ਅਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਹਲਕੇ ਤੋਂ ਨਾਮਜ਼ਦਗੀ ਪੱਤਰ ਭਰੇ, ਅਜ਼ਾਦ ਚੋਣ ਲੜਨਗੇ

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, THEWARISPANJABDE/INSTAGRAM

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਮ੍ਰਿਤਪਾਲ ਸਿੰਘ ਨੂੰ ਨਾਮਜ਼ਦਗੀ ਲਈ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਹੁਣ ਉਨ੍ਹਾਂ ਦੇ ਚਾਚਾ ਸੁਖਚੈਨ ਸਿੰਘ ਨੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।ਉਹ ਹੁਣ ਜੇਲ੍ਹ ਤੋਂ ਹੀ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।

ਅਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਇਹ ਐਲਾਨ ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਕੀਤਾ ਗਿਆ ਸੀ।

ਅਮ੍ਰਿਤਪਾਲ ਸਿੰਘ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਚੋਣ ਲੜਨ ਲਈ ਕਾਗਜ਼ੀ ਕਾਰਵਾਈ ਪੂਰੀ ਕਰਵਾਏ ਜਾਣ ਬਾਰੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ। ਬੈਂਸ ਨੇ ਦੱਸਿਆ ਕਿ ਅਮ੍ਰਿਤਪਾਲ ਜੇਲ੍ਹ ਵਿੱਚੋਂ ਹੀ ਆਪਣੀ ਨਾਮਜ਼ਦਗੀ ਲਈ ਕਾਗਜ਼ੀ ਕਾਰਵਾਈ ਪੂਰੀ ਕਰਨਗੇ।

ਅਮ੍ਰਿਤਪਾਲ ਸਿੰਘ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੰਗ ਕਰਦਿਆਂ ਪਟੀਸ਼ਨ ਪਾਈ ਸੀ ਕਿ ਜਾਂ ਤਾਂ ਅਮ੍ਰਿਤਪਾਲ ਸਿੰਘ ਨੂੰ ਨਾਮਜ਼ਦਗੀ ਦਾਖ਼ਲ ਕਰਨ ਲਈ ਪੈਰੋਲ ਦਿੱਤੀ ਜਾਵੇ ਅਤੇ ਨਹੀਂ ਤਾਂ ਉਨ੍ਹਾਂ ਦੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾਵੇ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਾਮਜ਼ਦਗੀ ਸਬੰਧੀ ਪੰਜ ਕਾਰਵਾਈਆਂ ਪੂਰੀਆਂ ਕਰਵਾ ਦਿੱਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਕਿਹਾ ਕਿ ਸੰਵਿਧਾਨ ਦੀ ਸਹੁੰ ਸਬੰਧੀ ਕਾਰਵਾਈਆਂ ਡਿਬਰੂਗੜ੍ਹ ਜੇਲ੍ਹ ਦੇ ਸੁਪਰੀਟੈਂਡੈਂਟ ਵੱਲੋਂ ਪੂਰੀਆਂ ਕਰਵਾਈਆਂ ਜਾਣਗੀਆਂ।

ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕਾਗਜ਼ੀ ਕਾਰਵਾਈ ਸੋਮਵਾਰ ਨੂੰ ਮੁਕੰਮਲ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਅਮ੍ਰਿਤਪਾਲ ਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਲਗਾਇਆ ਗਿਆ ਸੀ।

ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।

ਅਜਨਾਲਾ ਵਿੱਚ ਅਮ੍ਰਿਤਪਾਲ ਸਿੰਘ ਨੇ ਆਪਣੇ ਸਾਥੀਆਂ ਸਣੇ ਥਾਣੇ ਦਾ ਘਿਰਾਓ ਕੀਤਾ ਸੀ ਜਿਸ ਦੌਰਾਨ ਹਿੰਸਾ ਵੀ ਹੋਈ ਸੀ। ਇਸ ਤੋਂ ਬਾਅਦ ਅਮ੍ਰਿਤਪਾਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 16 ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਉੱਤੇ ਐਨਐੱਸਏ ਵੀ ਲਗਾਇਆ ਗਿਆ।

ਇਸ ਵੇਲੇ ਅਮ੍ਰਿਤਪਾਲ ਸਿੰਘ ਦੇ ਨਾਲ ਐੱਨਐੱਸਏ ਦੇ ਤਹਿਤ 9 ਲੋਕ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਅੰਮ੍ਰਿਤਪਾਲ ਸਿੰਘ

ਤਸਵੀਰ ਸਰੋਤ, RAVINDER ROBIN/BBC

ਤਸਵੀਰ ਕੈਪਸ਼ਨ, ਦਲਜੀਤ ਕਲਸੀ ਵੀ ਅਮ੍ਰਿਤਪਾਲ ਸਿੰਘ ਨਾਲ ਡਿਬੜੂਗੜ੍ਹ ਜੇਲ੍ਹ ਵਿੱਚ ਹਨ

ਅਮ੍ਰਿਤਪਾਲ ਸਿੰਘ ਕੌਣ ਹਨ ਤੇ ਉਨ੍ਹਾਂ ਦਾ ਪਿਛੋਕੜ

ਅਮ੍ਰਿਤਪਾਲ ਸਿੰਘ, ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਨਵੇਂ ਮੁਖੀ ਬਣਾਏ ਗਏ ਹਨ।

ਅਮ੍ਰਿਤਪਾਲ ਸਿੰਘ ਦੀ 'ਵਾਰਸ ਪੰਜਾਬ ਦੇ' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।

ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।

ਅਮ੍ਰਿਤਪਾਲ ਸਿੰਘ ਆਪਣੇ ਆਪ ਬਾਰੇ ਕਹਿੰਦੇ ਹਨ,''ਚਾਹੇ ਤਾਂ ਕੋਈ ਮੈਨੂੰ ਛੋਟਾ ਭਰਾ ਮੰਨ ਸਕਦਾ ਹੈ ਜਾਂ ਵੱਡਾ ਭਰਾ, ਮੇਰੀ ਉਮਰ ਵੀ ਐਨੀ ਕੁ ਹੈ।ਅਮ੍ਰਿਤਪਾਲ ਸਿੰਘ ਆਪ ਕੁਝ ਨਹੀਂ ਹੈ, ਇਸ ਸੰਘਰਸ਼ ਦੇ ਰਾਹ ਉੱਤੇ ਬਹੁਤ ਬੰਦੇ ਆਏ ਅਤੇ ਗਏ, ਅੰਮ੍ਰਿਤਪਾਲ ਸਿੰਘ ਉਨ੍ਹਾਂ ਵਿੱਚੋਂ ਇੱਕ ਹੈ।''

ਅਮ੍ਰਿਤਪਾਲ ਸਿੰਘ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਲੂਪੁਰ ਖੇੜ੍ਹਾ ਪਿੰਡ ਵਿੱਚ ਹੋਇਆ ਹੈ।

ਅਮ੍ਰਿਤਪਾਲ ਸਿੰਘ ਨੇ 10 ਫ਼ਰਵਰੀ 2023 ਨੂੰ ਬਾਬਾ ਬਕਾਲਾ ਵਿੱਚ ਵਿਆਹ ਕਰਵਾਇਆ। ਉਨ੍ਹਾਂ ਨਿੱਜਤਾ ਦਾ ਹਵਾਲਾ ਦਿੰਦਿਆਂ ਆਪਣੀ ਪਤਨੀ ਅਤੇ ਪਰਿਵਾਰ ਬਾਰੇ ਨਹੀਂ ਦੱਸਿਆ ਸੀ ਅਤੇ ਕਿਹਾ ਕਿ ਮੀਡੀਆ ਨੂੰ ਵੀ ਹਿਦਾਇਤ ਜਾਰੀ ਕੀਤੀ ਸੀ ਕਿ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਸਕੂਲੀ ਪੜ੍ਹਾਈ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਰੁਜ਼ਗਾਰ ਦੀ ਭਾਲ ਵਿੱਚ ਦੁਬਈ ਚਲੇ ਗਏ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਲਦੀ ਕਿਤੇ ਲੋਕਾਂ ਵਿੱਚ ਘੁਲਦੇ ਮਿਲਦੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਬਹੁਤ ਜ਼ਿਆਦਾ ਦੋਸਤ ਹਨ।

ਇੱਕ ਇੰਟਰਵਿਊ ਮੁਤਾਬਕ ਉਨ੍ਹਾਂ ਨੇ ਦਾਅਵਾ ਕੀਤਾ ਕਿ ਦੁਬਈ ਰਹਿਣ ਦੌਰਾਨ ਉਨ੍ਹਾਂ ਨੇ ਉੱਥੋਂ ਦੀਆਂ ਮਸ਼ਹੂਰ ਇਮਾਰਤਾਂ, ਜਿਨ੍ਹਾਂ ਨੂੰ ਦੇਖਣ ਦੂਰੋਂ-ਦੂਰੋਂ ਲੋਕ ਆਉਂਦੇ ਹਨ, ਉਹ ਵੀ ਨਹੀਂ ਦੇਖੀਆਂ।

ਪੜ੍ਹਨ ਬਾਰੇ ਉਹ ਦੱਸਦੇ ਹਨ ਕਿ ਸਕੂਲ ਦੌਰਾਨ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਸ ਤੋਂ ਬਾਅਦ ਦੁਬਈ ਚਲੇ ਗਏ ਅਤੇ ਫਿਰ ਵਕਤ ਨਹੀਂ ਮਿਲਿਆ।

ਉਹ ਕਹਿੰਦੇ ਹਨ, ''ਕੰਠ (ਗੁਰੂ ਗ੍ਰੰਥ ਸਾਹਿਬ) ਹੋਣਾ ਤਾਂ ਬਹੁਤ ਜਿਹੜੀਆਂ ਉੱਚੀਆਂ ਰੂਹਾਂ ਨੇ, ਉਨ੍ਹਾਂ ਨੂੰ ਹੁੰਦਾ ਹੈ। ਅਸੀਂ ਤਾਂ ਬਾਣੀ ਸ਼ੁੱਧ ਪੜ੍ਹ ਲਈਏ ਉਹੀ ਬਹੁਤ ਹੈ।''

ਇਹ ਵੀ ਪੜ੍ਹੋ-
ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਾਤਰੀ ਸਬੰਧੀ ਸੂਬੇ ਵਿੱਚ ਪੋਸਟਰ ਲਗਾਏ ਗਏ ਸਨ।

ਅਮ੍ਰਿਤਪਾਲ ’ਤੇ ਲੱਗੇ ਇਲਜ਼ਮ

23 ਅਪ੍ਰੈਲ, 2023 ਨੂੰ ਅਮ੍ਰਿਤਪਾਲ ਸਿੰਘ ਨੂੰ ਮੋਗਾ ਜਿਲ੍ਹੇ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਜੱਦੀ ਪਿੰਡ ਹੈ।

ਕਿਉਂਜੋ ਅਮ੍ਰਿਤਪਾਲ ਸਿੰਘ ਉੱਤੇ ਪੁਲਿਸ ਨੇ ਐੱਨਐੱਸਏ ਲਗਾਇਆ ਗਿਆ ਸੀ, ਇਸ ਲਈ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਸੀ।

ਅਮ੍ਰਿਤਪਾਲ ਸਿੰਘ ਨੂੰ ਬਠਿੰਡਾ ਦੇ ਫੌਜੀ ਹਵਾਈ ਅੱਡੇ ਤੋਂ ਅਸਾਮ ਲਿਜਾਇਆ ਗਿਆ, ਇੱਥੇ ਉਨ੍ਹਾਂ ਦੇ 9 ਸਾਥੀ ਪਹਿਲਾਂ ਹੀ ਬੰਦ ਸਨ।

ਅਮ੍ਰਿਤਪਾਲ ਦੁਬਈ ਤੋਂ ਅਗਸਤ 2022 ਵਿੱਚ ਵਾਪਸ ਪਰਤਿਆ ਸੀ ਅਤੇ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਬਣਨ ਤੋਂ ਬਾਅਦ ਉਸ ਨੇ ਨਸ਼ਿਆ ਖਿਲਾਫ਼ ਮੁਹਿੰਮ ਛੇੜਨ ਅਤੇ ਅੰਮ੍ਰਿਤ ਸੰਚਾਰ ਮੁਹਿੰਮ ਚਲਾਉਣ ਦਾ ਪ੍ਰੋਗਰਾਮ ਵਿੱਢਿਆ ਸੀ।

ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ 23 ਫਰਵਰੀ ਨੂੰ ਤਰਨ ਤਾਰਨ ਜਿਲ੍ਹੇ ਦੇ ਅਜਨਾਲਾ ਵਿੱਚ ਪੁਲਿਸ ਥਾਣੇ ਉੱਤੇ ਜ਼ਬਰੀ ਕਬਜਾ ਕਰ ਲਿਆ ਸੀ।

ਉਹ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਵੱਡੇ ਇਕੱਠ ਨਾਲ ਕੁੱਟਮਾਰ ਨੇ ਨਿੱਜੀ ਝਗੜੇ ਵਿੱਚ ਗ੍ਰਿਫ਼ਤਾਰ ਸਾਥੀ ਲਵਪ੍ਰੀਤ ਸਿੰਘ ਨੂੰ ਰਿਹਾਅ ਕਰਵਾਉਣ ਗਏ ਸਨ। ਇਹ ਐਕਸ਼ਨ ਹਿੰਸਕ ਹੋ ਗਿਆ ਅਤੇ ਕਈ ਪੁਲਿਸ ਵਾਲੇ ਇਸ ਦੌਰਾਨ ਜ਼ਖ਼ਮੀ ਹੋ ਗਏ ਸਨ।

ਇਸ ਤੋਂ ਬਾਅਦ ਅਮ੍ਰਿਤਪਾਲ ਸਿੰਘ ਖਿਲਾਫ਼ ਵੱਖ ਵੱਖ ਧਾਰਾਵਾਂ ਵਾਲੇ 16 ਕੇਸ ਦਰਜ ਕੀਤੇ ਗਏ ਸਨ।

ਆਪਣੀ ਗ੍ਰਿਫ਼ਤਾਰੀ ਨੂੰ ਅਮ੍ਰਿਤਪਾਲ ਵਲੋਂ ਆਤਮਸਮਰਪਣ ਦੱਸਿਆ ਗਿਆ ਸੀ।

ਆਈਜੀ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਗ੍ਰਿਫ਼ਤਾਰੀ ਤੋਂ ਬਾਅਦ ਪ੍ਰੈਸ ਕਾਂਨਫ਼ਰੰਸ ਆਤਮ ਸਮਰਪਣ ਬਾਰੇ ਬੋਲਦਿਆਂ ਉਨ੍ਹਾਂ ਇਸ ਗੱਲ ਨੂੰ ਸਪਸ਼ਟ ਤੌਰ 'ਤੇ ਕਿਹਾ ਕਿ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਨੇ ਕਰੀਬ ਇੱਕ ਮਹੀਨਾ ਲੰਬਾ ਸਰਚ ਆਪਰੇਸ਼ਨ ਚਲਾਇਆ ਸੀ। ਜਿਸ ਤਹਿਤ ਵੱਖ-ਵੱਖ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਅਮ੍ਰਿਤਪਾਲ ਸਿੰਘ
ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਦੀ 'ਵਾਰਸ ਪੰਜਾਬ ਦੇ' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ

ਅਮ੍ਰਿਤਪਾਲ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕੀ ਕਿਹਾ ਸੀ

ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ 'ਚ ਅਮ੍ਰਿਤਪਾਲ ਆਪਣੀ ਗ੍ਰਿਫ਼ਤਾਰੀ ਬਾਰੇ ਬੋਲਦੇ ਦਿਖਾਈ ਦੇ ਰਹੇ ਸਨ।

ਵੀਡੀਓ ਵਿੱਚ ਅਮ੍ਰਿਤਪਾਲ ਨੇ ਕਿਹਾ ਸੀ,''ਪਿਛਲੇ 1 ਮਹੀਨੇ 'ਚ ਜੋ ਕੁਝ ਵਾਪਰਿਆ ਹੈ ਉਹ ਤੁਸੀਂ ਸਭ ਵੇਖਿਆ ਹੈ। ਮੈਂ ਉਹ ਸਭ ਮੁੜ ਦੁਹਰਾਉਣਾ ਨਹੀਂ, ਸੰਖੇਪ 'ਚ ਗੱਲ ਕਰਨੀ ਹੈ।''

''ਜੇ ਇੱਕਲੀ ਗ੍ਰਿਫ਼ਤਾਰੀ ਦੀ ਗੱਲ ਹੁੰਦੀ ਤਾਂ ਸ਼ਾਇਦ ਗ੍ਰਿਫ਼ਤਾਰੀ ਦੇ ਬਹੁਤ ਤਰੀਕੇ ਸੀ, ਜਿਨ੍ਹਾਂ ਨਾਲ ਮੈਂ ਸਹਿਯੋਗ ਵੀ ਕਰਦਾ। ਪਰ ਜੋ ਚਿਹਰਾ ਹਕੂਮਤ ਦਾ ਨੰਗਾ ਹੋਣਾ ਸੀ, ਦੁਨੀਆਂ ਭਰ ਦੇ ਸਾਹਮਣੇ ਹੋਇਆ ਹੈ।''

''ਜੋ ਸਿੱਖ ਨੌਜਵਾਨਾਂ 'ਤੇ ਜ਼ਬਰ ਢਾਇਆ ਗਿਆ ਹੈ, ਦੇਖੋ ਸੱਚੇ ਪਾਤਸ਼ਾਹ ਸਤਿਗੁਰ ਦੀ ਕਚਹਿਰੀ 'ਚ ਅਸੀਂ ਦੋਸ਼ੀਂ ਨਹੀਂ। ਦੁਨਿਆਵੀਂ ਕਚਹਿਰੀਆਂ 'ਚ ਅਸੀਂ ਦੋਸ਼ੀ ਹੋ ਸਕਦੇ ਹਾਂ।''

''ਸੋ ਇੱਕ ਮਹੀਨੇ ਤੋਂ ਬਾਅਦ ਅਸੀਂ ਫੈਸਲਾ ਕੀਤਾ ਹੈ ਕਿ ਇਸ ਧਰਤੀ 'ਤੇ ਲੜੇ ਹਾਂ, ਇਸ ਧਰਤੀ 'ਤੇ ਲੜਾਂਗੇ, ਇਹ ਧਰਤੀ ਛੱਡ ਕੇ ਕਿਤੇ ਨਹੀਂ ਜਾਂਦੇ।''

''ਇਸ ਕਰਕੇ ਜਿਹੜੇ ਇਹ ਝੂਠੇ ਕੇਸ, ਪਰਚੇ ਸਾਡੇ 'ਤੇ ਪਏ ਨੇ ਇਨ੍ਹਾਂ ਦਾ ਸਾਹਮਣਾ ਅਸੀਂ ਅਦਾਲਤ 'ਚ ਕਰ ਲਵਾਂਗੇ।''

''ਸੰਗਤ ਦੀਆਂ ਅਰਦਾਸਾਂ ਤੋਂ ਬਿਨਾਂ ਇੰਨਾਂ ਸਮਾਂ ਰੂਹਪੋਸ਼ ਹੋ ਜਾਣਾ ਸੰਭਵ ਨਹੀਂ ਹੁੰਦਾ ਹੈ। ਇਹ ਸੰਗਤ ਦੀਆਂ ਅਰਦਾਸਾਂ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਾਰਾ ਕੁਝ ਵਾਪਰਿਆ ਹੈ।''

''ਅੱਜ ਉਸੇ ਅਸਥਾਨ ਉੱਤੇ ਅਸੀਂ ਆਪ ਗ੍ਰਿਫ਼ਤਾਰੀ ਦੇਣ ਦਾ ਫੈਸਲਾ ਕੀਤਾ ਹੈ।''

''ਇਹ ਗ੍ਰਿਫ਼ਤਾਰੀ ਅੰਤ ਨਹੀਂ ਸ਼ੁਰੂਆਤ ਹੈ। ਜਿਹੜਾ ਝੂਠ ਦਾ ਸੰਸਾਰ ਸਾਡੇ ਖ਼ਿਲਾਫ਼ ਸਿਰਜਿਆ ਗਿਆ ਹੈ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਨੂੰ ਭੰਨਣਗੇ ਤੇ ਛੇਤੀ ਹੀ ਅਸੀਂ ਸੰਗਤਾਂ 'ਚ ਵਿਚਾਰਾਂਗੇ।''

ਬਲਵਿੰਦਰ ਕੌਰ
ਤਸਵੀਰ ਕੈਪਸ਼ਨ, ਬਲਵਿੰਦਰ ਕੌਰ ਨੂੰ ਤਿੰਨ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ

ਅਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਨਿਆਂਇਕ ਹਿਰਾਸਤ ’ਚ ਲੈਣਾ

ਅਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਟਰਾਂਸਫ਼ਰ ਕਰਨ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ਮਾਤਾ-ਪਿਤਾ ਦੀ ਅਗਵਾਈ ਵਿੱਚ ਇੱਕ ਧਰਨਾ ਅੰਮ੍ਰਿਤਸਰ ਵਿੱਚ ਲਗਾਇਆ ਗਿਆ ਸੀ। ਇਸ ਵਿੱਚ ਡਿਬੜੂਗੜ੍ਹ ਜੇਲ੍ਹ ਵਿੱਚ ਬੰਦ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਸ਼ਾਮੂਲੀਅਤ ਸੀ।

ਇਸ ਦੌਰਾਨ ਅਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਵਲੋਂ ਅਸਾਮ ਦੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਲਿਆਉਣ ਦੀ ਮੰਗ ਲਈ 8 ਅਪ੍ਰੈਲ ਨੂੰ ਬਠਿੰਡਾ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਰਚ ਕੱਢਿਆ ਜਾਣਾ ਸੀ। ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਤਿੰਨ ਦਿਨ ਤੱਕ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ ਸੀ।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅਜਨਾਲਾ ਥਾਣੇ ਦੇ ਘਿਰਾਓ ਸਮੇਂ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ

ਡਿਬਰੂਗੜ੍ਹ ਜੇਲ੍ਹ ਵਿੱਚ ਅਮ੍ਰਿਤਪਾਲ ਸਣੇ ਹੋਰ ਕੌਣ-ਕੌਣ

ਅਮ੍ਰਿਤਪਾਲ ਦੇ ਸਾਥੀਆਂ ਵਿੱਚ ਮੋਗਾ ਜ਼ਿਲ੍ਹੇ ਦੇ ਦੌਲਤਪੁਰਾ ਉੱਚਾ ਦੇ ਵਾਸੀ ਬਸੰਤ ਸਿੰਘ, ਮੋਗਾ ਜ਼ਿਲ੍ਹੇ ਦੇ ਹੀ ਪਿੰਡ ਬੁੱਕਣ ਵਾਲਾ ਦੇ ਗੁਰਮੀਤ ਸਿੰਘ, ਫ਼ਿਲਮ ਅਦਾਕਾਰ ਅਤੇ ਦੀਪ ਸਿੱਧੂ ਦੇ ਸਾਥੀ ਰਹੇ ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਅਤੇ ਅਮ੍ਰਿਤਪਾਲ ਦੇ ਚਾਚਾ ਜੀ ਹਰਜੀਤ ਸਿੰਘ ਵੀ ਹਨ।

ਇਨ੍ਹਾਂ ਪੰਜਾਂ ਨੂੰ ਐੱਨਐੱਸਏ ਲਗਾ ਕੇ ਅਸਾਮ ਦੀ ਜੇਲ੍ਹ ਵਿੱਚ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)