ਦੂਜਾ ਬੱਚਾ ਕਰਨ ਵੇਲੇ ਕਈ ਜੋੜਿਆਂ ਨੂੰ ਦਿੱਕਤਾਂ ਕਿਉਂ ਆਉਂਦੀਆਂ ਹਨ, ਇਸਦੇ ਮੁੱਖ ਕਾਰਨ ਅਤੇ ਇਲਾਜ ਕੀ ਹਨ

ਤਸਵੀਰ ਸਰੋਤ, Getty Images
- ਲੇਖਕ, ਸੁਮਨਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
"ਅਸੀਂ ਨਵੇਂ ਘਰ ਵਿੱਚ ਰਹਿਣਾ ਸ਼ੁਰੂ ਕੀਤਾ ਅਤੇ ਥੋੜ੍ਹੇ ਸਮੇਂ ਬਾਅਦ ਮੈਂ ਗਰਭਵਤੀ ਹੋ ਗਈ। ਉਸ ਸਮੇਂ ਮੇਰਾ ਪਹਿਲਾ ਬੱਚਾ 6 ਸਾਲ ਤੋਂ ਵੱਡਾ ਸੀ।"
"ਅਸੀਂ ਬੇਹੱਦ ਖੁਸ਼ ਸੀ। ਸਾਰਿਆਂ ਨੇ ਕਿਹਾ ਤੁਹਾਨੂੰ ਘਰ ਰਾਸ ਆ ਗਿਆ ਹੈ। ਪਰ ਇਹ ਭਾਵ ਜਲਦ ਹੀ ਗੰਭੀਰ ਗ਼ਮ ਵਿੱਚ ਬਦਲ ਗਿਆ। ਮੈਂ 8 ਮਹੀਨਿਆਂ ਦੀ ਗਰਭਵਤੀ ਸੀ ਜਦੋਂ ਮੇਰਾ ਮਿਸਕੈਰੇਜ ਹੋ ਗਿਆ।"
ਰੇਖਾ ਇਹ ਸਭ ਦੱਸਦਿਆਂ ਆਪਣੀ ਦੂਜੇ ਬੱਚੇ ਨੂੰ ਜਨਮ ਦੇਣ ਦੀ ਹਰ ਉਮੀਦ ਖ਼ਤਮ ਹੋਣ ਦਾ ਜ਼ਿਕਰ ਕਰਦੇ ਹਨ।
ਦਿੱਲੀ ਦੇ ਰਹਿਣ ਵਾਲੇ ਰੇਖਾ ਅਤੇ ਉਨ੍ਹਾਂ ਦੇ ਪਤੀ ਦੀ ਇੱਛਾ ਸੀ ਕਿ ਉਨ੍ਹਾਂ ਦੇ ਦੋ ਬੱਚੇ ਹੋਣ।
ਪਰ ਹਾਲੇ ਤੱਕ ਅਜਿਹਾ ਨਹੀਂ ਹੋ ਸਕਿਆ। ਰੇਖਾ ਨੇ 3 ਵਾਰ ਗਰਭ ਧਾਰਨ ਤਾਂ ਕੀਤਾ ਪਰ ਹਰ ਵਾਰ ਮਿਸਕੈਰੇਜ ਦਾ ਸਾਹਮਣਾ ਕਰਨਾ ਪਿਆ।
ਉਹ ਕਹਿੰਦੇ ਹਨ, "ਇਸ ਦੌਰਾਨ ਅਸੀਂ ਡਾਕਟਰਾਂ ਦੇ ਕਈ ਚੱਕਰ ਵੀ ਲਾਏ ਤੇ ਉਨ੍ਹਾਂ ਨੇ ਜਿਹੜੇ ਵੀ ਟੈਸਟ ਲਈ ਕਿਹਾ, ਅਸੀਂ ਕਰਵਾਇਆ।"
"ਰਿਪੋਰਟਾਂ ਦੇਖ ਕੇ ਡਾਕਟਰ ਕਹਿੰਦੇ ਕਿ ਸਭ ਠੀਕ ਹੈ ਅਤੇ ਸਰੀਰਕ ਤੌਰ 'ਤੇ ਕੋਈ ਦਿੱਕਤ ਨਹੀਂ ਹੈ।"
"ਪਰ ਸਾਲ 2018 ਵਿੱਚ 8 ਮਹੀਨਿਆਂ 'ਤੇ ਗਰਭਪਾਤ ਹੋਣ ਤੋਂ ਬਾਅਦ ਮੈਂ ਉਮੀਦ ਛੱਡ ਦਿੱਤੀ।"
ਇਹ ਮਾਮਲਾ ਇਕੱਲਾ ਰੇਖਾ ਦਾ ਹੀ ਨਹੀਂ ਹੈ ਬਲਕਿ ਮੌਜੂਦਾ ਦੌਰ ਵਿੱਚ ਖ਼ਾਸਕਰ ਸ਼ਹਿਰੀ ਖੇਤਰਾਂ ਵਿੱਚ ਅਜਿਹੇ ਮਾਮਲੇ ਲਗਾਤਾਰ ਵੱਧ ਰਹੇ ਹਨ।

ਹਾਲ ਹੀ ਵਿੱਚ ਨੈਸ਼ਨਲ ਲਾਇਬਰੇਰੀ ਆਫ਼ ਮੈਡੀਸਨ ਵੱਲੋਂ ਕੀਤੇ ਅਧਿਐਨ ਵਿੱਚ ਸਾਹਮਣੇ ਆਇਆ ਕਿ ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿੱਚ ਸੈਕੰਡਰੀ ਇਨਫ਼ਰਟੀਲਿਟੀ ਦੀ ਦਰ ਵਧ ਰਹੀ ਹੈ।
ਇਸ ਦਾ ਮਤਲਬ ਹੈ ਕਿ ਵਿਆਹੁਤਾ ਜੋੜਿਆਂ ਨੂੰ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦੂਜੇ ਬੱਚੇ ਲਈ ਗਰਭਧਾਰਨ ਕਰਨ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਧਿਐਨ ਮੁਤਾਬਕ,1992-93 ਵਿੱਚ ਭਾਰਤ ਵਿੱਚ ਸੈਕੰਡਰੀ ਇਨਫ਼ਰਟੀਲਿਟੀ ਦੀ ਦਰ 19.5 ਫ਼ੀਸਦ ਸੀ। ਇਹ ਦਰ 1998-99 ਵਿੱਚ ਤਕਰੀਬਨ ਇੰਨੀ ਹੀ ਰਹੀ ਸੀ ਪਰ ਸਾਲ 2005-06 ਵਿੱਚ ਇਸ ਵਿੱਚ 2.9 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ।
ਹਾਲਾਂਕਿ, 2015-16 ਦੇ ਦਹਾਕੇ ਦੌਰਾਨ ਸੈਕੰਡਰੀ ਇਨਫ਼ਰਟੀਲਿਟੀ ਦੇ ਮਾਮਲਿਆਂ ਵਿੱਚ 5.9 ਫੀਸਦ ਦਾ ਵਾਧਾ ਹੋਇਆ ਹੈ ਅਤੇ ਇਸ ਦੀ ਦਰ ਵੱਧ ਕੇ 28.6 ਫ਼ੀਸਦ ਤੱਕ ਪਹੁੰਚ ਗਈ ਹੈ।
ਸੈਕੰਡਰੀ ਇਨਫ਼ਰਟੀਲਿਟੀ ਕੀ ਹੈ?

ਤਸਵੀਰ ਸਰੋਤ, Getty Images
ਸੈਕੰਡਰੀ ਇਨਫ਼ਰਟੀਲਿਟੀ ਨੂੰ ਸਮਝਣ ਲਈ ਅਸੀਂ ਦਿੱਲੀ ਦੇ ਦੋ ਮੈਡੀਕਲ ਮਾਹਰਾਂ ਨਾਲ ਗੱਲਬਾਤ ਕੀਤੀ ਹੈ।
ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਸਫ਼ਦਰਜੰਗ ਹਸਪਾਤਲ ਦੇ ਆਬਸਟੈਟ੍ਰਿਕ ਅਤੇ ਗਾਇਨਾਕੋਲੇਜੀ ਦੇ ਪ੍ਰੋਫੈਸਰ ਡਾਕਟਰ ਸੁਮਿਤਰਾ ਬਚਾਨੀ ਮੁਤਾਬਕ ਸੈਕੰਡਰੀ ਇਨਫ਼ਰਟੀਲਿਟੀ ਜਾਂ ਬਾਂਝਪਨ ਉਸ ਅਵਸਥਾ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਇੱਕ ਜੋੜੇ ਨੇ ਪਹਿਲਾਂ ਇੱਕ ਬੱਚੇ ਨੂੰ ਜਨਮ ਦਿੱਤਾ ਹੋਵੇ ਜਾਂ ਗਰਭਧਾਰਨ ਹੋਇਆ ਤੇ ਗਰਭਪਾਤ ਹੋ ਗਿਆ ਹੋਵੇ ਅਤੇ ਦੂਜੀ ਵਾਰ ਉਨ੍ਹਾਂ ਨੂੰ ਗਰਭਧਾਰਨ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹੋਣ।
ਦਿੱਲੀ ਦੇ ਸ਼ਾਲੀਮਾਰ ਬਾਗ਼ ਵਿੱਚ ਸਥਿਤ ਮੈਕਸ ਸੁਪਰ ਸਪੈਸ਼ਐਲਿਟੀ ਦੇ ਆਬਸਟੈਟ੍ਰਿਕ ਅਤੇ ਗਾਇਨਾਕੋਲੇਜੀ ਦੇ ਪ੍ਰਿੰਸੀਪਲ ਡਾਇਰੈਕਟਰ ਅਤੇ ਮੁਖੀ ਡਾਕਟਰ ਐੱਸਐੱਨ ਬਾਸੂ ਦਾ ਕਹਿਣਾ ਹੈ, "ਸੈਕੰਡਰੀ ਇਨਫ਼ਰਲਿਟੀ ਪਿੱਛੇ ਔਰਤ ਅਤੇ ਮਰਦ ਦੋਵੇਂ ਇੱਕੋ ਜਿੰਨੇ ਜ਼ਿੰਮੇਵਾਰ ਹੋ ਸਕਦੇ ਹਨ।"
ਉਨ੍ਹਾਂ ਮੁਤਾਬਕ ਇਸੇ ਲਈ ਜਦੋਂ ਜੋੜੇ ਮੈਡੀਕਲ ਸਲਾਹ ਲਈ ਆਉਂਦੇ ਹਨ ਤਾਂ ਮੁਕੰਮਲ ਹਿਸਟਰੀ ਲੈਣ ਦੇ ਨਾਲ-ਨਾਲ ਦੋਵਾਂ ਦੇ ਸਿਹਤ ਪੱਖੋਂ ਮੈਡੀਕਲ ਟੈਸਟ ਵੀ ਕਰਵਾਏ ਜਾਂਦੇ ਹਨ।
ਡਾਕਟਰ ਐੱਸਐੱਨ ਬਾਸੂ ਦਾ ਵੀ ਕਹਿਣਾ ਹੈ, "ਸੈਕੰਡਰੀ ਬਾਂਝਪਨ ਦੇ ਮਾਮਲੇ ਦੁਨੀਆ ਭਰ ਵੱਧ ਰਹੇ ਹਨ।"
"ਅਧਿਐਨ ਦਰਸਾਉਂਦੇ ਹਨ ਕਿ ਵਾਤਾਵਰਣ, ਜੀਵਨ ਸ਼ੈਲੀ ਅਤੇ ਡਾਕਟਰੀ ਕਾਰਕ ਬਾਂਝਪਨ ਦਰਾਂ ਨੂੰ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ।"
ਸੈਕੰਡਰੀ ਇਨਫ਼ਰਟੀਲਿਟੀ ਦੇ ਕਾਰਨ

ਤਸਵੀਰ ਸਰੋਤ, Getty Images
ਦੋਵਾਂ ਮਾਹਰਾਂ ਨੇ ਸੈਕੰਡਰੀ ਇਨਫ਼ਰਟੀਲਿਟੀ ਦੇ ਕੁਝ ਆਮ ਕਾਰਨ ਦੱਸੇ।
ਬੱਚੇ ਪੈਦਾ ਕਰਨ ਵਿੱਚ ਦੇਰੀ: ਵੱਡੀ ਗਿਣਤੀ ਵਿੱਚ ਲੋਕ ਦੇਰੀ ਨਾਲ ਪਰਿਵਾਰ ਸ਼ੁਰੂ ਕਰਨ ਦੀ ਚੋਣ ਕਰਦੇ ਹਨ। ਪਰ ਵੱਧਦੀ ਉਮਰ ਨਾਲ ਕੁਦਰਤੀ ਤੌਰ 'ਤੇ ਪ੍ਰਜਣਨ ਦੀ ਸ਼ਕਤੀ ਘਟਦੀ ਹੈ।
ਸ਼ੁਕਰਾਣੂਆਂ ਦੀ ਗੁਣਵੱਤਾ ਵਿੱਚ ਗਿਰਾਵਟ: ਖੋਜ ਪਿਛਲੇ ਦਹਾਕਿਆਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਅਤੇ ਗਤੀਸ਼ੀਲਤਾ ਵਿੱਚ ਮਹੱਤਵਪੂਰਨ ਗਿਰਾਵਟ ਦਰਸਾਉਂਦੀ ਹੈ। ਸੰਭਾਵੀ ਤੌਰ 'ਤੇ ਇਸ ਦਾ ਕਾਰਨ ਪ੍ਰਦੂਸ਼ਿਤ ਵਾਤਾਵਰਣ, ਖੁਰਾਕ ਅਤੇ ਤਣਾਅ ਆਦਿ ਮੰਨੇ ਜਾਂਦੇ ਹਨ।
ਪਾਚਕ ਵਿਕਾਰਾਂ ਦਾ ਪੈਦਾ ਹੋਣਾ: ਮੋਟਾਪਾ, ਸ਼ੂਗਰ, ਅਤੇ ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ (ਪੀਸੀਓਸੀ) ਵਰਗੀਆਂ ਸਥਿਤੀਆਂ ਪ੍ਰਜਨਨ ਹਾਰਮੋਨਾਂ ਅਤੇ ਓਵੂਲੇਸ਼ਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਮਾਹਰਾਂ ਮੁਤਾਬਕ ਪਲਾਸਟਿਕ ਦੇ ਬਰਤਨਾਂ ਕੰਟੇਨਰਾਂ ਦੀ ਵਰਤੋਂ, ਪ੍ਰੋਸੈਸਡ ਭੋਜਨ ਅਤੇ ਪ੍ਰਦੂਸ਼ਕਾਂ ਵਿੱਚ ਪਾਏ ਜਾਣ ਵਾਲੇ ਰਸਾਇਣ ਹਾਰਮੋਨਲ ਫੰਕਸ਼ਨ ਵਿੱਚ ਵਿਘਨ ਪਾ ਸਕਦੇ ਹਨ, ਜਿਸ ਨਾਲ ਮਰਦਾਂ ਅਤੇ ਔਰਤਾਂ ਦੋਵਾਂ ਦੀ ਪ੍ਰਜਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ।
ਸੈਕਸ਼ੂਅਲ ਟਰਾਂਸਮਿਟਡ ਇਨਫੈਕਸ਼ਨ (ਐੱਸਟੀਆਈਜ਼) ਦੇ ਮਾਮਲੇ ਵਧਣਾ: ਐੱਸਟੀਆਈ ਦਾ ਜੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਪ੍ਰਜਣਨ ਸਮੱਸਿਆਵਾਂ ਦਾ ਕਾਰਨ ਹੋ ਸਕਦਾ ਹੈ।
ਔਰਤਾਂ ਨਾਲ ਜੁੜੇ ਪੱਖ

ਤਸਵੀਰ ਸਰੋਤ, Getty Images
ਮਾਹਰਾਂ ਮੁਤਾਬਕ ਅਜਿਹੇ ਕਈ ਕਾਰਕ ਹਨ, ਜੋ ਔਰਤਾਂ ਦੇ ਦੂਜੀ ਵਾਰ ਗਰਭ ਧਾਰਨ ਕਰਨ ਵਿੱਚ ਮੁਸ਼ਕਿਲਾਂ ਪੈਦਾ ਕਰ ਸਕਦੇ ਹਨ।
ਔਰਤਾਂ ਕੁਦਰਤੀ ਤੌਰ 'ਤੇ ਇੱਕ ਸੀਮਤ ਉਮਰ ਤੱਕ ਗਰਭ ਧਾਰਨ ਕਰਨ ਦੇ ਯੋਗ ਹੁੰਦੀਆਂ ਹਨ। ਮਾਹਰਾਂ ਮੁਤਾਬਕ 35 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਨੂੰ ਗਰਭ ਧਾਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਰਮੋਨਲ ਅਸੰਤੁਲਨ ਵੀ ਇੱਕ ਸਮੱਸਿਆ ਹੈ। ਪੀਸੀਓਸੀ, ਥਾਇਰਾਇਡ ਜਾਂ ਉੱਚ ਪ੍ਰੋਲੈਕਟਿਨ ਪੱਧਰ ਗਰਭ ਧਾਰਨ ਕਰਨ ਵਿੱਚ ਮੁਸ਼ਕਿਲਾਂ ਪੈਦਾ ਕਰ ਸਕਦੇ ਹਨ।
ਇਸ ਤੋਂ ਇਲਾਵਾ ਬੱਚੇਦਾਨੀ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਰਸੌਲੀਆਂ, ਐਂਡੋਮੈਟਰੀਅਲ ਪੌਲੀਪਸ ਆਦਿ ਵੀ ਇਸ ਦਾ ਕਾਰਨ ਹੋ ਸਕਦੇ ਹਨ। ਇਸੇ ਤਰ੍ਹਾਂ ਫੈਲੋਪੀਅਨ ਟਿਊਬਜ਼ ਦੀ ਸਥਿਤੀ ਅਤੇ ਗ਼ੈਰ-ਵਾਜਿਬ ਸਿਹਤ ਵੀ ਗਰਭ ਧਾਰਨ ਵਿੱਚ ਦਿੱਕਤ ਪੈਦਾ ਕਰ ਸਕਦੀ ਹੈ।
ਕਈ ਵਾਰ ਪਹਿਲੇ ਜਣੇਪੇ ਤੋਂ ਬਾਅਦ ਮੁਕੰਮਲ ਸਿਹਤਯਾਬੀ ਨਾ ਹੋਣ ਕਾਰਨ ਵੀ ਔਰਤਾਂ ਨੂੰ ਗਰਭਧਾਰਨ ਕਰਨ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ।
ਪੁਰਸ਼ਾਂ ਨਾਲ ਸਬੰਧਤ ਕਾਰਨ

ਤਸਵੀਰ ਸਰੋਤ, Getty Images
ਸ਼ੁਕਰਾਣੂਆਂ ਦੀ ਗੁਣਵੱਤਾ ਦਾ ਘਟਣਾ, ਉਮਰ, ਪ੍ਰਦੂਸ਼ਿਤ ਵਾਤਾਵਰਣ ਦੇ ਸੰਪਰਕ ਵਿੱਚ ਆਉਣਾ ਅਤੇ ਪੁਰਾਣੀਆਂ ਬਿਮਾਰੀਆਂ ਕਾਰਨ ਸ਼ੁਕਰਾਣੂਆਂ ਦੀ ਗਿਣਤੀ ਵਿੱਚ ਕਮੀ ਆ ਸਕਦੀ ਹੈ।
ਵੈਰੀਕੋਸੀਲ ਯਾਨਿ ਅੰਡਕੋਸ਼ ਵਿੱਚ ਵਧੀਆਂ ਨਾੜੀਆਂ ਅੰਡਕੋਸ਼ਾਂ ਨੂੰ ਜ਼ਿਆਦਾ ਗਰਮ ਕਰ ਸਕਦੀਆਂ ਹਨ, ਜਿਸ ਕਾਰਨ ਸ਼ੁਕਰਾਣੂਆਂ ਦੇ ਉਤਪਾਦਨ ʼਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ।
ਹਾਰਮੋਨਲ ਵਿਕਾਰ, ਘੱਟ ਟੈਸਟੋਸਟੀਰੋਨ ਜਾਂ ਹੋਰ ਪ੍ਰਜਨਨ ਹਾਰਮੋਨਾਂ ਵਿੱਚ ਅਸੰਤੁਲਨ ਸ਼ੁਕਰਾਣੂਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜੀਵਨ ਸ਼ੈਲੀ ਅਤੇ ਵਾਤਾਵਰਣਕ

ਤਸਵੀਰ ਸਰੋਤ, Getty Images
ਮੋਟਾਪਾ ਜਾਂ ਭਾਰ ਦਾ ਬਹੁਤ ਜ਼ਿਆਦਾ ਘਟਣਾ, ਦੋਵੇਂ ਹਾਰਮੋਨਲ ਸੰਤੁਲਨ ਅਤੇ ਓਵੂਲੇਸ਼ਨ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ।
ਸਿਗਰਟਨੋਸ਼ੀ ਅਤੇ ਸ਼ਰਾਬ ਦੀ ਵਰਤੋਂ ਵੀ ਅੰਡਿਆਂ ਅਤੇ ਸ਼ੁਕਰਾਣੂਆਂ ਦੀ ਗੁਣਵੱਤਾ ਨਾਲ ਜੁੜਿਆ ਹੋਇਆ ਹੈ।
ਲੰਬੇ ਸਮੇਂ ਤੋਂ ਤਣਾਅ ਹਾਰਮੋਨਲ ਅਸੰਤੁਲਨ ਦਾ ਕਾਰਨ ਬਣ ਸਕਦਾ ਹੈ ਜੋ ਓਵੂਲੇਸ਼ਨ ਅਤੇ ਸ਼ੁਕਰਾਣੂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਕੀਟਨਾਸ਼ਕ, ਧਾਤਾਂ ਅਤੇ ਐਂਡੋਕਰੀਨ-ਵਿਘਨ ਪਾਉਣ ਵਾਲੇ ਰਸਾਇਣ ਵੀ ਪ੍ਰਜਣਨ ਸ਼ਕਤੀ ਨੂੰ ਘਟਾ ਸਕਦੇ ਹਨ।
ਇਸ ਤੋਂ ਇਲਾਵਾ ਉਮਰ ਪੁਰਸ਼ ਅਤੇ ਔਰਤ, ਦੋਵਾਂ ਵਿੱਚ ਪ੍ਰਜਣਨ ਸ਼ਕਤੀ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਵੱਡੇ ਕਾਰਕਾਂ ਵਿੱਚੋਂ ਇੱਕ ਹੈ।

ਔਰਤਾਂ ਵਿੱਚ ਪ੍ਰਜਣਨ ਦੀ ਉਮਰ 20 ਤੋਂ 35 ਸਾਲ ਤੱਕ ਮੰਨੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਔਰਤਾਂ ਵਿੱਚ ਮੀਨੋਪੌਜ਼ ਦੀ ਉਮਰ ਪੱਛਮੀ ਔਰਤਾਂ ਦੇ ਮੁਕਾਬਲੇ ਘੱਟ ਹੈ।
ਜ਼ਿਕਰਯੋਗ ਹੈ ਕਿ ਗਰਭਪਾਤ ਅਤੇ ਕ੍ਰੋਮੋਸੋਮਲ ਅਸਧਾਰਨਤਾਵਾਂ (ਜਿਵੇਂ ਕਿ ਡਾਊਨ ਸਿੰਡਰੋਮ) ਦਾ ਜੋਖ਼ਮ ਮਾਂ ਦੀ ਉਮਰ ਦੇ ਨਾਲ ਵੱਧਦਾ ਹੈ।
ਦੂਜੇ ਪਾਸੇ ਮਰਦ ਆਪਣੀ ਸਾਰੀ ਉਮਰ ਸ਼ੁਕਰਾਣੂ ਪੈਦਾ ਕਰਦੇ ਹਨ। ਪਰ 40-45 ਸਾਲ ਤੋਂ ਬਾਅਦ ਸ਼ੁਕਰਾਣੂਆਂ ਦੀ ਗੁਣਵੱਤਾ ਘੱਟ ਹੋ ਜਾਂਦੀ ਹੈ, ਜਿਸ ਨਾਲ ਗਰਭਧਾਰਨ ਕਰਨ ਦੀ ਦਰ ਘੱਟ ਹੋ ਜਾਂਦੀ ਹੈ ਅਤੇ ਬੱਚੇ ਵਿੱਚ ਜੈਨੇਟਿਕ ਅਸਧਾਰਨਤਾਵਾਂ ਦਾ ਜੋਖ਼ਮ ਵਧ ਜਾਂਦਾ ਹੈ।
ਸੈਕੰਡਰੀ ਇਨਫ਼ਰਟੀਲਿਟੀ ਦੇ ਉਪਾਅ
ਸੈਕੰਡਰੀ ਇਨਫ਼ਰਟੀਲਿਟੀ ਨੂੰ ਅਕਸਰ ਜੀਵਨ ਸ਼ੈਲੀ ਵਿੱਚ ਬਦਲਾਅ, ਡਾਕਟਰੀ ਇਲਾਜ ਅਤੇ ਸਹਾਇਕ ਪ੍ਰਜਣਨ ਤਕਨੀਕਾਂ ਦੇ ਸੁਮੇਲ ਨਾਲ ਠੀਕ ਕੀਤਾ ਜਾ ਸਕਦਾ ਹੈ।
ਜੀਵਨਸ਼ੈਲੀ ਵਿੱਚ ਬਦਲਾਅ ਜਿਵੇਂ ਭਾਰ ਸੰਤੁਲਿਤ ਕਰਨਾ, ਤਣਾਅ ਘਟਾਉਣਾ ਅਤੇ ਤੰਬਾਕੂ ਤੇ ਸ਼ਰਾਬ ਤੋਂ ਪਰਹੇਜ਼ ਕਰਨਾ ਲਾਹੇਵੰਦ ਹੋ ਸਕਦੇ ਹਨ।
ਓਵੂਲੇਸ਼ਨ ਨੂੰ ਟਰੈਕ ਵੀ ਇਸ ਦਾ ਇੱਕ ਤਰੀਕਾ ਹੋ ਸਕਦਾ ਹੈ ਇਸ ਲਈ ਕਈ ਐਪਸ ਵੀ ਮੌਜੂਦ ਹਨ।
ਪੀਸੀਓਸੀ, ਐਂਡੋਮੈਟ੍ਰੋਸਿਸ ਜਾਂ ਥਾਇਰਾਇਡ ਆਦਿ ਦਾ ਸਮਾਂ ਰਹਿੰਦਿਆਂ ਇਲਾਜ ਕਰਵਾਉਣਾ।
ਫਾਈਬਰਾਇਡਜ਼, ਟਿਊਬਲ ਬਲੌਕੇਜ ਨੂੰ ਠੀਕ ਕਰਵਾਉਣ ਲਈ ਸਰਜੀਕਲ ਤਰੀਕਿਆਂ ਨੂੰ ਅਪਣਾਇਆ ਜਾ ਸਕਦਾ ਹੈ।
ਕਈ ਮਾਮਲਿਆਂ ਵਿੱਚ ਡਾਕਟਰ ਹਾਰਮੋਨਲ ਥੈਰੇਪੀ ਦੀ ਸਲਾਹ ਦਿੰਦੇ ਹਨ।
ਅਸਿਸਟੈਂਟ ਰਿਪ੍ਰੋਡਕਟਿਵ ਟੈਕਨੋਲਾਜੀ (ਏਆਰਟੀ) ਜਦੋਂ ਹੋਰ ਤਰੀਕੇ ਅਸਫ਼ਲ ਹੋ ਜਾਂਦੇ ਹਨ ਤਾਂ ਇੰਟਰਾਯੂਟਰਾਈਨ ਇਨਸੈਮੀਨੇਸ਼ਨ (ਆਈਯੂਆਈ) ਅਤੇ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐੱਫ) ਵਰਗੀਆਂ ਪ੍ਰਕਿਰਿਆਵਾਂ ਦੀ ਮਦਦ ਲਈ ਜਾ ਸਕਦੀ ਹੈ।
ਮੈਡੀਕਲ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ?

ਤਸਵੀਰ ਸਰੋਤ, Getty Images
35 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ, ਜੋ 6 ਮਹੀਨੇ ਤੋਂ ਇੱਕ ਸਾਲ ਤੱਕ ਗਰਭਧਾਰਨ ਕਰਨ ਲਈ ਕੋਸ਼ਿਸ਼ ਕਰ ਰਹੀਆਂ ਹੋਣ ਪਰ ਸਫ਼ਲਤਾ ਨਾ ਮਿਲ ਰਹੀ ਹੋਵੇ।
ਪ੍ਰਜਣਨ ਸਿਹਤ ਸਬੰਧੀ ਚਿੰਤਾਵਾਂ ਹਨ, ਜਿਵੇਂ ਕਿ ਅਨਿਯਮਿਤ ਮਾਹਵਾਰੀ, ਪਹਿਲਾਂ ਗਰਭਪਾਤ ਹੋਇਆ ਹੋਵੇ ਤਾਂ ਵੀ ਡਾਕਟਰੀ ਮਦਦ ਲੈਣੀ ਚਾਹੀਦੀ ਹੈ।
ਮਰਦਾਂ ਵਿੱਚ ਇਰੈਕਟਾਈਲ ਡਿਸਫੰਕਸ਼ਨ ਜਾਂ ਸ਼ੁਕਰਾਣੂਆਂ ਦੀ ਘੱਟ ਗਿਣਤੀ ਹੋਵੇ ਤਾਂ ਇਲਾਜ ਦੀ ਲੋੜ ਹੁੰਦੀ ਹੈ।
ਕਿਸੇ ਜੋੜੇ ਦੇ ਇੱਕ ਤੋਂ ਵੱਧ ਗਰਭਪਾਤ ਹੋਏ ਹੋਣ ਤਾਂ ਵੀ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












