ਕੀ ਮਰਦਾਂ ਨੂੰ ਵੀ ਪੀਰੀਅਡ ਆਉਂਦੇ ਹਨ? ਮਰਦਾਂ ਵਿੱਚ ਹੋਣ ਵਾਲਾ ਐਂਡਰੋਪੌਜ਼ ਕੀ ਹੈ?

 ਹਾਰਮੋਨਲ ਚੱਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਵਿਗਿਆਨਕ ਅਧਿਐਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਟੈਸਟੋਸਟੇਰੋਨ ਦੇ ਪੱਧਰਾਂ ਵਿੱਚ ਰੋਜ਼ਾਨਾ ਉਤਰਾਅ-ਚੜ੍ਹਾਅ ਕਾਰਨ ਇੱਕ ਹਾਰਮੋਨਲ ਚੱਕਰ ਬਣਦਾ ਹੈ
    • ਲੇਖਕ, ਅਹਿਮਦ ਅਬਦੁੱਲਾ
    • ਰੋਲ, ਬੀਬੀਸੀ ਅਰਬੀ- ਬੇਰੂਤ

ਮਰਦਾਂ ਵਿੱਚ ਹੋਣ ਵਾਲੀਆਂ ਹਾਰਮੋਨਲ ਤਬਦੀਲੀਆਂ ਦੀ ਸੰਭਾਵਨਾ ਬਾਰੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀ ਜਾਣਕਾਰੀ ਫੈਲੀ ਹੋਈ ਹੈ। ਇਹ ਹਾਰਮੋਨਲ ਪਰਿਵਰਤਨ ਪੁਰਸ਼ਾਂ ਦੇ ਵਿਵਹਾਰ ਅਤੇ ਮੂਡ ਨੂੰ ਪ੍ਰਭਾਵਿਤ ਕਰਦੇ ਹਨ।

ਇਹ ਨਿਰਣਾਇਕ ਤੌਰ 'ਤੇ ਸਾਬਤ ਤਾਂ ਨਹੀਂ ਹੋਇਆ ਹੈ, ਪਰ ਵਿਗਿਆਨੀਆਂ ਦਾ ਇੱਕ ਸਮੂਹ ਮਰਦਾਂ ਵਿੱਚ ਮਹਾਵਾਰੀ ਚੱਕਰ ਨੂੰ ਸੰਭਵ ਮੰਨਦਾ ਹੈ। ਹਾਲਾਂਕਿ ਇਹ ਔਰਤਾਂ ਦੇ ਮਾਹਵਾਰੀ ਚੱਕਰ ਤੋਂ ਬੁਨਿਆਦੀ ਤੌਰ 'ਤੇ ਵੱਖਰਾ ਹੈ।

ਤਾਂ ਅਸੀਂ ਇਸ ਬਾਰੇ ਕੀ ਜਾਣਦੇ ਹਾਂ?

ਮਰਦਾਂ ਵਿੱਚ ਹਾਰਮੋਨਲ ਚੱਕਰ: ਵਿਗਿਆਨ ਅਤੇ ਵਿਵਾਦ

ਯੂਨਾਈਟਿਡ ਕਿੰਗਡਮ ਵਿੱਚ ਨੈਸ਼ਨਲ ਹੈਲਥ ਸਰਵਿਸ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਟੈਸਟੋਸਟੇਰੋਨ ਇੱਕ ਸੈਕਸ ਹਾਰਮੋਨ ਹੈ ਜੋ ਮੁੱਖ ਤੌਰ 'ਤੇ ਮਰਦਾਂ ਦੇ ਅੰਡਕੋਸ਼ਾਂ ਵਿੱਚ ਵਧੇਰੇ ਅਤੇ ਔਰਤਾਂ ਦੇ ਅੰਡਕੋਸ਼ਾਂ ਵਿੱਚ ਬਹੁਤ ਘੱਟ ਮਾਤਰਾ ਵਿੱਚ ਪੈਦਾ ਹੁੰਦਾ ਹੈ।

ਇਹ ਹਾਰਮੋਨ ਮਰਦਾਂ ਵਿੱਚ ਜਿਨਸੀ ਵਿਸ਼ੇਸ਼ਤਾਵਾਂ ਦੇ ਵਿਕਾਸ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਜਿਵੇਂ ਕਿ ਮਾਸਪੇਸ਼ੀਆਂ ਦਾ ਵਧਣਾ, ਸਰੀਰ ਦੇ ਵਾਲ ਅਤੇ ਆਵਾਜ਼ ਦਾ ਭਾਰੀ ਹੋਣਾ।

ਇਹ ਹੱਡੀਆਂ ਦੇ ਪੁੰਜ ਅਤੇ ਜਿਨਸੀ ਇੱਛਾ ਨੂੰ ਬਣਾਈ ਰੱਖਣ ਵਿੱਚ ਵੀ ਯੋਗਦਾਨ ਪਾਉਂਦਾ ਹੈ ਅਤੇ ਮਰਦਾਂ ਵਿੱਚ ਸ਼ੁਕਰਾਣੂ ਉਤਪਾਦਨ ਵਿੱਚ ਮਦਦ ਕਰਦਾ ਹੈ।

ਹਾਲਾਂਕਿ, ਪੁਰਸ਼ਾਂ ਵਿੱਚ ਅਸਲ ਵਿੱਚ ਮਾਹਵਾਰੀ ਚੱਕਰ ਨਹੀਂ ਹੁੰਦਾ, ਪਰ ਕੁਝ ਵਿਗਿਆਨਕ ਅਧਿਐਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਟੈਸਟੋਸਟੇਰੋਨ ਦੇ ਪੱਧਰਾਂ ਵਿੱਚ ਰੋਜ਼ਾਨਾ ਉਤਰਾਅ-ਚੜ੍ਹਾਅ ਕਾਰਨ ਇੱਕ ਹਾਰਮੋਨਲ ਚੱਕਰ ਬਣਦਾ ਹੈ।

ਇਸ ਸਥਿਤੀ ਨੂੰ "ਇਰੀਟੇਬਲ ਮੈਨ ਸਿੰਡਰੋਮ" ਕਿਹਾ ਜਾਂਦਾ ਹੈ, ਇੱਕ ਅਜਿਹਾ ਸ਼ਬਦ ਜੋ ਤੀਜੀ ਸਦੀ ਦੀ ਸ਼ੁਰੂਆਤ ਤੋਂ ਵਰਤਿਆ ਜਾ ਰਿਹਾ ਹੈ ਅਤੇ ਜਿਸ ਬਾਰੇ ਵਧੇਰੇ ਅਧਿਐਨ ਕੀਤਾ ਜਾ ਰਿਹਾ ਹੈ। ਪਰ ਅੱਜ ਤੱਕ ਇਸ ਸ਼ਬਦ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਮਾਨਤਾ ਨਹੀਂ ਦਿੱਤੀ ਗਈ ਹੈ।

ਮਰਦਾਂ ਵਿੱਚ ਹੋਣ ਵਾਲੀਆਂ ਹਾਰਮੋਨਲ ਤਬਦੀਲੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਰਤਾਂ ਦੇ ਮਾਹਵਾਰੀ ਚੱਕਰ ਪ੍ਰਜਨਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਪਰ ਮਰਦਾਂ ਵਿੱਚ ਹਾਰਮੋਨਲ ਤਬਦੀਲੀਆਂ ਦਾ ਸਿੱਧਾ ਪ੍ਰਭਾਵ ਨਹੀਂ ਪੈਂਦਾ

35 ਸਾਲਾਂ ਦੀ ਕਲੀਨਿਕਲ ਖੋਜ ਅਤੇ ਲਗਭਗ 10,000 ਮਰਦਾਂ ਦੇ ਜਵਾਬਾਂ ਦੇ ਆਧਾਰ 'ਤੇ, ਖੋਜਕਰਤਾ ਜੇਡ ਡਾਇਮੰਡ ਨੇ ਇਰੀਟੇਬਲ ਮੇਲ ਸਿੰਡਰੋਮ ਨਾਮਕ ਵਿਕਾਰ ਬਾਰੇ ਦੱਸਿਆ, ਜੋ ਕਿ ਪੂਰੇ ਮਹੀਨੇ ਦੌਰਾਨ ਮਰਦਾਂ ਦੇ ਮੂਡ ਸਵਿੰਗਾਂ (ਮੂਡ ਵਿੱਚ ਆਉਂਦੀਆਂ ਤਬਦੀਲੀਆਂ) ਦਾ ਵਰਣਨ ਕਰਦਾ ਹੈ।

ਉਨ੍ਹਾਂ ਦੀ ਕਿਤਾਬ ਦੇ ਅਨੁਸਾਰ, ਪੁਰਸ਼ ਆਮ ਤੌਰ 'ਤੇ ਕਦੇ-ਕਦਾਈਂ ਉਦਾਸੀ, ਗੁੱਸੇ ਅਤੇ ਗੰਭੀਰ ਚਿੰਤਾ ਦੇ ਦੌਰਾਂ ਤੋਂ ਪੀੜਤ ਹੁੰਦਾ ਹੈ, ਜੋ ਉਸ ਦੇ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਭਾਵੇਂ ਮਰਦਾਂ ਵਿੱਚ ਹਾਰਮੋਨਲ ਉਤਰਾਅ-ਚੜ੍ਹਾਅ ਨੂੰ ਮਾਨਤਾ ਦਿੱਤੀ ਗਈ ਹੈ, ਪਰ "ਇਰੀਟੇਬਲ ਮੈਨ ਸਿੰਡਰੋਮ" (IMS) ਦੀ ਧਾਰਨਾ ਵਿਗਿਆਨੀਆਂ ਵਿੱਚ ਵਿਵਾਦਪੂਰਨ ਬਣੀ ਹੋਈ ਹੈ।

ਕੁਝ ਖੋਜਕਰਤਾ ਇਸ ਗੱਲ 'ਤੇ ਸਵਾਲ ਚੁੱਕਦੇ ਹਨ ਕਿ ਆਈਐਮਐਸ ਵਾਕਈ ਇੱਕ ਡਾਕਟਰੀ ਸਥਿਤੀ (ਮੈਡੀਕਲ ਕੰਡੀਸ਼ਨ) ਹੈ। ਉਹ ਦਲੀਲ ਦਿੰਦੇ ਹਨ ਕਿ ਇਸ ਨਾਲ ਜੁੜੇ ਲੱਛਣ ਹੋਰ ਮਨੋਵਿਗਿਆਨਕ ਜਾਂ ਵਾਤਾਵਰਣਕ ਕਾਰਕਾਂ ਦਾ ਨਤੀਜਾ ਹੋ ਸਕਦੇ ਹਨ ਅਤੇ ਜ਼ਰੂਰੀ ਨਹੀਂ ਕਿ ਇਹ ਹਾਰਮੋਨਲ ਉਤਰਾਅ-ਚੜ੍ਹਾਅ ਹੋਣ।

ਇਸ ਦੇ ਉਲਟ, ਦੂਸਰੇ ਮਾਹਿਰ ਮੰਨਦੇ ਹਨ ਕਿ ਟੈਸਟੋਸਟੇਰੋਨ ਦੇ ਪੱਧਰ ਦੇ ਘਟਣ ਨਾਲ ਮਰਦਾਂ ਦੇ ਮੂਡ ਅਤੇ ਵਿਵਹਾਰ 'ਤੇ ਜੋ ਪ੍ਰਭਾਵ ਪੈਂਦੇ ਹਨ, ਇਹ ਸਿੰਡਰੋਮ ਉਸ ਨੂੰ ਸਾਫ ਤੌਰ 'ਤੇ ਦਰਸਾਉਂਦਾ ਹੈ।

ਇਹ ਵੀ ਪੜ੍ਹੋ-

ਮਰਦਾਂ ਅਤੇ ਔਰਤਾਂ ਵਿੱਚ ਹਾਰਮੋਨਲ ਚੱਕਰਾਂ ਵਿੱਚ ਫਰਕ

ਇੱਥੇ ਮਰਦਾਂ ਅਤੇ ਔਰਤਾਂ ਵਿੱਚ ਹਾਰਮੋਨਲ ਚੱਕਰਾਂ ਵਿੱਚ ਫਰਕ ਸਮਝਣਾ ਮਹੱਤਵਪੂਰਨ ਹੈ। ਔਰਤਾਂ ਵਿੱਚ ਮਾਹਵਾਰੀ ਚੱਕਰ ਇੱਕ ਨਿਯਮਤ ਅਤੇ ਆਵਰਤੀ ਸਰੀਰਕ ਪ੍ਰਕਿਰਿਆ ਹੈ, ਜੋ ਲਗਭਗ ਹਰ 28 ਦਿਨਾਂ ਵਿੱਚ ਹੁੰਦੀ ਹੈ ਅਤੇ ਪ੍ਰਜਨਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਮਾਹਵਾਰੀ ਚੱਕਰ ਦਾ ਹਰ ਪੜਾਅ ਸਿੱਧੇ ਤੌਰ 'ਤੇ ਗਰਭ ਅਵਸਥਾ ਅਤੇ ਬੱਚੇ ਦੇ ਜਨਮ ਦੀ ਸੰਭਾਵਨਾ ਨੂੰ ਪ੍ਰਭਾਵਿਤ ਕਰਦਾ ਹੈ, ਕਿਉਂਕਿ ਇਸ ਵਿੱਚ ਬੱਚੇਦਾਨੀ ਨੂੰ ਓਵੂਲੇਸ਼ਨ ਲਈ ਤਿਆਰ ਕਰਨਾ ਅਤੇ ਇੱਕ ਉਪਜਾਊ ਅੰਡੇ (ਫਰਟਾਈਲ ਐਗ) ਪ੍ਰਾਪਤ ਕਰਨਾ ਸ਼ਾਮਲ ਹੁੰਦਾ ਹੈ। ਇਸ ਲਈ, ਇਸ ਚੱਕਰ ਦੀ ਨਿਯਮਤਤਾ ਅਤੇ ਸਿਹਤ ਇੱਕ ਔਰਤ ਦੀ ਗਰਭ ਧਾਰਨ ਕਰਨ ਦੀ ਯੋਗਤਾ ਨਾਲ ਜੁੜੀ ਹੋਈ ਹੈ।

ਇਸ ਦੇ ਉਲਟ, ਮਰਦਾਂ ਵਿੱਚ ਹਾਰਮੋਨਲ ਬਦਲਾਅ ਬੁਨਿਆਦੀ ਤੌਰ 'ਤੇ ਵੱਖਰੇ ਹੁੰਦੇ ਹਨ।

ਮਰਦਾਂ ਵਿੱਚ ਟੈਸਟੋਸਟੇਰੋਨ ਦਾ ਪੱਧਰ ਰੋਜ਼ਾਨਾ ਦੇ ਪੈਟਰਨ ਦੀ ਪਾਲਣਾ ਕਰਦਾ ਹੈ, ਜੋ ਸਵੇਰੇ ਸਿਖਰ 'ਤੇ ਹੁੰਦਾ ਹੈ ਅਤੇ ਦਿਨ ਭਰ ਵਿੱਚ ਹੌਲੀ-ਹੌਲੀ ਘਟਦਾ ਜਾਂਦਾ ਹੈ।

ਮਰਦਾਂ ਵਿੱਚ ਹੋਣ ਵਾਲੀਆਂ ਹਾਰਮੋਨਲ ਤਬਦੀਲੀਆਂ

ਇਹ ਰੋਜ਼ਾਨਾ ਦੇ ਉਤਰਾਅ-ਚੜ੍ਹਾਅ ਮਰਦਾਂ ਦੀ ਪ੍ਰਜਨਣ ਸਿਹਤ ਨਾਲ ਸਿੱਧੇ ਤੌਰ 'ਤੇ ਸਬੰਧਤ ਨਹੀਂ ਹਨ ਅਤੇ ਮਾਹਵਾਰੀ ਚੱਕਰ ਉਨ੍ਹਾਂ ਦੀ ਪ੍ਰਜਨਣ ਸਮਰੱਥਾ ਨੂੰ ਉਸ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰਦੇ ਜਿਸ ਤਰ੍ਹਾਂ ਉਹ ਔਰਤਾਂ ਨੂੰ ਪ੍ਰਭਾਵਿਤ ਕਰਦੇ ਹਨ।

ਦੂਜੇ ਸ਼ਬਦਾਂ ਵਿੱਚ, ਜਿੱਥੇ ਔਰਤਾਂ ਦੇ ਮਾਹਵਾਰੀ ਚੱਕਰ ਪ੍ਰਜਨਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਮਰਦਾਂ ਵਿੱਚ ਹਾਰਮੋਨਲ ਤਬਦੀਲੀਆਂ ਦਾ ਸਿੱਧਾ ਪ੍ਰਭਾਵ ਨਹੀਂ ਪੈਂਦਾ।

ਇਹ ਬੁਨਿਆਦੀ ਅੰਤਰ ਵੱਖ-ਵੱਖ ਲਿੰਗ ਦੇ ਜੈਵਿਕ ਸੰਦਰਭ ਨੂੰ ਪਛਾਨਣ ਲਈ ਜ਼ਰੂਰੀ ਹੈ। ਇਸ ਦੇ ਨਾਲ ਹੀ ਇਹ ਦੱਸਦਾ ਹੈ ਕਿ ਮਰਦਾਂ ਅਤੇ ਔਰਤਾਂ ਵਿੱਚ ਹਾਰਮੋਨਲ ਤਬਦੀਲੀਆਂ ਦਾ ਸੁਭਾਅ ਅਤੇ ਭੂਮਿਕਾਵਾਂ ਪੂਰੀ ਤਰ੍ਹਾਂ ਵੱਖਰੀਆਂ ਹੁੰਦੀਆਂ ਹਨ।

ਹਾਰਮੋਨਲ ਉਤਰਾਅ-ਚੜ੍ਹਾਅ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਵੇਂ ਮਰਦਾਂ ਵਿੱਚ ਹਾਰਮੋਨਲ ਉਤਰਾਅ-ਚੜ੍ਹਾਅ ਨੂੰ ਮਾਨਤਾ ਦਿੱਤੀ ਗਈ ਹੈ, ਪਰ "ਇਰੀਟੇਬਲ ਮੈਨ ਸਿੰਡਰੋਮ" (IMS) ਦੀ ਧਾਰਨਾ ਵਿਗਿਆਨੀਆਂ ਵਿੱਚ ਵਿਵਾਦਪੂਰਨ ਬਣੀ ਹੋਈ ਹੈ

ਬਾਇਓਹੈਕਿੰਗ

ਸੈਕਸ਼ੁਅਲ ਹੈਲਥ ਅਤੇ ਯੂਰੋਲੋਜੀ ਸਲਾਹਕਾਰ ਡਾਕਟਰ ਯਮਨ ਅਲ-ਤਾਲ ਨੇ ਬੀਬੀਸੀ ਅਰਬੀ ਨੂੰ ਇੱਕ ਇੰਟਰਵਿਊ ਵਿੱਚ ਦੱਸਿਆ, "ਹਾਰਮੋਨਲ ਬਦਲਾਅ ਰੋਜ਼ਾਨਾ ਹੋ ਸਕਦੇ ਹਨ, ਕਿਉਂਕਿ ਟੈਸਟੋਸਟੇਰੋਨ ਦਾ ਪੱਧਰ ਆਮ ਤੌਰ 'ਤੇ ਸਵੇਰੇ ਸਭ ਤੋਂ ਵੱਧ ਹੁੰਦਾ ਹੈ, ਫਿਰ ਦਿਨ ਵਧਣ ਦੇ ਨਾਲ-ਨਾਲ ਘਟਦਾ ਜਾਂਦਾ ਹੈ। ਇਹ ਹੌਲੀ-ਹੌਲੀ ਵਧਦਾ ਹੈ ਅਤੇ ਘਟਦਾ ਹੈ।"

ਡਾਕਟਰ ਤਾਲ ਕਹਿੰਦੇ ਹਨ ਕਿ ਇਨ੍ਹਾਂ ਉਤਰਾਅ-ਚੜ੍ਹਾਅ ਦੀ ਵਰਤੋਂ ਨਿੱਜੀ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ ਅਤੇ ਇਸ ਪ੍ਰਕਿਰਿਆ ਨੂੰ ਵਿਗਿਆਨ ਵਿੱਚ "ਬਾਇਓਹੈਕਿੰਗ" ਕਿਹਾ ਜਾਂਦਾ ਹੈ।

ਉਨ੍ਹਾਂ ਅੱਗੇ ਕਿਹਾ: "ਜੇਕਰ ਕੋਈ ਆਦਮੀ ਇਹ ਸਮਝ ਲੈਂਦਾ ਹੈ ਕਿ ਉਸ ਦਾ ਸਰੀਰ ਕਿਸ ਤਰ੍ਹਾਂ ਕੰਮ ਕਰਦਾ ਹੈ ਤਾਂ ਉਹ ਆਪਣੇ ਹਾਰਮੋਨਜ਼ ਦੀਆਂ ਤਬਦੀਲੀਆਂ ਦਾ ਫਾਇਦਾ ਚੁੱਕ ਸਕਦਾ ਹੈ।''

ਮਿਸਾਲ ਵਜੋਂ, ਡਾਕਟਰ ਸਲਾਹ ਦਿੰਦੇ ਹਨ ਕਿ ਸਵੇਰ ਦੇ ਸਮੇਂ ਜਦੋਂ ਟੈਸਟੋਸਟੇਰੋਨ ਦਾ ਪੱਧਰ ਉੱਚਾ ਹੁੰਦਾ ਹੈ, ਉਸ ਵੇਲੇ ਯੌਨ ਪ੍ਰਦਰਸ਼ਨ ਬਿਹਤਰ ਹੋ ਸਕਦਾ ਹੈ।

ਉਹ ਕਹਿੰਦੇ ਹਨ, "ਤਣਾਅ ਦਾ ਹਾਰਮੋਨ, ਜੋ ਮਰਦਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ਉਸ ਨੂੰ ਕੋਰਟੀਸੋਲ ਕਹਿੰਦੇ ਹਨ।"

"ਸਰੀਰ ਵਿੱਚ ਟੈਸਟੋਸਟੇਰੋਨ ਅਤੇ ਕੋਰਟੀਸੋਲ ਕੋਲੈਸਟ੍ਰੋਲ ਤੋਂ ਬਣਦੇ ਹਨ। ਜੇਕਰ ਕੋਈ ਆਦਮੀ ਲਗਾਤਾਰ ਤਣਾਅ ਵਿੱਚ ਰਹਿੰਦਾ ਹੈ, ਸਿਗਰਟ ਪੀਂਦਾ ਹੈ ਅਤੇ ਦੇਰ ਰਾਤ ਤੱਕ ਜਾਗਦਾ ਰਹਿੰਦਾ ਹੈ, ਤਾਂ ਜ਼ਿਆਦਾਤਰ ਕੋਲੈਸਟ੍ਰੋਲ ਕੋਰਟੀਸੋਲ ਵਿੱਚ ਬਦਲ ਜਾਂਦਾ ਹੈ, ਜਿਸ ਨਾਲ ਟੈਸਟੋਸਟੇਰੋਨ ਵਿੱਚ ਗਿਰਾਵਟ ਆਉਂਦੀ ਹੈ।''

ਹਾਲਾਂਕਿ ਜ਼ਿਆਦਾਤਰ ਖੋਜਕਰਤਾ "ਇਰੀਟੇਬਲ ਮੈਨ ਸਿੰਡਰੋਮ" ਨੂੰ ਨਹੀਂ ਮੰਨਦੇ, ਜਦਕਿ ਕੁਝ ਖੋਜਕਰਤਾ ਪੁਰਸ਼ਾਂ ਵਿੱਚ ਹੋਣ ਵਾਲੀਆਂ ਹਾਰਮੋਨਲ ਤਬਦੀਲੀਆਂ ਨਾਲ ਸਬੰਧਤ ਲੱਛਣਾਂ ਬਾਰੇ ਗੱਲ ਕਰਦੇ ਹਨ, ਫਿਰ ਭਾਵੇਂ ਉਹ ਰੋਜ਼ਾਨਾ ਹੋਣ ਜਾਂ ਬੁਢਾਪੇ ਨਾਲ ਸਬੰਧਤ ਹੋਣ।

ਇਹਨਾਂ ਲੱਛਣਾਂ ਵਿੱਚ ਸਰੀਰਕ ਅਤੇ ਮਨੋਵਿਗਿਆਨਕ ਲੱਛਣਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ, ਜਿਵੇਂ ਕਿ- ਮੂਡ ਸਵਿੰਗ, ਆਮ ਤੌਰ 'ਤੇ ਹੋਣ ਵਾਲੀ ਥਕਾਵਟ, ਕਾਮ ਇੱਛਾ ਵਿੱਚ ਕਮੀ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਿਲ ਅਤੇ ਸਰੀਰਕ ਤਬਦੀਲੀਆਂ ਜਿਵੇਂ ਕਿ ਥੋੜ੍ਹਾ ਜਿਹਾ ਭਾਰ ਵਧਣਾ ਆਦਿ।

ਮਰਦਾਂ ਵਿੱਚ ਹੋਣ ਵਾਲੀਆਂ ਹਾਰਮੋਨਲ ਤਬਦੀਲੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਤਾਲ ਕਹਿੰਦੇ ਹਨ ਕਿ ਇਨ੍ਹਾਂ ਉਤਰਾਅ-ਚੜ੍ਹਾਅ ਦੀ ਵਰਤੋਂ ਨਿੱਜੀ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ

"ਐਂਡਰੋਪੌਜ਼" ਕੀ ਹੁੰਦਾ ਹੈ?

ਮਰਦਾਂ ਵਿੱਚ ਹਾਰਮੋਨਲ ਚੱਕਰ ਨਾਲ ਸਬੰਧਤ ਸਭ ਤੋਂ ਪ੍ਰਮੁੱਖ ਵਿਸ਼ਿਆਂ ਵਿੱਚੋਂ ਇੱਕ ਨੂੰ ਐਂਡਰੋਪੌਜ਼ ਕਿਹਾ ਜਾਂਦਾ ਹੈ।

ਇਹ ਸ਼ਬਦ ਸਰੀਰਕ ਅਤੇ ਮਨੋਵਿਗਿਆਨਕ ਲੱਛਣਾਂ ਦੇ ਸਮੂਹ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ, ਜੋ ਉਮਰ ਦੇ 40ਵੇਂ ਦੇ ਅਖੀਰ ਜਾਂ 50ਵੇਂ ਦੇ ਦਹਾਕੇ ਦੇ ਸ਼ੁਰੂ ਵਿੱਚ ਮਰਦਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਯੂਕੇ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਦੀ ਵੈੱਬਸਾਈਟ ਦੇ ਅਨੁਸਾਰ, "ਐਂਡਰੋਪੌਜ਼" ਸ਼ਬਦ ਇੱਕ ਅਜਿਹੀ ਸਥਿਤੀ ਨੂੰ ਦਰਸਾਉਂਦਾ ਹੈ ਜਿਸਨੂੰ ਅਕਸਰ ਮੀਡੀਆ ਵਿੱਚ ਔਰਤਾਂ ਵਿੱਚ ਮੀਨੋਪੌਜ਼ ਵਾਂਗ ਹਾਰਮੋਨਲ ਤਬਦੀਲੀ ਵਜੋਂ ਦਰਸਾਇਆ ਜਾਂਦਾ ਹੈ, ਜਿਸ ਨਾਲ ਗਲਤ ਧਾਰਨਾਵਾਂ ਪੈਦਾ ਹੁੰਦੀਆਂ ਹਨ।

ਇਹ ਸ਼ਬਦ ਗੁੰਮਰਾਹਕੁੰਨ ਹੈ, ਕਿਉਂਕਿ ਇਹ ਸੁਝਾਅ ਦਿੰਦਾ ਹੈ ਕਿ ਮੱਧ-ਉਮਰ ਦੇ ਮਰਦਾਂ ਦੁਆਰਾ ਅਨੁਭਵ ਕੀਤੇ ਜਾਣ ਵਾਲੇ ਲੱਛਣ ਟੈਸਟੋਸਟੇਰੋਨ ਵਿੱਚ ਅਚਾਨਕ ਗਿਰਾਵਟ ਕਾਰਨ ਹੁੰਦੇ ਹਨ, ਜਦਕਿ ਅਸਲ ਵਿੱਚ ਅਜਿਹਾ ਨਹੀਂ ਹੈ।

ਇਹ ਲੱਛਣ, ਜੀਵਨ ਦੀ ਗੁਣਵੱਤਾ ਅਤੇ ਰੋਜ਼ਾਨਾ ਖੁਸ਼ੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਲਈ ਗਲਤ ਧਾਰਨਾਵਾਂ ਤੋਂ ਦੂਰ ਰਹਿੰਦੇ ਹੋਏ ਮੂਲ ਕਾਰਨਾਂ ਨੂੰ ਸਹੀ ਤੌਰ 'ਤੇ ਸਮਝਣ ਦੀ ਲੋੜ ਹੈ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਢੁਕਵੇਂ ਹੱਲ ਲੱਭਣ ਦੀ ਲੋੜ ਹੁੰਦੀ ਹੈ।

ਔਰਤਾਂ ਵਿੱਚ ਮੀਨੋਪੌਜ਼ ਦੇ ਉਲਟ, ਮਰਦਾਂ ਵਿੱਚ ਹਾਰਮੋਨਲ ਤਬਦੀਲੀਆਂ ਟੈਸਟੋਸਟੇਰੋਨ ਵਿੱਚ ਅਚਾਨਕ ਗਿਰਾਵਟ ਨਾਲ ਜੁੜੀਆਂ ਹੋਈਆਂ ਨਹੀਂ ਹਨ। ਸਗੋਂ ਇਹ ਇੱਕ ਹੌਲੀ ਪ੍ਰਕਿਰਿਆ ਹੈ ਜੋ 30 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ ਪ੍ਰਤੀ ਸਾਲ 1% ਦੀ ਦਰ ਨਾਲ ਘਟਦੀ ਹੈ।

ਮਰਦਾਂ ਵਿੱਚ ਐਂਡਰੋਪੀਅਨ ਨਾਲ ਸਬੰਧਤ ਲੱਛਣ, ਜਿਵੇਂ ਕਿ ਡਿਪਰੈਸ਼ਨ, ਕਾਮ ਇੱਛਾ ਵਿੱਚ ਕਮੀ, ਇਰੈਕਟਾਈਲ ਡਿਸਫੰਕਸ਼ਨ, ਮੂਡ ਸਵਿੰਗ ਅਤੇ ਮਾਸਪੇਸ਼ੀਆਂ ਨੂੰ ਨੁਕਸਾਨ, ਅਕਸਰ ਮਨੋਵਿਗਿਆਨਕ ਕਾਰਨਾਂ ਜਿਵੇਂ ਕਿ ਤਣਾਅ ਅਤੇ ਚਿੰਤਾ, ਜਾਂ ਸਿਗਰਟਨੋਸ਼ੀ ਅਤੇ ਮਾੜੇ ਪੋਸ਼ਣ ਸਮੇਤ ਇੱਕ ਮਾੜੀ ਜੀਵਨ ਸ਼ੈਲੀ ਦਾ ਨਤੀਜਾ ਹੁੰਦੇ ਹਨ।

ਕੁਝ ਦੁਰਲੱਭ ਮਾਮਲਿਆਂ ਵਿੱਚ, ਇਹ ਲੱਛਣ ਇੱਕ ਡਾਕਟਰੀ ਵਿਕਾਰ ਨਾਲ ਵੀ ਜੁੜੇ ਹੋ ਸਕਦੇ ਹਨ, ਜਿਸ ਵਿੱਚ ਟੈਸਟੋਸਟੇਰੋਨ ਦਾ ਉਤਪਾਦਨ ਕਾਫ਼ੀ ਘੱਟ ਜਾਂਦਾ ਹੈ।

ਡਾਕਟਰ ਤਾਲ ਕਹਿੰਦੇ ਹਨ ਕਿ ਅਜਿਹੀ ਸਥਿਤੀ ਵਿੱਚ "ਇੱਕ ਆਦਮੀ ਨੂੰ ਦਵਾਈਆਂ (ਸਪਲੀਮੈਂਟਸ) ਰਾਹੀਂ ਟੈਸਟੋਸਟੇਰੋਨ (ਲੋੜ ਪੈਣ 'ਤੇ) ਦੇਣ ਨਾਲ ਉਨ੍ਹਾਂ ਦੀ ਹਾਲਤ ਵਿੱਚ ਬਹੁਤ ਸੁਧਾਰ ਹੋ ਸਕਦਾ ਹੈ।''

ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਮੁੱਖ ਕਾਰਨ ਮੌਜੂਦਾ ਜੀਵਨ ਸ਼ੈਲੀ ਹੈ- "ਫਾਸਟ ਫੂਡ, ਹਾਈਡ੍ਰੋਜਨੇਟਿਡ ਤੇਲ, ਜ਼ਿਆਦਾ ਖੰਡ ਅਤੇ ਨਮਕ ਦਾ ਪ੍ਰਯੋਗ, ਸਿਗਰਟਨੋਸ਼ੀ ਅਤੇ ਦੇਰ ਤੱਕ ਜਾਗਣਾ - ਇਹ ਸਾਰੇ ਕਾਰਕ ਮਰਦਾਂ ਦੀ ਹਾਰਮੋਨਲ ਸਿਹਤ ਵਿੱਚ ਗਿਰਾਵਟ ਨੂੰ ਤੇਜ਼ ਕਰਦੇ ਹਨ।"

ਡਾਕਟਰ ਮੁਤਾਬਕ, ਬਹੁਤ ਸਾਰੇ ਮਰਦ ਚਾਲੀ ਸਾਲ ਦੀ ਉਮਰ ਤੱਕ ਪਹੁੰਚ ਕੇ ਇਸ ਸਮੱਸਿਆ ਬਾਰੇ ਜਾਣ ਜਾਂਦੇ ਹਨ, ਪਰ ਸਿਹਤ ਨੂੰ ਸੁਧਾਰਨ ਦੇ ਸਫਲ ਯਤਨ ਵੀਹ ਸਾਲ ਦੀ ਉਮਰ ਤੋਂ ਸ਼ੁਰੂ ਹੋਣੇ ਚਾਹੀਦੇ ਹਨ।

ਮਹਾਵਾਰੀ ਚੱਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਗਿਆਨੀਆਂ ਦਾ ਇੱਕ ਸਮੂਹ ਮਰਦਾਂ 'ਚ ਮਹਾਵਾਰੀ ਚੱਕਰ ਨੂੰ ਸੰਭਵ ਮੰਨਦਾ ਹੈ ਪਰ ਇਹ ਔਰਤਾਂ ਦੇ ਮਾਹਵਾਰੀ ਚੱਕਰ ਤੋਂ ਬੁਨਿਆਦੀ ਤੌਰ 'ਤੇ ਵੱਖਰਾ ਹੈ

ਡੂੰਘੀ ਸਮਝ ਅਤੇ ਜਾਗਰੂਕਤਾ

ਡਾਕਟਰ ਤਾਲ ਕਹਿੰਦੇ ਹਨ ਕਿ "ਇਸ ਮੁੱਦੇ ਬਾਰੇ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਅੱਜ ਮਰਦਾਂ ਨੂੰ ਜਿਨ੍ਹਾਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਭਾਵੇਂ ਭਾਵੇਂ ਸਰੀਰਕ ਹੋਣ ਜਾਂ ਮਨੋਵਿਗਿਆਨਕ, ਉਨ੍ਹਾਂ ਵਿੱਚੋਂ ਜ਼ਿਆਦਾਤਰ ਟੈਸਟੋਸਟੇਰੋਨ ਦੇ ਪੱਧਰਾਂ ਨੂੰ ਪ੍ਰਭਾਵਿਤ ਕਰਦੀਆਂ ਹਨ।"

ਉਹ ਦੱਸਦੇ ਹਨ ਕਿ ਆਰਥਿਕ ਅਤੇ ਸਮਾਜਿਕ ਦਬਾਅ ਕਾਰਨ ਨੌਜਵਾਨਾਂ ਵਿੱਚ ਚਿੰਤਾ, ਪੈਨਿਕ ਅਟੈਕ, ਡਿਪਰੈਸ਼ਨ ਆਦਿ ਵਰਗੀਆਂ ਮਨੋਵਿਗਿਆਨਕ ਬਿਮਾਰੀਆਂ ਟੈਸਟੋਸਟੇਰੋਨ ਨਾਲੋਂ ਕੋਰਟੀਸੋਲ ਹਾਰਮੋਨ ਦੇ ਉਤਪਾਦਨ ਨੂੰ ਜ਼ਿਆਦਾ ਵਧਾਉਂਦੀਆਂ ਹਨ।

ਇੱਕ ਹੈਰਾਨੀਜਨਕ ਤੁਲਨਾ ਕਰਦੇ ਹੋਏ ਉਹ ਕਹਿੰਦੇ ਹਨ ਕਿ "ਕਈ ਸਾਲ ਪਹਿਲਾਂ, ਸਾਡਾ ਸਲਾਹ-ਮਸ਼ਵਰਾ ਸਿਰਫ਼ ਚਾਲੀ ਅਤੇ ਪੰਜਾਹ ਦੇ ਦਹਾਕੇ ਦੇ ਮਰਦਾਂ ਤੱਕ ਸੀਮਤ ਸੀ ਜੋ ਜਿਨਸੀ ਸਮੱਸਿਆਵਾਂ ਤੋਂ ਪੀੜਤ ਸਨ। ਪਰ ਅੱਜ, ਸਾਡੇ ਜ਼ਿਆਦਾਤਰ ਮਰੀਜ਼ ਤੀਹ ਦੇ ਦਹਾਕੇ ਦੇ ਨੌਜਵਾਨ ਹਨ ਅਤੇ ਉਨ੍ਹਾਂ ਦੀਆਂ ਜ਼ਿਆਦਾਤਰ ਸਮੱਸਿਆਵਾਂ ਮਨੋਵਿਗਿਆਨਿਕ ਹਨ, ਜੋ ਕਿ ਉਨ੍ਹਾਂ ਦੀ ਜਿਣਸੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।''

ਇਸ ਲਈ, ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਇਸ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ।

ਭਾਵੇਂ ਤੁਸੀਂ ਖੁਦ ਇੱਕ ਆਦਮੀ ਹੋ ਜੋ ਅਚਾਨਕ ਮੂਡ ਸਵਿੰਗ ਦਾ ਅਨੁਭਵ ਕਰ ਰਿਹਾ ਹੈ ਜਾਂ ਫਿਰ ਉਹ ਮਹਿਲਾ ਹੋ ਜੋ ਆਪਣੇ ਸਾਥੀ ਦੀਆਂ ਮਾਮੂਲੀ ਹਾਰਮੋਨਲ ਤਬਦੀਲੀਆਂ ਨਾਲ ਜੂਝ ਰਹੀ ਹੈ, ਇਨ੍ਹਾਂ ਤਬਦੀਲੀਆਂ ਦੀ ਮਦਦ ਨਾਲ ਤੁਸੀਂ ਖੁਦ ਨੂੰ ਜਾਂ ਆਪਣੇ ਸਾਥੀ ਨੂੰ ਹੋਰ ਬਿਹਤਰ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)