‘ਡੰਕੀ’ ਰਾਹੀਂ ਅਮਰੀਕਾ ਜਾਣ ਦੀ ਰਾਹੇ ਤੁਰੇ ਹਰਿਆਣਾ ਦੇ ਨੌਜਵਾਨ, ‘ਪਟਾਕੇ ਚੱਲਣ ਤੋਂ ਪਤਾ ਲੱਗ ਜਾਂਦਾ ਹੈ ਕਿ ਇੱਕ ਹੋਰ ਮੁੰਡਾ ਗਿਆ ਅਮਰੀਕਾ’

ਹਰਿਆਣਾ ਦੇ ਪਿੰਡ
ਤਸਵੀਰ ਕੈਪਸ਼ਨ, ਹਰਿਆਣਾ ਦੇ ਪਿੰਡਾਂ ਵਿੱਚ ਵੀ ਪੰਜਾਬ ਦੀ ਤਰਜ਼ ਉੱਤੇ ਵੱਡੀਆ-ਵੱਡੀਆਂ ਕੋਠੀਆਂ ਨੂੰ ਪਰਵਾਸ ਦੇ ਚਲਦਿਆਂ ਜ਼ਿੰਦਰੇ ਲੱਗੇ ਹੋਏ ਹਨ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਬੁੱਧਵਾਰ ਰਾਤ ਕਰੀਬ 11.30 ਵਜੇ ਜੀਂਦ ਜ਼ਿਲ੍ਹੇ ਦੇ ਮੋਰਖੀ ਪਿੰਡ ਵਿੱਚ ਰਹਿੰਦੇ ਦਰਸ਼ਨ ਲਾਲ (ਨਾਮ ਬਦਲਿਆ ਹੋਇਆ) ਦੇ ਮੋਬਾਇਲ ਦੀ ਘੰਟੀ ਵੱਜੀ, ਫ਼ੋਨ ਚੁੱਕਿਆ ਤਾਂ ਅੱਗੋਂ ਆਵਾਜ਼ ਆਈ, “ਮੈਂ ਅਮਰੀਕਾ ਪਹੁੰਚ ਗਿਆਂ ਹੂੰ, ਅਬ ਫ਼ਿਕਰ ਕੀ ਕੋਈ ਬਾਤ ਨਹੀਂ”।

ਇਹ ਸ਼ਬਦ ਕੰਨੀਂ ਪੈਣ ਦੀ ਦੇਰ ਸੀ ਕਿ ਦਰਸ਼ਨ ਲਾਲ ਅਤੇ ਉਨ੍ਹਾਂ ਦਾ ਪਰਿਵਾਰ ਖ਼ੁਸ਼ੀ ਵਿੱਚ ਪਟਾਕੇ ਚਲਾਉਣ ਲੱਗਿਆ ਅਤੇ ਡੀਜੇ ’ਤੇ ਵਜਦੇ ਗਾਣਿਆਂ ਦੀ ਆਵਾਜ਼ ਇੰਨੀ ਉੱਚੀ ਸੀ ਕਿ ਸਾਰੇ ਪਿੰਡ ਨੇ ਸੁਣੀ।

ਹਰਿਆਣੇ ਦੇ ਪਿੰਡਾਂ ਵਿੱਚ ਪਟਾਕਿਆਂ ਅਤੇ ਡੀਜੇ ਉੱਤੇ ਗਾਣਿਆਂ ਦਾ ਰਿਵਾਜ਼ ਹੁਣ ਆਮ ਹੋ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਟਾਕਿਆਂ ਦੀ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਪਿੰਡ ਦਾ ਇੱਕ ਹੋਰ ਨੌਜਵਾਨ ਅਮਰੀਕਾ ਜਾਂ ਕੈਨੇਡਾ ਪਹੁੰਚ ਗਿਆ ਹੈ।

ਪਟਾਕਿਆਂ ਦੀ ਆਵਾਜ਼ ਦੇ ਪਿੱਛੇ ਗ਼ੈਰਕਾਨੂੰਨੀ ਤਰੀਕੇ ਨਾਲ ‘ਡੰਕੀ’ ਲਗਾ ਕੇ ਅਮਰੀਕਾ ਪਹੁੰਚਣ ਦੀ ਕਹਾਣੀ ਵੀ ਲੁਕੀ ਹੋਈ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਰੁਝਾਨ ਇਸ ਕਦਰ ਹੈ ਕਿ ਵੱਡੀ ਗਿਣਤੀ ਲੋਕਾਂ ਲਈ ਡੰਕੀ ਲਾ ਕੇ ਅਮਰੀਕਾ ਜਾਣਾ ਰੁਤਬੇ ਤੇ ਮਾਣ ਵਾਲੀ ਗੱਲ ਹੋ ਗਈ ਹੈ। ਗ਼ੈਰ-ਕਾਨੂੰਨੀ ਪਰਵਾਸ ਪਿੰਡਾਂ ਦੀ ਹਵਾ ਵਿੱਚ ਰਚਮਿਚ ਗਿਆ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹਰਿਆਣਾ ਬਨਾਮ ਵਿਦੇਸ਼ ਜਾਣ ਦਾ ਰੁਝਾਨ

ਹਰਿਆਣਾ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਦੋਂ ਅਸੀਂ ਜੀਂਦ ਜ਼ਿਲ੍ਹੇ ਦੇ ਮੋਰਖੀ ਪਿੰਡ ਵਿੱਚ ਪਹੁੰਚੇ ਤਾਂ ਉੱਥੇ ਸਾਡੀ ਮੁਲਾਕਾਤ 60 ਸਾਲਾ ਪਾਲਾ ਰਾਮ ਨਾਲ ਹੋਈ।

ਪਾਲਾ ਰਾਮ ਕਿਸੇ ਸਮੇਂ ਟਰੱਕ ਡਰਾਈਵਰ ਸਨ ਪਰ ਹੁਣ ਉਨ੍ਹਾਂ ਨੇ ਇਹ ਕਿੱਤਾ ਛੱਡ ਦਿੱਤਾ ਹੈ ਅਤੇ ਆਪਣੀ ਤਿੰਨ ਕੁ ਏਕੜ ਦੀ ਜੱਦੀ ਜ਼ਮੀਨ ਉੱਤੇ ਖੇਤੀ ਕਰਨ ਲੱਗੇ ਹਨ।

ਹੱਥ ਵਿੱਚ ਆਈਫ਼ੋਨ ਫੜੀ ਬੈਠੇ ਪਾਲਾ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਪੁੱਤਰ ਹੈ। ਉਸ ਨੂੰ ਇੱਕ ਏਜੰਟ ਦੀ ਮਦਦ ਨਾਲ ਅਮਰੀਕਾ ਭੇਜਣ ਲਈ 30 ਲੱਖ ਰੁਪਏ ਦਾ ਖ਼ਰਚਾ ਕੀਤਾ ਹੈ।

ਇਹ ਡੰਕੀ ਦਾ ਮਾਮਲਾ ਹੈ। ਏਜੰਟ ਉਸ ਨੂੰ ਪਹਿਲਾਂ ਪਨਾਮਾ ਅਤੇ ਫਿਰ ਮੈਕਸੀਕੋ ਲੈ ਗਿਆ ਅਤੇ ਕਰੀਬ ਦੋ ਸਾਲ ਪਹਿਲਾਂ ਉਹ ਅਮਰੀਕਾ ਪਹੁੰਚਿਆ ਹੈ।

ਕਰੀਬ ਛੇ ਹਜ਼ਾਰ ਦੀ ਆਬਾਦੀ ਵਾਲੇ ਮੋਰਖੀ ਪਿੰਡ ਨੂੰ ਅਮਰੀਕਾ ਦੀ ‘ਡੰਕੀ ਦਾ ਹੱਬ’ ਮੰਨਿਆ ਜਾਂਦਾ ਹੈ ਕਿਉਂਕਿ ਇਸ ਪਿੰਡ ਦੇ ਕਈ ਨੌਜਵਾਨ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾ ਚੁੱਕੇ ਹਨ।

ਪਾਲਾ ਰਾਮ ਮੁਤਾਬਕ ਪੰਜ ਸੋ ਦੇ ਕਰੀਬ ਨੌਜਵਾਨ ਪਿਛਲੇ ਸਾਲਾ ਦੌਰਾਨ ਅਮਰੀਕਾ ਚਲੇ ਗਏ ਹਨ ਅਤੇ ਕੁਝ ਅਜੇ ਰਸਤੇ ਵਿੱਚ ਹਨ।

ਅਮਰੀਕਾ ਜਾਣ ਦੇ ਕਾਰਨਾਂ ਬਾਰੇ ਪਾਲਾ ਰਾਮ ਕਹਿੰਦੇ ਹਨ ਕਿ, “ਇੱਕ ਤਾਂ ਬੇਰੁਜ਼ਗਾਰੀ ਹੈ। ਦੂਜਾ ਜ਼ਮੀਨ ਤੋਂ ਆਮਦਨੀ ਲਗਾਤਾਰ ਘੱਟ ਰਹੀ ਹੈ ਅਤੇ ਤੀਜਾ ਨੌਜਵਾਨਾਂ ਵਿੱਚ ਰੀਸਬਾਜ਼ੀ ਵੀ ਹੈ।”

ਪਾਲਾ ਰਾਮ
ਤਸਵੀਰ ਕੈਪਸ਼ਨ, ਪਾਲਾ ਰਾਮ ਕਹਿੰਦੇ ਹਨ ਬੇਰੁਜ਼ਗਾਰੀ ਅਤੇ ਖੇਤੀ ਤੋਂ ਘੱਟ ਆਮਦਨ ਨੌਜਵਾਨਾਂ ਦੇ ਵਿਦੇਸ਼ ਜਾਣ ਦਾ ਇੱਕ ਵੱਡਾ ਕਾਰਨ ਹੈ

ਵੱਡੀ ਕੋਠੀਆਂ ਦੀ ਰਾਖੀ ਬੈਠੇ ਬਜ਼ੁਰਗ

ਕਰੀਬ 12000 ਦੀ ਆਬਾਦੀ ਵਾਲਾ ਜੀਂਦ ਜ਼ਿਲ੍ਹੇ ਦਾ ਧਾਤਰਥ ਇੱਕ ਵੱਡਾ ਪਿੰਡ ਹੈ। ਹੁਣ ਇਹ ਪਿੰਡ ਦਾ ਨਾਮ ਜ਼ੁਬਾਨੀ ਤੌਰ ’ਤੇ ‘ਅਮਰੀਕਾ’ ਪੈ ਗਿਆ ਹੈ।

ਪੰਜ ਸਮੁੰਦਰ ਪਾਰ ਅਮਰੀਕੀ ਧਰਤੀ ਉੱਤੇ ਮਿਹਨਤ ਨਾਲ ਕਮਾਏ ਡਾਲਰਾਂ ਦੀ ਚਮਕ ਇੱਥੇ ਉਸਾਰੀਆਂ ਆਲੀਸ਼ਾਨ ਕੋਠੀਆਂ ਵਿੱਚ ਨਜ਼ਰ ਆਉਂਦੀ ਹੈ।

ਪਰ ਇਨ੍ਹਾਂ ਸ਼ਾਨਦਾਰ ਕੋਠੀਆਂ ਵਿੱਚ ਪਰਿਵਾਰ ਨਹੀਂ ਵਸਦੇ ਨਹੀਂ ਬਲਕਿ ਬੁਢਾਪੇ ਤੋਂ ਸਹਿਮੇ ਆਪਣੇ ਬੱਚਿਆਂ ਦੀ ਉ਼ਡੀਕ ’ਚ ਇੱਕ-ਇੱਕ ਕਰਕੇ ਦਿਨ ਕੱਟਦੇ ਬਜ਼ੁਰਗ ਬੈਠੇ ਹਨ।

ਸਾਡੀ ਮੁਲਾਕਾਤ ਪਿੰਡ ਦੇ ਰਹਿਣ ਵਾਲੇ ਸੁਨੀਤਾ ਰਾਣੀ ਨਾਲ ਹੋਈ। ਲਾਡਾਂ ਨਾਲ ਪਾਲੇ ਉਨ੍ਹਾਂ ਦੇ ਦੋਵੇਂ ਪੁੱਤ ਅਮਰੀਕਾ ਦੀ ਉਡਾਰੀ ਮਾਰ ਗਏ ਹਨ।

ਸੁਨੀਤਾ ਨੇ ਦੱਸਿਆ ਕਿ ਬੇਰੁਜ਼ਗਾਰੀ ਤੋਂ ਅੱਕ ਕੇ ਉਨ੍ਹਾਂ ਦਾ ਵੱਡਾ ਪੁੱਤਰ ਛੇ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਇਸ ਤੋਂ ਬਾਅਦ ਹੁਣ ਛੋਟਾ ਪੁੱਤ ਵੀ ਉਸ ਮਗਰ ਹੀ ਚਲਿਆ ਗਿਆ।

ਦੋਵਾਂ ਪੁੱਤਾਂ ਨੇ ਮਾਪ-ਬਾਪ ਨੂੰ ਨਵੀਂ ਕੋਠੀ ਬਣਵਾ ਕੇ ਦਿੱਤੀ ਹੈ ਤਾਂ ਜੋ ਉਨ੍ਹਾਂ ਨੂੰ ਬੁਢਾਪੇ ਵਿੱਚ ਸਹੂਲਤਾਂ ਮਿਲ ਸਕਣ।

ਸੁਨੀਤਾ ਕਹਿੰਦੇ ਹਨ, “ਹੁਣ ਕੋਠੀ ਵੀ ਹੈ, ਵੱਡੀ ਗੱਡੀ ਵੀ ਖ਼ਰੀਦ ਲਈ ਹੈ ਪਰ ਪੁੱਤਾਂ ਦੀ ਗ਼ੈਰ-ਹਾਜ਼ਰੀ ਵਿੱਚ ਇਕੱਲਤਾ ਉਨ੍ਹਾਂ ਨੂੰ ਤੰਗ ਕਰਦੀ ਹੈ।”

ਸਰਬਜੀਤ ਧਾਲੀਵਾਲ ਤੇ ਸੁਨੀਤਾ
ਤਸਵੀਰ ਕੈਪਸ਼ਨ, ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੂੰ ਆਪਣੇ ਪੁੱਤ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਸੁਨੀਤਾ

ਜ਼ਮੀਨਾਂ ਵੇਚ ਕੇ ਪੁੱਤ ਵਿਦੇਸ਼ ਨੂੰ ਭੇਜੇ

ਧਾਤਰਥ ਪਿੰਡ ਦੀ ਸਰਪੰਚ ਨੀਲਮ ਦੇਵੀ ਦੇ ਪਤੀ ਬੀਰਬਲ ਮੁਤਾਬਕ ਕਰੀਬ ਇੱਕ ਹਜ਼ਾਰ ਦੇ ਆਸਪਾਸ ਪਿੰਡ ਦੇ ਨੌਜਵਾਨ ਵਿਦੇਸ਼ ਜਾ ਚੁੱਕੇ ਹਨ।

ਬੀਰਬਲ ਮੁਤਾਬਕ ਵਿਦੇਸ਼ ਜਾਣ ਦੇ ਰੁਝਾਨ ਵਿੱਚ ਪਿਛਲੇ ਪੰਜ ਸਾਲ ਸਾਲਾਂ ਵਿੱਚ ਜ਼ਿਆਦਾ ਵਾਧਾ ਹੋਇਆ ਹੈ ਅਤੇ ਉਨ੍ਹਾਂ ਦਾ ਇਕਲੌਤਾ ਪੁੱਤਰ ਵੀ ਇਸੇ ਰੁਝਾਨ ਦੇ ਘੇਰੇ ਵਿੱਚ ਆ ਗਿਆ ਅਤੇ ਆਸਟ੍ਰੇਲੀਆ ਚਲਾ ਗਿਆ ਹੈ।

ਉਨ੍ਹਾਂ ਦਾਅਵਾ ਕਰਦੇ ਹਨ ਕਿ ਪੜ੍ਹੇ-ਲਿਖੇ ਨੌਜਵਾਨ ਆਈਲੈਟਸ ਕਰ ਕੇ ਬਾਹਰ ਜਾ ਰਹੇ ਹਨ। ਅਤੇ ਜਿਨ੍ਹਾਂ ਤੋਂ ਇਹ ਅੰਗਰੇਜ਼ੀ ਭਾਸ਼ਾ ਟੈਸਟ ਪਾਸ ਨਹੀਂ ਹੁੰਦਾ ਉਹ ਕਥਿਤ ਡੰਕੀ ਦੇ ਰਾਹੀਂ ਅਮਰੀਕਾ ਜਾ ਰਹੇ ਹਨ।

ਬੀਰਬਲ ਨੇ ਦੱਸਿਆ ਕਿ ਪਿੰਡ ਦੇ ਕਈ ਲੋਕ ਏਜੰਟ ਦਾ ਕੰਮ ਕਰ ਰਹੇ ਹਨ। ਅਮਰੀਕਾ ਜਾਣ ਦਾ ਸੁਫ਼ਨਾ ਸੰਜੋਈ ਬੈਠੇ ਛੋਟੀ ਉਮਰ ਦੇ ਨੌਜਵਾਨ ਉਨ੍ਹਾਂ ਦੇ ਲਾਰਿਆਂ ਦਾ ਜਲਦੀ ਸ਼ਿਕਾਰ ਹੋ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕ ਜ਼ਮੀਨ ਵੇਚ ਕੇ ਆਪਣੇ ਪੁੱਤਰਾਂ ਦੀ ਵਿਦੇਸ਼ ਜਾਣ ਦੀ ਇੱਛਾ ਨੂੰ ਪੂਰਾ ਕਰ ਰਹੇ ਹਨ।

ਸਰਬਜੀਤ ਸਿੰਘ ਧਾਲੀਵਾਲ ਅਤੇ ਸੁਨੀਤਾ
ਤਸਵੀਰ ਕੈਪਸ਼ਨ, ਸੁਨੀਤਾ ਦਾ ਕਹਿਣਾ ਹੈ ਕਿ ਪੁੱਤਾਂ ਨੇ ਚਾਹੇ ਕਿੰਨੀ ਵੀ ਵੱਡੀ ਕੋਠੀ ਬਣਾ ਦਿੱਤੀ ਹੈ, ਪਰ ਪੁੱਤਾਂ ਦਾ ਵਿਛੋੜਾ ਅਤੇ ਇਕੱਲਤਾਂ ਉਨ੍ਹਾਂ ਲਈ ਤਕਲੀਫ਼ਦੇਹ ਹਨ

ਬੀਰਬਲ ਮੁਤਾਬਕ ਨੌਜਵਾਨ ਮੁੰਡੇ ਹੀ ਨਹੀਂ ਬਲਕਿ ਪਿੰਡ ਦੀਆਂ ਕਈ ਕੁੜੀਆਂ ਵੀ ਆਈਲੈਟਸ ਕਰਕੇ ਵਿਦੇਸ਼ ਚਲੇ ਗਈਆਂ ਹਨ।

ਪਿੰਡ ਦੀ ਦੂਰੀ ਉੱਤੇ ਇੱਕ ਹੋਰ ਨਿਰਮਾਣ ਅਧੀਨ ਆਲੀਸ਼ਾਨ ਕੋਠੀ ਨਜ਼ਰ ਆਉਂਦੀ ਹੈ ਜੋ ਕਿ ਕਰੀਬ ਅੱਧੇ ਏਕੜ ਵਿੱਚ ਬਣੀ ਹੈ।

ਇਸ ਕੋਠੀ ਦੇ ਅੰਦਰ ਇੱਕ ਬਜ਼ੁਰਗ ਔਰਤ ਬੈਠੀ ਹੈ।

ਉਨ੍ਹਾਂ ਕਿਹਾ ਕਿ ਪੁੱਤਰਾਂ ਵੱਲੋਂ ਇਹ ਸੁਪਨਿਆਂ ਦਾ ਘਰ ਤਿਆਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੇ ਪੁੱਤ ਪਿਛਲੇ ਦਸ ਸਾਲਾਂ ਤੋਂ ਅਮਰੀਕਾ ਵਿੱਚ ਹਨ। ਉਹ ਦੱਸਦੇ ਹਨ ਕਿ ਕੁਝ ਸਾਲ ਪਹਿਲਾ ਪਤੀ ਦੀ ਵੀ ਮੌਤ ਹੋ ਗਈ ਅਤੇ ਹੁਣ ਉਹ ਇਕੱਲੀ ਹੀ ਇਸ ਘਰ ਵਿੱਚ ਰਹਿੰਦੀ ਹੈ।

ਇਸੀ ਪਿੰਡ ਦੇ ਇੱਕ ਬਜ਼ੁਰਗ ਰਾਮ ਕੁਮਾਰ ਦੱਸਦੇ ਹਨ ਕਿ ਪਿੰਡ ਦੇ ਕਈ ਘਰਾਂ ਨੂੰ ਜਿੰਦਰੇ ਲੱਗੇ ਹਨ। ਕਾਰਨ ਇੱਕ ਹੈ ਕਿ ਨੌਜਵਾਨ ਕਮਾਈ ਦੇ ਨਾਮ ਉੱਤੇ ਸੱਤ ਸਮੁੰਦਰ ਪਾਰ ਚਲੇ ਗਏ ਹਨ। ਕਈਆਂ ਦੇ ਮਾਪੇ ਵੀ ਨੇੜਲੇ ਸ਼ਹਿਰਾਂ ਵਿੱਚ ਜਾ ਵਸੇ ਹਨ।

ਸਤਪਾਲ
ਤਸਵੀਰ ਕੈਪਸ਼ਨ, ਸਤਪਾਲ ਦਾ ਪੁੱਤ ਕਰੀਬ 45 ਲੱਖ ਰੁਪਏ ਲਾ ਕੇ ਅਮਰੀਕਾ ਗਿਆ ਹੈ।

ਹਰਿਆਣਾ ਕਿਉਂ ਚੱਲਿਆ ਪੰਜਾਬ ਦੀ ਰਾਹ

ਹਰਿਆਣਾ ਦੇ ਪੇਂਡੂ ਇਲਾਕਿਆਂ ਵਿੱਚ ਪਰਵਾਸ ਦੇ ਕਾਰਨਾਂ ਨੂੰ ਸਮਝਣ ਦੇ ਲਈ ਅਸੀਂ ਜੀਂਦ ਜ਼ਿਲ੍ਹੇ ਦੇ ਮੋਰਖੀ ਪਿੰਡ ਦੇ ਕਈ ਲੋਕਾਂ ਨਾਲ ਗੱਲਬਾਤ ਕੀਤੀ।

ਪਿੰਡ ਦੀ ਸੱਥ ਵਿੱਚ ਹੁੱਕਾ ਪੀ ਰਹੇ ਬਜ਼ੁਰਗਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਕਈ ਨੌਜਵਾਨ ਡੰਕੀ ਲੱਗਾ ਕੇ ਪਿਛਲੇ ਸਮੇਂ ਦੌਰਾਨ ਅਮਰੀਕਾ ਗਏ ਹਨ।

ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਨੌਜਵਾਨਾਂ ਦੀ ਗਿਣਤੀ ਤੇਜ਼ੀ ਨਾਲ ਘੱਟ ਰਹੀ ਹੈ ਕੁਝ ਮਜਬੂਰੀ ਕਾਰਨ ਅਤੇ ਕੁਝ ਦੇਖਾ-ਦੇਖੀ ਵਿਦੇਸ਼ ਜਾ ਰਹੇ ਹਨ।

ਇੱਥੇ ਹੀ ਸਾਡੀ ਮੁਲਾਕਾਤ ਸਤਪਾਲ ਸਿੰਘ ਨਾਲ ਹੋਈ। ਉਨ੍ਹਾਂ ਦਾ ਪੁੱਤ ਡੌਂਕੀ ਰਾਹੀਂ ਕੁਝ ਮਹੀਨੇ ਪਹਿਲਾਂ ਕਰੀਬ 45 ਲੱਖ ਰੁਪਏ ਖਰਚ ਕੇ ਅਮਰੀਕਾ ਪਹੁੰਚਿਆ ਹੈ।

ਸਤਪਾਲ ਸਿੰਘ ਮੁਤਾਬਕ ਉਨ੍ਹਾਂ ਕੋਲ ਦੋ ਏਕੜ ਜ਼ਮੀਨ ਹੈ ਖੇਤੀ ਤੋਂ ਘਟਦੀ ਆਮਦਨ ਦੇ ਕਾਰਨ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਕਰਜ਼ਾ ਚੁੱਕੇ ਕੇ ਵਿਦੇਸ਼ ਭੇਜਿਆ ਹੈ।

ਹਰਿਆਣਾ ਵਿਦਿਆਰਥੀ

ਸਤਪਾਲ ਕਹਿੰਦੇ ਹਨ ਕਿ ਉਨ੍ਹਾਂ ਦੇ 18 ਸਾਲ ਦੇ ਪੁੱਤਰ ਨੇ ਪਹਿਲਾਂ ਆਈਲੈਟਸ ਕਰ ਕੇ ਆਸਟ੍ਰੇਲੀਆ ਜਾਣਾ ਸੀ ਪਰ ਉੱਥੋਂ ਦੇ ਵੀਜ਼ਾ ਨਿਯਮਾਂ ਵਿੱਚ ਸਖ਼ਤੀ ਕੀਤੇ ਜਾਣ ਕਾਰਨ ਉਹ ਡੌਂਕੀ ਲਾ ਕੇ ਅਮਰੀਕਾ ਚਲੇ ਗਿਆ।

ਉਨ੍ਹਾਂ ਦੱਸਿਆ ਕਿ ਏਜੰਟ ਨੇ ਪਹਿਲਾਂ ਉਸ ਨੂੰ ਨੂੰ ਯੂਰਪ ਭੇਜਿਆ ਫਿਰ ਵੱਖ ਵੱਖ ਦੇਸ਼ਾਂ ਵਿੱਚ ਹੁੰਦਾ ਹੋਇਆ ਉਹ ਮੈਕਸੀਕੋ ਪਹੁੰਚਿਆ ਜਿੱਥੋਂ ਉਸ ਨੇ ਬਾਰਡਰ ਪਾਰ ਕਰ ਕੇ ਅਮਰੀਕਾ ਵਿੱਚ ਪ੍ਰਵੇਸ਼ ਕੀਤਾ।

ਸਤਪਾਲ ਮੁਤਾਬਕ ਉਸ ਦਾ ਪੁੱਤਰ ਅਮਰੀਕਾ ਦੇ ਕੈਲੇਫੋਰਨੀਆ ਵਿੱਚ ਇੱਕ ਸਟੋਰ ਉੱਤੇ ਕੰਮ ਕਰਦਾ ਹੈ। ਪਰਿਵਾਰ ਨੂੰ ਆਸ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਉਨ੍ਹਾਂ ਦਾ ਹੋਣਹਾਰ ਪੁੱਤ ਘਰ ਦੀ ਗ਼ਰੀਬੀ ਦੂਰ ਕਰ ਸਕੇਗਾ।

ਇਸੀ ਪਿੰਡ ਨੌਜਵਾਨ ਸਾਹਿਲ ਨੇ ਦੱਸਿਆ ਕਿ ਉਹ ਵੀ ਕੁਝ ਮਹੀਨਿਆਂ ਤੱਕ ਡੰਕੀ ਰਾਹੀਂ ਅਮਰੀਕਾ ਜਾਵੇਗਾ।

ਸਾਹਿਲ ਨੂੰ ਏਜੰਟ ਵੱਲੋਂ ਦੱਸਿਆ ਗਿਆ ਹੈ ਕਿ ਨਾਲ ਲੈ ਕੇ ਜਾਣ ਲਈ ਸਿਰਫ਼ ਦੋ ਪਜਾਮਿਆਂ, ਦੋ ਟੀ ਸ਼ਰਟਾਂ ਅਤੇ ਇਕ ਤੋਲੀਏ ਦੀ ਜਰੂਰਤ ਹੈ। ਇਸ ਤੋਂ ਇਲ਼ਾਵਾ ਹੋਰ ਕਿਸੇ ਸਮਾਨ ਦੀ ਲੋੜ ਨਹੀਂ ਕਿਉਂਕਿ ਰਸਤਾ ਬਹੁਤ ਖਤਰਨਾਕ ਹੈ।

ਸਾਹਿਲ ਮੁਤਾਬਕ ਏਜੰਟ ਦੱਸਦੇ ਹਨ ਕਿ ਇੱਕ ਵਾਰ ਅਮਰੀਕਾ ਪਹੁੰਚ ਜਾਣ ਤੋਂ ਬਾਅਦ ਬਾਕੀ ਸਮਾਨ ਡਾਕ ਰਾਹੀਂ ਭੇਜਿਆਂ ਜਾਂਦਾ ਹੈ।

ਸਾਹਿਲ ਨੇ ਆਪਣਾ ਇੰਸਟਾਗ੍ਰਾਮ ਪੇਜ ਵੀ ਦਿਖਾਇਆ ਜਿਸ ਵਿੱਚ ਉਹ ਆਪਣੇ ਦੋਸਤ ਦਿਖਾਉਂਦੇ ਹਨ ਜੋ ਅਮਰੀਕਾ ਜਾ ਚੁੱਕੇ ਹਨ।

ਸੰਕੇਤਕ ਤਸਵੀਰ
ਤਸਵੀਰ ਕੈਪਸ਼ਨ, ਹਰਿਆਣਾ ਨਾਮ ਦੀ ਟੀ-ਸ਼ਰਟ ਪਹਿਨੀ ਇੱਕ ਨੌਜਵਾਨ

ਬੇਰੁਜ਼ਗਾਰੀ ਨਾਲ ਜੂਝਦਾ ਸੂਬਾ

ਰੋਹਤਕ ਦੀ ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ ਦੇ ਪ੍ਰੋਫੈਸਰ ਜਤਿੰਦਰ ਪ੍ਰਸ਼ਾਦ ਦੇ ਮੁਤਾਬਕ ਪਹਿਲਾਂ ਹਰਿਆਣਾ ਦੇ ਟਾਂਵੇਂ ਟਾਂਵੇਂ ਨੌਜਵਾਨ ਵਿਦੇਸ਼ ਜਾਂਦੇ ਸਨ ਪਰ ਪਿਛਲੇ ਦੋ ਦਹਾਕਿਆਂ ਤੋਂ ਵਿਦੇਸ਼ ਜਾਣ ਦੇ ਰੁਝਾਨ ਵਿੱਚ ਵਾਧਾ ਹੋਇਆ ਹੈ।

ਉਨ੍ਹਾਂ ਮੁਤਾਬਕ ਬੇਰੁਜ਼ਗਰੀ ਤੋਂ ਇਲਾਵਾ ਵੀ ਇਸ ਦੇ ਕਈ ਕਾਰਨ ਹਨ।

ਉਨ੍ਹਾਂ ਆਖਿਆ ਕਿ ਪਹਿਲਾਂ ਦੇ ਮੁਕਾਬਲੇ ਪਰਿਵਾਰਾਂ ਨੂੰ ਜਮ਼ੀਨਾਂ ਵੰਡੇ ਜਾਣ ਤੋਂ ਬਾਅਦ ਕੋਈ ਵੱਡਾ ਹਿੱਸਾ ਨਹੀਂ ਮਿਲਦਾ ਜਿਸ ਦਾ ਸਿੱਧਾ ਅਸਰ ਆਮਦਨੀ ਉੱਤੇ ਪੈਂਦਾ ਹੈ।

ਪੰਜਾਬ ਵਾਂਗ ਹਰਿਆਣਾ ਦੇ ਪੇਂਡੂ ਇਲਾਕਿਆਂ ਵਿੱਚ ਇਮੀਗ੍ਰੇਸ਼ਨ ਮਾਹਰਾਂ ਦੇ ਬੋਰਡ ਆਮ ਦੇਖੇ ਜਾ ਸਕਦੇ ਹਨ।

ਇਮੀਗ੍ਰੇਸ਼ਨ ਮਾਹਰਾਂ ਮੁਤਾਬਕ ਹਰਿਆਣਾ ਦੇ ਜੀਂਦ ਤੋਂ ਇਲਾਵਾ ਕਰਨਾਲ, ਕੁਰੂਕਸ਼ੇਤਰ, ਕੈਥਲ, ਅੰਬਾਲਾ, ਯਮੁਨਾਨਗਰ, ਹਿਸਾਰ, ਰੋਹਤਕ ਅਤੇ ਸਿਰਸਾ ਜ਼ਿਲ੍ਹਿਆਂ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਵਿੱਚ ਵਾਧਾ ਹੋਇਆ ਹੈ।

ਜੇਕਰ ਬੇਰੁਜ਼ਗਾਰੀ ਦੇ ਅੰਕੜਿਆਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਿੱਚ ਇਜ਼ਾਫਾ ਹੋਇਆ ਹੈ।

ਭਾਰਤ ਸਰਕਾਰ ਦੇ ਪੀਰੀਓਡਿਕ ਲੇਬਰ ਫੋਰਸ ਸਰਵੇ (ਪੀਐੱਲਐੱਫ਼ਐੱਸ਼) ਦੇ ਮੁਤਾਬਕ 2024 ਦੀ ਦੂਜੀ ਤਿਮਾਹੀ ਯਾਨੀ ਅਪ੍ਰੈਲ ਤੋਂ ਜੂਨ ਮਹੀਨੇ ਤੱਕ, ਹਰਿਆਣਾ ਵਿੱਚ, ਖ਼ਾਸ ਤੌਰ 'ਤੇ 15-29 ਉਮਰ ਵਰਗ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 9.5 ਫ਼ੀਸਦੀ ਤੋਂ ਵੱਧ ਕੇ 11.2 ਫ਼ੀਸਦੀ ਹੋ ਗਈ ਹੈ।

ਵਿਧਾਨ ਸਭਾ ਚੋਣਾਂ ਦੇ ਸਮੇਂ ਭਾਜਪਾ ਜੋ ਬੀਤੇ ਦਸਾਂ ਸਾਲਾਂ ਤੋਂ ਸੂਬੇ ਵਿੱਚ ਸੱਤਾ ਉੱਤੇ ਕਾਬਜ ਹੈ, ਦਾ ਦਾਅਵਾ ਹੈ ਕਿ ਉਨ੍ਹਾਂ ਨੇ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਕੀਤਾ ਹੈ ਅਤੇ ਚੋਣ ਪ੍ਰੀਕਿਰਿਆ ਵਿੱਚ ਪਾਰਦਰਸ਼ਤਾ ਲਿਆਂਦੀ ਹੈ।

ਬੇਰੁਜ਼ਗਾਰੀ ਹਰਿਆਣਾ ਵਿੱਚ ਇੱਕ ਵੱਡਾ ਮੁੱਦਾ ਹੈ।

ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਸਮੇਂ ਇਜ਼ਰਾਈਲ ਜੰਗ ਵਿੱਚ ਘਿਰਿਆ ਹੋਇਆ ਸੀ ਤਾਂ ਉੱਥੇ ਕਾਮਿਆਂ ਦੀ ਘਾਟ ਦੇ ਲਈ ਹਰਿਆਣਾ ਸਰਕਾਰ ਨੇ ਜਨਵਰੀ 2024 ਵਿੱਚ ਲਈ ਦਸ ਹਜ਼ਾਰ ਨੌਜਵਾਨਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਸਨ।

ਇਜ਼ਰਾਈਲ ਵਿੱਚ ਅਰਜ਼ੀਆਂ ਉਸਾਰੀ ਖੇਤਰ ਵਿੱਚ ਕੰਮ ਕਰਨ ਲਈ ਮੰਗੀਆਂ ਗਈਆਂ ਸਨ। ਬੇਰੁਜ਼ਗਾਰੀ ਦਾ ਆਲਮ ਇਹ ਸੀ ਕਿ ਇਜ਼ਰਾਈਲ ਜਾ ਕੇ ਕੰਮ ਕਰਨ ਲਈ ਤਿਆਰ ਨੌਜਵਾਨਾਂ ਦੀਆਂ ਵੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ।

ਇਹ ਪਹਿਲੀ ਵਾਰ ਸੀ ਜਦੋਂ ਹਰਿਆਣਾ ਸਰਕਾਰ ਦੀ ਕੰਪਨੀ 'ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ' ਨੇ ਨੌਜਵਾਨਾਂ ਨੂੰ ਵਿਦੇਸ਼ ਵਿੱਚ ਜਾ ਕੇ ਕੰਮ ਕਰਨ ਦਾ ਮੌਕਾ ਮੁਹੱਈਆ ਕਰਵਾਇਆ ਸੀ। ਹਾਲਾਂਕਿ, ਇਸ ਮਸਲੇ ਉੱਤੇ ਸਿਆਸਤ ਵੀ ਭੜਕੀ।

ਹਰਿਆਣਾ
ਤਸਵੀਰ ਕੈਪਸ਼ਨ, ਅਧਿਕਾਰਿਤ ਅੰਕੜੇ ਤਾਂ ਮੌਜੂਦ ਨਹੀਂ ਪਰ ਜ਼ਮੀਨੀ ਤਸਵੀਰ ਇਹ ਦਰਸਾਉਂਦੀ ਹੈ ਕਿ ਪਿੰਡਾਂ ਤੋਂ ਨੌਜਵਾਨ ਕਮਾਈ ਲ਼ਈ ਕੈਨੇਡਾ ਜਾਂ ਅਮਰੀਕਾ ਦੀ ਉਡਾਰੀ ਮਾਰ ਚੁੱਕੇ ਹਨ

ਹਰਿਆਣਾ ਸਰਕਾਰ ਵਲੋਂ ਚੁੱਕੇ ਗਏ ਕਦਮ

ਹਰਿਆਣਾ ਸਰਕਾਰ 2014 ਤੋਂ ਭਾਜਪਾ ਦੀ ਸਰਕਾਰ ਹੈ ਅਤੇ ਸੂਬਾ ਸਰਕਾਰ ਵੱਲੋਂ ਬੇਰੁਜ਼ਗਾਰੀ ਭੱਤਾ ਦੇਣ ਦੀ ਯੋਜਨਾ ਹੈ ਜਿਸ ਤਹਿਤ ਪੋਸਟ ਗਰੈਜੂਏਟ ਨੂੰ 3000 ਰੁਪਏ ਪ੍ਰਤੀ ਮਹੀਨਾ, ਗਰੈਜੂਏਟ ਨੂੰ 1500 ਰੁਪਏ ਪ੍ਰਤੀ ਮਹੀਨਾ ਅਤੇ ਬਾਹਰਵੀਂ ਪਾਸ ਨੌਜਵਾਨਾਂ ਨੂੰ 900 ਰੁਪਏ ਪ੍ਰਤੀ ਮਹੀਨਾ ਦੇਣ ਦਾ ਪ੍ਰਬੰਧ ਹੈ।

ਹਰਿਆਣਾ ਡਾਇਰੈਕਟੋਰੇਟ ਇੰਪਲਾਈਮੈਂਟ ਵਿਭਾਗ ਦੇ ਪੋਰਟਲ ਦੇ ਮੁਤਾਬਕ 4,54,863 ਲੋੜਵੰਦ ਬਿਨੈਕਾਰਾਂ ਨੇ ਵਿਭਾਗ ਦੀ ਵੈੱਬਸਾਈਟ ਉੱਤੇ ਆਪਣੇ ਆਪ ਨੂੰ ਰਜਿਸਟਰ ਕੀਤਾ ਹੈ।

ਹਰਿਆਣਾ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਬਾਰੇ ਹਰਿਆਣਾ ਕੇਂਦਰੀ ਯੂਨੀਵਰਸਿਟੀ ਦੀ ਸਮਾਜ ਸ਼ਾਸਤਰ ਵਿਭਾਗ ਦੀ ਸਹਾਇਕ ਪ੍ਰੋਫੈਸਰ ਰੀਮਾ ਗਿੱਲ ਨੇ ਦੱਸਿਆ ਕਿ ਸਰਕਾਰੀ ਨੌਕਰੀ ਦੀ ਘਾਟ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਕਾਰਨ ਨੌਜਵਾਨ ਵਿਦੇਸ਼ ਦਾ ਰੁਖ਼ ਕਰ ਰਹੇ ਹਨ।

ਰੀਮਾ ਗਿੱਲ ਨੇ ਹਰਿਆਣਾ ਤੋਂ ਹੋ ਰਹੇ ਗ਼ੈਰ-ਕਾਨੂੰਨੀ ਪਰਵਾਸ ਬਾਰੇ ਇੱਕ ਖੋਜ ਪੱਤਰ, “ਹਰਿਆਣਾ ਤੋਂ ਡੰਕੀ ਪਰਵਾਸ” ਵੀ ਪ੍ਰਕਾਸ਼ਿਤ ਕੀਤਾ ਹੈ।

ਉਹ ਦੱਸਦੇ ਹਨ ਕਿ ਸੂਬੇ ਵਿੱਚੋਂ ਕਿੰਨੇ ਨੌਜਵਾਨ ਪਿਛਲੇ ਸਾਲਾਂ ਦੌਰਾਨ ਪਰਵਾਸ ਕਰ ਗਏ ਇਸ ਦਾ ਕੋਈ ਵੀ ਅਧਿਕਾਰਤ ਅੰਕੜਾ ਮੌਜੂਦ ਨਹੀਂ ਹੈ ਪਰ ਦੇਖਿਆ ਜਾਵੇ ਤਾਂ ਪਿੰਡਾਂ ਦੇ ਪਿੰਡ ਖ਼ਾਲੀ ਹੋ ਰਹੇ ਹਨ।

ਰੀਮਾ ਦੱਸਦੇ ਹਨ ਕਿ ਪਹਿਲਾਂ ਏਜੰਟ ਪੰਜਾਬ ਵਿੱਚ ਸਰਗਰਮ ਸਨ ਪਰ ਹੁਣ ਉਹ ਹਰਿਆਣਾ ਦੇ ਪੇਂਡੂ ਇਲਾਕਿਆਂ ਵਿੱਚ ਸਰਗਰਮ ਹੋ ਗਏ ਹਨ ਅਤੇ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਸਫ਼ਲਤਾ ਨਾਲ ਭੇਜਣ ਦਾ ਦਾਅਵਾ ਕਰਕੇ ਭਰਮਾਉਂਦੇ ਹਨ।

ਹਾਲਾਂਕਿ ਪਿਛਲੇ ਸਾਲਾਂ ਦੌਰਾਨ ਹਰਿਆਣਾ ਦੇ ਕਿੰਨੇ ਨੌਜਵਾਨ ਕਾਨੂੰਨੀ ਅਤੇ ਗ਼ੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਗਏ ਹਨ ਇਸ ਦੇ ਅਧਿਕਾਰਤ ਅੰਕੜੇ ਮੌਜੂਦ ਨਹੀਂ ਪਰ ਭਾਰਤੀ ਵਿਦੇਸ਼ ਮੰਤਰਾਲੇ ਦੇ 2016 ਤੋਂ 2020 ਦੇ ਅੰਕੜਿਆਂ ਮੁਤਾਬਕ ਹਰਿਆਣਾ ਵਿੱਚ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਜ਼ਾਫਾ ਹੋ ਰਿਹਾ ਹੈ।

ਅੰਕੜਿਆਂ ਮੁਤਾਬਕ 2016 ਵਿੱਚ 5284, ਸਾਲ 2017 ਵਿੱਚ 7374, ਸਾਲ 2018 ਵਿੱਚ 9802, ਸਾਲ 2019 ਵਿੱਚ 12709 ਅਤੇ 2020 ਵਿੱਚ 6944 ਨੌਜਵਾਨ ਵਿਦਿਆਰਥੀ ਵੀਜ਼ੇ ਉੱਤੇ ਵਿਦੇਸ਼ ਗਏ। ਇਨ੍ਹਾਂ ਵਿੱਚ ਵੱਡੀ ਗਿਣਤੀ ਕੁੜੀਆਂ ਦੀ ਵੀ ਸ਼ਾਮਲ ਹੈ।

ਹਾਲਾਂਕਿ, ਮਾਹਰ ਮੰਨਦੇ ਹਨ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਇਸ ਤੋਂ ਕਾਫ਼ੀ ਜ਼ਿਆਦਾ ਹੈ।

ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਇੱਛਾ ਨੂੰ ਦੇਖਦੇ ਹੋਏ ਸੂਬੇ ਵਿੱਚ ਗ਼ੈਰ-ਕਾਨੂੰਨੀ ਏਜੰਟਾਂ ਨਾਲ ਨਜਿੱਠਣ ਦੇ ਲਈ ਇਸੀ ਸਾਲ ਵਿਧਾਨ ਸਭਾ ਵਿੱਚ ‘ਹਰਿਆਣਾ ਰਜਿਸਟ੍ਰੇਸ਼ਨ ਅਤੇ ਯਾਤਰਾ ਦਾ ਨਿਯਮ ਏਜੰਟ ਬਿੱਲ, 2024’ ਬਿੱਲ ਪਾਸ ਕੀਤਾ ਜਿਸ ਵਿੱਚ ਫ਼ਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਵਿਵਸਥਾ ਕੀਤੀ ਗਈ।

ਭਰ ਭਵਿੱਖ ਦੇ ਨਤੀਜਿਆਂ ਬਾਰੇ ਕੁਝ ਵੀ ਕਹਿਣਾ ਹਾਲੇ ਜਲਦਬਾਜ਼ੀ ਹੋਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)