ਪਨਾਮਾ ਦੇ ਹੋਟਲ ਵਿੱਚ ਗੁਰਦਾਸਪੁਰ ਦੇ ਮੁੰਡੇ ਨਾਲ ਕੀ ਕੁਝ ਹੋਇਆ, ਡਿਪੋਰਟ ਕਰਕੇ ਭੇਜੇ ਲੋਕਾਂ ਨਾਲ ਉੱਥੇ ਕਿਹੋ ਜਿਹਾ ਹੋ ਰਿਹਾ ਸਲੂਕ

ਤਸਵੀਰ ਸਰੋਤ, Gurpreet Chawla/BBC
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
"ਆਪਣੇ ਹਿੱਸੇ ਦੀ ਕੁਝ ਜ਼ਮੀਨ ਵੇਚੀ ਤੇ ਕੁਝ ਕਰਜ਼ਾ ਵੀ ਚੁੱਕਿਆ। ਏਜੰਟ ਨੂੰ ਕਰੀਬ 40 ਲੱਖ ਰੁਪਏ ਇਕੱਠੇ ਕਰਕੇ ਦਿੱਤੇ ਅਤੇ ਸੋਚਿਆ ਸੀ ਚੰਗੇ ਭਵਿੱਖ ਲਈ ਅਮਰੀਕਾ ਜਾ ਕੇ ਮਿਹਨਤ ਕਰਾਂਗਾ। ਉੱਥੇ ਪਹੁੰਚ ਵੀ ਗਿਆ ਪਰ ਹੁਣ ਤਾਂ ਸਭ ਸੁਪਨੇ ਜਿਵੇਂ ਟੁੱਟ ਜਿਹੇ ਗਏ ਹੋਣ।"
ਇਹ ਸ਼ਬਦ ਹਨ ਗੁਰਦਾਸਪੁਰ ਦੇ ਪਿੰਡ ਚੌਧਰਪੁਰ ਦੇ ਜੁਗਰਾਜ ਸਿੰਘ ਦੇ, ਜੋ ਬੀਤੇ ਦਿਨ ਪਨਾਮਾ ਤੋਂ ਵੱਖ-ਵੱਖ ਫਲਾਈਟਾਂ ਰਾਹੀਂ ਡਿਪੋਰਟ ਹੋ ਕੇ ਅੰਮ੍ਰਿਤਸਰ ਏਅਰਪੋਰਟ ʼਤੇ ਪਹੁੰਚੇ।

ਤਸਵੀਰ ਸਰੋਤ, Gurpreet chawla/bbc
ਦਰਅਸਲ, ਪਹਿਲਾਂ ਅਮਰੀਕਾ ਦਾ ਤਿੰਨ ਵਾਰ ਫੌਜੀ ਜਹਾਜ਼ ਡਿਪੋਰਟ ਹੋਏ ਭਾਰਤੀ ਨੌਜਵਾਨਾਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ʼਤੇ ਭੇਜਿਆ ਗਿਆ ਸੀ ਉੱਥੇ ਹੀ ਬਿਤੇ ਦਿਨ ਯਾਨਿ ਐਤਵਾਰ ਨੂੰ 4 ਪੰਜਾਬੀ ਪਨਾਮਾ ਤੋਂ ਵੱਖ-ਵੱਖ ਕਮਰਸ਼ੀਅਲ ਫਾਲੀਟਾਂ ਰਾਹੀਂ ਭਾਰਤ ਭੇਜੇ ਗਏ ਹਨ।

ਇਨ੍ਹਾਂ ਨੌਜਵਾਨਾਂ ਦੇ ਹੱਥ ਵਿੱਚ ਹਥਕੜੀਆਂ ਨਹੀਂ ਸਨ ਅਤੇ ਇਨ੍ਹਾਂ ਨੂੰ ਪਨਾਮਾ ਤੋਂ ਤੁਰਕੀ ਏਅਰਲਾਈਨ ਰਾਹੀਂ ਪਹਿਲਾਂ ਤੁਰਕੀ ਅਤੇ ਮੁੜ ਉੱਥੋਂ ਦਿੱਲੀ ਪਹੁੰਚਾਇਆ ਗਿਆ ਤੇ ਫਿਰ ਅੱਗੋਂ ਅੰਮ੍ਰਿਤਸਰ ਏਅਰਪੋਰਟ ʼਤੇ ਲਿਆਂਦਾ ਗਿਆ।
ਦਰਅਸਲ, ਪਿਛਲੇ ਸਾਲ ਅਮਰੀਕੇ ਦੇ ਨਵੇਂ ਚੁਣੇ ਰਾਸ਼ਟਰਪਤੀ ਨੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਜਨਵਰੀ ਵਿੱਚ ਅਹੁਦਾ ਸੰਭਾਲਦਿਆਂ ਹੀ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪਰੋਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ।
ਇਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਿੰਨ ਵਾਰ ਅਮਰੀਕੀ ਫੌਜੀ ਜਹਾਜ਼ ਰਾਹੀਂ ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ।
ਹਾਲਾਂਕਿ, ਇਸ ਤਰ੍ਹਾਂ ਭਾਰਤੀਆਂ ਨੂੰ ਉਸ ਤਰ੍ਹਾਂ ਫੌਜੀ ਜਹਾਜ਼ ਵਿੱਚ ਹੱਥਕੜੀਆਂ ਲਗਾ ਕੇ ਭੇਜੇ ਜਾਣ ਦੀ ਕਾਫੀ ਆਲੋਚਨਾ ਵੀ ਹੋਈ ਸੀ।
ʻਕਈ ਵਾਰ ਤਾਂ ਰਾਤ ਨੂੰ ਠੰਢੇ ਪਾਣੀ ਨਾਲ ਨਵਾ ਦਿੰਦੇ ਸਨʼ
ਗੁਰਦਾਸਪੁਰ ਦੇ ਪਿੰਡ ਚੌਧਰਪੁਰ ਦੇ ਰਹਿਣ ਵਾਲੇ ਜੁਗਰਾਜ ਸਿੰਘ ਦੱਸਦੇ ਹਨ ਕਿ ਉਹ ਘਰੋਂ ਤਾ ਜੁਲਾਈ 2024 ਵਿੱਚ ਅਮਰੀਕਾ ਲਈ ਗਏ ਸਨ ਅਤੇ ਮੁੰਬਈ ਤੋਂ ਉਨ੍ਹਾਂ ਦੀ ਪਹਿਲੀ ਫ਼ਲਾਈਟ ਸੀ।
ਉਨ੍ਹਾਂ ਨੇ ਅੱਗੇ ਕਿਹਾ, "ਕਰੀਬ 7 ਮਹੀਨੇ ਵੱਖ-ਵੱਖ ਦੇਸ਼ਾਂ ਵਿੱਚ ਹੁੰਦੇ ਹੋਏ ਪਨਾਮਾ ਦੇ ਜੰਗਲਾਂ ਚੋਂ ਵੀ ਨਿਕਲਿਆ ਅਤੇ ਅਖ਼ੀਰ 7 ਫਰਵਰੀ ਨੂੰ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਦਾਖ਼ਲ ਹੋਇਆ ਸੀ।"
ਜੁਗਰਾਜ ਦਾ ਕਹਿਣਾ ਹੈ ਕਿ ਸਾਊਥ ਅਮਰੀਕਾ ਤੱਕ ਤਾਂ ਉਨ੍ਹਾਂ ਕੋਲ ਟੂਰਿਸਟ ਵੀਜ਼ਾ ਸੀ ਅਤੇ ਉੱਥੋਂ ਤੱਕ ਸਫ਼ਰ ਫਲਾਈਟ ਵਿੱਚ ਸੀ ਪਰ ਅੱਗੇ ਦਾ ਸਾਰਾ ਸਫ਼ਰ ਕਦੇ ਗੱਡੀ ʼਚ ਜਾਂ ਫਿਰ ਸ਼ਿਪ ਰਾਹੀਂ ਅਤੇ ਇੱਥੋ ਤੱਕ ਕਿ ਪਨਾਮਾ ਦੇ ਜੰਗਲ ਵਿੱਚ ਤਾਂ ਡੌਂਕਰ ਵੀ ਰਾਹ ʼਚ ਹੀ ਛੱਡ ਗਏ ਸਨ।

ਤਸਵੀਰ ਸਰੋਤ, gurpreet chawla/bbc
ਉਨ੍ਹਾਂ ਮੁਤਾਬਕ, "6 ਦਿਨ ਉਹ ਉੱਥੇ ਜੰਗਲ ʼਚ ਰਸਤਾ ਲੱਭਦੇ-ਲੱਭਦੇ ਮੈਕਸੀਕੋ ਬਾਰਡਰ ਤੱਕ ਪੁਹੰਚਿਆਂ ਅਤੇ ਜਦੋਂ ਬਾਰਡਰ ਪਾਰ ਕੀਤਾ ਤਾਂ 7 ਫਰਵਰੀ ਨੂੰ ਉੱਥੇ ਅਮਰੀਕਾ ਬਾਰਡਰ ਫੋਰਸ ਨੇ ਹਿਰਾਸਤ ਵਿੱਚ ਲੈ ਲਿਆ।"
"ਉੱਥੇ ਆਪਣੇ ਕੈਂਪ ʼਚ ਲੈ ਗਏ ਤੇ ਕਰੀਬ 7 ਦਿਨ ਰੱਖਿਆ। ਕੈਂਪ ਵਿੱਚ ਰਹਿਣ ਦੌਰਾਨ ਅਮਰੀਕੀ ਫ਼ੌਜ ਵੱਲੋਂ ਬਹੁਤ ਮਾਨਸਿਕ ਤੌਰ ʼਤੇ ਪਰੇਸ਼ਾਨ ਕੀਤਾ ਗਿਆ ਜਿਵੇਂ ਕਿ ਉਹ ਸੌਣ ਨਹੀਂ ਦਿੰਦੇ ਸਨ ਅਤੇ ਕਈ ਵਾਰ ਤਾਂ ਰਾਤ ਨੂੰ ਉਠਾ ਕੇ ਠੰਢੇ ਪਾਣੀ ਨਾਲ ਨਵਾ ਦਿੰਦੇ ਸਨ।"
"ਅਕਸਰ ਏਸੀ ਚਲਾ ਕੇ ਠੰਢੇ ਕਮਰੇ ਵਿੱਚ ਬੰਦ ਕਰ ਦਿੰਦੇ ਸਨ ਤੇ ਪੀਣ ਲਈ ਪਾਣੀ ਬਹੁਤ ਘੱਟ ਮਿਲਦਾ ਸੀ।"
ਜੁਗਰਾਜ ਸਿੰਘ ਨੇ ਦੱਸਿਆ ਕਿ ਉੱਥੇ ਕੈਂਪ ਵਿੱਚ ਹੋਰ ਵੀ ਭਾਰਤੀ ਸਨ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ।
''ਫਿਰ ਕੈਂਪ ਤੋਂ 14 ਫਰਵਰੀ ਨੂੰ ਫ਼ੌਜੀ ਜਹਾਜ਼ ਵਿੱਚ ਬਿਨਾਂ ਕੁਝ ਦੱਸੇ ਪੈਰਾਂ ਵਿੱਚ ਬੇੜੀਆ ਪਾ ਕੇ ਤੇ ਹਥਕੜੀਆ ਲਗਾ ਕੇ ਪਨਾਮਾ ਭੇਜ ਦਿੱਤਾ ਗਿਆ, ਜਿੱਥੇ ਇੱਕ ਸੰਸਥਾ ਵੱਲੋਂ ਉਨ੍ਹਾਂ ਨੂੰ ਇੱਕ ਬਹੁਤ ਵੱਡੇ ਹੋਟਲ ʼਚ ਰੱਖਿਆ ਗਿਆ ਸੀ।''

ਤਸਵੀਰ ਸਰੋਤ, Gurpreet Chawla/BBC
'ਹੋਟਲ ਨੂੰ ਕੀਤਾ ਜੇਲ੍ਹ ਵਿੱਚ ਤਬਦੀਲ'

ਤਸਵੀਰ ਸਰੋਤ, Getty Images
ਉਨ੍ਹਾਂ ਮੁਤਾਬਕ, ਉਹ ਉੱਥੇ ਕਰੀਬ 6 ਦਿਨ ਰਹੇ।
ਉਹ ਦੱਸਦੇ ਹਨ, "ਹੋਟਲ ਨੂੰ ਜਿਵੇਂ ਪੂਰੀ ਜੇਲ੍ਹ ਹੀ ਬਣਾ ਦਿੱਤਾ ਗਿਆ ਹੈ। ਜਿੱਥੇ ਹੋਰਨਾਂ ਦੇਸ਼ਾ ਦੇ ਲੋਕ ਵੀ ਹਨ ਤੇ ਉੱਥੇ ਇਮੀਗ੍ਰੇਸ਼ਨ ਦੇ ਅਧਕਾਰੀ ਵੀ ਸਨ।"
"ਇਨ੍ਹਾਂ ਵਾਪਸ ਭੇਜੇ ਗਏ ਲੋਕਾਂ ਦੀ ਨਿਗਰਾਨੀ ਲਈ ਹੋਟਲ ਵਿੱਚ ਫੋਰਸ ਤੈਨਾਤ ਸੀ।"
ਉੱਥੇ ਹੀ ਹੋਟਲ ʼਚ ਬਿਤਾਏ ਕੁਝ ਦਿਨਾਂ ਬਾਰੇ ਗੱਲ ਕਰਦਿਆਂ ਜੁਗਰਾਜ ਸਿੰਘ ਨੇ ਦੱਸਿਆ ਕਿ ਉੱਥੇ ਤਾਂ ਹਰ ਇੱਕ ਦੁਖੀ ਹੈ।
ਇੱਥੋਂ ਤੱਕ ਕਿ ਉਨ੍ਹਾਂ ਦੇ ਸਾਹਮਣੇ ਉੱਥੇ ਇੱਕ ਚੀਨ ਦੀ ਰਹਿਣ ਵਾਲੀ ਕੁੜੀ ਨੇ ਹੋਟਲ ਦੀ ਉੱਚੀ ਇਮਾਰਤ ਤੋਂ ਖੁਦਕੁਸ਼ੀ ਕਰਨ ਦੀ ਕੋਸਿਸ਼ ਕੀਤੀ ਸੀ।
ਉਹ ਦੱਸਦੇ ਹਨ, "ਇਸੇ ਕਰਕੇ ਫੋਰਸ ਕਿਸੇ ਨੂੰ ਵੀ ਕਮਰੇ ਤੋਂ ਬਾਹਰ ਇਕੱਲੇ ਨਹੀਂ ਜਾਣ ਦਿੰਦੀ ਸੀ ਭਾਵੇਂ ਉਨ੍ਹਾਂ ਨੇ ਖਾਣਾ-ਖਾਣ ਜਾਣਾ ਹੋਵੇ। 23 ਮੰਜ਼ਿਲਾਂ ਦੀ ਵੱਡੀ ਇਮਾਰਤ ਵਾਲਾ ਹੋਟਲ ਇੱਕ ਜੇਲ੍ਹ ਬਣਾ ਦਿੱਤਾ ਗਿਆ ਹੈ।"
ਜੁਗਰਾਜ ਸਿੰਘ ਦੇ ਮੁਤਾਬਕ ਉੱਥੇ ਭਾਰਤੀਆ ਸਣੇ ਹੋਰਨਾਂ ਕਈ ਮੁਲਕਾਂ ਦੇ ਕਰੀਬ 100 ਤੋਂ ਵੱਧ ਲੋਕ ਹਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਹਨ।
ਕਈਆਂ ਕੋਲ ਤਾਂ ਪਾਸਪੋਰਟ ਵੀ ਨਹੀਂ ਹਨ ਅਤੇ ਬਹੁਤ ਅਜਿਹੇ ਹਨ ਜੋ ਉੱਥੇ ਇਹ ਕਹਿੰਦੇ ਹਨ ਕਿ ਉਹ ਵਾਪਸ ਆਪਣੇ ਦੇਸ਼ ਨਹੀਂ ਜਾਣਾ ਚਾਹੁੰਦੇ ਕਿਉਂਕਿ ਉੱਥੇ ਉਨ੍ਹਾਂ ਨੂੰ ਖ਼ਤਰਾ ਹੈ।
ਜਦਕਿ ਜੋ ਵਾਪਸ ਆਉਣਾ ਚਾਹੁੰਦੇ ਹਨ, ਉਨ੍ਹਾਂ ਕੋਲ ਪਾਸਪੋਰਟ ਨਹੀਂ ਹੈ। ਉੱਥੇ ਮੌਜੂਦ ਅਧਕਾਰੀ ਉਨ੍ਹਾਂ ਦੀ ਕਾਗਜ਼ੀ ਕਾਰਵਾਈ ਕਰਵਾਉਣ ਦੀ ਗੱਲ ਕਰ ਰਹੇ ਹਨ।
ਪਨਾਮਾ ਵਿੱਚ ʻਅਸਥਾਈ ਹਿਰਾਸਤʼ ਕੇਂਦਰ
ਪਨਾਮਾ ਦੇ ਇੱਕ ਲਗਜ਼ਰੀ ਡੇਕਾਪੋਲਿਸ ਹੋਟਲ ਅੰਦਰ ਬੰਦ ਅਮਰੀਕਾ ਤੋਂ ਡਿਪੋਰਟ ਕੀਤੇ ਲੋਕਾਂ ਨੂੰ ਰੱਖਿਆ ਗਿਆ ਹੈ।
ਦਰਅਸਲ ਅਮਰੀਕਾ ਨੇ 299 ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਪਨਾਮਾ ਦੀ ਰਾਜਧਾਨੀ ਪਨਾਮਾ ਸਿਟੀ ਦੇ ਹੋਟਲ ਪਿਛਲੇ ਹਫ਼ਤੇ ਤਿੰਨ ਉਡਾਣਾਂ ਰਾਹੀਂ ਪਹੁੰਚਾਇਆ ਸੀ।
ਜਿਨ੍ਹਾਂ ਵਿੱਚ ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਵੀ ਸ਼ਾਮਿਲ ਹਨ। ਪਨਾਮਾ ਦੇ ਡੇਕਾਪੋਲਿਸ ਹੋਟਲ ਵਿੱਚ ਇੱਕ 'ਅਸਥਾਈ ਹਿਰਾਸਤ' ਕੇਂਦਰ ਬਣਾਇਆ ਗਿਆ ਹੈ।
ਪਨਾਮਾ ਦੀ ਸਰਕਾਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਲਗਭਗ 100 ਪਰਵਾਸੀਆਂ ਦੇ ਇੱਕ ਸਮੂਹ ਨੂੰ ਰਾਜਧਾਨੀ ਦੇ ਇੱਕ ਹੋਟਲ ਤੋਂ ਦੇਸ਼ ਦੇ ਦੱਖਣ ਵਿੱਚ ਡੇਰੀਅਨ ਜੰਗਲ ਖੇਤਰ ਵਿੱਚ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਸਹਿਮਤੀ ਦਿੱਤੀ ਸੀ ਕਿ ਪਨਾਮਾ ਉਨ੍ਹਾਂ ਲੋਕਾਂ ਲਈ ਪੁਲ਼ ਦਾ ਕੰਮ ਕਰੇਗਾ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਅਤੇ ਹਾਲੇ ਉਨ੍ਹਾਂ ਨੂੰ ਮੂਲ ਦੇਸ਼ ਵਿੱਚ ਵਾਪਸ ਭੇਜਿਆ ਜਾਣਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













