ਟਰੰਪ ਅਤੇ ਡੰਕੀ ਰੂਟ 'ਤੇ ਬਣੇ ਪੰਜਾਬੀ ਗਾਣੇ ਗੈਰ-ਕਾਨੂੰਨੀ ਪਰਵਾਸ ਦੀ ਕਿਹੜੀ ਕਹਾਣੀ ਲੁਕੋ ਰਹੇ

ਤਸਵੀਰ ਸਰੋਤ, Getty Images
- ਲੇਖਕ, ਬਰਿੰਦਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਰਾਤੀਂ ਚੱਲ ਗਈਆਂ ਗੋਲ਼ੀਆਂ ਨੀ ਸੈਕਰਾਮੈਂਟੋ,
ਅਸੀਂ ਜਾਨ ਲੈਣ ਆਏ ਕਹਿੰਦੇ ਛੱਡਦੋ ਰਹਿਣ ਦੋ
ਯਾਰੀ ਟਾਵਿਆਂ ਲਈ ਬਣੀ ਸਾਡੀ ਬਹੁਤਿਆਂ ਲਈ ਨਹੀਂ ,
ਘਰੋਂ ਪੈਰ ਪੁੱਟੀਦਾ ਐ ਸਮਝੌਤਿਆਂ ਲਈ ਨਹੀਂ
ਅਸੀਂ ਚੱਤੋ ਪਹਿਰ ਬਾਬਿਆਂ ਦਾ ਨਾਂ ਲ਼ਈ ਦਾ,
ਮੇਰੇ ਯਾਰ ਨੇ ਸ਼ੈਤਾਨਾਂ ਦੀ ਜੋ ਪੂਜਾ ਕਰਦੇ
ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ,
ਬਿੱਲੋ ਦੁੱਕੀ-ਤਿੱਕੀ, ਛਿੱਕੀ ਦੀ ਤਾਂ ਗੱਲ ਛੱਡਦੇ
'ਟਰੰਪ' ਗੀਤ ਦੀਆਂ ਇਹ ਸਤਰਾਂ ਗਾਉਣ ਵਾਲੇ ਚੀਮਾ ਬਾਈ ਅਤੇ ਗੁਰ ਸਿੱਧੂ ਪਿਛਲੇ ਦਿਨੀਂ ਪੰਜਾਬੀ ਸੋਸ਼ਲ ਮੀਡੀਆ ਉੱਤੇ ਸਭ ਤੋਂ ਵੱਧ ਟਰੋਲ ਹੋਣ ਵਾਲੀਆਂ ਸ਼ਖ਼ਸੀਅਤਾਂ ਵਿੱਚੋਂ ਸਨ।
ਕੋਈ ਕਹਿ ਰਿਹਾ ਸੀ ਕਿ ਟਰੰਪ ਨੇ ਆਹ ਗੀਤ ਸੁਣ ਲਿਆ, ਇਸੇ ਲਈ ਹਥਕੜੀਆਂ ਬੇੜੀਆਂ ਲਾ ਕੇ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਲਗਾਤਾਰ ਤਿੰਨ ਜਹਾਜ਼ ਅੰਮ੍ਰਿਤਸਰ ਉਤਾਰੇ ਗਏ।
ਕੋਈ ਕਹਿ ਰਿਹਾ ਸੀ ਕਿ ਚੀਮੇ ਅਤੇ ਸਿੱਧੂ ਦਾ ਗੀਤ ਸੁਣ ਕੇ ਟਰੰਪ ਗੁੱਸਾ ਕਰ ਗਿਆ ਅਤੇ ਕੋਈ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਗਾਇਕ ਚੀਮੇ ਅਤੇ ਸਿੱਧੂ ਦੀ ਜਵਾਬਤਲਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੂਜੀ ਵਾਰ ਰਾਸ਼ਟਰਪਤੀ ਬਣਦਿਆਂ ਹੀ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਮੁਲਕਾਂ ਵਿੱਚ ਭੇਜਣ ਦੀ ਮੁਹਿੰਮ ਛੇੜੀ ਹੋਈ ਹੈ।
ਇਸ ਮੁਹਿੰਮ ਤਹਿਤ ਪਿਛਲੇ ਦਿਨੀਂ 332 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ, ਇਨ੍ਹਾਂ ਵਿੱਚੋਂ ਪੰਜਾਬੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ।

ਗ਼ੈਰ-ਕਾਨੂੰਨੀ ਪਰਵਾਸ ਤੇ ਪੰਜਾਬੀ ਗੀਤ
ਜਦੋਂ ਡੰਕੀ ਰੂਟ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਏ ਪੰਜਾਬੀਆਂ ਦੇ ਘਰੋਂ-ਘਰੀਂ ਆਉਣ, ਉਨ੍ਹਾਂ ਦੇ ਲੱਖਾਂ ਰੁਪਏ ਲੁਟਾ ਕੇ ਘਰ ਮੁੜਨ ਅਤੇ ਡੰਕੀ ਰੂਟ ਉੱਤੇ ਹੋਈਆਂ ਦੁਸ਼ਵਾਰੀਆਂ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਸਨ, ਉਦੋਂ ਅਜਿਹੇ ਗੀਤਾਂ ਉੱਤੇ ਵੀ ਚਰਚਾ ਸ਼ੁਰੂ ਹੋਈ, ਜੋ ਡੰਕੀ ਰੂਟ ਸਣੇ ਗ਼ੈਰ-ਕਾਨੂੰਨੀ ਢੰਗ ਨਾਲ ਪਰਵਾਸ ਕਰਨ, ਡਾਲਰਾਂ ਦੀ ਚਕਾਚੌਂਦ ਅਤੇ ਹਥਿਆਰਾਂ ਤੇ ਗੈਂਗ ਕਲਚਰ ਨੂੰ ਉਤਸ਼ਾਹਿਤ ਕਰਦੇ ਹਨ।
"ਵੈਲਪੁਣਾ ਕੀਤਾ ਨਹੀਓਂ ਰਿਸਕ ਤਾਂ ਲਏ ਨੇ, ਜੱਟ ਹੋਰੀਂ ਉਹੀ ਜਿਹੜੇ ਬਾਰਡਰਾਂ ਤੋਂ ਗਏ ਨੇ"
ਜਾਂ
"ਹੱਸ ਕੇ ਨਾ ਕਹਿ ਦਈ ਕਿਤੇ ਦੋ ਨੰਬਰੀ, ਮੁੰਡਾ ਪਿੰਡ ਵਿੱਚ ਵੱਜੇ ਅਮਰੀਕਾ ਵਾਲਾ ਨੀਂ"
ਜਾਂ
"ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ, ਦੁੱਕੀ-ਤਿੱਕੀ ਦੀ ਤਾਂ ਬਿੱਲੋ ਗੱਲ ਛੱਡਦੇ"
ਇਨ੍ਹਾਂ ਗੀਤਾਂ ਦੇ ਬੋਲਾਂ ਦੇ ਨਾਲ-ਨਾਲ ਵੀਡੀਓਜ਼ ਹੋਰ ਵੀ ਧਿਆਨ ਦੀ ਮੰਗ ਕਰਦੇ ਹਨ ਜੋ ਅਫ਼ਰੀਕੀ ਮੂਲ ਦੇ ਰੈਪਰਾਂ ਨਾਲ ਮਿਲ ਕੇ ਜਿੱਥੇ ਗੰਨ ਕਲਚਰ ਦੇ ਤੜਕੇ ਵਾਲੇ ਹਨ।
ਇਹ ਗੀਤ ਉੱਥੇ ਪਰਵਾਸ ਕਰਕੇ ਗਏ ਲੋਕਾਂ ਨੂੰ ਇੰਝ ਪੇਸ਼ ਕਰਦੇ ਹਨ, ਜਿਵੇਂ ਪੰਜਾਬ ਤੋਂ ਜ਼ਮੀਨਾਂ ਵੇਚ ਕੇ ਗ਼ੈਰ-ਕਾਨੂੰਨੀ ਢੰਗ ਨਾਲ 30- 80 ਲੱਖ ਰੁਪਏ ਖਰਚੇ ਕਰਕੇ ਗਏ ਮੁੰਡੇ ਉੱਥੇ ਗੈਂਗਸਟਰ ਹੀ ਬਣਦੇ ਹਨ।
ਜਿਵੇਂ ਉਹ ਵੱਡੀਆਂ-ਵੱਡੀਆਂ ਗੱਡੀਆਂ ਵਿੱਚ ਹੀ ਘੁੰਮਦੇ ਹਨ, ਅੱਯਾਸ਼ੀ ਕਰਦੇ ਹਨ ਅਤੇ ਅਮਰੀਕਾ ਜਾਂ ਕੈਨੇਡਾ ਵਿੱਚ ਇਨ੍ਹਾਂ ਦਾ ਹੀ ਰਾਜ ਚੱਲਦਾ ਹੋਵੇ।

ਤਸਵੀਰ ਸਰੋਤ, Getty Images
ਇਹ ਗੀਤ ਨਾ ਪਰਵਾਸ ਦੇ ਦੁਖਾਂਤ ਦੀ ਕਿਧਰੇ ਬਾਤ ਪਾਉਂਦੇ ਹਨ, ਨਾ ਡਬਲ ਸ਼ਿਫਟਾਂ ਲਾਉਣ ਵਾਲਿਆਂ ਦੀ ਅਤੇ ਨਾ ਹੀ ਵੇਚੀ ਜ਼ਮੀਨ ਜਾਂ ਕਰਜ਼ੇ ਲਾਹੁਣ ਲ਼ਈ ਦਿਨ ਰਾਤ ਮਰਦੇ ਲੋਕਾਂ ਦੀ ਕਹਾਣੀ ਦੱਸਦੇ ਹਨ।
ਅਜਿਹੇ ਗੀਤ ਗਾਉਣ ਵਾਲੇ ਜ਼ਿਆਦਾਤਰ ਗਾਇਕ ਜਾਂ ਗੀਤਕਾਰ ਆਪਣੇ ਬੋਲਾਂ ਰਾਹੀਂ ਵਿਦੇਸ਼ਾਂ ਵਿੱਚ ਗ਼ੈਰ-ਕਾਨੂੰਨੀ ਪਰਵਾਸ ਦੀ ਵਡਿਆਈ ਹੀ ਕਰਦੇ ਆਏ ਹਨ।
ਗ਼ੈਰ-ਕਾਨੂੰਨੀ ਪਰਵਾਸ ਦੇ ਜਸ਼ਨ ਮਨਾਉਣ ਵਾਲੇ ਚੀਮਾ ਬਾਈ ਦੇ ਗੀਤ 'ਟਰੰਪ' ਦੇ ਅਗਲੇ ਕੁਝ ਹੋਰ ਬੋਲ ਕਾਬਲ-ਏ-ਗ਼ੌਰ ਹਨ।
"ਅਸੀਂ ਨਹੀਓਂ ਅਬੈਂਸੀਆਂ ਵਿੱਚ ਵੀਜ਼ਾ ਮੰਗਿਆ,
ਜਿੱਥੋਂ ਲੰਘ ਆਇਆ ਸੌਖਾ ਨਹੀਓਂ ਜਾਂਦਾ ਲੰਘਿਆ,
ਲੈ ਕੇ ਆਇਆ ਨਹੀਓਂ ਨਵੇਂ-ਨਵੇਂ ਕੱਪੜੇ ਬੈਗਾਂ ਵਿੱਚ,
ਸ਼ੇਰ ਉੱਡ ਆਉਂਦੇ 35 ਫੁੱਟ ਕੰਧ ਟੱਪ ਕੇ"

ਤਸਵੀਰ ਸਰੋਤ, Getty Images
ਇਸ ਗੀਤ ਦੇ ਯੂ-ਟਿਊਬ ਉਪਰ ਕਰੀਬ 5.7 ਕਰੋੜ ਵਿਊਜ਼ ਹਨ ਅਤੇ ਇੰਸਟਾਗ੍ਰਾਮ ਉਪਰ ਇਸ ਗੀਤ ਉਪਰ ਦੋ ਲੱਖ ਤੋਂ ਵੱਧ ਰੀਲਾਂ ਬਣ ਚੁੱਕੀਆਂ ਹਨ।
ਇਸੇ ਤਰ੍ਹਾਂ ਪੰਜਾਬੀ ਗਾਇਕ ਦੀਪ ਸਿੱਧੂ ਦੇ ਗੀਤ ਅਮੈਰਿਕਾ-2 ਦੇ ਬੋਲ ਹਨ, "ਪਹੁੰਚੇ ਉਥੇ ਹਾਂ ਹੋ ਕੇ ਦੋ ਨੰਬਰੀ, ਵੀਜ਼ਾ ਛੇਤੀ ਨੀਂ ਜਿੱਥੋਂ ਦਾ ਲੱਗਦਾ।"
ਇਨ੍ਹਾਂ ਗੀਤਾਂ ਦਾ ਰੋਚਕ ਪੱਖ ਇਹ ਵੀ ਹੈ ਕਿ ਪੰਜਾਬੀ ਮਨੋਰੰਜਨ ਜਗਤ ਦੇ ਸਰੋਤੇ, ਖ਼ਾਸਕਰ ਨੌਜਵਾਨ ਪੀੜ੍ਹੀ ਇਨ੍ਹਾਂ ਗੀਤਾਂ ਉਪਰ ਖੂਬ ਸੈਲੀਬਰੇਟ ਕਰਦੀ ਹੈ।

ਤਸਵੀਰ ਸਰੋਤ, Mandeep Singh
ਪੰਜਾਬੀ ਜਵਾਨੀ ਨੂੰ ਕੁਰਾਹੇ ਪਾਉਣ ਵਾਲੇ
ਮਨਦੀਪ ਸਿੰਘ ਕਹਿੰਦੇ ਹਨ, "ਮੈਨੂੰ ਇਨ੍ਹਾਂ ਗੀਤਾਂ ਵਿੱਚ ਕਿਤੇ ਵੀ ਸੁਹਿਰਦਤਾ ਵਾਲੀ ਗੱਲ ਨਹੀਂ ਲੱਗਦੀ। ਪਹਿਲੀ ਗੱਲ ਕਿਸੇ ਦੇਸ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਨਹੀਂ ਜਾਣਾ ਚਾਹੀਦਾ, ਦੂਜੀ ਗੱਲ ਕਿ ਇਹ ਗੀਤ ਨੌਜਵਾਨੀ ਨੂੰ ਸੇਧ ਤਾਂ ਬਿਲਕੁਲ ਨਹੀਂ ਦਿੰਦੇ।"
ਮਨਦੀਪ ਸਿੰਘ ਫਿਲਮ ਇਤਿਹਾਸਕਾਰ ਅਤੇ ਪੰਜਾਬੀ ਸੰਗੀਤ ਦੀ ਦੁਨੀਆਂ ਦੇ ਜਾਣਕਾਰ ਹਨ।
ਉਹ ਕਹਿੰਦੇ ਹਨ, "ਮੈਂ ਅਜਿਹੇ ਗੀਤਾਂ ਨਾਲ ਇਤਫ਼ਾਕ ਨਹੀਂ ਰੱਖਦਾ ਕਿਉਂਕਿ ਅਜਿਹੇ ਗੀਤ ਸਾਡੀ ਨੌਜਵਾਨੀ ਨੂੰ ਗ਼ਲਤ ਸੁਨੇਹਾ ਦਿੰਦੇ ਹਨ ਅਤੇ ਕੁਰਾਹੇ ਪਾਉਂਦੇ ਹਨ।"
ਇਨ੍ਹਾਂ ਦੇ ਵੀਡੀਓ ਗ਼ੈਰ-ਕਾਨੂੰਨੀ ਪਰਵਾਸ ਨੂੰ ਇੰਝ ਪੇਸ਼ ਕਰਦੇ ਹਨ ਜਿਵੇਂ ਗ਼ੈਰ-ਕਾਨੂੰਨੀ ਪਰਵਾਸੀ ਕਿਸੇ ਸੁਪਨਮਈ ਥਾਂ ਪਹੁੰਚ ਗਏ ਹੋਣ, ਜਿੱਥੇ ਕੋਈ ਔਕੜ ਜਾਂ ਸਮੱਸਿਆ ਨਾਂ ਦੀ ਚੀਜ਼ ਨਾ ਹੋਵੇ।''
ਪੰਜਾਬੀ ਗੀਤ ਤੇ ਨਵਾਂ ਪਰਵਾਸੀ ਸਮਾਜ
ਗ਼ੈਰ-ਕਾਨੂੰਨੀ ਪਰਵਾਸ ਉਪਰ ਗਾਏ ਗੀਤਾਂ ਦੇ ਬੋਲ ਜ਼ਿਆਦਾਤਰ ਉਨ੍ਹਾਂ ਗਾਇਕਾਂ ਦੇ ਹਨ, ਜੋ ਪੰਜਾਬ ਤੋਂ ਜਾ ਕੇ ਵਿਦੇਸ਼ਾਂ ਵਿੱਚ ਸੈਟਲ ਹੋਏ ਹਨ।
ਮੀਕਾ ਗਿੱਲ ਦਾ ਗੀਤ "ਦੋ ਨੰਬਰੀ ਅਮਰੀਕਾ ਵਾਲੇ" ਦੇ ਬੋਲ ਹਨ, "ਮਹਿੰਗੇ-ਮਹਿੰਗੇ ਗੱਡਖਾਨੇ ਰੱਖੀ ਫਿਰਦੇ, ਗੋਰਿਆਂ ਦੇ ਦੇਸ਼ ਧੂੜ ਪੱਟੀ ਫਿਰਦੇ"।
"ਦੇਖੀ ਚੱਲਦੇ ਟਰਾਲੇ ਐੱਲਏ ਤੋਂ ਕੈਨੇਡਾ ਨੂੰ, ਡਾਲਰਾਂ ਦੇ ਭਰ ਦੇਣੇ ਖੂਹ ਬੱਲੀਏ" ਇਹ ਬੋਲ ਗਾਇਕ ਰਵਰਾਜ਼ ਦੇ ਗੀਤ 'ਅਮਰੀਕਾ ਵਾਲਾ' ਦੇ ਹਨ।
ਪਵਨਦੀਪ ਸਿੰਘ ਪੇਸ਼ੇ ਤੋਂ ਪੱਤਰਕਾਰ ਹਨ ਤੇ ਉਹ ਮਨੋਰੰਜਨ ਜਗਤ ਬਾਰੇ ਵੀ ਡੂੰਘੀ ਜਾਣਕਾਰੀ ਰੱਖਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਗੀਤਾਂ ਰਾਹੀਂ ਵਿਦੇਸ਼ ਦੀ ਧਰਤੀ ਦੇ ਸੋਹਲੇ ਗਾਏ ਜਾਂਦੇ ਰਹੇ ਹਨ।
"ਪੰਜਾਬੀ ਗੀਤਾਂ ਵਿੱਚ ਅਕਸਰ ਪੈਸਾ, ਬਰਾਂਡ, ਗੱਡੀਆਂ, ਹਥਿਆਰ, ਨਸ਼ਾ ਤੇ ਵਿਦੇਸ਼ੀ ਧਰਤੀ ਬਾਰੇ ਗਾਇਆ ਜਾਂਦਾ ਰਿਹਾ ਹੈ। ਕੁਝ ਸਾਲ ਪਹਿਲਾਂ ਪੰਜਾਬੀ ਗਾਇਕਾਂ ਨੇ ਕੈਨੇਡਾ ਖ਼ਾਸਕਰ ਉਥੋਂ ਦੇ ਸ਼ਹਿਰ ਬਰੈਂਪਟਨ ਬਾਰੇ ਖੂਬ ਗਾਇਆ।"

ਤਸਵੀਰ ਸਰੋਤ, Getty Images
"ਇੱਥੇ ਤੁਸੀਂ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਾਂ ਹੋਰ ਗਾਇਕਾਂ ਦੇ ਗੀਤ ਲੈ ਸਕਦੇ ਹੋ, ਜਿਸ ਵਿੱਚ ਬਰੈਂਪਟਨ ਦੇ ਸ਼ੈਰਿਡਨ ਕਾਲਜ ਅਤੇ ਹਾਈਵੇਅ 410 ਬਾਰੇ ਗੱਲ ਕੀਤੀ ਗਈ ਹੈ।"
ਪਵਨ ਕਹਿੰਦੇ ਹਨ, "ਪੰਜਾਬੀ ਗਾਇਕਾਂ ਨੇ ਬਰੈਂਪਟਨ ਨੂੰ ਇਸ ਤਰ੍ਹਾਂ ਪ੍ਰਮੋਟ ਕੀਤਾ ਜਿਵੇਂ ਉਸ ਤੋਂ ਚੰਗਾ ਕੋਈ ਸ਼ਹਿਰ ਹੀ ਨਹੀਂ, ਜਦਕਿ ਉਸ ਨੂੰ ਅਪਰਾਧਿਕ ਗਤੀਵਿਧੀਆਂ ਦਾ ਗੜ੍ਹ ਮੰਨਿਆ ਜਾਂਦਾ।"
ਉਹ ਦੱਸਦੇ ਹਨ ਕਿ ਇੱਥੇ ਅਜਿਹੇ ਵੀ ਪਰਵਾਸੀ ਹਨ, ਜੋ ਹੋਮਲੈੱਸ ਵਾਂਗ ਰਹਿ ਰਹੇ ਹਨ। ਨਸ਼ਿਆਂ ਵਿੱਚ ਗਲ਼ਤਾਨ ਹੋ ਚੁੱਕੇ ਹਨ।
ਪੰਜਾਬ ਤੋਂ ਜ਼ਮੀਨਾਂ ਵੇਚ-ਵੇਚ ਕੇ ਕੈਨੇਡਾ ਵਿੱਚ ਗੁਜ਼ਾਰੇ ਕਰ ਰਹੇ ਹਨ। ਇਹ ਨਾ ਪਿੱਛੇ ਮੁੜਨ ਜੋਗੇ ਨਾ ਉੱਥੋਂ ਦੇ ਮੁੱਖ ਸਮਾਜ ਵਿੱਚ ਸ਼ਾਮਲ ਹੋ ਜੋਗੇ। ਅਜਿਹੇ ਹਾਲਾਤ ਦਾ ਪੰਜਾਬੀ ਗੀਤਾਂ ਵਿੱਚ ਕਿੱਧਰੇ ਜ਼ਿਕਰ ਨਹੀਂ ਮਿਲਦਾ।

ਤਸਵੀਰ ਸਰੋਤ, Pawandeep Singh
ਗੀਤਾਂ ਤੇ ਫਿਲਮਾਂ ਦਾ ਪ੍ਰਭਾਵ
ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਨਵੀਂ ਪੀੜ੍ਹੀ ਇਨ੍ਹਾਂ ਗੀਤਾਂ ਦੇ ਬਹੁਤ ਨੇੜੇ ਹੈ। ਬੋਲਾਂ ਜਾਂ ਵੀਡੀਓ ਰਾਹੀਂ ਪਰੋਸੇ ਜਾਂਦੇ ਦ੍ਰਿਸ਼ਾਂ ਨੂੰ ਨੌਜਵਾਨ ਆਪਣੇ ਨਾਲ ਜੋੜ ਕੇ ਦੇਖਦਾ ਹੈ।
ਮਨਦੀਪ ਕਹਿੰਦੇ ਹਨ ਕਿ ਗੀਤ ਜਾਂ ਫਿਲਮਾਂ ਸਮਾਜ ਨੂੰ ਸਹੀ ਸੇਧ ਦੇਣ ਦਾ ਕੰਮ ਕਰਦੀਆਂ ਹਨ ਪਰ ਜਿਹੜੇ ਗੀਤ ਜਾਂ ਫਿਲਮਾਂ ਅੱਜ ਬਣ ਰਹੀਆਂ ਹਨ, ਉਹ ਸੇਧ ਦੇਣ ਦੀ ਬਜਾਏ ਨੌਜਵਾਨਾਂ ਨੂੰ ਕੁਰਾਹੇ ਪਾ ਰਹੀਆਂ ਹਨ।
ਉਹ ਕਹਿੰਦੇ ਹਨ, "ਅੱਜ ਦੇ ਜੋ ਗੀਤ ਹਨ ਜਾਂ ਵਿਦੇਸ਼ ਜਾਣ ਦਾ ਰੁਝਾਨ ਹੈ, ਉਹ ਫੁਕਰਪਣੇ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਨਵੀਂ ਨਸਲ ਨੂੰ ਚੰਗਾ ਸੁਨੇਹਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਜੇ ਅਸੀਂ ਬੁਰਾ ਸੁਣਾਂਗੇ ਤਾਂ ਉਸ ਦਾ ਬੁਰਾ ਅਸਰ ਹੋਣਾ ਲਾਜ਼ਮੀ ਹੈ।"
"ਨੌਜਵਾਨ ਅਜਿਹਿਆਂ ਵਿਸ਼ਿਆਂ ਤੋਂ ਰੂਬਰੂ ਹੋ ਰਹੇ ਹਨ, ਜੋ ਹੈ ਹੀ ਗ਼ੈਰ-ਕਾਨੂੰਨੀ।"
ਅਮਰੀਕਾ ਦੇ ਕੈਲੇਫੋਰਨੀਆਂ ਵਿੱਚ ਰਹਿੰਦੇ ਪੱਤਰਕਾਰ ਸਤਨਾਮ ਸਿੰਘ ਕਹਿੰਦੇ ਹਨ, ਇਹ ਗੀਤ ਸਾਡੇ ਸਮਾਜ ਦੀ ਫੁਰਕਾਪੰਥੀ ਦਾ ਮੁਜ਼ਾਹਰਾ ਹੀ ਹੈ। ਅਜਿਹੇ ਲੋਕਾਂ ਦੀ ਗਿਣਤੀ 5-7 ਫੀਸਦ ਤੋਂ ਵੱਧ ਨਹੀਂ ਹੈ।"
"ਪੰਜਾਬ ਤੋਂ ਹਰ ਹਰਬਾ-ਜ਼ਰਬਾ ਵਰਤ ਕੇ, ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵਿੱਚ ਆਏ ਲੋਕਾਂ ਨੂੰ ਉੱਥੋਂ ਦੇ ਹਾਲਾਤ ਮੁਤਾਬਕ ਡਬਲ ਸ਼ਿਫਟਾਂ ਕਰਨ, ਕਰਜ਼ਿਆਂ ਦੀਆਂ ਕਿਸ਼ਤਾਂ ਮੋੜਨ ਤੇ ਟੱਬਰ ਪਾਲ਼ਣ ਤੋਂ ਵਿਹਲ ਹੀ ਨਹੀਂ ਮਿਲਦੀ। ਇਹ ਤਾਂ ਜਨਮ-ਮਰਨ ਦਿਨ ਵੀ ਵੀਕਐਂਡ ਉੱਤੇ ਮਨਾਉਣ ਵਾਲਾ ਸਮਾਜ ਬਣ ਗਿਆ ਹੈ।"
ਸਤਨਾਮ ਸਿੰਘ ਕਹਿੰਦੇ ਹਨ, "ਦਰਅਸਲ ਇਨ੍ਹਾਂ ਲੋਕਾਂ ਦੇ ਸਰੀਰ ਵਿਦੇਸ਼ਾਂ ਵਿੱਚ ਹਨ ਅਤੇ ਮਨ ਪੰਜਾਬ ਵਿੱਚ। ਇਹ ਖ਼ਾਸ ਕਿਸਮ ਦੀ ਮਾਨਸਿਕਤਾ ਵਿੱਚੋਂ ਲੰਘਦੇ ਹਨ। ਪਿੱਛੇ ਪੰਜਾਬ ਵਾਲਿਆਂ ਨੂੰ ਆਪਣੀ ਹੋਂਦ ਦਿਖਾਉਣਾ ਚਾਹੁੰਦੇ ਹਨ ਕਿ ਜਿਵੇਂ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਆ ਕੇ ਸਭ ਕੁਝ ਹਾਸਲ ਕਰ ਲਿਆ ਹੈ। ਅਮਰੀਕਾ ਇਨ੍ਹਾਂ ਤੋਂ ਬਗੈਰ ਚੱਲ ਨਾ ਰਿਹਾ ਹੋਵੇ।"
ਪਵਨਦੀਪ ਕਹਿੰਦੇ ਹਨ ਕਿ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਦੇਸ਼ਾਂ ਵੱਲ ਖਿੱਚੀ ਜਾਂਦੀ ਹੈ।
"ਜਿਨ੍ਹਾਂ ਦੇ ਪਿਛੋਕੜ 'ਚੋਂ ਪਰਿਵਾਰਕ ਮੈਂਬਰ ਵਿਦੇਸ਼ ਗਏ ਸਨ, ਉਨ੍ਹਾਂ ਨੇ ਉਥੋਂ ਦੀ ਸਖ਼ਤ ਮਿਹਨਤ ਨੂੰ ਆ ਕੇ ਇਧਰ ਲੋਕਾਂ ਨੂੰ ਦੱਸਿਆ ਕਿ ਉਥੋਂ ਦੇ ਹਾਲਾਤ ਕਿਸ ਤਰ੍ਹਾਂ ਦੇ ਹਨ ਪਰ ਗਾਇਕਾਂ ਨੇ ਉਥੋਂ ਦੀ ਅਸਲੀਅਤ ਤੋਂ ਦੂਰ ਆਪਣੇ ਗੀਤਾਂ ਵਿੱਚ ਸਿਰਫ ਚਕਾਚੌਂਦ ਹੀ ਦਿਖਾਈ ਹੈ, ਜਿਸ ਤੋਂ ਨਵੀਂ ਪੀੜ੍ਹੀ ਪ੍ਰਭਾਵਿਤ ਹੋਈ।"
ʻਦੁਨੀਆਂ ਦਾ ਸਰਪੰਚ ਦੇਸ਼ʼ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਵਰਗਾ ਦੇਸ਼ ਦੁਨੀਆਂ ਦੀ ਇੱਕ ਵੱਡੀ ਤਾਕਤ ਹੈ। ਪੰਜਾਬੀ ਗਾਇਕਾਂ ਨੇ ਵੀ ਆਪਣੇ ਗੀਤਾਂ ਵਿੱਚ ਇਸ ਦੀ ਤਾਕਤ ਨੂੰ ਗਾਇਆ ਹੈ।
ਬੱਬੂ ਮਾਨ ਨੇ ਕਰੀਬ ਇੱਕ ਦਹਾਕੇ ਪਹਿਲਾਂ ਗਾਏ ਆਪਣੇ ਗੀਤ 'ਅਮਰੀਕਾ-ਅਮਰੀਕਾ' ਵਿੱਚ ਅਮਰੀਕਾ ਦੀ ਤਾਕਤ ਨੂੰ ਆਪਣੀ ਲਿਖਤ ਰਾਹੀਂ ਦਰਸ਼ਕਾਂ ਸਾਹਮਣੇ ਰੱਖਿਆ।
ਇਸ ਗੀਤ ਦੇ ਬੋਲ ਹਨ, "ਨਹੀਂ ਚੱਲਦੀ ਸਰਕਾਰਾਂ ਦੀ, ਖੁੱਲ੍ਹ ਪੂਰੀ ਹਥਿਆਰਾਂ ਦੀ, ਕਦੇ-ਕਦੇ ਜਾਗੇ ਵਨਸ ਇਥੇ ਵਸਣ ਯਾਰਾਂ ਦੀ ਯਾਰੀ, ਦੁਨੀਆਂ ਤੋਂ ਅਵੱਲ੍ਹਾ ਹੈ ਇਹਦਾ ਤਰੀਕਾ, ਅਮਰੀਕਾ..ਅਮਰੀਕਾ..ਅਮਰੀਕਾ..ਅਮਰੀਕਾ.."
ਇਸੇ ਤਰ੍ਹਾਂ ਦੀਪ ਸਿੱਧੂ ਦੇ ਗੀਤ 'ਅਮਰੀਕਾ' ਵਿੱਚ ਬੋਲ ਹਨ, "ਅਮਰੀਕਾ ਕਹਿੰਦੇ ਦੁਨੀਆਂ ਦਾ ਸਰਪੰਚ ਦੇਸ਼ ਆ, ਰੱਬ ਤੋਂ ਬਾਅਦ ਜੇ ਕਿਸੇ ਦੀ ਚੱਲਦੀ ਐ ਤਾਂ ਉਹ ਅਮਰੀਕਾ ਦੀ ਚੱਲਦੀ ਆ।"
ਇਸ ਗੀਤ ਦੇ ਬੋਲ ਅੱਗੇ ਹਨ, "ਸਾਧਾਂ-ਸੁਧਾਂ ਕੋਲ ਨਹੀਓਂ ਚੌਕੀ ਲਾ ਕੇ ਗਿਆ, ਜੱਟ ਤੇਰਾ ਜੱਟ ਤੇਰਾ ਡੰਕੀ ਲਾ ਕੇ ਗਿਆ। ਰਾਸ ਆਗੇ ਰਾਹ ਮੈਕਸਿਕੋ ਦੇ ਭਾਵੇਂ ਔਖਾ ਸੀ ਤਰੀਕਾ ਗੋਰੀਏ।"
ਮਨਦੀਪ ਕਹਿੰਦੇ ਹਨ ਕਿ ਗਾਇਕਾਂ ਵੱਲੋਂ ਕੀਤੀ ਜਾਂਦੀ ਪੇਸ਼ਕਾਰੀ ਜ਼ਰੀਏ ਉਹ ਮੁੰਡੇ-ਕੁੜੀਆਂ ਵੀ ਇਸ ਲਾਲਸਾ ਵਿੱਚ ਫਸ ਜਾਂਦੇ ਹਨ, ਜੋ ਦਰਮਿਆਨੇ ਘਰਾਂ ਤੋਂ ਹਨ।
"ਹਰ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਆਪਣੇ ਸ਼ੌਕ ਪੂਰੇ ਕਰ ਸਕਣ ਪਰ ਗੀਤਾਂ ਵਿੱਚ ਦਿਖਾਏ ਜਾਂਦੇ ਫੁਕਰਪਣੇ ਕਾਰਨ ਉਹ ਵੀ ਇਸ ਵਿੱਚ ਫਸ ਜਾਂਦੇ ਹਨ।"
ਡੰਕੀ ਰੂਟ ਨੂੰ ਗੀਤਾਂ ਰਾਹੀਂ ਪਰਮੋਟ ਕਰਨ 'ਤੇ ਮਨਦੀਪ ਸਿੰਘ ਦੱਸਦੇ ਹਨ ਕਿ ਇਸ ਦੇ ਪਿੱਛੇ ਕਈ ਕਹਾਣੀਆਂ ਲੁਕੀਆਂ ਹੁੰਦੀਆਂ, ਜੋ ਕਦੇ ਨਸ਼ਰ ਨਹੀਂ ਹੁੰਦੀਆਂ।
"ਕਿਉਂਕਿ ਕਈ ਚੀਜ਼ਾਂ ਨੂੰ ਜਾਣ ਕੇ ਪਰਮੋਟ ਕਰਵਾਇਆ ਜਾਂਦਾ, ਇਨ੍ਹਾਂ ਪਿੱਛੇ ਕਈ ਏਜੰਡੇ ਸ਼ਾਮਲ ਹੁੰਦੇ ਹਨ।"

ਤਸਵੀਰ ਸਰੋਤ, Ammy Virk/YT
ਸਿਨੇਮਾ ਰਾਹੀਂ ਵਿਦੇਸ਼ ਵਿਚਲੇ ਸੰਘਰਸ਼ ਦੀ ਗੱਲ
ਪੰਜਾਬੀ ਮਨੋਰੰਜਨ ਜਗਤ ਵਿੱਚ ਕੁਝ ਗਿਣਤੀ ਦੀਆਂ ਹੀ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਵਿੱਚ ਵਿਦੇਸ਼ ਵਿਚਲੇ ਸੰਘਰਸ਼ ਨੂੰ ਦਿਖਾਇਆ ਗਿਆ।
ਪਵਨਦੀਪ ਇਥੇ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀਆਂ ਫਿਲਮਾਂ ਦਾ ਜ਼ਿਕਰ ਕਰਦੇ ਹਨ।
ਉਹ ਆਖਦੇ ਹਨ, "ਪੰਜਾਬੀ ਮਨੋਰੰਜਨ ਜਗਤ ਕੋਲ ਬਹੁਤ ਘੱਟ ਫਿਲਮਾਂ ਜਾਂ ਗੀਤ ਹਨ, ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ 'ਤੇ ਕੀਤੇ ਜਾਂਦੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਹੋਈ ਹੋਵੇ। ਪੰਜਾਬੀ ਸਿਨੇਮਾ ਦਾ ਜਦੋਂ ਸਰੂਪ ਬਦਲਿਆ ਤਾਂ ਉਸ ਵਿੱਚ ਹਰਭਜਨ ਮਾਨ ਦਾ ਵੱਡਾ ਰੋਲ ਸੀ। ਉਨ੍ਹਾਂ ਨੇ ਆਪਣੀਆਂ ਫਿਲਮਾਂ ਵਿੱਚ ਪੰਜਾਬ ਦੇ ਮਸਲੇ ਅਤੇ ਵਿਦੇਸ਼ ਵਿਚਲੇ ਪਰਵਾਸ ਨੂੰ ਬਾਖੂਬੀ ਬਿਆਨ ਕੀਤਾ।"
"ਪਰ ਇਹ ਗੱਲਾਂ ਉਨ੍ਹਾਂ ਫਿਲਮਾਂ ਵਿੱਚ ਹੀ ਦਰਸਾਈਆਂ ਗਈਆਂ, ਜਿਨ੍ਹਾਂ ਨੂੰ ਸਾਡੀ ਪੀੜ੍ਹੀ ਨੇ ਨੇੜੇ ਤੋਂ ਦੇਖਿਆ।"
ਸਾਲ 2022 ਵਿੱਚ ਆਈ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਫਿਲਮ ਵੀ ਡੰਕੀ ਰੂਟ ਉਪਰ ਆਧਾਰਿਤ ਸੀ। ਇਸ ਫਿਲਮ ਵਿੱਚ ਪਨਾਮਾ ਦੇ ਜੰਗਲਾਂ ਰਾਹੀਂ ਅਮਰੀਕਾ ਜਾਣ ਦੇ ਔਖੇ ਰਾਹ ਨੂੰ ਬਾਖ਼ੂਬੀ ਦਰਸਾਇਆ ਗਿਆ।
ਮਨਦੀਪ ਸਿੰਘ ਕਹਿੰਦੇ ਹਨ," "ਜੇ ਅਸੀਂ ਚੰਗਾ ਸੁਨੇਹਾ ਦੇਣਾ ਚਾਹੁੰਦੇ ਹਾਂ ਤਾਂ ਚੰਗੇ ਗੀਤ ਬਣ ਸਕਦੇ ਹਨ ਤੇ ਚੰਗੇ ਗੀਤ ਬਣ ਚੁੱਕੇ ਹਨ ਪਰ ਉਹ ਕਦੇ ਵਾਇਰਲ ਨਹੀਂ ਹੁੰਦੇ। ਗੀਤ ਉਹ ਵਾਇਰਲ ਹੋ ਰਹੇ ਹਨ, ਜੋ ਸਮਾਜ ਨੂੰ ਕੁਰਾਹੇ ਪਾ ਰਹੇ ਹਨ।"
ਉਹ ਇਹ ਵੀ ਕਹਿੰਦੇ ਹਨ ਕਿ ਜੇ ਕਲਾਕਾਰਾਂ ਨੂੰ ਸਮਾਜ ਨਾਲ ਜੁੜੇ ਮਸਲਿਆਂ ਨੂੰ ਜ਼ਮੀਨੀ ਪੱਧਰ ਤੋਂ ਦਿਖਾਉਣਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ














