ਕੀੜੀਆਂ ਕਿਵੇਂ ਮੋਰਚਾ ਲਗਾਉਂਦੀਆਂ ਹਨ ਤੇ ਆਪਸ ਵਿੱਚ ਕਿਵੇਂ ਗੱਲਾਂ ਕਰਦੀਆਂ ਹਨ? ਇਹਨਾਂ ਦੇ ਸਮਾਜ ਬਾਰੇ ਖੋਜਾਂ ਕੀ ਕਹਿੰਦੀਆਂ ਹਨ

ਕੀੜੇ

ਤਸਵੀਰ ਸਰੋਤ, Getty Images

    • ਲੇਖਕ, ਕੇ. ਸ਼ੁਭਗੁਨਮ
    • ਰੋਲ, ਬੀਬੀਸੀ ਪੱਤਰਕਾਰ

ਸਾਇੰਸਦਾਨਾਂ ਦਾ ਕਹਿਣਾ ਹੈ ਕਿ ਕੀੜੀਆਂ ਦੀ ਆਪਣੇ ਤਰਜ਼ੇ ਜ਼ਿੰਦਗੀ ਹੁੰਦੀ ਹੈ ਅਤੇ ਉਨ੍ਹਾਂ ਦਾ ਸਮਾਜਿਕ ਢਾਂਚਾ ਮਨੁੱਖਾਂ ਵਰਗਾ ਹੀ ਹੈ।

ਕੀੜੀਆਂ ਦੇ ਆਪਣੇ ਸਮੁਦਾਇ ਪ੍ਰਤੀ ਮੋਹ ਨੇ ਸਾਇੰਸਦਾਨਾਂ ਨੂੰ ਕਈ ਵਾਰ ਹੈਰਾਨ ਕੀਤਾ ਹੈ।

ਕੀੜੀਆਂ ਬਾਰੇ ਅਜਿਹੀ ਹੀ ਇੱਕ ਖੋਜ ਅਮਰੀਕਾ ਦੇ ਫਲੋਰਿਡਾ ਦੇ ਵਿਗਿਆਨੀਆਂ ਨੇ ਕੀਤੀ ਹੈ। ਉਨ੍ਹਾਂ ਨੇ ਸਿੱਲ੍ਹੀਆਂ ਲੱਕੜਾਂ ਦੇ ਕੀੜਿਆਂ ਦੀ ਇੱਕ ਪ੍ਰਜਾਤੀ ਵਿੱਚ ਇੱਕ ਵਿਲੱਖਣ ਆਦਤ ਦੇਖੀ ਹੈ।

ਸਾਇੰਸਦਾਨਾਂ ਨੇ ਦੇਖਿਆ ਹੈ ਕਿ ਇਹ ਜੀਵ ਆਪਣੇ ਕਿਸੇ ਸਾਥੀ ਦੀ ਜਾਨ ਬਚਾਉਣ ਲਈ ਉਸਦੇ ਸਰੀਰ ਦੇ ਚੌਥਾਈ ਹਿੱਸੇ ਤੱਕ ਨੂੰ ਕੱਟ ਦਿੰਦੇ ਹਨ।

ਇਰਿਕ ਫਰੈਂਕ ਕੀਟ ਸਰੀਰ-ਵਿਗਿਆਨੀ ਅਤੇ ਉਨ੍ਹਾਂ ਨੇ ਵੁਜ਼ਰਬਰਗ ਯੂਨੀਵਰਸਿਟੀ ਵਿੱਚ ਅਧਿਐਨ ਦੀ ਅਗਵਾਈ ਕੀਤੀ ਹੈ, “ਜਾਨਵਰਾਂ ਵਿੱਚ ਅਜਿਹਾ ਪਹਿਲੀ ਵਾਰ ਦੇਖਿਆ ਗਿਆ ਹੈ ਜਿੱਥੇ ਉਹ ਕਿਸੇ ਹੋਰ ਦੀ ਜਾਨ ਬਚਾਉਣ ਲਈ ਉਸਦੇ ਸਰੀਰ ਦੇ ਕਿਸੇ ਹਿੱਸੇ ਨੂੰ ਕੱਟ ਦੇਣ।”

ਹਾਲਾਂਕਿ, ਕੀੜੀਆਂ ਵਿੱਚ ਆਪਣੇ ਸਾਥੀਆਂ ਦੇ ਜ਼ਖਮਾਂ ਦਾ ਇਲਾਜ ਕਰਨਾ ਅਤੇ ਜੰਗ ਦੌਰਾਨ ਦੂਜੇ ਸਾਥੀਆਂ ਦੀ ਜਾਨ ਬਚਾਉਣ ਲਈ ਆਪਣਾ ਬਲੀਦਾਨ ਦੇਣ ਦੀਆਂ ਮਿਸਲਾਂ ਬਹੁਤ ਵਾਰ ਦੇਖੀਆਂ ਗਈਆਂ ਹਨ।

ਮੈਂ ਖ਼ੁਦ ਵੀ ਅਜਿਹਾ ਹੁੰਦਾ ਦੇਖਿਆ ਹੈ। ਅਜਿਹਾ ਮੌਕਾ ਕੁਝ ਦਿਨ ਪਹਿਲਾਂ ਵੀ ਆਇਆ।

ਮੇਰੇ ਘਰ ਦੀਆਂ ਦੇਹਲੀਆਂ ਉੱਤੇ ਲੜਾਈ

ਤਿਰਕਾਲਾਂ ਦਾ ਸਮਾਂ ਸੀ ਅਤੇ ਮੌਸਮ ਖੁਸ਼ਗਵਾਰ ਸੀ। ਮੈਂ ਕੁਝ ਖ਼ਰੀਦਦਾਰੀ ਕਰਨ ਘਰੋਂ ਨਿਕਲਿਆ। ਲੇਕਿਨ ਦੇਹਲੀਆਂ ਉੱਤੇ ਜੋ ਮੈਂ ਦੇਖਿਆ ਉਸ ਨੇ ਮੈਨੂੰ ਖ਼ਰੀਦਾਰੀ ਦੀ ਹੋਸ਼ ਭੁਲਾ ਦਿੱਤੀ ਅਤੇ ਅਗਲੇ ਦੋ ਘੰਟੇ ਮੈਂ ਉਹੀ ਘਟਨਾਕ੍ਰਮ ਦੇਖਦਾ ਰਿਹਾ।

ਘਰ ਦੀਆਂ ਦੇਹਲੀਆਂ ਉੱਤੇ ਮੈਂ ਦੇਖਿਆ ਕਿ ਇੱਕ ਕੀੜੇ ਦੇ ਅੰਟੀਨਿਆਂ ਵਿੱਚ ਕਿਸੇ ਹੋਰ ਕੀੜੇ ਦਾ ਕੱਟਿਆ ਹੋਇਆ ਸਿਰ ਟੰਗਿਆ ਹੋਇਆ ਸੀ। ਇੱਕ ਹੋਰ ਕੀੜਾ ਕਿਸੇ ਹੋਰ ਕੀੜੇ ਦੀ ਲਾਸ਼ ਵੀ ਘਸੀਟ ਰਿਹਾ ਸੀ।

ਇੰਝ ਲੱਗ ਰਿਹਾ ਸੀ ਜਿਵੇਂ ਕੋਈ ਜੇਤੂ ਆਪਣੇ ਵਿਰੋਧੀ ਦੀ ਲਾਸ਼ ਲਿਜਾ ਰਿਹਾ ਹੋਵੇ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਤਸੁਕਤਾ ਵੱਸ ਮੈਂ, ਦੇਖਣ ਲਈ ਉੱਥੇ ਹੀ ਬਹਿ ਗਿਆ ਕਿ ਕੀ ਹੋ ਰਿਹਾ ਹੈ। ਇਹ ਤਾਂ ਸਮਝ ਆ ਗਿਆ ਕਿ ਇੱਥੇ ਕੀੜਿਆਂ ਦੇ ਦੋ ਭੌਣਾਂ ਦੀ ਕੋਈ ਲੜਾਈ ਚੱਲ ਰਹੀ ਸੀ।

ਡਾ਼ ਪ੍ਰਿਆਦਰਸ਼ਨ ਧਰਮਰਾਜਨ ਅਸ਼ੋਕਾ ਵਾਤਾਵਰਣਿਕ ਖੋਜ ਫਾਊਂਡੇਸ਼ਨ ਦੇ ਇੱਕ ਕੀਟ-ਵਿਗਿਆਨੀ ਹਨ। ਉਨ੍ਹਾਂ ਨੇ ਮੈਨੂੰ ਕੀੜਿਆਂ ਦੀ ਲੜਾਈ ਬਾਰੇ ਸਮਝਾਇਆ।

ਕੀੜੇ

ਤਸਵੀਰ ਸਰੋਤ, Subagunam Kannan/BBC

ਤਸਵੀਰ ਕੈਪਸ਼ਨ, ਕੀੜਿਆਂ ਨੂੰ ਕੰਮ ਦੇ ਅਧਾਰ ਉੱਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਕੀੜਿਆਂ ਦੀਆਂ ਬਸਤੀਆਂ ਦੀ ਲੜਾਈ ਦੋ ਸਥਿਤੀਆਂ ਵਿੱਚ ਹੁੰਦੀ ਹੈ— ਖਾਣੇ ਅਤੇ ਨਿਵਾਸ ਕਾਰਨ।

ਜਿਸ ਲੜਾਈ ਦਾ ਜ਼ਿਕਰ ਮੈਂ ਉੱਪਰ ਕੀਤਾ ਹੈ ਉਸ ਵਿੱਚ ਵੀ ਇਨ੍ਹਾਂ ਵਿੱਚੋਂ ਕੋਈ ਇੱਕ ਕਾਰਨ ਰਿਹਾ ਹੋਵੇਗਾ।

ਹਾਲਾਂਕਿ ਇਸਦੇ ਹੋਰ ਵੀ ਕੁਝ ਕਾਰਨ ਹੋ ਸਕਦੇ ਹਨ। ਕੀੜਿਆਂ ਨੂੰ ਕੰਮ ਦੇ ਅਧਾਰ ਉੱਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ।

ਆਦਤ ਤੋਂ ਮਜਬੂਰ

ਕੀੜੇ

ਤਸਵੀਰ ਸਰੋਤ, Subagunam Kannan/BBC

ਤਸਵੀਰ ਕੈਪਸ਼ਨ, ਲੜਾਈ ਵਿੱਚ ਦੁਸ਼ਮਣ ਦਾ ਸਿਰ ਅੰਟੀਨੇ ਉੱਤੇ ਟੰਗ ਕੇ ਲੜ ਰਿਹਾ ਕੀੜਾ

ਮਿਸਾਲ ਵਜੋ ਕੁਝ ਕੀੜੇ ਪੱਤੇ ਅਤੇ ਟਾਹਣੀਆਂ ਇਕੱਠੀਆਂ ਕਰਦੇ ਹਨ ਅਤੇ ਆਪਣੇ ਭੌਣ ਵਿੱਚ ਪੈਦਾ ਹੋਣ ਵਾਲੀ ਉੱਲ੍ਹੀ ਉੱਤੇ ਨਿਰਬਾਹ ਕਰਦੇ ਹਨ।

ਕੁਝ ਕੀੜੇ ਆਪਣੇ ਭੌਣ ਵਿੱਚ ਖਾਸ ਕਿਸਮ ਦੇ ਕੀਟ ਪਾਲਦੇ ਹਨ, ਜਿਨ੍ਹਾਂ ਤੋਂ ਉਹ ਦੁੱਧ ਵਰਗਾ ਪਦਾਰਥ ਹਾਸਲ ਕਰਦੇ ਹਨ।

ਕੀਟ-ਵਿਗਿਆਨੀਆਂ ਦਾ ਕਹਿਣਾ ਹੈ ਕਿ ਉੱਲ੍ਹੀ ਦਾ ਉਤਪਾਦਨ ਅਤੇ ਕੀਟ ਪਾਲਨ ਮਨੁੱਖਾਂ ਦੇ ਖੇਤੀ ਕਰਨ ਵਰਗਾ ਹੀ ਹੈ।

ਇਸੇ ਤਰ੍ਹਾਂ ਇੱਕ ਹੋਰ ਵਰਗ ਨੂੰ ਹਮਲਾਵਰ ਕਿਹਾ ਜਾਂਦਾ ਹੈ। ਇਹ ਦੂਜੇ ਭੌਣਾਂ ਉੱਤੇ ਹਮਲਾ ਕਰਦੇ ਹਨ ਅਤੇ ਉਨ੍ਹਾਂ ਦੇ ਲਾਰਵੇ ਨੂੰ ਚੁੱਕ ਲਿਆਉਂਦੇ ਹਨ। ਜਿਸ ਦੀ ਵਰਤੋਂ ਵੱਡੇ ਹੋਣ ਉੱਤੇ ਗੁਲਾਮਾਂ ਵਾਂਗ ਕੀਤੀ ਜਾਂਦੀ ਹੈ।

ਕੀਟ-ਵਿਗਿਆਨੀ ਬਰੋਨੀ ਬੈਦਿਆ ਲੰਬੇ ਸਮੇਂ ਤੋਂ ਕੀੜਿਆਂ ਦਾ ਅਧਿਐਨ ਕਰ ਰਹੇ ਹਨ, ਉਹ ਦੱਸਦੇ ਹਨ, “ਇਨ੍ਹਾਂ ਦਾ ਚੋਰ ਕੀੜਿਆਂ ਨਾਲ ਕੋਈ ਸੰਬੰਧ ਨਹੀਂ ਹੈ। ਇਹ ਮਹਿਜ਼ ਗੁਲਾਮੀਕਰਨ ਦੀ ਪ੍ਰਕਿਰਿਆ ਹੈ।”

ਕੀੜੇ

ਤਸਵੀਰ ਸਰੋਤ, Subagunam Kannan/BBC

ਤਸਵੀਰ ਕੈਪਸ਼ਨ, ਚਲਦੀ ਲੜਾਈ ਦੌਰਾਨ ਜ਼ਖਮੀ ਪਹਿਰੇਦਾਰ ਨੂੰ ਜੰਗ ਵਿੱਚੋਂ ਪਾਸੇ ਲਿਜਾਂਦਾ ਹੋਇਆ ਕਾਮਾ ਕੀੜਾ

ਕੀੜਿਆਂ ਦੀ ਲੜਾਈ ਦਾ ਆਮ ਉਦੇਸ਼ ਦੁਸ਼ਮਣ ਦੇ ਭੌਣ ਉੱਤੇ ਹਮਲਾ ਕਰਨਾ ਅਤੇ ਉੱਥੋਂ ਖੁਰਾਕੀ ਵਸਤਾਂ ਅਤੇ ਲਾਰਵਾ ਦੀ ਲੁੱਟ ਕਰਨਾ ਹੁੰਦਾ ਹੈ।

ਅਸ਼ੋਕਾ ਫਾਊਂਡੇਸ਼ਨ ਬੈਂਗਲੂਰੂ ਦੇ ਇੱਕ ਰਿਸਰਚ ਫੈਲੋ ਸਹਾਨਸ੍ਰੀ ਦੱਸਦੇ ਹਨ, “ਇਨ੍ਹਾਂ ਲੜਾਈਆਂ ਦੌਰਾਨ, ਪਹਿਰੇਦਾਰ ਕੀੜੇ ਆਪਣੇ ਭੌਣ (ਅਬਾਦੀ ਜਾਂ ਬਸਤੀ) ਦੀ ਰਾਖੀ ਲਈ ਜਾਨਾਂ ਹੂਲ ਕੇ ਲੜਦੇ ਹਨ। ਲੇਕਿਨ ਜੇ ਹਮਲਾਵਰ ਰਾਣੀ ਨੂੰ ਕਬਜ਼ੇ ਵਿੱਚ ਕਰ ਲੈਣ ਤਾਂ ਪਹਿਰੇਦਾਰ ਅਤੇ ਕਾਮੇ ਕੀੜੇ ਲੜਨਾ ਬੰਦ ਕਰ ਦਿੰਦੇ ਹਨ।”

ਕੀੜਿਆਂ ਦਾ ਸਮਾਜਿਕ ਢਾਂਚਾ

ਰਾਣੀ ਦੇ ਕਬਜ਼ੇ ਵਿੱਚ ਆਉਣ ਤੋਂ ਬਾਅਦ ਲੜਾਈ ਬੰਦ ਕਿਉਂ ਹੋ ਜਾਂਦੀ ਹੈ? ਰਾਣੀ ਦਾ ਭੌਣ ਦੀਆਂ ਹੋਰ ਕੀੜੇ-ਕੀੜੀਆਂ ਨਾਲ ਕੀ ਰਿਸ਼ਤਾ ਹੁੰਦਾ ਹੈ?

ਬੈਦਿਆ ਦੱਸਦੇ ਹਨ ਕਿ, ‘ਹੁਣ ਤੱਕ ਦੇ ਵਿਗਿਆਨਕ ਸਬੂਤਾਂ ਮੁਤਾਬਕ, ਰਾਣੀ ਹੀ ਭੌਣ ਦਾ ਨਿਰਮਾਣ ਕਰਦੀ ਹੈ, ਜੋ ਕਿ ਕੀੜਿਆਂ ਦਾ ਸਮੁਦਾਇ ਹੁੰਦਾ ਹੈ। ਜੇ ਰਾਣੀ ਹਾਰ ਗਈ ਤਾਂ ਭੌਣ ਤਬਾਹ ਕਰ ਦਿੱਤਾ ਜਾਵੇਗਾ। ਇਸੇ ਕਾਰਨ ਹਮਲਾ ਹੋਣ ਦੀ ਸੂਰਤ ਵਿੱਚ ਬਾਕੀ ਕੀੜੇ-ਕੀੜੀਆਂ ਰਾਣੀ ਨੂੰ ਬਚਾਉਣ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਉਂਦੀਆਂ ਹਨ।’

ਕੀੜੇ

ਤਸਵੀਰ ਸਰੋਤ, Subagunam Kannan/BBC

ਤਸਵੀਰ ਕੈਪਸ਼ਨ, ਆਪਣਾ ਭੌਣ ਛੱਡ ਕੇ ਇਹ ਆਪਣੇ ਵਰਗੇ ਹੋਰ ਕੀੜਿਆਂ ਨਾਲ ਸਹਿਵਾਸ ਕਰਦੇ ਹਨ।

ਆਮ ਤੌਰ ਉੱਤੇ ਇੱਕ ਭੌਣ ਵਿੱਚ ਸਾਰੀਆਂ ਮਾਦਾ ਹੁੰਦੀਆਂ ਹਨ। ਜਦਕਿ ਪ੍ਰਜਨਣ-ਯੋਗ ਪੈਦਾ ਹੋਣ ਵਾਲੇ ਨਰਾਂ ਦੀ ਸੰਖਿਆ ਬਹੁਤ ਥੋੜ੍ਹੀ ਹੁੰਦੀ ਹੈ।

ਪ੍ਰਜਨਣ ਰੁੱਤ ਵਿੱਚ ਇਨ੍ਹਾਂ ਨਰਾਂ ਅਤੇ ਰਾਣੀਆਂ ਦੇ ਖੰਭ ਨਿਕਲ ਆਉਂਦੇ ਹਨ ਅਤੇ ਉਹ ਸਾਥੀ ਦੀ ਭਾਲ ਵਿੱਚ ਨਿਕਲ ਜਾਂਦੇ ਹਨ।

ਆਪਣਾ ਭੌਣ ਛੱਡ ਕੇ ਇਹ ਆਪਣੇ ਵਰਗੇ ਹੋਰ ਕੀੜਿਆਂ ਨਾਲ ਸਹਿਵਾਸ ਕਰਦੇ ਹਨ।

ਮਾਦਾ ਫਿਰ ਢੁੱਕਵੀਂ ਥਾਂ ਦੀ ਤਲਾਸ਼ ਕਰਦੀ ਹੈ ਅਤੇ ਜ਼ਮੀਨ ਦੇ ਹੇਠਾਂ ਇੱਕ ਭੌਣ ਬਣਾਉਂਦੀ ਹੈ।

ਉਸ ਦੇ ਅੰਦਰ ਇਹ ਆਪਣੇ ਖੰਭ ਤਿਆਗ ਦਿੰਦੀ ਹੈ ਅਤੇ ਆਂਡੇ ਦਿੰਦੀ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਆਂਡਿਆਂ ਤੋਂ ਪੈਦਾ ਹੋਣ ਵਾਲੀ ਸੰਤਾਨ ਇਸ ਭੌਣ ਨੂੰ ਵਧਾਏਗੀ ਅਤੇ ਸਮੁਦਾਇ ਬਣੇਗਾ।

ਕੀੜਿਆਂ ਦਾ ਰੁਤਬਾ-ਕ੍ਰਮ

ਕੀੜੇ
ਤਸਵੀਰ ਕੈਪਸ਼ਨ, ਭੌਣ ਦੇ ਥੱਲੇ ਕਈ ਕਕਸ਼ ਬਣੇ ਹੁੰਦੇ ਹਨ, ਹਰੇਕ ਕਕਸ਼ ਦਾ ਵੱਖਰਾ ਉਦੇਸ਼ ਹੁੰਦਾ ਹੈ। ਜਿਵੇਂ- ਆਂਡੇ ਰੱਖਣਾ, ਲਾਰਵੇ ਲਈ, ਖਾਣਾ ਜਮ੍ਹਾਂ ਕਰਨਾ ਅਤੇ ਫਾਲਤੂ ਪਦਾਰਥ ਰੱਖਣਾ

ਰਾਣੀ— ਇਹ ਪ੍ਰਜਨਣ ਕਰ ਸਕਦੀਆਂ ਹਨ। ਇਨ੍ਹਾਂ ਦਾ ਕੰਮ ਆਂਡੇ ਦੇਣਾ ਅਤੇ ਸੰਭਾਲ ਕਰਨਾ ਹੁੰਦਾ ਹੈ। ਪਹਿਲੀ ਪੀੜ੍ਹੀ ਦੇ ਪੈਦਾ ਹੋਣ ਤੋਂ ਬਾਅਦ ਮਗਰਲੀਆਂ ਸੰਤਾਨਾਂ ਦੀ ਸਾਂਭ-ਸੰਭਾਲ ਦਾ ਜਿੰਮਾਂ ਉਨ੍ਹਾਂ ਦੇ ਸਿਰ ਆ ਜਾਂਦਾ ਹੈ। ਉਸ ਤੋਂ ਬਾਅਦ ਰਾਣੀ ਦਾ ਕੰਮ ਸਿਰਫ਼ ਆਂਡੇ ਦਿੰਦੇ ਰਹਿਣਾ ਹੁੰਦਾ ਹੈ।

ਨਰ— ਇਨ੍ਹਾਂ ਦਾ ਕੰਮ ਸਿਰਫ਼ ਰਾਣੀ ਦੀ ਪ੍ਰਜਨਣ ਵਿੱਚ ਮਦਦ ਕਰਨਾ ਹੁੰਦਾ ਹੈ।

ਕਾਮੇ— ਇਨ੍ਹਾਂ ਦਾ ਮੁੱਖ ਕੰਮ ਭੌਣ ਦੀ ਸਾਂਭ-ਸੰਭਾਲ, ਰਾਖੀ ਅਤੇ ਆਂਡਿਆਂ ਅਤੇ ਲਾਰਵਾ ਦੀ ਦੇਖ-ਭਾਲ ਹੁੰਦਾ ਹੈ।

ਪਹਿਰੇਦਾਰ— ਭੌਣ ਦੀ ਹਮਲੇ ਤੋਂ ਰਾਖੀ ਕਰਨਾ, ਹਮਲੇ ਕਰਨਾ ਅਤੇ ਹੋਰ ਕੀੜੇ (ਗੁਲਾਮ) ਲੈ ਕੇ ਆਉਣਾ।

ਇਸ ਤਰ੍ਹਾਂ ਇੱਕ ਰਾਣੀ ਤੋਂ ਸ਼ੁਰੂ ਹੋਇਆ ਸਮੁਦਾਇ ਹਜ਼ਾਰਾਂ ਤੋਂ ਲੱਖਾਂ ਕੀੜਿਆਂ ਤੱਕ ਫੈਲ ਜਾਂਦਾ ਹੈ।

ਰਾਣੀ ਤੋਂ ਇਲਾਵਾ ਹੋਰ ਕਿਸੇ ਦੇ ਸੰਤਾਨ ਉਤਪੰਨ ਨਹੀਂ ਹੁੰਦੀ। ਇਸ ਲਈ ਸਮੁਦਾਇ ਆਪਣੇ ਵਾਧੇ ਲਈ ਉਹ ਪੂਰੀ ਤਰ੍ਹਾਂ ਰਾਣੀ ਉੱਤੇ ਨਿਰਭਰ ਹੈ। ਜਦੋਂ ਉਹ ਰਾਣੀ ਹਾਰ ਜਾਂਦੇ ਹਨ ਤਾਂ, ਉਨ੍ਹਾਂ ਦਾ ਭਵਿੱਖ ਵੀ ਖ਼ਤਮ ਹੋ ਜਾਂਦਾ ਹੈ।

ਇਸੇ ਲਈ ਬਾਕੀ ਕੀੜੇ ਰਾਣੀ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਵੀ ਦਾਅ ਉੱਤੇ ਲਾ ਦਿੰਦੇ ਹਨ।

ਕੀੜਿਆਂ ਦੀ ਸ਼ਹੀਦੀ

ਕੀੜੇ

ਤਸਵੀਰ ਸਰੋਤ, Subagunam Kannan/BBC

ਤਸਵੀਰ ਕੈਪਸ਼ਨ, ਲੜਾਈ ਦਾ ਦ੍ਰਿਸ਼

ਇਸ ਤਰ੍ਹਾਂ ਦੀ ਦੂਜੀ ਲੜਾਈ ਮੈਂ ਸ਼ਾਮ ਦੇ ਹੀ ਸਮੇਂ ਹਰਿਆਣਾ ਵਿੱਚ ਦੇਖੀ।

ਇਹ ਬਗੀਚੀਆਂ ਵਿੱਚ ਮਿਲਣ ਵਾਲੇ ਲੱਕੜ ਦੇ ਕੀੜੇ ਹਨ। ਭੌਣ ਦੇ ਮੂੰਹ ਉੱਤੇ ਪਹਿਰੇਦਾਰ ਹਮਲਾਵਰਾਂ ਨੂੰ ਰੋਕ ਰਹੇ ਸਨ।

ਕੀੜੇ
ਤਸਵੀਰ ਕੈਪਸ਼ਨ, ਕੀੜੇ ਇੱਕ ਰਸਾਇਣ ਛੱਡਦੇ ਹਨ ਜਿਸ ਨੂੰ ਫੇਰੋਮੋਨ ਕਿਹਾ ਜਾਂਦਾ ਹੈ

ਇਸੇ ਦੌਰਾਨ ਜੋ ਕਾਮੇ ਭੋਜਨ ਦੀ ਤਲਾਸ਼ ਵਿੱਚ ਗਏ ਹੋਏ ਸਨ, ਕਾਹਲੀ-ਕਾਹਲੀ ਭੌਣ ਵੱਲ ਵਾਪਸ ਆ ਰਹੇ ਸਨ।

ਲੇਕਿਨ ਸਵਾਲ ਤਾਂ ਇਹ ਹੈ ਕਿ ਜੋ ਕੀੜੇ ਭੋਜਨ ਦੀ ਭਾਲ ਵਿੱਚ ਗਏ ਹੋਏ ਸਨ, ਉਨ੍ਹਾਂ ਨੂੰ ਹਮਲੇ ਬਾਰੇ ਕਿਵੇਂ ਪਤਾ ਲੱਗਿਆ।

ਡਾ਼ ਪਰੋਨੋਇ ਬੈਦਿਆ ਕੀੜਿਆਂ ਦੇ ਅਦਭੁਤ ਸੰਚਾਰ ਤੰਤਰ ਤੋਂ ਜਾਣੂੰ ਕਰਵਾਉਂਦੇ ਹਨ ਹਨ।

ਕੀੜੇ ਕਈ ਤਰ੍ਹਾਂ ਸੰਚਾਰ ਕਰਦੇ ਹਨ। ਉਨ੍ਹਾਂ ਲਈ ਸਮੁਦਾਇ, ਨਿੱਜ ਤੋਂ ਵੱਡਾ ਹੁੰਦਾ ਹੈ।

ਆਮ ਤੌਰ ਉੱਤੇ ਸਾਰੇ ਸਜੀਵਾਂ ਦਾ ਮਕਸਦ ਹੁੰਦਾ ਹੈ ਕਿ ਤੰਦਰੁਸਤ ਸੰਤਾਨਾਂ ਪੈਦਾ ਕਰਨੀਆਂ ਅਤੇ ਆਪਣੇ ਜੀਨ ਅਗਲੀ ਪੀੜ੍ਹੀ ਤੱਕ ਪਹੁੰਚਾਉਣੇ। ਡਾਰਵਿਨ ਦਾ ਵਿਕਾਸਵਾਦ ਵੀ ਇਹੀ ਕਹਿੰਦਾ ਹੈ ਕਿ ਸਭ ਤੋਂ ਯੋਗ ਹੀ ਬਚਿਆ ਰਹਿੰਦਾ ਹੈ।

ਕੀੜੇ
ਤਸਵੀਰ ਕੈਪਸ਼ਨ, ਕੀੜੇ ਰਸਤੇ ਵਿੱਚੋ ਗੁਜ਼ਰਦੇ ਹੋਏ ਵੀ ਇਹ ਰਸਾਇਣ ਛੱਡਦੇ ਜਾਂਦੇ ਹਨ

ਡਾ਼ ਪਰੋਨੋਇ ਮੁਤਾਬਕ, “ਕੀੜਿਆਂ ਦੇ ਮਾਮਲੇ ਵਿੱਚ ਜਿੱਥੇ ਕਿਸੇ ਭੌਣ ਦੇ ਸਾਰੇ ਮੈਂਬਰ ਮਾਦਾ ਹਨ। ਜਨੈਟਿਕ ਪੱਖ ਤੋਂ ਉਹ 75% ਤੱਕ ਇੱਕ ਸਮਾਨ ਹਨ। ਉਨ੍ਹਾਂ ਲਈ ਰਾਣੀ ਹੀ ਪ੍ਰਜਨਣ ਦਾ ਸਰੋਤ ਹੈ। ਇਸ ਲਈ ਰਾਣੀ ਅਤੇ ਉਸਦੇ ਦਿੱਤੇ ਆਂਡੇ ਹੀ ਅਬਾਦੀ ਦੀ ਨਵੀਂ ਪੀੜ੍ਹੀ ਦੀ ਬੁਨਿਆਦ ਹਨ।

ਪਰੋਨੋਇ ਮੁਤਾਬਕ ਇਸ ਲਈ ਰਾਣੀ, ਲਾਰਵਾ ਅਤੇ ਬਾਲ ਕੀੜਿਆਂ ਨੂੰ ਪਾਲਣਾ ਅਤੇ ਰਾਖੀ ਕਰਨਾ ਕਾਮਿਆਂ ਅਤੇ ਪਹਿਰੇਦਾਰ ਕੀੜਿਆਂ ਦਾ ਮੁੱਢਲਾ ਕੰਮ ਹੈ।

ਇਸੇ ਕਾਰਨ ਕੀੜੇ ਹਮਲਾ ਹੋਣ ਦੀ ਸੂਰਤ ਵਿੱਚ ਆਪਣੇ ਸਮੁਦਾਇ ਦੀ ਰਾਖੀ ਲਈ ਜਾਨ ਵਾਰਨ ਤੱਕ ਲੜਦੇ ਹਨ ਅਤੇ ਸ਼ਹੀਦ ਵੀ ਹੋ ਜਾਂਦੇ ਹਨ।

ਉਹ ਕਿਹੜੀ ਬੋਲੀ ਬੋਲਦੇ ਹਨ?

ਕੀੜੇ
ਤਸਵੀਰ ਕੈਪਸ਼ਨ, ਰਸਾਇਣਿਕ ਸੰਕੇਤ ਦੀ ਮਦਦ ਨਾਲ ਹੀ ਬਸਤੀ ਦੇ ਹੋਰ ਕੀੜੇ ਖਾਣੇ ਦੇ ਸਰੋਤ ਤੱਕ ਪਹੁੰਚਦੇ ਹਨ

ਆਓ ਕੀੜਿਆਂ ਦੀ ਬੋਲੀ ਸਮਝਦੇ ਹਾਂ। ਕੀੜਿਆਂ ਦੇ ਅੰਟੀਨੇ ਕਿਉਂ ਹੁੰਦੇ ਹਨ?

ਅੰਟੀਨੇ ਕੀੜਿਆਂ ਦੇ ਸਰੀਰ ਦਾ ਅਹਿਮ ਅੰਗ ਹਨ, ਜੋ ਉਨ੍ਹਾਂ ਦੇ ਸਿਰ ਵਿੱਚੋਂ ਦੋ ਡੰਡੀਆਂ ਵਾਂਗ ਨਿਕਲੇ ਹੁੰਦੇ ਹਨ।

ਡਾ਼ ਪਰੋਨੋਇ ਮੁਤਾਬਕ, ਇਨ੍ਹਾਂ ਤੋਂ ਬਿਨਾਂ ਕੀੜਿਆਂ ਦਾ ਬਚੇ ਰਹਿਣਾ ਮੁਸ਼ਕਿਲ ਹੋ ਜਾਵੇਗਾ।

ਕੀੜਿਆਂ ਦੀ ਬੋਲੀ ਰਸਾਇਣ ਅਧਾਰਿਤ ਹੈ। ਉਹ ਆਪਣੇ ਸਰੀਰ ਵਿੱਚੋਂ ਖਾਸ ਰਸਾਇਣ ਛੱਡਦੇ ਹਨ ਜਿਨ੍ਹਾਂ ਨੂੰ ਫੇਰੋਮੌਨ ਕਿਹਾ ਜਾਂਦਾ ਹੈ। ਇਸ ਰਸਾਇਣ ਦੇ ਰਾਹੀਂ ਹੀ ਕੀੜੇ ਇੱਕ ਦੂਜੇ ਨਾਲ ਗੱਲਬਾਤ ਅਤੇ ਆਪਣੇ ਭੌਣ ਦੇ ਸਹਿਯੋਗੀਆਂ ਦੀ ਪਛਾਣ ਕਰਦੇ ਹਨ।

ਇਹ ਆਪਣੇ ਪਿੱਛੇ ਰਾਹ ਵਿੱਚ ਰਸਾਇਣ ਛੱਡਦੇ ਜਾਂਦੇ ਹਨ ਅਤੇ ਫਿਰ ਇਸ ਰਸਾਇਣ ਤੋਂ ਬਣੇ ਲਾਂਘੇ ਦੀ ਵਰਤੋਂ ਖਾਣੇ ਤੱਕ ਪਹੁੰਚਣ ਅਤੇ ਵਾਪਸ ਭੌਣ ਤੱਕ ਜਾਣ ਲਈ ਸਾਡੇ ਜੀਪੀਐੱਸ ਵਾਂਗ ਕਰਦੇ ਹਨ।

ਕੀੜੇ
ਤਸਵੀਰ ਕੈਪਸ਼ਨ, ਇਨ੍ਹਾਂ ਰਸਾਇਣਿਕ ਸੰਕੇਤਾਂ ਦੀ ਵਰਤੋਂ ਇਹ ਜੀਵ, ਸਾਡੇ ਜੀਪੀਐੱਸ ਵਾਂਗ ਕਰਦੇ ਹਨ

ਡਾ਼ ਪ੍ਰਿਆਦਰਸ਼ਨ ਦੱਸਦੇ ਹਨ ਕਿ ਉਨ੍ਹਾਂ ਨੇ ਕੀੜਿਆਂ ਦੀ ਇਹ ਰਸਾਇਣਿਕ ਸੰਚਾਰ ਤਕਨੀਕ ਦੀ ਵਰਤੋਂ ਹਰਿਆਣਾ ਵਿੱਚ ਦੇਖੀ ਲੜਾਈ ਵਿੱਚ ਵੀ ਦੇਖੀ। ਇਸੇ ਰਾਹੀਂ ਕਾਮਿਆਂ ਨੂੰ ਹਮਲੇ ਬਾਰੇ ਸਾਵਧਾਨ ਕਰਕੇ ਵਾਪਸ ਸੱਦਿਆ ਜਾ ਸਕਿਆ ਸੀ।

ਕੀੜਿਆਂ ਨੂੰ ਇੱਕ ਦੂਜੇ ਨਾਲ ਗੱਲਬਾਤ ਕਰਨ ਅਤੇ ਆਪਣੇ ਚੌਗਿਰਦੇ ਦੀ ਜਾਂਚ ਕਰਨ ਲਈ ਅੰਟੀਨਿਆਂ ਦੀ ਲੋੜ ਹੁੰਦੀ ਹੈ। ਇਨ੍ਹਾਂ ਅੰਟੀਨਿਆਂ ਰਾਹੀਂ ਹੀ ਉਹ ਉਹ ਸੁਨੇਹੇ ਭੇਜਦੇ ਹਨ।

ਡਾ ਪਰੋਨੋਇ ਮੁਤਾਬਕ ਇੱਕ ਵਾਰ ਉਨ੍ਹਾਂ ਦਾ ਅੰਟੀਨਾ ਟੁੱਟ ਗਿਆ। ਉਹ ਆਪਣਾ ਸਾਰਾ ਦਿਸ਼ਾ ਗਿਆਨ ਅਤੇ ਰਸਤੇ ਦੀ ਸਮਝ, ਸਾਥੀਆਂ ਨਾਲ ਗੱਲਬਾਤ ਦੀ ਯੋਗਤਾ ਵੀ ਗੁਆ ਦਿੰਦੇ ਹਨ।

ਅੰਟੀਨਾ ਕਿਸੇ ਕੀੜੇ ਦੇ ਜ਼ਿੰਦਾ ਬਚੇ ਰਹਿਣ ਲਈ ਬਹੁਤ ਜ਼ਰੂਰੀ ਹੈ।

ਇਸ ਤੋਂ ਇਲਾਵਾ ਕਿਉਂਕਿ ਕੀੜਿਆਂ ਨੂੰ ਭੌਣ ਦੀ ਰਾਖੀ ਲਈ ਵੱਡੀ ਗਿਣਤੀ ਵਿੱਚ ਕਾਮਿਆਂ ਦੀ ਲੋੜ ਹੁੰਦੀ ਹੈ।

ਉਨ੍ਹਾਂ ਕੋਲ ਜ਼ਿੰਦਾ ਰਹਿਣ ਦੇ ਹੋਰ ਵੀ ਕਈ ਅਦਭੁਤ ਰਾਹ ਹਨ। ਜਿਵੇਂ ਦੂਜਿਆਂ ਨੂੰ ਅਜਿਹੀ ਸੰਤਾਨ ਪੈਦਾ ਕਰਨ ਲਈ ਮਜਬੂਰ ਕਰਨਾ ਜੋ ਖ਼ੁਦ ਸੰਤਾਨ ਪੈਦਾ ਨਾ ਕਰ ਸਕੇ ਅਤੇ ਨਵ ਜਾਤਾਂ ਨੂੰ ਉਨ੍ਹਾਂ ਦੇ ਕੰਮ ਅਤੇ ਵਿਹਾਰ ਦੀ ਸਿਖਲਾਈ ਦੇਣਾ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)