ਅਰਸ਼ਦੀਪ ਸਿੰਘ ਨੂੰ ਪੰਜਾਬ ਕਿੰਗਜ਼ ਨੇ 18 ਕਰੋੜ ’ਚ ਖਰੀਦਿਆ, ਜਾਣੋ 2 ਸਾਲ ਵਿੱਚ ਉਹ ਕਿਵੇਂ ਬਣੇ ਭਾਰਤੀ ਕ੍ਰਿਕਟ ਟੀਮ ਲਈ ਖ਼ਾਸ

- ਲੇਖਕ, ਹਰਪਿੰਦਰ ਸਿੰਘ ਟੌਹੜਾ
- ਰੋਲ, ਬੀਬੀਸੀ ਪੱਤਰਕਾਰ
4 ਸਤੰਬਰ 2022 ਦਾ ਦਿਨ ਸੀ ਜਦੋਂ ਭਾਰਤੀ ਕ੍ਰਿਕਟ ਟੀਮ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਦੁਬਈ ‘ਚ ਖੇਡੇ ਗਏ ਏਸ਼ੀਆ ਕੱਪ ਵਿੱਚ ਸੁਪਰ ਦੇ 4 ਮੁਕਾਬਲੇ ’ਚ ਅਰਸ਼ਦੀਪ ਸਿੰਘ ਤੋਂ ਪਾਕਿਸਤਾਨ ਦੇ ਬੱਲੇਬਾਜ਼ ਆਸਿਫ ਅਲੀ ਦਾ 18ਵੇਂ ਓਵਰ ਦੀ ਤੀਜੀ ਗੇਂਦ ’ਤੇ ਕੈਚ ਛੁਟ ਗਿਆ ਸੀ।
ਕੈਚ ਛੁੱਟ ਜਾਣ ’ਤੇ ਕਪਤਾਨ ਰੋਹਿਤ ਸ਼ਰਮਾ ਵੀ ਕਾਫ਼ੀ ਗੁੱਸੇ ਦਿਖਾਈ ਦਿੱਤੇ ਸਨ। ਇਸ ਤੋਂ ਬਾਅਦ ਭਾਰਤ ਮੈਚ ਹਾਰ ਗਿਆ ਸੀ। ਸੋਸ਼ਲ ਮੀਡੀਆ ਤੇ ਅਰਸ਼ਦੀਪ ਨੂੰ ਮੈਚ ਦਾ ਮੁਲਜ਼ਮ ਮੰਨਿਆ ਗਿਆ ਅਤੇ ਕ੍ਰਿਕਟ ਪ੍ਰਸ਼ੰਸਕਾਂ ਨੇ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਸਨ।
ਇੱਥੋਂ ਤੱਕ ਕਿ ਅਰਸ਼ਦੀਪ ਨੂੰ ਖ਼ਾਲਿਸਤਾਨੀ ਤੱਕ ਦੱਸਿਆ ਗਿਆ।
ਪਰ ਉਹ ਦਿਨ ਅਤੇ ਅੱਜ ਦਾ ਦਿਨ ਦੇਖੋ ਤਾਂ ਅਰਸ਼ਦੀਪ ਬੁਲੰਦੀਆਂ ’ਤੇ ਪਹੁੰਚ ਚੁੱਕੇ ਹਨ। ਆਈਪੀਐੱਲ ਵਿੱਚ ਇੱਕ ਵਾਰ ਫਿਰ ਅਰਸ਼ਦੀਪ ਨੂੰ ਪੰਜਾਬ ਕਿੰਗਜ਼ ਨੇ ਖਰੀਦ ਲਿਆ ਹੈ।
ਦਰਅਸਲ, ਸੰਨਰਾਈਜ਼ਰ ਹੈਦਰਾਬਾਦ ਨੇ ਅਰਸ਼ਦੀਪ ਲਈ 18 ਕਰੋੜ ਰੁਪਏ ਦੀ ਬੋਲੀ ਲਗਾਈ ਸੀ ਪਰ ਪੰਜਾਬ ਨੇ ਆਰਟੀਐੱਮ (ਰਾਈਟ ਟੂ ਮੈਚ) ਦਾ ਇਸਤੇਮਾਲ ਕਰ ਕੇ 18 ਕਰੋੜ ਰੁਪਏ ਵਿੱਚ ਖਰੀਦ ਲਿਆ।
ਇਹ ਨਿਯਮ ਆਈਪੀਐੱਲ ਵਿੱਚ ਪਹਿਲੀ ਬਾਰ 2017 ਵਿੱਚ ਲਾਗੂ ਹੋਇਆ ਸੀ। ਇਸ ਦਾ ਪੂਰਾ ਨਾਮ ਰਾਈਟ ਟੂ ਮੈਚ ਹੈ। 2022 ਵਿੱਚ ਇਹ ਨਿਯਮ ਹਟਾ ਦਿੱਤਾ ਸੀ। ਇਹ ਨਿਯਮ ਫ੍ਰੈਂਚਾਇਜ਼ੀ ਨੂੰ ਉਸ ਖਿਡਾਰੀ ਨੂੰ ਵਾਪਸ ਖਰੀਦਣ ਦਾ ਮੌਕਾ ਦਿੰਦਾ ਹੈ ਜੋ ਪਿਛਲੇ ਸੀਜ਼ਨ ਵਿੱਚ ਉਸੇ ਟੀਮ ਦਾ ਹਿੱਸਾ ਸੀ।
ਸ਼ਾਇਦ ਹੀ ਅੱਜ ਕੋਈ ਹੋਵੇ ਜੋ ਅਰਸ਼ਦੀਪ ਦੀ ਗੇਂਦਬਾਜੀ ਦੀ ਤਾਰੀਫ਼ ਨਾ ਕਰਦਾ ਹੋਵੇ। ਅਰਸ਼ਦੀਪ ਸਿੰਘ ਨੇ ਜੁਲਾਈ 2022 ਵਿੱਚ ਇੰਟਰਨੈਸ਼ਨਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਟੀ-20 ਵਿੱਚ 2 ਸਾਲਾਂ ਦੇ ਖੇਡ ਜੀਵਨ ਵਿੱਚ ਹੀ ਅਰਸ਼ਦੀਪ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਕਈ ਦਿੱਗਜ ਗੇਂਦਬਾਜ਼ਾਂ ਨੂੰ ਪਿੱਛੇ ਛੱਡ ਚੁੱਕੇ ਹਨ ਤੇ ਕਈ ਰਿਕਾਰਡ ਵੀ ਆਪਣੇ ਨਾਮ ਕਰ ਚੁੱਕੇ ਹਨ।
ਮਹਿਜ਼ 25 ਸਾਲ ਦੇ ਅਰਸ਼ਦੀਪ ਸਿੰਘ ਕਿਵੇਂ ਦੋ ਸਾਲਾਂ ਵਿੱਚ ਬੁਲੰਦੀਆਂ ’ਤੇ ਪਹੁੰਚੇ, ਇਹ ਸਭ ਇਸ ਰਿਪੋਰਟ ਵਿੱਚ ਵਿਸਥਾਰ ਨਾਲ ਦੱਸਾਂਗੇ।

ਅਰਸ਼ਦੀਪ ਸਿੰਘ ਦਾ ਇੰਟਰਨੈਸ਼ਨਲ ਡੈਬਿਊ
7 ਜੁਲਾਈ 2022 ਨੂੰ ਅਰਸ਼ਦੀਪ ਸਿੰਘ ਨੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਇੰਗਲੈਂਡ ਦੇ ਖ਼ਿਲਾਫ਼ ਕੀਤੀ ਸੀ। ਪਹਿਲੇ ਹੀ ਮੈਚ ਵਿੱਚ ਅਰਸ਼ਦੀਪ ਸਿੰਘ ਨੇ ਆਪਣੀ ਗੇਂਦਬਾਜ਼ੀ ਨਾਲ ਸਭ ਨੂੰ ਪ੍ਰਭਾਵਿਤ ਕਰ ਦਿੱਤਾ ਸੀ।
ਅਰਸ਼ਦੀਪ ਨੇ ਆਪਣੇ ਕਰੀਅਰ ਦਾ ਪਹਿਲੀ ਹੀ ਓਵਰ ਮੇਡਿਨ (ਬਿਨਾਂ ਕੋਈ ਰਨ ਦਿੱਤੇ) ਕੀਤਾ ਸੀ। ਅਰਸ਼ਦੀਪ ਝੂਲਨ ਗੋਸਵਾਮੀ ਅਤੇ ਅਜੀਤ ਅਗਰਕਰ ਤੋਂ ਬਾਅਦ ਤੀਜੇ ਭਾਰਤੀ ਬਣੇ ਸਨ, ਜਿਨ੍ਹਾਂ ਨੇ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ ਮੇਡਨ ਓਵਰ ਨਾਲ ਕੀਤੀ ਹੋਵੇ।
ਇਸ ਮੈਚ ਵਿੱਚ ਅਰਸ਼ਦੀਪ ਨੇ ਦੋ ਵਿਕਟਾਂ ਵੀ ਹਾਸਿਲ ਕੀਤੀਆਂ ਸਨ। ਇਸ ਤੋਂ ਬਾਅਦ ਅਰਸ਼ਦੀਪ ਨੂੰ ਵੈਸਟਇੰਡੀਜ਼ ਦੇ ਖ਼ਿਲਾਫ਼ ਟੀ-20 ਸੀਰੀਜ਼ ਵਿੱਚ ਮੌਕਾ ਦਿੱਤਾ ਗਿਆ।
ਇਸ ਸੀਰੀਜ਼ ਵਿੱਚ ਅਰਸ਼ਦੀਪ ਉਮੀਦਾਂ ʼਤੇ ਖਰੇ ਉਤਰੇ। ਉਨ੍ਹਾਂ ਨੇ 5 ਮੈਚਾਂ ਵਿੱਚ 7 ਵਿਕਟਾਂ ਹਾਸਿਲ ਕੀਤੀਆਂ ਤੇ ਉਨ੍ਹਾਂ ਨੂੰ ਮੈਨ ਆਫ ਦਾ ਸੀਰੀਜ਼ ਵੀ ਚੁਣਿਆ ਗਿਆ। ਇਸੇ ਪ੍ਰਦਰਸ਼ਨ ਦੀ ਬਦੌਲਤ ਅਰਸ਼ਦੀਪ ਨੂੰ ਦੁਬਈ ਵਿਖੇ ਹੋਣ ਵਾਲੇ ਵੱਡੇ ਟੂਰਨਾਮੈਂਟ ਏਸ਼ੀਆ ਕੱਪ ਵਿੱਚ ਵੀ ਚੁਣਿਆ ਗਿਆ।
ਏਸ਼ੀਆ ਕੱਪ ਦੇ 5 ਮੈਚਾਂ ’ਚ ਅਰਸ਼ਦੀਪ 11 ਵਿਕਟਾਂ ਹਾਸਿਲ ਕਰ ਸਲੈਕਟਰਾਂ ਦੀਆਂ ਉਮੀਦਾਂ 'ਤੇ ਖਰਾ ਉਤਰੇ।
ਅਰਸ਼ਦੀਪ ਨੇ ਟੀਮ ਨੂੰ ਜਸਪ੍ਰੀਤ ਬੁਮਰਾਹ ਦੀ ਗ਼ੈਰ-ਮੌਜ਼ੂਦਗੀ ਦਾ ਅਹਿਸਾਸ ਵੀ ਨਹੀਂ ਹੋਣ ਦਿੱਤਾ ਕਿਉਂਕਿ ਅਰਸ਼ਦੀਪ ਨੇ ਡੈੱਥ ਓਵਰਾਂ ਵਿੱਚ ਲਾਜਵਾਬ ਪ੍ਰਦਰਸ਼ਨ ਕਰ ਖ਼ੁਦ ਵੀ ਸਾਬਿਤ ਕੀਤਾ ਕਿ ਉਨ੍ਹਾਂ ਦੀ ਖ਼ਾਸੀਅਤ ਕੀ ਹੈ।

ਤਸਵੀਰ ਸਰੋਤ, Getty Images
ਅਰਸ਼ਦੀਪ ਸਿੰਘ ਦੇ ਨਾਮ ਖ਼ਾਸ ਉਪਲਬਧੀ
ਪੰਜਾਬ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ 25 ਸਾਲ ਦੀ ਉਮਰ ਵਿੱਚ ਆਪਣੀ ਗੇਂਦਬਾਜ਼ੀ ਨਾਲ ਉਹ ਕਮਾਲ ਕਰ ਚੁੱਕੇ ਹਨ ਜੋ ਬਹੁਤ ਘੱਟ ਖਿਡਾਰੀਆਂ ਦੇ ਹਿੱਸੇ ਆਉਂਦਾ ਹੈ।
ਅਰਸ਼ਦੀਪ ਸਿੰਘ ਨੇ ਟੀ-20 ਕਰੀਅਰ ਵਿੱਚ ਹੁਣ ਤੱਕ 60 ਇੰਟਰਨੈਸ਼ਨਲ ਮੈਚ ਖੇਡੇ ਹਨ। ਇਨ੍ਹਾਂ 60 ਮੁਕਾਬਲਿਆਂ ਵਿੱਚ ਅਰਸ਼ਦੀਪ 95 ਵਿਕਟਾਂ ਹਾਸਲ ਕਰ ਚੁੱਕੇ ਹਨ।
ਅਰਸ਼ਦੀਪ ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਹਾਸਿਲ ਕਰਨ ਵਾਲੇ ਤੇਜ਼ ਗੇਂਦਬਾਜ਼ ਬਣ ਚੁੱਕੇ ਹਨ।
ਹਾਲਾਂਕਿ ਭਾਰਤ ਵੱਲੋਂ ਹੁਣ ਤੱਕ ਸਭ ਤੋਂ ਵੱਧ ਵਿਕਟਾਂ ਟੀ-20 ਕ੍ਰਿਕਟ ਵਿੱਚ ਸਪਿੰਨਰ ਯੁਜਵਿੰਦਰ ਚਹਿਲ ਨੇ ਲਈਆਂ ਹਨ ਜਿਨ੍ਹਾਂ ਦੇ ਖਾਤੇ ਵਿੱਚ 96 ਵਿਕਟਾਂ ਹਨ।
ਜਿਸ ਤਰ੍ਹਾਂ ਦਾ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਜਲਦ ਹੀ ਚਹਿਲ ਦਾ ਰਿਕਾਰਡ ਤੋੜ ਦੇਣਗੇ।
ਇਸ ਤੋਂ ਇਲਾਵਾ ਅਰਸ਼ਦੀਪ ਨੂੰ ਇਕ ਰੋਜ਼ਾ ਕ੍ਰਿਕਟ ਵਿੱਚ ਅਜੇ ਤੱਕ 8 ਮੈਚ ਖੇਡਣ ਦਾ ਮੌਕਾ ਮਿਲਿਆ ਹੈ। ਇਨ੍ਹਾਂ 8 ਮੈਚਾਂ ਵਿਚ ਅਰਸ਼ਦੀਪ ਨੇ 12 ਵਿਕਟਾਂ ਹਾਸਿਲ ਕੀਤੀਆਂ ਹਨ।
ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੂੰ ਛੱਡਿਆ ਪਿੱਛੇ
ਨਵੰਬਰ ਮਹੀਨੇ ਹੀ ਸਾਊਥ ਅਫਰੀਕਾ ਖ਼ਿਲਾਫ਼ ਖੇਡੀ ਗਈ ਸੀਰੀਜ਼ ਵਿੱਚ ਅਰਸ਼ਦੀਪ ਨੇ ਭਾਰਤ ਦੇ ਦਿੱਗਜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੂੰ ਪਿੱਛੇ ਛੱਡ ਇਤਿਹਾਸ ਰਚਿਆ ਸੀ।
ਜਸਪ੍ਰੀਤ ਬੁਮਰਾਹ ਨੇ 70 ਟੀ-20 ਮੈਚਾਂ ਵਿੱਚ 89 ਵਿਕਟਾਂ ਹਾਸਿਲ ਕੀਤੀਆਂ ਸਨ ਜਦਕਿ ਭੁਵਨੇਸ਼ਵਰ ਕੁਮਾਰ ਨੇ 87 ਮੈਚਾਂ ਵਿੱਚ 90 ਵਿਕਟਾਂ ਲਈਆਂ ਸਨ।

ਤਸਵੀਰ ਸਰੋਤ, Getty Images/BBC
ਅਰਸ਼ਦੀਪ ਸਿੰਘ ਦੇ ਰਿਕਾਰਡ
ਆਪਣੇ ਦੋ ਸਾਲਾਂ ਦੇ ਇੰਟਰਨੈਸ਼ਨਲ ਕਰੀਅਰ ਦੌਰਾਨ ਅਰਸ਼ਦੀਪ ਸਿੰਘ 2 ਟੀ-20 ਵਿਸ਼ਵ ਕੱਪ ਖੇਡ ਚੁੱਕੇ ਹਨ। ਇਸ ਤੋਂ ਇਲਾਵਾ ਇਕ ਵਾਰ ਏਸ਼ੀਆ ਕੱਪ ਵਿੱਚ ਵੀ ਹਿੱਸਾ ਲੈ ਚੁੱਕੇ ਹਨ।
ਇਨ੍ਹਾਂ ਵੱਡੇ ਟੂਰਨਾਮੈਂਟ ਵਿੱਚ ਅਰਸ਼ਦੀਪ ਨੇ ਮਿਲੇ ਮੌਕਿਆਂ ਤੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤਿਆ ਹੈ। ਅਰਸ਼ਦੀਪ ਡੈਥ ਓਵਰਾਂ ਵਿੱਚ ਯਾਰਕਰ ਗੇਂਦਾਂ ਕਰਨ ਵਿੱਚ ਮੁਹਾਰਤ ਰੱਖਦੇ ਹਨ।
ਅਰਸ਼ਦੀਪ ਨੇ ਇਨ੍ਹਾਂ ਵੱਡੇ ਟੂਰਨਾਮੈਂਟਾਂ ਵਿੱਚ ਆਖਿਰ ਦੇ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰ ਭਾਰਤ ਨੂੰ ਮੈਚ ਜਿਤਾਉਣ ਵਿੱਚ ਅਹਿਮ ਯੋਗਦਾਨ ਦਿੱਤਾ ਹੈ।
ਵੈਸਟਇੰਡੀਜ਼ ਵਿਖੇ ਹੋਏ ਟੀ-20 ਵਿਸ਼ਵ ਕੱਪ ਵਿੱਚ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜੀ ਨਾਲ ਭਾਰਤ ਨੂੰ ਕਈ ਮੈਚਾਂ ਵਿੱਚ ਜਿੱਤ ਦਿਵਾਉਣ 'ਚ ਭੂਮਿਕਾ ਨਿਭਾਈ ਸੀ।
- 2024 ਵਿੱਚ ਵੈਸਟਇੰਡੀਜ਼ ਵਿਖੇ ਖੇਡੇ ਗਏ ਟੀ-20 ਵਿਸ਼ਵ ਕੱਪ ’ਚ ਅਰਸ਼ਦੀਪ ਨੇ ਭਾਰਤ ਵੱਲੋਂ ਸਭ ਤੋਂ ਵੱਧ 17 ਵਿਕਟਾਂ ਹਾਸਿਲ ਕੀਤੀਆਂ ਸਨ।
- 2022 ਦੇ ਟੀ-20 ਵਿਸ਼ਵ ਕੱਪ ’ਚ ਵੀ ਅਰਸ਼ਦੀਪ ਨੇ ਭਾਰਤ ਵੱਲੋਂ ਸਭ ਤੋਂ ਵੱਧ 10 ਵਿਕਟਾਂ ਝਟਕਾਈਆਂ ਸਨ।
- 2022 ਵਿੱਚ ਏਸ਼ੀਆ ਕੱਪ ਦੇ 5 ਮੈਚਾਂ ਵਿੱਚ ਅਰਸ਼ਦੀਪ 11 ਵਿਕਟਾਂ ਹਾਸਿਲ ਕਰਨ ਵਾਚ ਕਾਮਯਾਬ ਰਹੇ ਸਨ।
- ਸਾਲ 2024 ਵਿੱਚ ਅਰਸ਼ਦੀਪ 18 ਮੈਚਾਂ ਵਿੱਚ 36 ਵਿਕਟਾਂ ਹਾਸਿਲ ਕਰ ਚੁੱਕੇ ਹਨ। ਇਸ ਸਾਲ ਟੀ-20 ਕ੍ਰਿਕਟ ਵਿੱਚ ਸਭ ਤੋਂ ਵਿਕਟਾਂ ਹਾਸਿਲ ਕਰਨ ਦਾ ਰਿਕਾਰਡ ਅਜੇ ਤੱਕ ਅਰਸ਼ਦੀਪ ਦੇ ਨਾਮ ਹੈ।
- ਸਾਲ 2018 ਵਿੱਚ ਅੰਡਰ 19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਅਰਸ਼ਦੀਪ ਹਿੱਸਾ ਸਨ।
- ਅਰਸ਼ਦੀਪ ਭਾਰਤੀ ਅੰਡਰ 23 ਟੀਮ ਦਾ ਵੀ ਰਹਿ ਚੁੱਕੇ ਹਨ ਹਿੱਸਾ।

ਅਰਸ਼ਦੀਪ ਦਾ ਆਈਪੀਐੱਲ ਵਿੱਚ ਪ੍ਰਦਰਸ਼ਨ
ਅਰਸ਼ਦੀਪ ਦੀ ਆਈਪੀਐੱਲ ਵਿੱਚ ਐਂਟਰੀ 2019 ਵਿੱਚ ਹੋਈ ਸੀ। ਅਰਸ਼ਦੀਪ ਨੂੰ ਪੰਜਾਬ ਕਿੰਗਜ਼ ਨੇ ਬੇਸ ਪ੍ਰਾਈਜ਼ 20 ਲੱਖ ਰੁਪਏ ਵਿੱਚ ਪਹਿਲੀ ਵਾਰ ਖਰੀਦਿਆ ਸੀ।
ਸ਼ੁਰੂਆਤ ਦੇ ਤਿੰਨ ਸਾਲ ਅਰਸ਼ਦੀਪ ਸਿੰਘ ਬੇਸ ਪ੍ਰਾਈਜ਼ ‘ਤੇ ਹੀ ਖੇਡਦੇ ਰਹੇ। ਪਹਿਲੀ ਸੀਜ਼ਨ ਵਿੱਚ ਅਰਸ਼ਦੀਪ ਨੂੰ ਕੇਵਲ 3 ਮੈਚਾਂ ਵਿੱਚ ਹੀ ਖੇਡਣ ਦਾ ਮੌਕਾ ਮਿਲਿਆ ਸੀ।
ਹੁਣ ਤੱਕ ਆਈਪੀਐੱਲ ਵਿੱਚ ਅਰਸ਼ਦੀਪ 65 ਮੈਚ ਖੇਡ ਚੁੱਕੇ ਹਨ ਅਤੇ 76 ਵਿਕਟਾਂ ਹਾਸਿਲ ਕਰ ਚੁੱਕੇ ਹਨ। 2024 ਦਾ ਸੀਜ਼ਨ ਅਰਸ਼ਦੀਪ ਦਾ ਸਭ ਤੋਂ ਬਿਹਤਰ ਸੀਜ਼ਨ ਰਿਹਾ।
ਇਸ ਵਿੱਚ ਅਰਸ਼ਦੀਪ ਨੇ 14 ਮੈਚਾਂ ਚੋਂ 19 ਵਿਕਟਾਂ ਪ੍ਰਾਪਤ ਕੀਤੀਆਂ। ਆਈਪੀਐੱਲ ਵਿੱਚ 32 ਦੌੜਾਂ ਪਿੱਛੇ 5 ਵਿਕਟਾਂ ਉਨ੍ਹਾਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।

ਤਸਵੀਰ ਸਰੋਤ, SOURCED FROM FAMILY
ਅਰਸ਼ਦੀਪ ਦੇ ਮਾਤਾ ਦੀ ਮਿਹਨਤ ਰੰਗ ਲਿਆਈ
ਅਰਸ਼ਦੀਪ ਮੋਹਾਲੀ ਦੇ ਖਰੜ ਵਿੱਚ ਰਹਿੰਦੇ ਹਨ। ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਸੀਆਈਐੱਸਐੱਫ (ਸੈਂਟਰਲ ਇੰਡਸਟ੍ਰੀਅਲ ਸਿਕਿਓਰਿਟੀ ਫੋਰਸ) ਵਿੱਚ ਕੰਮ ਕਰਦੇ ਸਨ।
ਅਰਸ਼ਦੀਪ ਦੇ ਤਿੰਨ ਭੈਣ ਭਰਾ ਹਨ। ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਪਿਤਾ ਦਰਸ਼ਨ ਸਿੰਘ ਨੇ ਰਿਟਾਇਰਮੈਂਟ ਲੈ ਲਈ ਸੀ।
ਬਚਪਨ ਵਿੱਚ ਅਰਸ਼ਦੀਪ ਦੇ ਮਾਤਾ ਬਲਜੀਤ ਕੌਰ ਨੇ ਆਪਣੇ ਪੁੱਤ ਨੂੰ ਕ੍ਰਿਕਟਰ ਬਣਾਉਣ ਵਿੱਚ ਦਿਨ ਰਾਤ ਇੱਕ ਕੀਤਾ। ਅਰਸ਼ਦੀਪ ਜਦੋਂ 12-13 ਸਾਲ ਦੇ ਸਨ ਤਾਂ ਉਨ੍ਹਾਂ ਦੇ ਮਾਤਾ ਉਨ੍ਹਾਂ ਨੂੰ ਸਾਈਕਲ ਉੱਤੇ ਆਪਣੇ ਪਿੱਛੇ ਬੈਠਾ ਕੇ ਕ੍ਰਿਕਟ ਦੀ ਕੋਚਿੰਗ ਲਈ ਲੈ ਕੇ ਜਾਂਦੇ ਸਨ।
ਅਰਸ਼ਦੀਪ ਵਿੱਚ ਕ੍ਰਿਕਟ ਖੇਡਣ ਦਾ ਏਨਾ ਜਨੂੰਨ ਸੀ ਕਿ ਉਹ ਪ੍ਰੈਕਟਿਸ ਲਈ ਕਈ ਬਾਰ ਖਰੜ ਤੋਂ ਚੰਡੀਗੜ੍ਹ ਤੱਕ ਕਈ ਕਿਲੋਮੀਟਰ ਦਾ ਪੈਦਲ ਚਲ ਕੇ ਪਹੁੰਚ ਜਾਂਦੇ ਸਨ।

ਤਸਵੀਰ ਸਰੋਤ, Getty Images
ਜਦੋਂ ਅਰਸ਼ਦੀਪ ਕ੍ਰਿਕਟ ਛੱਡਣ ਲਈ ਤਿਆਰ ਹੋ ਗਏ ਸਨ
ਕ੍ਰਿਕਟ ਦੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਅਰਸ਼ਦੀਪ ਦੇ ਮਨ ਵਿੱਚ ਕ੍ਰਿਕਟ ਛੱਡਣ ਦਾ ਵੀ ਖਿਆਲ ਆ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਮੌਕੇ ਨਹੀਂ ਮਿਲ ਰਹੇ ਸਨ।
ਇਸ ਸਭ ਤੋਂ ਅਰਸ਼ਦੀਪ ਨਿਰਾਸ਼ ਹੋਏ ਤਾਂ ਪਿਤਾ ਦਰਸ਼ਨ ਸਿੰਘ ਨੇ ਅਰਸ਼ਦੀਪ ਨੂੰ ਕੈਨੇਡਾ ਜਾਣ ਦੀ ਸਲਾਹ ਵੀ ਦੇ ਦਿੱਤੀ ਸੀ। ਫਿਰ ਅਰਸ਼ਦੀਪ ਨੇ ਪਿਤਾ ਤੋਂ ਕ੍ਰਿਕਟ ਖੇਡਣ ਲਈ ਆਖ਼ਰੀ ਇੱਕ ਮੌਕਾ ਮੰਗਿਆ ਸੀ ਤੇ ਉਹ ਆਖਰੀ ਮੌਕਾ ਅਰਸ਼ਦੀਪ ਦੀ ਜ਼ਿੰਦਗੀ ਬਦਲ ਗਿਆ।
ਅਰਸ਼ਦੀਪ ਸ਼ਾਨਦਾਰ ਪ੍ਰਦਰਸ਼ਨ ਕਰਦਾ ਗਿਆ ਅਤੇ ਅੱਗੇ ਵੱਧਦਾ ਗਿਆ।

ਤਸਵੀਰ ਸਰੋਤ, Getty Images
‘ਸਖ਼ਤ ਮਿਹਨਤ ਕਾਰਨ ਅਰਸ਼ਦੀਪ ਪਹੁੰਚੇ ਬਲੁੰਦੀ ‘ਤੇ’
ਅਰਸ਼ਦੀਪ ਦੇ ਦੋ ਸਾਲਾਂ ਵਿੱਚ ਬੁਲੰਦੀਆਂ ਉੱਤੇ ਪਹੁੰਚਣ ਬਾਰੇ ਉਨ੍ਹਾਂ ਦੇ ਕੋਚ ਜਸਵੰਤ ਰਾਏ ਕਹਿੰਦੇ ਹਨ ਕਿ ਅਰਸ਼ਦੀਪ ਦੀ ਸਖ਼ਤ ਮਿਹਨਤ ਹੀ ਉਸ ਨੂੰ ਇੱਥੇ ਲੈ ਕੇ ਗਈ ਹੈ।
ਬੀਬੀਸੀ ਨਾਲ ਗੱਲਬਾਤ ਦੌਰਾਨ ਜਸਵੰਤ ਰਾਏ ਨੇ ਕਿਹਾ ਕਿ ਜਿਵੇਂ-ਜਿਵੇਂ ਅਰਸ਼ਦੀਪ ਖੇਡਦਾ ਗਿਆ, ਉਸਦੀ ਗੇਂਦਬਾਜੀ ਵਿੱਚ ਨਿਖਾਰ ਆਉਂਦਾ ਰਿਹਾ।
''ਉਸ ਦੇ ਆਤਮਵਿਸ਼ਵਾਸ ਵਿੱਚ ਵਾਧਾ ਹੋਇਆ ਤੇ ਉਸ ਨੇ ਆਪਣੇ-ਆਪ ਵਿੱਚ ਕਾਫੀ ਸੁਧਾਰ ਵੀ ਕੀਤਾ, ਖ਼ਾਸਕਾਰ ਆਪਣੀ ਲਾਈਨ ਲੈਂਥ ਵਿੱਚ। ਜਿਸ ਕਾਰਨ ਉਸ ਨੂੰ ਅੰਦਾਜਾ ਹੁੰਦਾ ਰਿਹਾ ਕਿ ਗੇਂਦਬਾਜੀ ਕਿਵੇਂ ਕਰਨੀ ਹੈ।''
ਉਹ ਕਹਿੰਦੇ ਹਨ ਕਿ ਇਸੇ ਕਾਰਨ ਵਿਕਟਾਂ ਹਾਸਿਲ ਕਰਨ ਵਿੱਚ ਕਾਮਯਾਬੀ ਮਿਲੀ।
ਜਸਪ੍ਰੀਤ ਬੁਮਰਾਹ ਦਾ ਰਿਕਾਰਡ ਤੋੜਨ ਪਿੱਛੇ ਹਾਲਾਂਕਿ ਕੋਚ ਜਸਵੰਤ ਰਾਏ ਕਹਿੰਦੇ ਹਨ ਕਿ ਬੁਮਰਾਹ ਦੀ ਤੁਲਨਾ ਅਰਸ਼ਦੀਪ ਨਾਲ ਨਹੀਂ ਹੋ ਸਕਦੀ ਕਿਉਂਕਿ ਦੋਨੋਂ ਵੱਖਰੇ ਵੱਖਰੇ ਗੇਂਦਬਾਜ਼ ਹਨ।
ਕੋਚ ਜਸਵੰਤ ਰਾਏ ਕਹਿੰਦੇ ਹਨ ਕਿ ਜਿਸ ਤਰ੍ਹਾਂ ਅਰਸ਼ਦੀਪ ਟੀਮ ਲਈ ਪ੍ਰਦਰਸ਼ਨ ਕਰ ਰਹੇ, ਉਹ ਖੁਦ ਤੋਂ ਕਾਫੀ ਖੁਸ਼ ਹਨ।
ਜਸਵੰਤ ਰਾਏ ਦੱਸਦੇ ਹਨ ਕਿ ਅਰਸ਼ਦੀਪ ਦਾ ਲੰਬੇ ਸਮੇਂ ਤੋਂ ਸੁਪਨਾ ਹੈ ਕਿ ਟੀ-20 ਕ੍ਰਿਕਟ ਤੋਂ ਇਲਾਵਾ ਉਹ ਬਾਕੀ ਫੌਰਮੈਟ ਜਿਵੇਂ ਕਿ ਵਨਡੇ ਤੇ ਟੈਸਟ ਕ੍ਰਿਕਟ ਖੇਡਣਾ। ਇਸ ਲਈ ਉਹ ਤਿਆਰੀ ਵੀ ਕਰ ਰਹੇ ਹਨ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












