ਇਸ ਵਿਅਕਤੀ ਦੇ ਖੂਨ ਵਿੱਚ ਕੀ ਖ਼ਾਸ ਸੀ ਜਿਸ ਕਰਕੇ ਉਸ ਨੇ 24 ਲੱਖ ਬੱਚਿਆਂ ਦੀ ਜਾਨ ਬਚਾਈ

ਤਸਵੀਰ ਸਰੋਤ, Australian Red Cross Lifeblood
- ਲੇਖਕ, ਕੈਲੀ ਐਨਜੀ
- ਰੋਲ, ਬੀਬੀਸੀ ਪੱਤਰਕਾਰ
ਦੁਨੀਆਂ ਦੇ ਸਭ ਤੋਂ ਵੱਧ ਖੂਨਦਾਨੀਆਂ ਵਿੱਚੋਂ ਇੱਕ ਜੇਮਜ਼ ਹੈਰੀਸਨ ਦੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਨਰਸਿੰਗ ਹੋਮ ਵਿੱਚ ਨੀਂਦ ਦੌਰਾਨ ਮੌਤ ਹੋ ਗਈ ਹੈ।
ਜੇਮਜ਼ ਹੈਰੀਸਨ ਦੇ ਖੂਨ ਪਲਾਜ਼ਮਾ ਨੇ 24 ਲੱਖ ਤੋਂ ਵੱਧ ਬੱਚਿਆਂ ਦੀ ਜਾਨ ਬਚਾਈ ਹੈ, ਉਨ੍ਹਾਂ ਦੇ ਖੂਨ ਵਿੱਚ ਇੱਕ ਦੁਰਲੱਭ ਐਂਟੀਬਾਡੀ 'ਐਂਟੀ-ਡੀ' ਸੀ।
ਦਰਅਸਲ ਗਰਭਵਤੀ ਔਰਤਾਂ ਦੇ ਖੂਨ ਵਿੱਚ ਅਣਜੰਮੇ ਬੱਚੇ 'ਤੇ ਹਮਲਾ ਕਰਨ ਦਾ ਖਤਰਾ ਹੁੰਦਾ ਹੈ ਅਤੇ ਇਹ ਐਂਟੀ ਬਾਡੀ ਇਸ ਦੇ ਲਈ ਦਵਾਈ ਬਣਾਉਣ ਦੇ ਕੰਮ ਆਉਂਦੀ ਹੈ।
ਆਸਟ੍ਰੇਲੀਆ ਵਿੱਚ ਜੇਮਜ਼ ਨੂੰ 'ਗੋਲਡਨ ਆਰਮ' ਵਾਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ।
ਆਸਟ੍ਰੇਲੀਅਨ ਰੈੱਡ ਕਰਾਸ ਬਲੱਡ ਸਰਵਿਸ ਨੇ ਜੇਮਜ਼ ਨੂੰ ਸ਼ਰਧਾਂਜਲੀ ਦਿੰਦਿਆ ਕਿਹਾ ਕਿ ਉਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਸਰਜਰੀ ਦੌਰਾਨ ਖੂਨ ਚੜ੍ਹਾਉਣ ਤੋਂ ਬਾਅਦ ਦਾਨੀ ਬਣਨ ਦਾ ਫੈਸਲਾ ਲਿਆ ਸੀ।

ਜੇਮਜ਼ ਹੈਰੀਸਨ ਕੌਣ ਹਨ
ਜੇਮਜ਼ ਹੈਰੀਸਨ ਨੇ 18 ਸਾਲ ਦੀ ਉਮਰ ਤੋੋੋਂ ਖੂਨ ਪਲਾਜ਼ਮਾ ਦਾਨ ਕਰਨਾ ਸ਼ੁਰੂ ਕੀਤਾ ਸੀ ਅਤੇ ਇਹ ਸਿਲਸਿਲਾ ਹਰ ਦੋ ਹਫ਼ਤਿਆਂ ਮਗਰੋਂ 81 ਸਾਲ ਦੀ ਉਮਰ ਤੱਕ ਜਾਰੀ ਰਿਹਾ ਹੈ।
ਉਨ੍ਹਾਂ ਨੇ 2005 ਵਿੱਚ ਖੂਨ ਪਲਾਜ਼ਮਾ ਦਾਨੀ ਦਾ ਵਿਸ਼ਵ ਰਿਕਾਰਡ ਬਣਾਇਆ ਸੀ।
ਹਾਲਾਂਕਿ 2022 ਵਿੱਚ ਅਮਰੀਕਾ ਦੇ ਵਿਅਕਤੀ ਨੇ ਉਨ੍ਹਾਂ ਨੂੰ ਪਛਾੜਦਿਆਂ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ ਸੀ।
ਜੇਮਜ਼ ਦੀ ਧੀ ਟਰੇਸੀ ਮੇਲੋਸ਼ਿਪ ਨੇ ਕਿਹਾ ਕਿ ਮੇਰੇ ਪਿਤਾ ਨੂੰ ਬੱਚਿਆਂ ਦੀ ਜਾਨ ਬਚਾਉਣ 'ਤੇ ਬਹੁਤ ਮਾਣ ਸੀ।
ਉਹ ਕਹਿੰਦੇ ਹਨ, "ਉਹ ਹਮੇਸ਼ਾ ਕਹਿੰਦੇ ਸੀ ਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਜੋ ਜਾਨ ਤੁਸੀਂ ਬਚਾਉਂਦੇ ਹੋ, ਉਹ ਤੁਹਾਡੀ ਆਪਣੀ ਬਣ ਜਾਂਦੀ ਹੈ।"
ਟਰੇਸੀ ਅਤੇ ਹੈਰੀਸਨ ਦੇ ਦੋ ਪੋਤੇ-ਪੋਤੀਆਂ ਨੇ ਵੀ ਐਂਟੀ-ਡੀ ਐਂਟੀਬਾਡੀ ਟੀਕਾਕਰਨ ਹਾਸਲ ਕੀਤਾ ਸੀ।
ਉਨ੍ਹਾਂ ਨੇ ਕਿਹਾ, "ਸਾਡੇ ਪਰਿਵਾਰ ਵਾਂਗ ਹੋਰਨਾਂ ਹੀ ਲੱਖਾਂ ਪਰਿਵਾਰਾਂ ਬਾਰੇ ਸੁਣ ਕੇ ਮੇਰੇ ਪਿਤਾ ਖੁਸ਼ੀ ਮਹਿਸੂਸ ਕਰਦੇ ਸੀ, ਉਹ ਪਰਿਵਾਰ ਜੋ ਕਿ ਉਨ੍ਹਾਂ ਦੀ ਦਿਆਲਤਾ ਕਾਰਨ ਖੁਸ਼ੀਆਂ ਭਰੀ ਜਿੰਦਗੀ ਜੀਅ ਰਹੇ ਹਨ।"
'ਐਂਟੀ-ਡੀ' ਕੀ ਹੈ
ਐਂਟੀ ਡੀ ਐਂਟੀਬਾਡੀ ਅਣਜੰਮੇ ਬੱਚਿਆਂ ਜਾਂ ਭਰੂਣ ਅਤੇ ਨਵਜੰਮੇ ਬੱਚੇ ਦੀ ਹੀਮੋਲਾਈਟਿਕ ਅਤੇ ਐੱਚਡੀਐੱਫਸੀ ਵਰਗੀਆਂ ਬੀਮਾਰੀਆਂ ਤੋਂ ਬਚਾਅ ਕਰਦੀ ਹੈ।
ਇਸ ਬੀਮਾਰੀ ਕਾਰਨ ਗਰਭ ਅਵਸਥਾ ਦੌਰਾਨ ਮਾਂ ਦੇੇ ਲਾਲ ਖੂਨ ਦੇ ਸੈੱਲ ਅਣਜੰਮੇ ਬੱਚੇ ਦੇ ਖੂਨ ਦੇ ਸੈੱਲਾਂ ਦੇ ਅਨੁਕੂਲ ਨਹੀਂ ਹੁੰਦੇ।
ਇਸ ਸਥਿਤੀ ਵਿੱਚ ਮਾਂ ਦਾ ਇਮਿਊਨ ਸਿਸਟਮ ਬੱਚੇ ਦੇ ਖੂਨ ਦੇ ਸੈੱਲਾਂ ਨੂੰ ਖ਼ਤਰੇ ਵਜੋਂ ਦੇਖਦੇ ਹਨ ਅਤੇ ਉਨ੍ਹਾਂ 'ਤੇ ਹਮਲਾ ਕਰਨ ਲਈ ਐਂਟੀਬਾਡੀਜ਼ ਪੈਦਾ ਕਰਦੇ ਹਨ।
ਇਸ ਦੇ ਨਤੀਜੇ ਵਜੋਂ ਅਣਜੰਮੇ ਬੱਚੇ ਦਾ ਦਿਲ ਰੁੱਕ ਸਕਦਾ ਹੈ ਅਤੇ ਕਈ ਮਾਮਲਿਆਂ ਵਿੱਚ ਬੱਚਾ ਜਾਂ ਭਰੂਣ ਦੀ ਮੌਤ ਵੀ ਹੋ ਜਾਂਦੀ ਹੈ।
ਅਜਿਹੇ ਵਿੱਚ 'ਐਂਟੀ-ਡੀ' ਐਂਟੀਬਾਡੀ ਬੱਚੇ ਦੀ ਮਾਂ ਦੇ ਖੂਨ ਵਿੱਚ ਪੈਦਾ ਹੋਏ ਘਾਤਕ ਪ੍ਰਭਾਵਾਂ ਨੂੰ ਬੇਅਸਰ ਕਰਦੀ ਹੈ।
ਇਸ ਪ੍ਰਕਿਰਿਆ ਦਾ ਪੂਰਾ ਨਾਮ ਐਂਟੀ-ਡੀ ਇਮਯੂਨੋਗਲੋਬੂਲਿਨ ਹੈ।
ਇਸ ਨੂੰ ਵਿਆਪਕ ਤੌਰ 'ਤੇ ਇੱਕ ਸੁਰੱਖਿਅਤ ਪ੍ਰੋਫਾਈਲੈਕਟਿਕ ਇਲਾਜ ਮੰਨਿਆ ਗਿਆ ਹੈ। ਭਾਵ ਕਿ ਕਿਸੇ ਹੋਣੀ ਤੋਂ ਬਚਣ ਲਈ ਪਹਿਲਾਂ ਉਠਾਇਆ ਗਿਆ ਕਦਮ ਮੰਨਿਆ ਜਾਂਦਾ ਹੈ।

ਤਸਵੀਰ ਸਰੋਤ, Getty Images
'ਐਂਟੀ-ਡੀ' ਕਦੋਂ ਹੋਂਦ ਵਿੱਚ ਆਈ
1960 ਦੇ ਦਹਾਕੇ ਤੋਂ ਪਹਿਲਾਂ ਐੱਚਡੀਐੱਫਸੀ ਨਾਲ ਪੀੜਤ ਦੋ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਜਾਂਦੀ ਸੀ।
ਅਜਿਹੇ ਵਿੱਚ ਇਹ ਬੀਮਾਰੀ ਗਰਭਵਤੀ ਮਾਵਾਂ ਅਤੇ ਬੱਚਿਆਂ ਲਈ ਵੱਡੀ ਚੁਣੌਤੀ ਸੀ।
ਇਸ ਦੇ ਤਹਿਤ ਹੀ ਕਈ ਇਲਾਜਾਂ ਲਈ ਚਾਰਾਜੋਈ ਚੱਲ ਰਹੀ ਸੀ।
1960 ਦੇ ਦਹਾਕੇ ਦੇ ਮੱਧ ਵਿੱਚ ਐਂਟੀ-ਡੀ ਐਂਟੀਬਾਡੀ ਦੀ ਖੋਜ ਹੋਈ, ਇਸ ਮਗਰੋਂ ਅਜਿਹੀਆਂ ਕਈ ਜਾਨਾਂ ਨੂੰ ਬਚਾਉਣ ਦਾ ਰਾਹ ਖੁੱਲ ਗਿਆ।
ਇਸ ਤੋਂ ਬਾਅਦ ਅਣਜੰਮੇ ਬੱਚਿਆਂ ਦੀ ਮੌਤ ਦਰ ਵਿੱਚ ਵੱਡੇ ਪੱਧਰ 'ਤੇ ਕਮੀ ਦੇਖੀ ਗਈ ਸੀ।
ਹਾਲਾਂਕਿ ਵਿਗਿਆਨੀ ਅਤੇ ਡਾਕਟਰ ਅਜੇ ਤੱਕ ਇਹ ਸਪੱਸ਼ਟ ਤਰੀਕੇ ਨਾਲ ਨਹੀਂ ਦੱਸ ਸਕੇ ਹਨ ਕਿ ਜੈਮਸ ਹੈਰੀਸਨ ਵਿੱਚ ਐਂਟੀਬਾਡੀ ਕਿਵੇਂ ਵਿਕਸਤ ਹੋਈਆਂ ਸਨ।
ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜੇਮਸ ਹੈਰੀਸਨ ਵਿੱਚ ਐਂਟੀਬਾਡੀ 14 ਸਾਲ ਦੀ ਉਮਰ ਵਿੱਚ ਪੈਦਾ ਹੋ ਗਈ ਸੀ, ਉਸ ਸਮੇਂ ਉਨ੍ਹਾਂ ਦੀ ਸਰਜਰੀ ਹੋਈ ਸੀ।
ਉਨ੍ਹਾਂ ਦੇ ਸਰਜਰੀ ਵਿੱਚ ਵੱਡੇ ਪੱਧਰ 'ਤੇ ਖੂਨ ਚੜ੍ਹਾਇਆ ਗਿਆ ਸੀ।
ਆਸਟ੍ਰੇਲੀਆ ਵਿੱਚ 200 ਤੋਂ ਘੱਟ ਐਂਟੀ-ਡੀ ਖੂਨ ਪਲਾਜ਼ਮਾ ਦਾਨੀ ਹਨ।
ਆਸਟ੍ਰੇਲੀਅਨ ਰੈੱਡ ਕਰਾਸ ਬਲੱਡ ਸਰਵਿਸ ਦੇ ਮੁਤਾਬਕ ਇਨ੍ਹਾਂ ਸਾਰਿਆਂ ਦੇ ਖੂਨ ਪਲਾਜ਼ਮਾ ਦਾਨ ਨਾਲ ਹਰ ਸਾਲ ਅੰਦਾਜ਼ਨ 45,000 ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਮਦਦ ਹੁੰਦੀ ਹੈ।
ਲਾਈਫਬਲੱਡ ਆਸਟ੍ਰੇਲੀਆ ਦੇ ਵਾਲਟਰ ਅਤੇ ਐਲਿਜ਼ਾ ਹਾਲ ਇੰਸਟੀਚਿਊਟ ਆਫ਼ ਮੈਡੀਕਲ ਰਿਸਰਚ ਨਾਲ ਮਿਲ ਕੇ ਹੈਰੀਸਨ ਅਤੇ ਹੋਰ ਦਾਨੀਆਂ ਦੇ ਖੂਨ ਅਤੇ ਇਮਿਊਨ ਸੈੱਲਾਂ ਦੀ ਨਕਲ ਕਰਕੇ ਲੈਬ ਵਿੱਚ ਐਂਟੀ-ਡੀ ਐਂਟੀਬਾਡੀਜ਼ ਵਿਕਸਤ ਕਰਨ ਲਈ ਲਈ ਕੰਮ ਕੀਤਾ ਜਾ ਰਿਹਾ ਹੈ।
ਖੋਜਕਰਤਾਵਾਂ ਨੂੰ ਉਮੀਦ ਹੈ ਕਿ ਪ੍ਰਯੋਗਸ਼ਾਲਾ ਵਿੱਚ ਬਣੇ 'ਐਂਟੀ-ਡੀ' ਨੂੰ ਇੱਕ ਦਿਨ ਦੁਨੀਆ ਭਰ ਦੀਆਂ ਗਰਭਵਤੀ ਔਰਤਾਂ ਦੀ ਮਦਦ ਲਈ ਵਰਤਿਆ ਜਾ ਸਕੇਗਾ।
ਲਾਈਫਬਲੱਡ ਦੇ ਨਿਰਦੇਸ਼ਕ ਡੇਵਿਡ ਇਰਵਿੰਗ ਨੇ ਕਿਹਾ, "ਐਂਟੀਬਾਡੀ ਲਈ ਨਵੇਂ ਇਲਾਜਾਂ ਦਾ ਵਿਕਾਸ ਲੰਬੇ ਸਮੇਂ ਤੋਂ ਮੁਸ਼ਕਲ ਦਾ ਸਬੱਬ ਰਿਹਾ ਹੈ।"
ਉਨ੍ਹਾਂ ਨੇ ਐਂਟੀ-ਡੀ ਪਲਾਜ਼ਮਾ ਦਾਨ ਲਈ ਦਾਨੀਆਂ ਦੀ ਘਾਟ ਦੀ ਗੱਲ ਵੀ ਜ਼ਾਹਰ ਕੀਤੀ।
ਉਨ੍ਹਾਂ ਮੁਤਾਬਕ ਅਜਿਹੇ ਦਾਨੀਆਂ ਦੀ ਘਾਟ ਹੈ ਜੋ ਕਾਫ਼ੀ ਮਾਤਰਾ ਅਤੇ ਚੰਗੀ ਗੁਣਵੱਤਾ ਵਿੱਚ ਐਂਟੀਬਾਡੀਜ਼ ਪੈਦਾ ਕਰਨ ਦੇ ਕਾਬਲ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












