ਸਰੀਰ ਨੂੰ ਮਜ਼ਬੂਤ ਬਣਾਉਣ ਲਈ ਤੁਹਾਨੂੰ ਕਿੰਨੇ ਪ੍ਰੋਟੀਨ ਦੀ ਲੋੜ ਹੁੰਦੀ ਹੈ, ਕੀ ਜ਼ਰੂਰਤ ਤੋਂ ਜ਼ਿਆਦਾ ਸੇਵਨ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਕਮਲਾ ਤਿਆਗਰਾਜਨ
ਅਕਸਰ ਜਦੋਂ ਕੋਈ ਆਪਣੀਆਂ ਮਾਸਪੇਸ਼ੀਆਂ (ਮਸਲ) ਵਧਾਉਣਾ ਚਾਹੁੰਦਾ ਹੈ, ਤਾਂ ਉਸਨੂੰ ਮਾਸ-ਮੱਛੀ, ਆਂਡੇ ਅਤੇ ਇੱਥੋਂ ਤੱਕ ਕਿ ਪ੍ਰੋਟੀਨ ਸ਼ੇਕ ਤੱਕ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਅਜਿਹੀ ਸਲਾਹ ਕਿੰਨੀ ਕਾਰਗਰ ਹੈ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਣ ਦਾ ਸਹੀ ਤਰੀਕਾ ਕੀ ਹੈ?
ਇੰਗਲੈਂਡ ਦੇ ਵੇਸਟ ਸਸੇਕਸ ਦੇ ਰਹਿਣ ਵਾਲੇ 21 ਸਾਲਾ ਸੋਫੀਆ ਮੌਲਸਨਇੱਕ ਫਿਟਨੈਸ ਇੰਫਲੂਏਂਸਰ ਹਨ। ਉਨ੍ਹਾਂ ਦਾ ਵਜ਼ਨ ਬਹੁਤ ਜ਼ਿਆਦਾ ਸੀ, ਇਸ ਲਈ ਉਨ੍ਹਾਂ ਨੇ 19 ਸਾਲ ਦੀ ਉਮਰ ਵਿੱਚ ਫਿਟਨੈਸ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ।
ਪਹਿਲਾਂ ਉਹ ਜ਼ਿਆਦਾ ਖਾਣਾ ਖਾਣ ਤੋਂ ਬਾਅਦ ਬਿਹਤਰ ਮਹਿਸੂਸ ਕਰਦੇ ਸਨ। ਫਿਰ ਇੱਕ ਦਿਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮਾਨਸਿਕ ਅਤੇ ਸਰੀਰਕ ਤੌਰ 'ਤੇ ਚੰਗੀ ਸਿਹਤ ਲਈ ਖਾਣੇ 'ਤੇ ਨਿਯੰਤਰਣ ਜ਼ਰੂਰੀ ਹੈ।
ਉਹ ਕਹਿੰਦੇ ਹਨ, "ਮੈਨੂੰ ਪਤਾ ਚੱਲਿਆ ਕਿ ਮਜ਼ਬੂਤ ਹੋਣ ਨਾਲ ਕਿੰਨਾ ਸਸ਼ਕਤ ਮਹਿਸੂਸ ਹੁੰਦਾ ਹੈ। ਇਸ ਦੇ ਨਾਲ ਮੈਨੂੰ ਹਰੇਕ ਛੋਟੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰੇਰਨਾ ਮਿਲੀ।''

ਜਦੋਂ ਸੋਫੀਆ ਨੇ ਖੋਜ ਸ਼ੁਰੂ ਕੀਤੀ, ਤਾਂ ਉਨ੍ਹਾਂ ਨੂੰ ਮਾਸਪੇਸ਼ੀਆਂ ਦੇ ਵਿਕਾਸ ਲਈ ਪ੍ਰੋਟੀਨ ਦੀ ਜ਼ਰੂਰਤ ਬਾਰੇ ਪਤਾ ਲੱਗਿਆ।
ਸੋਫੀਆ ਸ਼ਾਕਾਹਾਰੀ ਹਨ, ਇਸ ਲਈ ਸ਼ੁਰੂ ਵਿੱਚ ਉਨ੍ਹਾਂ ਨੇ ਸੋਚਿਆ ਕਿ ਸਿਰਫ਼ ਖੁਰਾਕ ਰਾਹੀਂ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰਨਾ ਮੁਸ਼ਕਲ ਹੋਵੇਗਾ। ਇਸ ਲਈ ਉਨ੍ਹਾਂ ਨੇ ਪ੍ਰੋਟੀਨ ਪਾਊਡਰ ਲੈਣਾ ਸ਼ੁਰੂ ਕਰ ਦਿੱਤਾ।
ਸੋਫੀਆ ਕਹਿੰਦੇ ਹਨ, "ਸੰਤੁਲਿਤ ਖੁਰਾਕ ਨਾਲ ਮੇਰੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਸੰਭਵ ਸੀ, ਪਰ ਇਸ ਦੇ ਲਈ ਅਕਸਰ ਸਮਾਂ ਅਤੇ ਯੋਜਨਾਬੰਦੀ ਲੱਗਦੀ ਹੈ। ਪ੍ਰੋਟੀਨ ਪਾਊਡਰ ਸਮੱਸਿਆਵਾਂ ਦਾ ਇੱਕ ਸੁਵਿਧਾਜਨਕ ਹੱਲ ਦਿੰਦੇ ਹਨ, ਖਾਸ ਕਰਕੇ ਮੇਰੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ।''
ਪਹਿਲਾਂ ਬਾਡੀ ਬਿਲਡਰ ਮਾਸ ਖਾਂਦੇ ਸਨ ਅਤੇ ਕੱਚੇ ਆਂਡੇ ਪੀਂਦੇ ਸਨ। ਪਰ ਅੱਜ ਪ੍ਰੋਟੀਨ ਪਾਊਡਰ ਅਤੇ ਸੰਤੁਲਿਤ ਖੁਰਾਕ ਇੱਕ ਵੱਡਾ ਕਾਰੋਬਾਰ ਹੈ।
ਕੀ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਇੰਨਾ ਜ਼ਿਆਦਾ ਪ੍ਰੋਟੀਨ ਸੱਚਮੁੱਚ ਜ਼ਰੂਰੀ ਹੈ? ਇਸਦਾ ਸੇਵਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?
ਬਾਡੀ ਬਣਾਉਣਾ

ਤਸਵੀਰ ਸਰੋਤ, Getty Images
ਲੰਡਨ ਦੇ ਪਿਓਰ ਸਪੋਰਟਸ ਮੈਡੀਸਨ ਵਿਖੇ ਸਪੋਰਟਸ ਡਾਈਟੀਸ਼ੀਅਨ ਲਿਨੀਆ ਪਟੇਲ ਕਹਿੰਦੇ ਹਨ ਕਿ ਪ੍ਰੋਟੀਨ ਮਨੁੱਖੀ ਸਰੀਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਜਿਵੇਂ ਹੀ ਇਹ ਪਚਦਾ ਹੈ, ਭੋਜਨ ਵਿੱਚ ਮੌਜੂਦ ਪ੍ਰੋਟੀਨ ਅਮੀਨੋ ਐਸਿਡ ਵਿੱਚ ਟੁੱਟ ਜਾਂਦਾ ਹੈ। ਅਮੀਨੋ ਐਸਿਡ ਉਹ ਹਨ ਜਿਸ ਤੋਂ ਪ੍ਰੋਟੀਨ ਬਣਦਾ ਹੈ। ਪ੍ਰੋਟੀਨ ਤੋਂ ਸੈੱਲ ਬਣਦੇ ਹਨ ਜੋ ਸਾਡੇ ਸਰੀਰ ਦੇ ਵਿਕਾਸ ਅਤੇ ਇਸਦੇ ਬਿਹਤਰ ਕੰਮਕਾਜ ਲਈ ਜ਼ਰੂਰੀ ਹੁੰਦੇ ਹਨ।
ਮਨੁੱਖੀ ਸਰੀਰ ਵਿੱਚ 20,000 ਤੋਂ ਵੱਧ ਕਿਸਮਾਂ ਦੇ ਪ੍ਰੋਟੀਨ ਹੁੰਦੇ ਹਨ, ਜੋ ਵੱਖ-ਵੱਖ ਭੂਮਿਕਾਵਾਂ ਨਿਭਾਉਂਦੇ ਹਨ।
ਹਾਲਾਂਕਿ, ਕਿਸੇ ਨੂੰ ਕਿੰਨੇ ਪ੍ਰੋਟੀਨ ਦੀ ਲੋੜ ਹੁੰਦੀ ਹੈ, ਇਹ ਉਸ ਵਿਅਕਤੀ ਦੀ ਉਮਰ, ਸਰੀਰ ਅਤੇ ਜੀਵਨ ਸ਼ੈਲੀ 'ਤੇ ਨਿਰਭਰ ਕਰਦਾ ਹੈ।
ਲਿਨੀਆ ਪਟੇਲ ਕਹਿੰਦੇ ਹਨ ਕਿ "ਯੂਕੇ ਵਿੱਚ ਸਰਕਾਰੀ ਦਿਸ਼ਾ-ਨਿਰਦੇਸ਼ ਸੁਝਾਅ ਦਿੰਦੇ ਹਨ ਕਿ ਜੋ ਬਾਲਗ ਐਕਟਿਵ ਨਹੀਂ ਹਨ, ਉਨ੍ਹਾਂ ਨੂੰ ਆਪਣੇ ਭਾਰ ਦੇ ਪ੍ਰਤੀ ਕਿਲੋਗ੍ਰਾਮ ਲਈ 0.8 ਤੋਂ 0.75 ਗ੍ਰਾਮ ਪ੍ਰੋਟੀਨ ਦਾ ਸੇਵਨ ਕਰਨਾ ਚਾਹੀਦਾ ਹੈ।"
"ਮਿਸਾਲ ਵਜੋਂ, ਜੇਕਰ ਕਿਸੇ ਦਾ ਭਾਰ 70 ਕਿਲੋ ਹੈ, ਤਾਂ ਉਸ ਨੂੰ 0.8 ਨਾਲ ਗੁਣਾ ਕਰੋ। ਫਿਰ ਅਜਿਹੇ ਵਿਅਕਤੀ ਨੂੰ ਇੱਕ ਦਿਨ ਵਿੱਚ ਕੁੱਲ 56 ਗ੍ਰਾਮ ਪ੍ਰੋਟੀਨ ਦੀ ਲੋੜ ਪਵੇਗੀ।"

ਤਸਵੀਰ ਸਰੋਤ, Elena Nechaeva/Getty Images
ਜ਼ਿਆਦਾਤਰ ਲੋਕਾਂ ਨੂੰ ਆਪਣੀ ਆਮ ਖੁਰਾਕ ਤੋਂ ਲੋੜ ਤੋਂ ਵੱਧ ਪ੍ਰੋਟੀਨ ਮਿਲਦਾ ਹੈ। ਔਸਤ ਅਮਰੀਕੀ, ਆਪਣੀ ਕੁੱਲ ਕੈਲੋਰੀ ਦਾ ਲਗਭਗ 14 ਤੋਂ 16 ਪ੍ਰਤੀਸ਼ਤ ਪ੍ਰੋਟੀਨ ਤੋਂ ਲੈਂਦਾ ਹੈ।
ਪਰ ਜੇਕਰ ਤੁਸੀਂ ਜ਼ਿਆਦਾ ਐਕਟਿਵ ਹੋ ਤਾਂ ਤੁਹਾਨੂੰ ਹਰ ਰੋਜ਼ ਪ੍ਰਤੀ ਕਿਲੋਗ੍ਰਾਮ 1 ਗ੍ਰਾਮ ਤੋਂ ਵੱਧ ਪ੍ਰੋਟੀਨ ਦੀ ਲੋੜ ਪਵੇਗੀ।
ਕਿਸੇ ਨੂੰ ਕਿੰਨੇ ਪ੍ਰੋਟੀਨ ਦੀ ਲੋੜ ਹੁੰਦੀ ਹੈ ਇਹ ਉਸਦੀ ਉਮਰ ਅਤੇ ਹੋਰ ਕਾਰਕਾਂ 'ਤੇ ਨਿਰਭਰ ਕਰਦਾ ਹੈ। ਜ਼ਿਆਦਾ ਪ੍ਰੋਟੀਨ ਦਾ ਸੇਵਨ ਮਾਸਪੇਸ਼ੀਆਂ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
ਮੀਨੋਪੌਜ਼ ਤੋਂ ਬਾਅਦ ਔਰਤਾਂ ਨੂੰ ਵਧੇਰੇ ਪ੍ਰੋਟੀਨ ਦੀ ਲੋੜ ਹੁੰਦੀ ਹੈ।
ਲਿਨੀਆ ਪਟੇਲ ਨੇ ਕਿਹਾ ਕਿ ਮੈਂ ਆਪਣੀ ਪ੍ਰੈਕਟਿਸ ਦੌਰਾਨ ਉਨ੍ਹਾਂ ਔਰਤਾਂ ਨਾਲ ਕੰਮ ਕੀਤਾ ਹੈ ਜੋ ਮੀਨੋਪੌਜ਼ ਵਿੱਚੋਂ ਗੁਜ਼ਰ ਰਹੀਆਂ ਸਨ। ਇਹ ਔਰਤਾਂ ਆਪਣੀ ਲੋੜ ਅਨੁਸਾਰ ਪ੍ਰੋਟੀਨ ਦਾ ਸੇਵਨ ਨਹੀਂ ਕਰ ਰਹੀਆਂ ਸਨ।
ਵੱਖੋ-ਵੱਖਰੀਆਂ ਜ਼ਰੂਰਤਾਂ
ਖੋਜ ਤੋਂ ਪਤਾ ਲੱਗਿਆ ਹੈ ਕਿ ਐਥਲੀਟਾਂ, ਪਾਵਰਲਿਫਟਰਾਂ ਜਾਂ ਬਾਡੀ ਬਿਲਡਰਾਂ ਨੂੰ ਹਰ ਰੋਜ਼ 1.6-2.2 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ।
ਡਾਕਟਰੀ ਮਾਹਿਰਾਂ ਦਾ ਕਹਿਣਾ ਹੈ ਕਿ ਜਿੱਥੋਂ ਤੱਕ ਸੰਭਵ ਹੋਵੇ ਲੋਕਾਂ ਨੂੰ ਆਪਣੀ ਖੁਰਾਕ ਤੋਂ ਪ੍ਰੋਟੀਨ ਦੀ ਜ਼ਰੂਰਤ ਪੂਰੀ ਕਰਨੀ ਚਾਹੀਦੀ ਹੈ।
ਸ਼ਾਕਾਹਾਰੀ ਲੋਕ ਹੋਰ ਚੀਜ਼ਾਂ ਦੇ ਨਾਲ-ਨਾਲ ਸੋਇਆ ਉਤਪਾਦਾਂ ਅਤੇ ਦਾਲਾਂ ਦੀ ਵਰਤੋਂ ਕਰਕੇ ਇਸ ਲੋੜ ਨੂੰ ਪੂਰਾ ਕਰ ਸਕਦੇ ਹਨ। ਸ਼ਾਕਾਹਾਰੀ ਲੋਕ ਦੁੱਧ ਅਤੇ ਦਹੀਂ ਵਰਗੀਆਂ ਕਈ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਆਪਣੀ ਪ੍ਰੋਟੀਨ ਦੀ ਜ਼ਰੂਰਤ ਪੂਰੀ ਕਰ ਸਕਦੇ ਹਨ।
ਹੋਰ ਲੋਕ ਮਾਸ ਅਤੇ ਸਮੁੰਦਰੀ ਭੋਜਨ (ਮੱਛੀ ਆਦਿ) ਦਾ ਸੇਵਨ ਵਧਾ ਸਕਦੇ ਹਨ।
ਆਪਣੇ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਪ੍ਰੋਟੀਨ ਦੇਣ ਲਈ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਖਾਣੇ ਦਾ ਸੇਵਨ ਕਰਨਾ ਪੈਂਦਾ ਹੈ। ਪਰ ਹਰ ਕਿਸੇ ਕੋਲ ਅਜਿਹਾ ਕਰਨ ਲਈ ਸਮਾਂ ਜਾਂ ਪੈਸਾ ਨਹੀਂ ਹੁੰਦਾ।
ਕੇਰਲਾ ਦੇ ਰਾਜਾਗਿਰੀ ਹਸਪਤਾਲ ਵਿੱਚ ਜਿਗਰ ਦੇ ਮਾਹਰ, ਸਿਰੀਏਕ ਏਬੀ ਫਿਲਿਪਸ ਕਹਿੰਦੇ ਹਨ, "ਸਿਧਾਂਤਕ ਤੌਰ 'ਤੇ, ਆਂਡੇ, ਮਾਸ, ਡੇਅਰੀ ਉਤਪਾਦਾਂ ਅਤੇ ਦਾਲਾਂ ਵਾਲੀ ਸੰਤੁਲਿਤ ਖੁਰਾਕ ਨਾਲ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕਦਾ ਹੈ। ਪਰ ਬਹੁਤ ਸਾਰੇ ਲੋਕਾਂ ਲਈ ਇਸ ਸਪਲੀਮੈਂਟੇਸ਼ਨ ਤੋਂ ਬਿਨਾਂ ਸੌਖਾ ਨਹੀਂ ਹੈ।''
ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਇੱਕ ਡਾਇਟੀਸ਼ੀਅਨ ਲੌਰੇਨ ਮੈਨੇਕਰ ਨੇ ਕਿਹਾ ਕਿ ਵਿਅਸਤ ਲੋਕਾਂ ਲਈ ਪ੍ਰੋਟੀਨ ਪਾਊਡਰ ਬਹੁਤ ਮਦਦਗਾਰ ਹੁੰਦਾ ਹੈ।
ਦੁਨੀਆਂ ਭਰ ਵਿੱਚ ਪ੍ਰੋਟੀਨ ਪਾਊਡਰ ਦਾ ਬਾਜ਼ਾਰ 2021 ਵਿੱਚ 4.4 ਬਿਲੀਅਨ ਡਾਲਰ ਦਾ ਸੀ। ਮੰਨਿਆ ਜਾ ਰਿਹਾ ਹੈ ਕਿ 2030 ਤੱਕ ਇਹ 19.3 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ।
ਸੋਫੀਆ ਮੌਲਸਨ ਮੁਤਾਬਕ, "ਜਦੋਂ ਮੈਂ ਆਪਣੀ ਖੁਰਾਕ ਵਿੱਚ ਪੌਦਿਆਂ 'ਤੇ ਅਧਾਰਤ ਪ੍ਰੋਟੀਨ ਪਾਊਡਰ ਨੂੰ ਸ਼ਾਮਲ ਕੀਤਾ, ਤਾਂ ਮੇਰੇ ਲਈ ਲੋੜੀਂਦਾ ਪ੍ਰੋਟੀਨ ਪ੍ਰਾਪਤ ਕਰਨਾ ਸੌਖਾ ਹੋ ਗਿਆ। ਸਮੇਂ ਦੇ ਨਾਲ, ਮੈਂ ਪ੍ਰੋਟੀਨ ਨਾਲ ਹੋਰ ਵੀ ਪ੍ਰਯੋਗ ਕੀਤੇ। ਪਰ ਮੈਂ ਪਾਇਆ ਕਿ ਲੀਨ ਪ੍ਰੋਟੀਨ ਮੇਰੇ ਲਈ ਸਭ ਤੋਂ ਵਧੀਆ ਕੰਮ ਕਰ ਰਿਹਾ ਹੈ ਕਿਉਂਕਿ ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ।"

ਤਸਵੀਰ ਸਰੋਤ, Getty Images
ਪ੍ਰੋਟੀਨ ਪਾਊਡਰ ਦੇ ਆਪਣੇ ਜੋਖਮ ਵੀ ਹਨ।
ਚੂਹਿਆਂ 'ਤੇ ਕੀਤੇ ਗਏ ਪ੍ਰਯੋਗਾਂ ਤੋਂ ਪਤਾ ਚੱਲਿਆ ਹੈ ਕਿ ਕਸਰਤ ਤੋਂ ਬਿਨਾਂ ਪ੍ਰੋਟੀਨ ਪਾਊਡਰ ਖਾਣ ਨਾਲ ਜਿਗਰ (ਲੀਵਰ) ਨੂੰ ਨੁਕਸਾਨ ਹੋ ਸਕਦਾ ਹੈ।
ਇਸ ਵੀ ਸਕਦਾ ਹੈ ਕਿ ਪ੍ਰੋਟੀਨ ਪਾਊਡਰ 'ਤੇ ਸਹੀ ਜਾਣਕਾਰੀ ਨਾ ਦਿੱਤੀ ਗਈ ਹੋਵੇ ਅਤੇ ਉਸ ਵਿੱਚ ਨੁਕਸਾਨਦੇਹ ਤੱਤ ਹੋਣ।
ਏਬੀ ਫਿਲਿਪਸ ਅਤੇ ਉਨ੍ਹਾਂ ਦੇ ਅਮਰੀਕੀ ਸਾਥੀਆਂ ਨੇ ਹਾਲ ਹੀ ਵਿੱਚ ਭਾਰਤ ਵਿੱਚ ਵੇਚੇ ਜਾਣ ਵਾਲੇ ਪ੍ਰੋਟੀਨ ਪਾਊਡਰਾਂ ਦਾ ਅਧਿਐਨ ਕੀਤਾ।
ਉਨ੍ਹਾਂ ਨੇ ਪਾਇਆ ਕਿ ਪਾਊਡਰ ਵਿੱਚ, ਲੇਬਲ 'ਤੇ ਦੱਸੇ ਗਏ ਪ੍ਰੋਟੀਨ ਨਾਲੋਂ ਘੱਟ ਜਾਂ ਵੱਧ ਪ੍ਰੋਟੀਨ ਸੀ। ਇਸ ਨਾਲ ਜ਼ਿਆਦਾ ਪ੍ਰੋਟੀਨ ਲੈਣ ਦਾ ਖ਼ਤਰਾ ਵਧ ਜਾਂਦਾ ਹੈ, ਜੋ ਕਿ ਜਿਗਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਪ੍ਰੋਟੀਨ ਪਾਊਡਰ ਵਿੱਚ ਸਾਡੇ ਅੰਦਾਜ਼ੇ ਨਾਲੋਂ ਜ਼ਿਆਦਾ ਜ਼ਹਿਰੀਲੇ ਪਦਾਰਥ ਵੀ ਹੋ ਸਕਦੇ ਹਨ। 2018 ਵਿੱਚ, ਕਲੀਨ ਲੇਬਲ ਪ੍ਰੋਜੈਕਟ ਨਾਮ ਦੀ ਇੱਕ ਸੰਸਥਾ ਨੇ ਅਮਰੀਕਾ ਵਿੱਚ ਵਿਕਣ ਵਾਲੇ ਪ੍ਰਸਿੱਧ ਬ੍ਰਾਂਡਾਂ ਦੇ ਪ੍ਰੋਟੀਨ ਪਾਊਡਰਾਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਸੀ।
ਇਸ ਦੌਰਾਨ, ਖੋਜਕਰਤਾਵਾਂ ਨੇ 130 ਕਿਸਮਾਂ ਦੇ ਜ਼ਹਿਰੀਲੇ ਪਦਾਰਥਾਂ ਲਈ 134 ਉਤਪਾਦਾਂ ਦੀ ਜਾਂਚ ਕੀਤੀ ਸੀ ਅਤੇ ਪਾਇਆ ਗਿਆ ਕਿ ਕਈ ਪ੍ਰੋਟੀਨ ਪਾਊਡਰਾਂ ਵਿੱਚ ਸੀਸਾ, ਆਰਸੈਨਿਕ, ਕੈਡਮੀਅਮ ਅਤੇ ਪਾਰਾ ਵਰਗੀਆਂ ਭਾਰੀ ਧਾਤਾਂ ਮੌਜੂਦ ਸਨ। ਇਨ੍ਹਾਂ ਦਾ ਸਿੱਧਾ ਸਬੰਧ ਕੈਂਸਰ ਜਾਂ ਹੋਰ ਸਰੀਰਕ ਬਿਮਾਰੀਆਂ ਨਾਲ ਹੋ ਸਕਦਾ ਹੈ। ਬਹੁਤ ਸਾਰੇ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਤਾਂ ਬਹੁਤ ਜ਼ਿਆਦਾ ਸੀ।
ਪੌਦਿਆਂ ਤੋਂ ਬਣੇ ਪ੍ਰੋਟੀਨ ਪਾਊਡਰਾਂ ਵਿੱਚ ਸਭ ਤੋਂ ਵੱਧ ਮਿਲਾਵਟ ਹੋ ਸਕਦੀ ਹੈ ਜਦਕਿ ਆਂਡੇ ਅਤੇ ਵੇਅ ਪ੍ਰੋਟੀਨ ਪਾਊਡਰ ਤੋਂ ਸਭ ਤੋਂ ਵੱਧ ਪ੍ਰੋਟੀਨ ਮਿਲਣ ਦੀ ਸੰਭਾਵਨਾ ਰਹਿੰਦੀ ਹੈ।
ਕਿਉਂਕਿ ਪ੍ਰੋਟੀਨ ਪਾਊਡਰ ਨੂੰ ਇੱਕ ਖੁਰਾਕ ਸਮੱਗਰੀ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਲਈ ਇਸਦੇ ਨਿਯਮ ਦਵਾਈਆਂ ਜਿੰਨੇ ਸਖ਼ਤ ਨਹੀਂ ਹਨ। ਇਸਨੂੰ ਅਮਰੀਕਾ ਅਤੇ ਬ੍ਰਿਟੇਨ ਵਿੱਚ ਖਾਣ ਦੀ ਇੱਕ ਚੀਜ਼ ਮੰਨਿਆ ਜਾਂਦਾ ਹੈ। ਇਸ ਨਾਲ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਉਨ੍ਹਾਂ (ਪ੍ਰੋਟੀਨ ਪਾਊਡਰਾਂ) ਦੀ ਸਹੀ ਨਿਗਰਾਨੀ ਨਹੀਂ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, Getty Images
ਪ੍ਰੋਟੀਨ ਸਰੋਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ
ਪਟੇਲ ਦਾ ਕਹਿਣਾ ਹੈ ਕਿ ਸਰੀਰ ਦੀਆਂ ਮਾਸਪੇਸ਼ੀਆਂ ਬਣਾਉਣ ਲਈ, ਸਿਰਫ਼ ਭੋਜਨ ਰਾਹੀਂ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰਨਾ ਸੰਭਵ ਹੈ। ਪਰ ਇਸ ਦੇ ਲਈ ਯੋਜਨਾ ਬਣਾਉਣੀ ਪਵੇਗੀ ਅਤੇ ਇਸ 'ਤੇ ਕੰਮ ਕਰਨਾ ਪਵੇਗਾ।
ਇਸ ਲੋੜ ਨੂੰ ਪੂਰਾ ਕਰਨ ਲਈ, ਤੁਹਾਨੂੰ ਖਾਣਾ ਖਾਂਦੇ ਸਮੇਂ ਆਪਣੀ ਪਲੇਟ ਵਿੱਚ ਪ੍ਰੋਟੀਨ ਦੇ ਸਰੋਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਉਹ ਕਹਿੰਦੇ ਹਨ, "ਸਾਨੂੰ ਹਰ ਵਾਰ ਦੇ ਖਾਣੇ ਵਿੱਚ ਘੱਟੋ-ਘੱਟ 20-30 ਗ੍ਰਾਮ ਪ੍ਰੋਟੀਨ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਂਡਾ ਇਸ ਲਈ ਇੱਕ ਚੰਗਾ ਸਰੋਤ ਹੈ। ਜੇਕਰ ਤੁਸੀਂ ਚੌਲਾਂ ਦੇ ਨਾਲ ਦਾਲ ਖਾਂਦੇ ਹੋ, ਤਾਂ ਇਹ ਵੀ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਹੈ।"

ਤਸਵੀਰ ਸਰੋਤ, Getty Images
ਪ੍ਰੋਟੀਨ ਪਾਊਡਰ ਲੈਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਜੇਕਰ ਤੁਸੀਂ ਆਪਣੀ ਖੁਰਾਕ ਵਿੱਚ ਪ੍ਰੋਟੀਨ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਪ੍ਰੋਟੀਨ ਸਪਲੀਮੈਂਟ ਲੈਣਾ ਚਾਹੁੰਦੇ ਹੋ, ਤਾਂ ਇਸਨੂੰ ਚੁਣਦੇ ਸਮੇਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ।
ਸਭ ਤੋਂ ਪਹਿਲਾਂ, ਤੁਹਾਨੂੰ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਨੂੰ ਮਹੱਤਵ ਦੇਣਾ ਚਾਹੀਦਾ ਹੈ ਜਿਸ ਵਿੱਚ ਬਾਹਰੀ ਚੀਜ਼ਾਂ ਨਾ ਦੇ ਬਰਾਬਰ ਹੋਣ।
ਫਿਲਿਪਸ ਕਹਿੰਦੇ ਹਨ ਕਿ ਬਲੇਂਡਿਡ ਪ੍ਰੋਟੀਨ ਤੋਂ ਦੂਰ ਰਹਿਣਾ ਚਾਹੀਦਾ ਹੈ।
ਅਮਰੀਕਾ ਦੇ ਦੱਖਣੀ ਕੈਰੋਲੀਨਾ ਦੀ ਇੱਕ ਡਾਇਟੀਸ਼ੀਅਨ, ਲੌਰੇਨ ਮੈਨੇਕਰ ਵੀ ਪਾਊਡਰ ਵਿੱਚ ਪ੍ਰੋਟੀਨ ਦੇ ਸਰੋਤ 'ਤੇ ਵਿਚਾਰ ਕਰਨ ਦੀ ਸਲਾਹ ਦਿੰਦੇ ਹਨ।
ਉਹ ਕਹਿੰਦੇ ਹਨ ਕਿ ਇਹ ਦੇਖਣਾ ਜ਼ਰੂਰੀ ਹੈ ਕਿ ਇਹ ਸੋਇਆ, ਪੌਦਿਆਂ ਜਾਂ ਜਾਨਵਰਾਂ ਦੇ ਪ੍ਰੋਟੀਨ ਤੋਂ ਬਣਿਆ ਹੈ ਜਾਂ ਨਹੀਂ। ਉਹ ਸੁਝਾਅ ਦਿੰਦੇ ਹਨ ਕਿ ਪ੍ਰੋਟੀਨ ਦਾ ਅਜਿਹਾ ਸਰੋਤ ਚੁਣੋ ਜੋ ਤੁਹਾਡੀ ਖਾਣੇ ਸਬੰਧੀ ਰੁਝਾਨ, ਐਲਰਜੀ ਜਾਂ ਸੰਵੇਦਨਸ਼ੀਲਤਾ ਦੇ ਅਨੁਕੂਲ ਹੋਵੇ।
ਅਕਸਰ ਕਸਰਤ ਕਰਨ ਤੋਂ ਬਾਅਦ 30 ਮਿੰਟ ਤੋਂ ਇੱਕ ਘੰਟੇ ਦੇ ਅੰਦਰ ਪ੍ਰੋਟੀਨ ਲੈਣ ਦੀ ਲਾਹ ਦਿੱਤੀ ਜਾਂਦੀ ਹੈ ਤਾਂ ਜੋ ਉਸ ਸਮੇਂ ਦੌਰਾਨ ਸਰੀਰ ਦੀ ਪੌਸ਼ਟਿਕ ਤੱਤਾਂ ਦੀ ਵਰਤੋਂ ਕਰਨ ਦੀ ਵਧੀ ਹੋਈ ਸਮਰੱਥਾ ਦਾ ਫਾਇਦਾ ਉਠਾਇਆ ਜਾ ਸਕੇ।
ਜ਼ਰੂਰਤ ਤੋਂ ਜ਼ਿਆਦਾ ਪ੍ਰੋਟੀਨ ਲੈਣਾ ਵੀ ਖਤਰਨਾਕ

ਤਸਵੀਰ ਸਰੋਤ, Getty Images
ਮਾਨੇਕਰ ਕਹਿੰਦੇ ਹਨ, "ਪ੍ਰੋਟੀਨ ਪਾਊਡਰ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਤੱਕ ਲੋਕਾਂ ਦੀ ਪਹੁੰਚ ਵਧੀ ਹੈ ਅਤੇ ਨਤੀਜੇ ਵਜੋਂ ਬਹੁਤ ਸਾਰੇ ਲੋਕ ਆਪਣੀ ਲੋੜ ਤੋਂ ਵੱਧ ਪ੍ਰੋਟੀਨ ਪ੍ਰਾਪਤ ਕਰਦੇ ਹਨ। ਮਿਸਾਲ ਵਜੋਂ, ਇੱਕ ਔਸਤ ਵਿਅਕਤੀ ਨੂੰ ਪ੍ਰਤੀ ਦਿਨ 45-56 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ।"
ਮਾਨੇਕਰ ਕਹਿੰਦੇ ਹਨ ਕਿ ਮਾਸਪੇਸ਼ੀਆਂ ਬਣਾਉਣ ਅਤੇ ਸਾਡੀ ਸਿਹਤ ਲਈ ਪ੍ਰੋਟੀਨ ਜ਼ਰੂਰੀ ਹੈ, ਪਰ ਬਹੁਤ ਜ਼ਿਆਦਾ ਪ੍ਰੋਟੀਨ ਦਾ ਸੇਵਨ ਵੀ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।
ਉਹ ਕਹਿੰਦੇ ਹਨ ਕਿ "ਲੰਬੇ ਸਮੇਂ ਤੱਕ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਦਾ ਸੇਵਨ ਗੁਰਦਿਆਂ 'ਤੇ ਅਸਰ ਪਾਉਂਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਗੁਰਦਿਆਂ ਦੀਆਂ ਸਮੱਸਿਆਵਾਂ ਹਨ, ਤਾਂ ਉਸ ਨੂੰ ਖਾਸ ਤੌਰ 'ਤੇ ਸਾਵਧਾਨ ਰਹਿਣ ਦੀ ਲੋੜ ਹੈ।"
ਇਸ ਤੋਂ ਇਲਾਵਾ, ਜ਼ਿਆਦਾ ਪ੍ਰੋਟੀਨ ਕਈ ਵਾਰ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਪੇਟ ਫੁੱਲਣਾ, ਗੈਸ ਅਤੇ ਕਬਜ਼ ਦਾ ਕਾਰਨ ਵੀ ਬਣ ਸਕਦਾ ਹੈ।
ਜਦੋਂ ਤੁਸੀਂ ਆਪਣੇ ਪ੍ਰੋਟੀਨ ਦੀ ਮਾਤਰਾ ਵਧਾਉਂਦੇ ਹੋ, ਤਾਂ ਤੁਹਾਨੂੰ ਆਪਣੇ ਸਰੀਰ ਦੀ ਪ੍ਰਤੀਕਿਰਿਆ 'ਤੇ ਵਧੇਰੇ ਧਿਆਨ ਦੇਣ ਦੀ ਲੋੜ ਹੁੰਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਗੁਣਵੱਤਾ ਵਾਲੇ ਕਾਰਬੋਹਾਈਡਰੇਟ, ਵਿਟਾਮਿਨ ਡੀ, ਮੈਗਨੀਸ਼ੀਅਮ, ਆਇਰਨ ਅਤੇ ਓਮੇਗਾ 3 ਫੈਟ ਵਰਗੇ ਪੌਸ਼ਟਿਕ ਤੱਤ ਸ਼ਾਮਲ ਕਰਨ ਦੀ ਲੋੜ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












