ਪੰਜਾਬ: ਦਿਹਾੜੀਦਾਰ ਮਾਪਿਆਂ ਦੇ ਪੁੱਤ ਦੀ 9 ਮਹੀਨੇ ਕਈ ਮੁਲਕਾਂ 'ਚ ਘੁੰਮਣ ਮਗਰੋਂ ਡੰਕੀ ਰੂਟ ਦੌਰਾਨ ਮੌਤ, 'ਪੈਸਾ ਵੀ ਗਿਆ ਤੇ ਪੁੱਤ ਵੀ ਨਾ ਬਚਿਆ'

ਤਸਵੀਰ ਸਰੋਤ, Mayank Mongia/BBC
- ਲੇਖਕ, ਮਯੰਕ ਮੋਂਗੀਆ
- ਰੋਲ, ਬੀਬੀਸੀ ਸਹਿਯੋਗੀ
ਡੰਕੀ ਰਾਹੀਂ ਅਮਰੀਕਾ ਜਾ ਰਹੇ ਜ਼ਿਲ੍ਹਾ ਮੋਹਾਲੀ ਦੇ ਡੇਰਾਬਸੀ ਦੇ 24 ਸਾਲਾ ਨੌਜਵਾਨ ਦੀ ਰਸਤੇ ਵਿੱਚ ਮੌਤ ਹੋ ਗਈ ਹੈ।
ਮ੍ਰਿਤਕ ਦੀ ਪਛਾਣ ਰਣਦੀਪ ਸਿੰਘ ਵਜੋਂ ਹੋਈ ਅਤੇ ਉਹ ਡੇਰਾਬਸੀ ਦੇ ਪਿੰਡ ਸ਼ੇਖਪੁਰ ਕਲਾਂ ਦਾ ਵਸਨੀਕ ਸੀ।
ਮ੍ਰਿਤਕ ਕਰੀਬ 9 ਮਹੀਨੇ ਤੱਕ ਵੱਖ-ਵੱਖ ਦੇਸ਼ਾਂ ਵਿੱਚ ਘੁੰਮਦਾ ਰਿਹਾ। ਹਾਲਾਂਕਿ, ਉਸ ਦੀ ਮੌਤ ਕੰਬੋਡੀਆ ਵਿੱਚ ਬਿਮਾਰੀ ਕਾਰਨ ਹੋਈ ਦੱਸੀ ਜਾ ਰਹੀ ਹੈ।
ਮ੍ਰਿਤਕ ਦੇ ਵੱਡੇ ਭਰਾ ਰਵੀ ਨੇ ਦੱਸਿਆ ਕਿ ਉਹ ਤਿੰਨ ਭੈਣ ਭਰਾ ਹਨ ਅਤੇ ਰਣਦੀਪ ਸਭ ਤੋਂ ਛੋਟਾ ਸੀ।
ਭਰਾ ਮੁਤਾਬਕ, ਉਨ੍ਹਾਂ ਦੇ ਮਾਸੜ ਨੇ ਉਸ ਨੂੰ ਡੰਕੀ ਲਾ ਕੇ ਅਮਰੀਕਾ ਭੇਜਣ ਲਈ 45 ਲੱਖ ਰੁਪਏ ਵਿੱਚ ਏਜੰਟ ਨਾਲ ਸੌਦਾ ਤੈਅ ਕਰਵਾਇਆ ਸੀ। ਜਿਸ ਵਿੱਚੋਂ ਉਨ੍ਹਾਂ ਨੇ 25 ਲੱਖ ਰੁਪਏ ਦਿੱਤੇ ਸਨ।
ਤੈਅ ਸੌਦੇ ਮੁਤਾਬਕ ਉਹ ਲੰਘੇ ਸਾਲ 12 ਅਪ੍ਰੈਲ ਨੂੰ ਘਰ ਤੋਂ ਅਮਰੀਕਾ ਲਈ ਗਿਆ ਸੀ।
ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਉੱਥੇ ਰਹਿ ਰਹੇ ਪਰਵਾਸੀਆਂ ਨੂੰ ਕੱਢਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਸੀ।

ਪਰਿਵਾਰ ਮੁਤਾਬਕ, ਏਜੰਟ ਉਸ ਨੂੰ ਅਮਰੀਕਾ ਦੀ ਥਾਂ ਪਹਿਲਾਂ ਵੀਅਤਨਾਮ ਵਿੱਚ ਲੈ ਗਿਆ ਜਿਥੇ ਉਹ ਤਿੰਨ ਮਹੀਨੇ ਰਿਹਾ। ਇਸੇ ਦੌਰਾਨ ਉਸ ਨੂੰ ਵਾਲ ਤੌੜ ਹੋ ਗਿਆ ਜਿਸ ਦਾ ਸਮੇਂ ਰਹਿੰਦੇ ਇਲਾਜ ਨਾ ਹੋਣ ਕਾਰਨ ਉਸਦੀ ਇਨਫੈਕਸ਼ਨ ਵਧਦੀ ਗਈ।
ਪਰਿਵਾਰਕ ਮੈਂਬਰਾਂ ਵੱਲੋਂ ਏਜੰਟ ਨੂੰ ਰਣਦੀਪ ਨੂੰ ਵਾਪਸ ਭੇਜਣ ਲਈ ਦਬਾਅ ਪਾਇਆ ਜਾ ਰਿਹਾ ਸੀ।
ਏਜੰਟ ਉਨ੍ਹਾਂ ਨੂੰ ਅਮਰੀਕਾ ਦੀ ਥਾਂ ਆਸਟ੍ਰੇਲੀਆ ਜਾਂ ਕੈਨੇਡਾ ਭੇਜਣ ਦਾ ਆਫ਼ਰ ਦੇ ਰਿਹਾ ਸੀ ਪਰ ਪਰਿਵਾਰ ਵੱਲੋਂ ਸਾਫ਼ ਮਨ੍ਹਾਂ ਕਰ ਦਿੱਤਾ ਅਤੇ ਮੁੰਡੇ ਨੂੰ ਵਾਪਸ ਭੇਜਣ ਲਈ ਕਿਹਾ ਗਿਆ।
ਪਰ ਏਜੰਟ ਨੇ ਉਸ ਨੂੰ ਬਗੈਰ ਪਾਸਪੋਰਟ ਤੋਂ ਕੰਬੋਡੀਆ ਭੇਜ ਦਿੱਤਾ ਜਿੱਥੇ ਬਿਨਾਂ ਪਾਸਪੋਰਟ ਤੋਂ ਉਹ ਫੱਸ ਗਿਆ ਅਤੇ ਉਸਦੀ ਇਨਫੈਕਸ਼ਨ ਵੀ ਵਧਦੀ ਗਈ। ਉੱਥੇ ਇਲਾਜ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਪਰਿਵਾਰ ਦਾ ਇਲਜ਼ਾਮ ਹੈ ਕਿ ਏਜੰਟ ਨੇ ਧੋਖੇ ਨਾਲ ਉਨ੍ਹਾਂ ਦੇ ਪੁੱਤਰ ਦਾ ਪਾਸਪੋਰਟ ਕੱਢ ਲਿਆ ਸੀ। ਪਰਿਵਾਰ ਦੀ ਸ਼ਿਕਾਇਤ ਉੱਤੇ ਇਸ ਮਾਮਲੇ ਵਿੱਚ ਏਜੰਟ ਦੇ ਖ਼ਿਲਾਫ਼ ਐੱਫਆਈਆਰ ਵੀ ਦਰਜ ਹੋ ਗਈ ਹੈ।

ਤਸਵੀਰ ਸਰੋਤ, Mayank Mongia/BBC
ʻਮੌਤ ਤੋਂ ਘੰਟੇ ਪਹਿਲਾਂ ਵੀ ਭੇਜੇ ਸਨ ਪੈਸੇʼ
ਘਰ ਵਿੱਚ ਮੌਜੂਦ ਇੱਕ ਰਿਸ਼ਤੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਰਣਦੀਪ ਸਿੰਘ ਉਨ੍ਹਾਂ ਦਾ ਭਤੀਜਾ ਸੀ।
ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ, "ਉਸ ਨੇ ਕਰੀਬ ਅਪ੍ਰੈਲ ਦੀ 12 ਤਰੀਕ ਨੂੰ ਘਰੋਂ ਡੰਕੀ ਲਗਾਈ ਸੀ। ਪਰ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ ਅਤੇ ਉਸ ਨੂੰ ਕੰਬੋਡੀਆ ਵਿੱਚ ਹੀ ਫਸਾ ਕੇ ਰੱਖ ਦਿੱਤਾ।"
"ਜਦੋਂ ਵੀ ਅਸੀਂ ਉਸ ਨੂੰ ਫੋਨ ਕਰਨਾ ਤਾਂ ਉਸ ਨੇ ਅੱਗੋਂ ਕਹਿਣਾ ਕਿ ਦੋ ਦਿਨ ਦਿਓ, ਚਾਰ ਦਿਨ ਦੇ ਦਿਓ ਅਤੇ ਅਸੀਂ ਵੀ ਚੁੱਪ ਕਰ ਜਾਂਦੇ ਸੀ। ਸਾਡੇ ਚੁੱਪ ਰਹਿਣ ਦਾ ਕਾਰਨ ਇਹ ਸੀ ਕਿ ਉਹ (ਏਜੰਟ) ਸਾਡਾ ਰਿਸ਼ਤੇਦਾਰ ਲੱਗਦਾ ਸੀ। ਅਸੀਂ ਇਸੇ ਵਿਸ਼ਵਾਸ ਕਾਰਨ ਹੀ ਮਾਰ ਖਾ ਗਏ।"

ਤਸਵੀਰ ਸਰੋਤ, Mayank Mongia/BBC
ਕੇਵਲ ਸਿੰਘ ਅੱਗੇ ਦੱਸਦੇ ਹਨ, "ਉਸ ਨੂੰ ਖਾਣਾ ਨਾ ਮਿਲਣ ਕਰਕੇ ਸਿਹਤ ਵਿਗੜਦੀ ਰਹੀ ਅਤੇ ਉਹ ਡਿਪਰੈਸ਼ਨ ਵਿੱਚ ਚਲਾ ਗਿਆ। ਉਸ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਉਸ ਨੂੰ 3-4 ਦਿਨ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ।"
"ਪਰ ਇਸ ਦੇ ਬਾਵਜੂਦ ਵੀ ਏਜੰਟ ਨੂੰ ਕੋਈ ਫਰਕ ਨਹੀਂ ਪਿਆ। ਅਸੀਂ ਉਸ ਦੇ ਖਾਣ ਲਈ ਤਾਂ ਇੱਥੋਂ ਪੈਸੇ ਭੇਜਦੇ ਹੀ ਸੀ ਪਰ ਉਸ ਦੇ ਇਲਾਜ ਲਈ ਸਾਨੂੰ ਪੈਸੇ ਭੇਜਣੇ ਪਏ। ਹੁਣ ਵੀ ਮੌਤ ਦੋ ਘੰਟੇ ਪਹਿਲਾਂ ਅਸੀਂ 20 ਕੁ ਹਜ਼ਾਰ ਰੁਪਏ ਹਸਪਤਾਲ ਪਾਏ ਸੀ ਪਰ ਦੋ ਘੰਟਿਆਂ ਵਿੱਚ ਉਸ ਦੀ ਮੌਤ ਦੀ ਖ਼ਬਰ ਆ ਗਈ।"
ਕੇਵਲ ਸਿੰਘ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ, "ਸਾਡੇ ਪੁੱਤ ਦੀ ਲਾਸ਼ ਭਾਰਤ ਲੈ ਕੇ ਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਬੱਚੇ ਦੀਆਂ ਅੰਤਮ ਰਸਮਾਂ ਨਿਭਾ ਸਕੀਏ।"
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਏਜੰਟ ਦੇ ਨਾਲ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਅੱਗੇ ਕਿਸੇ ਨਾਲ ਅਜਿਹਾ ਨਾ ਹੋਵੇ।
ਕੇਵਲ ਸਿੰਘ ਇਹ ਵੀ ਦੱਸਦੇ ਹਨ ਕਿ ਉਸ ਦੀ ਮੌਤ ਤੋਂ 2-3 ਘੰਟੇ ਪਹਿਲਾਂ ਜਿਹੜੀ ਗੱਲ ਹੋਈ ਸੀ ਉਸ ਵਿੱਚ ਵੀ ਉਸ ਨੇ ਇਹੀ ਕਿਹਾ ਸੀ ਕਿ ਉਹ ਉੱਥੇ ਬਹੁਤ ਪਰੇਸ਼ਾਨ ਹੈ ਤੇ ਉਸ ਦਾ ਬਚਣਾ ਮੁਸ਼ਕਲ ਹੈ।
ਉਹ ਆਖਦੇ ਹਨ, "ਜੇ ਏਜੰਟ ਪਾਸਪੋਰਟ ਦੇ ਦਿੰਦਾ ਤਾਂ ਸ਼ਾਇਦ ਸਾਡਾ ਪੁੱਤਰ ਬਚ ਜਾਂਦਾ।"

ਤਸਵੀਰ ਸਰੋਤ, Mayank Mongia/BBC
ʻਪੈਸਾ ਵੀ ਨਹੀਂ ਰਿਹਾ ਤੇ ਪੁੱਤ ਵੀ ਗੁਆ ਲਿਆʼ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਗਰੀਬ ਹਨ ਅਤੇ ਉਨ੍ਹਾਂ ਵੱਲੋਂ ਕਰਜ਼ਾ ਲੈ ਕੇ ਏਜੰਟ ਨੂੰ 25 ਲੱਖ ਰੁਪਏ ਦਿੱਤੇ ਗਏ ਪਰ ਨਾ ਪੈਸੇ ਰਹੇ ਅਤੇ ਨਾ ਹੀ ਉਨ੍ਹਾਂ ਦਾ ਮੁੰਡਾ ਰਿਹਾ।
ਹਾਲੇ ਮ੍ਰਿਤਕ ਦੀ ਲਾਸ਼ ਨੂੰ ਵਾਪਸ ਲਿਆਉਣਾ ਹੈ। ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਨੇ ਏਜੰਟ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਰਣਦੀਪ ਨੇ ਫੋਨ ʼਤੇ ਆਪਣੇ ਭਰਾ ਨੂੰ ਦੱਸਿਆ ਸੀ, "ਨਾ ਪਾਣੀ ਮਿਲ ਰਿਹਾ ਨਾ ਖਾਣ ਨੂੰ ਮਿਲ ਰਿਹਾ, ਮੈਨੂੰ ਘਰੇ ਬੁਲਾ ਲਓ। ਮੈਂ ਭੁੱਖਾ ਮਰ ਰਿਹਾ। ਭਰਾ ਨੇ 20 ਹਜ਼ਾਰ ਰੁਪਏ ਭੇਜੇ ਉਸ ਦੇ ਇਲਾਜ ਲਈ।"
"ਕਦੇ ਕਿਸੇ ਕੋਲੋਂ ਮੰਗ ਕੇ ਤੇ ਕਦੇ ਵਿਆਜ ʼਤੇ ਫੜ੍ਹ ਕੇ ਪੈਸੇ ਪਾਉਂਦੇ ਸੀ। ਕਹਿੰਦਾ ਸੀ ਮੰਮੀ ਭੈਣ ਦਾ ਵਿਆਹ ਕਰ ਦਿਆਂਗਾ। ਮੈਂ 2-4 ਸਾਲ ਬਾਹਰ ਲਗਾ ਕੇ ਆ ਜਾਵਾਂਗਾ। ਕਹਿੰਦਾ ਸੀ ਮੰਮੀ ਤੇਰੀਆਂ ਤੇ ਡੈਡੀ ਦੀਆਂ ਦਿਹਾੜੀਆਂ ਵੀ ਛੁਡਵਾ ਦਵਾਂਗਾ।"
"ਹੁਣ ਮੈਂ ਪੁੱਤ ਵੀ ਗੁਆ ਲਿਆ ਤੇ ਪੈਸਾ ਵੀ ਨਾ ਰਿਹਾ। ਮੈਂ ਤਾਂ ਡੰਕੀ ਰਾਹੀਂ ਨਹੀਂ ਭੇਜਿਆ ਸੀ, ਅਸੀਂ ਤਾਂ ਸਿੱਧੀ ਫਲਾਈਟ ਕਰਵਾਈ ਸੀ ਪਰ ਸਾਨੂੰ ਕੀ ਪਤਾ ਸੀ ਏਜੰਟ ਨੇ ਧੋਖਾ ਕਰਨਾ ਸਾਡੇ ਨਾਲ।"

ਤਸਵੀਰ ਸਰੋਤ, Mayank Mongia/BBC
ਮ੍ਰਿਤਕ ਰਣਦੀਪ ਸਿੰਘ ਦੇ ਘਰ ਪਹੁੰਚੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਸ ਨੂੰ ਮੰਦਭਾਗੀ ਘਟਨਾ ਦੱਸਿਆ।
ਉਨ੍ਹਾਂ ਨੇ ਕਿਹਾ, "ਅੱਜ ਕੋਈ ਵੀ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਦੀ ਆਸ ਵਿੱਚ, ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਵਿੱਚ ਜਾ ਕੇ ਮਿਹਤਨ ਕਰਦਾ ਹੈ। ਮੈਂ ਇਸ ਵਿੱਚ ਮੋਦੀ ਸਰਕਾਰ ਦਾ ਨਾਕਾਮ ਹੋਣਾ ਮੰਨਦਾ ਹਾਂ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਅਤੇ ਪੰਜਾਬ ਵਿੱਚ ਤਿੰਨ ਜਹਾਜ਼ ਪਰਵਾਸੀਆਂ ਦੇ ਭਰ ਕੇ ਅੰਮ੍ਰਿਤਸਰ ਭੇਜੇ ਗਏ ਹਨ।"
ਮੈਨੂੰ ਲੱਗਦਾ ਇਹ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਇੱਕ ਪਾਸੇ ਮੋਦੀ-ਟਰੰਪ ਦੀ ਯਾਰੀ ਦੇ ਚਰਚੇ ਹਨ ਅਤੇ ਦੂਜੇ ਪਾਸੇ ਸਾਨੂੰ ਇਨ੍ਹਾਂ ਦੀ ਯਾਰੀ ਦਾ ਫਲਸਫਾ ਮਿਲਿਆ ਹੈ।"
ਉਨ੍ਹਾਂ ਨੇ ਕਿਹਾ, "ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਪਾਏ ਗਏ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












