ਭਾਰਤ ਅਤੇ ਅਸਟ੍ਰੇਲੀਆ ਵਿਚਕਾਰ ਹੋਣ ਵਾਲਾ ਪਹਿਲਾ ਟੈਸਟ ਮੈਚ ਕਿਵੇਂ ਵੰਡ ਦੀ ਭੇਟ ਚੜ੍ਹਿਆ

ਤਸਵੀਰ ਸਰੋਤ, Getty Images
- ਲੇਖਕ, ਗੁਲੂ ਈਜ਼ਕੇਲ
- ਰੋਲ, ਖੇਡ ਲੇਖਕ
ਭਾਰਤ ਅਤੇ ਆਸਟ੍ਰੇਲੀਆ ਦੇ ਆਗਾਮੀ ਦੌਰੇ ਦੀ ਕਿਕ੍ਰੇਟ ਪ੍ਰਸ਼ੰਸਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਪਰ ਇਨ੍ਹਾਂ ਦੋਵਾਂ ਦੇਸ਼ਾਂ ਦੇ ਕ੍ਰਿਕਟ ਦਾ ਇਤਿਹਾਸ 1947 ਦੇ ਵੰਡ ਦੇ ਜ਼ਖਮਾਂ ਨਾਲ ਵੀ ਜਾ ਜੁੜਦਾ ਹੈ।
ਜਿਸ ਵਿੱਚ ਕ੍ਰਿਕਟ ਖਿਡਾਰੀਆਂ ਨੂੰ ਦੁਖਦਾਈ ਵੰਡ ਅਤੇ ਫ਼ਿਰਕੂ ਦੰਗਿਆ ਦੇ ਮਾਹੌਲ ਦਾ ਸਾਹਮਣਾ ਕਰਨਾ ਪਿਆ ਸੀ।
ਇੱਕ ਪਾਸੇ ਭਾਰਤ ਦੀ ਟੀਮ ਆਸਟ੍ਰੇਲੀਆ ਦੇ ਮਹਾਨ ਕਿਕੇਟਰ ਡੌਨਲਡ ਬ੍ਰੈਡਮੈਨ ਨਾਲ ਮੁਕਾਬਲੇ ਦੀ ਤਿਆਰੀ ਕਰ ਰਹੀ ਸੀ ਦੂਜੇ ਪਾਸੇ ਦੇਸ਼ 1947 ਦੀ ਵੰਡ ਨਾਲ ਜੂਝ ਰਿਹਾ ਸੀ। ਹੁਣ ਦੇਸ਼ ਦੋ ਹਿੱਸਿਆਂ ਭਾਰਤ ਤੇ ਪਾਕਿਸਤਾਨ ਵਿੱਚ ਵੰਡਿਆ ਗਿਆ ਸੀ।
ਇਸ ਵੰਡ ਨੇ ਇਤਿਹਾਸ ਦੇ ਸਭ ਤੋਂ ਵੱਡੇ ਖ਼ੂਨੀ ਪਰਵਾਸ ਨੂੰ ਜਨਮ ਦਿੱਤਾ ਸੀ।
ਇਸ ਹਫੜਾ ਦਫੜੀ ਦੇ ਵਿਚਕਾਰ ਲੱਖਾਂ ਲੋਕਾਂ ਨੂੰ ਆਪਣੀ ਵਸੀ ਵਸਾਈ ਦੁਨੀਆਂ ਉਜਾੜ, ਆਪਣੇ ਹੀ ਦੇਸ਼ ਵਿੱਚ ਨਵੀਂ ਵਾਹੀ ਗਈ ਸਰਹੱਦ ਨੂੰ ਪਾਰ ਕਰਨਾ ਪਿਆ।
ਆਜ਼ਾਦੀ ਤੋਂ ਬਾਅਦ ਸੁਲਗੀ ਮਜ਼ਹਬੀ ਹਿੰਸਾ ਦੇ ਦਰਮਿਆਨ ਹੀ ਕੁਝ ਮਹੀਨੇ ਪਹਿਲਾ ਚੁਣੀ ਗਈ ਭਾਰਤ ਦੀ 16 ਮੈਂਬਰੀ ਕ੍ਰਿਕਟ ਟੀਮ ਨੂੰ ਵੀ ਇਸ ਵੰਡ ਦੀ ਉਥਲ-ਪੁਥਲ ਦਾ ਸਾਹਮਣਾ ਕਰਨਾ ਪਿਆ। ਉਹ ਵੀ ਉਦੋਂ ਜਦੋਂ ਟੀਮ ਆਪਣੇ ਆਪ ਨੂੰ ਇਤਿਹਾਸਕ ਕ੍ਰਿਕਟ ਦੌਰੇ ਲਈ ਤਿਆਰ ਕਰ ਰਹੀ ਸੀ।

ਅਣਵੰਡੇ ਭਾਰਤ ਦੀ ਅਗਵਾਈ ਕਰਦੀ ਟੀਮ
ਭਾਰਤ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਐਂਥਨੀ ਡੀ ਮੇਲੋ ਨੇ ਅਣਵੰਡੇ ਭਾਰਤ ਦੀ ਟੀਮ ਦਾ ਐਲਾਨ ਕਰਦਿਆ ਕਿਹਾ ਸੀ ਕਿ ਇਹ ਟੀਮ ਪੂਰੇ ਭਾਰਤ ਦੀ ਨੁਮਾਇੰਦਗੀ ਕਰੇਗੀ ।
ਇਸ ਸਮੇਂ ਭਾਰਤ ਦੀ ਕ੍ਰਿਕਟ ਟੀਮ ਆਲ ਇੰਡੀਆ ਵਜੋਂ ਜਾਣੀ ਜਾਂਦੀ ਸੀ। ਟੀਮ ਨੇ 1932 ਅਤੇ 1946 ਦੇ ਵਿਚਕਾਰ ਇੰਗਲੈਡ ਦੇ ਅਧਿਕਾਰਤ ਟੈਸਟ ਮੈਚਾਂ ਲਈ ਤਿੰਨ ਵਾਰ ਦੌਰਾ ਕੀਤਾ ਸੀ ਪਰ ਟੀਮ ਨੂੰ ਹਰ ਮੌਕੇ ֹ’ਤੇ ਹਾਰ ਦਾ ਸਾਹਮਣਾ ਹੀ ਕਰਨਾ ਪਿਆ ਸੀ।
ਪਰ 1946 ਵਿੱਚ ਆਸਟ੍ਰੇਲੀਆ ਟੀਮ ਦੇ ਭਵਿੱਖ ਦੇ ਕਪਤਾਨ ਲਿੰਡਸੇ ਹੈਸੈਟ ਨੇ ਦੂਜੇ ਵਿਸ਼ਵ ਯੁੱਧ ਵਿੱਚ ਸਹਿਯੋਗੀ ਦੇਸ਼ਾਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਆਸਟ੍ਰੇਲੀਆ ਸਰਵਿਸ ਟੀਮ ਨੂੰ ਭਾਰਤ ਦੇ ਦੌਰੇ ’ਤੇ ਲਿਆਂਦਾ ਸੀ।
ਭਾਰਤ ਨੇ ਇਹ ਅਣ-ਅਧਿਕਾਰਤ ਲੜੀ 1-0 ਨਾਲ ਜਿੱਤੀ ਅਤੇ ਹੈਲੈਟ ਨੇ ਆਸਟ੍ਰੇਲੀਆਈ ਕ੍ਰਿਕਟ ਅਧਿਕਾਰੀਆ ਨੂੰ ਰਿਪੋਰਟ ਦਿੱਤੀ ਕਿ ਭਾਰਤ ਇੱਕ ਅਧਿਕਾਰਤ ਟੈਸਟ ਸੀਰੀਜ਼ ਦੇ ਯੋਗ ਹੈ ।
ਭਾਰਤੀ ਕ੍ਰਿਕਟ ਸਫਾਂ ਵਿੱਚ ਉਤਸ਼ਾਹ ਅਤੇ ਉਮੰਗ ਦੀ ਲਹਿਰ ਦੌੜ ਉਠੀ ਕਿਉਂਕਿ ਟੀਮ ਨੂੰ ਮਹਾਨ ਬੱਲੇਹਾਜ਼ ਡੌਨਲਡ ਬ੍ਰੈਡਮੈਨ ਦੀ ਅਗਵਾਈ ਵਾਲੀ ਟੀਮ ਦੇ ਨਾਲ ਖੇਡਣ ਦਾ ਮੌਕਾ ਮਿਲਣਾ ਸੀ।

1948 ਵਿੱਚ ਇੰਗਲੈਡ ਦੌਰੇ ਤੋਂ ਜਿੱਤ ਕੇ ਪਰਤੀ ਆਸਟਰੇਲੀਆਈ ਟੀਮ ਨੂੰ ‘ਬ੍ਰੈਡਮੈਨਜ਼ ਇਨਵੀਨਸੀਬਲਜ਼’ ਕਿਹਾ ਗਿਆ ਸੀ।
ਡੀ ਮੈਲੋ ਦੀ ਭਾਰਤੀ ਟੀਮ ਦੀ ਅਗਵਾਈ ਓਪਨਿੰਗ ਬੱਲੇਬਾਜ਼ ਵਿਜੇ ਮਰਚੈਂਟ ਕਰ ਰਹੇ ਸਨ ਅਤੇ ਇਨ੍ਹਾਂ ਦੇ ਭਰੋਸੇਮੰਦ ਸਾਥੀ ਮੁਸ਼ਤਾਕ ਅਲੀ ਉਪ-ਕਪਤਾਨ ਵਜੋਂ ਨਾਲ ਸਨ।
ਦੌਵੇਂ 1936 ਅਤੇ 1946 ਦੇ ਇੰਗਲੈਂਡ ਦੌਰੇ ਦੌਰਾਨ ਬੇਮਿਸਾਲ ਪ੍ਰਦਰਸ਼ਨ ਦਿੱਖਾ ਚੁੱਕੇ ਸਨ ।
ਟੀਮ ਵਿੱਚ ਸ਼ਾਨਦਾਰ ਬੱਲੇਬਾਜ਼ ਰੂਸੀ ਮੋਦੀ ਅਤੇ ਓਪਨਰ ਫਜ਼ਲ ਮਹਿਮੂਦ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਜਿਸ ਨਾਲ ਅਨੁਭਵ ਅਤੇ ਨਵੀ ਪ੍ਰਤਿਭਾ ਦਾ ਚੰਗਾ ਸੁਮੇਲ ਹੋਇਆ ਸੀ।
ਪਰ ਮਰਚੈਟ ਅਤੇ ਮੋਦੀ ਦੋਵੇਂ ਮੈਡੀਕਲ ਆਧਾਰ ’ਤੇ ਦੌਰੇ ਤੋਂ ਬਾਹਰ ਹੋ ਗਏ ਸਨ। ਅਲੀ ਨੇ ਵੀ ਆਪਣੇ ਭਰਾ ਦੀ ਮੌਤ ਤੋਂ ਬਾਅਦ ਦੌਰੇ ਤੋਂ ਪਿੱਛੇ ਹੱਟਣ ਦਾ ਫ਼ੈਸਲਾ ਕੀਤਾ।
ਨਤੀਜੇ ਵਜੋਂ ਲਾਲਾ ਅਮਰਨਾਥ ਨੂੰ ਨਵਾਂ ਕਪਤਾਨ ਅਤੇ ਵਿਜੇ ਹਜ਼ਾਰੇ ਨੂੰ ਉੱਪ-ਕਪਤਾਨ ਐਲਾਨਿਆ ਗਿਆ।

ਤਸਵੀਰ ਸਰੋਤ, Gulu Ezekiel
ਟੀਮ ਦਾ ਫ਼ਿਰਕੂ ਹਿੰਸਾ ਤੋਂ ਵਾਲ-ਵਾਲ ਬਚਣਾ
ਵੰਡ ਤੋਂ ਬਾਅਦ ਭੜਕੀ ਹਿੰਸਾ ਨੇ ਅਮਰਨਾਥ ਨੂੰ ਆਸਟ੍ਰੇਲੀਆ ਪਹੁੰਚਣ ਤੋਂ ਤਕਰੀਬਨ ਰੋਕ ਹੀ ਦਿੱਤਾ ਸੀ। ਉਨ੍ਹਾਂ ਦੇ ਪੁੱਤ ਰਾਜੇਂਦਰ ਅਮਰਨਾਥ ਦੀ 2004 ਵਿੱਚ ਆਈ ਜੀਵਨੀ ਮੁਤਾਬਕ ਲਾਲਾ ਅਮਰਨਾਥ ਪਟਿਆਲਾ, ਪੰਜਾਬ ਫ਼ਿਰਕੂ ਭੀੜ ਤੋਂ ਵਾਲ-ਵਾਲ ਬਚ ਸਕੇ ਸਨ।
ਲਾਹੌਰ ਵਿੱਚਲਾ ਉਨ੍ਹਾਂ ਦਾ ਘਰ ਆਪਣੀਆਂ ਅਨਮੋਲ ਕਲਾਕ੍ਰਿਤਾਂ ਸਣੇ ਹਮੇਸ਼ਾਂ ਲਈ ਉਨ੍ਹਾਂ ਤੋਂ ਦੂਰ ਹੋ ਗਿਆ ਸੀ।
ਦਿੱਲੀ ਦੀ ਰੇਲ ਯਾਤਰਾ ਦੌਰਾਨ ਵੀ ਉਨ੍ਹਾਂ ਨੂੰ ਖ਼ਤਰੇ ਦਾ ਸਾਹਮਣਾ ਕਰਨਾ ਪਿਆ ਸੀ
ਭਾਰਤੀ ਪੰਜਾਬ ਦੇ ਇੱਕ ਸਟੇਸ਼ਨ ਤੇ ਇੱਕ ਪੁਲਿਸ ਅਧਿਕਾਰੀ ਨੇ ਅਮਰਨਾਥ ਨੂੰ ਪਛਾਣ ਲਿਆ ਅਤੇ ਉਨ੍ਹਾਂ ਨੂੰ ਇੱਕ ਕੜਾ ਦਿੱਤਾ। ਕੜਾ, ਜੋ ਕਿ ਸਿੱਖਾ ਅਤੇ ਬਹੁਤ ਸਾਰੇ ਹਿੰਦੂਆ ਦੁਆਰਾ ਧਾਰਮਿਕ ਚਿੰਨ ਵਜੋਂ ਪਹਿਨਿਆ ਜਾਂਦਾ ਹੈ ।
ਇਸ ਤੋਂ ਬਾਅਦ ਸਟੇਸ਼ਨ ’ਤੇ ਇੱਕ ਭੀੜ ਨੇ ਕ੍ਰਿਕਟਰ ਨੂੰ ਕੜੇ ਦੇ ਕਾਰਨ ਹੀ ਛੱਡ ਦਿੱਤਾ ਸੀ। ਸ਼ਾਇਦ ਉਨ੍ਹਾਂ ਨੂੰ ਲੱਗਾ ਕਿ ਉਹ ਇੱਕੋ ਧਰਮ ਨੂੰ ਮੰਨਣ ਵਾਲੇ ਹਨ।
ਦੂਜੇ ਪਾਸੇ ਤੇਜ਼ ਗੇਂਦਬਾਜ਼ ਮਹਿਮੂਦ ਨੂੰ ਵੀ ਰੇਲਗੱਡੀ ਵਿੱਚ ਮਾਰੂ ਭੀੜ ਦਾ ਸਾਹਮਣਾ ਕਰਨਾ ਪਿਆ ਸੀ।
ਟੀਮ ਨੇ 15 ਅਗਸਤ ਤੋਂ ਪੁਣੇ ਵਿੱਚ ਦੋ ਹਫ਼ਤਿਆ ਲਈ ਸਿਖਲਾਈ ਦਾ ਸਮਾਂ ਤੈਅ ਕੀਤਾ ਸੀ ਹਾਲਾਂਕਿ, ਉਦੋਂ ਪਤਾ ਨਹੀ ਸੀ ਕਿ ਇਹ ਉਹ ਦਿਨ ਹੈ ਜਿਸ ਦਿਨ ਭਾਰਤ ਦੇਸ਼ ਦੀ ਵੰਡ ਹੋਣੀ ਹੈ।
ਪਾਬੰਦੀਆ ਦੇ ਬਾਵਜੂਦ ਮਹਿਮੂਦ ਸਿਖਲਾਈ ਕੈਂਪ ਲਈ ਪੁਣਾ ਪਹੁੰਚ ਗਏ ਸਨ । ਇਸ ਤੋਂ ਬਾਅਦ ਉਹ ਲਾਹੌਰ ਜਾਣ ਲਈ ਮੁਬੰਈ ਵੱਲ ਗਏ ।

ਤਸਵੀਰ ਸਰੋਤ, Getty Images
2003 ਦੀ ਸਵੈ ਜੀਵਨੀ ਵਿੱਚ ਉਹ ਲਿਖਦੇ ਹਨ ਕਿ ਰੇਲਗੱਡੀ ਵਿੱਚ ਦੋ ਜਣਿਆਂ ਨੇ ਉਨ੍ਹਾਂ ਨੂੰ ਧਮਕਾਇਆ ਪਰ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੀਕੇ ਨਾਇਜੂ ਨੇ ਹੱਥ ਵਿੱਚ ਬੱਲਾ ਲੈ ਕੇ ਧਮਕਾਉਣ ਵਾਲਿਆਂ ਨੂੰ ਲਲਕਾਰਿਆ ਅਤੇ ਬਚਣ ਵਿੱਚ ਸਫਲ ਹੋਏ।
ਜਦੋਂ ਉਹ ਕਰਫਿਊ ਲੱਗੇ ਲਾਹੌਰ ਵਿੱਚ ਪਹੁੰਚੇ ਤਾਂ ਮਹਿਮੂਦ ਖੂਨ-ਖ਼ਰਾਬੇ ਤੋਂ ਬਹੁਤ ਪਰੇਸ਼ਾਨ ਹੋਏ ਤੇ ਉਨ੍ਹਾਂ ਨੇ ਪਾਕਿਸਤਾਨ ਵਿੱਚ ਰਹਿਣ ਅਤੇ ਆਸਟ੍ਰੇਲੀਆ ਦਾ ਦੌਰਾ ਨਾ ਕਰਨ ਦਾ ਫ਼ੈਸਲਾ ਲਿਆ ।
ਬਾਅਦ ਵਿੱਚ ਉਹ ਪਾਕਿਸਤਾਨੀ ਕ੍ਰਿਕਟ ਟੀਮ ਦਾ ਹਿੱਸਾ ਬਣੇ ਅਤੇ ਭਾਰਤ ਦੇ ਖ਼ਿਲਾਫ਼ 1952-53 ਦੀ ਲੜੀ ਵਿੱਚ ਭਾਰਤ ਵਿਰੁੱਧ ਆਪਣਾ ਟੈਸਟ ਡੈਬਯੂ ਕੀਤਾ ਸੀ।
ਆਸਟ੍ਰੇਲੀਆ ਦੌਰੇ ਲਈ ਭਾਰਤ ਦੀ ਟੀਮ ਦੇ ਦੋ ਹੋਰ ਮੈਂਬਰ ਗੁਲ ਮੁਹੰਮਦ ਅਤੇ ਅਮੀਰ ਇਲਾਹੀ ਵੀ ਬਾਅਦ ਵਿੱਚ ਪਾਕਿਸਤਾਨ ਚਲੇ ਗਏ ਅਤੇ 1952-53 ਦੀ ਲੜੀ ਵਿੱਚ ਭਾਰਤ ਵਿਰੁੱਧ ਖੇਡੇ ਸਨ।
ਇਨ੍ਹਾਂ ਝਟਕਿਆ ਦੇ ਬਾਵਜੂਦ ਭਾਰਤ ਦਾ ਦੌਰਾ ਅੱਗੇ ਵਧਿਆ।
ਹਾਲਾਂਕਿ ਟੀਮ ਨੇ ਆਪਣੇ ਚਾਰ ਪ੍ਰਮੁੱਖ ਖਿਡਾਰੀਆ ਤੋਂ ਬਗ਼ੈਰ ਆਸਟ੍ਰੇਲੀਆ ਦਾ ਸਾਹਮਣਾ ਕੀਤਾ ਪਰ ਭਾਰਤ ਇਹ ਲੜੀ ਨੂੰ 4-0 ਨਾਲ ਹਾਰ ਗਿਆ ਸੀ।
ਗੁਲੂ ਈਜ਼ਕੇਲ 17 ਖੇਡ ਕਿਤਾਬਾਂ ਦੇ ਲੇਖਕ ਹਨ ਅਤੇ ਉਨ੍ਹਾਂ ਦੀ ਤਾਜ਼ਾ ਕਿਤਾਬ ਸਲੀਮ ਦੁਰਾਨੀ ‘ਦਿ ਪਿੰਸ ਆਫ਼ ਇੰਡੀਅਨ ਕ੍ਰਿਕਟ’ ਸਾਲ ਦੇ ਸ਼ੁਰੂਆਤ ਵਿੱਚ ਰਿਲੀਜ਼ ਹੋਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












