ਜਰਨੈਲ ਸਿੰਘ ਨੂੰ ਜਦੋਂ ਛੱਪੜ ਵਿੱਚ ਨਹਾਉਂਦਿਆਂ ਪਹਿਲੀ ਫ਼ਿਲਮ ਮਿਲੀ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ

- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਸਿਨੇਮਾ ਜਾਂ ਮਨੋਰੰਜਨ ਜਗਤ ਵਿੱਚ ਮੌਕਿਆਂ ਦੀ ਭਾਲ ਕਰਦੇ ਕਲਾਕਾਰ ਹਰ ਹੱਦ ਪਾਰ ਕਰਨ ਲਈ ਤਿਆਰ ਰਹਿੰਦੇ ਹਨ। ਬਹੁਤ ਘੱਟ ਅਜਿਹੇ ਕਲਾਕਾਰ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੇ ਆਪਣੀ ਸਿੱਖੀ ਦਿੱਖ ਬਰਕਰਾਰ ਰੱਖੀ ਹੋਵੇ।
ਜਰਨੈਲ ਸਿੰਘ ਅਜਿਹੇ ਇੱਕ ਕਲਾਕਾਰ ਹਨ, ਜਿਨ੍ਹਾਂ ਨੇ ਸਿੱਖੀ ਸਰੂਪ ਵਿੱਚ ਰਹਿੰਦਿਆਂ ਇਸ ਖੇਤਰ ਵਿੱਚ ਨਾਮਣਾ ਖੱਟਿਆ ਹੈ।
ਉਨ੍ਹਾਂ ਅੱਗੇ ਵੀ ਕਈ ਅਜਿਹੇ ਮੌਕੇ ਰੱਖੇ ਗਏ, ਜਿਨ੍ਹਾਂ ਨੂੰ ਹਾਸਿਲ ਕਰਨ ਲਈ ਉਨ੍ਹਾਂ ਨੂੰ ਆਪਣੇ ਸਿੱਖੀ ਸਰੂਪ ਨਾਲ ਛੇੜਛਾੜ ਕਰਨੀ ਪੈਣੀ ਸੀ ਪਰ ਉਨ੍ਹਾਂ ਨੇ ਸਭ ਤੋਂ ਉਪਰ ਆਪਣੇ ਵਿਸ਼ਵਾਸ ਨੂੰ ਚੁਣਿਆ।
ਜਰਨੈਲ ਸਿੰਘ ਹੁਣ ਇੱਕ ਪਛਾਣ ਵਾਲੇ ਅਦਾਕਾਰ ਹਨ ਤੇ ਨਾਲ-ਨਾਲ ਉਹ ਫਿਲਮ ਨਿਰਮਾਤਾ ਵੀ ਹਨ।
ਉਨ੍ਹਾਂ ਨੇ ਪੰਜਾਬੀ ਦੇ ਨਾਲ-ਨਾਲ ਕਈ ਹਿੰਦੀ ਫ਼ਿਲਮਾਂ ਵਿੱਚ ਵੀ ਬਤੌਰ ਅਦਾਕਾਰ ਅਤੇ ਕਈ ਫ਼ਿਲਮਾਂ ਵਿੱਚ ਪ੍ਰੋਡਕਸ਼ਨ ਦਾ ਕੰਮ ਕੀਤਾ ਹੈ।
ਜਰਨੈਲ ਸਿੰਘ ਨੇ ਦੱਸਿਆ, “ਸਾਡੇ ਨਾਲ ਹਿੰਦੂ ਪਰਿਵਾਰਾਂ ਦੇ ਲੜਕੇ ਵੀ ਕੰਮ ਕਰਦੇ ਹਨ, ਉਹ ਆਪਣਾ ਵਿਸ਼ਵਾਸ ਨਿਭਾਉਂਦੇ ਹਨ। ਉਨ੍ਹਾਂ ਨੂੰ ਕਦੇ ਦਾਹੜੀ ਰੱਖਣ ਲਈ ਨਹੀਂ ਕਿਹਾ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘੱਟੋ-ਘੱਟ ਸਿੱਖ ਪਰਿਵਾਰਾਂ ਦੇ ਬੱਚੇ ਦਾਹੜੀ ਰੱਖਣ ਤੇ ਪੱਗ ਬੰਨ੍ਹਣ।”

ਪ੍ਰੋਡਕਸ਼ਨ ਹਾਊਸ ਖੋਲ੍ਹਣ ਤੱਕ ਦੀ ਕਹਾਣੀ

ਤਸਵੀਰ ਸਰੋਤ, JARNAIL SINGH/INSTAGRAM
ਜਰਨੈਲ ਸਿੰਘ ਦਾ ਪਿਛੋਕੜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਿਆਸ ਦਰਿਆ ਦੇ ਨੇੜਲੇ ਪਿੰਡ ਬੁੱਢਾ ਥੇਈ ਨਾਲ ਸਬੰਧਤ ਹੈ।
ਉਹ ਦੱਸਦੇ ਹਨ ਕਿ ਪਿੰਡ ਦੇ ਨੇੜੇ ਹੀ ਰਈਆ ਨਾਮੀ ਕਸਬੇ ਵਿੱਚ ਉਹ ਪੜ੍ਹਨ ਜਾਂਦੇ ਸਨ। ਬਾਅਦ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਪਿੰਡ ਤੋਂ ਬਾਹਰ-ਬਾਹਰ ਪੈਂਦੇ ਬਾਬਾ ਬਕਾਲਾ ਸਿੰਘ ਮੋੜ ’ਤੇ ਕੋਠੀ ਪਾ ਲਈ ਸੀ।
ਅੱਸੀਵੇਂ-ਨੱਬੇਵਿਆਂ ਵਿੱਚ ਪੰਜਾਬ ਦੇ ਨਾਜ਼ੁਕ ਹਾਲਾਤ ਅਤੇ ਚੰਗੀ ਪੜ੍ਹਾਈ ਦੇ ਮੱਦੇਨਜ਼ਰ ਇਨ੍ਹਾਂ ਦਾ ਪਰਿਵਾਰ 1988 ਵਿੱਚ ਚੰਡੀਗੜ੍ਹ ਆ ਕੇ ਰਹਿਣ ਲੱਗ ਪਿਆ, ਉਸ ਵੇਲੇ ਜਰਨੈਲ ਸਿੰਘ ਦੂਜੀ ਜਮਾਤ ਵਿੱਚ ਪੜ੍ਹਦੇ ਸੀ। ਉਨ੍ਹਾਂ ਦੇ ਪਿਤਾ ਸ਼ੇਰ ਸਿੰਘ ਕਮਾਈ ਲਈ ਦੁਬਈ ਰਹਿੰਦੇ ਸੀ।
ਜਰਨੈਲ ਸਿੰਘ ਦੱਸਦੇ ਹਨ ਕਿ ਉਹ ਤੀਜੀ ਜਮਾਤ ਤੋਂ ਹੀ ਫ਼ੇਲ੍ਹ ਹੋਣਾ ਸ਼ੁਰੂ ਹੋ ਗਏ ਸੀ ਕਿਉਂਕਿ ਉਨ੍ਹਾਂ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਸੀ।
ਕਿਸੇ ਤਰ੍ਹਾਂ ਉਹ ਨੌਵੀਂ ਜਮਾਤ ਤੱਕ ਪਹੁੰਚੇ ਅਤੇ ਨੌਵੀਂ ਵਿੱਚੋਂ ਵੀ ਫ਼ੇਲ੍ਹ ਹੋ ਗਏ। ਪਰ ਉਨ੍ਹਾਂ ਦੀ ਰੁਚੀ ਗਤਕਾ, ਕਬੱਡੀ, ਸੱਭਿਆਚਾਰਕ ਗਤੀਵਿਧੀਆਂ ਜਾਂ ਹੋਰ ਕੰਮਕਾਰ ਕਰਨ ਵਿੱਚ ਜ਼ਰੂਰ ਸੀ।
ਉਨ੍ਹਾਂ ਨੂੰ ਆਪਣੀ ਰੁਚੀ ਮੁਤਾਬਕ ਹੀ ਜ਼ਿੰਦਗੀ ਜਿਊਣ ਦਾ ਮੌਕਾ ਮਿਲਿਆ ਅਤੇ ਅੱਜ ਉਨ੍ਹਾਂ ਨੇ ਅਦਾਕਾਰੀ ਵਿੱਚ ਵੀ ਨਾਮਣਾ ਖੱਟਿਆ ਹੈ ਅਤੇ ‘ਵਿਰਾਸਤ ਫਿਲਮਜ਼’ ਨਾਮੀ ਪ੍ਰੋਡਕਸ਼ਨ ਹਾਊਸ ਜ਼ਰੀਏ ਫ਼ਿਲਮਾਂ ਦੇ ਨਿਰਮਾਣ ਨਾਲ ਵੀ ਜੁੜੇ ਹੋਏ ਹਨ।
ਭਰਾ ਨੇ ਨਿਭਾਇਆ ਪਿਤਾ ਦਾ ਫ਼ਰਜ਼

ਤਸਵੀਰ ਸਰੋਤ, JARNAIL SINGH/INSTAGRAM
ਜਰਨੈਲ ਸਿੰਘ ਬਹੁਤ ਛੋਟੇ ਸਨ, ਜਦੋਂ ਉਨ੍ਹਾਂ ਦੇ ਪਿਤਾ ਇਸ ਦੁਨੀਆਂ ਤੋਂ ਚਲੇ ਗਏ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਜ਼ਿਆਦਾ ਸਮਾਂ ਆਪਣੀ ਮਾਂ ਅਤੇ ਭਰਾ ਨਾਲ ਬਿਤਾਇਆ ਹੈ। ਜਰਨੈਲ ਸਿੰਘ ਹੁਰਾਂ ਦੀ ਇੱਕ ਛੋਟੀ ਭੈਣ ਵੀ ਹੈ।
ਜਰਨੈਲ ਸਿੰਘ ਨੇ ਦੱਸਿਆ, “ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋਈ ਸੀ ਤਾਂ ਮਹਿਜ਼ ਚਾਰ ਸਾਲ ਵੱਡੇ ਉਨ੍ਹਾਂ ਦੇ ਭਰਾ ਨੇ ਕਿਹਾ ਸੀ, ‘ਪਿਓ ਮੇਰਾ ਮਰਿਆ ਹੈ, ਤੁਹਾਡਾ ਨਹੀਂ। ਤੁਹਾਡੇ ਲਈ ਮੈਂ ਹਾਂ।’”
ਉਹ ਦੱਸਦੇ ਹਨ, “ਉਨ੍ਹਾਂ ਨੂੰ ਆਪਣੇ ਭਰਾ ਜਗਪ੍ਰੀਤ ਸਿੰਘ ਕਰ ਕੇ ਅੱਜ ਤੱਕ ਕਦੇ ਵੀ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਈ। ਜਿਹੜੀ ਗੱਲ ਮੇਰੇ ਭਰਾ ਨੇ ਪਿਤਾ ਦੀ ਮੌਤ ਵੇਲੇ 1995-96 ਵਿੱਚ ਕਹੀ ਸੀ, ਉਹ ਅੱਜ ਵੀ ਉਸ ਨੂੰ ਨਿਭਾਅ ਰਿਹਾ ਹੈ। ਉਹ ਮੇਰੇ ਸਿਰ ’ਤੇ ਛੱਤ ਹੈ।”
ਜਰਨੈਲ ਸਿੰਘ ਨੇ ਦੱਸਿਆ, “ਮੇਰਾ ਭਰਾ ਕਹਿੰਦਾ ਹੁੰਦੈ ਜੇ ਮੰਨ ਲਿਆ ਤਾਂ ਹਾਰ ਜੇ ਧਾਰ ਲਿਆ ਤਾਂ ਜਿੱਤ। ਮੈਂ ਇਹੀ ਫ਼ਾਰਮੂਲਾ ਸਾਰੀ ਜ਼ਿੰਦਗੀ ਆਪਣਾਇਆ ਹੈ। ਜ਼ਿੰਦਗੀ ਵਿੱਚ ਤੁਸੀਂ ਡੋਲਦੇ ਜ਼ਰੂਰ ਹੋ ਪਰ ਤੁਹਾਡੇ ਆਲੇ-ਦੁਆਲੇ ਇਹੋ ਜਿਹੇ ਇਨਸਾਨ ਚਾਹੀਦੇ ਹਨ, ਜੋ ਤੁਹਾਨੂੰ ਡੋਲਣ ਨਾ ਦੇਣ।”
ਜਰਨੈਲ ਸਿੰਘ ਆਤਮ-ਵਿਸ਼ਵਾਸ ਬਣਨ ਵਿੱਚ ਸਭ ਤੋਂ ਵੱਡੀ ਭੂਮਿਕਾ ਆਪਣੇ ਭਰਾ ਦੀ ਮੰਨਦੇ ਹਨ, ਪਰ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਦੇ ਪਾਲੇ ਵਿੱਚ ਹੋਰ ਵੀ ਬੜੇ ਖਿਡਾਰੀ ਹਨ, ਜੋ ਉਨ੍ਹਾਂ ਨੂੰ ਡੋਲਣ ਨਹੀਂ ਦਿੰਦੇ।
ਇਨ੍ਹਾਂ ਵਿੱਚ ਉਹ ਆਪਣੀ ਮਾਂ ਅਤੇ ਗਤਕਾ ਸਿਖਾਉਣ ਵਾਲੇ ਆਪਣੇ ਉਸਤਾਦ ਦਾ ਜ਼ਿਕਰ ਵੀ ਕਰਦੇ ਹਨ।
ਪਿੰਡ ਦੇ ਛੱਪੜ ਵਿੱਚ ਨਹਾਉਂਦੇ ਮਿਲਿਆ ਪਹਿਲੀ ਫ਼ਿਲਮ ਦਾ ਮੌਕਾ

ਤਸਵੀਰ ਸਰੋਤ, JARNAIL SINGH/INSTAGRAM
ਜਦੋਂ ਜਰਨੈਲ ਸਿੰਘ ਪਿੰਡ ਰਹਿੰਦੇ ਸੀ ਤਾਂ ਲੇਖਕ ਖੁਸ਼ਵੰਤ ਸਿੰਘ ਹੁਰਾਂ ਦੇ ਨਾਵਲ ‘ਟਰੇਨ ਟੂ ਪਾਕਿਸਤਾਨ’ ’ਤੇ ਆਧਾਰਿਤ ਫ਼ਿਲਮ ਦੀ ਸ਼ੂਟਿੰਗ ਹੋ ਰਹੀ ਸੀ। ਉਹ ਦੱਸਦੇ ਹਨ ਕਿ ਉਹ ਪਿੰਡ ਦੇ ਛੱਪੜ ਵਿੱਚ ਨਹਾ ਰਹੇ ਸੀ, ਜਦੋਂ ਫ਼ਿਲਮ ਨਾਲ ਜੁੜੇ ਕੁਝ ਲੋਕਾਂ ਨੇ ਆ ਕੇ ਫ਼ਿਲਮ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ।
ਉਹ ਪੇਸ਼ਕਸ਼ ਫ਼ਿਲਮ ਵਿੱਚ ਕਰਾਊਡ ਵਜੋਂ ਸ਼ਾਮਲ ਹੋਣ ਦੀ ਸੀ, ਜੋ ਪਿੰਡ ਰਹਿੰਦੇ ਛੋਟੇ ਜਵਾਕ ਲਈ ਆਕਰਸ਼ਿਤ ਕਰਨ ਵਾਲੀ ਸੀ।
ਜਰਨੈਲ ਸਿੰਘ ਦੱਸਦੇ ਹਨ ਕਿ ਉਸ ਵੇਲੇ ਉਹ ਪੜ੍ਹਣਾ ਨਹੀਂ ਸੀ ਚਾਹੁੰਦੇ, ਇਸ ਲਈ ਪੜ੍ਹਾਈ ਨੂੰ ਛੱਡ ਕੇ ਹੋਰ ਕੋਈ ਵੀ ਕੰਮ ਕਰ ਸਕਦੇ ਸੀ।
ਜਰਨੈਲ ਸਿੰਘ ਦੱਸਦੇ ਹਨ,“ਫ਼ਿਲਮ ਦੇ ਸੈੱਟ ਦਾ ਮਾਹੌਲ ਮੈਨੂੰ ਬਹੁਤ ਚੰਗਾ ਲੱਗਿਆ ਸੀ। ਕਈ ਵਾਰ ਬੰਦਾ ਜਿਵੇਂ ਦਾ ਕੁਝ ਲੱਭਦਾ ਹੁੰਦਾ, ਉਹੋ ਜਿਹਾ ਹੀ ਕੁਝ ਮਿਲ ਜਾਂਦਾ ਹੈ। ਭਾਵੇਂ ਕਰਾਊਡ ਵਿੱਚ ਜਾਂਦੇ ਸੀ ਪਰ ਸੈੱਟ ਉੱਤੇ ਹੋਰ ਕੰਮ ਵੀ ਕਰਦੇ ਰਹਿੰਦੇ ਸੀ ਚਾਹੇ ਉਹ ਰੰਗ-ਰੋਗਨ ਕਰਨ ਦਾ ਕੰਮ ਹੀ ਕਿਉਂ ਨਾ ਹੁੰਦਾ।”
ਫ਼ਿਲਮ ‘ਟਰੇਨ ਟੂ ਪਾਕਿਸਤਾਨ’ ਵਿੱਚ ਜਰਨੈਲ ਸਿੰਘ ਦਾ ਰੋਲ ਇੰਨਾ ਥੋੜ੍ਹਾ ਸੀ ਕਿ ਉਹ ਫ਼ਿਲਮ ਵਿੱਚ ਕਿਤੇ ਦਿਸਦੇ ਵੀ ਨਹੀਂ ਹਨ।
ਧਾਰਮਿਕ ਐਲਬਮ ਤੋਂ ਮਿਲੀ ਅਸਲ ਪਛਾਣ

ਤਸਵੀਰ ਸਰੋਤ, JARNAIL SINGH/INSTAGRAM
ਜਰਨੈਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਦੋ-ਤਿੰਨ ਸਾਲ ਫ਼ਿਲਮਾਂ ਦੇ ਕਰਾਊਡ ਵਿੱਚ ਹੀ ਕੰਮ ਕੀਤਾ। ਇਨ੍ਹਾਂ ਵਿੱਚ ਫਿਲਮ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ ਵੀ ਸ਼ਾਮਲ ਹੈ।
ਇਸ ਤੋਂ ਬਾਅਦ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਹੁਰਾਂ ਦੀ ਧਾਰਮਿਕ ਐਲਬਮ ਦੀਆਂ ਵੀਡੀਓਜ਼ ਵਿੱਚ ਜਰਨੈਲ ਸਿੰਘ ਨੇ ਮੋਹਰੀ ਭੂਮਿਕਾ ਨਿਭਾਈ, ਜਿਸ ਨੂੰ ਜਰਨੈਲ ਸਿੰਘ ਆਪਣੇ ਕਰੀਅਰ ਦਾ ਟਰਨਿੰਗ ਪੁਆਇੰਟ ਵੀ ਮੰਨਦੇ ਹਨ।
ਜਰਨੈਲ ਸਿੰਘ ਦੱਸਦੇ ਹਨ ਕਿ ਇਸ ਐਲਬਮ ਕਰਕੇ ਲੋਕ ਉਨ੍ਹਾਂ ਨੂੰ ਪਛਾਣਨ ਲੱਗ ਪਏ ਸੀ।
ਜਰਨੈਲ ਸਿੰਘ ਨੇ ਦੱਸਿਆ, “ਵੀਡੀਓ ਵਿੱਚ ਦੁਮਾਲਾ ਬੰਨ੍ਹਿਆ ਹੋਣ ਕਰ ਕੇ ਮੈਂ ਨਿੱਜੀ ਜ਼ਿੰਦਗੀ ਵਿੱਚ ਵੀ ਪੱਗ ਦੀ ਥਾਂ ਦੁਮਾਲਾ ਬੰਨ੍ਹਣ ਲੱਗ ਗਿਆ ਸੀ ਤਾਂ ਕਿ ਲੋਕ ਪਛਾਣ ਲੈਣ। ਜਦੋਂ ਉਹ ਐਲਬਮ ਰਿਲੀਜ਼ ਹੋਈ ਤਾਂ ਆਨੰਦਪੁਰ ਸਾਹਿਬ ਮੇਲੇ ਵਿੱਚ ਲੋਕਾਂ ਨੇ ਪਛਾਣਨਾ ਸ਼ੁਰੂ ਕਰ ਦਿੱਤਾ।”
“ਹੁਣ ਤੱਕ ਕਈ ਵੱਡੇ-ਵੱਡੇ ਕਿਰਦਾਰ ਨਿਭਾਏ ਹਨ ਪਰ ਜੋ ਅਹਿਸਾਸ ਉਹ ਪਹਿਲੀ ਵਾਰ ਪਛਾਣ ਮਿਲਣ ਵੇਲੇ ਦਾ ਹੈ, ਉਹ ਹੁਣ ਤੱਕ ਵੀ ਭੁੱਲਦਾ ਨਹੀਂ।”
ਇਸ ਤੋਂ ਬਾਅਦ ਜਰਨੈਲ ਸਿੰਘ ਨੇ ਕਈ ਮਿਊਜ਼ਿਕ ਵੀਡੀਓਜ਼ ਅਤੇ ਹਿੰਦੀ-ਪੰਜਾਬੀ ਫ਼ਿਲਮਾਂ ਵਿੱਚ ਬਤੌਰ ਅਦਾਕਾਰ ਕੰਮ ਕੀਤਾ ਅਤੇ ਕਰ ਰਹੇ ਹਨ। ਜਰਨੈਲ ਸਿੰਘ ਅੱਠ ਸੌ ਤੋਂ ਵੱਧ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰ ਚੁੱਕੇ ਹਨ।
ਜਰਨੈਲ ਸਿੰਘ ਨੇ ਕੁਝ ਸਮਾਂ ਮੁਹਾਲੀ ਦੇ ਸੋਹਾਣਾ ਵਿਚ ਇੱਕ ਹਸਪਤਾਲ ’ਚ ਕੇਅਰ-ਟੇਕਰ ਵਜੋਂ ਨੌਕਰੀ ਵੀ ਕੀਤੀ ਅਤੇ ਨਾਲ-ਨਾਲ ਸ਼ੂਟਿੰਗਾਂ ’ਤੇ ਵੀ ਜਾਂਦੇ ਰਹੇ।
ਹਿੰਦੀ ਫਿਲਮਾਂ ’ਚ ਪੰਜਾਬ ਦੇ ਅਕਸ ਨੂੰ ਬਦਲਣ ਵਿੱਚ ਭੂਮਿਕਾ

ਤਸਵੀਰ ਸਰੋਤ, JARNAIL SINGH/INSTAGRAM
ਜਰਨੈਲ ਸਿੰਘ ਪ੍ਰੋਡਕਸ਼ਨ ਜ਼ਰੀਏ ਵੀ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਨਾਲ ਜੁੜੇ ਹੋਏ ਹਨ। ਉਹ ਮਹਿਸੂਸ ਕਰਦੇ ਹਨ ਕਿ ਪੰਜਾਬੀ ਇੰਡਸਟਰੀ ਵਿੱਚ ਫ਼ਿਲਮ ’ਤੇ ਡੂੰਘਾਈ ਨਾਲ ਕੰਮ ਨਹੀਂ ਕੀਤਾ ਜਾਂਦਾ, ਜਿਸ ਨੂੰ ਉਹ ਆਪਣੀ ਪ੍ਰੋਡਕਸ਼ਨ ਦੀਆਂ ਫ਼ਿਲਮਾਂ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ।
ਉਹ ਉਦਾਹਰਨ ਦਿੰਦੇ ਹਨ ਕਿ ਪ੍ਰਾਜੈਕਟ ਦੀ ਮੰਗ ਨੂੰ ਧਿਆਨ ਵਿੱਚ ਨਾ ਰੱਖਦਿਆਂ ਸਹੂਲਤ ਦੇ ਮੁਤਾਬਕ ਅਦਾਕਾਰ ਲੈਣੇ ਜਾਂ ਕਹਾਣੀ ’ਤੇ ਪੂਰਾ ਕੰਮ ਨਾ ਹੋਣਾ ਵਗੈਰਾ ਫ਼ਿਲਮ ਨੂੰ ਕਮਜ਼ੋਰ ਕਰਦਾ ਹੈ।
ਹਿੰਦੀ ਫ਼ਿਲਮਾਂ ਦੇ ਮਾਮਲੇ ਵਿੱਚ ਉਹ ਖਾਸ ਤੌਰ ’ਤੇ ਦੱਸਦੇ ਹਨ ਕਿ ਫ਼ਿਲਮ ਮੇਕਰਜ਼ ਨੂੰ ਪੰਜਾਬੀਆਂ ਦੇ ਅਸਲ ਕਿਰਦਾਰ ਬਾਰੇ ਜਾਣਕਾਰੀ ਨਾ ਹੋਣ ਕਾਰਨ ਪਹਿਲਾਂ ਕਈ ਕਮੀਆਂ ਦੇਖਣ ਨੂੰ ਮਿਲਦੀਆਂ ਸੀ।
“ਜਿਵੇਂ ਕਿ ਉਨ੍ਹਾਂ ਨੂੰ ਸਿਰਫ਼ ਹਾਸੇ ਮਜ਼ਾਕ ਕਰਨ ਵਾਲੇ ਪਾਤਰ ਵਜੋਂ ਹੀ ਜ਼ਿਆਦਾ ਦਿਖਾਇਆ ਜਾਣਾ ਜਾਂ ਪੱਗ ਸਹੀ ਢੰਗ ਨਾਲ ਨਾ ਬੰਨ੍ਹੀ ਹੋਣਾ ਵਗੈਰਾ।”
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਹਿੰਦੀ ਫ਼ਿਲਮਾਂ ਨਾਲ ਪੰਜਾਬ ਵਿੱਚ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕੀਤਾ ਤਾਂ ਪੱਗ ਬਾਰੇ ਖਾਸ ਕੰਮ ਕੀਤਾ। ਉਹ ਜਾਂ ਉਨ੍ਹਾਂ ਦੀ ਟੀਮ ਖੁਦ ਅਦਾਕਾਰਾਂ ਦੇ ਪੱਗ ਬੰਨ੍ਹ ਕੇ ਦਿੰਦੇ ਸਨ। ਜਰਨੈਲ ਸਿੰਘ ਮਹਿਸੂਸ ਕਰਦੇ ਹਨ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਹਿੰਦੀ ਫ਼ਿਲਮਾਂ ਵਿੱਚ ਪੱਗ ਨੂੰ ਲੈ ਕੇ ਕਾਫ਼ੀ ਸੁਧਾਰ ਦੇਖਿਆ ਹੈ।
ਜਰਨੈਲ ਸਿੰਘ ਨੇ ਛੇਵਾਂ ਦਰਿਆ, ਪੰਜਾਬਣ, ਯਮਲਾ ਪਗਲਾ ਦੀਵਾਨਾ, ਸੰਨ ਆਫ ਸਰਦਾਰ, ਸਿੰਘ ਇਜ਼ ਕਿੰਗ ਤੇ ਫ਼ੈਸ਼ਨ ਜਿਹੀਆਂ ਫ਼ਿਲਮਾਂ ਨਾਲ ਪ੍ਰੋਡਕਸ਼ਨ ਦਾ ਕੰਮ ਕੀਤਾ ਸੀ।
ਕੀ ਇਤਿਹਾਸਕ ਫ਼ਿਲਮਾਂ ਲਈ ਦਰਸ਼ਕ ਤਿਆਰ ਨੇ ?

ਤਸਵੀਰ ਸਰੋਤ, JARNAIL SINGH/INSTAGRAM
ਜਰਨੈਲ ਸਿੰਘ ਕਹਿੰਦੇ ਹਨ ਕਿ ਇਤਿਹਾਸਕ ਫ਼ਿਲਮਾਂ ਬਣਨੀਆਂ ਬਹੁਤ ਜ਼ਰੂਰੀ ਹਨ, ਕਿਉਂਕਿ ਇਤਿਹਾਸ ਤੁਹਾਡੇ ਅੰਦਰ ਜਜ਼ਬਾ ਭਰਦਾ ਹੈ।
“ਦਰਸ਼ਕ ਪੰਜਾਬੀ ਕਮਰਸ਼ੀਅਲ ਫ਼ਿਲਮਾਂ ਦੇਖਣ ਵਿਚ ਵੀ ਜ਼ਿਆਦਾ ਉਤਸ਼ਾਹ ਨਹੀਂ ਦਿਖਾਉਂਦੇ, ਇਤਿਹਾਸਕ ਫ਼ਿਲਮਾਂ ਤਾਂ ਬਹੁਤ ਘੱਟ ਦੇਖਦੇ ਹਨ।”
ਉਹ ਕਹਿੰਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਦੇ ਪੰਜਾਬੀਆਂ ਸਣੇ ਕਰੀਬ 13 ਕਰੋੜ ਪੰਜਾਬੀ ਹਨ। ਭਾਰਤੀ ਪੰਜਾਬ ਦੇ ਸਵਾ ਤਿੰਨ ਕਰੋੜ ਵਿੱਚੋਂ ਜੇ ਸੱਤਰ ਲੱਖ ਲੋਕ ਵੀ ਫ਼ਿਲਮ ਦੇਖ ਲੈਣ ਤਾਂ ਫ਼ਿਲਮ ਸੁਪਰ ਹਿੱਟ ਹੋ ਜਾਂਦੀ ਹੈ ਪਰ ਸੱਤਰ ਲੱਖ ਲੋਕ ਵੀ ਫ਼ਿਲਮ ਦੇਖਣ ਨਹੀਂ ਜਾਂਦੇ।
ਉਨ੍ਹਾਂ ਦੱਸਿਆ ਕਿ ਫ਼ਿਲਮ ‘ਮਸਤਾਨੇ’ ਨੇ ਚੰਗਾ ਕਾਰੋਬਾਰ ਕੀਤਾ ਸੀ, ਜਿਸ ਤੋਂ ਬਾਅਦ ਪ੍ਰੋਡਿਊਸਰਾਂ ਨੂੰ ਹੌਸਲਾ ਮਿਲਿਆ ਅਤੇ ‘ਬੀਬੀ ਰਜਨੀ’ ਜਿਹੀ ਫ਼ਿਲਮ ਬਣੀ। ਉਹ ਕਹਿੰਦੇ ਹਨ, “ਫ਼ਿਲਮਾਂ ਬਣਾਉਣ ਵਾਲਿਆਂ ਨੂੰ ਕੋਈ ਸਮੱਸਿਆ ਨਹੀਂ, ਪਰ ਕੀ ਦਰਸ਼ਕ ਧਾਰਮਿਕ ਇਤਿਹਾਸਕ ਫ਼ਿਲਮਾਂ ਲਈ ਤਿਆਰ ਹਨ?”
ਨਾਲ ਹੀ ਉਨ੍ਹਾਂ ਨੂੰ ਲੱਗਦਾ ਹੈ ਕਿ ਐੱਸਜੀਪੀਸੀ ਨੇ ਵੀ ਕੁਝ ਚੀਜ਼ਾਂ ਇੱਕ ਦਾਇਰੇ ਵਿੱਚ ਬੰਨ੍ਹ ਰੱਖੀਆਂ ਹਨ। ਉਹ ਮਹਿਸੂਸ ਕਰਦੇ ਹਨ ਕਿ ਜਿਨ੍ਹਾਂ ਯੋਧਿਆਂ ਬਾਰੇ ਫ਼ਿਲਮਾਂ ਬਣ ਸਕਦੀਆਂ ਹਨ, ਐੱਸਜੀਪੀਸੀ ਨੂੰ ਇੱਕ ਸੂਚੀ ਜਾਰੀ ਕਰਨੀ ਚਾਹੀਦੀ ਹੈ ਤਾਂ ਕਿ ਆਜ਼ਾਦੀ ਨਾਲ ਕੰਮ ਹੋ ਸਕੇ।
ਉਨ੍ਹਾਂ ਦਾ ਸੁਫਨਾ ਹੈ ਕਿ ਕਰੀਅਰ ਵਿੱਚ ਕਦੇ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲੇ। ਉਹ ਕਹਿੰਦੇ ਹਨ ਕਿ ਜੇ ਮਨਜ਼ੂਰੀ ਮਿਲੇ ਤਾਂ ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਹਰ ਤਿੰਨ ਮਹੀਨੇ, ਛੇ ਮਹੀਨੇ ਜਾਂ ਸਾਲ ਬਾਅਦ ਕੋਈ ਇਤਿਹਾਸਕ-ਧਾਰਮਿਕ ਫ਼ਿਲਮ ਬਣਾ ਸਕੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












