ਸਾਇੰਸਦਾਨਾਂ ਨੂੰ ਧਰਤੀ ਦੀ ਕਿਸ ਅਦਿੱਖ ਸ਼ਕਤੀ ਦਾ ਪਤਾ ਲੱਗਿਆ, ਜਿਸ ਨਾਲ ਅਣਸੁਲਝੇ ਸਵਾਲਾਂ ਦੇ ਜਵਾਬ ਮਿਲਣਗੇ

ਸਾਇੰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧਰਤੀ ਦੀ ਇੱਕ ਤੀਜੀ ਪਰਤ ਬਾਰੇ ਜਾਣਕਾਰੀ ਮਿਲੀ ਹੈ

ਵਿਗਿਆਨੀਆਂ ਨੇ ਧਰਤੀ ਦੇ ਆਲੇ-ਦੁਆਲੇ ਤੀਜੇ ਖੇਤਰ ਦੀ ਖੋਜ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਕਿਵੇਂ ਕੰਮ ਕਰਦੀ ਹੈ, ਸਾਡੀ ਇਸ ਸਮਝ ਵਿੱਚ ਇਹ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੀ ਹੈ।

ਵਿਗਿਆਨੀ ਤੀਜੇ ਖੇਤਰ ਨੂੰ "ਵਿਘਨ ਦੇ ਏਜੰਟ" ਵਜੋਂ ਦਰਸਾਉਂਦੇ ਹਨ।

ਸਾਇੰਸਦਾਨ ਇਸ ਨੂੰ “ਗੜਬੜ ਦਾ ਏਜੰਟ” ਕਹਿ ਰਹੇ ਹਨ।

ਐਂਬੀਪੋਲਰ ਫੀਲਡ ਧਰਤੀ ਦੇ ਦੁਆਲੇ ਇੱਕ ਘੇਰਾ ਹੈ। ਇਸ ਘੇਰੇ ਦੀ ਨਾਸਾ ਦੇ ਇੰਡਿਔਰੰਸ ਰਾਕਟ ਨੇ ਹਾਲ ਹੀ ਵਿੱਚ ਖੋਜ ਕੀਤੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਘੇਰਾ ਸਾਡੀ ਧਰਤੀ ਲਈ ਬਹੁਤ ਬੁਨਿਆਦੀ ਹੈ, ਪਰ ਇਸ ਨੂੰ ਪਹਿਲੀ ਵਾਰ ਮਾਪਿਆ ਜਾ ਸਕਿਆ ਹੈ।

ਹੁਣ ਤੱਕ ਸਾਇੰਸਦਾਨ ਸਾਡੇ ਗ੍ਰਹਿ ਦੇ ਦੋ ਊਰਜਾ ਘੇਰਿਆਂ (ਜਿਨ੍ਹਾਂ ਨੂੰ ਗੋਲੇ ਵੀ ਕਿਹਾ ਜਾਂਦਾ ਹੈ) ਬਾਰੇ ਹੀ ਜਾਣਦੇ ਸਨ।

  • ਪਹਿਲੀ ਸੀ ਧਰਤੀ ਦੀ ਗੁਰੁਤਾ ਖਿੱਚ (ਗਰੈਵਿਟੀ) ਜੋ ਧਰਤੀ ਦੇ ਵਾਯੂ-ਮੰਡਲ ਨੂੰ ਬੰਨ੍ਹੀ ਰੱਖਣ ਲਈ ਜ਼ਿੰਮੇਵਾਰ ਹੈ। ਜੇ ਲੋੜੀਂਦੀ ਮਾਤਰਾ ਵਿੱਚ ਇਹ ਖਿੱਚ ਨਾ ਹੋਵੇ ਤਾਂ ਧਰਤੀ ਦਾ ਵਾਯੂ-ਮੰਡਲ ਪੁਲਾੜ ਵਿੱਚ ਘੁਲ ਜਾਵੇਗਾ।
  • ਦੂਜਾ ਉਹ ਚੁੰਬਕੀ ਘੇਰਾ (ਮੈਗਨੈਟੋਸਫੀਅਰ)। ਇਹ ਸਾਡੀ ਧਰਤੀ ਨੂੰ ਸੂਰਜ ਤੋਂ ਨਿਕਲਣ ਵਾਲੀ ਰੇਡੀਏਸ਼ਨ, ਸੌਰ-ਪੌਣ (ਸੋਲਰ- ਵਿੰਡ) ਤੋਂ ਬਚਾਉਂਦਾ ਹੈ।

ਕਈ ਸਾਲਾਂ ਦੀ ਖੋਜ ਤੋਂ ਬਾਅਦ ਵਿਗਿਆਨੀ ਤੀਜੇ ਘੇਰੇ ਐਂਬੀਪੋਲਰ ਦੀ ਖੋਜ ਵਿੱਚ ਸਫ਼ਲ ਹੋ ਸਕੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੁਰਾਣੀ ਕਲਪਨਾ

ਐਂਬੀਪੋਲਰ ਦੀ ਮੌਜੂਦਗੀ ਦੀ ਕਲਪਨਾ ਕਰੀਬ 60 ਸਾਲ ਪਹਿਲਾਂ ਕੀਤੀ ਗਈ ਸੀ।

ਮੰਨਿਆ ਜਾਂਦਾ ਸੀ ਕਿ ਇਸੇ ਕਾਰਨ ਵਾਯੂ-ਮੰਡਲ ਧਰਤੀ ਦੀ ਖਿੱਚ ਤੋਂ ਬਾਹਰ ਜਾ ਕੇ ਪੁਲਾੜ ਵਿੱਚ ਮਿਲਦਾ ਹੈ।

ਵਾਯੂਮੰਡਲ ਧਰਤੀ ਦੇ ਧਰੁਵਾਂ (ਉੱਤਰ ਅਤੇ ਦੱਖਣ) ਉੱਤੇ ਬਾਹਰੀ ਪੁਲਾੜ ਵਿੱਚ ਮਿਲਦਾ ਹੈ।

ਨਾਸਾ ਦੇ ਇੰਡਿਔਰੰਸ ਰਾਕਟ ਮਿਸ਼ਨ ਦੇ ਚੀਫ਼ ਇਨਵੈਸਟੀਗੇਟਰ ਗਲਿਨ ਕੌਲਿਨਸਨ ਦੱਸਦੇ ਹਨ, “ਜਦੋਂ ਵੀ ਕੋਈ ਪੁਲਾੜ ਯਾਨ ਧਰਤੀ ਦੇ ਧਰੁਵਾਂ ਦੇ ਉੱਪਰੋਂ ਉਡਾਣ ਭਰਦਾ ਹੈ ਤਾਂ ਤੁਸੀਂ ਕਣਾਂ ਦੀ ਅਵਾਜ਼ ਤੋਂ ਵੀ ਤੇਜ਼ ਹਵਾ (ਸੁਪਰਸੌਨਿਕ ਵਿੰਡ ਆਫ਼ ਪਾਰਟੀਕਲਸ) ਨੂੰ ਮਹਿਸੂਸ ਕਰ ਸਕਦੇ ਹੋ। ਜਿਸ ਨੂੰ ਧਰੁਵੀ-ਪੌਣ (ਪੋਲਰ ਵਿੰਡ) ਕਿਹਾ ਜਾਂਦਾ ਹੈ, ਜੋ ਪੁਲਾੜ ਵਿੱਚ ਵਹਿੰਦੀ ਹੈ।"

“ਇਹ ਸਮਝਿਆ ਗਿਆ ਕਿ, ਉੱਥੇ ਜ਼ਰੂਰ ਕੋਈ ਅਦਿੱਖ ਸ਼ਕਤੀ ਹੈ ਜੋ ਇਸ ਨਿਕਾਸੀ (ਵਾਯੂ-ਮੰਡਲ ਦੀ ਗੁਰੁਤਾ ਖਿੱਚ ਤੋਂ ਬਾਹਰ ਨਿਕਾਸੀ) ਨੂੰ ਹੋਣ ਦਿੰਦੀ ਹੈ। ਲੇਕਿਨ ਸਾਡੇ ਕੋਲ ਲੋੜੀਂਦੀ ਤਕਨੀਕ ਨਾ ਹੋਣ ਕਾਰਨ ਪਹਿਲਾਂ ਕਦੇ ਇਸ ਨੂੰ ਮਾਪ ਨਹੀਂ ਸਕੇ ਸੀ।”

ਸਵਾਲਬਾਰਡ ਤੋਂ ਐਂਡੂਰੈਂਸ ਰਾਕੇਟ ਲਾਂਚ ਕੀਤਾ ਗਿਆ

ਤਸਵੀਰ ਸਰੋਤ, POT

ਤਸਵੀਰ ਕੈਪਸ਼ਨ, ਸਵਾਲਬਾਰਡ ਤੋਂ ਐਂਡੂਰੈਂਸ ਰਾਕੇਟ ਲਾਂਚ ਕੀਤਾ ਗਿਆ

ਇਸ ਅਦਿੱਖ ਸ਼ਕਤੀ ਦਾ ਪਤਾ ਕਰਨ ਲਈ ਸਾਇੰਸਦਾਨਾਂ ਨੇ ਮਈ 2020 ਵਿੱਚ ਇੰਡਿਔਰੰਸ ਮਿਸ਼ਨ ਸ਼ੁਰੂ ਕੀਤਾ। ਇਸ ਰਾਕਟ ਨੂੰ ਉੱਤਰੀ ਨਾਰਵੇ ਦੇ ਇੱਕ ਛੋਟੇ ਜਿਹੇ ਦੀਪ (ਸਵਾਲਬਾਰਡ) ਤੋਂ ਛੱਡਿਆ ਗਿਆ।

ਬ੍ਰਿਟੇਨ ਦੀ ਲੈਸਟਰ ਯੂਨੀਵਰਸਿਟੀ ਵਿੱਚ ਪੁਲਾੜ-ਭੌਤਿਕ-ਵਿਗਿਆਨੀ ਸੂਜ਼ੀ ਲੈਂਬਰ ਨੇ ਦੱਸਿਆ, “ਸਵਾਲਬਰਡ ਦੁਨੀਆਂ ਦੀ ਇੱਕਲੌਤੀ ਰਾਕਟ ਫੀਲਡ ਹੈ ਜਿੱਥੋਂ ਤੁਸੀਂ ਧਰੁਵੀ-ਪੌਣ ਦੇ ਪਾਰ ਜਾ ਸਕਦੇ ਹੋ ਅਤੇ ਜ਼ਰੂਰੀ ਮਿਣਤੀਆਂ ਲੈ ਸਕਦੇ ਹੋ।”

ਇਹ ਇੰਡਿਔਰੰਸ ਰਾਕਟ 768 ਕਿੱਲੋਮੀਟਰ ਦੀ ਉਚਾਈ ਤੇ ਪਹੁੰਚਕੇ 19 ਮਿੰਟਾਂ ਬਾਅਦ ਗਰੀਨਲੈਂਡ ਸਾਗਰ ਵਿੱਚ ਉੱਤਰ ਗਿਆ।

ਇਸ ਦੌਰਾਨ ਇਹ ਧਰਤੀ ਦੇ ਉਪ-ਪਰਿਕਰਮਾ-ਪੱਥ (ਸਬ-ਔਰਬਿਟ) ਵਿੱਚ15 ਮਿੰਟ ਰਿਹਾ। ਇਸ ਉਡਾਣ ਦੌਰਾਨ ਇਸ ਨੇ ਇਲੈਕਟ੍ਰੀਕਲ ਪੁਟੈਂਸ਼ਲ ਵਿੱਚ 0.55 ਵੋਲਟ ਦਾ ਅੰਤਰ ਰਿਕਾਰਡ ਕੀਤਾ।

ਕੋਲਿਨਸਨ ਦੱਸਦੇ ਹਨ, “ਅੱਧਾ ਵੋਲਟ ਕੁਝ ਵੀ ਨਹੀਂ ਹੁੰਦਾ, ਨਹੀਂ? ਇਹ ਤਾਂ ਘੜੀ ਦੇ ਸੈੱਲ ਜਿੰਨਾ ਚਾਰਜ ਹੈ।”

“ਲੇਕਿਨ ਇਹੀ ਉਹ ਮਾਤਰਾ ਹੈ, ਜੋ ਧਰੁਵੀ-ਪੌਣ ਦੇ ਨਿਕਲਣ ਲਈ ਲੋੜੀਂਦੀ ਹੈ।”

ਇਹ ਵੀ ਪੜ੍ਹੋ

ਗੁਰੁਤਾ ਖਿੱਚ ਦੇ ਉਲਟ

ਧਰੁਵੀ-ਪੌਣ ਵਿੱਚ ਹਾਈਡਰੋਜਨ ਦੇ ਆਇਨ ਸਭ ਤੋਂ ਜ਼ਿਆਦਾ ਮਿਲਦੇ ਹਨ। ਇਸ ਗੋਲੋ/ਖੇਤਰ ਵਿੱਚ ਗੁਰੂਤਾ ਖਿੱਚ ਤੋਂ ਉਲਟ ਪਾਸੇ 10.6 ਗੁਣਾਂ ਤੇਜ਼ ਸ਼ਕਤੀ ਦੀ ਕਲਪਨਾ ਕਰੋ।

ਸਾਇੰਸਦਾਨਾਂ ਮੁਤਾਬਕ ਇੰਨੀ ਤਾਕਤ ਹੀ ਗਰੂਤਾ ਖਿੱਚ ਦੀ ਉਲੰਘਣਾ ਕਰਨ ਲਈ ਕਾਫ਼ੀ ਤੋਂ ਜ਼ਿਆਦਾ ਹੈ। ਸਗੋਂ ਇਹ ਤਾਂ ਉਸ ਨੂੰ ਅਵਾਜ਼ ਤੋਂ ਵੀ ਤੇਜ਼ ਗਤੀ ਨਾਲ ਪੁਲਾੜ ਵਿੱਚ ਧੱਕ ਸਕਣ ਲਈ ਕਾਫ਼ੀ ਹੈ।

ਬੁਨਿਆਦੀ ਤੌਰ ਉੱਤੇ ਐਂਬੀਪੋਲਰ ਗੋਲਾ, ਉੱਪਰੀ ਵਾਯੂ ਮੰਡਲ ਦੀ ਇੱਕ ਪਰਤ ਆਇਨੋਸਫੀਅਰ ਦਾ ਨਿਰਮਾਣ ਕਰਦਾ ਹੈ।

ਕੋਲਿਨਸਨ ਦੱਸਦੇ ਹਨ ਕਿ ਇਹ ਇੱਕ ਤਰ੍ਹਾਂ ਦੀ ਕਨਵੇਅਰ-ਬੈਲਟ (ਪੱਟੇ) ਦੇ ਸਮਾਨ ਹੈ।

ਇਹ ਚਾਰਜਿਤ ਕਣਾਂ ਨੂੰ ਊਪਰੀ-ਵਾਯੂ-ਮੰਡਲ ਵਿੱਚ ਉਸ ਤੋਂ ਉੱਤੇ ਵਗਾਹ ਮਾਰਦੇ ਹਨ, ਜਿੱਥੇ ਤੱਕ ਉਨ੍ਹਾਂ ਨੇ ਖ਼ੁਦ ਪਹੁੰਚਣਾ ਸੀ।

ਇਸ ਪ੍ਰਕਿਰਿਆ ਨੇ ਸਾਡੇ ਗ੍ਰਹਿ ਦੇ ਵਿਕਾਸ ਨੂੰ ਸ਼ਾਇਦ ਉਸ ਤਰ੍ਹਾਂ ਪ੍ਰਭਾਵਿਤ ਕੀਤਾ ਹੋਵੇਗਾ, ਜਿਸ ਬਾਰੇ ਅਜੇ ਅਸੀਂ ਅਣਜਾਣ ਹਾਂ।

ਐਂਡੂਰੈਂਸ ਰਾਕੇਟ ਤੋਂ ਉੱਤਰੀ ਧਰੁਵ ਦਾ ਦ੍ਰਿਸ਼

ਤਸਵੀਰ ਸਰੋਤ, POT

ਤਸਵੀਰ ਕੈਪਸ਼ਨ, ਐਂਡੂਰੈਂਸ ਰਾਕੇਟ ਤੋਂ ਉੱਤਰੀ ਧਰੁਵ ਦਾ ਦ੍ਰਿਸ਼, ਆਰਕਟਿਕ ਤੋਂ 768 ਕਿਲੋਮੀਟਰ ਉੱਪਰ

ਵਿਗਿਆਨੀਆਂ ਦੀ ਰਾਇ ਹੈ ਕਿ ਇੰਡਿਔਰੰਸ ਦੀ ਖੋਜ ਅਜੇ ਤੱਕ ਅਣਸੁਲਝੇ ਪਏ ਅਜਿਹੇ ਕਈ ਸਵਾਲਾਂ ਦੇ ਜਵਾਬ ਦੇਵੇਗੀ।

ਮਿਸਾਲ ਵਜੋਂ, ਇਸ ਗੋਲੇ ਦਾ ਸਾਡੇ ਗ੍ਰਹਿ ਦੀ ਬਣਤਰ ਵਿੱਚ ਕੀ ਯੋਗਦਾਨ ਹੈ।

ਗਲਿਨ ਕੋਲਿਨਸਨ ਮੁਤਾਬਕ, ਐਂਬੀਪੋਲਰ ਗੋਲੇ ਦਾ ਅਸਰ ਸ਼ਾਇਦ ਸਾਡੇ ਵਾਯੂ-ਮੰਡਲ ਦੇ ਵਿਕਾਸ ਉੱਤੇ ਅਤੇ ਸਾਡੇ ਮਹਾਂਸਾਗਰਾਂ ਉੱਤੇ ਵੀ ਪਿਆ ਹੋ ਸਕਦਾ ਹੈ।

ਭਾਵੇਂ ਕਿ ਅਜੇ ਵੀ ਕਈ ਸਵਾਲ ਦੇ ਜਵਾਬ ਮਿਲਣੇ ਬਾਕੀ ਹਨ ਲੇਕਿਨ ਇਸ ਗੋਲੇ ਨੂੰ ਮਾਪਣ ਵਿੱਚ ਪਹਿਲੀ ਵਾਰ ਮਿਲੀ ਸਫ਼ਲਤਾ ਨੇ ਖੋਜ ਲਈ ਕਈ ਨਵੇਂ ਬੂਹੇ ਖੋਲ੍ਹ ਦਿੱਤੇ ਹਨ।

ਕੋਲਿਨਸਨ ਦੱਸਦੇ ਹਨ, “ਕਿਸੇ ਵੀ ਗ੍ਰਹਿ ਜਿਸ ਦਾ ਵਾਯੂ-ਮੰਡਲ ਹੈ, ਉਸ ਦਾ ਐਂਬੀਪੋਲਰ ਗੋਲਾ ਵੀ ਜ਼ਰੂਰ ਹੋਵੇਗਾ।”

“ਹੁਣ ਆਖ਼ਰਕਾਰ ਅਸੀਂ ਇਸ ਨੂੰ ਮਾਪ ਲਿਆ ਹੈ। ਤਾਂ ਅਸੀਂ ਜਾਣ ਸਕਦੇ ਹਾਂ ਕਿ ਇਸ ਨੇ ਸਾਡੀ ਧਰਤੀ ਅਤੇ ਹੋਰ ਗ੍ਰਹਿਆਂ ਨੂੰ ਕਿਵੇਂ ਘੜਿਆ ਹੋਵੇਗਾ।”

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)