ਗੁਰਭਜਨ ਸਿੰਘ ਗਿੱਲ: 'ਜਿਹਨੇ ਕਦੇ ਸਾਹਮਣੇ ਅੱਖ ਨਹੀਂ ਸੀ ਚੁੱਕੀ ਉਸ ਨੇ ਘਰੋਂ ਬਾਲਟੀ ਵੀ ਨਹੀਂ ਚੁੱਕਣ ਦਿੱਤੀ' - ਉਜਾੜੇ ਦਾ ਦਰਦ

- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਦਾ ਜਨਮ ਅਜ਼ਾਦੀ ਤੋਂ ਕੁਝ ਸਾਲ ਬਾਅਦ ਸਾਲ 2 ਮਈ 1953 ਨੂੰ ਹੋਇਆ। ਜਿਵੇਂ ਜਿਵੇਂ ਸੁਰਤ ਸੰਭਲੀ ਤਾਂ ਪਰਿਵਾਰ ਦੇ ਦਰਦ ਅਤੇ ਸੰਘਰਸ਼ ਦੀ ਸਮਝ ਆਉਣ ਲੱਗੀ।
ਮਾਪਿਆਂ ਅਤੇ ਵੱਡੇ ਭੈਣ-ਭਰਾਵਾਂ ਤੋਂ ਉਸ ਦੌਰ ਬਾਰੇ ਸੁਣਿਆ ਜਦੋਂ ਉਹ ਦੇਸ਼ ਦੀ ਵੰਡ ਹੋ ਜਾਣ ਕਾਰਨ ਆਪਣਾ ਘਰ-ਬਾਰ ਛੱਡ ਕੇ ਰਾਵੀ ਦੇ ਇਸ ਪਾਰ ਪਹੁੰਚੇ ਸੀ ਜਿੱਥੇ ਉਨ੍ਹਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ।
ਪ੍ਰੋਫੈਸਰ ਗਿੱਲ ਦੱਸਦੇ ਹਨ ਕਿ ਜਦੋਂ ਪਰਿਵਾਰ ਨੂੰ ਘਰ ਛੱਡਣ ਦੇ ਹੁਕਮ ਹੋਏ ਸੀ ਤਾਂ ਉਨ੍ਹਾਂ ਦੇ ਮਾਤਾ ਅਤੇ ਪਿਤਾ ਦੇ ਨਾਲ ਉਨ੍ਹਾਂ ਦੇ ਦੋ ਵੱਡੇ ਭੈਣ ਭਰਾ ਵੀ ਸਨ ਅਤੇ ਇੱਕ ਭਰਾ ਉਸ ਵੇਲੇ ਮਾਂ ਦੀ ਕੁੱਖ ਵਿੱਚ ਸੀ।
ਗੁਰਭਜਨ ਸਿੰਘ ਗਿੱਲ ਨੇ ਕਿੱਸਾ ਸੁਣਾਇਆ, “ਮੇਰੇ ਵੱਡੇ ਭਰਾ ਜਸਵੰਤ ਸਿੰਘ ਉਸ ਵੇਲੇ ਸਾਢੇ ਕੁ ਤਿੰਨ ਸਾਲ ਦੇ ਸਨ। ਉਨ੍ਹਾਂ ਲਈ ਹਾਲ ਹੀ ਵਿੱਚ ਕਿਸੇ ਰਿਸ਼ਤੇਦਾਰੀ ਵਿੱਚ ਜਾਣ ਲਈ ਨਵਾਂ ਕਮੀਜ਼ ਸਵਾਇਆ ਗਿਆ ਸੀ। ਜਿੱਥੇ ਜਾਣ ਲਈ ਕਮੀਜ਼ ਸਵਾਇਆ ਸੀ ਉੱਥੇ ਤਾਂ ਹੁਣ ਜਾਇਆ ਨਹੀਂ ਸੀ ਜਾ ਸਕਣਾ, ਇਸ ਲਈ ਉਹੀ ਕਮੀਜ਼ ਉਨ੍ਹਾਂ ਦੇ ਪਵਾ ਦਿੱਤਾ।ਜਦੋਂ ਘਰ ਛੱਡਣ ਦੇ ਹੁਕਮ ਹੋਏ ਤਾਂ ਉਹ ਭੋਲ਼ੇਪਣ ਵਿੱਚ ਟੱਪਣ ਲੱਗੇ ਕਿ ਅਸੀਂ ਮੇਲੇ ਚੱਲੇ ਹਾਂ। ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਉੱਜੜ ਰਹੇ ਹਾਂ।”

ਤਸਵੀਰ ਸਰੋਤ, Gurbhajn Singh Gill/ Facebool
ਗੁਰਭਜਨ ਸਿੰਘ ਗਿੱਲ ਹੁਰਾਂ ਦੀ ਇੱਕ ਬਹੁਤ ਮਕਬੂਲ ਕਵਿਤਾ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ
‘ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ
ਪਹਿਲਾਂ ’ਵਾ ਨੇ ਟਾਹਣੇ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ
ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ
ਇੱਕ ਛੰਨਾ, ਪੋਣੇ ਬੱਧੀ ਰੋਟੀ ਇੱਕ ਕੁੱਤਾ ਲੈ ਗਿਆ’

ਤਸਵੀਰ ਸਰੋਤ, Gurbhajan Singh Gill
ਇਸ ਕਵਿਤਾ ਪਿਛਲੀ ਕਹਾਣੀ ਵੀ ਉਨ੍ਹਾਂ ਨੇ ਸੁਣਾਈ ਕਿ ਜਦੋਂ ਪਰਿਵਾਰ ਨੇ ਘਰ ਛੱਡਿਆ ਤਾਂ ਉਨ੍ਹਾਂ ਦੇ ਨਾਲ ਇੱਕ ਮੱਝ ਵੀ ਸੀ ਕਿ ਜੇ ਲੋੜ ਪਈ ਤਾਂ ਦੁੱਧ ਪੀ ਸਕਣਗੇ। ਪਰ ਉਹ ਘਰੋਂ ਬਾਲਟੀ ਚੁੱਕਣੀ ਭੁੱਲ ਗਏ ਸੀ। ਜਦੋਂ ਬਾਲਟੀ ਚੁੱਕਣ ਦੁਬਾਰਾ ਪਿੰਡ ਮੁੜੇ ਤਾਂ ਉਨ੍ਹਾਂ ਦੇ ਘਰ ਨੂੰ ਲੁੱਟਿਆ ਜਾ ਰਿਹਾ ਸੀ।
ਗਿੱਲ ਨੇ ਦੱਸਿਆ, “ਉਨ੍ਹਾਂ ਵਿੱਚੋਂ ਪਿੰਡ ਦਾ ਹੀ ਇੱਕ ਵਿਅਕਤੀ ਜਿਸ ਨੇ ਕਦੇ ਬਾਪੂ ਜੀ ਸਾਹਮਣੇ ਨਿਗ੍ਹਾ ਉਤਾਂਹ ਨਹੀਂ ਸੀ ਚੁੱਕੀ, ਨੇ ਬਾਪੂ ਜੀ ਨੂੰ ਤਲਖ਼ ਲਹਿਜੇ ਵਿੱਚ ਕਿਹਾ ਕਿ ਜੇ ਭਲੀ ਚਾਹੁਨੈਂ ਤਾਂ ਇੰਨੀ ਪੈਰੀਂ ਪਰਤ ਜਾ। ਉਨ੍ਹਾਂ ਨੂੰ ਬਾਲਟੀ ਚੁੱਕਣੀ ਵੀ ਨਸੀਬ ਨਹੀਂ ਹੋਈ।"
ਗੁਰਭਜਨ ਸਿੰਘ ਗਿੱਲ ਪਰਿਵਾਰ ਸਮੇਤ ਪਿਛਲੇ ਤਕਰੀਬਨ ਚਾਰ-ਪੰਜ ਦਹਾਕਿਆਂ ਤੋਂ ਲੁਧਿਆਣਾ ਵਿਖੇ ਰਹਿ ਰਹੇ ਹਨ। ਪਰ ਉਨ੍ਹਾਂ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜੇ ਪਿੰਡ ਬਸੰਤਕੋਟ ਵਿੱਚ ਹੋਇਆ ਸੀ।
ਬਸੰਤਕੋਟ ਵਿੱਚ ਉਨ੍ਹਾਂ ਦਾ ਪਰਿਵਾਰ 1947 ਵੰਡ ਵੇਲੇ ਪਾਕਿਸਤਾਨ ਤੋਂ ਆ ਕੇ ਵਸਿਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਹਰਨਾਮ ਸਿੰਘ ਅਤੇ ਮਾਤਾ ਦਾ ਨਾਮ ਤੇਜ ਕੌਰ ਸੀ।
ਉੱਜੜ ਕੇ ਵੱਸਣ ਦਾ ਸੰਘਰਸ਼
ਪ੍ਰੋਫੈਸਰ ਗਿੱਲ ਦੱਸਦੇ ਹਨ ਕਿ ਵੰਡ ਤੋਂ ਪਹਿਲਾਂ ਸਿਆਲਕੋਟ ਜ਼ਿਲ੍ਹੇ ਦੀ ਨਾਰੋਵਾਲ ਤਹਿਸੀਲ ਵਿੱਚ ਪੈਂਦਾ ਨੇਦੋਕੇ ਉਨ੍ਹਾਂ ਦਾ ਜੱਦੀ ਪਿੰਡ ਸੀ। ਜਿੱਥੇ ਪਰਿਵਾਰ ਦਾ ਮੁੱਖ ਕਿੱਤਾ ਖੇਤੀਬਾੜੀ ਸੀ ਅਤੇ ਪਰਿਵਾਰ ਦੇ ਕੁਝ ਜੀਅ ਫ਼ੌਜ ਵਿੱਚ ਵੀ ਸਨ।
1947 ਵੇਲੇ ਵੰਡ ਕਾਰਨ ਜਦੋਂ ਪਰਿਵਾਰ ਆਪਣਾ ਘਰ-ਬਾਰ ਛੱਡ ਕੇ ਭਾਰਤ ਵਾਲੇ ਪਾਸੇ ਆਇਆ ਤਾਂ ਇੱਧਰ ਆ ਕੇ ਜ਼ਮੀਨਾਂ ਥੋੜ੍ਹੀਆਂ ਮਿਲਣ ਕਰਕੇ ਪਰਿਵਾਰ ਦੀ ਆਰਥਿਕਤਾ ਵੀ ਡੋਲੀ।
ਪ੍ਰੋਫੈਸਰ ਗਿੱਲ ਇਹ ਵੀ ਕਹਿੰਦੇ ਹਨ ਕਿ ਜ਼ਮੀਨਾਂ ਥੁੜਣ ਦੇ ਨੁਕਸਾਨ ਨਾਲ਼ੋਂ ਵੱਧ ਉਨ੍ਹਾਂ ਨੂੰ ਫ਼ਾਇਦਾ ਹੋ ਗਿਆ ਕਿਉਂਕਿ ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਭੂਆ ਜੀ ਦੇ ਪਰਿਵਾਰ ਨੇ ਉਨ੍ਹਾਂ ਨੂੰ ਵੀ ਸਿੱਖਿਆ ਨਾਲ ਜੋੜਿਆ ਤਾਂ ਕਿ ਪਰਿਵਾਰ ਤਰੱਕੀ ਕਰ ਸਕੇ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਸਾਰੇ ਭੈਣ-ਭਰਾਵਾਂ ਨੇ ਉਨ੍ਹਾਂ ਜ਼ਮਾਨਿਆਂ ਵਿੱਚ ਪੋਸਟ-ਗ੍ਰੈਜੁਏਸ਼ਨ ਕੀਤੀ ਅਤੇ ਵੱਡੇ ਅਹੁਦਿਆਂ ’ਤੇ ਪਹੁੰਚੇ।

ਜਦੋਂ ਮਾਂ ਦੇ ਸਰਹਾਣੇ ਰੱਖੀ ਰੋਟੀ ਕੁੱਤਾ ਲੈ ਗਿਆ
ਅੱਗੇ ਗੁਰਭਜਨ ਸਿੰਘ ਗਿੱਲ ਦੱਸਦੇ ਹਨ ਕਿ ਭਾਦੋਂ ਦੇ ਉਸ ਮਹੀਨੇ ਬਹੁਤ ਮੀਂਹ ਪਿਆ ਸੀ ਅਤੇ ਰਾਵੀ ਵਿੱਚ ਹੜ੍ਹ ਆ ਗਿਆ ਸੀ। ਪਰਿਵਾਰ ਨੂੰ ਅੱਠ ਦਿਨ ਪੱਤਣ ਲਾਗੇ ਬਹਿਣਾ ਪਿਆ। ਫ਼ੌਜੀਆਂ ਵੱਲੋਂ ਉੱਜੜੇ ਲੋਕਾਂ ਲਈ ਭੋਜਨ ਦੇ ਸੁੱਟੇ ਪੈਕਟਾਂ ਵਿੱਚੋਂ ਹੀ ਜੋ ਉਨ੍ਹਾਂ ਦੇ ਪਿਤਾ ਜੀ ਦੇ ਹੱਥ ਲੱਗਿਆ ਉਨ੍ਹਾਂ ਵਿੱਚੋਂ ਦੋ ਰੋਟੀਆਂ ਉਨ੍ਹਾਂ ਨੇ ਗੁਰਭਜਨ ਗਿੱਲ ਹੁਰਾਂ ਦੀ ਮਾਂ ਨੂੰ ਫੜਾ ਦਿੱਤੀਆਂ।
ਅੱਗੇ ਪ੍ਰੋਫੈਸਰ ਗਿੱਲ ਦੱਸਦੇ ਹਨ, “ਮਾਂ ਕੋਲ ਸਿਰਫ ਇੱਕ ਛੰਨਾ ਸੀ, ਜਿਸ ਵਿੱਚ ਰੋਟੀਆਂ ਰੱਖ ਕੇ ਉਸ ਨੇ ਪੋਣੇ ਵਿੱਚ ਲਪੇਟ ਲਈਆਂ, ਇਸ ਸੋਚਦਿਆਂ ਕਿ ਜਦੋਂ ਮੇਰੇ ਬੱਚੇ ਨੂੰ ਭੁੱਖ ਲੱਗੂਗੀ ਤਾਂ ਪਾਣੀ ਨਾਲ ਭਿਓਂ ਕੇ ਖਵਾ ਦੇਓਂਗੀ। ਛੰਨਾ ਆਪਣੇ ਸਰਾਹਣੇ ਰੱਖ ਲਿਆ। ਪਰ ਰਾਤ ਨੂੰ ਇੱਕ ਕੁੱਤਾ ਉਹ ਛੰਨੇ ਵਿੱਚੋਂ ਉਹ ਰੋਟੀ ਖੋਹ ਕੇ ਲੈ ਗਿਆ।”
ਗੁਰਭਜਨ ਸਿੰਘ ਗੱਲ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੀ ਮਾਂ ਇਹ ਘਟਨਾ ਸੁਣਾਉਂਦੀ ਹੁੰਦੀ ਸੀ ਤਾਂ ਉਹ ਨਾਰਮਲ (ਸਹਿਜ) ਨਹੀਂ ਸੀ ਰਹਿੰਦੀ। ਫਿਰ 1997 ਵਿੱਚ ਜਦੋਂ ਗੁਰਭਜਨ ਸਿੰਘ ਗਿੱਲ ਨਨਕਾਣਾ ਸਾਹਿਬ ਵਿਖੇ ਗਏ ਤਾਂ ਉਨ੍ਹਾਂ ਨੇ ਇਹ ਕਵਿਤਾ ਸੁਣਾਈ ਸੀ।
ਇਸੇ ਤਰ੍ਹਾਂ ਇੱਕ ਹੋਰ ਘਟਨਾ ਜਦੋਂ ਗਿੱਲ ਦੇ ਭੂਆ ਜੀ ਦੇ ਬੇਟੇ ਅਨੂਪ ਸਿੰਘ ਨੂੰ ਰਾਹ ਵਿੱਚ ਦੰਗਈਆਂ ਨੇ ਬਰਛੇ ਨਾਲ ਮਾਰ ਦਿੱਤਾ ਸੀ ਤਾਂ ਬੇਵੱਸ ਹੋਏ ਉਨ੍ਹਾਂ ਦੇ ਭੂਆ ਜੀ ਨੂੰ ਆਪਣੀ ਚੁੰਨੀ ਲਾਹ ਕੇ ਪੁੱਤ ਦੀ ਲਾਸ਼ ਉੱਤੇ ਪਾ ਕੇ ਅੱਗੇ ਤੁਰਨਾ ਪਿਆ।
ਇਸ ਬਾਰੇ ਵੀ ਗੁਰਭਜਨ ਸਿੰਘ ਗਿੱਲ ਨੇ ਆਪਣੇ ਕਵਿਤਾ ਵਿੱਚ ਲਿਖਿਆ ਸੀ ਕਿ-
‘ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ‘ਤੇ ਪਾ ਕੇ ਤੁਰੀ
ਇਸ ਤੋਂ ਵਧ ਕੇ ਹੋਵੇਗਾ ਕਿਹੜਾ ਕਰਮਜਲਾ’...
‘ਕਸਰ ਤੂੰ ਛੱਡੀ ਨਾ ਕੋਈ, ਅੱਗ ਲਾ ਕੇ ਐ ਹਵਾ
ਫਿਰ ਵੀ ਤੂੰ ਦੇਖ ਕਿੱਦਾਂ ਝੂਮਦਾ ਹੈ ਜੰਗਲ ਹਰਾ’
‘ਵੱਡਾ ਉਜਾੜਾ ਦੇਖਣ ਵਾਲਿਆਂ ਨੂੰ ਛੋਟੇ ਉਜਾੜੇ ਡਰਾਉਂਦੇ ਨਹੀਂ’

ਤਸਵੀਰ ਸਰੋਤ, Getty Images
ਗੁਰਭਜਨ ਸਿੰਘ ਗਿੱਲ ਮਸਾਂ 12 ਕ ਵਰ੍ਹਿਆਂ ਦੇ ਸਨ ਜਦੋਂ 1965 ਵਿੱਚ ਭਾਰਤ-ਪਾਕਿਸਤਾਨ ਜੰਗ ਲੱਗੀ।
ਉਨ੍ਹਾਂ ਦੱਸਿਆ, “ਸਕੂਲ ਵਿੱਚ ਬੋਹੜ ਦੇ ਥੱਲੇ ਸਾਡੀ ਜਮਾਤ ਲੱਗੀ ਹੋਈ ਸੀ। ਨੇੜਲੇ ਪਿੰਡ ਡੇਰਾ ਪਠਾਣਾ ਤੱਕ ਪਾਕਿਸਤਾਨ ਵਾਲੇ ਪਾਸਿਓਂ ਸੁੱਟੇ ਗਏ ਬੰਬ ਦੇ ਗੋਲੇ ਡਿੱਗੇ ਸੀ। ਸਾਡੇ ਸਕੂਲ ਦੀਆਂ ਖਿੜਕੀਆਂ ਦਰਵਾਜ਼ੇ ਤੱਕ ਖੜਕ ਗਏ ਸੀ।"
ਉਨ੍ਹਾਂ ਦੱਸਿਆ ਕਿ ਫਿਰ ਫ਼ੌਜ ਵਧਦੀ ਦੇਖ ਕੇ ਉਨ੍ਹਾਂ ਦਾ ਪਰਿਵਾਰ ਬਾਕੀ ਪਿੰਡ ਵਾਲਿਆਂ ਦੇ ਨਾਲ ਪਿੰਡ ਛੱਡ ਕੇ ਗੱਡਿਆਂ ਉੱਤੇ ਸਮਾਨ ਲੱਦ ਕੇ ਤੁਰ ਪਿਆ ਸੀ ਅਤੇ ਕੁਝ ਦਿਨ ਕਿਸੇ ਹੋਰ ਪਿੰਡ ਦੇ ਨੇੜੇ ਡੇਰੇ ਲਗਾਏ ਸਨ।
ਇਸ ਤੋਂ ਬਾਅਦ ਜਦੋਂ ਵੀ ਗੁਆਂਢੀ ਮੁਲਕ ਨਾਲ ਭਾਰਤ ਦੀ ਜੰਗ ਲੱਗੀ ਤਾਂ ਸਰਹੱਦੀ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਇਲਾਕਿਆਂ ਵਿੱਚ ਸਹਿਮ ਦਾ ਮਾਹੌਲ ਬਣਦਾ ਰਿਹਾ ਹੈ। ਪਹਿਲਾਂ ਹੀ ਆਪਣਾ ਘਰ-ਬਾਰ ਛੱਡ ਕੇ ਭਾਰਤ ਆਏ ਪਰਿਵਾਰ ਲਈ ਵਾਰ-ਵਾਰ ਉਹ ਡਰ ਦਾ ਸਮਾਂ ਕਿਵੇਂ ਗੁਜ਼ਰਦਾ ਹੋਏਗਾ।
ਇਸ ਬਾਰੇ ਗਿੱਲ ਕਹਿੰਦੇ ਹਨ, “ਜਿਹਨੇ ਵੱਡਾ ਉਜਾੜਾ ਦੇਖਿਆ ਹੋਵੇ, ਉਸ ਨੂੰ ਛੋਟੇ-ਛੋਟੇ ਉਜਾੜੇ ਵੱਡੇ ਨਹੀਂ ਲਗਦੇ। ਤੇ ਜਿਹੜਾ ਇੱਕ ਵਾਰੀ ਉੱਜੜ ਜਾਵੇ, ਵੱਸਣਾ ਹੀ ਉਸ ਨੂੰ ਆਉਂਦਾ ਹੈ। ਜਿਹੜਾ ਉੱਜੜਿਆ ਨਹੀਂ ਉਸ ਨੂੰ ਵੱਸਣਾ ਵੀ ਨਹੀਂ ਆਉਂਦਾ।”
ਅੱਗੇ ਗੁਰਭਜਨ ਗਿੱਲ ਕਹਿੰਦੇ ਹਨ,"ਜੇ ’47 ਦੀ ਵੰਡ ਨਾ ਹੁੰਦੀ ਤਾਂ ਪੰਜਾਬ ਦੇ ਅਜੋਕੇ ਵਿਕਸਿਤ ਖ਼ਿੱਤੇ ਖਾਸ ਕਰਕੇ ਮਾਲਵਾ, ਹਾਲੇ ਵੀ ਇੰਨਾਂ ਵਿਕਸਿਤ ਨਾ ਹੁੰਦਾ।”
ਉਹ ਕਹਿੰਦੇ ਹਨ, “ਇਸ ਉਜਾੜੇ ਨੇ ਉਜਾੜਿਆ ਵੀ ਬਹੁਤ ਹੈ ਅਤੇ ਸਿਖਾਇਆ ਵੀ ਬਹੁਤ ਹੈ। ਸਿੱਖਿਆ ਦੇ ਕੇਂਦਰ ਬਦਲ ਗਏ। ਸੱਤਾ ਦੇ ਕੇਂਦਰ ਬਦਲ ਗਏ।"
ਪਾਕਿਸਤਾਨ ਕਈ ਵਾਰ ਗਏ ਪਰ ਜੱਦੀ ਪਿੰਡ ਜਾਣ ਦੀ ਰੀਝ ਹਾਲੇ ਅਧੂਰੀ

ਤਸਵੀਰ ਸਰੋਤ, Getty Images
ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਉਹ ਹੁਣ ਤੱਕ 10 ਵਾਰ ਪਾਕਿਸਤਾਨ ਜਾ ਕੇ ਆਏ ਹਨ, ਪਰ ਵੀਜ਼ਾ ਨਿਯਮਾਂ ਕਰਕੇ ਹਾਲੇ ਤੱਕ ਉਹ ਆਪਣੇ ਪੁਰਖਿਆਂ ਦੇ ਪਿੰਡ ਨਹੀਂ ਜਾ ਸਕੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਕੋਸ਼ਿਸ਼ ਕਰ ਰਹੇ ਹਨ ਕਿ ਜਦੋਂ ਅਗਲੀ ਵਾਰ ਪਾਕਿਸਤਾਨ ਜਾਣ ਤਾਂ ਇੱਥੋਂ ਹੀ ਵੀਜ਼ਾ ਪ੍ਰਬੰਧ ਕਰਕੇ ਜਾਣ ਤਾਂ ਕਿ ਪਿੰਡ ਵੀ ਜਾਇਆ ਜਾ ਸਕੇ।
ਪਹਿਲੀ ਵਾਰ 1997 ਵਿੱਚ ਉਹ ਜਥੇ ਦੇ ਨਾਲ ਨਨਕਾਣਾ ਸਾਹਿਬ ਵਿਖੇ ਗਏ ਸਨ। ਦੂਜੀ ਵਾਰ 2001 ਵਿੱਚ ਉਹ ਵਰਲਡ ਪੰਜਾਬੀ ਕਾਨਫਰੰਸ ਲਈ ਪਾਕਿਸਤਾਨ ਗਏ।
ਤੀਜੀ ਵਾਰ 2006 ਵਿੱਚ ਉਹ ਨਨਕਾਣਾ ਸਾਹਿਬ ਜਾਣ ਵਾਲੀ ਪਹਿਲੀ ਬੱਸ ਨਾਲ ਜਾਣ ਵਾਲੇ ਭਾਰਤੀ ਵਫ਼ਦ ਵਿੱਚ ਗਏ ਸਨ। ਫਿਰ 2014 ਤੋਂ ਬਾਅਦ ਉਹ ਕੁਝ ਸਾਲ ਕਾਨਫਰੰਸ ਲਈ ਲਾਹੌਰ ਗਏ ਤੇ ਨਾਨਕਾਣਾ ਸਾਹਿਬ ਵੀ ਗਏ।
ਗਿੱਲ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੂੰ ਪਾਕਿਸਤਾਨ ਫੇਰੀ ਦੌਰਾਨ ਜਦੋਂ ਨਨਕਾਣਾ ਸਾਹਿਬ ਜਾਣ ਦਾ ਮੌਕਾ ਨਹੀਂ ਮਿਲਿਆ ਅਤੇ ਸਾਰੀ ਰਾਤ ਉਹ ਰੋਂਦੇ ਰਹੇ। ਉਸ ਵੇਲੇ ਉਨ੍ਹਾਂ ਦੀ ਕਲਮ ਵਿੱਚੋਂ ਨਿਕਲੀ ਗਜ਼ਲ ਦਾ ਇੱਕ ਸ਼ੇਅਰ ਉਨ੍ਹਾਂ ਨੇ ਸੁਣਾਇਆ-
ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ?
ਮੈਂ ’47 ਮਗਰੋਂ ਜੰਮਿਆਂ, ਮੇਰੇ ਪਿੰਡੇ ਲਾਸ ਕਿਉਂ ਹੈ?
ਸ਼ਹਿਰ ਲਾਹੌਰ ‘ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ
ਤਾਂ ਗਲਵੱਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ?
End of ਜ਼ਿੰਦਗੀਨਾਮਾ ਲੜੀ ਦੀਆਂ ਕੁਝ ਹੋਰ ਕਹਾਣੀਆਂ
ਸ਼ਾਹਮੁਖੀ ਵਿੱਚ ਕਿਉਂ ਛਪਵਾਈਆਂ ਕਿਤਾਬਾਂ?
ਇਹ ਇੰਟਰਵਿਊ ਕਰਨ ਤੋਂ ਪਹਿਲਾਂ ਜਦੋਂ ਮੈਂ ਗੁਰਭਜਨ ਸਿੰਘ ਗਿੱਲ ਹੁਰਾਂ ਦੀਆਂ ਲਿਖੀਆਂ ਕਿਤਾਬਾਂ ਦੀ ਸੂਚੀ ਪੜ੍ਹ ਰਹੀ ਸੀ, ਤਾਂ ਪਤਾ ਲੱਗਿਆ ਕਿ ਉਨ੍ਹਾਂ ਨੇ ਕੁਝ ਕਿਤਾਬਾਂ ਸ਼ਾਹਮੁਖੀ ਵਿੱਚ ਵੀ ਪਬਲਿਸ਼ ਕਰਵਾਈਆਂ ਹਨ। ਪਾਕਿਸਤਾਨ ਵਾਲੇ ਪੰਜਾਬ ਵਿੱਚ ਪੰਜਾਬੀ ਦੀ ਪ੍ਰਚਲਿਤ ਲਿਪੀ ਸ਼ਾਹਮੁਖੀ ਹੈ।
ਪ੍ਰੋਫੈਸਰ ਗਿੱਲ ਨੇ ਦੱਸਿਆ ਕਿ ਜਦੋਂ ਉਹ 2001 ਵਿੱਚ ਪਾਕਿਸਤਾਨ ਗਏ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਰਹੱਦ ਸਿਰਫ਼ ਵਾਹਗੇ ਵਾਲੀ ਲਕੀਰ ਹੀ ਨਹੀਂ, ਬਲਕਿ ਲਿਪੀ ਵੀ ਦੋਹਾਂ ਪੰਜਾਬਾਂ ਦਰਮਿਆਨ ਇੱਕ ਸਰਹੱਦ ਹੈ। ਉਸ ਵੇਲੇ ਉਨ੍ਹਾਂ ਨੇ ਸੋਚਿਆ ਕੇ ਉਹ ਅਗਲੀ ਵਾਰ ਉਹ ਸ਼ਾਹਮੁਖੀ ਵਿੱਚ ਆਪਣੀ ਕਿਤਾਬ ਛਪਵਾ ਕੇ ਲਿਆਉਣਗੇ।
ਫਿਰ ਉਨ੍ਹਾਂ ਨੇ ਆਪਣੀ ਕਿਤਾਬ ‘ਖ਼ੈਰ ਪੰਜਾਂ ਪਾਣੀਆਂ ਦੀ’ ਗੁਰਮੁਖੀ ਅਤੇ ਸ਼ਾਹਮੁਖੀ ਦੋਹਾਂ ਲਿਪੀਆਂ ਵਿੱਚ ਛਪਵਾਈ ਅਤੇ 2006 ਵਿੱਚ ਪਾਕਿਸਤਾਨ ਫੇਰੀ ਦੌਰਾਨ ਸ਼ਾਹਮੁਖੀ ਵਿੱਚ ਛਪੀ ਇਹ ਕਿਤਾਬ ਲੈ ਕੇ ਗਏ।
ਫਿਰ 2017 ਤੋਂ ਉਨ੍ਹਾਂ ਨੇ ਸੰਕਲਪ ਲਿਆ ਕਿ ਹਰ ਸਾਲ ਘੱਟੋ-ਘੱਟ ਇੱਕ ਕਿਤਾਬ ਸ਼ਾਹਮੁਖੀ ਵਿੱਚ ਛਪਵਾਉਣਗੇ ਅਤੇ ਸ਼ਾਹਮੁਖੀ ਦੀ ਘੱਟੋ-ਘੱਟ ਇੱਕ ਕਿਤਾਬ ਗੁਰਮੁਖੀ ਵਿੱਚ ਛਪਵਾਉਣ ਦੀ ਕੋਸ਼ਿਸ਼ ਕਰਨਗੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਪੰਜ ਕਿਤਾਬਾਂ ਸ਼ਾਹਮੁਖੀ ਵਿੱਚ ਛਪੀਆਂ ਹਨ ਅਤੇ ਉੱਥੋਂ ਦੀਆਂ ਕੁਝ ਯੁਨੀਵਰਸਿਟੀਆਂ ਵਿੱਚ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਾਈਆਂ ਵੀ ਜਾ ਰਹੀਆਂ ਹਨ।
ਗਿੱਲ ਦੱਸਦੇ ਹਨ ਕਿ ਪਾਕਸਿਤਾਨ ਵਿੱਚ ਗਈਆਂ ਸ਼ਾਹਮੁਖੀ ਵਿੱਚ ਛਪੀਆਂ ਉਨ੍ਹਾਂ ਦੀਆਂ ਕਿਤਾਬਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਬਾਬਾ ਨਜ਼ਮੀ ਜਿਹੇ ਪਾਕਿਸਤਾਨ ਦੇ ਮਹਾਨ ਲੇਖਕ ਇਹ ਕਿਤਾਬਾਂ ਪੜ੍ਹ ਕੇ ਉਨ੍ਹਾਂ ਨੂੰ ਫ਼ੋਨ ਕਰਦੇ ਹਨ।
ਗੁਰਭਜਨ ਸਿੰਘ ਗਿੱਲ ਨੇ ਇਹ ਵੀ ਜ਼ਿਕਰ ਕੀਤਾ ਕਿ ਭਾਰਤੀ ਪੰਜਾਬ ਵਿੱਚ ਵੀ ਪਾਕਿਸਤਾਨੀ ਪੰਜਾਬ ਦੇ ਲੇਖਕਾਂ ਦੀਆਂ ਕਿਤਾਬਾਂ ਦੀ ਮੰਗ ਬਹੁਤ ਹੈ।
ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਕਹਿੰਦੇ ਹਨ ਕਿ ਤਕਨੀਕ ਦੀ ਮਦਦ ਨਾਲ ਪੰਜਾਬੀ ਸਾਹਿਤ ਦਾ ਦਾਇਰਾ ਹੋਰ ਵਧਾਇਆ ਜਾ ਸਕਦਾ ਹੈ। ਆਨਲਾਈਨ ਵੈਬਸਾਈਟਾਂ, ਯੂਟਿਊਬ ਜ਼ਰੀਏ ਇੰਟਰਨੈਟ ‘ਤੇ ਹਾਜ਼ਰ ਹੋ ਕੇ ਆਲਮੀ ਪੱਧਰ ‘ਤੇ ਵਿਚਰਿਆ ਜਾ ਸਕਦਾ ਹੈ।
ਧੀਆਂ ਬਾਰੇ ਲਿਖਣ ਦੀ ਪ੍ਰੇਰਣਾ ਕੀ ਰਹੀ ?

ਤਸਵੀਰ ਸਰੋਤ, Gurbhajan Singh Gill
ਗੁਰਭਜਨ ਸਿੰਘ ਗਿੱਲ ਦੀ ਲੇਖਣੀ ਦੇ ਵੰਨ-ਸੁਵੰਨੇ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਧੀਆਂ/ਕੁੜੀਆਂ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਧੀਆਂ ਬਹੁਤ ਘੱਟ ਸਨ। ਉਨ੍ਹਾਂ ਦੀ ਇੱਕੋ ਇੱਕ ਭੈਣ ਦੇ ਜਨਮ ਤੋਂ 42 ਸਾਲ ਬਾਅਦ ਉਨ੍ਹਾਂ ਦੇ ਘਰ ਵਿਚ ਧੀ ਦੇ ਰੂਪ ਵਿਚ ਉਨ੍ਹਾਂ ਦੀ ਭਤੀਜੀ ਦਾ ਜਨਮ ਹੋਇਆ। ਫਿਰ ਉਨ੍ਹਾਂ ਦੇ ਭਤੀਜਿਆਂ ਦੀਆਂ ਧੀਆਂ ਅਤੇ ਉਨ੍ਹਾਂ ਦੀ ਆਪਣੀ ਪੋਤੀ ਅਸੀਸ ਦਾ ਜਨਮ ਹੋਇਆ।
ਗੁਰਭਜਨ ਸਿੰਘ ਗਿੱਲ ਦਾ ਆਪਣੀ ਪੋਤੀ ਲਈ ਚਾਅ ਉਸ ਦੇ ਜਨਮ ’ਤੇ ਲਿਖੀ ਕਵਿਤਾ ‘ਅਸੀਸ’ ਤੋਂ ਵੀ ਝਲਕਦਾ ਹੈ, ਅਤੇ ਉਸ ਦੇ ਜਨਮ ਤੋਂ ਬਾਅਦ ਛਪੀਆਂ ਆਪਣੀਆਂ ਕਈ ਕਿਤਾਬਾਂ ਵਿੱਚ ਪੋਤੀ ਅਸੀਸ ਦੀਆਂ ਵਾਹੀਆਂ ਲੀਕਾਂ (ਰੇਖਾਂਕਣ) ਨੂੰ ਖਾਸ ਥਾਂ ਦੇਣ ਵਿੱਚ ਵੀ ਝਲਕਦਾ ਹੈ।
ਉਹ ਮਹਿਸੂਸ ਕਰਦੇ ਹਨ ਕਿ ਘਰ ਵਿੱਚ ਸੁਹਜ ਤੇ ਸਲੀਕਾ ਧੀਆਂ ਨਾਲ ਆਉਂਦਾ ਹੈ। ਇਸ ਕਰਕੇ ਉਹ ਧੀਆਂ ਬਾਰੇ ਲਿਖਣ ਲਈ ਪ੍ਰੇਰਿਤ ਹੁੰਦੇ। ਇਸ ਤੋਂ ਇਲਾਵਾ ਉਹ ਕਹਿੰਦੇ ਹਨ ਕਿ ਕਈ ਘਟਨਾਵਾਂ ਵੀ ਕਿਸੇ ਵਿਸ਼ੇ ਬਾਰੇ ਲਿਖਣ ਦੀ ਪ੍ਰੇਰਣਾ ਬਣ ਜਾਂਦੀਆਂ ਹਨ।
ਉਹ ਇੱਕ ਘਟਨਾ ਦਾ ਵੀ ਜ਼ਿਕਰ ਕਰਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੇ ਭਰੂਣ ਹੱਤਿਆ ਬਾਰੇ ਲਿਖਿਆ। ਉਹ ਸੁਣਾਉਂਦੇ ਹਨ ਜਦੋਂ ਉਨ੍ਹਾਂ ਦੇ ਇੱਕ ਜਾਣਕਾਰ ਨੇ ਉਨ੍ਹਾਂ ਨੂੰ ਆ ਕੇ ਦੱਸਿਆ ਕਿ ਕਿਵੇਂ ਹਸਪਤਾਲ ਵਿੱਚ ਇੱਕ ਬਾਪ ਆਪਣੀ ਧੀ ਦਾ ਗਰਭਪਾਤ ਕਰਵਾਉਣ ਲਈ ਆਇਆ ਹੋਇਆ ਸੀ।
ਕਿਉਂਕਿ ਉਸ ਦੇ ਜਵਾਈ ਨੇ ਚੇਤਾਵਨੀ ਦਿੱਤੀ ਸੀ ਕਿ ਦੋ ਕੁੜੀਆਂ ਤੋਂ ਬਾਅਦ ਜੇ ਹੁਣ ਫਿਰ ਕੁੜੀ ਦਾ ਜਨਮ ਹੁੰਦਾ ਹੈ ਤਾਂ ਉਹ ਆਪਣੀ ਧੀ ਨੂੰ ਅਤੇ ਦੋਹਤੀਆਂ ਨੂੰ ਆਪਣੇ ਕੋਲ ਹੀ ਰੱਖੇ।
ਇਹ ਘਟਨਾ ਸੁਣਨ ਬਾਅਦ ਗੁਰਭਜਨ ਸਿੰਘ ਗਿੱਲ ਨੇ ਕਵਿਤਾ ‘ਲੋਰੀ’ ਲਿਖੀ ਸੀ ਜਿਸ ਦੇ ਕੁਝ ਸ਼ਬਦ ਹਨ-
‘ਮਾਏ ਨੀ ਅਣਜੰਮੀ ਧੀ ਨੂੰ, ਆਪਣੇ ਨਾਲ਼ੋਂ ਵਿੱਛੜੇ ਜੀਅ ਨੂੰ
ਜਾਂਦੀ ਵਾਰੀ ਮਾਏ ਨੀ ਇੱਕ ਲੋਰੀ ਦੇ ਦੇ
ਬਾਬਲ ਤੋਂ ਭਾਵੇਂ ਚੋਰੀ ਨੀ, ਇੱਕ ਲੋਰੀ ਦੇਦੇ...’
ਅਜੋਕੇ ਸਮੇਂ ਸਾਹਿਤ ਦੀ ਰੁਚੀ ਅਤੇ ਮਿਆਰ

ਤਸਵੀਰ ਸਰੋਤ, Getty Images
ਇਸ ਇੰਟਰਵਿਊ ਦੌਰਾਨ ਗੁਰਭਜਨ ਸਿੰਘ ਗਿੱਲ ਹੁਰਾਂ ਨਾਲ ਕਾਫ਼ੀ ਗੱਲਾਂ ਬਾਤਾਂ ਹੋਈਆਂ। ਉਨ੍ਹਾਂ ਵਿੱਚੋਂ ਇੱਕ ਇਹ ਵੀ ਸੀ ਜਦੋਂ ਉਨ੍ਹਾਂ ਨੇ ਅੱਜ ਕੱਲ੍ਹ ਪੜ੍ਹਣ ਦਾ ਰੁਝਾਣ ਘੱਟ ਹੋਣ ਦੇ ਦਾਅਵੇ ਨੂੰ ਨਕਾਰਿਆ।
ਗਿੱਲ ਮੰਨਦੇ ਹਨ ਕਿ ਅੱਜ ਕੱਲ੍ਹ ਲੋਕ ਪੜ੍ਹਣ ਦੀ ਰੁਚੀ ਪਹਿਲਾਂ ਨਾਲ਼ੋਂ ਵਧੀ ਹੈ ਅਤੇ ਕਿਤਾਬਾਂ ਦੀ ਖਰੀਦਦਾਰੀ ਸਿੱਧੇ ਦੁਕਾਨਾਂ ਤੋਂ ਹੋਣ ਨਾਲ਼ੋਂ, ਐਮੇਜ਼ਾਨ ਜਿਹੀਆਂ ਆਨਲਾਈਨ ਐਪਲੀਕੇਸ਼ਨਜ਼ ਜਾਂ ਇੰਸਟਾਗ੍ਰਾਮ ਜਿਹੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਜ਼ਰੀਏ ਵਧੇਰੇ ਹੋ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਨੌਜਵਾਨ ਪੀੜ੍ਹੀ ਜਿਹੜੀਆਂ ਕਿਤਾਬਾਂ ਦੀ ਮਾਰਕਿਟਿੰਗ ਜਿੰਨੀ ਵਧੀਆ ਕਰ ਰਹੀ ਹੈ, ਓਹ ਕਿਤਾਬਾਂ ਵੱਧ ਵਿਕ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸੰਨੀ ਪੱਖੋਕੇ ਨਾਮੀ ਨੌਜਵਾਨ ਨੇ ਉਨ੍ਹਾਂ ਦੇ ਜਨਮ ਵਾਲੇ ਦਿਨ 2 ਮਈ ਨੂੰ ਉਨ੍ਹਾਂ ਦੀ ਚੋਣਵੀਆਂ ਗਜ਼ਲਾਂ ਦੀ ਕਿਤਾਬ ‘ਇਤਫ਼ਾਕ’ ਦਾ ਪਹਿਲਾ ਐਡੀਸ਼ਨ ਛਾਪ ਕੇ ਉਨ੍ਹਾਂ ਕੋਲ ਲਿਆਇਆ ਅਤੇ ਹੁਣ ਅਗਸਤ ਖਤਮ ਹੋਣ ਤੱਕ ਉਹ 500-500 ਦੇ ਦੋ ਐਡੀਸ਼ਨ ਛਾਪ ਚੁੱਕਿਆ ਹੈ।
ਨਾਲ ਹੀ ਗਿੱਲ ਇਹ ਵੀ ਕਹਿ ਦਿੰਦੇ ਹਨ, “ਹਾਲਾਂਕਿ ਮੈਂ ਮੁੱਖ ਕਵੀਆਂ ਵਿੱਚੋਂ ਨਹੀਂ ਗਿਣਿਆ ਜਾਂਦਾ। ਮੁੱਖ ਕਵੀ ਹੁੰਦਾ ਤਾਂ ਹੁਣ ਤੱਕ ਸ਼ਾਇਦ ਚਾਰ ਐਡੀਸ਼ਨ ਛਪ ਜਾਂਦੇ।”
ਕਈ ਵੱਡੇ ਲੇਖਕਾਂ ਦੀ ਤਰ੍ਹਾਂ ਗੁਰਭਜਨ ਸਿੰਘ ਗਿੱਲ ਵੀ ਮਹਿਸੂਸ ਕਰਦੇ ਹਨ ਕਿ ਅਜੋਕੇ ਸਮੇਂ ਕਿਤਾਬ ਛਪਵਾਉਣ ਦੀ ਪ੍ਰਕਿਰਿਆ ਸੌਖੀ ਹੋ ਜਾਣ ਕਾਰਨ ਗੈਰ-ਮਿਆਰੀ ਕਿਤਾਬਾਂ ਵੀ ਛਪ ਰਹੀਆਂ ਹਨ। ਪਰ ਨਾਲ ਹੀ ਉਹ ਕਹਿੰਦੇ ਹਨ ਕਿ ਚੰਗੇ ਪਾਠਕਾਂ ਨੂੰ ਚੰਗੇ ਲੇਖਕਾਂ ਬਾਰੇ ਜਾਣਕਾਰੀ ਹੁੰਦੀ ਹੈ ਕਿ ਜਦੋਂ ਇਨ੍ਹਾਂ ਵਿੱਚੋਂ ਕਿਸੇ ਦੀ ਕਿਤਾਬ ਆਵੇਗੀ ਤਾਂ ਕਿਸ ਮਿਆਰ ਦੀ ਹੋਵੇਗੀ।
ਦੱਸ ਦੇਈਏ ਕਿ ਹੁਣ ਗੁਰਭਜਨ ਗਿੱਲ ਦੀ ਗਜ਼ਲਾਂ ਦੀ ਕਿਤਾਬ ‘ਜ਼ੇਵਰ’ ਆਉਣ ਲਈ ਤਿਆਰ ਹੈ।
ਇਸ ਤੋਂ ਇਲਾਵਾ ਆਪਣੇ ਅਜ਼ਾਦ ਕਵਿਤਾਵਾਂ, ਗੀਤਾਂ ਅਤੇ ਰੁਬਾਈਆਂ ਦਾ ਸੰਗ੍ਰਹਿ 'ਸ਼ਬਦ ਸ਼ਬਦ’ ਸਿਰਲੇਖ ਹੇਠ ਐਡਿਟ ਕਰ ਰਹੇ ਹਨ।
ਕਿਸਾਨੀ ਮੋਰਚੇ ਨਾਲ ਸਬੰਧਤ ਇੱਕ ਕਵਿਤਾਵਾਂ ਦੀ ਕਿਤਾਬ 'ਧਰਤ ਵੰਗਾਰੇ ਤਖਤ ਨੂੰ’ ਉਨ੍ਹਾਂ ਨੇ ਐਡਿਟ ਕੀਤੀ ਹੈ।
ਪੇਸ਼ੇਵਰ ਅਤੇ ਸਾਹਿਤਕ ਸਫਰ

ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਦੀ ਸ਼ਖਸੀਅਤ ਨੂੰ ਸਿਰਫ ਇੱਕ ਕਵੀ ਜਾਂ ਲੇਖਕ ਕਹਿ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸਾਹਿਤ ਤੋਂ ਇਲਾਵਾ ਸਿੱਖਿਆ, ਖੇਡ ਤੇ ਸੱਭਿਆਚਾਰਕ ਸੰਸਥਾਵਾਂ ਵਿੱਚ ਵੀ ਸਰਗਰਮ ਰਹੇ ਹਨ। ਗੁਰਭਜਨ ਗਿੱਲ ਪੰਜਾਬੀ ਸਾਹਿਤ ਅਦਾਕਮੀ ਲੁਧਿਆਣਾ ਦੇ ਪ੍ਰਧਾਨ ਰਹੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਅਤੇ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਓਂ ਵਿਖੇ ਅਧਿਆਪਕ ਦੀ ਨੌਕਰੀ ਕੀਤੀ। ਇਸ ਤੋਂ ਬਾਅਦ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵਿੱਚ 2013 ਤੱਕ ਸੰਪਾਦਕ ਰਹੇ। ਫਿਰ ਕੁਝ ਸਮਾਂ ਤਲਵੰਡੀ ਸਾਬੋ ਦੀ ਗੁਰੂ ਕਾਸ਼ੀ ਯੁਨੀਵਰਸਿਟੀ ਵਿੱਚ ਡਾਇਰੈਕਟਰ ਯੋਜਨਾ ਤੇ ਵਿਕਾਸ ਵਜੋਂ ਸੇਵਾ ਨਿਭਾਈ।
ਇਨ੍ਹਾਂ ਅਦਾਰਿਆਂ ਵਿੱਚ ਭੂਮਿਕਾਵਾਂ ਨਿਭਾਉਣ ਤੋਂ ਇਲਾਵਾ ਉਹ ਪੰਜਾਬ ਦੇ ਵੱਡੇ ਸੱਭਿਆਚਾਰਕ ਮੇਲੇ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਦੇ ਮੋਢੀਆਂ ਵਿੱਚੋਂ ਹਨ।
ਉਹ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਖੇਡਾਂ ਦੀ ਸਰਪ੍ਰਸਤੀ ਵੀ ਕਰਦੇ ਰਹੇ ਹਨ। ਹੋਰ ਤਾਂ ਹੋਰ ਰਾਏਕੋਟ ਬੰਸੀਆਂ ਵਿੱਚ ਬਣੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟ੍ਰਸਟ ਦੇ ਚੇਅਰਮੈਨ ਹਨ ਅਤੇ ਇਸ ਯਾਦਗਾਰ ਦੀ ਉਸਾਰੀ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ।
ਗੁਰਭਜਨ ਸਿੰਘ ਗਿੱਲ ਹੁਰਾਂ ਨੇ ਕਵਿਤਾਵਾਂ, ਗਜ਼ਲਾਂ, ਗੀਤਾਂ, ਰੁਬਾਈਆਂ ਤੇ ਵਾਰਤਕ ਦੇ ਰੂਪ ਵਿੱਚ ਕਈ ਵਿਸ਼ਿਆਂ ਬਾਰੇ ਲਿਖਿਆ ਹੈ।
ਉਨ੍ਹਾਂ ਦੀ ਲੇਖਣੀ ਵਿੱਚ ਰਿਸ਼ਤਿਆਂ ਦਾ ਜ਼ਿਕਰ ਵੀ ਆਉਂਦਾ ਹੈ, ਕੁਦਰਤ ਬਾਰੇ ਵੀ ਉਨ੍ਹਾਂ ਨੇ ਰਚਨਾਵਾਂ ਲਿਖੀਆਂ ਹਨ, ਗਰੀਬੀ ਤੇ ਹੋਰ ਸਮਾਜਿਕ ਸਰੋਕਾਰਾਂ, ਕੁੜੀਆਂ ਦੀ ਜ਼ਿੰਦਗੀ ਤੇ ਭਰੂਣ ਹੱਤਿਆ ਬਾਰੇ ਅਤੇ ਪੰਜਾਬ ਦੇ ਸੰਤਾਪ ਬਾਰੇ ਵੀ ਉਨ੍ਹਾਂ ਦੀ ਕਲਮ ਨੇ ਹਲੂਣ ਦੇਣ ਵਾਲੇ ਲਫਜ਼ ਲਿਖੇ ਹਨ।
ਗੁਰਬਚਨ ਸਿੰਘ ਗਿੱਲ ਦਾ ’47 ਦੀ ਵੰਡ ਦੇ ਦਰਦ ਬਾਰੇ ਅਤੇ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਬਾਰੇ ਲਿਖਿਆ ਸਾਹਿਤ ਉਨ੍ਹਾਂ ਦੀ ਲੇਖਣੀ ਦੇ ਵਿਸ਼ਿਆਂ ਵਿੱਚੋਂ ਉਭਰਵਾ ਸਥਾਨ ਰੱਖਦਾ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












