ਪੰਜਾਬ ਦਾ 'ਜਾਅਲੀ ਪਿੰਡ': ਕਾਗਜ਼ਾਂ 'ਚ ਪਿੰਡ ਦਿਖਾ ਕੇ ਲੱਖਾਂ ਰੁਪਏ ਗਰਾਂਟਾਂ ਦੇ ਖ਼ਰਚੇ, ਆਰਟੀਆਈ ਦਾ ਖੁਲਾਸਾ

- ਲੇਖਕ, ਕੁਲਦੀਪ ਬਰਾੜ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਇੱਕ ਪਿੰਡ ਨਿਊ ਗੱਟੀ ਰਾਜੋਕੇ ਲਈ ਹੁਣ ਤੱਕ ਵੱਖ-ਵੱਖ ਪ੍ਰੋਜੈਕਟਾਂ ਲਈ ਕਥਿਤ ਤੌਰ ਉੱਤੇ ਲੱਖਾਂ ਰੁਪਏ ਦੀ ਗਰਾਂਟ ਜਾਰੀ ਹੋ ਚੁੱਕੀ ਹੈ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨਾਮ ਦਾ ਕੋਈ ਪਿੰਡ ਅਸਲ ਵਿੱਚ ਪੰਜਾਬ ਵਿੱਚ ਮੌਜੂਦ ਹੀ ਨਹੀਂ ਹੈ।
ਆਰਟੀਆਈ ਰਾਹੀਂ ਹਾਸਲ ਹੋਈ ਜਾਣਕਾਰੀ ਮੁਤਾਬਕ ਭਾਰਤ-ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਵਿੱਚ ਇੱਕ ਪਿੰਡ ਹੈ ਗੱਟੀ ਰਾਜੋਕੇ, ਪਰ ਕਾਗਜ਼ਾਂ ਵਿੱਚ ਅਧਿਕਾਰੀਆਂ ਨੇ ਇੱਕ 'ਜਾਅਲੀ ਪਿੰਡ ਨਿਊ ਗੱਟੀ ਰਾਜੋਕੇ' ਦਿਖਾਇਆ ਅਤੇ ਇਸ ਨੂੰ ਲੱਖਾਂ ਰੁਪਏ ਦੀਆਂ ਗਰਾਟਾਂ ਜਾਰੀ ਕੀਤੀਆਂ।
ਇਸ ਪੂਰੇ ਮਾਮਲੇ ਬਾਰੇ ਉਦੋਂ ਪਤਾ ਲੱਗਿਆ ਜਦੋਂ ਪੀਰ ਇਸਮਾਇਲ ਖਾਂ ਪਿੰਡ ਦੀ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਅਤੇ ਆਰਟੀਆਈ ਕਾਰਕੁਨ ਗੁਰਦੇਵ ਸਿੰਘ ਨੇ ਇੱਕ ਆਰਟੀਆਈ ਰਾਹੀ ਜਾਣਕਾਰੀ ਹਾਸਲ ਕੀਤੀ।
ਗੁਰਦੇਵ ਸਿੰਘ ਦਾ ਕਹਿਣਾ ਹੈ ਉਹਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਫੰਡਾਂ ਵਿੱਚ ਕਥਿਤ ਘਪਲੇ ਦਾ ਸ਼ੱਕ ਸੀ।
ਗੁਰਦੇਵ ਸਿੰਘ ਮੁਤਾਬਕ ਉੱਚ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਇੱਕ ਨਿਊ ਗੱਟੀ ਰਾਜੋਕੇ ਪਿੰਡ ਬਣਾਇਆ ਗਿਆ ਹੈ, ਜੋ ਕਿ ਹੋਂਦ ਵਿੱਚ ਹੀ ਨਹੀਂ ਹੈ।
ਭਾਵੇਂ ਕਿ ਸਮੁੱਚੇ ਮਾਮਲੇ ਬਾਰੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਆਰਟੀਆਈ 'ਚ ਕੀ ਹੋਇਆ ਖੁਲਾਸਾ

ਇੱਕ ਪਿੰਡ ਹੈ ਗੱਟੀ ਰਾਜੋਕੇ ਜੋ ਕਿ ਅਸਲ ਵਿੱਚ ਮੌਜੂਦ ਹੈ ਅਤੇ ਦੂਜਾ ਪਿੰਡ ਹੈ ਨਿਊ ਗੱਟੀ ਰਾਜੋਕੇ, ਜਿਸ ਬਾਰੇ ਦਾਅਵਾ ਹੈ ਕਿ ਇਹ ਪਿੰਡ ਮੌਜੂਦ ਹੀ ਨਹੀਂ ਹੈ।
ਆਰਟੀਆਈ ਪਾਉਣ ਵਾਲੇ ਗੁਰਦੇਵ ਸਿੰਘ ਕਹਿੰਦੇ ਹਨ ਕਿ ਨਿਊ ਗੱਟੀ ਰਾਜੋਕੇ ਪਿੰਡ ਨਾ ਤਾਂ ਗੂਗਲ ਮੈਪ ਉੱਪਰ ਦਿਸ ਰਿਹਾ ਹੈ ਅਤੇ ਨਾ ਹੀ ਇਹ ਪਿੰਡ ਅਸਲ ਵਿੱਚ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਨਿਊ ਗੱਟੀ ਰਾਜੋਕੇ ਪਿੰਡ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ 2013 ਦੌਰਾਨ ਕਾਗਜ਼ਾਂ ਵਿੱਚ ਇੱਕ ਨਵਾਂ ਪਿੰਡ ਬਣਾਇਆ ਗਿਆ ਸੀ।
ਜਿਸ ਦੀ ਸਰਪੰਚ ਅਮਰਜੀਤ ਕੌਰ ਦਰਸਾਈ ਗਈ। ਉਸ ਸਮੇਂ ਨਿਊ ਗੱਟੀ ਪਿੰਡ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ।
ਪਿੰਡ ਨੂੰ ਲੱਖਾਂ ਦੀ ਗਰਾਂਟ ਮਿਲਣ ਦਾ ਦਾਅਵਾ

ਗੁਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਪਿੰਡ ਦੀ ਪੜਤਾਲ ਲਈ ਕਈ ਥਾਵਾਂ 'ਤੇ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੂੰ ਮੌਜੂਦਾ ਅਧਿਕਾਰੀਆਂ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ।
ਉਨ੍ਹਾਂ ਕਿਹਾ, ''ਇਹ ਪਿੰਡ 2013 ਵਿੱਚ ਕਾਗਜ਼ਾਂ ਦੀ ਹੋਂਦ ਵਿੱਚ ਆਇਆ ਹੈ ਪਰ ਪਿੰਡ ਮੌਜੂਦ ਨਹੀਂ ਹੈ ਅਤੇ ਇਸ ਉੱਪਰ 43 ਲੱਖ ਰੁਪਏ ਲੱਗੇ ਹੋਏ ਹਨ।''
ਗੁਰਦੇਵ ਸਿੰਘ ਨੇ ਦੱਸਿਆ, ''ਜਾਣਕਾਰੀ ਮੁਤਾਬਕ, ਇਸ ਪਿੰਡ ਵਿੱਚ ਅਲੱਗ ਅਲੱਗ ਤਰ੍ਹਾਂ ਦੇ 55 ਪ੍ਰੋਜੈਕਟ ਤਿਆਰ ਕੀਤੇ ਗਏ ਹਨ। ਇਸ ਦੇ ਨਾਲ ਹੀ ਪਿੰਡ ਲਈ ਮਨਰੇਗਾ ਤਹਿਤ 141 ਰੁਜ਼ਗਾਰ ਕਾਰਡ ਵੀ ਬਣਾਏ ਗਏ ਹਨ।
ਇਹ ਕਾਰਡ ਅਜਿਹੇ ਲੋਕਾਂ ਦੇ ਨਾਮ 'ਤੇ ਬਣੇ ਹਨ, ਜੋ ਇਸ ਪਿੰਡ ਵਿੱਚ ਰਹਿੰਦੇ ਹੀ ਨਹੀਂ ਹਨ। ਨਵੀਂ ਗੱਟੀ ਰਾਜੋਕੇ ਪਿੰਡ ਵਿੱਚ 35 ਪ੍ਰੋਜੈਕਟ ਤਿਆਰ ਕੀਤੇ ਗਏ ਹਨ।
ਲੋਕਾਂ ਨੇ ਕੀ ਦੱਸਿਆ

ਜਦੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਕੁਲਦੀਪ ਬਰਾੜ ਨੇ ਗੱਟੀ ਰਾਜੋਕੇ ਪਿੰਡ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਦੇ ਕੁਝ ਲੋਕਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕੀਤਾ।
ਜਿੱਥੇ ਜਾਅਲੀ ਪਿੰਡ ਨਿਊ ਗੱਟੀ ਰਾਜੋਕੇ ਕਾਗਜ਼ਾ ਵਿੱਚ ਦਿਖਾਇਆ ਗਿਆ ਹੈ ਉੱਥੇ ਗੁਆਂਢ ਵਿੱਚ ਇੱਕ ਗੱਟੀ ਰਾਜੋਕੇ ਪਿੰਡ ਹੈ।
ਗੱਟੀ ਰਾਜੋਕੇ ਦੇ ਕੁਝ ਲੋਕਾਂ ਨੇ ਆਪਣੀ ਪਛਾਣ ਲੁਕਾਉਣ ਦੀ ਸ਼ਰਤ 'ਤੇ ਦੱਸਿਆ ਕਿ ਪਿੰਡ ਦੇ ਲੋਕ ਨਿਊ ਅਤੇ ਨਵੇਂ ਸ਼ਬਦ ਨੂੰ ਇੱਕ ਹੀ ਸਮਝਦੇ ਸਨ ਅਤੇ ਇਹ ਪਿੰਡ ਕਾਗਜ਼ਾਂ-ਪੱਤਰਾਂ ਵਿੱਚ ਚੱਲ ਰਿਹਾ ਸੀ।
ਨਵੀਂ ਗੱਟੀ ਰਾਜੋ ਕੇ ਦੇ ਸਾਬਕਾ ਸਰਪੰਚ ਲਾਲ ਸਿੰਘ ਦਾ ਕਹਿਣਾ ਹੈ, ''ਸਾਡਾ ਪਿੰਡ ਨਵੀਂ ਗੱਟੀ ਰਾਜੋਕੇ ਹੈ, ਕਈ ਮੁਲਾਜ਼ਮ ਕਹਿੰਦੇ ਰਹਿੰਦੇ ਨਿਊ ਗੱਟੀ ਰਾਜੋਕੇ, ਅਸੀਂ ਕਿਹਾ ਸਾਨੂੰ ਇਸ ਬਾਰੇ ਨਹੀਂ ਪਤਾ, ਅੰਗਰੇਜ਼ੀ ਦਾ ਸ਼ਬਦ ਹੈ, ਅਸੀਂ ਤਾਂ ਸਮਝੀ ਰੱਖਿਆ ਅੰਗਰੇਜ਼ੀ ਵਿੱਚ ਨਿਊ ਅਤੇ ਪੰਜਾਬੀ ਵਿੱਚ ਨਵੀਂ ਗੱਟੀ ਰਾਜੋਕੇ।''
ਉਨ੍ਹਾਂ ਦਾ ਕਹਿਣਾ ਹੈ ਕਿ ''ਮੈਂ 2019 ਵਿੱਚ ਸਰਪੰਚ ਬਣਿਆ ਸੀ ਜਦੋਂ ਕਿ ਇਹ ਪਿੰਡ ਸਾਡੇ ਤੋਂ ਪਹਿਲਾਂ ਬਣ ਚੁੱਕਾ ਸੀ। ਸਾਡੇ ਵੱਲੋਂ ਮਨਰੇਗਾ ਅਤੇ ਹੋਰ ਪਿੰਡ ਦੇ ਵੀ ਬਹੁਤ ਸਾਰੇ ਵਿਕਾਸ ਦੇ ਕੰਮ ਕਰਵਾਏ ਗਏ ਹਨ। ਜਿਨਾਂ ਵਿੱਚੋਂ ਕੁਝ ਪੇਮੈਂਟਾਂ ਅਜੇ ਵੀ ਸਾਡੀਆਂ ਲੈਣ ਵਾਲੀਆਂ ਰਹਿੰਦੀਆਂ ਹਨ।''
ਸਾਬਕਾ ਸਰਪੰਚ ਲਾਲ ਸਿੰਘ ਨੇ ਸ਼ਿਕਾਇਤਕਰਤਾ ਉੱਤੇ ਵੀ ਸਵਾਲ ਖੜੇ ਕੀਤੇ ਹਨ।
ਲਾਲ ਸਿੰਘ ਕਹਿੰਦੇ ਹਨ,"ਨਿਊ ਅਤੇ ਨਵੀਂ ਦਾ ਕੀ ਮਸਲਾ ਹੈ, ਇਹ ਮੁਲਾਜ਼ਮਾਂ ਨੂੰ ਪਤਾ ਹੋਵੇਗਾ। ਜੋ ਸ਼ਿਕਾਇਤਕਰਤਾ ਹੈ ਉਹ ਸਾਡੇ ਪਿੰਡ ਤੋਂ 10-12 ਕਿੱਲੋਮੀਟਰ ਦੂਰ ਪਿੰਡ ਵਿੱਚ ਰਹਿੰਦਾ ਹੈ ਅਤੇ ਜਾਣਬੁੱਝ ਕੇ ਪੈਸੇ ਲੈਣ ਦਾ ਬਹਾਨਾ ਬਣਾਉਣ ਲਈ ਸ਼ਿਕਾਇਤ ਕਰੀ ਰੱਖਦਾ।"
ਬੀਬੀਸੀ ਪੰਜਾਬੀ ਦੇ ਸਹਿਯੋਗੀ ਕੁਲਦੀਪ ਬਰਾੜ ਮੁਤਾਬਕ ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਸੀ ਕਿ ਸਰਕਾਰੀ ਅਧਿਕਾਰੀ ਵੀ ਇਸ ਉੱਪਰ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਕਿਉਂਕਿ ਇਸ ਵਿੱਚ ਉੱਚ ਸਰਕਾਰੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਹੋ ਸਕਦੀ ਹੈ।

ਪ੍ਰਸ਼ਾਸਨ ਦਾ ਕੀ ਹੈ ਕਹਿਣਾ?
ਇਸ ਪੂਰੇ ਮਾਮਲੇ ਬਾਰੇ ਬੀਬੀਸੀ ਪੰਜਾਬੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।
ਪਰ ਕੋਈ ਵੀ ਅਧਿਕਾਰੀ ਕੈਮਰੇ ਉੱਤੇ ਆਉਣ ਲਈ ਤਿਆਰ ਨਹੀਂ ਹੋਇਆ।
ਜ਼ਿਲ੍ਹੇ ਦੇ ਸਹਾਇਕ ਡਿਪਟੀ ਕਮਿਸ਼ਨਰ ਲਖਵਿੰਦਰ ਸਿੰਘ ਨਾਲ ਜਦੋਂ ਫੋਨ ਉੱਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਉਨ੍ਹਾਂ ਕਿਹਾ, ''ਅਸੀਂ ਜਾਂਚ ਕਰ ਰਹੇ ਹਾਂ। ਮਾਲ ਮਹਿਕਮੇ ਤੋਂ ਰਿਕਾਰਡ ਮੰਗਿਆ ਗਿਆ ਹੈ। ਹਾਲੇ ਸਾਨੂੰ ਪੂਰਾ ਰਿਕਾਰਡ ਨਹੀਂ ਮਿਲਿਆ।ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੱਕੇ ਤੌਰ ਉੱਤੇ ਕੁਝ ਕਿਹਾ ਜਾ ਸਕਦਾ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













