ਸੁਰਜੀਤ ਪਾਤਰ ਦਾ ਦੇਹਾਂਤ: ਕਿੱਥੇ ਲਿਖੀ ਸੀ 'ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣ ਕੇ...'

ਤਸਵੀਰ ਸਰੋਤ, surjit patar/instagram
- ਲੇਖਕ, ਗੁਰਕਿਰਪਾਲ ਸਿੰਘ ਤੇ ਗੁਰਮਿੰਦਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਦੇ ਮਸ਼ਹੂਰ ਕਵੀ ਅਤੇ ਲੇਖਕ ਸੁਰਜੀਤ ਪਾਤਰ ਨਹੀਂ ਰਹੇ। ਉਨ੍ਹਾਂ ਦੇ ਇੱਕ ਦੋਸਤ ਅਮਰਜੀਤ ਸਿੰਘ ਗਰੇਵਾਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼ਨੀਵਾਰ ਤੜਕੇ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸੁਰਜੀਤ ਪਾਤਰ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਰਹੇ ਹਨ ਅਤੇ ਉਨ੍ਹਾਂ ਨੂੰ ਸਾਲ 2012 ਦੇ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਦੇ ਜਾਣ ਉੱਤੇ ਸਿਆਸੀ ਆਗੂਆਂ ਤੋਂ ਲੈ ਕੇ ਸਾਹਿਤ ਜਗਤ ਦੀਆਂ ਕਈਆਂ ਹਸਤੀਆਂ ਨੇ ਦੁਖ ਪ੍ਰਗਟ ਕੀਤਾ ਹੈ।
ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਸਾਹਿਤਕਾਰ ਗੁਰਭਜਨ ਸਿੰਘ ਗਿੱਲ ਨੇ ਜਿੱਥੇ ਸੁਰਜੀਤ ਪਾਤਰ ਦੇ ਵਿਛੋੜੇ 'ਤੇ ਦੁੱਖ ਜ਼ਾਹਰ ਕੀਤਾ ਹੈ, ਉੱਥੇ ਹੀ ਪਾਤਰ ਨਾਲ ਬਿਤਾਏ 52 ਵਰਿਆਂ ਦੀ ਸਾਂਝ ਦਾ ਜ਼ਿਕਰ ਕੀਤਾ।
ਉਨ੍ਹਾਂ ਨੇ ਦੱਸਿਆ, "ਸੁਰਜੀਤ ਪਾਤਰ ਬਹੁਤ ਨਰਮ ਸੁਭਾਅ ਦੇ ਸਨ ਅਤੇ ਉੱਚ ਕੋਟੀ ਦੇ ਸ਼ਾਇਰ ਸਨ।"
ਗੁਰਭਜਨ ਗਿੱਲ ਮੁਤਾਬਿਕ ਸੁਰਜੀਤ ਪਾਤਰ ਦੀ ਪਤਨੀ ਦਾ ਨਾਮ ਭੁਪਿੰਦਰ ਕੌਰ ਹੈ ਅਤੇ ਉਹਨਾਂ ਦੇ ਦੋ ਬੇਟੇ ਅੰਕੁਰ ਤੇ ਮਨਰਾਜ ਹਨ। ਅੰਕੁਰ ਆਸਟਰੇਲੀਆ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਮਰਹੂਮ ਸ਼ਾਇਰ ਦਾ ਸੰਸਕਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸੁਰਜੀਤ ਪਾਤਰ ਦੇ ਪੁੱਤਰ ਮਨਰਾਜ ਪਾਤਰ ਅਕਸਰ ਹੀ ਆਪਣੇ ਪਿਤਾ ਦੀਆਂ ਕਵਿਤਾਵਾਂ ਅਤੇ ਗਜ਼ਲਾਂ ਨੂੰ ਅਵਾਜ਼ ਦਿੰਦੇ ਰਹਿੰਦੇ ਹਨ।
ਸੁਰਜੀਤ ਪਾਤਰ ਦਾ ਜਨਮ ਜਨਵਰੀ 1945 ਵਿੱਚ ਜਲੰਧਰ ਦੇ ਪੱਤੜ ਕਲਾਂ ਪਿੰਡ ਵਿੱਚ ਹੋਇਆ।
ਮਗਰੋਂ “ਉਨ੍ਹਾਂ ਨੇ ਅੰਗਰੇਜ਼ੀ ਦੇ ਇੱਕ ਕਾਲਜ ਮੈਗਜ਼ੀਨ ਵਿੱਚ ਜਦੋਂ ਆਪਣੇ ਪਿੰਡ ਦਾ ਨਾਮ “Pattar” ਲਿਖਿਆ ਤਾਂ ਉਹ ‘ਪਾਤਰ’ ਬਣ ਗਿਆ ਅਤੇ ਉਨ੍ਹਾਂ ਨੇ ਇਹੀ ਵਰਤਣਾ ਸ਼ੁਰੂ ਕਰ ਦਿੱਤਾ ਕਿ ਮੈਂ ਪਾਤਰ ਬਣ ਗਿਆ”।
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ...

ਸੁਰਜੀਤ ਪਾਤਰ ਨੇ ਗੋਲਡ ਮੈਡਲ ਨਾਲ ਪੰਜਾਬੀ ਵਿੱਚ ਐੱਮਏ ਕੀਤੀ ਅਤੇ ਉਨ੍ਹਾਂ ਦੇ ਪੀਐੱਚਡੀ ਖੋਜ ਕਾਰਜ ਦਾ ਵਿਸ਼ਾ “ਲੋਕ ਧਾਰਾ ਦਾ ਨਾਨਕ ਬਾਣੀ ਵਿੱਚ ਰੂਪਾਂਤਰਣ” ਸੀ।
ਜਦੋਂ ਪੰਜਾਬੀ ਯੂਨੀਵਰਸਿਟੀ ਬਣੀ ਤਾਂ ਸ਼ੁਰੂ ਵਿੱਚ ਇੱਥੇ ਹੋਸਟਲਾਂ ਦੀ ਕਮੀ ਸੀ। ਇਸ ਲਈ ਜ਼ਿਆਦਾਤਰ ਵਿਦਿਆਰਥੀ ਬਾਹਰ ਹੀ ਆਪੋ-ਆਪਣਾ ਇੰਤਜ਼ਾਮ ਕਰਕੇ ਰਹਿੰਦੇ ਸਨ।
ਸੁਰਜੀਤ ਪਾਤਰ ਵੀ ਯੂਨੀਵਰਸਿਟੀ ਦੇ ਸ਼ੁਰੂਆਤੀ ਪੂਰ ਵਿੱਚ ਸ਼ਾਮਲ ਸਨ। ਯੂਨੀਵਰਸਿਟੀ ਦੇ ਕਈ ਵਿਦਿਆਰਥੀ ਜੋ ਅੱਗੇ ਜਾ ਕੇ ਪੰਜਾਬੀ ਬੌਧਿਕਤਾ ਦੇ ਉੱਘੇ ਨਾਮ ਬਣੇ ਮਸ਼ਹੂਰ ਭੂਤਵਾੜਾ ਦਾ ਹਿੱਸਾ ਸਨ।
ਇਹ ਸਾਰੇ ਇੱਕ ਘਰ ਵਿੱਚ ਰਹਿੰਦੇ ਸਨ ਜੋ ਕਿ ਭੂਤਵਾੜੇ ਦੇ ਨਾਮ ਨਾਲ ਮਸ਼ਹੂਰ ਰਿਹਾ।
ਪੰਜਾਬੀ ਬੌਧਿਕਤਾ ਨੂੰ ਭੂਤਵਾੜੇ ਦੀ ਬਹੁਤ ਵੱਡੀ ਦੇਣ ਹੈ। ਇੱਥੋਂ ਕਈ ਵੱਡੇ ਨਾਮ ਨਿਕਲੇ ਹਨ, ਜਿਵੇਂ—ਸਤਿੰਦਰ ਸਿੰਘ ਨੂਰ, ਡਾ਼. ਗੁਰਭਗਤ ਸਿੰਘ, ਮੋਹਨਜੀਤ, ਹਰਦਿਲ ਜੀਤ ਸਿੰਘ ਸਿੱਧੂ ਉਰਫ਼ ਲਾਲੀ ਅਤੇ ਸੁਰਜੀਤ ਮਾਨ।
ਸੁਰਜੀਤ ਪਾਤਰ ਨੂੰ ਵੀ ਭੂਤਵਾੜੇ ਦੇ ਮਹਾਂਪੁਰਸ਼ਾਂ ਦੀ ਸੰਗਤ ਪ੍ਰਪਤ ਸੀ।
ਸੁਰਜੀਤ ਪਾਤਰ ਨੇ ਆਪਣੀ ਬਹੁਤੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਅਤੇ ਦਲੀਪ ਕੌਰ ਟਿਵਾਣਾ ਵਰਗੇ ਵਿਦਵਾਨਾਂ ਦੀ ਸੰਗਤ ਮਾਨਣ ਦਾ ਮੌਕਾ ਮਿਲਿਆ।
ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਹੀ ਉਨ੍ਹਾਂ ਨੇ ਆਪਣੀ ਮਸ਼ਹੂਰ ਕਵਿਤਾ ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ” ਲਿਖੀ।
ਸਿਆਸੀ ਚੇਤਨਾ ਦਾ ਸਰੋਤ

ਆਪਣੀ ਸਿਆਸੀ ਪ੍ਰੇਰਨਾ ਬਾਰੇ ਸੁਰਜੀਤ ਪਾਤਰ ਨੇ ਬੀਬੀਸੀ ਨੂੰ ਦੱਸਿਆ ਸੀ, “ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐੱਮਏ ਪੰਜਾਬੀ ਕਰ ਰਿਹਾ ਸੀ ਤਾਂ ਉਸ ਵੇਲੇ ਨਕਸਲਵਾਦੀ ਲਹਿਰ ਜ਼ੋਰਾਂ 'ਤੇ ਸੀ।''
''ਸਾਡੇ ਕੋਲ ਰਾਤ ਬਰਾਤੇ ਨਕਸਲਵਾਦੀ ਕਵੀ ਰੂਪੋਸ਼ ਹੋ ਕੇ ਆਉਂਦੇ ਸੀ। ਜਦੋਂ ਹਰਭਜਨ ਹਲਵਾਰਵੀ ਪਹਿਲੀ ਵਾਰੀ ਸਾਡੇ ਕੋਲ ਮਨੋਹਰ ਲਾਲ ਬਣ ਕੇ ਆਇਆ ਤਾਂ ਅਸੀਂ ਉਸ ਨੂੰ ਉਸ ਦੀ ਆਵਾਜ਼ ਤੋਂ ਪਛਾਣਿਆ।”
ਡਾ਼ ਇਕਬਾਲ ਸਿੰਘ ਸੋਮੀਆਂ ਨੇ ਦੱਸਿਆ, "ਸੁਰਜੀਤ ਪਾਤਰ ਪੰਜਾਬੀ ਦੇ ਕੁਝ ਅਜਿਹੇ ਕਵੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਸਿਰਫ਼ ਸਾਹਿਤਕਾਰ ਲੋਕ ਹੀ ਨਹੀਂ ਜਾਣਦੇ ਸਨ ਸਗੋਂ ਪੰਜਾਬ ਦੇ ਜਨ-ਮਾਨਸ ਤੱਕ ਉਨ੍ਹਾਂ ਦੀ ਪਹੁੰਚ ਸੀ। ਉਹ ਵੱਡਿਆਂ ਅਤੇ ਨਿੱਕਿਆਂ ਸਾਰਿਆਂ ਨੂੰ ਬੜੇ ਪਿਆਰ ਅਤੇ ਨਿੱਘ ਨਾਲ ਮਿਲਦੇ ਸਨ।”
ਡਾ਼ ਇਕਬਾਲ ਸਿੰਘ ਸੋਮੀਆਂ ਪਬਲਿਕ ਕਾਲਜ ਸਮਾਣਾ ਵਿੱਚ ਪੰਜਾਬੀ ਦੇ ਸਹਾਇਕ ਪ੍ਰੋਫੈਸਰ ਹਨ। ਉਨ੍ਹਾਂ ਦਾ ਖੋਜ ਕਾਰਜ ਪੰਜਾਬੀ ਆਲੋਚਨਾ ਹੈ ਅਤੇ ਉਹ ਪੰਜਾਬੀ ਪ੍ਰਸਾਰ ਮੰਚ ਪਟਿਆਲਾ ਦੇ ਸੰਯੋਜਕ ਵੀ ਹਨ। ਉਹ ਵੱਖ-ਵੱਖ ਵਿਸ਼ਿਆਂ ਉੱਤੇ ਲਿਖਦੇ- ਬੋਲਦੇ ਰਹਿੰਦੇ ਹਨ।
ਸੁਰਜੀਤ ਪਾਤਰ ਦੀਆਂ ਕਈ ਰਚਨਾਵਾਂ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ। ਉਹ ਹੋਰ ਭਾਸ਼ਾਵਾਂ ਦਾ ਸਹਿਤ ਵੀ ਪੜ੍ਹਦੇ ਰਹਿੰਦੇ ਸਨ। ਉਹ ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਸਾਹਿਤਾਕਾਰਾਂ ਤੋਂ ਪ੍ਰਭਾਵਿਤ ਸਨ।
ਉਨ੍ਹਾਂ ਨੇ ਆਪ ਵੀ ਅਨੁਵਾਦ ਦਾ ਕੰਮ ਕੀਤਾ ਅਤੇ ਉਨ੍ਹਾਂ ਨੇ ਫੈਡਰੀਸੀਓ ਗਰੇਸੀਆ ਲੌਰਕਾ ਦੇ ਤਿੰਨ ਦੁਖਾਂਤਕ, ਗਰੀਸ਼ ਕਰਨਾਡ ਦਾ ਨਾਟਕ ਨਾਗਮੰਡਲ ਅਤੇ ਬੇਰਤੋਲਤ ਬਰੈਸ਼ ਅਤੇ ਪਾਬਲੋ ਨਰੂਦਾ ਦੀਆਂ ਕਵਿਤਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ।
ਮੌਜੂਦਾ ਸਮੇਂ ਵਿੱਚ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਨ।
ਡਾ਼ ਇਕਬਾਲ ਮੁਤਾਬਕ “ਜਦੋਂ ਪਿਛਲੇ ਸਾਲਾਂ ਦੌਰਾਨ ਉਹ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਬਣੇ ਤਾਂ ਵਿਵਾਦ ਹੋਇਆ ਪਰ ਫਿਰ ਵੀ ਉਨ੍ਹਾਂ ਨੇ ਕਦੇ ਵੀ ਕੁਰਸੀ ਉੱਤੇ ਬੈਠ ਕੇ ਸੱਤਾ ਦੇ ਸੋਹਲੇ ਨਹੀਂ ਗਾਏ।"
ਪੰਜਾਬ ਆਰਟਸ ਕੌਂਸਲ ਦੀ ਪ੍ਰਧਾਨਗੀ ਸੰਭਾਲਣ ਮੌਕੇ ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਸੀ, ''ਮੈਂ ਅਕਾਲੀਆਂ ਦੀ ਸਰਕਾਰ ਵੇਲੇ ਪੰਜਾਬ ਆਰਟਸ ਕੌਂਸਲ ਦੀ ਪੰਜਾਬੀ ਸਾਹਿਤ ਅਕਾਦਮੀ ਦਾ ਪ੍ਰਧਾਨ ਸੀ।''
''ਕਾਂਗਰਸ ਵੇਲੇ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਨੇ ਬਹੁਤ ਵਾਰ ਫ਼ੋਨ ਕੀਤਾ ਕਿ ਤੁਸੀਂ ਇਸ ਕੌਂਸਲ ਨੂੰ ਸੰਭਾਲੋ। ਇਸ ਤੋਂ ਬਾਅਦ ਹੀ ਮੈਂ ਇਹ ਜ਼ਿੰਮੇਵਾਰੀ ਸੰਭਾਲੀ।''
ਸੁੰਨੇ ਸੁੰਨੇ ਰਾਹਾਂ ਉੱਤੇ ਕੋਈ-ਕੋਈ ਪੈੜ ਹੈ

ਤਸਵੀਰ ਸਰੋਤ, Surjit patar/fb
ਸੁਰਜੀਤ ਪਾਤਰ ਨੇ ਹੁਣ ਰਸਾਲੇ ਨੂੰ ਇੰਟਰਵਿਊ ਦੌਰਾਨ ਕਿਹਾ, "ਮੈਂ ਉਦੋ ਦੂ ਜਮਾਤ ਵਿੱਚ ਪੜ੍ਹਦਾ ਸਾਂ। ਮੈਨੂੰ ਉਹ ਸਵੇਰ ਯਾਦ ਹੈ, ਜਦੋਂ ਟਾਂਗੇ ਤੇ ਬੈਠ ਕੇ ਉਹ ਕਰਤਾਰਪੁਰ ਗਏ ਅਤੇ ਉੱਥੇ ਗੱਡੀ ਚੜ੍ਹ ਕੇ ਬੰਬਈ ਫਿਰ ਜ਼ੰਜੀਰਾਬਾਰ। ਮੈਨੂੰ ਆਪਣੇ ਘਰ ਦਾ ਬੋੜ੍ਹਾ ਜਿਹਾ ਬੂਹਾ ਯਾਦ ਹੈ, ਜਿੱਥੇ ਅਸੀਂ ਸਾਰੇ ਖੜ੍ਹੇ ਸਾਂ, ਮੇਰੇ ਬੀ ਜੀ, ਮੇਰੀਆਂ ਚਾਰ ਭੈਣਾਂ ਅਤੇ ਇੱਕ ਛੋਟਾ ਭਰਾ। ਦੋ ਭੈਣਾਂ ਵਿਆਹੀਆਂ ਹੋਈਆਂ ਸਨ ਅਤੇ ਦੋ ਵਿਆਹੁਣ ਜੋਗੀਆਂ ਪਿਤਾ ਜੀ ਚਾਰ ਪੰਜ ਸਾਲ ਦੀ ਮੁਸਾਫ਼ਰੀ ਬਾਅਦ ਆਉਂਦੇ, ਸਾਡੇ ਕੋਲ ਦੋ ਕੁ ਮਹੀਨੇ ਰਹਿੰਦੇ, ਫਿਰ ਚਲੇ ਜਾਂਦੇ। ਮੈਨੂੰ ਭਾਪਾ ਜੀ ਦੇ ਜਾਣ ਦੀ ਉਹ ਸਵੇਰ ਚੰਗੀ ਤਰ੍ਹਾਂ ਯਾਦ ਹੈ ਇਸ ਬਾਰੇ ਬਹੁਤ ਸਾਲਾਂ ਬਾਅਦ ਇਹ ਗੀਤ ਲਿਖਿਆ ਸੀ:
ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ
ਦੂਰ ਇੱਕ ਪਿੰਡ ਵਿੱਚ ਛੋਟਾ ਜਿਹਾ ਘਰ ਸੀ
ਕੱਚੀਆਂ ਸੀ ਕੰਧਾਂ ਓਦ੍ਹਾ ਬੋੜਾ ਜਿਹਾ ਦਰ ਸੀ
ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ
ਓਦੋਂ ਮੇਰੀ ਅਉਧ ਮਸਾਂ ਫੁੱਲ ਭਰ ਸੀ
ਜਦੋਂ ਦਾ ਖੁਸ਼ੀਆਂ ਦਾ ਅਸਾਡੇ ਨਾਲ ਵੈਰ ਏ
ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ
ਸੂਰਜ ਦੇ ਚੜ੍ਹਨ 'ਚ ਹਾਲੇ ਬੜੀ ਦੇਰ ਸੀ
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ
ਮੇਰੀ ਮਾਂ ਦੇ ਨੈਣਾਂ ਵਿੱਚ ਹੰਝੂ ਤੇ ਹਨੇਰ ਸੀ
ਹਾਲੇ ਤੀਕ ਨੈਣਾਂ ਵਿੱਚ ਮਾੜੀ ਮਾੜੀ ਗਹਿਰ ਏ
ਪੰਜਾਬ ਦੇ ਵੱਖ-ਵੱਖ ਵਿਸ਼ਿਆਂ ਦੀ ਕਾਵਿਕ ਪੇਸ਼ਕਾਰੀ

ਆਪਣੇ ਪੜ੍ਹਾਈ ਦੇ ਦਿਨਾਂ ਦੌਰਾਨ ਸੁਰਜੀਤ ਪਾਤਰ ਲਾਲੀ ਦੇ ਨਾਲ ਜੋ ਕਿ ਕਥਾਵਾਂ ਸੁਣਾਉਣ ਲਈ ਮਸ਼ਹੂਰ ਸਨ। ਕਥਾਵਾਂ ਸੁਣਦੇ ਹੋਏ ਤੁਰਦੇ-ਤੁਰਦੇ ਹੀ ਸ਼ਹਿਰ ਜਾਇਆ ਕਰਦੇ ਸਨ।
ਸੁਰਜੀਤ ਪਾਤਰ ਦਾ ਜੀਵਨ ਕਾਲ ਲਗਭਗ ਅੱਠ ਦਹਾਕਿਆਂ ਵਿੱਚ ਫੈਲਿਆ ਹੋਇਆ ਹੈ। ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਪੰਜਾਬ ਨੂੰ ਵੱਖ-ਵੱਖ ਮਰਹਲਿਆਂ ਵਿੱਚੋਂ ਗੁਜ਼ਰਦੇ ਦੇਖਿਆ ਅਤੇ ਆਪਣੇ ਅਨੁਭਵ ਦੀ ਕਾਵਿਕ ਪੇਸ਼ਕਾਰੀ ਕੀਤੀ।
ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਮਾਂ ਬੋਲੀ ਦੇ ਨਿਘਾਰ ਦਾ ਫਿਕਰ, ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਦੇ ਦੁਖਾਂਤ, ਨਾਗਰਿਕਤਾ ਸੋਧ ਕਾਨੂੰਨ ਅਤੇ ਕਿਸਾਨੀ ਸੰਘਰਸ਼ ਵਰਗੇ ਵਿਸ਼ੇ ਮਿਲ ਜਾਂਦੇ ਹਨ।
ਕਿਸਾਨ ਅੰਦੋਲਨ ਦੌਰਾਨ ਤਿੰਨ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਉਨ੍ਹਾਂ ਨੇ ਆਪਣਾ ਪਦਮਸ਼੍ਰੀ ਦਾ ਸਨਮਾਨ ਵੀ ਵਾਪਸ ਕਰ ਦਿੱਤਾ ਸੀ।
ਇਸ ਮੌਕੇ ਉਨ੍ਹਾਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ,"ਜਿਸ ਸੰਵੇਦਨ-ਹੀਣਤਾ ਅਤੇ ਬੇਕਦਰੀ ਨਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਅਤੇ ਸ਼ਾਂਤਮਈ ਅੰਦੋਲਨ ਨਾਲ ਸਲੂਕ ਕੀਤਾ ਹੈ। ਉਸ ਨੇ ਮੇਰੇ ਦਿਲ ਨੂੰ ਠੇਸ ਪਹੁੰਚਾਈ ਹੈ।”
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਇਹ ਕਵਿਤਾ ਲਿਖੀ ਸੀ। ਜਦੋਂ ਭਾਰਤੀ ਨਾਗਰਿਕਾਂ ਤੋਂ ਨਾਗਰਿਕਤਾ ਦੇ ਸਬੂਤ ਮੰਗੇ ਜਾਣ ਦੀ ਗੱਲ ਹੋ ਰਹੀ ਸੀ। ਉਦੋਂ ਉਨ੍ਹਾਂ ਨੇ ਪੰਜਾਬੀ ਦੇ ਸੂਫੀ ਕਵੀ ਬੁੱਲ੍ਹੇ ਸ਼ਾਹ ਦੇ ਹਵਾਲੇ ਨਾਲ ਲਿਖਿਆ—
ਜਦੋਂ ਉਨ੍ਹਾਂ ਨੇ ਬੁੱਲ੍ਹੇ ਨੂੰ ਪੁੱਛਿਆ,
ਬੁੱਲ੍ਹਾ ਕਹਿੰਦਾ ਕੀ ਜਾਣਾਂ ਮੈਂ ਕੌਣ
ਨਾ ਮੈਂ ਮੋਮਨ ਵਿੱਚ ਮਸੀਤਾਂ ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ
ਨਾ ਮੈਂ ਪਾਕਾ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਰਿਓਨ
ਬੁਲ੍ਹਿਆ ਕੀ ਜਾਣਾਂ ਮੈਂ ਕੌਣ…
ਉਹ ਕਹਿੰਦੇ ਹਨ—
ਜੋ ਮਰਜ਼ੀ ਆਖੀ ਜਾ ਬੁਲ੍ਹਿਆ
ਸਾਥੋਂ ਤੇਰਾ ਕੁਛ ਨਹੀਂ ਭੁੱਲਿਆ,
ਸਾਨੂੰ ਭੇਤ ਹੈ ਤੂੰ ਹੈਂ ਕੌਣ
ਤੇਰਾ ਅਸਲ ਨਾਮ ਅਬਦੁੱਲਾ
ਲੁਕਣ ਛਿਪਣ ਨੂੰ ਬਣ ਗਿਆ ਬੁੱਲ੍ਹਾ
ਉੱਚ ਸ਼ਰੀਫ ਚ ਜੰਮਿਆ ਸੀ ਤੂੰ
ਸਈਦ ਤੇਰੀ ਜਾਤ
ਸ਼ਾਹ ਇਨਾਇਤ ਰਾਈਂ ਤੇਰਾ ਮੁਰਸ਼ਦ
ਭੇਤ ਹੈ ਸਾਨੂੰ ਤੂੰ ਹੈਂ ਕੌਣ
ਪਰ ਇਹੋ ਹੀ ਭੇਤ ਨੀ ਲੱਗਿਆ
ਤੂੰ ਏਧਰ ਕਿੱਦਾਂ ਆ ਵੱਸਿਆ?
ਲੋਕਾਂ ਦੇਆਂ ਦਿਲਾਂ ਦੇ ਅੰਦਰ
ਸਾਨੂੰ ਸ਼ੱਕ ਹੈ ਸਾਜ਼ਾਂ ਦੇ ਸੁਰਾਂ ਵਿੱਚ ਰਲ ਕੇ
ਗਾਇਕਾਂ ਦੇ ਬੋਲਾਂ ਦੇ ਅੰਦਰ
ਲੁਕਦਾ ਛਿਪਦਾ ਆਗਿਆ ਹੋਣਾਂ
ਕੁਛ ਵੀ ਹੈ ਹੁਣ ਗੱਲ ਇਹ ਹੈ ਸਾਨੂੰ ਚਾਹੀਦੇ ਕਾਗਜ਼ਾਤ
ਉਹ ਕਹਿੰਦਾ ਕੁਝ ਦੋਹੜੇ ਨੇ
ਕੁਝ ਕਾਫ਼ੀਆਂ ਨੇ
ਸ਼ੀਹ ਹਰਫ਼ੀਆਂ ਨੇ, ਸਤਵਾਰਾ ਹੈ
ਹਾਂ ਇਹ ਵੀ ਸਾਨੂੰ ਚਾਹੀਦੇ
ਕੋਈ ਉੱਚ ਕਮੇਟੀ ਬੈਠੇਗੀ
ਕੁਝ ਚੀਰ ਫਾੜ ਕਰ ਦੇਖੇਗੀ
ਪਰਖੇਗੀ ਇਨ੍ਹਾਂ ਦਾ ਹਰਫ਼ ਹਰਫ਼
ਨਿਰਖੇਗੀ ਇਨ੍ਹਾਂ ਦਾ ਵਾਕ ਵਾਕ
ਪਰ ਉਹ ਵੀ ਸਾਨੂੰ ਚਾਹੀਦੇ ਕੋਈ ਸਨਦ, ਫਰਦ
ਕੋਈ ਬੈ ਨਾਮਾ ਕੋਈ ਖਸਰਾ ਨੰਬਰ
ਇੰਤਕਾਲ ਕੋਈ ਰਾਹਦਾਰੀ, ਕੋਈ ਵਾਲਦੀਅਤ
ਉਨ੍ਹਾਂ ਤੋਂ ਹੀ ਨਿਰਣਾ ਹੋਵੇਗਾ ਕਿ ਕੀ ਹੈ ਸਟੇਟਸ ਕੀ ਰੁਤਬਾ ਹੈ
ਉਨ੍ਹਾਂ ਤੋਂ ਹੀ ਨਿਰਣਾ ਹੋਵੇਗਾ ਕਿ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈਂ
ਤਾਂ ਵਸਦਾ ਹੈਂ ਕਿਸ ਹੈਸੀਅਤ ਵਿੱਚ
ਮਸ਼ਕੂਕ ਨਾਗਰਿਕ ਹੈਂ ਜਾਂ ਕਿ ਘੁਸਪੈਠੀਆ ਹੈਂ ਜਾਂ ਰਫ਼ੀਕ
ਭ੍ਰਿਸ਼ਟਾਚਾਰ ਬਾਰੇ ਉਨ੍ਹਾਂ ਨੇ ਲਿਖਿਆ “ਸੀਟੀ ਮਾਰੀ ਚੋਰ ਤੋਂ ਪੁੱਛ ਕੇ ਪਹਿਰੇਦਾਰ ਨੇ ਦੋਵਾਂ ਨੂੰ ਹੀ ਰੱਖਿਆ ਹੈ ਵੱਡੀ ਸਰਕਾਰ ਨੇ”।
ਪੰਜਾਬੀ ਬੋਲੀ ਬਾਰੇ ਉਹ ਖਾਸ ਚਿੰਤਤ ਸਨ, ਉਨ੍ਹਾਂ ਨੇ ਆਪਣੇ ਦਰਦ ਨੂੰ ਇਸ ਤਰ੍ਹਾਂ ਬਿਆਨ ਕੀਤਾ, ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ-ਸ਼ਬਦ ਵਾਕ-ਵਾਕ!”
ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, “ਜਦੋਂ ਨਵੀਂ ਤਕਨੀਕ ਆਉਂਦੀ ਹੈ ਤਾਂ ਪੁਰਾਣੇ ਸ਼ਬਦ ਬਦਲ ਹੀ ਜਾਂਦੇ ਹਨ। ਪਰ ਜਿਨ੍ਹਾਂ ਲਫ਼ਜ਼ਾਂ ਦਾ ਤਕਨੀਕ ਨਾਲ ਕੋਈ ਸੰਬੰਧ ਨਹੀਂ ਸੀ, ਉਹ ਵੀ ਬਦਲ ਗਏ ਜਿਵੇਂ ਡੈਡੀ, ਮੰਮੀ, ਅੰਕਲ। ਇਸ ਦਾ ਕਰਨ ਸਾਡੀ ਮਾਨਸਿਕਤਾ ਹੈ।”
ਪੰਜਾਬ ਦੇ ਕਾਲੇ ਦਿਨਾਂ ਬਾਰੇ ਉਨ੍ਹਾਂ ਦੀ ਕਵਿਤਾ “ਕੁਝ ਕਿਹਾ ਤਾਂ ਹਨੇਰਾ ਜਰ੍ਹੇਗਾ ਕਿਵੇਂ” ਜਿਸ ਨੂੰ ਬਾਅਦ ਵਿੱਚ ਹੰਸ ਰਾਜ ਹੰਸ ਨੇ ਗਾਇਆ ਬੜੀ ਮਸ਼ਹੂਰ ਹੋਈ। ਕਵਿਤਾ ਵਿੱਚ ਨਿਆਂ ਪ੍ਰਣਾਲੀ ਬਾਰੇ ਵੀ ਤਨਜ਼ ਕੀਤਾ ਗਿਆ-
ਇਸ ਅਦਾਲਤ 'ਚ ਬੰਦੇ ਬਿਰਖ਼ ਹੋ ਗਏ
ਫੈਸਲੇ ਸੁਣਦਿਆਂ-ਸੁਣਦਿਆਂ ਸੁੱਕ ਗਏ।
ਆਖੋ ਇਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ....

ਤਸਵੀਰ ਸਰੋਤ, surjit patar/bbc
ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ
ਪੰਜਾਬੀ ਬੋਲੀ ਬਾਰੇ ਉਨ੍ਹਾਂ ਨੇ ਆਪਣਾ ਫਿਕਰ "ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ-ਸ਼ਬਦ, ਵਾਕ-ਵਾਕ ਵਿੱਚ" ਜ਼ਾਹਰ ਕੀਤਾ।
ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਇਸ ਬਾਰੇ ਕਿਹਾ-
"ਮੇਰਾ ਬੱਚਾ ਅੰਗਰੇਜ਼ੀ ਬੋਲੇਗਾ ਤਾਂ ਇਹ ਉਸ ਦੀ ਇੱਕ ਪਛਾਣ ਹੋ ਜਾਵੇਗੀ। ਆਪਣੀ ਰੂਹ ਦੇ ਨੰਗੇਜ਼ ਹੋਣ ਦੀ ਥਾਂ ਭਾਸ਼ਾ ਸਾਡੇ ਜਿਸਮਾਂ ਦਾ ਪਹਿਰਾਵਾ ਬਣ ਗਈ ਹੈ।"
"ਦੂਸਰੀ ਗੱਲ ਇਹ ਕਿ ਭਾਸ਼ਾ ਦਾ ਅਸੀਂ ਰਿਜ਼ਕ ਨਾਲ ਅਤੇ ਆਰਥਿਕਤਾ ਨਾਲ ਬਹੁਤ ਗਹਿਰਾ ਰਿਸ਼ਤਾ ਸਮਝਦੇ ਹਾਂ, ਤੇ ਇਸ ਤਰ੍ਹਾਂ ਹੁੰਦਾ ਵੀ ਹੈ।"
"ਇਸ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਆਪਣੀ ਧਰਤੀ ਤੇ ਮਾਂ ਬੋਲੀ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ।"
"ਮਾਵਾਂ ਸਾਰਿਆਂ ਦੀਆਂ ਸੋਹਣੀਆਂ ਹੁੰਦੀਆਂ ਹਨ ਪਰ ਅਸੀਂ ਕਿਸੇ ਨਾਲ ਆਪਣੀ ਮਾਂ ਵਟਾ ਨਹੀਂ ਸਕਦੇ।"
"ਇਹ ਸਿਰਫ਼ ਬੋਲੀ ਦੇ ਮਰਨ ਦੀ ਗੱਲ ਨਹੀਂ ਇਹ ਬੰਦੇ ਦੇ ਅੰਦਰ ਦੇ ਮਰਨ ਦੀ ਗੱਲ ਹੈ।"
ਸੁਰਜੀਤ ਪਾਤਰ ਦੀਆਂ ਰਚਨਾਵਾਂ ਅਤੇ ਮਾਣ-ਸਨਮਾਨ

ਤਸਵੀਰ ਸਰੋਤ, surjit patar/bbc
ਉਨ੍ਹਾਂ ਦੀਆਂ ਪ੍ਰਸਿੱਧ ਪ੍ਰਕਾਸ਼ਨਾਵਾਂ ਵਿੱਚ— ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਪੱਤਝੜ ਦੀ ਪਾਂਜੇਬ, ਸੁਰਜ਼ਮੀਨ, ਚੰਨ ਸੂਰਜ ਦੀ ਵਹਿੰਗੀ, ਹਾਏ ਮੇਰੀ ਕੁਰਸੀ ਹਾਏ ਮੇਰਾ ਮੇਜ਼, ਸੂਰਜ ਮੰਦਰ ਦੀਆਂ ਪੌੜ੍ਹੀਆਂ, ਅੱਗ ਦੇ ਕਲੀਰੇ, ਸਈਓ ਨੀ ਮੈਂ ਅੰਤ ਹੀਣ ਤਰਕਾਲਾਂ, ਸ਼ਹਿਰ ਮੇਰੇ ਦੀ ਪਾਗਲ ਔਰਤ, ਇੱਛਾਧਾਰੀ ਅਤੇ ਯੂਨਾਨ ਦੀ ਲੂਣਾ ਸ਼ਾਮਲ ਹਨ।
ਇਸ ਤੋਂ ਇਨ੍ਹਾਂ ਉਨ੍ਹਾਂ ਨੇ ਪੰਜਾਬੀ ਕਾਵਿਤਾ ਦੇ ਇਤਿਬਾਸ ਬਾਰੇ ਕੁਝ ਦਸਤਾਵੇਜ਼ੀ ਪ੍ਰੋਗਰਾਮਾਂ ਦੀ ਪੇਸ਼ਕਾਰੀ ਵੀ ਕੀਤੀ ਅਤੇ ਸਕਰਿਪਟ ਵੀ ਲਿਖੀ।
ਉਨ੍ਹਾਂ ਨੂੰ ਆਪਣੇ ਜੀਵਨ ਦੌਰਾਨ ਕਈ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਜਿਵੇਂ— ਪੰਜਾਬ ਸਾਹਿਤ ਅਕਾਦਮੀ ਪੁਰਸਕਾਰ (1979),ਸਾਹਿਤ ਅਕਾਦਮੀ ਪੁਰਸਕਾਰ (1993), ਗੁਰੂ ਨਾਨਕ ਯੂਨੀਵਰਸਿਟੀ ਤੋਂ ਆਨਰੇਰੀ ਡੀ. ਲਿਟ ਦੀ ਉਪਾਧੀ (2010), ਪਦਮਸ਼੍ਰੀ ਪੁਰਸਕਾਰ (2012) ਪੰਜਾਬੀ ਵਿਰਸਾ ਪਾਕਿਸਤਾਨ ਵੱਲੋਂ ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ (2022)।
ਉਨ੍ਹਾਂ ਨੇ ਵਿਸ਼ਵ ਕਵਿਤਾ ਫੈਸਲੀਟਵਲ ਜੋ 1999 ਵਿੱਚ ਕੋਲੰਬੀਆ (ਲੈਟਿਨ ਅਮਰੀਕਾ) ਵਿੱਚ ਹੋਇਆ ਭਾਰਤ ਦੀ ਨੁਮਾਇੰਦਗੀ ਕੀਤੀ। ਉਹ 2006 ਵਿੱਚ ਫਰੈਂਕਫਰਟ ਪੁਸਤਕ ਮੇਲੇ ਵਿੱਚ ਵੀ ਕਵੀ ਵਜੋਂ ਸ਼ਾਮਲ ਹੋਏ।
ਇਸ ਤੋਂ ਇਲਾਵਾ ਉਹ ਬ੍ਰਿਟੇਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਕੀਨੀਆ ਅਤੇ ਨਿਊਜ਼ੀਲੈਂਡ ਵਿੱਚ ਵੀ ਕਵਿਤਾ ਪਾਠ ਲਈ ਗਏ ਸਨ।
ਡ਼ਾ ਇਕਬਾਲ ਸੋਮੀਆਂ ਨੇ ਦੱਸਿਆ ਕਿ ਬਰਨਾਲੇ ਵਿੱਚ ਆਪਣੇ ਆਖਰੀ ਪ੍ਰੋਗਮਾਰ ਦੌਰਾਨ ਉਨ੍ਹਾਂ ਨੇ ਬਾਲ ਮੋਮਬੱਤੀਆਂ ਪੜ੍ਹੀ ਕਵਿਤਾ ਪੜ੍ਹੀ ਸੀ।
ਉਨ੍ਹਾਂ ਦੀ ਇੱਕ ਗਜ਼ਲ ਅੱਜ ਉਨ੍ਹਾਂ ਦੇ ਵਿਛੋੜੇ ਉੱਤੇ ਪੂਰੀ ਤਰ੍ਹਾਂ ਢੁਕਦੀ ਹੈ-
ਅਸਾਂ ਵੀ ਅੰਤ ਕਿਰ ਕੇ ਖ਼ਾਦ ਹੋਣਾ
ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ।
ਕਿਸੇ ਦਿਸਣਾ, ਕਿਸੇ ਨੇ ਗੁੰਮ ਹੋਣਾ
ਕਿਸੇ ਗੁੰਬਦ, ਕਿਸੇ ਬੁਨਿਆਦ ਹੋਣਾ।
ਮੇਰੇ ਨ੍ਹੇਰੇ ਤੇ ਤੇਰੀ ਰੌਸ਼ਨੀ ਦਾ
ਹੈ ਮਨ ਵਿਚ ਉਮਰ ਭਰ ਸੰਵਾਦ ਹੋਣਾ।
ਸੁਲਗਦੇ ਲਫਜ਼ ਨੇ ਸੜ ਜਾਣਗੇ ਇਹ
ਨਹੀਂ ਇਹਨਾਂ ਕਦੇ ਫਰਿਆਦ ਹੋਣਾ।
ਉਦੋਂ ਸਮਝਣਗੇ ਲੋਕੀਂ ਦਿਲ ਦੀ ਅੱਗ ਨੂੰ
ਸਿਵੇ ਵਿਚ ਜਦ ਇਹਦਾ ਅਨੁਵਾਦ ਹੋਣਾ












