ਜਦੋਂ ਪੁਲਾੜ ਵਿੱਚ ਸ਼ੀਸ਼ਾ ਲਗਾ ਕੇ ਰਾਤਾਂ ਨੂੰ ਰੋਸ਼ਨਾਉਣ ਦਾ ਪ੍ਰਯੋਗ ਕੀਤਾ ਗਿਆ, ਇਸ ਦਾ ਨਤੀਜਾ ਕੀ ਨਿਕਲਿਆ

- ਲੇਖਕ, ਮਾਈਲਸ ਬਰਕ
- ਰੋਲ, ਬੀਬੀਸੀ ਪੱਤਰਕਾਰ
ਰੂਸ ਦੀ ਪੁਲਾੜ ਏਜੰਸੀ ਵੱਲੋਂ ਇੱਕ ਵਾਰ ਸੂਰਜ ਦੀਆਂ ਕਿਰਨਾਂ ਨੂੰ ਮੋੜ ਕੇ ਧਰਤੀ ਵੱਲ ਪ੍ਰਕਾਸ਼ਿਤ ਕਰਨ ਲਈ ਪ੍ਰੋਜੈਕਟ ਆਰੰਭਿਆ ਗਿਆ ਸੀ।
ਇਸ ਮਿਸ਼ਨ ਨੂੰ ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਨੇ ਤਿੰਨ ਦਹਾਕੇ ਪਹਿਲਾਂ ਸ਼ੁਰੂ ਕੀਤਾ ਸੀ।
ਹਾਲਾਂਕਿ ਇਸ ਮਿਸ਼ਨ ਦਾ ਉਦੇਸ਼ ਦੁਨੀਆਂ ਨੂੰ ਡਰਾਉਣ ਜਾ ਠਾਠ ਜਮਾਉਣਾ ਨਹੀਂ ਸੀ।
ਕੇਟ ਬੇਲਿੰਘਮ ਨੇ ਬੀਬੀਸੀ ਦੇ ਟੂਮਾਰੋਜ਼ ਵਰਲਡ ਪ੍ਰੋਗਰਾਮ ਵਿੱਚ ਦੱਸਿਆ ਕਿ ਇਸ ਰਾਹੀ ਸਰਦੀਆਂ ਦੇ ਮੌਸਮ ਵਿੱਚ ਸਾਇਬੇਰੀਆ ਵਿੱਚ ਸ਼ਹਿਰਾਂ ਨੂੰ ਰੋਸ਼ਨਾਇਆ ਜਾਣਾ ਸੀ।
ਇਹ ਅੱਜ ਦੇ ਦਿਨ ਕੁਝ ਨਵਾਂ ਜਿਹਾ ਜਾਪ ਸਕਦਾ ਹੈ, ਪਰ ਧਰਤੀ ਦੀ ਸਤ੍ਹਾ 'ਤੇ ਰੌਸ਼ਨੀ ਨੂੰ ਪ੍ਰਕਾਸ਼ਿਤ ਜਾਂ ਪ੍ਰਤੀਬਿੰਬਤ ਕਰਨ ਲਈ ਪੁਲਾੜ ਵਿੱਚ ਸ਼ੀਸ਼ਿਆਂ ਦੀ ਵਰਤੋਂ ਕਰਨ ਦਾ ਵਿਚਾਰ ਵਿਸ਼ਵ ਯੁੱਧ ਦੇ ਨਾਜ਼ੀ ਵਿਗਿਆਨੀਆਂ ਨਾਲ ਜਾ ਜੁੜਦਾ ਹੈ।

ਸਾਲ 1923 ਵਿੱਚ ਜਰਮਨ ਰਾਕੇਟ ਤਕਨੀਕ ਦੇ ਮੋਢੀ ਹਰਮਨ ਓਬਰਥ ਨੇ "ਦ ਰਾਕੇਟ ਇਨ ਪਲੈਨੇਟਰੀ ਸਪੇਸ" ਵਿੱਚ ਰਾਕੇਟ ਸਥਾਪਿਤ ਕਰਨ ਪ੍ਰਸਤਾਵ ਰੱਖਿਆ ਸੀ।
ਪਰ ਉਨ੍ਹਾਂ ਦੀ ਕਿਤਾਬ ਨੂੰ ਹਾਈਡਲਬਰਗ ਯੂਨੀਵਰਸਿਟੀ ਨੇ ਦੂਰ ਦੀ ਕੌਢੀ ਕਹਿ ਕੇ ਰੱਦ ਕਰ ਦਿੱਤਾ ਸੀ।
ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਗਣਿਤਿਕ ਪਹਿਲੂਆਂ ਨਾਲ ਦਰਸਾਇਆ ਸੀ ਕਿ ਕਿਸੇ ਰਾਕੇਟ ਨੂੰ ਧਰਤੀ ਦੇ ਵਾਯੂਮੰਡਲ ਤੋਂ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ।
ਇਸ ਸਮੇਂ ਦੌਰਾਨ ਹੀ ਵਿਸ਼ਾਲ ਅਵਤਲ ਸ਼ੀਸ਼ਿਆਂ ਦਾ ਨੈਟਵਰਕ ਬਣਾਉਣ ਦਾ ਵਿਚਾਰ ਵੀ ਸਾਹਮਣੇ ਆਇਆ ਸੀ। ਇਸ ਨਾਲ ਧਰਤੀ 'ਤੇ ਕਿਸੇ ਖਾਸ ਜਗਾਂ 'ਤੇ ਸੂਰਜ ਦੀ ਰੌਸ਼ਨੀ ਨੂੰ ਪ੍ਰਕਾਸ਼ਿਤ ਕੀਤਾ ਜਾਣਾ ਸੀ।
ਆਧੁਨਿਕ ਪੁਲਾੜ ਵਿਗਿਆਨ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨੇ ਜਾਂਦੇ ਵਿਗਿਆਨੀ ਨੇ ਤਰਕ ਦਿੱਤਾ ਸੀ ਕਿ ਇਹ ਰੋਸ਼ਨੀ 1912 ਵਿੱਚ ਟਾਈਟੈਨਿਕ ਦੇ ਡੁੱਬਣ ਸਮੇਂ ਜਾਂ ਬਚੇ ਲੋਕਾਂ ਨੂੰ ਬਚਾਉਣ ਵਰਗੀਆਂ ਆਫ਼ਤਾਂ ਸਮੇਂ ਮਦਦਗਾਰ ਹੋ ਸਕਦੀ ਹੈ।
ਉਨ੍ਹਾਂ ਨੇ ਕਿਹਾ ਸੀ ਕਿ ਪੁਲਾੜ ਦੇ ਸ਼ੀਸ਼ੇ ਨਾਲ ਬਰਫ਼ ਪਿਘਰਾ ਕੇ ਸਮੁੰਦਰੀ ਰਾਹਾਂ ਨੂੰ ਸਾਫ਼ ਕੀਤਾ ਜਾ ਸਕਦਾ ਹੈ ਅਤੇ ਧਰਤੀ ਦੇ ਮੌਸਮ ਦੇ ਪੈਟਰਨ ਨੂੰ ਵੀ ਬਦਲਿਆ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਇਸੇ ਪੁਲਾੜ ਸ਼ੀਸ਼ੇ ਲਈ ਜਰਮਨ ਵਿਗਿਆਨੀਆਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਦੁਬਾਰਾ ਚਾਰਾਜੋਈ ਸ਼ੁਰੂ ਕੀਤੀ।
ਵਿਗਿਆਨੀਆਂਂ ਨੇ ਨਾਜ਼ੀ ਹਥਿਆਰ ਖੋਜ ਕੇਂਦਰ ਵਿਖੇ ਸੂਰਜੀ ਕੈਨਨ ਨਾਮਕ ਰੋਸ਼ਨੀ ਨੂੰ ਪ੍ਰਕਾਸ਼ਿਤ ਕਰਨ ਵਾਲੇ ਯੰਤਰ ਬਣਾਉਣ ਲਈ ਡਿਜ਼ਾਈਨ 'ਤੇ ਕੰਮ ਕੀਤਾ।
ਮੈਗਜ਼ੀਨ ਦਿ ਟਾਈਮ 1945 ਦੀ ਰਿਪੋਰਟ ਮੁਤਾਬਕ ਅਮਰੀਕਾ ਵੱਲੋਂ ਦੂਜੇ ਵਿਸ਼ਵ ਯੁੱਧ ਵਿੱਚ ਗ੍ਰਿਫਤਾਰ ਕੀਤੇ ਗਏ ਵਿਗਿਆਨੀਆਂ ਨੇ ਅਮਰੀਕੀ ਫੌਜ ਦੀ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਇਸ ਨੂੰ ਮਾਰੂ ਹਥਿਆਰ ਵਜੋਂ ਵਰਤਿਆ ਜਾਣਾ ਸੀ।
ਇਸ ਨਾਲ ਸੂਰਜ ਦੀ ਰੌਸ਼ਨੀ ਨੂੰ ਸ਼ਹਿਰਾਂ ਵੱਲ ਕੇਂਦ੍ਰਰਿਤ ਕਰਕੇ ਤਪਸ਼ ਪੈਦਾ ਕਰਨਾ ਅਤੇ ਪਾਣੀ ਦੇ ਸਰੋਤਾਂ ਨੂੰ ਤਪਸ਼ ਨਾਲ ਉਬਾਲ ਕੇ ਖਤਮ ਕਰਨਾ ਸੀ।
ਅਲਾਈਡ ਟੈਕਨੀਕਲ ਇੰਟੈਲੀਜੈਂਸ ਮੁਖੀ ਜੌਨ ਕੇਕ ਨੇ ਉਸ ਸਮੇਂ ਪੱਤਰਕਾਰਾਂ ਨੂੰ ਦੱਸਿਆ ਕਿ ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਸੂਰਜੀ ਕੈਨਨ 50 ਸਾਲਾਂ ਦੇ ਅੰਦਰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।
ਕਿਵੇਂ ਪੁਲਾੜ ਸ਼ੀਸ਼ੇ ਦੇ ਕੰਮ ਕਰਨ ਦੀ ਯੋਜਨਾ ਸੀ

ਤਸਵੀਰ ਸਰੋਤ, Getty Images
1970 ਦੇ ਦਹਾਕੇ ਵਿੱਚ, ਇੱਕ ਹੋਰ ਜਰਮਨ ਰਾਕੇਟ ਇੰਜੀਨੀਅਰ ਕ੍ਰਾਫਟ ਏਹਰਿਕ ਨੇ ਇਸ 'ਤੇ ਦੁਬਾਰਾ ਕੰਮ ਸ਼ੁਰੂ ਕੀਤਾ।
ਕ੍ਰਾਫਟ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨ ਵੀ-2 ਰਾਕੇਟ ਟੀਮ ਦੇ ਮੈਂਬਰ ਰਹੇ ਸੀ।
ਦੂਜੇ ਵਿਸ਼ਵ ਯੁੱਧ ਦੇ ਖਤਮ ਹੋਣ ਮਗਰੋਂ, ਕ੍ਰਾਫਟ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਉਨ੍ਹਾਂ ਨੂੰ ਓਪਰੇਸ਼ਨ ਪੇਪਰਕਲਿੱਪ ਦਾ ਹਿੱਸਾ ਬਣਾਇਆ ਗਿਆ। ਇਸ ਅਮਰੀਕਾ ਦੇ ਪ੍ਰੋਜੈਕਟ ਦੇ ਅਧੀਨ 1,600 ਵਿਗਿਆਨੀਆਂ, ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਨੂੰ ਸੁਰੱਖਿਅਤ ਰੱਖਿਆ ਗਿਆ ਅਤੇ ਅਮਰੀਕਾ ਵਿੱਚ ਆਪਣਾ ਕੰਮ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਗਈ।
ਕ੍ਰਾਫਟ ਪੁਲਾੜ ਪ੍ਰੋਗਰਾਮ ਦਾ ਹਿੱਸਾ ਸੀ ਅਤੇ ਇਸ ਪ੍ਰੋਗਰਾਮ ਅਧੀਨ ਪੁਲਾੜ ਸ਼ੀਸ਼ੇ ਦੇ ਕੰਮ ਨੂੰ ਅੱਗੇ ਵਧਾਉਣ ਵੱਲ ਕਦਮ ਵਧਾਏ ਗਏ।
ਉਨ੍ਹਾਂ ਨੇ 1978 ਵਿੱਚ ਅਧਿਐਨ ਜਾਰੀ ਕੀਤਾ ਕਿ ਕਿਵੇਂ ਪੁਲਾੜ ਵਿੱਚ ਆਰਬਿਟ ਕਰਦੇ ਸ਼ੀਸ਼ੇ ਰਾਤਾਂ ਨੂੰ ਰੌਸ਼ਨਾ ਸਕਦੇ ਹਨ।
ਇਹ ਕਿਸਾਨਾਂ ਨੂੰ 24 ਘੰਟੇ ਫਸਲ ਲਗਾਉਣ ਅਤੇ ਵਾਢੀ ਕਰਨ ਵਿੱਚ ਮਦਦ ਕਰਨਗੇ ਅਤੇ ਇਸ ਨਾਲ ਬਿਜਲੀ ਦੀ ਵਧੇਰੇ ਮੰਗ ਹੋਣ ਸਮੇਂ ਧਰਤੀ 'ਤੇ ਸੂਰਜੀ ਪੈਨਲ ਵੱਲ ਸ਼ੀਸ਼ਿਆਂ ਦਾ ਮੁੱਖ ਕੀਤਾ ਜਾ ਸਕਦਾ ਹੈ।
ਉਨ੍ਹਾਂ ਇਸ ਨੂੰ ਪਾਵਰ ਸੋਲੇਟਾ ਦਾ ਨਾਮ ਦਿੱਤਾ, ਹਾਲਾਂਕਿ ਇਸ ਨੂੰ ਸਾਕਾਰ ਹੁੰਦੇ ਵੇਖੇ ਬਿਨਾਂ ਹੀ 1984 ਵਿੱਚ ਉਨ੍ਹਾਂ ਦੀ ਮੌਤ ਹੋ ਗਈ।
1980 ਦੇ ਦਹਾਕੇ ਦੌਰਾਨ, ਨਾਸਾ ਨੇ ਸੋਲੇਰਸ ਨਾਮਕ ਮਿਸ਼ਨ ਵਿੱਚ ਸ਼ੀਸ਼ਿਆਂ ਦੇ ਨਾਲ ਬਿਜਲੀ ਪੈਦਾ ਕਰਨ ਦੀ ਸੰਭਾਵਨਾ ਦਾ ਕਈ ਵਾਰ ਅਧਿਐਨ ਕੀਤਾ। ਪਰ ਸਰਕਾਰ ਦੀ ਦਿਲਚਸਪੀ ਹੋਣ ਦੇ ਬਾਵਜੂਦ ਵੀ ਪ੍ਰੋਜੈਕਟ ਨੂੰ ਲੋੜ ਮੁਤਾਬਕ ਫੰਡ ਹਾਸਲ ਨਹੀਂ ਹੋਏ।
ਹਾਲਾਂਕਿ, ਰੂਸ ਨੇ ਇਸ ਨੂੰ ਅੱਗੇ ਵਧਾਉਣ ਵੱਲ ਵੱਡਾ ਕਦਮ ਉਠਾਇਆ।
ਪੁਲਾੜ ਦਾ ਸਫ਼ਰ
ਸਪੇਸ ਇੰਜੀਨੀਅਰਿੰਗ ਦੇ ਮੋਢੀ, ਰੂਸੀ ਵਿਗਿਆਨੀ ਵਲਾਦੀਮੀਰ ਸਿਰੋਮੀਆਟਨੀਕੋਵ ਜਾਂਚ ਰਹੇ ਸਨ ਕਿ ਕਿਵੇਂ ਵੱਡੇ ਰਿਫਲੈਕਟਿਵ ਸ਼ੀਸ਼ਿਆਂ ਨੂੰ ਪੁਲਾੜ ਰਾਕੇਟਾਂ ਨਾਲ ਜੋੜਿਆ ਜਾ ਸਕਦਾ ਹੈ।
ਉਨ੍ਹਾਂ ਮੁਤਾਬਕ ਸੂਰਜ ਨੂੰ ਪੁਲਾੜ ਸ਼ੀਸ਼ੇ ਵਰਤ ਸਕਦੇ ਹਨ, ਜਿਵੇਂ ਜਹਾਜ਼ਾਂ ਦੇ ਪਾਲ ਹਵਾ ਦੀ ਵਰਤੋਂ ਕਰਦੇ ਹਨ।
ਹਾਲਾਂਕਿ ਸੋਵੀਅਤ ਸੰਘ ਦੇ ਟੁੱਟਣ ਦੇ ਬਾਅਦ ਰੂਸ ਵਿੱਚ ਅਜਿਹੇ ਪੁਲਾੜ ਪ੍ਰੋਜੈਕਟਾਂ ਲਈ ਫੰਡ ਹਾਸਲ ਕਰਨਾ ਮੁਸ਼ਕਲ ਸੀ ਜਦੋਂ ਤੱਕ ਪ੍ਰੋਜੈਕਟਾਂ ਵਿੱਤੀ ਤੌਰ 'ਤੇ ਸਫਲ ਨਹੀਂ ਮੰਨਿਆ ਜਾਂਦਾ ਸੀ।
ਇਸ ਲਈ ਵਲਾਦੀਮੀਰ ਨੇ ਇਸ ਵਿਚਾਰ ਨੂੰ ਨਵੀਂ ਦਿਸ਼ਾ ਦੇਣ ਦਾ ਸੋਚਿਆ।
ਉਨ੍ਹਾਂ ਦੇ ਵਿਚਾਰ ਅਨੁਸਾਰ ਪੁਲਾੜ ਸ਼ੀਸ਼ੇ ਦੀ ਵਰਤੋਂ ਰੂਸ ਧਰੁਵੀ ਖੇਤਰਾਂ 'ਤੇ ਰੌਸ਼ਨੀ ਪਾਉਣ ਲਈ ਕਰ ਸਕਦਾ ਹੈ। ਜਿਨਾਂ ਖੇਤਰਾਂ ਵਿੱਚ ਸਰਦੀਆਂ ਵਿੱਚ ਦਿਨ ਛੋਟੇ ਹੁੰਦੇ ਹਨ ਅਤੇ ਬਹੁਤਾ ਸਮਾਂ ਹਨੇਰਾ ਰਹਿੰਦਾ ਹੈ।
ਇਹ ਪੁਲਾੜ ਸ਼ੀਸ਼ੇ ਵਾਲੀ ਵਾਧੂ ਸੂਰਜ ਦੀ ਰੌਸ਼ਨੀ ਧਰਤੀ 'ਤੇ ਦਿਨ ਨੂੰ ਲੰਮਾ ਕਰੇਗੀ ਅਤੇ ਖੇਤੀਬਾੜੀ ਜ਼ਮੀਨ ਦੇ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਕਰੇਗੀ।
ਉਨ੍ਹਾਂ ਦੀ ਸੋਚ ਸੀ ਕਿ ਵਾਧੂ ਸੂਰਜ ਦੀ ਰੌਸ਼ਨੀ ਬਿਜਲੀ ਦੀ ਰੋਸ਼ਨੀ ਦੀ ਲਾਗਤ ਨੂੰ ਘਟਾ ਸਕਦੀ ਹੈ।
ਇਸ ਨੂੰ ਸਰਕਾਰ ਦਾ ਵੀ ਸਮਰਥਨ ਮਿਲਿਆ।
ਸਪੇਸ ਰੇਗਾਟਾ ਕੰਸੋਰਟੀਅਮ ਤੋਂ ਫੰਡਿੰਗ ਅਤੇ ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਦੀ ਨਿਗਰਾਨੀ ਹੇਠ ਰੂਸੀ ਕੰਪਨੀਆਂ ਦੇ ਸਮੂਹ ਨੇ ਪੁਲਾੜ ਸ਼ੀਸ਼ੇ ਨੂੰ ਅਸਲੀਅਤ ਵਿੱਚ ਲਿਆਉਣ ਲਈ ਕੰਮ ਸ਼ੁਰੂ ਕੀਤਾ।

ਤਸਵੀਰ ਸਰੋਤ, Science Photo Library
ਪਹਿਲੇ ਪ੍ਰੋਟੋਟਾਈਪ ਵਜੋਂ ਜ਼ਨਾਮਿਆ 1 ਵਿਕਸਿਤ ਕੀਤਾ ਗਿਆ। ਇਸ ਨੂੰ ਪੁਲਾੜ ਵਿੱਚ ਨਾ ਭੇਜ ਕੇ ਧਰਤੀ 'ਤੇ ਹੀ ਪ੍ਰੀਖਣ ਕੀਤੇ ਗਏ ਸਨ।
ਹਾਲਾਂਕਿ ਜ਼ਨਾਮਿਆ 2 ਨੂੰ ਔਰਬਿਟ ਵਿੱਚ ਲਾਂਚ ਕੀਤਾ ਜਾਣਾ ਸੀ।
ਇਸਦਾ ਸ਼ੀਸ਼ਾ ਐਲੂਮੀਨਾਈਜ਼ਡ ਮਾਈਲਰ ਤੋਂ ਬਣਿਆ ਸੀ। ਇੱਕ ਹਲਕਾ ਅਤੇ ਬਹੁਤ ਜ਼ਿਆਦਾ ਪ੍ਰਤੀਬਿੰਬਤ, ਇਸ ਸਖਤ ਸ਼ੀਸ਼ੇ ਨੂੰ ਪੁਲਾੜ ਵਿੱਚ ਸੁਰੱਖਿਅਤ ਰਹਿਣ ਲਈ ਕਾਫ਼ੀ ਟਿਕਾਊ ਮੰਨਿਆ ਜਾਂਦਾ ਸੀ।
ਬੀਬੀਸੀ ਬੇਲਿੰਘਮ ਨੇ 1992 ਵਿੱਚ ਦੱਸਿਆ ਸੀ, "ਰਾਕੇਟ ਦੇ ਦੁਆਲੇ ਰਿਫਲੈਕਟਰ ਲਪੇਟੇ ਗਏ ਸੀ ਅਤੇ ਇਸ ਨੇ ਜ਼ਹਾਜ ਦੇ ਤੇਜ਼ੀ ਨਾਲ ਘੁੰਮਣਾ ਮਗਰੋਂ ਛੱਤਰੀ ਵਾਂਗ ਖੁਲਣਾ ਸੀ।"
"ਮਿਸ਼ਨ ਦੌਰਾਨ ਪੁਲਾੜ ਦੀ ਉਚਾਈ ਤੇ 20 ਮੀਟਰ ਚੌੜੇ ਰਿਫਲੈਕਟਰ ਨੇ ਸੂਰਜ ਦੀਆਂ ਕਿਰਨਾਂ ਨੂੰ ਧਰਤੀ ਦੇ ਹਨੇਰੇ ਵਾਲੇ ਪਾਸੇ ਵੱਲ ਪ੍ਰਕਾਸ਼ਿਤ ਕਰਨਾ ਸੀ।"
ਉਨ੍ਹਾਂ ਦੀ ਯੋਜਨਾ ਕਈ ਅਜਿਹੇ ਮਿਸ਼ਨਾਂ ਨੂੰ ਲਾਂਚ ਕਰਨ ਦੀ ਸੀ। ਹਰੇਕ ਮਿਸ਼ਨ ਵਿੱਚ ਇੱਕ ਵੱਡਾ ਸ਼ੀਸ਼ਾ ਹੋਣਾ ਸੀ।
ਰੂਸੀ ਇੰਜੀਨੀਅਰ ਅਧਿਐਨ ਕਰ ਰਹੇ ਸਨ ਕਿ ਪੁਲਾੜ ਵਿੱਚ ਸਰਗਰਮ ਹੋਣ 'ਤੇ ਰਿਫਲੈਕਟਿਵ ਸ਼ੀਸ਼ੇ ਕਿਵੇਂ ਵਿਵਹਾਰ ਕਰਨਗੇ। ।
ਚੰਦਰਮਾ ਨਾਲੋਂ ਵਧੇਰੇ ਰੋਸ਼ਨੀ
ਅਖੀਰੀ ਪੜਾਅ ਵਿੱਚ ਪੁਲਾੜ ਵਿੱਚ ਵਿਸ਼ਾਲ ਸ਼ੀਸ਼ਿਆਂ ਵਿੱਚੋਂ 36 ਤੱਕ ਦਾ ਨੈੱਟਵਰਕ ਬਣਾਉਣਾ ਸੀ, ਜਿਸ ਨਾਲ ਧਰਤੀ 'ਤੇ ਇੱਕੋ ਬਿੰਦੂ 'ਤੇ ਰੌਸ਼ਨੀ ਪ੍ਰਕਾਸ਼ਿਤ ਕੀਤੀ ਜਾ ਸਕੇ।
ਇੱਕ ਸਿੰਗਲ ਰਿਫਲੈਕਟਰ ਦੀ ਵਰਤੋਂ ਕਿਸੇ ਖਾਸ ਖੇਤਰ ਨੂੰ ਰੌਸ਼ਨ ਕਰਨ ਲਈ ਕੀਤੀ ਜਾ ਸਕਦੀ ਸੀ ਜਾਂ ਇੱਕ ਵੱਡੇ ਖੇਤਰ ਨੂੰ ਰੌਸ਼ਨ ਕਰਨ ਲਈ ਕਈ ਰਿਫਲੈਕਟਰਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ।
ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਪੁਲਾੜ ਸ਼ੀਸ਼ਿਆਂ ਦਾ ਸੰਯੁਕਤ ਨੈੱਟਵਰਕ ਚੰਦਰਮਾ ਨਾਲੋਂ 50 ਗੁਣਾ ਜ਼ਿਆਦਾ ਚਮਕਦਾਰ ਰੌਸ਼ਨੀ ਪੈਦਾ ਕਰ ਸਕਦਾ ਹੈ ਅਤੇ 90 ਕਿਲੋਮੀਟਰ ਚੌੜੇ ਖੇਤਰ ਨੂੰ ਰੌਸ਼ਨ ਕਰ ਸਕਦਾ ਹੈ।
27 ਅਕਤੂਬਰ 1992 ਨੂੰ, ਪ੍ਰੋਜੈਕਟ ਤਿਆਰ ਹੋ ਗਿਆ ਅਤੇ ਐਮ-15 ਪੁਲਾੜ ਰਾਕੇਟ ਰਾਹੀਂ ਕਜ਼ਾਕਿਸਤਾਨ ਦੇ ਪੁਲਾੜ ਸਟੇਸ਼ਨ ਤੋਂ ਆਪਣੇ ਸਫ਼ਰ ਲਈ ਤਿਆਰ ਸੀ।
ਰਾਕੇਟ ਨੂੰ ਪੁਲਾੜ ਵਿੱਚ ਲਾਂਚ੍ਹ ਕੀਤਾ ਗਿਆ।
4 ਫਰਵਰੀ, 1993 ਨੂੰ, ਰਿਫਲੈਕਟਰਾਂ ਨੂੰ ਖੋਲ੍ਹਿਆ ਗਿਆ ਅਤੇ ਉਨ੍ਹਾਂ ਘੁੰਮਣਾ ਸ਼ੁਰੂ ਕਰ ਦਿੱਤਾ, ਸ਼ੀਸ਼ੇ ਨੂੰ ਇੱਕ ਵਿਸ਼ਾਲ ਪੱਖੇ ਵਾਂਗ ਖੋਲ੍ਹਿਆ ਜਿਸਨੇ ਸੂਰਜ ਦੀਆਂ ਕਿਰਨਾਂ ਨੂੰ ਧਰਤੀ 'ਤੇ ਵਾਪਸ ਭੇਜਣਾ ਸ਼ੁਰੂੂ ਕਰ ਦਿੱਤਾ।

ਤਸਵੀਰ ਸਰੋਤ, MIR
ਪ੍ਰਕਾਸ਼ਿਤ ਰੌਸ਼ਨੀ ਦੀ ਚਮਕ ਲਗਭਗ ਪੂਰੇ ਚੰਦ ਦੇ ਬਰਾਬਰ ਸੀ ਅਤੇ ਇਸਨੇ ਧਰਤੀ ਉੱਤੇ ਲਗਭਗ 5 ਕਿਲੋਮੀਟਰ ਚੌੜੀ ਰੋਸ਼ਨੀ ਬਣਾਈ।
8 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਆਰਬਿਟ ਵਿੱਚ ਘੁੰਮਦਿਆਂ, ਰੌਸ਼ਨੀ ਦਾ ਸਥਾਨ ਦੱਖਣੀ ਫਰਾਂਸ ਤੋਂ ਸਵਿਟਜ਼ਰਲੈਂਡ, ਜਰਮਨੀ ਅਤੇ ਪੋਲੈਂਡ ਤੋਂ ਹੁੰਦੇ ਹੋਏ ਪੱਛਮੀ ਰੂਸ ਤੱਕ ਫੈਲਿਆ ਹੋਇਆ ਸੀ।
ਉਸ ਦਿਨ ਮਹਾਂਦੀਪ ਦਾ ਬਹੁਤ ਸਾਰਾ ਹਿੱਸਾ ਬੱਦਲਾਂ ਨਾਲ ਢੱਕਿਆ ਹੋਇਆ ਸੀ, ਇਸ ਦੇ ਬਾਵਜੂਦ ਜ਼ਮੀਨ 'ਤੇ ਕੁਝ ਲੋਕਾਂ ਨੇ ਫਲੈਸ਼ ਜਿਹੀ ਰੋਸ਼ਨੀ ਨੂੰ ਮਹਿਸੂਸ ਕੀਤਾ।
ਕੁਝ ਘੰਟਿਆਂ ਬਾਅਦ ਹੀ ਪੁਲਾੜ ਸ਼ੀਸ਼ਾ ਆਪਣਾ ਔਰਬਿਟ ਛੱਡਦਿਆਂ ਕੈਨੇਡਾ ਦੇ ਉੱਪਰ ਵਾਯੂਮੰਡਲ ਵਿੱਚ ਦੁਬਾਰਾ ਦਾਖਲ ਹੁੰਦੇ ਹੀ ਤਬਾਅ ਹੋ ਗਿਆ।
ਇਸ ਮਿਸ਼ਨ ਨੂੰ ਰੂਸ ਵਿੱਚ ਤਕਨੀਕੀ ਸਫਲਤਾ ਵਜੋਂ ਦੇਖਿਆ ਗਿਆ, ਪਰ ਇਸ ਪ੍ਰੋਜੈਕਟ ਵਿੱਚ ਕੁਝ ਮਹੱਤਵਪੂਰਨ ਚੁਣੌਤੀਆਂ ਵੀ ਸਨ।
ਪ੍ਰਕਾਸ਼ਿਤ ਰੌਸ਼ਨੀ ਉਮੀਦ ਨਾਲੋਂ ਬਹੁਤ ਕਮਜ਼ੋਰ ਸੀ ਅਤੇ ਧਰਤੀ ਦੇ ਇੱਕ ਵੱਡੇ ਖੇਤਰ ਲਈ ਵਿਵਹਾਰਕ ਰੋਸ਼ਨੀ ਪ੍ਰਦਾਨ ਕਰਨ ਵਿੱਚ ਅਸਫਲ ਸੀ।
ਔਰਬਿਟ ਵਿੱਚ ਜ਼ਨਾਮਿਆ 2 ਦੀ ਸਥਿਰਤਾ ਬਣਾਈ ਰੱਖਣਾ ਵੀ ਮੁਸ਼ਕਲ ਸੀ।
ਪਰ ਮਿਸ਼ਨ ਨੇ ਉਤਸ਼ਾਹਜਨਕ ਨਤੀਜੇ ਦਰਸਾਏ ਸਨ। ਇਸ ਮਗਰੋਂ ਜ਼ਨਾਮਿਆ 2.5 ਮਿਸ਼ਨ ਦੀ ਸ਼ੁਰੂਆਤ ਹੋਈ।

ਤਸਵੀਰ ਸਰੋਤ, Getty Images
ਇਸ ਵਾਰ ਸ਼ੀਸ਼ਾ 25 ਮੀਟਰ ਦਾ ਹੋਣਾ ਸੀ ਅਤੇ ਇਸ ਦੀ ਰੋਸ਼ਨੀ ਚੰਨ ਦੇ ਮੁਕਾਬਲੇ ਪੰਜ ਤੋਂ ਦਸ ਗੁਣਾ ਹੋਣੀ ਸੀ ਅਤੇ 8 ਕਿਲੋਮੀਟਰ ਚੌੜੇ ਖੇਤਰ ਨੂੰ ਕਵਰ ਕਰਨ ਦਾ ਟਿੱਚਾ ਰੱਖਿਆ ਗਿਆ ਸੀ।
ਵੱਡਾ ਕੰਮ ਪ੍ਰਕਾਸ਼ਿਤ ਕਿਰਨਾਂ ਦੀ ਦਿਸ਼ਾ ਨੂੰ ਕਾਬੂ ਹੇਠ ਰੱਖਣਾ ਸੀ ਤਾਂ ਜੋ ਧਰਤੀ ਦੇ ਇੱਕ ਬਿੰਦੂ 'ਤੇ ਸਥਿਰ ਸਮੇਂ ਲਈ ਰੋਸ਼ਨੀ ਦਿੱਤੀ ਜਾ ਸਕੇ।
ਦੋ ਉੱਤਰੀ ਅਮਰੀਕੀ ਸ਼ਹਿਰਾਂ ਨੂੰ 24-ਘੰਟੇ ਦੇ ਪ੍ਰੀਖਣ ਲਈ ਸ਼ੀਸ਼ੇ ਦੀ ਕਿਰਨ ਦੁਆਰਾ ਰੋਸ਼ਨਾਉਣ ਲਈ ਚੁਣਿਆ ਗਿਆ ਸੀ।
ਵਲਾਦੀਮੀਰ ਆਪਣੀ ਟੀਮ ਦੁਆਰਾ ਕੀਤੇ ਜਾ ਰਹੇ ਕੰਮ ਤੋਂ ਕਾਫੀ ਉਤਸ਼ਾਹਿਤ ਸਨ।
ਉਨ੍ਹਾਂ ਨੇ ਜੁਲਾਈ 1998 ਵਿੱਚ ਮਾਸਕੋ ਟਾਈਮਜ਼ ਨੂੰ ਦੱਸਿਆ, "ਅਸੀਂ ਇਸ ਖੇਤਰ ਵਿੱਚ ਮੋਹਰੀ ਹਾਂ।"
"ਜੇਕਰ ਪ੍ਰੀਖਣ ਯੋਜਨਾ ਅਨੁਸਾਰ ਹੁੰਦਾ ਹੈ ਤਾਂ ਅਸੀਂ ਭਵਿੱਖ ਵਿੱਚ ਸਥਾਈ ਤੌਰ 'ਤੇ ਦਰਜਨਾਂ ਹੋਰ ਰਾਕੇਟਾਂ ਨੂੰ ਪੁਲਾੜ ਵਿੱਚ ਭੇਜਣ ਦੀ ਯੋਜਨਾ ਬਣਾ ਰਹੇ ਹਾਂ।"
ਰਾਕੇਟ ਲਾਂਚਿੰਗ ਅਕਤੂਬਰ 1998 ਲਈ ਤੈਅ ਕੀਤੀ ਗਈ।
ਧਰਤੀ 'ਤੇ ਵਾਪਸੀ
ਪਰ ਜ਼ਨਾਮਿਆ 2.5 ਦੇ ਉਡਾਣ ਭਰਨ ਤੋਂ ਪਹਿਲਾਂ ਹੀ ਰੂਸੀ ਪੁਲਾੜ ਅਧਿਕਾਰੀਆਂ ਨੂੰ ਰੋਸ ਦਾ ਸਾਹਮਣਾ ਕਰਨਾ ਪਿਆ।
ਖਗੋਲ ਵਿਗਿਆਨੀਆਂ ਨੇ ਕਿਹਾ ਸੀ ਕਿ ਪੁਲਾੜ ਵਿੱਚ ਜਿਆਦਾ ਸ਼ੀਸ਼ਿਆਂ ਨਾਲ ਰਾਤ ਦੇ ਸਮੇਂ ਰੌਸ਼ਨੀ ਨਾਲ ਪ੍ਰਦੂਸ਼ਣ ਫੈਲੇਗਾ। ਉਨ੍ਹਾਂ ਦੀਆਂ ਦੂਰਬੀਨਾਂ ਨੂੰ ਰੋਸ਼ਨੀ ਦੀ ਦਿੱਕਤ ਪੈਦਾ ਕਰੇਗੀ ਅਤੇ ਤਾਰਿਆਂ ਦੇ ਦ੍ਰਿਸ਼ ਨੂੰ ਧੁੰਦਲਾ ਕਰੇਗੀ।
ਵਾਤਾਵਰਣ ਵਿਗਿਆਨੀਆਂ ਨੇ ਇਹ ਵੀ ਚਿੰਤਾ ਪ੍ਰਗਟ ਕੀਤੀ ਕਿ ਇਹ ਰੌਸ਼ਨੀ ਜਾਨਵਰਾਂ ਅਤੇ ਪੌਦਿਆਂ ਲਈ ਉਲਝਣ ਪੈਦਾ ਕਰ ਸਕਦੀ ਹੈ ਅਤੇ ਜੰਗਲੀ ਜੀਵਾਂ ਦੇ ਕੁਦਰਤੀ ਚੱਕਰ ਨੂੰ ਵਿਗਾੜ ਸਕਦੀ ਹੈ।
ਇਨ੍ਹਾਂ ਸ਼ੰਕਿਆਂ ਦੇ ਬਾਵਜੂਦ, ਜ਼ਨਾਮਿਆ ਪ੍ਰੋਜੈਕਟ ਦੇ ਸੰਭਾਵੀ ਪ੍ਰਭਾਵਾਂ ਨੇ ਦੁਨੀਆ ਭਰ ਵਿੱਚ ਕਾਫ਼ੀ ਧਿਆਨ ਅਤੇ ਉਤਸ਼ਾਹ ਪੈਦਾ ਕੀਤਾ ਸੀ।
ਵਲਾਦੀਮੀਰ ਨੇ ਮਾਸਕੋ ਟਾਈਮਜ਼ ਨੂੰ ਦੱਸਿਆ, "ਸੋਚੋ ਕਿ ਇਸਦਾ ਮਨੁੱਖਤਾ ਦੇ ਭਵਿੱਖ ਲਈ ਕੀ ਅਰਥ ਹੋਵੇਗਾ।"
"ਬਿਜਲੀ ਦੇ ਬਿੱਲ ਨਹੀਂ, ਲੰਬੀਆਂ ਹਨੇਰ ਸਰਦੀਆਂ ਨਹੀਂ। ਇਹ ਤਕਨਾਲੋਜੀ ਪੱਖੋੋਂ ਵੱਡਾ ਕਦਮ ਹੈ।"
ਇਸ ਤਰ੍ਹਾਂ ਜ਼ਨਾਮਿਆ 2.5 ਦੀ ਸ਼ੁਰੂਆਤ ਯੋਜਨਾ ਅਨੁਸਾਰ ਅੱਗੇ ਵਧੀ ਅਤੇ ਮਾਸਕੋ ਵਿੱਚ ਮਿਸ਼ਨ ਕੰਟਰੋਲ ਸੈਂਟਰ ਦੀ ਨਿਗਰਾਨੀ ਹੇਠ ਸਭ ਤੋਂ ਵੱਡਾ ਪੁਲਾੜ ਸ਼ੀਸ਼ਾ 5 ਫਰਵਰੀ, 1999 ਨੂੰ ਪੁਲਾੜ ਵਿੱਚ ਤਾਇਨਾਤ ਹੋਣ ਲਈ ਤਿਆਰ ਸੀ।

ਤਸਵੀਰ ਸਰੋਤ, Getty Images
ਪਹਿਲਾਂ ਸਭ ਕੁਝ ਯੋਜਨਾ ਅਨੁਸਾਰ ਹੋਇਆ।
ਇਹ ਆਸਾਨੀ ਨਾਲ ਸਪੇਸ ਸਟੇਸ਼ਨ ਤੋਂ ਦੂਰ ਚਲਾ ਗਿਆ ਅਤੇ ਫਿਰ ਐਲੂਮੀਨੀਅਮ ਸ਼ੀਸ਼ਿਆਂ ਨੂੰ ਤੈਨਾਤ ਕਰਨ ਲਈ ਘੁੰਮਣਾ ਸ਼ੁਰੂ ਕਰ ਦਿੱਤਾ।
ਬਦਕਿਸਮਤੀ ਨਾਲ, ਉਸੇ ਸਮੇਂ ਗਲਤੀ ਨਾਲ ਇੱਕ ਵਾਧੂ ਕਮਾਂਡ ਚੱਲੀ ਗਈ। ਇਸ ਦੇ ਚੱਲਦਿਆਂ ਸੰਚਾਰ ਲਈ ਵਰਤੇ ਜਾਣ ਵਾਲੇ ਐਂਟੀਨਾ ਨੂੰ ਤਾਇਨਾਤ ਹੋਣ ਦੀ ਕਮਾਂਡ ਮਿਲੀ।
ਜਦੋਂ ਐਂਟੀਨਾ ਖੁੱਲ੍ਹੇ ਤਾਂ ਜ਼ਨਾਮਿਆ 2.5 ਦੀਆਂ ਪਤਲੇ ਰਿਫਲੈਕਟਿਵ ਸ਼ੀਸ਼ੇ ਐਂਟੀਨਾ 'ਤੇ ਫਸ ਗਏ।
ਮਾਸਕੋ ਵਿੱਚ ਮਿਸ਼ਨ ਕੰਟਰੋਲ 'ਚ ਨਿਰਾਸ਼ਾ ਫੈਲ ਗਈ। ਕਿਉਂਕਿ ਐਂਟੀਨਾ ਵਿੱਚ ਉਲਝੇ ਹੋਏ ਸ਼ੀਸ਼ੇ ਦੀਆਂ ਤਸਵੀਰਾਂ ਪ੍ਰਸਾਰਿਤ ਹੋਈਆਂ। ਹਾਲਾਂਕਿ ਐਂਟੀਨਾ ਨੂੰ ਵਾਪਸ ਲੈਣ ਲਈ ਜਲਦਬਾਜ਼ੀ ਵਿੱਚ ਕਮਾਂਡ ਦਿੱਤੀ ਗਈ।
ਪਰ ਉਦੋਂ ਤੱਕ, ਕਈ ਰਿਫਲੈਕਟਿਵ ਸ਼ੀਸ਼ੇ ਪਹਿਲਾਂ ਹੀ ਨਸ਼ਟ ਹੋ ਚੁੱਕੇ ਸਨ। ਇਹ ਮਹਿਸੂਸ ਕਰਦੇ ਹੋਏ ਕਿ ਹੋਰ ਤਬਾਹੀ ਦਾ ਖ਼ਤਰਾ ਹੈ, ਮਿਸ਼ਨ ਕੰਟਰੋਲ ਰੂਮ ਨੇ ਹਾਰ ਮੰਨ ਲਈ। ਇੱਕ ਘੰਟੇ ਬਾਅਦ ਸ਼ੀਸ਼ੇ ਨੂੰ ਐਂਟੀਨਾ ਵਿੱਚੋਂ ਕੱਢਣ ਲਈ ਦੂਜੀ ਕੋਸ਼ਿਸ਼ ਕੀਤੀ ਗਈ, ਪਰ ਅਸਫਲ ਹੋਏ।
ਮਿਸ਼ਨ ਕੰਟਰੋਲ ਨੇ ਨਿਰਾਸ਼ਾ ਭਰੇ ਲਹਿਜੇ ਨਾਲ ਸਵੀਕਾਰ ਕੀਤਾ ਕਿ ਜ਼ਨਾਮਿਆ 2.5 ਨੂੰ ਕਦੇ ਵੀ ਤੈਨਾਤ ਨਹੀਂ ਕੀਤਾ ਜਾ ਸਕਦਾ ਅਤੇ ਇਸਨੂੰ ਧਰਤੀ 'ਤੇ ਵਾਪਸ ਸੁੱਟ ਦਿੱਤਾ।
ਮਾਸਕੋ ਵਿੱਚ ਮਿਸ਼ਨ ਕੰਟਰੋਲ ਸੈਂਟਰ ਦੇ ਬੁਲਾਰੇ ਵੈਲੇਰੀ ਲਿੰਡਿਨ ਨੇ ਉਸ ਸਮੇਂ ਬੀਬੀਸੀ ਨੂੰ ਦੱਸਿਆ, "ਇੱਥੇ ਮਾਹੌਲ ਬਹੁਤ ਨਿਰਾਸ਼ਾਜਨਕ ਹੈ।"
ਧਰਤੀ ਉੱਤੇ ਡਿੱਗਣ ਨਾਲ ਨਾ ਸਿਰਫ਼ ਜ਼ਨਾਮਿਆ 2.5, ਸਗੋਂ ਵਲਾਦੀਮੀਰ ਦੇ ਆਦਰਸ਼ਵਾਦੀ ਸਪੇਸ ਸ਼ੀਸ਼ੇ ਪ੍ਰੋਜੈਕਟ ਦਾ ਭਵਿੱਖ ਵੀ ਤਬਾਹ ਹੋ ਗਿਆ।
ਉਨ੍ਹਾਂ ਦੀ ਯੋਜਨਾ 70-ਮੀਟਰ ਵਾਲੇ ਸ਼ੀਸ਼ੇ ਵਾਲੇ ਜ਼ਨਾਮਿਆ 3 2001 ਵਿੱਚ ਲਾਂਚ ਕਰਨ ਦੀ ਸੀ, ਪਰ ਉਹ ਲੋੜੀਦੇ ਫੰਡ ਹਾਸਲ ਕਰਨ ਵਿੱਚ ਅਸਫਲ ਰਹੇ ਅਤੇ ਇਹ ਯੋਜਨਾ ਕਦੇ ਅੱਗੇ ਨਹੀਂ ਵੱਧ ਸਕੀ।
ਵਲਾਦੀਮੀਰ, ਜਿਨ੍ਹਾਂ ਨੂੰ ਵਿਆਪਕ ਤੌਰ 'ਤੇ ਆਪਣੀ ਪੀੜ੍ਹੀ ਦੇ ਪ੍ਰਮੁੱਖ ਪੁਲਾੜ ਇੰਜੀਨੀਅਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਦੀ 2006 ਵਿੱਚ ਮੌਤ ਹੋ ਗਈ, ਸੂਰਜੀ ਰਾਕੇਟਾਂ ਅਤੇ ਸ਼ੀਸ਼ਿਆਂ ਦੇ ਉਨ੍ਹਾਂ ਦੇ ਸੁਪਨੇ ਕਦੇ ਵੀ ਸਾਕਾਰ ਨਹੀਂ ਸਕੇ।
ਵਿਗਿਆਨੀ ਲਾਡਿੰਨ ਨੇ 1999 ਵਿੱਚ ਬੀਬੀਸੀ ਨੂੰ ਦੱਸਿਆ, "ਅਸਫਲਤਾ ਕਾਫੀ ਦਰਦਨਾਕ ਸੀ ਕਿਉਂਕਿ ਪ੍ਰੀਖਣ ਨੇ ਦੁਨੀਆ ਭਰ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਪੈਦਾ ਕੀਤੀ ਸੀ"
"ਅਸੀਂ ਰੂਸੀ ਪੁਲਾੜ ਪ੍ਰੋਗਰਾਮਾਂ ਦੇ ਪੁਰਾਣੇ ਸਿਧਾਂਤ ਨੂੰ ਭੁੱਲ ਗਏ ਹਾਂ, ਪਹਿਲਾਂ ਕੁਝ ਕਰੋ ਅਤੇ ਬਾਅਦ ਵਿੱਚ ਹੀ ਇਸ ਬਾਰੇ ਸ਼ੇਖੀ ਮਾਰੋ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












