ਭਾਰਤੀ ਅਤੇ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਦੇ ਮੈਦਾਨੀ ਮੁਕਾਬਲੇ ਤੋਂ ਪਾਰ ਦੇ ਦੋਸਤਾਨਾ ਕਿੱਸੇ

ਕ੍ਰਿਕਟ ਟੀਮ

ਤਸਵੀਰ ਸਰੋਤ, Getty Images

    • ਲੇਖਕ, ਵੰਦਨਾ
    • ਰੋਲ, ਸੀਨੀਅਰ ਨਿਊਜ਼ ਐਡੀਟਰ, ਏਸ਼ੀਆ

ਭਾਰਤ-ਪਾਕਿਸਤਾਨ ਕ੍ਰਿਕਟ ਮੈਚਾਂ ਦੀ ਗੱਲ ਕਰੀਏ ਤਾਂ ਇਹ ਮੈਚ ਕਈ ਰੰਗਾਂ ਵਿੱਚ ਰੰਗੇ ਹੋਏ ਹਨ।

ਅਕਸਰ ਇਸ ਨੂੰ ਸਭ ਤੋਂ ਵੱਡੀ ਟੱਕਰ ਵਜੋਂ ਪੇਸ਼ ਕੀਤਾ ਜਾਂਦਾ ਹੈ। ਬੇਸ਼ੱਕ ਦੋਵਾਂ ਮੁਲਕਾਂ ਵਿਚਾਲੇ ਸਖ਼ਤ ਮੁਕਾਬਲੇ ਹੋਏ ਹਨ ਅਤੇ ਖਿਡਾਰੀਆਂ ਵਿਚਾਲੇ ਝਗੜੇ ਵੀ ਹੋਏ ਹਨ, ਪਰ ਮੈਦਾਨ 'ਤੇ ਇਸ ਲੜਾਈ ਤੋਂ ਇਲਾਵਾ ਭਾਰਤ-ਪਾਕਿਸਤਾਨ ਦੇ ਖਿਡਾਰੀਆਂ ਦੇ ਰਿਸ਼ਤਿਆਂ ਦੇ ਹੋਰ ਵੀ ਕਈ ਰੰਗ ਹਨ।

ਅਤੇ ਇਹ ਰਿਸ਼ਤਾ ਉਦੋਂ ਤੋਂ ਚਲਦਾ ਆ ਰਿਹਾ ਹੈ ਜਦੋਂ 1947 ਤੋਂ ਪਹਿਲਾਂ ਭਾਰਤ ਦੀ ਵੰਡ ਨਹੀਂ ਹੋਈ ਸੀ।

ਅਜ਼ਾਦੀ ਤੋਂ ਪਹਿਲਾਂ ਸਿਰਫ਼ ਇੱਕ ਹੀ ਭਾਰਤੀ ਟੀਮ ਸੀ ਜੋ ਕੌਮਾਂਤਰੀ ਪੱਧਰ 'ਤੇ ਭਾਰਤ ਲਈ ਖੇਡਦੀ ਸੀ।

ਇਸ ਵਿੱਚ ਲਾਲਾ ਅਮਰਨਾਥ, ਸੀਕੇ ਨਾਇਡੂ, ਅਬਦੁਲ ਹਫੀਜ਼ ਕਰਦਾਰ, ਫਜ਼ਲ ਮਹਿਮੂਦ, ਅਮੀਰ ਇਲਾਹੀ ਅਤੇ ਗੁਲ ਮੁਹੰਮਦ ਵਰਗੇ ਖਿਡਾਰੀ ਸ਼ਾਮਲ ਸਨ। ਅਬਦੁਲ ਹਫੀਜ਼ ਕਰਦਾਰ, ਅਮੀਰ ਇਲਾਹੀ ਅਤੇ ਗੁਲ ਮੁਹੰਮਦ ਭਾਰਤ ਅਤੇ ਪਾਕਿਸਤਾਨ ਦੋਵਾਂ ਲਈ ਖੇਡੇ ਹਨ।

ਇੱਥੇ ਲਾਹੌਰ ਦੇ ਗੇਂਦਬਾਜ਼ ਫਜ਼ਲ ਮਹਿਮੂਦ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਸ ਨੂੰ ਪਾਕਿਸਤਾਨ ਕ੍ਰਿਕਟ ਦੇ ਪਹਿਲੇ ਪੋਸਟਰਬੁਆਏਜ਼ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਕ੍ਰਿਕਟ

ਤਸਵੀਰ ਸਰੋਤ, Getty Images

ਭਾਰਤੀ ਟੀਮ 1947 ਦੇ ਆਸਟ੍ਰੇਲੀਆ ਦੌਰੇ ਲਈ ਚੁਣੀ ਜਾਣੀ ਸੀ। ਰਾਏ ਸਿੰਘ, ਲਾਲਾ ਅਮਰਨਾਥ, ਫਜ਼ਲ ਮਹਿਮੂਦ, ਸਾਰੇ ਧਰਮਾਂ ਦੇ ਖਿਡਾਰੀ ਟਰਾਇਲ ਵਿੱਚ ਸਨ। 19 ਸਾਲ ਦੀ ਉਮਰ ਵਿੱਚ ਫਜ਼ਲ ਮਹਿਮੂਦ ਨੂੰ ਵੀ ਟੀਮ ਵਿੱਚ ਚੁਣਿਆ ਗਿਆ ਸੀ।

ਪਰ ਅੱਗੇ ਜੋ ਹੋਇਆ ਉਹ ਇਤਿਹਾਸਕ ਸੀ। ਫਜ਼ਲ ਮਹਿਮੂਦ ਆਪਣੀ ਸਵੈ-ਜੀਵਨੀ ਡੌਨ ਟਿਲ ਡਸਕ ਵਿਚ ਲਿਖਦਾ ਹੈ, “ਮੈਨੂੰ ਕੁਝ ਮਹੀਨੇ ਪਹਿਲਾਂ ਦੱਸਿਆ ਗਿਆ ਸੀ ਕਿ 15 ਅਗਸਤ 1947 ਨੂੰ ਸਿਖਲਾਈ ਕੈਂਪ ਵਿੱਚ ਸ਼ਾਮਲ ਹੋਣ ਲਈ ਮੈਨੂੰ ਲਾਹੌਰ ਤੋਂ ਪੁਣੇ ਆਉਣਾ ਹੈ।"

"14 ਅਗਸਤ 1947 ਨੂੰ ਮੈਂ ਲਾਹੌਰ ਸੀ। ਪਰ ਉਦੋਂ ਤੱਕ ਵੰਡ ਹੋ ਚੁੱਕੀ ਸੀ। ਮੈਂ ਉਸ ਵੇਲੇ ਲਾਹੌਰ ਤੋਂ ਪੁਣੇ ਜਾ ਰਿਹਾ ਸੀ ਜਦੋਂ ਦੇਸ਼ ਵੰਡ ਤੋਂ ਬਾਅਦ ਲੱਖਾਂ ਲੋਕ ਹਿਜਰਤ ਕਰ ਰਹੇ ਸਨ। ਪੰਜਾਬ ਦੰਗਿਆਂ ਵਿੱਚ ਸੜ ਰਿਹਾ ਸੀ। ਉਹ ਬਹੁਤ ਖ਼ਤਰਨਾਕ ਸਫ਼ਰ ਸੀ।”

ਦਰਅਸਲ, ਸ਼ੁਰੂਆਤੀ ਯੋਜਨਾ ਅਨੁਸਾਰ ਭਾਰਤ ਨੂੰ ਆਜ਼ਾਦੀ ਬਾਅਦ ਵਿੱਚ ਮਿਲਣੀ ਸੀ, ਇਸ ਲਈ ਭਾਰਤੀ ਕ੍ਰਿਕਟ ਚੋਣਕਾਰ ਨਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਨਹੀਂ ਸਨ।

ਫਜ਼ਲ ਮਹਿਮੂਦ

ਤਸਵੀਰ ਸਰੋਤ, Getty Images

ਫਜ਼ਲ ਮਹਿਮੂਦ ਆਪਣੀ ਜੀਵਨੀ ਵਿੱਚ ਲਿਖਦੇ ਹਨ, “ਆਖ਼ਰਕਾਰ 1947 ਦਾ ਇੰਡੀਆ ਕੈਂਪ ਭੰਗ ਹੋ ਗਿਆ। ਮੇਰੇ ਸਾਹਮਣੇ ਚੁਣੌਤੀ ਇਹ ਸੀ ਕਿ ਧਾਰਮਿਕ ਦੰਗਿਆਂ ਦੌਰਾਨ ਪੂਣੇ ਤੋਂ ਲਾਹੌਰ ਸਥਿਤ ਆਪਣੇ ਘਰ, ਜੋ ਹੁਣ ਪਾਕਿਸਤਾਨ ਬਣ ਗਿਆ ਸੀ, ਵਾਪਸ ਕਿਵੇਂ ਆਵਾਂ।"

"ਮੈਂ ਪੁਣੇ ਤੋਂ ਰੇਲਗੱਡੀ ਰਾਹੀਂ ਬੰਬਈ ਆਇਆ ਸੀ ਅਤੇ ਮੇਰੇ ਨਾਲ ਸੀਕੇ ਨਾਇਡੂ ਵੀ ਸਨ। ਕੁਝ ਕੱਟੜਪੰਥੀਆਂ ਦੀ ਨਜ਼ਰ ਟ੍ਰੇਨ ਵਿੱਚ ਮੇਤੇ 'ਤੇ ਪੈ ਗਈ ਜੋ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ। ਪਰ ਸੀਕੇ ਨਾਇਡੂ ਨੇ ਮੈਨੂੰ ਬਚਾਇਆ। ਉਹ ਆਪਣੇ ਬੱਲੇ ਨਾਲ ਸਾਰਿਆਂ ਦੇ ਸਾਹਮਣੇ ਖੜ੍ਹੇ ਹੋ ਗਏ ਅਤੇ ਸਾਰਿਆਂ ਨੂੰ ਮੇਰੇ ਤੋਂ ਦੂਰ ਰਹਿਣ ਲਈ ਕਿਹਾ।"

ਸੀਕੇ ਨਾਇਡੂ ਅਣਵੰਡੇ ਭਾਰਤ ਦੇ ਪਹਿਲੇ ਕਪਤਾਨ ਸਨ ਅਤੇ ਦਿੱਗਜ਼ ਖਿਡਾਰੀਆਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦੇ ਨਾਮ 'ਤੇ ਕਰਨਲ ਸੀਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਰੱਖਿਆ ਗਿਆ ਹੈ।

ਵੰਡ ਤੋਂ ਬਾਅਦ 1952 ਵਿੱਚ ਪਹਿਲੀ ਵਾਰ ਪਾਕਿਸਤਾਨੀ ਟੀਮ ਭਾਰਤ ਦੌਰੇ 'ਤੇ ਆਈ ਸੀ। ਉਸ ਦੌਰੇ ਵਿੱਚ ਲਾਲਾ ਅਮਰਨਾਥ ਅਤੇ ਅਬਦੁਲ ਹਫੀਜ਼ ਕਰਦਾਰ ਵਰਗੇ ਕਈ ਖਿਡਾਰੀ ਸਨ ਜੋ ਅਣਵੰਡੇ ਭਾਰਤ ਵਿੱਚ ਇਕੱਠੇ ਖੇਡਦੇ ਸਨ।

ਲਾਹੌਰ ਵਿੱਚ ਰਹਿੰਦਿਆਂ ਮਿੰਟੋ ਪਾਰਕ ਵਿਚ ਇਕੱਠੇ ਅਭਿਆਸ ਕਰਦੇ ਸਨ। ਕਹਿੰਦੇ ਹਨ ਕਿ ਜਦੋਂ ਪਾਕਿਸਤਾਨੀ ਟੀਮ ਆਈ ਤਾਂ ਲਾਲਾ ਅਮਰਨਾਥ ਖ਼ੁਦ ਉਨ੍ਹਾਂ ਨੂੰ ਲੈਣ ਗਏ ਸਨ।

ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀ ਆਉਂਦੇ-ਜਾਂਦੇ ਰਹੇ ਅਤੇ ਦੋਸਤੀ ਦੇ ਕਿੱਸੇ ਵੀ ਬਣਦੇ ਰਹੇ। ਭਾਵੇਂ ਉਹ ਇਮਰਾਨ ਖ਼ਾਨ ਅਤੇ ਸੁਨੀਲ ਗਾਵਸਕਰ ਹੋਣ ਜਾਂ ਜਾਵੇਦ ਮਿਆਂਦਾਦ ਅਤੇ ਦਿਲੀਪ ਵੇਂਗਸਰਕਰ।

ਕ੍ਰਿਕਟ

ਤਸਵੀਰ ਸਰੋਤ, Getty Images

ਜਦੋਂ ਪਾਕਿਸਤਾਨੀ ਅਤੇ ਭਾਰਤੀ ਟੀਮਾਂ ਨੇ ਇਕੱਠੇ ਹੋਲੀ ਮਨਾਈ

ਭਾਰਤ-ਪਾਕਿ ਮੈਚਾਂ ਦੀ ਗੱਲ ਚਲੀ ਤਾਂ 1986-87 ਦੀ ਗੱਲ ਕਰਦੇ ਹਾਂ, ਜਦੋਂ ਪਾਕਿਸਤਾਨ ਦੀ ਟੀਮ ਭਾਰਤ ਆਈ ਸੀ। ਬੈਂਗਲੁਰੂ 'ਚ ਟੈਸਟ ਮੈਚ ਚੱਲ ਰਿਹਾ ਸੀ। ਇਹ ਉਹ ਦੌਰ ਸੀ ਜਦੋਂ ਟੈਸਟ ਮੈਚਾਂ ਵਿਚਕਾਰ ਇੱਕ ਦਿਨ ਦਾ ਆਰਾਮ ਹੁੰਦਾ ਸੀ।

ਮੈਚ ਦਾ ਤੀਜਾ ਦਿਨ ਆਰਾਮ ਦਾ ਦਿਨ ਸੀ ਅਤੇ ਮੌਕਾ ਹੋਲੀ ਦਾ ਸੀ ਜੋ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ।

ਪਾਕਿਸਤਾਨੀ ਕੈਂਪ ਦੇ ਖਿਡਾਰੀ ਸਵੇਰੇ ਆਪਣੇ ਕਮਰਿਆਂ ਵਿੱਚ ਸਨ। ਅਬਦੁਲ ਕਾਦਿਰ, ਇਮਰਾਨ ਖ਼ਾਨ, ਵਸੀਮ ਅਕਰਮ, ਰਮੀਜ਼ ਰਾਜਾ, ਜਾਵੇਦ ਮਿਆਂਦਾਦ, ਸਲੀਮ ਮਲਿਕ, ਤੌਸੀਫ਼ ਅਹਿਮਦ, ਇਕਬਾਲ ਕਾਸਿਮ ਵਰਗੇ ਖਿਡਾਰੀ ਹੋਟਲ ਵਿੱਚ ਸਨ।

ਇਸ ਤੋਂ ਪਹਿਲਾਂ ਕਿ ਪਾਕਿਸਤਾਨੀ ਟੀਮ ਦਿਨ ਦੀ ਸ਼ੁਰੂਆਤ ਕਰਦੀ, ਭਾਰਤੀ ਖੇਮੇ ਨੇ ਆਪਣੇ ਰੰਗਾਂ ਨਾਲ ਹੱਲਾ ਬੋਲ ਦਿੱਤਾ। ਸਾਬਕਾ ਭਾਰਤੀ ਵਿਕੇਟਕੀਪਰ ਕਿਰਨ ਮੋਰੇ ਵੀ ਉਸ ਟੀਮ ਦਾ ਹਿੱਸਾ ਸਨ ਅਤੇ ਉਸ ਦਿਨ ਹੋਲੀ ਖੇਡੀ ਸੀ।

ਕਿਰਨ ਮੋਰੇ
ਤਸਵੀਰ ਕੈਪਸ਼ਨ, ਕਿਰਨ ਮੋਰੇ

ਬੀਬੀਸੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "1987 'ਚ ਬੈਂਗਲੁਰੂ 'ਚ ਇਕ ਟੈਸਟ ਮੈਚ ਸੀ। ਹੋਲੀ ਵਾਲੇ ਦਿਨ ਦੋਵਾਂ ਟੀਮਾਂ ਨੇ ਪੂਰੇ ਹੋਟਲ ਨੂੰ ਲਾਲ ਕਰ ਦਿੱਤਾ ਸੀ। ਸਵੀਮਿੰਗ ਪੂਲ ਵੀ ਲਾਲ ਹੋ ਗਿਆ ਸੀ।"

"ਪਾਕਿਸਤਾਨੀ ਖਿਡਾਰੀ ਕਾਫੀ ਉਤਸ਼ਾਹਿਤ ਸਨ। ਹੋਟਲ ਨੇ ਸਾਨੂੰ ਚੇਤਾਵਨੀ ਦਿੱਤੀ ਅਤੇ ਜੁਰਮਾਨਾ ਵੀ ਲਗਾਇਆ ਸੀ। ਸ਼ਾਇਦ 50,000 ਰੁਪਏ ਦਾ ਜੁਰਮਾਨਾ ਸੀ, ਜੋ ਉਸ ਸਮੇਂ ਬਹੁਤ ਵੱਡੀ ਰਕਮ ਸੀ। ਅਗਲੇ ਦਿਨ ਅਸੀਂ ਮੈਚ ਵਿੱਚ ਇੱਕ ਦੂਜੇ ਦੇ ਖ਼ਿਲਾਫ਼ ਸਖ਼ਤ ਟੱਕਰ ਦਿੱਤੀ।"

"ਪਰ ਮਜ਼ਾ ਆ ਗਿਆ ਸੀ। ਖੇਡਾਂ ਲੋਕਾਂ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਅਤੇ ਇਹ ਇੱਕ ਮਹੱਤਵਪੂਰਨ ਕੰਮ ਹੈ। ਜਾਵੇਦ ਮਿਆਂਦਾਦ ਦੇ ਘਰ ਵਿੱਚ, ਦਿਲੀਪ ਵੇਂਗਸਰਕਰ ਅਤੇ ਹੋਰ ਖਿਡਾਰੀ 2004 ਵਿੱਚ ਗਏ ਸਨ, ਜਦੋਂ ਮੈਂ ਚੋਣਕਾਰ ਸੀ ਅਤੇ ਉਨ੍ਹਾਂ ਨੇ ਖਾਣੇ 'ਤੇ ਬੁਲਾਇਾ ਸੀ"

"ਇਨ੍ਹਾਂ ਦੇ ਨਾਲ ਖੇਡਣ ਦਾ ਮਜ਼ਾ ਆ ਜਾਂਦਾ ਸੀ। ਸਲੇਜਿੰਗ ਵੀ ਕਰਦੇ ਰਹਿੰਦੇ ਸੀ ਅਸੀਂ, ਖ਼ਾਸ ਕਰਕੇ ਭਾਰਤ-ਪਾਕਿਸਤਾਨ ਦੇ ਖਿਡਾਰੀਆਂ ਵਿਚਾਲੇ। ਮੈਚ ਵਿੱਚ ਅਸੀਂ ਪੂਰਾ ਮੁਕਾਬਲਾ ਕਰਦੇ ਸੀ। ਪਰ ਮੈਦਾਨ ਦੇ ਬਾਹਰ ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀ ਮਿਲ ਕੇ ਰਹਿੰਦੇ ਹਨ, ਮਸਤੀ ਕਰਦੇ ਹਨ, ਗਾਣੇ ਗਾਉਂਦੇ ਹਨ।"

ਹੋਲੀ ਮਨਾਉਂਦੇ ਹੋਏ ਭਾਰਤੀ ਅਤੇ ਪਾਕਿਸਤਾਨੀ ਕ੍ਰਿਕੇਟਰ

ਤਸਵੀਰ ਸਰੋਤ, @gbhimani

ਤਸਵੀਰ ਕੈਪਸ਼ਨ, ਹੋਲੀ ਮਨਾਉਂਦੇ ਹੋਏ ਭਾਰਤੀ ਅਤੇ ਪਾਕਿਸਤਾਨੀ ਕ੍ਰਿਕੇਟਰ
ਇਹ ਵੀ ਪੜ੍ਹੋ-

ਮਨਿੰਦਰ ਸਿੰਘ ਅਤੇ ਸਲੀਮ ਮਲਿਕ ਦੀ ਦੋਸਤੀ

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਹੋਲੀ ਦੇ ਅਗਲੇ ਦਿਨ ਖੇਡ ਦੇਖੋ ਤਾਂ ਤੁਹਾਨੂੰ ਕਈ ਖਿਡਾਰੀਆਂ ਦੇ ਹੱਥ ਰੰਗੇ ਹੋਏ ਨਜ਼ਰ ਆਉਣਗੇ। 1987 'ਚ ਹੋਈ ਇਸ ਟੈਸਟ ਸੀਰੀਜ਼ ਨੂੰ ਪਾਕਿਸਤਾਨ ਨੇ 1-0 ਨਾਲ ਜਿੱਤੀ ਸੀ। ਪਰ ਉਸ ਲੜੀ ਦੇ ਕਈ ਖਿਡਾਰੀ ਉਸ ਨੂੰ ਹੋਲੀ ਦੀ ਹੁੱਲੜਬਾਜ਼ੀ ਲਈ ਵੀ ਯਾਦ ਕਰਦੇ ਹਨ।

ਸਾਬਕਾ ਭਾਰਤੀ ਵਿਕੇਟਕੀਪਰ ਮਨਿੰਦਰ ਸਿੰਘ ਵੀ ਉਸ ਭਾਰਤੀ ਟੀਮ ਦਾ ਹਿੱਸਾ ਸਨ।

ਆਦੇਸ਼ ਕੁਮਾਰ ਗੁਪਤਾ ਨਾਲ ਗੱਲ ਕਰਦੇ ਹੋਏ ਮਨਿੰਦਰ ਸਿੰਘ ਨੇ ਬੀਬੀਸੀ ਆਰਕਾਈਵ ਇੰਟਰਵਿਊ ਵਿੱਚ ਦੱਸਿਆ ਸੀ, “ਜਦੋਂ ਪਾਕਿਸਤਾਨ ਦੀ ਟੀਮ 1987 ਵਿੱਚ ਭਾਰਤ ਆਈ ਸੀ, ਸਲੀਮ ਮਲਿਕ ਪਾਕਿਸਤਾਨ ਲਈ ਬੱਲੇਬਾਜ਼ੀ ਕਰ ਰਹੇ ਸੀ ਅਤੇ ਮੈਂ ਭਾਰਤ ਲਈ ਗੇਂਦਬਾਜ਼ੀ ਕਰ ਰਿਹਾ ਸੀ।"

"ਸਲੀਮ ਮਲਿਕ ਮੇਰੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਸਨ ਅਤੇ ਮੈਂ ਉਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰਦਾ ਸੀ। ਹੁਣ ਗੱਲ ਇਹ ਸੀ ਕਿ ਮੇਰੀ ਵੀ ਉਸ ਨਾਲ ਬਹੁਤ ਦੋਸਤੀ ਸੀ। ਜਦੋਂ ਅਸੀਂ ਸ਼ਾਮ ਨੂੰ ਮਿਲਦੇ ਸੀ ਤਾਂ ਅਸੀਂ ਇੱਕ ਦੂਜੇ ਨੂੰ ਮਸਤੀ ਲਈ ਲਲਕਾਰਦੇ ਸੀ।"

"ਸਲੀਮ ਮਲਿਕ ਕਹਿੰਦੇ ਸਨ ਕਿ ਮੈਂ ਤੁਹਾਨੂੰ ਕੱਲ੍ਹ ਪਿੱਚ 'ਤੇ ਦੇਖਾਂਗਾ ਅਤੇ ਮੈਂ ਕਹਿੰਦਾ ਸੀ ਕਿ ਮੈਂ ਦੇਖਾਂਗਾ ਕਿ ਤੁਸੀਂ ਦੌੜਾਂ ਕਿਵੇਂ ਬਣਾਉਂਦੇ ਹੋ। ਉਸ ਸ਼ਾਮ ਉਸ ਨੇ ਮੈਨੂੰ ਕਿਹਾ ਕਿ ਪਿੱਚ ਭਾਵੇਂ ਕੋਈ ਵੀ ਹੋਵੇ, ਮੈਂ ਤੁਹਾਡੇ ਵਿਰੁੱਧ ਦੌੜਾਂ ਬਣਾਉਣ ਵਾਲਾ ਹਾਂ। ਇਹ ਸਾਡੇ ਵਿਚਕਾਰ ਜਾਰੀ ਰਿਹਾ। ਮੈਂ ਉਸ ਨੂੰ ਬੈਂਗਲੁਰੂ ਟੈਸਟ ਮੈਚ 'ਚ ਆਊਟ ਕਰ ਦਿੱਤਾ ਸੀ।"

ਜਿਵੇਂ-ਜਿਵੇਂ ਭਾਰਤ-ਪਾਕਿਸਤਾਨ ਦੇ ਰਿਸ਼ਤੇ ਵਿਗੜਦੇ ਗਏ, ਦੋਵਾਂ ਦੇਸ਼ਾਂ ਦਾ ਇੱਕ-ਦੂਜੇ ਦੇ ਮੁਲਕ ਜਾਣਾ ਘਟਦਾ ਗਿਆ।

ਇੰਤਿਖਾਬ

ਤਸਵੀਰ ਸਰੋਤ, intikhab

ਤਸਵੀਰ ਕੈਪਸ਼ਨ, ਪਾਕਿਸਤਾਨੀ ਕ੍ਰਿਕਟਰ ਇੰਤਿਖਾਬ ਅਣਵੰਡੇ ਪੰਜਾਬ ਵਿੱਚ ਪੈਦਾ ਹੋਏ ਸਨ

ਇਮਰਾਨ ਅਤੇ ਗਾਵਸਕਰ ਦਾ ਰਿਸ਼ਤਾ

ਆਦੇਸ਼ ਕੁਮਾਰ ਗੁਪਤਾ ਪਿਛਲੇ ਕਈ ਦਹਾਕਿਆਂ ਤੋਂ ਕ੍ਰਿਕਟ ਨੂੰ ਕਵਰ ਕਰ ਰਹੇ ਹਨ। ਉਹ ਕਹਿੰਦੇ ਹਨ, “ਮੈਂ ਇੱਕ ਪ੍ਰੋਗਰਾਮ ਵਿੱਚ ਸੀ ਜਦੋਂ ਸਾਬਕਾ ਪਾਕਿਸਤਾਨੀ ਕ੍ਰਿਕਟਰ ਰਮੀਜ਼ ਰਾਜਾ ਨੇ ਇਹ ਕਿੱਸਾ ਸੁਣਾਇਆ। ਭਾਰਤ ਖ਼ਿਲਾਫ਼ ਮੈਚ ਦੌਰਾਨ ਇਮਰਾਨ ਖ਼ਾਨ ਨੇ ਰਮੀਜ਼ ਰਾਜਾ ਨੂੰ ਕਿਹਾ ਕਿ ਜੇਕਰ ਤੁਸੀਂ ਬੱਲੇਬਾਜ਼ੀ ਸਿੱਖਣਾ ਚਾਹੁੰਦੇ ਹੋ ਤਾਂ ਇੱਥੇ ਆਓ।"

"ਗਾਵਸਕਰ ਉਦੋਂ ਬੱਲੇਬਾਜ਼ੀ ਕਰ ਰਹੇ ਸਨ। ਉਨ੍ਹਾਂ ਨੇ ਰਮੀਜ਼ ਰਾਜਾ ਨੂੰ ਫਾਰਵਰਡ ਸ਼ਾਰਟ ਲੈੱਗ 'ਤੇ ਖੜ੍ਹਾ ਕਰ ਦਿੱਤਾ। ਅੱਧੇ ਘੰਟੇ ਬਾਅਦ ਰਮੀਜ਼ ਰਾਜਾ ਨੇ ਇਮਰਾਨ ਖ਼ਾਨ ਨੂੰ ਕਿਹਾ ਕਿ ਤੁਸੀਂ ਮੈਨੂੰ ਕਿੱਥੇ ਖੜ੍ਹਾ ਕੀਤਾ ਹੈ। ਗਾਵਸਕਰ ਤਾਂ ਗੇਂਦ ਖੇਡ ਹੀ ਨਹੀਂ ਰਹੇ ਹਨ। ਸਾਰੀਆਂ ਗੇਂਦਾਂ ਨੂੰ ਛੱਡ ਰਹੇ ਹਨ। ਇਮਰਾਨ ਖ਼ਾਨ ਨੇ ਕਿਹਾ ਕਿ ਤੁਹਾਨੂੰ ਇਹੀ ਸਿੱਖਣਾ ਚਾਹੀਦਾ ਹੈ।"

2018 ਵਿੱਚ, ਸੁਨੀਲ ਗਾਵਸਕਰ ਨੇ ਟਾਈਮਜ਼ ਆਫ਼ ਇੰਡੀਆ ਵਿੱਚ ਇਮਰਾਨ ਖ਼ਾਨ ਲਈ ਇੱਕ ਲੇਖ ਲਿਖਿਆ ਸੀ।

ਗਾਵਸਕਰ ਅਨੁਸਾਰ, ਜਦੋਂ ਉਨ੍ਹਾਂ ਨੇ ਇਮਰਾਨ ਨੂੰ ਕਿਹਾ ਕਿ ਉਹ ਸੰਨਿਆਸ ਲੈ ਰਹੇ ਹਨ, ਤਾਂ ਇਮਰਾਨ ਨੇ ਉਨ੍ਹਾਂ ਨੂੰ ਕਿਹਾ ਸੀ, "ਤੁਸੀਂ ਅਜੇ ਸੰਨਿਆਸ ਨਹੀਂ ਲੈ ਸਕਦੇ। ਪਾਕਿਸਤਾਨ ਅਗਲੇ ਸਾਲ ਭਾਰਤ ਆ ਰਿਹਾ ਹੈ। ਮੈਂ ਭਾਰਤ ਨੂੰ ਭਾਰਤ ਵਿੱਚ ਹਰਾਉਣਾ ਚਾਹੁੰਦਾ ਹਾਂ।"

"ਜੇਕਰ ਤੁਸੀਂ ਟੀਮ 'ਚ ਨਹੀਂ ਹੋ ਤਾਂ ਇਹ ਜਿੱਤ ਉਹੋ-ਜਿਹੀ ਨਹੀਂ ਹੋਵੇਗੀ। ਕਮ ਔਨ, ਆਖ਼ਰੀ ਵਾਰ ਇੱਕ ਦੂਜੇ ਨਾਲ ਭਿੜਦੇ ਹਾਂ। ਇਹ 1986 ਦੀ ਗੱਲ ਹੈ ਅਤੇ ਅਸੀਂ ਲੰਡਨ ਵਿੱਚ ਇਕੱਠੇ ਲੰਚ ਕਰ ਰਹੇ ਸੀ। ਅਸੀਂ ਦੋਵੇਂ ਇੱਕ ਦੂਜੇ ਨੂੰ 1971 ਤੋਂ ਜਾਣਦੇ ਹਾਂ ਜਦੋਂ ਇਮਰਾਨ ਕਾਉਂਟੀ ਟੀਮ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ।"

ਕ੍ਰਿਕਟ

ਤਸਵੀਰ ਸਰੋਤ, Getty Images

ਪਾਕਿਸਤਾਨੀ ਕ੍ਰਿਕਟਰ ਅਤੇ ਬਾਲੀਵੁੱਡ

ਸੀਨੀਅਰ ਪਾਕਿਸਤਾਨੀ ਪੱਤਰਕਾਰ ਰਾਸ਼ਿਦ ਸ਼ਕੂਰ ਦਿ ਸੈਕਿੰਡ ਇਨਿੰਗ ਨਾਂ ਦਾ ਯੂ-ਟਿਊਬ ਚੈਨਲ ਚਲਾਉਂਦੇ ਹਨ। ਆਪਣੇ ਚੈਨਲ 'ਤੇ ਪਾਕਿਸਤਾਨੀ ਗੇਂਦਬਾਜ਼ ਸਿਕੰਦਰ ਬਖ਼ਤ ਨੇ ਭਾਰਤ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ, ਜੋ 1979-80 'ਚ ਭਾਰਤ ਆਏ ਸਨ।

ਸਿਕੰਦਰ ਬਖ਼ਤ ਕਹਿੰਦੇ ਹਨ, "ਸਾਡੀ ਅਦਾਕਾਰਾ ਰੀਨਾ ਰਾਏ ਅਤੇ ਉਸ ਦੇ ਪਰਿਵਾਰ ਨਾਲ ਦੋਸਤੀ ਕਰ ਲਈ। ਇੱਕ ਵਾਰ ਰੀਨਾ ਰਾਏ ਨੇ ਕਿਹਾ ਕਿ ਉਹ ਪਾਕਿਸਤਾਨੀ ਟੀਮ ਲਈ ਇੱਕ ਪਾਰਟੀ ਹੋਸਟ ਕਰਨਾ ਚਾਹੁੰਦੀ ਹੈ।"

"ਅਮਿਤਾਭ, ਫਿਰੋਜ਼, ਰੇਖਾ ਸਾਰੇ ਪਾਰਟੀ 'ਚ ਪਹੁੰਚੇ। ਇਸ ਤੋਂ ਇਲਾਵਾ ਮੈਂ ਲਕਸ਼ਮੀਕਾਂਤ-ਪਿਆਰੇਲਾਲ ਨਾਲ ਮੇਰੀ ਗੂੜੀ ਦੋਸਤੀ ਹੋ ਗਈ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਗੀਤ ਪਾਕਿਸਤਾਨੀ ਸਕੂਲਾਂ ਦੀਆਂ ਬੱਸਾਂ ਵਿੱਚ ਬਹੁਤ ਵਜਾਇਆ ਜਾਂਦਾ ਹੈ-ਚਲ ਚੱਲ ਮੇਰੇ ਭਾਈ।"

"ਉਸ ਸਮੇਂ ਇਹ ਫਿਲਮ ਰਿਲੀਜ਼ ਨਹੀਂ ਹੋਈ ਸੀ ਅਤੇ ਨਾ ਹੀ ਗੀਤ ਬਾਹਰ ਆਇਆ ਸੀ। ਲਕਸ਼ਮੀਕਾਂਤ ਹੈਰਾਨ ਰਹਿ ਗਏ ਸਨ। ਉਹ ਮੈਨੂੰ ਕਿਸ਼ੋਰ ਕੁਮਾਰ ਦੀ ਰਿਕਾਰਡਿੰਗ 'ਤੇ ਲੈ ਕੇ ਗਏ। ਜਦੋਂ ਮੈਂ ਉਨ੍ਹਾਂ ਨੂੰ ਫਿਲਮ ਜਨੂਨ ਦੇਖਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਮੇਰੇ ਲਈ ਇੱਕ ਵਿਸ਼ੇਸ਼ ਸ਼ੋਅ ਦਾ ਪ੍ਰਬੰਧ ਕੀਤਾ। ਪ੍ਰੇਮ ਚੋਪੜਾ ਜੀ ਨਾਲ ਮੇਰੀ ਦੋਸਤੀ ਸੀ ਅਤੇ ਅਸੀਂ ਇੱਕ ਦੂਜੇ ਨੂੰ ਚਿੱਠੀਆਂ ਲਿਖਦੇ ਸੀ। ਕੁਝ ਅਜਿਹਾ ਰਿਸ਼ਤਾ ਸੀ।"

ਇਸ ਤਰ੍ਹਾਂ ਦਾ ਰਿਸ਼ਤਾ ਪਾਕਿਸਤਾਨੀ ਅਤੇ ਭਾਰਤੀ ਖਿਡਾਰੀਆਂ ਵਿਚਾਲੇ ਮੁਕਾਬਲੇ ਦੇ ਨਾਲ-ਨਾਲ ਲਗਾਤਾਰ ਚੱਲਦਾ ਆ ਰਿਹਾ ਹੈ।

ਏਸ਼ੀਆ ਕੱਪ ਵਾਂਗ ਅਸੀਂ ਦੇਖਿਆ ਕਿ ਕਿਵੇਂ ਸ਼ਾਹੀਨ ਅਫਰੀਦੀ ਨੇ ਪਿਤਾ ਬਣਨ 'ਤੇ ਜਸਪ੍ਰੀਤ ਬੁਮਰਾਹ ਨੂੰ ਖ਼ਾਸ ਤੋਹਫਾ ਦਿੱਤਾ। ਇਸ ਤੋਂ ਪਹਿਲਾਂ ਪਿਛਲੇ ਸਾਲ ਭਾਰਤੀ ਮਹਿਲਾ ਖਿਡਾਰਨਾਂ ਨੂੰ ਪਾਕਿਸਤਾਨੀ ਕਪਤਾਨ ਬਿਸਮਾਹ ਮਾਰੂਫ ਦੀ ਬੇਟੀ ਨਾਲ ਤਸਵੀਰਾਂ ਖਿਚਵਾਉਂਦੇ ਦੇਖਿਆ ਗਿਆ ਸੀ।

ਕ੍ਰਿਕਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਤਖਾਬ ਆਲਮ, ਸ਼ਫਕਤ ਰਾਣਾ ਅਤੇ ਬਿਸ਼ਨ ਸਿੰਘ ਬੇਦੀ ਕਰਤਾਰਪੁਰ ਸਾਹਿਬ ਵਿਖੇ ਮਿਲੇ

ਕੂਟਨੀਤੀ ਅਤੇ ਕ੍ਰਿਕਟ

ਭਾਰਤ ਦੇ ਸਬੰਧਾਂ ਦੇ ਉਤਰਾਅ-ਚੜਾਅ ਵਿੱਚ ਕਈ ਵਾਰ ਕ੍ਰਿਕਟ ਨੂੰ ਕੂਟਨੀਤੀ ਦੇ ਇੱਕ ਰੂਪ ਵਜੋਂ ਵੀ ਵਰਤਿਆ ਗਿਆ ਹੈ। ਜਦੋਂ 2004 'ਚ ਸੌਰਵ ਗਾਂਗੁਲੀ ਦੀ ਅਗਵਾਈ 'ਚ ਭਾਰਤੀ ਟੀਮ ਪਾਕਿਸਤਾਨ ਗਈ ਸੀ ਤਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਵਾਜਪਾਈ ਨੇ ਕਿਹਾ ਸੀ ਕਿ ਸਿਰਫ਼ ਖੇਡ ਹੀ ਨਹੀਂ, ਦਿਲ ਵੀ ਜਿੱਤੋ।

ਅਪ੍ਰੈਲ 2005 ਵਿੱਚ, ਪਰਵੇਜ਼ ਮੁਸ਼ੱਰਫ਼ ਭਾਰਤ ਦਾ ਇੱਕ ਕ੍ਰਿਕਟ ਮੈਚ ਦੇਖਣ ਆਏ ਤਾਂ 2011 ਵਿੱਚ ਸੈਮੀਫਾਈਨਲ ਮੈਚ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਸ ਸਮੇਂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰ ਬੁਲਾਇਆ ਸੀ।

ਇਸ ਤੋਂ ਪਹਿਲਾਂ 1987 'ਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜ਼ਿਆ ਉਲ ਹੱਕ ਵੀ ਮੈਚ ਦੇਖਣ ਲਈ ਭਾਰਤ ਪਹੁੰਚੇ ਸਨ, ਜਦੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਜ਼ਬਰਦਸਤ ਤਣਾਅ ਚੱਲ ਰਿਹਾ ਸੀ।

ਕ੍ਰਿਕੇਟ ਕੂਟਨੀਤੀ ਦੇ ਇਨ੍ਹਾਂ ਪੁਰਾਣੇ ਯਤਨਾਂ ਦੇ ਵਿਚਾਲੇ, ਹੁਣ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਨਿਰਪੱਖ ਮੈਦਾਨਾਂ 'ਤੇ ਹੀ ਖੇਡਦੀਆਂ ਹਨ, ਯਾਨਿ ਮੈਚ ਨਾ ਤਾਂ ਭਾਰਤ ਅਤੇ ਨਾ ਹੀ ਪਾਕਿਸਤਾਨ ਵਿੱਚ ਹੁੰਦੇ ਹਨ, ਪਰ ਕਿਸੇ ਤੀਜੇ ਥਾਂ 'ਤੇ ਹੁੰਦੇ ਹਨ।

ਬਿਸ਼ਨ ਸਿੰਘ ਬੇਦੀ ਅਤੇ ਇੰਤਖ਼ਾਬ ਆਲਮ ਨੂੰ ਮਿਲੇ

ਤਸਵੀਰ ਸਰੋਤ, INTIKHAB ALAM

ਤਸਵੀਰ ਕੈਪਸ਼ਨ, ਬਿਸ਼ਨ ਸਿੰਘ ਬੇਦੀ ਜਦੋਂ ਆਪਣੇ 60 ਦੇ ਦਹਾਕੇ ਦੇ ਦੋਸਤ ਇੰਤਖ਼ਾਬ ਆਲਮ ਨੂੰ ਮਿਲੇ

ਦੋਵਾਂ ਟੀਮਾਂ ਵਿਚਾਲੇ ਮੁਕਾਬਲੇ ਹੁੰਦੇ ਹਨ, ਜਿੱਤਾਂ-ਹਾਰਾਂ ਹੁੰਦੀਆਂ ਹਨ, ਪਰ ਇਕ-ਦੂਜੇ ਦੀਆਂ ਥਾਵਾਂ 'ਤੇ ਜੋ ਇਕੱਠ ਅਤੇ ਫਿਲਮਾਂ ਹੁੰਦੀਆਂ ਸਨ, ਉਹ ਪੁਰਾਣੇ ਸਮਿਆਂ ਦੀ ਯਾਦ ਬਣ ਕੇ ਰਹਿ ਗਿਆ ਹੈ।

ਫਿਰ ਵੀ ਕੁਝ ਤਸਵੀਰਾਂ ਸਾਨੂੰ ਸਮੇਂ-ਸਮੇਂ 'ਤੇ ਇਨ੍ਹਾਂ ਦੋਸਤੀਆਂ ਦੀ ਯਾਦ ਦਿਵਾਉਂਦੀਆਂ ਹਨ।

ਮਿਸਾਲ ਵਜੋਂ, ਜਦੋਂ ਆਪਣੀ ਬਿਮਾਰੀ ਤੋਂ ਠੀਕ ਹੋਣ ਮਗਰੋਂ ਬਿਸ਼ਨ ਸਿੰਘ ਬੇਦੀ, 2022 ਵਿੱਚ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਗਏ, ਜਿੱਥੇ ਉਨ੍ਹਾਂ ਦੇ ਪਾਕਿਸਤਾਨੀ ਕ੍ਰਿਕਟਰ ਦੋਸਤ ਇੰਤਿਖ਼ਾਬ ਆਲਮ ਅਤੇ ਸ਼ਫਕਤ ਰਾਣਾ ਗੁਰਦੁਆਰੇ ਵਿੱਚ ਉਨ੍ਹਾਂ ਨੂੰ ਮਿਲਣ ਆਏ ਸਨ

ਸਾਲਾਂ ਬਾਅਦ ਮਿਲੇ ਇਨ੍ਹਾਂ ਤਿੰਨਾਂ ਦੋਸਤਾਂ ਨੇ ਜੱਫੀ ਪਾਈ, ਇਕੱਠੇ ਪੁਰਾਣੇ ਗੀਤ ਗਾਏ, ਰੋਏ, ਲੰਗਰ ਛਕਿਆ ਅਤੇ ਕੁਝ ਨਵੀਂਆਂ ਯਾਦਾਂ ਕਾਇਮ ਕੀਤੀਆਂ।

ਇਹ ਉਹੀ ਇੰਤਿਖਾਬ ਆਲਮ ਹੈ ਜੋ ਪਾਕਿਸਤਾਨ ਲਈ ਖੇਡੇ ਅਤੇ 2004 ਵਿੱਚ ਭਾਰਤ ਵਿੱਚ ਪੰਜਾਬ ਦੀ ਰਣਜੀ ਟੀਮ ਦੇ ਕੋਚ ਬਣੇ। ਉਹੀ ਪੰਜਾਬ ਜਿੱਥੇ 1941 ਵਿੱਚ ਹੁਸ਼ਿਆਰਪੁਰ ਵਿੱਚ ਪੈਦਾ ਹੋਏ ਸਨ।

ਭਾਵ ਭਾਰਤ-ਪਾਕਿਸਤਾਨ ਵਿਚਾਲੇ ਉਨ੍ਹਾਂ ਦੀ ਜ਼ਿੰਦਗੀ ਦਾ ਅੰਤ ਮੁੜ ਉਸੇ ਥਾਂ 'ਤੇ ਆ ਗਿਆ ਜਿੱਥੋਂ ਸ਼ੁਰੂ ਹੋਇਆ ਸੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)