਾਕ ਕੰਮ ਕਰਨਾ ਪਿਆ।
ਉਸਨੇ ਗੋਲੀ ਮਾਰ ਕੇ ਹਿੰਸਕ ਮੌਤ ਜਾਂ ਘਾਤਕ ਟੀਕੇ ਦੁਆਰਾ ਸੰਭਾਵੀ ਤੌਰ 'ਤੇ ਤਸੀਹੇ ਦੇਣ ਵਾਲੀ ਮੌਤ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਸੀ ਅਤੇ ਇਸ ਟੀਕੇ ਵਾਲੇ ਤਰੀਕੇ ਬਾਰੇ ਉਸਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ।

ਦੱਖਣੀ ਕੈਰੋਲੀਨਾ ਨੇ 1985 ਤੋਂ ਲੈ ਕੇ ਹੁਣ ਤੱਕ 40 ਤੋਂ ਵੱਧ ਕੈਦੀਆਂ ਨੂੰ ਬਿਜਲੀ ਦਾ ਕਰੰਟ ਅਤੇ ਘਾਤਕ ਟੀਕੇ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਹੈ।
2021 ਵਿੱਚ, ਦੱਖਣੀ ਕੈਰੋਲੀਨਾ ਨੇ ਇੱਕ ਕਾਨੂੰਨ ਪਾਸ ਕੀਤਾ ਜੋ ਸੂਬੇ ਵਿੱਚ ਮੌਤ ਦੀ ਸਜ਼ਾ ਦੇਣ ਲਈ ਫਾਇਰਿੰਗ ਸਕੁਐਡ ਦੀ ਵਰਤੋਂ ਦੀ ਆਗਿਆ ਦਿੰਦਾ ਹੈ।
ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਗਠਨ - ਡੈਥ ਪੈਨਲਟੀ ਇਨਫਰਮੇਸ਼ਨ ਸੈਂਟਰ ਦੇ ਅਨੁਸਾਰ, ਸੂਬਾ ਜਾਨਲੇਵਾ ਟੀਕੇ ਵਾਲੀਆਂ ਦਵਾਈਆਂ ਪ੍ਰਾਪਤ ਕਰਨ ਵਿੱਚ ਅਸਮਰੱਥ ਸੀ ਅਤੇ ਫਾਇਰਿੰਗ ਸਕੁਐਡ ਵਾਲਾ ਇਹ ਕਾਨੂੰਨ ਅੰਸ਼ਕ ਤੌਰ 'ਤੇ ਇਸੇ ਦਿੱਕਤ ਕਾਰਨ ਸਾਹਮਣੇ ਆਇਆ।
ਕਾਨੂੰਨ ਪਾਸ ਹੋਣ ਤੋਂ ਥੋੜ੍ਹੀ ਦੇਰ ਬਾਅਦ, ਦੱਖਣੀ ਕੈਰੋਲੀਨਾ ਸੁਧਾਰ ਵਿਭਾਗ (ਐਸਸੀਡੀਸੀ) ਨੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਤਾਂ ਜੋ ਫਾਇਰਿੰਗ ਸਕੁਐਡ ਦੁਆਰਾ ਮੌਤ ਦੀ ਸਜ਼ਾ ਦਿੱਤੀ ਜਾ ਸਕੇ।
ਜਦੋਂ ਕਿਸੇ ਨੂੰ ਗੋਲੀਬਾਰੀ ਦਸਤੇ ਜਾਂ ਫਾਇਰਿੰਗ ਸਕੁਐਡ ਦੁਆਰਾ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਕੀ ਹੁੰਦਾ ਹੈ?

ਤਸਵੀਰ ਸਰੋਤ, South Carolina Department of Corrections
ਜਿਸ ਕਮਰੇ ਵਿੱਚ ਕੈਦੀਆਂ ਨੂੰ ਜਾਨਲੇਵਾ ਟੀਕੇ ਨਾਲ ਮਾਰਿਆ ਜਾਂਦਾ ਹੈ, ਉਸ ਨੂੰ ਮੌਤ ਦਾ ਚੈਂਬਰ ਕਿਹਾ ਜਾਂਦਾ ਹੈ। ਹੁਣ ਇਸੇ ਕਮਰੇ ਵਿੱਚ ਫਾਇਰਿੰਗ ਸਕੁਐਡ ਵੱਲੋਂ ਗੋਲ਼ੀਆਂ ਮਾਰ ਕੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।
ਸਜ਼ਾ ਦੀ ਪ੍ਰਕਿਰਿਆ ਬਾਰੇ ਦੱਸਦਿਆਂ ਵਿਭਾਗ ਦਾ ਕਹਿਣਾ ਹੈ ਕਿ ਉਸ ਸਮੇਂ ਗਵਾਹ ਵੀ ਮੌਕੇ 'ਤੇ ਮੌਜੂਦ ਰਹਿੰਦੇ ਹਨ।
"ਕੈਦੀ ਜੇਲ੍ਹ ਵੱਲੋਂ ਦਿੱਤੀ ਗਈ ਵਰਦੀ ਪਹਿਨਦਾ ਹੈ ਅਤੇ ਉਸਨੂੰ ਚੈਂਬਰ ਵਿੱਚ ਲਿਜਾਇਆ ਜਾਂਦਾ ਹੈ। ਕੈਦੀ ਨੂੰ ਆਪਣੀ ਅੰਤਿਮ ਗੱਲ ਕਹਿਣ ਦਾ ਮੌਕਾ ਦਿੱਤਾ ਜਾਂਦਾ ਹੈ।''
ਵਿਭਾਗ ਦੇ ਦੱਸਣ ਮੁਤਾਬਕ, ਸਿਗਮਨ ਨੂੰ ਮੌਤ ਦੇ ਚੈਂਬਰ ਵਿੱਚ ਇੱਕ ਕੁਰਸੀ ਨਾਲ ਬੰਨ੍ਹ ਦਿੱਤਾ ਗਿਆ ਹੋਵੇਗਾ, ਉਸਦੇ ਮੂੰਹ ਨੂੰ ਇੱਕ ਕੱਪੜੇ ਨਾਲ ਢਕ ਦਿੱਤਾ ਗਿਆ ਹੋਣਾ ਅਤੇ ਉਸਦੇ ਦਿਲ ਉੱਤੇ ਨਿਸ਼ਾਨਾ ਰੱਖਿਆ ਗਿਆ ਹੋਣਾ।
''ਵਾਰਡਨ ਵੱਲੋਂ ਫਾਂਸੀ ਦੇ ਹੁਕਮ ਨੂੰ ਪੜ੍ਹਨ ਤੋਂ ਬਾਅਦ, ਟੀਮ ਗੋਲ਼ੀਆਂ ਚਲਾ ਦਿੰਦੀ ਹੈ।'''
''ਗੋਲਿਆਂ ਲੱਗਣ ਤੋਂ ਬਾਅਦ, ਇੱਕ ਡਾਕਟਰ ਕੈਦੀ ਦੀ ਜਾਂਚ ਕਰਦਾ ਹੈ। ਕੈਦੀ ਨੂੰ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਉਸ ਦੇ ਚਹਿਰੇ ਤੋਂ ਕੱਪੜਾ ਹਟਾ ਦਿੱਤਾ ਜਾਂਦਾ ਹੈ ਅਤੇ ਗਵਾਹਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਫਾਇਰਿੰਗ ਸਕੁਐਡ ਦੇ ਮੈਂਬਰ ਐਸਸੀਡੀਸੀ ਦੇ ਸਵੈ-ਸੇਵੀ ਕਰਮਚਾਰੀ ਹਨ।''
'ਮੌਤ ਦੇ ਚੈਂਬਰ' ਦੇ ਅੰਦਰ ਚਸ਼ਮਦੀਦ ਗਵਾਹ

ਤਸਵੀਰ ਸਰੋਤ, Getty Images
ਪੱਤਰਕਾਰ, ਵਕੀਲ ਅਤੇ ਪੀੜਤ ਦੇ ਪਰਿਵਾਰਕ ਮੈਂਬਰ ਆਮ ਤੌਰ 'ਤੇ 'ਡੈਥ ਚੈਂਬਰ' ਦੇ ਬਿਲਕੁਲ ਨਾਲ ਵਾਲੀ ਜਗ੍ਹਾ 'ਤੇ ਬੈਠਦੇ ਹਨ, ਤਾਂ ਜੋ ਉਹ ਸ਼ੀਸ਼ੇ ਦੇ ਪਰਲੇ ਪਾਸੇ ਤੋਂ ਮੌਤ ਦੀ ਸਜ਼ਾ ਨੂੰ ਦੇਖ ਸਕਣ।
ਗਵਾਹਾਂ ਨੂੰ ਸਗਮੋਨ ਨੂੰ ਉਦੋਂ ਤੱਕ ਦੇਖਣਾ ਪਵੇਗਾ ਜਦੋਂ ਤੱਕ ਉਸਨੂੰ ਮ੍ਰਿਤਕ ਐਲਾਨ ਨਹੀਂ ਦਿੱਤਾ ਜਾਂਦਾ।
ਦੱਖਣੀ ਕੈਰੋਲੀਨਾ ਦੇ ਮੈਕਲੀਨ ਵਿੱਚ ਇੱਕ ਹਥਿਆਰ ਸਿਖਲਾਈ ਅਕੈਡਮੀ ਦੇ ਮਾਲਕ ਅਤੇ ਫਾਇਰਆਰਾਮ ਇੰਸਟ੍ਰਕਟਰ, ਡ੍ਰਿਊ ਸਵਿਫਟ ਨੇ ਅਮਰੀਕੀ ਪ੍ਰਸਾਰਕ ਐਨਪੀਆਰ ਨਾਲ ਮੌਤ ਦੀ ਸਜ਼ਾ ਦੇ ਇਨ੍ਹਾਂ ਤਰੀਕਿਆਂ ਬਾਰੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ।
ਸਵਿਫਟ ਨੇ ਕਿਹਾ, "ਇਹ ਭਾਵਨਾਤਮਕ ਤੌਰ 'ਤੇ ਦਰਦਨਾਕ ਹੋਣ ਵਾਲਾ ਹੈ। ਅਤੇ ਜੇ ਤਿੰਨ ਗੋਲੀਆਂ ਇੱਕੋ ਥਾਂ 'ਤੇ ਲੱਗੀਆਂ, ਜੋ ਕਿ ਟੀਚਾ ਹੈ ਤਾਂ ਇਸ ਨਾਲ ਬਹੁਤ ਵੱਡਾ ਛੇਕ ਹੋਵੇਗਾ। ਬਹੁਤ ਸਾਰਾ ਖੂਨ ਵਹੇਗਾ।"
ਜੇਕਰ ਗੋਲੀ ਇੱਕ ਸੀਮਤ ਅਤੇ ਬੰਦ ਜਗ੍ਹਾ ਵਿੱਚ ਚਲਾਈ ਜਾਂਦੀ ਹੈ, ਤਾਂ ਗੋਲੀ ਲੋਕਾਂ ਜਾਂ ਫਰਨੀਚਰ ਨੂੰ ਲੱਗਣ ਅਤੇ ਸ਼ੀਸੇ ਦੇ ਕਣ ਅਤੇ ਨੁਕਸਾਨਦੇਹ ਗੈਸਾਂ ਛੱਡਣ ਦਾ ਜੋਖਮ ਵੀ ਹੁੰਦਾ ਹੈ। ਇਸ ਤੋਂ ਇਲਾਵਾ, ਜਿਹੜੇ ਲੋਕ ਉੱਥੇ ਮੌਜੂਦ ਹੁੰਦੇ ਹਨ ਉਨ੍ਹਾਂ ਦੀ ਸੁਣਨ ਸ਼ਕਤੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਐਨਪੀਆਰ ਦੀ ਰਿਪੋਰਟ ਅਨੁਸਾਰ, ਐਸਸੀਡੀਸੀ ਨੇ ਇਨ੍ਹਾਂ ਚਿੰਤਾਵਾਂ ਸਬੰਧੀ ਕੋਈ ਜਵਾਬ ਨਹੀਂ ਦਿੱਤਾ।
ਫਾਇਰਿੰਗ ਸਕੁਐਡ ਦੁਆਰਾ ਮੌਤ ਦੀ ਸ਼ੁਰੂਆਤ
1977 ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿੱਚ ਫਾਇਰਿੰਗ ਸਕੁਐਡ ਦੁਆਰਾ ਤਿੰਨ ਵਾਰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਇਹ ਸਾਰੀਆਂ ਸਜ਼ਾਵਾਂ ਯੂਟਾਹ ਸੂਬੇ ਵਿੱਚ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਆਖਰੀ ਸਜ਼ਾ 2010 ਵਿੱਚ ਦਿੱਤੀ ਗਈ ਸੀ।
ਪਰ ਅਮਰੀਕਾ ਵਿੱਚ ਗੋਲ਼ੀਆਂ ਮਾਰ ਕੇ ਦਿੱਤੀ ਜਾਣ ਵਾਲੀ ਸਜ਼ਾ ਦਾ ਇਤਿਹਾਸ ਲੰਮਾ ਹੈ।
ਕਲੀਵਲੈਂਡ ਸਟੇਟ ਲਾਅ ਰਿਵਿਊ ਲੇਖ ਵਿੱਚ ਕ੍ਰਿਸਟੋਫਰ ਕਿਊ ਕਟਲਰ ਦੇ ਅਨੁਸਾਰ, ਘਰੇਲੂ ਯੁੱਧ ਦੌਰਾਨ ਘੱਟੋ-ਘੱਟ 185 ਲੋਕਾਂ ਨੂੰ ਫਾਇਰਿੰਗ ਸਕੁਐਡ ਦੁਆਰਾ ਮੌਤ ਦੀ ਸਜ਼ਾ ਦਿੱਤੀ ਗਈ ਸੀ।

ਤਸਵੀਰ ਸਰੋਤ, Getty Images
ਸਾਊਥ ਕੈਰੋਲੀਨਾ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫੈਸਰ ਮਾਰਕ ਸਮਿਥ ਨੇ ਕਿਹਾ ਕਿ ਘਰੇਲੂ ਯੁੱਧ ਦੌਰਾਨ ਦੋਵਾਂ ਧਿਰਾਂ ਦੁਆਰਾ ਫਾਇਰਿੰਗ ਸਕੁਐਡਾਂ ਦੀ ਵਰਤੋਂ "ਇੱਕ ਜਨਤਕ ਤਮਾਸ਼ਾ ਅਤੇ ਦਹਿਸ਼ਤ ਦਾ ਦ੍ਰਿਸ਼" ਬਣਾਉਣ ਲਈ ਕੀਤੀ ਗਈ ਸੀ ਤਾਂ ਜੋ ਸੈਨਿਕਾਂ ਨੂੰ ਲੀਹ 'ਤੇ ਰੱਖਿਆ ਜਾ ਸਕੇ।
ਪ੍ਰੋਫੈਸਰ ਮਾਰਕ ਸਮਿਥ ਕਹਿੰਦੇ ਹਨ ਕਿ "ਕਈ ਵਾਰ ਕੋਈ ਆਦਮੀ ਆਪਣੇ ਤਾਬੂਤ ਕੋਲ ਬੈਠਾ ਹੋ ਸਕਦਾ ਹੈ ਜਾਂ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੋ ਸਕਦੀ ਹੈ, ਛੇ ਜਾਂ ਸੱਤ ਲੋਕ ਉਸ ਵੱਲ ਗੋਲ਼ੀਆਂ ਚਲਾਉਂਦੇ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਗੋਲ਼ੀ ਖਾਲੀ ਹੁੰਦੀ ਹੈ। ਇਹ ਸਭ ਦਹਿਸ਼ਤ ਪੈਦਾ ਕਰਨ ਲਈ ਕੀਤਾ ਜਾਂਦਾ ਸੀ ਅਤੇ ਇਸ ਤਰੀਕੇ ਨੇ ਕੰਮ ਵੀ ਕੀਤਾ।''
1608 ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿੱਚ ਘੱਟੋ-ਘੱਟ 144 ਨਾਗਰਿਕ ਕੈਦੀਆਂ ਨੂੰ ਗੋਲ਼ੀਆਂ ਮਾਰ ਕੇ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਲਗਭਗ ਸਾਰੇ ਮਾਮਲੇ ਯੂਟਾਹ ਵਿੱਚ ਸਨ।
ਕਈ ਦੇਸ਼ਾਂ ਨੇ ਬੰਦ ਕੀਤੀ ਮੌਤ ਦੀ ਸਜ਼ਾ

ਤਸਵੀਰ ਸਰੋਤ, Getty Images
ਐਮਨੈਸਟੀ ਇੰਟਰਨੈਸ਼ਨਲ (ਮਨੁੱਖੀ ਅਧਿਕਾਰਾਂ ਦੀ ਦੁਵਰਤੋਂ ਖ਼ਿਲਾਫ਼ ਕੰਮ ਕਰਨ ਵਾਲੀ ਕੌਮਾਂਤਰੀ ਸੰਸਥਾ) ਦਾ ਕਹਿਣਾ ਹੈ ਕਿ 144 ਦੇਸ਼ਾਂ ਨੇ ਮੌਤ ਦੀ ਸਜ਼ਾ ਦੇਣਾ ਜਾਂ ਇਸ ਦੇ ਕਾਨੂੰਨ ਨੂੰ ਹੀ ਖਤਮ ਕਰ ਦਿੱਤਾ ਹੈ।
ਹਾਲਾਂਕਿ, ਐਮਨੈਸਟੀ ਦੁਆਰਾ ਇਕੱਠੇ ਕੀਤੇ ਅੰਕੜਿਆਂ ਅਨੁਸਾਰ, 2023 ਵਿੱਚ ਕੁੱਲ 1,153 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਇਸ ਗਿਣਤੀ ਵਿੱਚ ਚੀਨ ਦੇ ਆਂਕੜੇ ਸ਼ਾਮਲ ਨਹੀਂ ਹਨ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉੱਥੇ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।
ਵੱਖ-ਵੱਖ ਦੇਸ਼ਾਂ ਵਿੱਚ ਮੌਤ ਦੀ ਸਜ਼ਾ ਦੇ ਤਰੀਕਿਆਂ ਵਿੱਚ ਫਾਂਸੀ ਦੇਣਾ, ਜਾਨਲੇਵਾ ਟੀਕਾ ਲਗਾਉਣਾ, ਬਿਜਲੀ ਦਾ ਕਰੰਟ ਲਗਾਉਣਾ, ਸਿਰ ਕਲਮ ਕਰਨਾ (ਵੱਢਣਾ) ਅਤੇ ਗੋਲ਼ੀ ਮਾਰਨਾ ਸ਼ਾਮਲ ਹਨ।
ਐਮਨੈਸਟੀ ਦਾ ਕਹਿਣਾ ਹੈ ਕਿ 2020 ਵਿੱਚ ਘੱਟੋ-ਘੱਟ ਅੱਠ ਦੇਸ਼ਾਂ ਨੇ ਦੋਸ਼ੀਆਂ ਨੂੰ ਗੋਲ਼ੀ ਮਾਰ ਕੇ ਮੌਤ ਦੀ ਸਜ਼ਾ ਦਿੱਤੀ। ਇਹ ਦੇਸ਼ ਹਨ- ਚੀਨ, ਈਰਾਨ, ਉੱਤਰੀ ਕੋਰੀਆ, ਓਮਾਨ, ਕਤਰ, ਸੋਮਾਲੀਆ, ਤਾਈਵਾਨ ਅਤੇ ਯਮਨ।
ਐਮਨੈਸਟੀ ਇੰਟਰਨੈਸ਼ਨਲ ਯੂਐਸਏ ਦੇ ਖੋਜ ਸਬੰਧੀ ਡਿਪਟੀ ਡਾਇਰੈਕਟਰ, ਜਸਟਿਨ ਮਾਜ਼ੋਲਾ ਨੇ ਕਿਹਾ ਕਿ ਫਾਇਰਿੰਗ ਸਕੁਐਡ ਦੁਆਰਾ ਮੌਤ ਦੀ ਸਜ਼ਾ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਸੀ ਜਿਸਨੂੰ ਬਹੁਤ ਪਹਿਲਾਂ ਕੂੜੇਦਾਨ ਵਿੱਚ ਸੁੱਟ ਦਿੱਤਾ ਜਾਣਾ ਚਾਹੀਦਾ ਸੀ।"
ਉਨ੍ਹਾਂ ਕਿਹਾ, "ਸਰਕਾਰ ਕੋਲ ਕਿਸੇ ਵਿਅਕਤੀ ਨੂੰ ਮਾਰਨ ਦਾ ਕੋਈ ਮਨੁੱਖੀ ਤਰੀਕਾ ਨਹੀਂ ਹੈ। ਭਾਵੇਂ ਗੋਲ਼ੀ ਮਾਰ ਕੇ, ਘਾਤਕ ਟੀਕਾ ਲਗਾ ਕੇ, ਫਾਂਸੀ ਦੇ ਕੇ, ਗਲਾ ਘੁੱਟ ਕੇ ਜਾਂ ਬਿਜਲੀ ਦੇ ਕਰੰਟ ਨਾਲ, ਮੌਤ ਦੀ ਸਜ਼ਾ ਸਭ ਤੋਂ ਜ਼ਾਲਮ, ਅਣਮਨੁੱਖੀ ਅਤੇ ਅਪਮਾਨਜਨਕ ਸਜ਼ਾ ਹੈ। ਇਹ ਹਿੰਸਾ ਨੂੰ ਦਿਖਾਉਂਦੀ ਹੈ, ਇਸਦਾ ਹੱਲ ਨਹੀਂ ਕਰਦੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












