ਅਭਿਸ਼ੇਕ ਤੇ ਅਰਸ਼ਦੀਪ: ਇਨ੍ਹਾਂ ਪੰਜਾਬੀ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਸਦਕਾ ਭਾਰਤ ਨੇ ਦਿੱਤੀ ਇੰਗਲੈਂਡ ਨੂੰ ਮਾਤ

ਤਸਵੀਰ ਸਰੋਤ, Getty Images
- ਲੇਖਕ, ਮਨੋਜ ਚਤੁਰਵੇਦੀ
- ਰੋਲ, ਸੀਨੀਅਰ ਖੇਡ ਪੱਤਰਕਾਰ, ਬੀਬੀਸੀ ਹਿੰਦੀ ਲਈ
ਅਭਿਸ਼ੇਕ ਸ਼ਰਮਾ ਨੇ ਜਿਸ ਸ਼ਾਨਦਾਰ ਅੰਦਾਜ਼ ਨਾਲ ਬੱਲੇਬਾਜ਼ੀ ਕੀਤੀ, ਉਸ ਨੇ ਸਾਨੂੰ ਯੁਵਰਾਜ ਸਿੰਘ ਦੀ ਯਾਦ ਦਿਵਾ ਦਿੱਤੀ।
ਬੁੱਧਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਸ਼ੁਰੂ ਹੋਈ ਭਾਰਤ ਬਨਾਮ ਇੰਗਲੈਂਡ ਟੀ-20 ਸੀਰੀਜ਼ ਦੇ ਪਹਿਲੇ ਮੈਚ ਨੂੰ ਅਭਿਸ਼ੇਕ ਸ਼ਰਮਾ ਨੇ ਇੱਕ-ਤਰਫ਼ਾ ਬਣਾ ਦਿੱਤਾ।
ਇਸ ਮੈਚ ਵਿੱਚ ਭਾਰਤ ਨੇ 43 ਗੇਂਦਾਂ ਬਾਕੀ ਰਹਿੰਦਿਆਂ ਸੱਤ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ।
ਸਪਿਨ ਦੇ ਜਾਦੂਗਰ ਵਰੁਣ ਚੱਕਰਵਰਤੀ ਦੀ ਘਾਤਕ ਗੇਂਦਬਾਜ਼ੀ ਨੇ ਵੀ ਭਾਰਤ ਦੀ ਇਸ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਪਲੇਅਰ ਆਫ਼ ਦਿ ਮੈਚ ਬਣੇ।
ਭਾਰਤੀ ਪਾਰੀ ਦੀ ਸ਼ੁਰੂਆਤ ਵਿੱਚ, ਇੱਕ ਸਮੇਂ ਅਭਿਸ਼ੇਕ ਇੱਕ ਵਿਕਟ ਦੇ ਦੂਜੇ ਪਾਸੇ ਖੜ੍ਹੇ ਆਪਣੇ ਓਪਨਿੰਗ ਜੋੜੀਦਾਰ ਸੰਜੂ ਸੈਮਸਨ ਦੇ ਧਮਾਕੇਦਾਰ ਅੰਦਾਜ਼ ਨੂੰ ਦੇਖ ਰਹੇ ਸਨ। ਪਰ ਜਿਵੇਂ ਹੀ ਅਭਿਸ਼ੇਕ ਆਪ ਮੋਰਚੇ 'ਤੇ ਆਏ ਤਾਂ ਮੈਦਾਨ 'ਤੇ ਛਾ ਗਏ।
ਅਭਿਸ਼ੇਕ ਨੇ ਕਲੀਨ ਹਿਟਿੰਗ ਦਾ ਪ੍ਰਦਰਸ਼ਨ ਕਰਕੇ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਦਰਸ਼ਕਾਂ ਦੀਆਂ ਖੂਬ ਤਾੜੀਆਂ ਜਿੱਤੀਆਂ। ਉਨ੍ਹਾਂ ਨੇ 34 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਅੱਠ ਛੱਕਿਆਂ ਦੀ ਬਦੌਲਤ 79 ਦੌੜਾਂ ਬਣਾਈਆਂ। ਉਨ੍ਹਾਂ ਨੇ ਸਿਰਫ਼ 20 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਅਭਿਸ਼ੇਕ ਸ਼ਰਮਾ ਦੀ ਧਮਾਕੇਦਾਰ ਬੱਲੇਬਾਜ਼ੀ
ਜਿਸ ਤਰੀਕੇ ਨਾਲ ਅਭਿਸ਼ੇਕ ਕਰੀਜ਼ ਤੋਂ ਬਾਹਰ ਆ ਕੇ ਸਫਾਈ ਨਾਲ ਛੱਕੇ ਮਾਰਦੇ ਹਨ, ਉਸ ਤੋਂ ਉਨ੍ਹਾਂ ਵਿੱਚ ਅਭਿਸ਼ੇਕ ਦੇ ਗੁਰੂ ਯੁਵਰਾਜ ਸਿੰਘ ਦੀ ਝਲਕ ਨਜ਼ਰ ਆਉਂਦੀ ਹੈ।
ਜਦੋਂ ਉਹ 29 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ, ਤਾਂ ਆਦਿਲ ਰਾਸ਼ਿਦ ਨੇ ਆਪਣੇ ਪਹਿਲੇ ਓਵਰ ਵਿੱਚ ਇੱਕ ਰਿਟਰਨ ਕੈਚ ਛੱਡ ਦਿੱਤਾ। ਅਭਿਸ਼ੇਕ ਨੇ ਇਸਦਾ ਜਸ਼ਨ ਆਪਣੀਆਂ ਆਖਰੀ ਤਿੰਨ ਗੇਂਦਾਂ 'ਤੇ ਦੋ ਛੱਕੇ ਅਤੇ ਇੱਕ ਚੌਕਾ ਲਗਾ ਕੇ ਮਨਾਇਆ।
ਅਭਿਸ਼ੇਕ ਨੇ ਜੇਮੀ ਓਵਰਟਨ ਦੀ ਸ਼ਾਰਟ ਗੇਂਦ 'ਤੇ ਛੱਕਾ ਮਾਰ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੂੰ ਇਸ ਤੋਂ ਪਹਿਲਾਂ ਬੇਥਲ ਦੇ ਹੱਥੋਂ ਵੀ ਜੀਵਨਦਾਨ ਮਿਲਿਆ ਸੀ।

ਤਸਵੀਰ ਸਰੋਤ, Getty Images
ਅਭਿਸ਼ੇਕ ਨੇ ਆਪਣੇ ਕੋਚ ਅਤੇ ਕਪਤਾਨ ਨੂੰ ਦਿੱਤਾ ਸਿਹਰਾ
ਮੈਚ ਵਿੱਚ ਜੇਤੂ ਪਾਰੀ ਖੇਡਣ ਤੋਂ ਬਾਅਦ, ਅਭਿਸ਼ੇਕ ਸ਼ਰਮਾ ਨੇ ਕਿਹਾ, "ਮੈਂ ਸਿਰਫ਼ ਆਪਣਾ ਖੇਡ ਖੇਡਣਾ ਚਾਹੁੰਦਾ ਸੀ। ਇਸ ਦਾ ਸਿਹਰਾ ਕੋਚ ਅਤੇ ਕਪਤਾਨ ਨੂੰ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਮੈਨੂੰ ਖੁੱਲ੍ਹ ਕੇ ਖੇਡਣ ਦੀ ਆਜ਼ਾਦੀ ਦਿੱਤੀ। "
"ਇੱਕ ਨੌਜਵਾਨ ਖਿਡਾਰੀ ਲਈ ਕਪਤਾਨ ਅਤੇ ਕੋਚ ਦਾ ਸਮਰਥਨ ਬਹੁਤ ਮਹੱਤਵਪੂਰਨ ਹੁੰਦਾ ਹੈ। ਮੈਨੂੰ ਪਤਾ ਸੀ ਕਿ ਉਹ ਛੋਟੀਆਂ ਗੇਂਦਾਂ ਸੁੱਟ ਕੇ ਮੇਰਾ ਇਮਤਿਹਾਨ ਲੈਣ ਦੀ ਕੋਸ਼ਿਸ਼ ਕਰਨਗੇ, ਜਿਸਦਾ ਮੈਂ ਫਾਇਦਾ ਚੁੱਕਿਆ।"
ਉਨ੍ਹਾਂ ਕਿਹਾ ਕਿ ਸਾਨੂੰ 160-170 ਦੌੜਾਂ ਦੇ ਟੀਚੇ ਦੀ ਉਮੀਦ ਸੀ। ਪਰ ਸਾਡੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਇਸ ਕਰਕੇ ਟੀਚਾ 133 ਦੌੜਾਂ ਤੱਕ ਹੀ ਰਿਹਾ।
ਅਰਸ਼ਦੀਪ ਦੇ ਨਾਮ ਸਭ ਤੋਂ ਵੱਧ ਵਿਕਟਾਂ

ਤਸਵੀਰ ਸਰੋਤ, Getty Images
ਇਸ ਮੈਚ ਵਿੱਚ ਦੋ ਵਿਕਟਾਂ ਲੈ ਕੇ, ਅਰਸ਼ਦੀਪ ਸਿੰਘ ਟੀ-20 ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ।
ਉਨ੍ਹਾਂ ਨੇ ਬੇਨ ਡਕੇਟ ਦੀ ਵਿਕਟ ਲੈ ਕੇ ਯੁਜਵੇਂਦਰ ਚਾਹਲ ਦੇ 96 ਵਿਕਟਾਂ ਦੇ ਰਿਕਾਰਡ ਨੂੰ ਤੋੜ ਦਿੱਤਾ। ਹੁਣ ਉਨ੍ਹਾਂ ਦੇ ਨਾਮ 97 ਵਿਕਟਾਂ ਹਨ।
ਜਦੋਂ ਕੁਮੈਂਟੇਟਰ ਸੁਰੇਸ਼ ਰੈਨਾ ਨੇ ਅਰਸ਼ਦੀਪ ਸਿੰਘ ਨੂੰ ਪੁੱਛਿਆ ਕਿ ਕੀ ਉਹ ਚੇੱਨਈ ਵਿੱਚ ਖੇਡੇ ਜਾਣ ਵਾਲੇ ਦੂਜੇ ਟੀ-20 ਮੈਚ ਵਿੱਚ ਵਿਕਟਾਂ ਦਾ ਆਪਣਾ ਸੈਂਕੜਾ ਪੂਰਾ ਕਰਨ ਜਾ ਰਹੇ ਹਨ, ਤਾਂ ਉਨ੍ਹਾਂ ਕਿਹਾ ਕਿ ਚੇੱਨਈ ਦੀ ਵਿਕਟ ਦੇਖਣ ਤੋਂ ਬਾਅਦ ਹੀ ਸਹੀ ਸਥਿਤੀ ਪਤਾ ਲੱਗੇਗੀ।
ਅਰਸ਼ਦੀਪ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਉਨ੍ਹਾਂ ਕੋਲ ਸ਼ੁਰੂਆਤੀ ਓਵਰਾਂ ਵਿੱਚ ਹੀ ਟੀਮ ਨੂੰ ਸਫਲਤਾ ਦਿਵਾਉਣ ਦੀ ਸਮਰੱਥਾ ਹੈ।
ਉਨ੍ਹਾਂ ਨੇ ਇੰਗਲੈਂਡ ਦਾ ਸਕੋਰ 17 ਦੌੜਾਂ 'ਤੇ ਪਹੁੰਚਦਿਆਂ ਹੀ ਫਿਲ ਸਾਲਟ ਅਤੇ ਬੇਨ ਡਕੇਟ ਦੀਆਂ ਵਿਕਟਾਂ ਲਈਆਂ ਅਤੇ ਇੰਗਲੈਂਡ ਨੂੰ ਬੈਕਫੁੱਟ 'ਤੇ ਪਾ ਦਿੱਤਾ। ਇਨ੍ਹਾਂ ਦੋ ਵਿਕਟਾਂ ਦੇ ਡਿੱਗਣ ਤੋਂ ਬਾਅਦ ਮਹਿਮਾਨ ਟੀਮ ਪੂਰੇ ਮੈਚ ਦੌਰਾਨ ਇਸ ਦਬਾਅ ਤੋਂ ਬਾਹਰ ਨਹੀਂ ਨਿਕਲ ਸਕੀ।
ਸੰਜੂ ਵੀ ਦਬਾਅ ਬਣਾਉਣ ਵਿੱਚ ਕਾਮਯਾਬ ਰਹੇ

ਤਸਵੀਰ ਸਰੋਤ, Getty Images
ਸੰਜੂ ਸੈਮਸਨ ਨੇ ਜੋਫਰਾ ਆਰਚਰ ਦੇ ਪਹਿਲੇ ਓਵਰ ਵਿੱਚ ਸਿਰਫ਼ ਇੱਕ ਦੌੜ ਬਣਾਈ। ਪਰ ਗਸ ਐਟਕਿੰਸਨ ਦੇ ਓਵਰ ਵਿੱਚ ਉਨ੍ਹਾਂ ਨੇ ਚਾਰ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 22 ਦੌੜਾਂ ਬਣਾ ਕੇ ਦਿਖਾ ਦਿੱਤਾ ਕਿ ਉਹ ਕਿਹੋ ਜਿਹੇ ਬੱਲੇਬਾਜ਼ ਹਨ।
ਹਾਲਾਂਕਿ ਸੰਜੂ ਆਪਣੀ ਇਸ ਸ਼ਾਨਦਾਰ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕੇ। ਉਹ 20 ਗੇਂਦਾਂ ਵਿੱਚ ਚਾਰ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 26 ਦੌੜਾਂ ਬਣਾਉਣ ਤੋਂ ਬਾਅਦ ਜੋਫਰਾ ਆਰਚਰ ਦੇ ਹੱਥੋਂ ਕੈਚ ਆਊਟ ਹੋ ਗਏ।
ਸੰਜੂ ਭਾਵੇਂ ਆਪਣੀ ਪਾਰੀ ਨੂੰ ਜ਼ਿਆਦਾ ਨਹੀਂ ਖਿੱਚ ਸਕੇ, ਪਰ ਉਹ ਆਊਟ ਹੋਣ ਤੋਂ ਪਹਿਲਾਂ ਇੰਗਲੈਂਡ ਦੇ ਗੇਂਦਬਾਜ਼ਾਂ 'ਤੇ ਦਬਾਅ ਬਣਾਉਣ ਵਿੱਚ ਸਫਲ ਜ਼ਰੂਰ ਰਹੇ। ਉਂਝ ਵੀ ਭਾਰਤੀ ਟੀਮ ਵਿਕਟਾਂ ਗੁਆਉਣ ਤੋਂ ਬਾਅਦ ਵੀ ਜੋਸ਼ ਨਾਲ ਆਪਣਾ ਖੇਡ ਜਾਰੀ ਰੱਖਦੀ ਹੈ ਅਤੇ ਇਹ ਅੰਦਾਜ਼ ਇਸ ਮੈਚ ਵਿੱਚ ਵੀ ਦੇਖਣ ਨੂੰ ਮਿਲਿਆ।
ਵਰੁਣ ਦੀ ਫਿਰਕੀ ਨੇ ਘੁੰਮਾਈ ਇੰਗਲੈਂਡ ਦੀ ਟੀਮ

ਤਸਵੀਰ ਸਰੋਤ, Getty Images
ਇੰਗਲੈਂਡ ਦੀਆਂ ਦੋ ਵਿਕਟਾਂ ਜਲਦੀ ਡਿੱਗਣ ਤੋਂ ਬਾਅਦ, ਕਪਤਾਨ ਜੋਸ ਬਟਲਰ ਅਤੇ ਹੈਰੀ ਬਰੁਕ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ।
ਉਹ 48 ਦੌੜਾਂ ਦੀ ਸਾਂਝੇਦਾਰੀ ਕਰਕੇ ਆਪਣੇ ਇਰਾਦਿਆਂ ਵਿੱਚ ਸਫਲ ਹੁੰਦੇ ਵੀ ਜਾਪ ਰਹੇ ਸਨ। ਪਰ ਵਰੁਣ ਚੱਕਰਵਰਤੀ ਨੇ ਹੈਰੀ ਬਰੁਕ ਅਤੇ ਲੀਅਮ ਲਿਵਿੰਗਸਟੋਨ ਦੀਆਂ ਵਿਕਟਾਂ ਲੈ ਕੇ ਇੰਗਲੈਂਡ ਦੀ ਪਾਰੀ ਨੂੰ ਮੁੜ ਲੀਹੋਂ ਲਾਹ ਦਿੱਤਾ।
ਜੋਸ ਬਟਲਰ ਦੀ ਵਿਕਟ ਵਰੁਣ ਚੱਕਰਵਰਤੀ ਨੇ ਅਜਿਹੇ ਸਮੇਂ ਲਈ ਜਦੋਂ ਇੰਗਲੈਂਡ ਆਪਣੀ ਪਾਰੀ ਨੂੰ ਗਤੀ ਦੇ ਕੇ ਟੀਚੇ ਨੂੰ 160-170 ਦੌੜਾਂ ਤੱਕ ਪਹੁੰਚ ਸਕਦਾ ਸੀ।
ਪਲੇਅਰ ਆਫ਼ ਦਿ ਮੈਚ ਬਣੇ ਵਰੁਣ ਨੇ ਕਿਹਾ, "ਮੈਂ ਆਈਪੀਐਲ ਵਿੱਚ ਇਨ੍ਹਾਂ ਵਿਕਟਾਂ 'ਤੇ ਖੇਡਿਆ ਹਾਂ। ਇਸ ਲਈ ਮੈਨੂੰ ਪਤਾ ਸੀ ਕਿ ਤੇਜ਼ ਗੇਂਦਬਾਜ਼ਾਂ ਨੂੰ ਇਸ ਵਿਕਟ 'ਤੇ ਵਧੇਰੇ ਮਦਦ ਮਿਲੇਗੀ।"
"ਇਸ ਲਈ ਮੈਂ ਗੇਂਦ ਨੂੰ ਬੱਲੇਬਾਜ਼ਾਂ ਦੇ ਪਾਲੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। ਇੱਕ ਗੇਂਦਬਾਜ਼ ਹੋਣ ਦੇ ਨਾਤੇ ਮੈਂ ਅਜੇ ਵੀ ਆਪਣੇ ਆਪ ਨੂੰ 10 ਵਿੱਚੋਂ 7 ਨੰਬਰ ਹੀ ਦਿਆਂਗਾ।"
ਜੋਸ ਬਟਲਰ ਨੂੰ ਨਹੀਂ ਮਿਲਿਆ ਸਾਥ

ਤਸਵੀਰ ਸਰੋਤ, Getty Images
ਜੋਸ ਬਟਲਰ ਨੂੰ ਕੋਲਕਾਤਾ ਦਾ ਇਹ ਮੈਦਾਨ ਬਹੁਤ ਰਾਸ ਆਉਂਦਾ ਹੈ ਅਤੇ ਉਹ ਇੱਥੇ ਸੈਂਕੜਾ ਵੀ ਜੜ੍ਹ ਚੁੱਕੇ ਹਨ। ਉਨ੍ਹਾਂ ਨੇ ਹਾਰਦਿਕ ਪਾਂਡਯਾ ਦੁਆਰਾ ਸੁੱਟੇ ਗਏ ਦੂਜੇ ਓਵਰ ਵਿੱਚ ਚਾਰ ਚੌਕੇ ਲਗਾ ਕੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਸਨ।
ਇੱਕ ਪਾਸੇ, ਜੋਸ ਬਟਲਰ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਅਤੇ ਸਕੋਰ ਲਗਾਤਾਰ ਵੱਧ ਰਿਹਾ ਸੀ। ਦੂਜੇ ਪਾਸੇ, ਲਗਾਤਾਰ ਵਿਕਟਾਂ ਦਾ ਨੁਕਸਾਨ ਉਨ੍ਹਾਂ 'ਤੇ ਦਬਾਅ ਵੀ ਬਣਾ ਰਿਹਾ ਸੀ। ਜੇਕਰ ਉਨ੍ਹਾਂ ਨੂੰ ਇੱਕ ਜਾਂ ਦੋ ਬੱਲੇਬਾਜ਼ਾਂ ਦਾ ਸਹੀ ਸਾਥ ਮਿਲ ਜਾਂਦਾ, ਤਾਂ ਸਕੋਰ ਲੜਨ ਲਾਇਕ ਹੋ ਸਕਦਾ ਸੀ।
ਬਟਲਰ ਨੇ 44 ਗੇਂਦਾਂ ਵਿੱਚ ਅੱਠ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ। ਉਨ੍ਹਾਂ ਨੇ 150 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਪਰ ਉਹ ਅਜਿਹੇ ਸਮੇਂ ਆਊਟ ਹੋਏ ਜਦੋਂ ਉਨ੍ਹਾਂ ਨੇ ਚੌਕੇ ਅਤੇ ਛੱਕੇ ਲਗਾ ਕੇ ਟੀਮ ਨੂੰ ਮਜ਼ਬੂਤੀ ਵੱਲ ਲੈ ਜਾਣਾ ਸੀ।
ਮੁਹੰਮਦ ਸ਼ਮੀ ਨਹੀਂ ਦਿਖੇ ਐਕਸ਼ਨ ਵਿੱਚ

ਤਸਵੀਰ ਸਰੋਤ, Getty Images
ਇਸ ਮੈਚ ਵਿੱਚ ਮੁਹੰਮਦ ਸ਼ਮੀ ਦੇ ਲੰਬੇ ਸਮੇਂ ਬਾਅਦ ਵਾਪਸੀ ਕਰਨ ਦੀ ਉਮੀਦ ਸੀ।
2023 ਵਿੱਚ ਆਈਸੀਸੀ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਖੇਡਣ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਵਾਰ ਐਕਸ਼ਨ ਵਿੱਚ ਦੇਖਿਆ ਜਾਣਾ ਸੀ। ਪਰ ਭਾਰਤੀ ਕੋਚ ਗੌਤਮ ਗੰਭੀਰ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਅਰਸ਼ਦੀਪ ਨੂੰ ਸਟ੍ਰਾਈਕ ਗੇਂਦਬਾਜ਼ ਵਜੋਂ ਖਿਡਾਉਣ ਦਾ ਫੈਸਲਾ ਕੀਤਾ।
ਹੁਣ, ਮੁਹੰਮਦ ਸ਼ਮੀ ਨੂੰ ਚੇੱਨਈ ਵਿੱਚ ਵਾਪਸੀ ਦਾ ਇੰਤਜ਼ਾਰ ਕਰਨਾ ਪਵੇਗਾ।
ਹਾਲਾਂਕਿ, ਪਲੇਇੰਗ ਇਲੈਵਨ ਦਾ ਫੈਸਲਾ ਵਿਕਟ ਦੀ ਸਥਿਤੀ ਨੂੰ ਦੇਖ ਕੇ ਕੀਤਾ ਜਾਂਦਾ ਹੈ। ਪਰ ਇਹ ਦੇਖਦੇ ਹੋਏ ਕਿ ਜੇਤੂ ਗਿਆਰਾਂ ਵਿੱਚ ਆਮ ਤੌਰ 'ਤੇ ਬਹੁਤ ਘੱਟ ਬਦਲਾਅ ਹੁੰਦੇ ਹਨ, ਸ਼ਮੀ ਨੂੰ ਐਕਸ਼ਨ ਵਿੱਚ ਦੇਖਣ ਲਈ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












