ਲੀਬੀਆ 'ਚ ਬਲਾਤਕਾਰ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਸੁਡਾਨੀ ਔਰਤਾਂ ਦੀ ਹੱਡਬੀਤੀ

- ਲੇਖਕ, ਅਮੀਰਾ ਮਹਾਧਾਬੀ
- ਰੋਲ, ਬੀਬੀਸੀ ਪੱਤਰਕਾਰ
ਲੈਲਾ ਨੇ ਫ਼ੋਨ 'ਤੇ ਦੱਬੀ ਹੋਈ ਆਵਾਜ਼ ਵਿੱਚ ਕਿਹਾ,"ਅਸੀਂ ਹਰ ਵੇਲੇ ਦਹਿਸ਼ਤ ਵਿੱਚ ਰਹਿੰਦੀਆਂ ਹਾਂ।"
ਉਹ ਇੱਕ ਸੁਰੱਖਿਅਤ ਥਾਂ ਦੀ ਭਾਲ ਵਿੱਚ ਪਿਛਲੇ ਸਾਲ ਦੇ ਸ਼ੁਰੂ ਵਿੱਚ ਆਪਣੇ ਪਤੀ ਅਤੇ ਛੇ ਬੱਚਿਆਂ ਨਾਲ ਸੁਡਾਨ ਤੋਂ ਭੱਜ ਗਈ ਸੀ ਅਤੇ ਹੁਣ ਲੀਬੀਆ ਵਿੱਚ ਹੈ।
ਲੈਲਾ ਦਾ ਨਾਮ ਬਦਲਿਆ ਗਿਆ ਹੈ। ਉਨ੍ਹਾਂ ਸਾਰੀਆਂ ਸੁਡਾਨੀ ਔਰਤਾਂ, ਜਿਨ੍ਹਾਂ ਨੇ ਬੀਬੀਸੀ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ, ਉਹਨਾਂ ਦੀ ਪਛਾਣ ਸ਼ਨਾਖ਼ਤ ਹੋ ਜਾਣ ਤੋਂ ਬਚਾਉਣ ਲਈ ਜ਼ਾਹਰ ਨਹੀਂ ਕੀਤੀ ਜਾ ਰਹੀ।
ਚੇਤਾਵਨੀ: ਇਸ ਕਹਾਣੀ ਵਿੱਚ ਵੇਰਵੇ ਪਰੇਸ਼ਾਨ ਕਰ ਸਕਦੇ ਹਨ।

ਲੈਲਾ ਦੀ ਹੱਡਬੀਤੀ
ਕੰਬਦੀ ਆਵਾਜ਼ ਵਿੱਚ ਲੈਲਾ ਨੇ ਦੱਸਿਆ ਕਿ ਕਿਵੇਂ 2023 ਵਿੱਚ ਸੁਡਾਨ ਦੇ ਹਿੰਸਕ ਘਰੇਲੂ ਯੁੱਧ ਦੌਰਾਨ ਓਮਦੁਰਮਨ ਵਿੱਚ ਉਨ੍ਹਾਂ ਦੇ ਘਰ 'ਤੇ ਛਾਪਾ ਮਾਰਿਆ ਗਿਆ ਸੀ।
ਪਰਿਵਾਰ ਪਹਿਲਾਂ ਮਿਸਰ ਗਿਆ ਅਤੇ ਫਿਰ ਉਨ੍ਹਾਂ ਨੇ ਲੀਬੀਆ ਜਾਣ ਲਈ ਤਸਕਰਾਂ ਨੂੰ 350 ਡਾਲਰ ਦਿੱਤੇ।
ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਜ਼ਿੰਦਗੀ ਬਿਹਤਰ ਹੋਵੇਗੀ ਅਤੇ ਉਹ ਸਫ਼ਾਈ ਅਤੇ ਪਰਾਹੁਣਚਾਰੀ (ਹੌਸਪੀਟੈਲਿਟੀ) ਵਿੱਚ ਨੌਕਰੀਆਂ ਲੱਭ ਸਕਣਗੇ।
ਲੈਲਾ ਦੱਸਦੇ ਹਨ ਕਿ ਜਿਵੇਂ ਹੀ ਉਨ੍ਹਾਂ ਨੇ ਸਰਹੱਦ ਪਾਰ ਹੋਈ, ਤਸਕਰਾਂ ਨੇ ਉਨ੍ਹਾਂ ਨੂੰ ਬੰਧਕ ਬਣਾ ਲਿਆ, ਕੁੱਟਮਾਰ ਕੀਤੀ ਅਤੇ ਹੋਰ ਪੈਸਿਆਂ ਦੀ ਮੰਗ ਕੀਤੀ।
ਲੈਲਾ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਬੇਟੇ ਦੇ ਚਿਹਰੇ 'ਤੇ ਵਾਰ-ਵਾਰ ਸੱਟ ਲੱਗਣ ਤੋਂ ਬਾਅਦ ਉਸ ਨੂੰ ਡਾਕਟਰੀ ਸਹਾਇਤਾ ਦੀ ਲੋੜ ਸੀ।"
ਤਸਕਰਾਂ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਬਾਅਦ ਬਿਨਾਂ ਕਾਰਨ ਦੱਸੇ ਛੱਡ ਦਿੱਤਾ।
ਲੈਲਾ ਨੇ ਸੋਚਿਆ ਕਿ ਲੀਬੀਆ ਵਿੱਚ ਉਨ੍ਹਾਂ ਦੀ ਨਵੀਂ ਜ਼ਿੰਦਗੀ ਬਿਹਤਰ ਹੋਣ ਲੱਗੀ ਹੈ। ਪਰਿਵਾਰ ਪੱਛਮ ਵੱਲ ਜਾਣ ਵਿੱਚ ਕਾਮਯਾਬ ਹੋ ਗਿਆ ਅਤੇ ਉਨ੍ਹਾਂ ਨੇ ਰਹਿਣ ਲਈ ਇੱਕ ਕਮਰਾ ਕਿਰਾਏ 'ਤੇ ਲੈ ਲਿਆ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਪਰ ਇੱਕ ਦਿਨ ਲੈਲਾ ਦਾ ਪਤੀ ਕੰਮ ਦੀ ਭਾਲ ਵਿੱਚ ਗਿਆ ਅਤੇ ਕਦੇ ਵਾਪਸ ਨਹੀਂ ਆਇਆ।
ਫਿਰ ਇੱਕ ਵਿਅਕਤੀ ਜੋ ਲੈਲਾ ਦੀ ਨੌਕਰੀ ਕਰਕੇ ਪਰਿਵਾਰ ਦਾ ਜਾਣਕਾਰ ਸੀ, ਨੇ ਉਨ੍ਹਾਂ ਦੀ 19 ਸਾਲਾ ਧੀ ਨਾਲ ਬਲਾਤਕਾਰ ਕੀਤਾ।
ਲੈਲਾ ਕਹਿੰਦੇ ਹਨ, "ਉਸਨੇ ਮੇਰੀ ਧੀ ਨੂੰ ਕਿਹਾ ਕਿ ਉਹ ਉਸਦੀ ਛੋਟੀ ਭੈਣ ਨਾਲ ਬਲਾਤਕਾਰ ਕਰੇਗਾ ਜੇ ਉਹ ਇਸ ਸਭ ਬਾਰੇ ਕਿਸੇ ਨੂੰ ਦੱਸੇਗੀ।"
ਉਹ ਮੁੜ ਦੱਬੀ ਜਿਹੀ ਆਵਾਜ਼ ਵਿੱਚ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਦੀ ਮਕਾਨ ਮਾਲਕਣ ਨੂੰ ਧਮਕੀਆਂ ਬਾਰੇ ਪਤਾ ਲੱਗਦਾ ਤਾਂ ਪਰਿਵਾਰ ਨੂੰ ਘਰੋਂ ਕੱਢ ਦਿੱਤਾ ਜਾਂਦਾ।

ਤਸਵੀਰ ਸਰੋਤ, Getty Images
ਲੈਲਾ ਕਹਿੰਦੇ ਹਨ ਕਿ ਉਹ ਹੁਣ ਲੀਬੀਆ ਵਿੱਚ ਫ਼ਸੇ ਹੋਏ ਹਨ, ਉਨ੍ਹਾਂ ਕੋਲ ਵਾਪਸ ਜਾਣ ਲਈ ਤਸਕਰਾਂ ਨੂੰ ਭੁਗਤਾਨ ਕਰਨ ਲਈ ਪੈਸੇ ਨਹੀਂ ਹਨ ਅਤੇ ਨਾ ਹੀ ਉਹ ਜੰਗ ਦੇ ਮੈਦਾਨ ਸੁਡਾਨ ਵਾਪਸ ਨਹੀਂ ਜਾ ਸਕਦੇ ਹਨ।
ਉਨ੍ਹਾਂ ਦੇ ਬੱਚੇ ਸਕੂਲ ਨਹੀਂ ਜਾਂਦੇ। ਲੈਲਾ ਕਹਿੰਦੇ ਹਨ,"ਸਾਡੇ ਕੋਲ ਸਿਰਫ਼ ਖਾਣਾ ਹੈ।"
"ਮੇਰਾ ਬੇਟਾ ਘਰ ਛੱਡਣ ਤੋਂ ਡਰਦਾ ਹੈ ਕਿਉਂਕਿ ਹੋਰ ਬੱਚੇ ਅਕਸਰ ਉਸਨੂੰ ਕੁੱਟਦੇ ਹਨ ਅਤੇ ਕਾਲੇ ਹੋਣ ਲਈ ਉਸਨੂੰ ਬੇਇੱਜ਼ਤ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਮੇਰਾ ਦਿਮਾਗ਼ ਖ਼ਰਾਬ ਹੋ ਜਾਵੇਗਾ।"
2023 ਵਿੱਚ ਫ਼ੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਆਰਐੱਸਐੱਫ) ਵਿਚਕਾਰ ਲੜਾਈ ਸ਼ੁਰੂ ਹੋਣ ਤੋਂ ਬਾਅਦ ਲੱਖਾਂ ਲੋਕ ਸੁਡਾਨ ਤੋਂ ਭੱਜ ਗਏ ਹਨ।
ਸੁਡਾਨ ਤੋਂ ਲੀਬੀਆ ਵੱਲ ਪਰਵਾਸ
ਦੋਵਾਂ ਧਿਰਾਂ ਨੇ ਸਾਂਝੇ ਤੌਰ 'ਤੇ 2021 ਵਿੱਚ ਤਖਤਾ ਪਲਟ ਕੀਤਾ ਸੀ, ਪਰ ਉਨ੍ਹਾਂ ਦੇ ਕਮਾਂਡਰਾਂ ਵਿਚਕਾਰ ਸੱਤਾ ਸੰਘਰਸ਼ ਨੇ ਦੇਸ਼ ਨੂੰ ਘਰੇਲੂ ਜੰਗ ਵਿੱਚ ਧੱਕ ਦਿੱਤਾ।
ਮਾਹਰਾਂ ਦਾ ਕਹਿਣਾ ਹੈ ਕਿ 1.2 ਕਰੋੜ ਤੋਂ ਵੱਧ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਗਏ ਹਨ। ਕਰੀਬ ਪੰਜ ਖੇਤਰਾਂ ਵਿੱਚ ਅਕਾਲ ਫ਼ੈਲ ਗਿਆ ਹੈ, ਜਿਸ ਨਾਲ 24.6 ਕਰੋੜ ਲੋਕ ਪ੍ਰਭਾਵਿਤ ਹੋਏ ਹਨ ਜੋ ਕਿ ਤਕਰਬੀਨ ਅੱਧੀ ਆਬਾਦੀ ਹੈ ਅਤੇ ਉਨ੍ਹਾਂ ਨੂੰ ਭੋਜਨ ਸਹਾਇਤਾ ਦੀ ਫ਼ੌਰੀ ਲੋੜ ਹੈ।
ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦਾ ਕਹਿਣਾ ਹੈ ਕਿ 2,10,000 ਤੋਂ ਵੱਧ ਸੂਡਾਨੀ ਸ਼ਰਨਾਰਥੀ ਹੁਣ ਲੀਬੀਆ ਵਿੱਚ ਰਹਿ ਰਹੇ ਹਨ।
ਬੀਬੀਸੀ ਨੇ ਪੰਜ ਸੂਡਾਨੀ ਪਰਿਵਾਰਾਂ ਨਾਲ ਗੱਲ ਕੀਤੀ ਹੈ ਜੋ ਪਹਿਲਾਂ ਮਿਸਰ ਗਏ ਸਨ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉੱਤੇ ਨਸਲਵਾਦ ਅਤੇ ਹਿੰਸਾ ਦਾ ਸਾਹਮਣਾ ਕਰਨਾ ਪਿਆ।
ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਲੀਬੀਆ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਬਿਹਤਰ ਨੌਕਰੀ ਦੇ ਮੌਕਿਆਂ ਦੀ ਆਸ ਸੀ।
ਅਸੀਂ ਉਨ੍ਹਾਂ ਨਾਲ ਸੰਪਰਕ ਲੀਬੀਆ ਵਿੱਚ ਪ੍ਰਵਾਸ ਅਤੇ ਸ਼ਰਣ ਦੇ ਮਸਲੇ ਉੱਤੇ ਖੋਜ ਕਰਨ ਵਾਲੇ ਮਾਹਰ ਜ਼ਰੀਏ ਕੀਤਾ।
ਔਰਤਾਂ ਤੇ ਬੱਚਿਆਂ 'ਤੇ ਤਸ਼ੱਦਦ

ਤਸਵੀਰ ਸਰੋਤ, Getty Images
ਸਲਮਾ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਜਦੋਂ ਸੂਡਾਨ ਵਿੱਚ ਘਰੇਲੂ ਜੰਗ ਸ਼ੁਰੂ ਹੋਈ ਤਾਂ ਉਹ ਆਪਣੇ ਪਤੀ ਅਤੇ ਤਿੰਨ ਬੱਚਿਆਂ ਨਾਲ ਮਿਸਰ ਦੇ ਕਾਇਰੋ ਵਿੱਚ ਰਹਿ ਰਹੀ ਸੀ। ਪਰ ਜਦੋਂ ਵੱਡੀ ਗਿਣਤੀ ਵਿੱਚ ਸ਼ਰਨਾਰਥੀ ਉੱਥੇ ਆ ਗਏ ਤਾਂ ਪਰਵਾਸੀਆਂ ਲਈ ਹਾਲਾਤ ਵਿਗੜ ਗਏ।
ਸਲਮਾ ਕਹਿੰਦੇ ਹਨ ਕਿ ਉਨ੍ਹਾਂ ਨੇ ਲੀਬੀਆ ਜਾਣ ਦਾ ਫ਼ੈਸਲਾ ਲਿਆ, ਪਰ ਉੱਥੇ ਰਹਿਣਾ ਨਰਕ ਵਰਗਾ ਸੀ।
ਉਹ ਦੱਸਦੇ ਹਨ ਕਿ ਕਿਸੇ ਤਰੀਕੇ ਉਨ੍ਹਾਂ ਨੇ ਸਰਹੱਦ ਪਾਰ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਤਸਕਰਾਂ ਨੇ ਇੱਕ ਗੋਦਾਮ ਵਿੱਚ ਰੱਖਿਆ ਸੀ।
ਉਨ੍ਹਾਂ ਨੂੰ ਗੁਦਾਮ ਵਿੱਚ ਰੱਖਣ ਵਾਲੇ ਲੋਕ ਪੈਸੇ ਦੀ ਮੰਗ ਕਰਦੇ ਸਨ। ਪਰ ਉਨ੍ਹਾਂ ਕੋਲ ਜੋ ਪੈਸੇ ਸਨ ਉਹ ਉਨ੍ਹਾਂ ਨੇ ਮਿਸਰ ਵਾਲੇ ਪਾਸਿਓਂ ਚੱਲਣ ਤੋਂ ਪਹਿਲਾਂ ਹੀ ਤਸਕਰਾਂ ਨੂੰ ਦੇ ਦਿੱਤੇ ਸਨ।
ਉਨ੍ਹਾਂ ਦੇ ਪਰਿਵਾਰ ਨੇ ਗੋਦਾਮ ਵਿੱਚ ਕਰੀਬ ਦੋ ਮਹੀਨੇ ਬਿਤਾਏ।
ਇੱਕ ਸਮਾਂ ਅਜਿਹਾ ਆਇਆ ਜਦੋਂ ਸਲਮਾ ਨੂੰ ਉਨ੍ਹਾਂ ਦੇ ਪਤੀ ਤੋਂ ਵੱਖ ਕਰ ਦਿੱਤਾ ਗਿਆ ਅਤੇ ਔਰਤਾਂ ਅਤੇ ਬੱਚਿਆਂ ਲਈ ਬਣਾਏ ਗਏ ਇੱਕ ਕਮਰੇ ਵਿੱਚ ਲਿਜਾਇਆ ਗਿਆ।
ਉਹ ਕਹਿੰਦੀ ਹੈ ਕਿ ਇੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਦੋ ਸਭ ਤੋਂ ਵੱਡੇ ਬੱਚਿਆਂ ਨੂੰ ਕਈ ਤਰ੍ਹਾਂ ਦੀ ਬੇਰਹਿਮੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਪੈਸੇ ਚਾਹੁੰਦੇ ਸਨ।
"ਉਨ੍ਹਾਂ ਦੇ ਕੋੜਿਆਂ ਨੇ ਨਿਸ਼ਾਨ ਸਾਡੇ ਸਰੀਰ 'ਤੇ ਹਾਲੇ ਵੀ ਮੌਜੂਦ ਹਨ। ਜਦੋਂ ਮੈਂ ਦੇਖਿਆ ਤਾਂ ਉਹ ਮੇਰੀ ਧੀ ਨੂੰ ਕੁੱਟਦੇ ਸਨ ਅਤੇ ਮੇਰੇ ਪੁੱਤ ਦੇ ਹੱਥ ਤੰਦੂਰ ਵਿੱਚ ਪਾ ਦਿੰਦੇ ਸਨ।
"ਕਈ ਵਾਰ ਮੈਂ ਚਾਹੁੰਦੀ ਸਾਂ ਕਿ ਅਸੀਂ ਸਾਰੇ ਇਕੱਠੇ ਮਰ ਜਾਈਏ। ਮੈਂਨੂੰ ਹੋਰ ਕੋਈ ਰਾਹ ਨਹੀਂ ਸੀ ਸੁਝ ਰਿਹਾ।"
ਭੁੱਖ ਕਾਰਨ ਪੁੱਤ ਦੀ ਮੌਤ

ਤਸਵੀਰ ਸਰੋਤ, Getty Images
ਸਲਮਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਅਤੇ ਧੀ ਇਸ ਤਜ਼ਰਬੇ ਤੋਂ ਸਦਮੇ ਵਿੱਚ ਸਨ ਅਤੇ ਉਦੋਂ ਤੋਂ ਉਹ ਮਾਨਸਿਕ ਅਸੰਤੁਲਨ ਤੋਂ ਪੀੜਤ ਹਨ।
ਉਹ ਫਿਰ ਥੋੜਾ ਹੌਲੀ ਬੋਲਣ ਲੱਗਦੇ ਹਨ।
ਉਹ ਕਹਿੰਦੇ ਹਨ,"ਉਹ ਮੈਨੂੰ ਇੱਕ ਵੱਖਰੇ ਕਮਰੇ ਵਿੱਚ ਲੈ ਜਾਂਦੇ ਸਨ, 'ਰੇਪ ਰੂਮ', ਹਰ ਵਾਰ ਵੱਖ-ਵੱਖ ਆਦਮੀ ਹੁੰਦੇ ਸਨ।"
"ਮੈਂ ਉਨ੍ਹਾਂ ਵਿੱਚੋਂ ਇੱਕ ਦੇ ਬੱਚੇ ਨੂੰ ਜਨਮ ਦਿੱਤਾ।"
ਆਖਰਕਾਰ, ਸਲਮਾ ਨੇ ਮਿਸਰ ਤੋਂ ਇੱਕ ਦੋਸਤ ਦੀ ਮਦਦ ਨਾਲ ਪੈਸੇ ਜੁਟਾਏ ਅਤੇ ਉਨ੍ਹਾਂ ਦਾ ਪਰਿਵਾਰ ਤਸਕਰਾਂ ਦੇ ਚੁੰਗਲ ਤੋਂ ਨਿਕਲ ਸਕਿਆ।
ਉਹ ਕਹਿੰਦੇ ਹਨ ਕਿ ਇੱਕ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਗਰਭਪਾਤ ਨਹੀਂ ਹੋ ਸਕਦਾ ਕਿਉਂਕਿ ਇਸ ਲਈ ਬਹੁਤ ਦੇਰ ਹੋ ਗਈ ਸੀ।
ਇਸ ਤੋਂ ਬਾਅਦ ਸਲਮਾ ਕੂੜੇ ਦੇ ਢੇਰਾਂ ਤੋਂ ਬਚਿਆ ਹੋਇਆ ਖਾਣਾ ਖਾਣ ਲਈ ਮਜ਼ਬੂਰ ਹੋ ਗਏ ਉਨ੍ਹਾਂ ਨੇ ਗਲੀਆਂ ਵਿੱਚ ਭੀਖ ਵੀ ਮੰਗੀ।
ਉਨ੍ਹਾਂ ਨੇ ਉੱਤਰ-ਪੱਛਮੀ ਲੀਬੀਆ ਦੇ ਇੱਕ ਦੂਰ-ਦੁਰਾਡੇ ਖੇਤ ਵਿੱਚ ਥੋੜ੍ਹੇ ਸਮੇਂ ਲਈ ਪਨਾਹ ਲਈ। ਉਥੇ ਉਨ੍ਹਾਂ ਨੇ ਸਾਰਾ-ਸਾਰਾ ਦਿਨ ਬਿਨਾਂ ਭੋਜਨ ਦੇ ਬਿਤਾਇਆ।
ਉਨ੍ਹਾਂ ਨੇ ਆਪਣੀ ਪਿਆਸ ਬੁਝਾਉਣ ਲਈ ਨੇੜਲੇ ਖੂਹ ਦਾ ਦੂਸ਼ਿਤ ਪਾਣੀ ਪੀਤਾ।
ਸਲਮਾ ਜਦੋਂ ਫ਼ੋਨ 'ਤੇ ਗੱਲ ਕਰੇ ਰਹੇ ਸਨ ਤਾਂ ਪਿੱਛੇ ਉਨ੍ਹਾਂ ਬੱਚੇ ਦੇ ਉੱਚੀ-ਉੱਚੀ ਰੋਣ ਦੀ ਆਵਾਜ਼ ਆ ਰਹੀ ਸੀ।
ਉਨ੍ਹਾਂ ਦੱਸਿਆ, "ਇਹ ਸੁਣ ਕੇ ਕਿ ਮੇਰਾ ਵੱਡਾ ਪੁੱਤ ਭੁੱਖ ਨਾਲ ਮਰ ਗਿਆ, ਮੇਰਾ ਦਿਲ ਡੁੱਬ ਗਿਆ।"
"ਉਸ ਨੂੰ ਬਹੁਤ ਭੁੱਖ ਲੱਗੀ ਸੀ। ਪਰ ਮੇਰੇ ਕੋਲ ਕੁਝ ਨਹੀਂ ਹੈ, ਇੱਥੋਂ ਤੱਕ ਕਿ ਉਸ ਨੂੰ ਦੁੱਧ ਪਿਲਾਉਣ ਲਈ ਮੇਰੀਆਂ ਛਾਤੀਆਂ ਵਿੱਚ ਦੁੱਧ ਵੀ ਨਹੀਂ ਹੈ।"
ਧੀਆਂ ਬਲਾਤਕਾਰ ਦਾ ਸ਼ਿਕਾਰ ਹੋਈਆਂ

ਤਸਵੀਰ ਸਰੋਤ, Getty Images
40 ਸਾਲਾ ਜਮੀਲਾ ਵੀ ਦੱਸਦੇ ਹਨ ਕਿ ਉਨ੍ਹਾਂ ਨੇ ਅਜਿਹੀਆਂ ਰਿਪੋਰਟਾਂ ਉੱਤੇ ਭਰੋਸਾ ਕੀਤਾ ਜੋ ਕਹਿੰਦੀਆਂ ਸਨ ਕਿ ਲੀਬੀਆ ਵਿੱਚ ਇੱਕ ਬਿਹਤਰ ਜ਼ਿੰਦਗੀ ਉਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਹੈ।
ਉਹ 2014 ਵਿੱਚ ਸੁਡਾਨ ਦੇ ਪੱਛਮੀ ਖੇਤਰ ਦਾਰਫਰ ਵਿੱਚ ਅਸ਼ਾਂਤੀ ਤੋਂ ਭੱਜਣ ਲਈ ਉਹ ਮਿਸਰ ਗਏ ਅਤੇ ਕਈ ਸਾਲ ਮਿਸਰ 'ਚ ਰਹਿਣ ਤੋਂ ਬਾਅਦ ਉਹ 2023 ਵਿੱਚ ਲੀਬੀਆ ਚਲੇ ਗਏ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਧੀਆਂ ਦਾ ਉਦੋਂ ਤੋਂ ਵਾਰ-ਵਾਰ ਬਲਾਤਕਾਰ ਹੋਇਆ। ਜਦੋਂ ਇਹ ਪਹਿਲੀ ਵਾਰ ਵਾਪਰਿਆ ਤਾਂ ਉਹ 19 ਅਤੇ 20 ਸਾਲ ਦੀਆਂ ਸਨ।
ਉਨ੍ਹਾਂ ਬੀਬੀਸੀ ਨੂੰ ਕਿਹਾ,"ਜਦੋਂ ਮੈਂ ਬੀਮਾਰ ਸੀ, ਮੈਂ ਉਨ੍ਹਾਂ ਨੂੰ ਸਫਾਈ ਦੇ ਕੰਮ ਲਈ ਭੇਜਿਆ। ਉਹ ਰਾਤ ਨੂੰ ਮਿੱਟੀ ਅਤੇ ਖੂਨ ਨਾਲ ਲਿਬੜੀਆਂ ਹੋਈਆਂ ਵਾਪਸ ਆਈਆਂ।"
"ਚਾਰ ਬੰਦਿਆਂ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਜਦੋਂ ਤੱਕ ਕਿ ਉਨ੍ਹਾਂ ਵਿੱਚੋਂ ਇੱਕ ਬੇਹੋਸ਼ ਨਹੀਂ ਹੋ ਗਈ।"
ਜਮੀਲਾ ਦਾ ਕਹਿਣਾ ਹੈ ਕਿ ਉਸ ਨਾਲ ਵੀ ਬਲਾਤਕਾਰ ਕੀਤਾ ਗਿਆ ਸੀ ਅਤੇ ਉਸ ਤੋਂ ਬਹੁਤ ਛੋਟੇ ਇੱਕ ਆਦਮੀ ਨੇ ਉਨ੍ਹਾਂ ਨੂੰ ਹਫ਼ਤਿਆਂ ਤੱਕ ਬੰਧਕ ਬਣਾ ਕੇ ਰੱਖਿਆ। ਉਸੇ ਵਿਅਕਤੀ ਨੇ ਬਾਅਦ ਵਿੱਚ ਜਮੀਲਾ ਨੂੰ ਘਰ ਦੀ ਸਫਾਈ ਕਰਨ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ।
ਜਮੀਲਾ ਦੱਸਦੇ ਹਨ,"ਉਹ ਮੈਨੂੰ 'ਘਿਣਾਉਣੀ ਸਿਆਹਫ਼ਾਮ' ਕਹਿੰਦਾ ਸੀ।"
"ਉਸ ਨੇ ਮੇਰੇ ਨਾਲ ਬਲਾਤਕਾਰ ਕੀਤਾ ਅਤੇ ਕਿਹਾ ਕਿ ਔਰਤਾਂ ਇਸੇ ਲਈ ਹੁੰਦੀਆਂ ਹਨ।"
ਜਮੀਲਾ ਕਹਿੰਦੇ ਹਨ,"ਇਥੋਂ ਦੇ ਬੱਚੇ ਵੀ ਸਾਡੇ ਨਾਲ ਮਾੜਾ ਵਿਵਹਾਰ ਕਰਦੇ ਹਨ। ਉਹ ਸਿਆਹਫ਼ਾਮ ਅਤੇ ਅਫਰੀਕੀ ਹੋਣ ਲਈ ਸਾਡੀ ਬੇਇੱਜ਼ਤੀ ਕਰਦੇ ਹਨ, ਕੀ ਉਹ ਖੁਦ ਅਫਰੀਕਨ ਨਹੀਂ ਹਨ?"
ਜਦੋਂ ਉਨ੍ਹਾਂ ਦੀਆਂ ਧੀਆਂ ਨਾਲ ਪਹਿਲੀ ਵਾਰ ਬਲਾਤਕਾਰ ਹੋਇਆ ਤਾਂ ਜਮੀਲਾ ਉਨ੍ਹਾਂ ਨੂੰ ਹਸਪਤਾਲ ਲੈ ਗਈ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
ਜਮੀਲਾ ਦੱਸਦੇ ਹਨ ਕਿ ਜਦੋਂ ਪੁਲਿਸ ਅਧਿਕਾਰੀ ਨੂੰ ਅਹਿਸਾਸ ਹੋਇਆ ਕਿ ਉਹ ਸ਼ਰਨਾਰਥੀ ਹਨ, ਤਾਂ ਉਸਨੇ ਰਿਪੋਰਟ ਨਾ ਲਿਖੀ ਬਲਕਿ ਉਸਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਧਿਕਾਰਤ ਤੌਰ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਉਸਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।
ਇਹ ਸਾਰਾ ਕੁਝ ਪੱਛਮੀ ਲੀਬੀਆ ਵਿੱਚ ਘਟ ਰਿਹਾ ਸੀ।
ਲੀਬੀਆ ਸ਼ਰਨਾਰਥੀਆਂ ਦਾ ਸਵਾਗਤ ਨਹੀਂ ਕਰਦਾ

ਤਸਵੀਰ ਸਰੋਤ, Getty Images
ਲੀਬੀਆ ਨੇ 1951 ਦੇ ਸ਼ਰਨਾਰਥੀ ਕਨਵੈਨਸ਼ਨ ਜਾਂ ਸ਼ਰਨਾਰਥੀਆਂ ਦੀ ਸਥਿਤੀ ਨਾਲ ਸਬੰਧਤ 1967 ਦੇ ਪ੍ਰੋਟੋਕੋਲ 'ਤੇ ਹਸਤਾਖਰ ਨਹੀਂ ਸਨ ਕੀਤੇ। ਲੀਬੀਆ ਅੱਜ ਵੀ ਸ਼ਰਨਾਰਥੀਆਂ ਅਤੇ ਪਨਾਹ ਮੰਗਣ ਵਾਲਿਆਂ ਨੂੰ "ਗੈਰ-ਕਾਨੂੰਨੀ ਪ੍ਰਵਾਸੀ" ਮੰਨਦਾ ਹੈ।
ਮਨੁੱਖੀ ਅਧਿਕਾਰ ਸਮੂਹ ਲੀਬੀਆ ਕ੍ਰਾਈਮਜ਼ ਵਾਚ ਦੇ ਅਨੁਸਾਰ, ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਹਰੇਕ ਹਿੱਸੇ ਨੂੰ ਇੱਕ ਵੱਖਰੀ ਸਰਕਾਰ ਚਲਾਂਦੀ ਹੈ।
ਇਸ ਮੁਤਾਬਕ ਪੂਰਬ ਵਿੱਚ ਪ੍ਰਵਾਸੀਆਂ ਲਈ ਸਥਿਤੀ ਥੋੜੀ ਸੌਖੀ ਹੈ ਕਿਉਂਕਿ ਉਹ ਹਿਰਾਸਤ ਵਿੱਚ ਲਏ ਬਿਨਾਂ ਅਧਿਕਾਰਤ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਅਤੇ ਸਿਹਤ ਸੰਭਾਲ ਸੇਵਾਵਾਂ ਤੱਕ ਵੀ ਆਸਾਨੀ ਨਾਲ ਪਹੁੰਚ ਸਕਦੇ ਹਨ।
ਹਾਲਾਂਕਿ ਤਸਕਰਾਂ ਵੱਲੋਂ ਚਲਾਈਆਂ ਜਾ ਰਹੀਆਂ ਅਣਅਧਿਕਾਰਤ ਸਹੂਲਤਾਂ ਦੇ ਅੰਦਰ ਜਿਨਸੀ ਹਿੰਸਾ ਆਮ ਹੈ, ਇਸ ਗੱਲ ਦਾ ਵੀ ਸਬੂਤ ਹੈ ਕਿ ਲੀਬੀਆ ਵਿੱਚ, ਖ਼ਾਸ ਕਰਕੇ ਪੱਛਮ ਵਿੱਚ ਅਧਿਕਾਰਤ ਨਜ਼ਰਬੰਦੀ ਕੇਂਦਰਾਂ ਵਿੱਚ ਦੁਰਵਿਵਹਾਰ ਹੋ ਰਿਹਾ ਹੈ।
ਬਿਨ੍ਹਾਂ ਦੱਸਿਆਂ ਹਿਰਾਸਤ 'ਚ ਲੈਣਾ

ਤਸਵੀਰ ਸਰੋਤ, Getty Images
ਹਾਨਾ, ਇੱਕ ਸੂਡਾਨੀ ਔਰਤ ਜੋ ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕਰਨ ਦਾ ਕੰਮ ਕਰਦੀ ਹੈ, ਤਾਂ ਜੋ ਉਨ੍ਹਾਂ ਨੂੰ ਵੇਚ ਕੇ ਆਪਣੇ ਆਪਣੇ ਬੱਚਿਆਂ ਦਾ ਢਿੱਡ ਭਰ ਸਕੇ।
ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਪੱਛਮੀ ਲੀਬੀਆ ਵਿੱਚ ਅਗਵਾ ਕਰ ਲਿਆ ਗਿਆ ਸੀ ਅਤੇ ਇੱਕ ਜੰਗਲ ਵਿੱਚ ਲਿਜਾਇਆ ਗਿਆ ਸੀ ਅਤੇ ਬੰਦੂਕ ਦੀ ਨੋਕ 'ਤੇ ਮਰਦਾਂ ਦੇ ਸਮੂਹਾਂ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਸੀ।
ਅਗਲੇ ਦਿਨ ਉਨ੍ਹਾਂ ਦੇ ਹਮਲਾਵਰ ਉਸ ਨੂੰ ਦੇਸ਼ ਵੱਲੋਂ ਫੰਡ ਪ੍ਰਾਪਤ ਸਟੇਬਿਲਟੀ ਸਪੋਰਟ ਅਥਾਰਿਟੀ (ਐੱਸਐੱਸਏ) ਕੋਲ ਲੈ ਗਏ। ਹਾਨਾ ਨੂੰ ਕਿਸੇ ਨੇ ਨਹੀਂ ਦੱਸਿਆ ਕਿ ਉਸਨੂੰ ਕਿਉਂ ਹਿਰਾਸਤ ਵਿੱਚ ਲਿਆ ਗਿਆ ਸੀ।
ਹਾਨਾ ਬੀਬੀਸੀ ਨੂੰ ਦੱਸਦੇ ਹਨ, "ਮੈਂ ਕੋਲ ਖੜੀ ਦੇਖ ਰਹੀ ਸਾਂ ਅਤੇ ਨੌਜਵਾਨ ਅਤੇ ਮੁੰਡਿਆਂ ਨੂੰ ਕੁੱਟਿਆ ਗਿਆ ਅਤੇ ਉਨ੍ਹਾਂ ਦੇ ਪੂਰੀ ਤਰ੍ਹਾਂ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਗਿਆ।"
ਹਾਨਾ ਕਹਿੰਦੇ ਹਨ, "ਮੈਂ ਉੱਥੇ ਕਈ ਦਿਨਾਂ ਤੋਂ ਰਹਿ ਰਹੀ ਸੀ। ਮੈਂ ਆਪਣੀਆਂ ਪਲਾਸਟਿਕ ਦੀਆਂ ਚੱਪਲਾਂ 'ਤੇ ਸਿਰ ਰੱਖ ਕੇ, ਨੰਗੇ ਫਰਸ਼ 'ਤੇ ਸੌਂਦੀ ਸੀ।"
"ਕਈ ਘੰਟੇ ਭੀਖ ਮੰਗਣ ਤੋਂ ਬਾਅਦ ਉਹ ਮੈਨੂੰ ਟਾਇਲਟ ਜਾਣ ਦਿੰਦੇ। ਮੇਰੇ ਸਿਰ 'ਤੇ ਵਾਰ-ਵਾਰ ਕੁੱਟਮਾਰ ਕੀਤੀ ਜਾਂਦੀ ਸੀ।"
ਲੀਬੀਆ ਵਿੱਚ ਦੂਜੇ ਅਫ਼ਰੀਕੀ ਦੇਸ਼ਾਂ ਦੇ ਪ੍ਰਵਾਸੀਆਂ ਨਾਲ ਦੁਰਵਿਵਹਾਰ ਕੀਤੇ ਜਾਣ ਦੀਆਂ ਕਈ ਪਿਛਲੀਆਂ ਰਿਪੋਰਟਾਂ ਹਨ।
ਇਹ ਦੇਸ਼ ਯੂਰਪ ਜਾਣ ਦੇ ਰਾਹ ਵਿੱਚ ਆਉਣ ਵਾਲਾ ਇੱਕ ਅਹਿਮ ਪੜ੍ਹਾਅ ਹੈ, ਹਾਲਾਂਕਿ ਬੀਬੀਸੀ ਨੇ ਉੱਥੇ ਯਾਤਰਾ ਕਰਨ ਦੀ ਯੋਜਨਾ ਬਣਾਉਣ ਵਾਲੀ ਕਿਸੇ ਵੀ ਔਰਤ ਨਾਲ ਗੱਲ ਨਹੀਂ ਕੀਤੀ।

ਤਸਵੀਰ ਸਰੋਤ, Getty Images
2022 ਵਿੱਚ, ਐਮਨੈਸਟੀ ਇੰਟਰਨੈਸ਼ਨਲ ਨੇ ਐੱਸਐੱਸਏ ਉੱਤੇ ਗੈਰ-ਕਾਨੂੰਨੀ ਕਤਲਾਂ, ਮਨਮਰਜ਼ੀਆਂ, ਨਜ਼ਰਬੰਦੀਆਂ, ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਦੀ ਨਜ਼ਰਬੰਦੀ, ਤਸ਼ੱਦਦ, ਜਬਰੀ ਮਜ਼ਦੂਰੀ ਅਤੇ ਹੋਰ ਹੈਰਾਨ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਧੀਨ ਅਪਰਾਧ ਦੇ ਇਲਜ਼ਾਮ ਲਾਏ ਸਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਜਧਾਨੀ ਤ੍ਰਿਪੋਲੀ ਵਿੱਚ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਐਮਨੈਸਟੀ ਨੂੰ ਦੱਸਿਆ ਕਿ ਮੰਤਰਾਲੇ ਦੀ ਐੱਸਐੱਸਏ ਉੱਤੇ ਕੋਈ ਨਿਗਰਾਨੀ ਨਹੀਂ ਹੈ ਕਿਉਂਕਿ ਇਹ ਪ੍ਰਧਾਨ ਮੰਤਰੀ, ਅਬਦੁਲ ਹਾਮਿਦ ਦਬੀਬੇਹ ਨੂੰ ਜਵਾਬ ਦਿੰਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਿੱਪਣੀ ਲਈ ਸਾਡੀ ਬੇਨਤੀ ਦਾ ਜਵਾਬ ਨਹੀਂ ਦਿੱਤਾ।
ਲੀਬੀਆ ਕ੍ਰਾਈਮਜ਼ ਵਾਚ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਤ੍ਰਿਪੋਲੀ ਦੀ ਬਦਨਾਮ ਅਬੂ ਸਲੀਮ ਜੇਲ੍ਹ ਸਮੇਤ ਅਧਿਕਾਰਤ ਪ੍ਰਵਾਸੀ ਨਜ਼ਰਬੰਦੀ ਕੇਂਦਰਾਂ ਵਿੱਚ ਪ੍ਰਵਾਸੀਆਂ ਦਾ ਪ੍ਰਣਾਲੀਗਤ ਜਿਨਸੀ ਸ਼ੋਸ਼ਣ ਹੁੰਦਾ ਹੈ।
2023 ਦੀ ਇੱਕ ਰਿਪੋਰਟ ਵਿੱਚ, ਮੈਡੀਸਿਨ ਸਾਂਸ ਫਰੌਂਟੀਅਰਜ਼ (ਐੱਮਐੱਸਐੱਫ਼) ਨੇ ਕਿਹਾ ਕਿ ਅਬੂ ਸਲੀਮ ਵਿੱਚ ਜਿਨਸੀ ਅਤੇ ਸਰੀਰਕ ਹਿੰਸਾ ਦੀਆਂ ਰਿਪੋਰਟਾਂ ਦੀ ਗਿਣਤੀ ਵੱਧ ਰਹੀ ਹੈ।
ਗ੍ਰਹਿ ਮਾਮਲਿਆਂ ਦੇ ਮੰਤਰੀ ਅਤੇ ਤ੍ਰਿਪੋਲੀ ਵਿੱਚ ਗੈਰਕਾਨੂੰਨੀ ਪਰਵਾਸ ਦਾ ਮੁਕਾਬਲਾ ਕਰਨ ਲਈ ਵਿਭਾਗ ਨੇ ਬੀਬੀਸੀ ਵੱਲੋਂ ਟਿੱਪਣੀ ਲਈ ਕੀਤੀ ਗਈ ਬੇਨਤੀ ਦਾ ਜਵਾਬ ਨਹੀਂ ਦਿੱਤਾ।
ਸਲਮਾ ਹੁਣ ਖੇਤ ਨੂੰ ਛੱਡ ਕੇ ਨੇੜੇ ਦੇ ਇੱਕ ਹੋਰ ਪਰਿਵਾਰ ਦੇ ਨਾਲ ਇੱਕ ਨਵੇਂ ਕਮਰੇ ਵਿੱਚ ਰਹਿਣ ਲੱਗੀ ਹੈ। ਪਰ ਸਲਮਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਾਲੇ ਵੀ ਦੇਸ਼ ਨਿਕਾਲੇ ਅਤੇ ਦੁਰਵਿਵਹਾਰ ਦੀ ਧਮਕੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਜੋ ਕੁਝ ਉਨ੍ਹਾਂ ਨਾਲ ਹੋਇਆ ਉਸ ਕਾਰਨ ਉਹ ਘਰ ਵਾਪਸ ਨਹੀਂ ਜਾ ਸਕਦੇ।
"ਉਹ ਕਹਿਣਗੇ, ਮੈਂ ਪਰਿਵਾਰ ਨੂੰ ਸ਼ਰਮਸਾਰ ਕੀਤਾ ਹੈ। ਮੈਨੂੰ ਪੱਕਾ ਨਹੀਂ ਹੈ ਕਿ ਉਹ ਮੇਰੀ ਲਾਸ਼ ਦਾ ਵੀ ਸਵਾਗਤ ਕਰਨਗੇ ਕਿ ਨਹੀਂ।"
"ਕਾਸ਼ ਮੈਨੂੰ ਪਤਾ ਹੁੰਦਾ ਕਿ ਇੱਥੇ ਮੇਰੇ ਲਈ ਭਵਿੱਖ ਕੀ ਲਈ ਬੈਠਾ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












