'ਮਿਸੇਜ਼' ਫ਼ਿਲਮ 'ਚ ਅਜਿਹਾ ਕੀ ਦਿਖਾਇਆ ਗਿਆ ਕਿ ਭਾਰਤ ਤੋਂ ਲੈ ਕੇ ਪਾਕਿਸਤਾਨ ਤੱਕ ਦੀਆਂ ਔਰਤਾਂ ਖ਼ੁਦ ਨਾਲ ਜੋੜ ਕੇ ਦੇਖ ਰਹੀਆਂ

ਤਸਵੀਰ ਸਰੋਤ, Social Media
- ਲੇਖਕ, ਤਾਬਿੰਦਾ ਕੌਕਬ
- ਰੋਲ, ਬੀਬੀਸੀ ਉਰਦੂ ਡੌਟ ਕੌਮ
"ਵੈਲਕਮ ਟੂ ਦਿ ਫੈਮਿਲੀ, ਅਬ ਆਪ ਹਮਾਰੀ ਬੇਟੀ ਹੋ।"
ਵਿਆਹ ਵਾਲੇ ਦਿਨ ਕੋਈ ਵੀ ਲਾੜੀ ਆਪਣੇ ਸਹੁਰੇ ਤੋਂ ਇਹ ਸੁਣ ਕੇ ਜ਼ਰੂਰ ਖੁਸ਼ ਹੋਵੇਗੀ ਅਤੇ ਆਉਣ ਵਾਲੇ ਦਿਨਾਂ ਲਈ ਬਹੁਤ ਆਤਮਵਿਸ਼ਵਾਸ ਵੀ ਮਹਿਸੂਸ ਕਰੇਗੀ। ਪਰ ਸ਼ਾਇਦ ਬਹੁਤ ਸਾਰੀਆਂ ਭਾਰਤੀ ਅਤੇ ਪਾਕਿਸਤਾਨੀ ਕੁੜੀਆਂ ਲਈ ਇਹ ਸਿਰਫ਼ ਇੱਕ ਟੁੱਟਿਆ ਹੋਇਆ ਸੁਪਨਾ ਹੀ ਸਾਬਤ ਹੋਵੇ।
ਇਹ ਡਾਇਲਾਗ ਇੱਕ ਅਜਿਹੀ ਫ਼ਿਲਮ ਦਾ ਹੈ ਜਿਸ ਨੂੰ ਪਿਛਲੇ ਕੁਝ ਦਿਨਾਂ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਅਤੇ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤਾ ਗਿਆ ਹੈ।
ਹਾਲਾਂਕਿ, ਫਿਲਮ 'ਮਿਸੇਜ਼' ਵਿੱਚ ਵਿਸ਼ਾ ਉਹੀ ਪੁਰਾਣਾ ਹੈ- ਵਿਆਹ ਤੋਂ ਬਾਅਦ ਸਹੁਰੇ ਘਰ ਕੁੜੀਆਂ 'ਤੇ ਜ਼ਿੰਮੇਵਾਰੀਆਂ ਦਾ ਬੋਝ, ਵਿਆਹ ਤੋਂ ਪਹਿਲਾਂ ਦੇ ਸੁਪਨਿਆਂ ਦਾ ਟੁੱਟਣਾ ਅਤੇ ਪਤੀ ਨਾਲ ਵਿਆਹੁਤਾ ਜੀਵਨ ਵਿੱਚ ਸਮੱਸਿਆਵਾਂ ਆਦਿ। ਪਰ ਇਹ ਫ਼ਿਲਮ ਇੱਕ ਸੰਯੁਕਤ ਪਰਿਵਾਰ ਵਿੱਚ ਅਰੇਂਜ ਮੈਰਿਜ ਬਾਰੇ ਕੁਝ ਸੱਚਾਈਆਂ ਨੂੰ ਬਿਆਨ ਕਰਦੀ ਹੈ।
ਫ਼ਿਲਮ ਦੇ ਕੁਝ ਦ੍ਰਿਸ਼ ਤਾਂ ਦਰਸ਼ਕਾਂ ਲਈ ਬਹੁਤ ਪਰੇਸ਼ਾਨ ਕਰਨ ਵਾਲੇ ਹਨ, ਫਿਰ ਵੀ ਬਹੁਤ ਸਾਰੀਆਂ ਔਰਤਾਂ ਉਨ੍ਹਾਂ ਵਿੱਚ ਆਪਣੀ ਜ਼ਿੰਦਗੀ ਦੀ ਝਲਕ ਦੇਖਦੀਆਂ ਹਨ।
ਇਸ ਫ਼ਿਲਮ ਵਿੱਚ ਜਿਸ ਸਮੱਸਿਆ ਨੂੰ ਉਜਾਗਰ ਕੀਤਾ ਗਿਆ ਹੈ, ਉਹ ਹੈ - ਪਤੀ-ਪਤਨੀ ਦੇ ਵਿਆਹੁਤਾ ਸਬੰਧ।

ਸੈਕਸ ਲਾਈਫ਼ ਵਿੱਚ ਅਸੰਵੇਦਨਸ਼ੀਲ ਰਵੱਈਆ
ਵਿਆਹ ਵਾਲੇ ਦਿਨ, ਰਿਚਾ ਅਤੇ ਉਸਦੇ ਪਤੀ ਦਿਵਾਕਰ ਵਿਚਕਾਰ ਭਾਵਨਾਤਮਕ ਅੰਤਰ ਸਾਫ਼ ਦਿਖਾਈ ਦਿੰਦਾ ਹੈ।
ਰਿਚਾ ਦੇ ਪਤੀ ਦਾ ਰੋਮਾਂਸ ਚਾਰ ਦਿਨਾਂ ਵਿੱਚ ਖਤਮ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹ ਰੋਜ਼ਾਨਾ ਦੇ ਅੰਦਾਜ਼ ਵਿੱਚ ਸਿਰਫ਼ ਸੈਕਸ ਲਈ ਉਸ ਕੋਲ ਆਉਂਦਾ ਹੈ।
ਫਿਲਮ ਵਿੱਚ ਦਿਵਾਕਰ ਨੂੰ ਇੱਕ ਮਹਿਲਾ ਰੋਗ ਮਾਹਿਰ (ਗਾਇਾਕੋਲੋਜਿਸਟ) ਵਜੋਂ ਦਿਖਾਇਆ ਗਿਆ ਹੈ ਪਰ ਜਿਨ੍ਹਾਂ ਲੋਕਾਂ ਨੇ ਫਿਲਮ ਦੇਖੀ ਹੈ, ਉਨ੍ਹਾਂ ਦੀ ਵੀ ਇਹੀ ਰਾਏ ਹੈ ਕਿ ਇੱਕ ਗਾਇਨਾਕੋਲੋਜਿਸਟ ਹੋਣ ਦੇ ਬਾਵਜੂਦ ਵੀ ਉਹ ਸੈਕਸ ਦੌਰਾਨ ਔਰਤ ਨੂੰ ਹੋਣ ਵਾਲੇ ਦਰਦ ਨੂੰ ਨਹੀਂ ਸਮਝਦਾ।
ਰਿਚਾ ਦੇ ਪਤੀ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਉਸਦੀ ਪਤਨੀ ਸਰੀਰਕ ਸਬੰਧ ਬਣਾਉਣ ਲਈ ਤਿਆਰ ਹੈ ਵੀ ਜਾਂ ਨਹੀਂ। ਇਸ ਕਰਕੇ ਹੀ ਰਿਚਾ ਉਸ ਨੂੰ ਇਹ ਕਹਿੰਦੀ ਦਿਖਾਈ ਦਿੰਦੀ ਹੈ ਕਿ ਉਹ ਸਿਰਫ਼ 'ਮਕੈਨੀਕਲ ਸੈਕਸ' ਨਹੀਂ ਕਰਨਾ ਚਾਹੁੰਦੀ।

ਤਸਵੀਰ ਸਰੋਤ, Getty Images
ਫਿਲਮ 'ਚ ਇੱਕ ਮੌਕੇ ਜਦੋਂ ਪਤੀ ਆਪਣੀ ਪਤਨੀ ਨੂੰ ਚੁੰਮਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਕਹਿੰਦੀ ਹੈ ਕਿ ਉਸ ਨੂੰ 'ਬਦਬੂ ਆ ਰਹੀ ਹੈ', ਜਿਸ 'ਤੇ ਪਤੀ ਵੀ ਅੱਗੋਂ ਕਹਿੰਦਾ ਹੈ, 'ਤੇਰੇ 'ਚੋਂ ਰਸੋਈ ਦੀ ਮਹਿਕ ਆ ਰਹੀ ਹੈ ਅਤੇ ਇਹ ਦੁਨੀਆਂ ਦੀ ਸਭ ਤੋਂ ਸੈਕਸੀ ਮਹਿਕ ਹੈ।'
ਪਰ ਕੁਝ ਸਮਾਂ ਬੀਤਣ ਮਗਰੋਂ ਜਦੋਂ ਪਤਨੀ ਪਿਆਰ ਕਰਨ ਅਤੇ ਫ਼ੌਰਪਲੇ ਲਈ ਕਹਿੰਦੀ ਹੈ ਤਾਂ ਇਹੀ ਪਤੀ ਉਸ 'ਤੇ 'ਸੈਕਸ ਐਕਸਪਰਟ' ਹੋਣ ਦਾ ਤੰਜ ਕੱਸਦਾ ਹੈ ਅਤੇ ਕਹਿੰਦਾ ਹੈ ਕਿ ਤੇਰੇ ਨਾਲ ਕੀ ਪਿਆਰ ਕਰਾਂ, ''ਤੇਰੇ 'ਚੋਂ ਹਰ ਵੇਲੇ ਰਸੋਈ ਦੀ ਬੂ ਆਉਂਦੀ ਹੈ।''
ਫ਼ਿਲਮ ਦੇ ਦਰਸ਼ਕਾਂ ਦਾ ਸੋਸ਼ਲ ਮੀਡੀਆ 'ਤੇ ਕਹਿਣਾ ਹੈ ਕਿ ਇਹ ਇੱਕ ਮਹੱਤਵਪੂਰਨ ਸਮੱਸਿਆ ਹੈ ਜਿਸ ਤੋਂ ਮਰਦ ਅਕਸਰ ਨਜ਼ਰ ਬਚਾਉਂਦੇ ਹਨ।
ਮੁੱਖ ਪਾਤਰ ਰਿਚਾ ਵਾਂਗ ਬਹੁਤ ਸਾਰੀਆਂ ਔਰਤਾਂ ਇਸੇ ਕਾਰਨ ਸੈਕਸ ਤੋਂ ਬਚਣ ਦੀ ਕੋਸ਼ਿਸ਼ ਕਰਦੀਆਂ ਹਨ ਕਿਉਂਕਿ ਇਸ ਰਿਸ਼ਤੇ ਵਿੱਚ ਮਰਦ ਵੱਲੋਂ ਰੋਮਾਂਟਿਕ ਪਹਿਲ ਘਟ ਜਾਂਦੀ ਹੈ ਅਤੇ ਘਰੇਲੂ ਕੰਮਾਂ ਤੋਂ ਥੱਕੀਆਂ ਔਰਤਾਂ ਹੋਰ ਥਕਾਵਟ ਤੋਂ ਬਚਣ ਲਈ ਕਮਰੇ ਵਿੱਚ ਹੀ ਨਹੀਂ ਜਾਂਦੀਆਂ।
ਬਿਲਕੁਲ ਉਸੇ ਤਰ੍ਹਾਂ ਜਿਵੇਂ ਫਿਲਮ ਵਿੱਚ, ਇੱਕ ਸੀਨ ਵਿੱਚ ਰਿਚਾ ਲਾਉਂਜ ਦੇ ਸੋਫੇ 'ਤੇ ਹੀ ਸੌਂ ਜਾਂਦੀ ਹੈ।

ਤਸਵੀਰ ਸਰੋਤ, Getty Images
ਸੈਕਸ ਬਾਰੇ ਔਰਤਾਂ ਦੀ ਦੁਵਿਧਾ
ਬ੍ਰਿਟੇਨ ਵਿੱਚ ਇੱਕ ਮਹਿਲਾ ਅਧਿਕਾਰ ਕਾਰਕੁਨ ਅਤੇ ਬੱਚਿਆਂ ਦੀ ਮਾਹਰ ਡਾਕਟਰ ਏਵਿਡ ਡੀਹਾਰ ਕਹਿੰਦੇ ਹਨ, "ਸਰੀਰਕ ਤੌਰ 'ਤੇ ਔਰਤਾਂ ਦੇ ਕਈ ਕੰਮ ਹੁੰਦੇ ਹਨ। ਮਾਹਵਾਰੀ ਚੱਕਰ ਦੌਰਾਨ ਔਰਤਾਂ ਦੇ ਹਾਰਮੋਨ ਉਤਰਾਅ-ਚੜ੍ਹਾਅ ਵਾਲੇ ਰਹਿੰਦੇ ਹਨ।"
ਡਾਕਟਰ ਏਵਿਡ ਕਹਿੰਦੇ ਹਨ ਕਿ ਹਾਰਮੋਨਜ਼ ਵਿੱਚ ਇਹ ਮਹੀਨਾਵਾਰ ਉਤਰਾਅ-ਚੜ੍ਹਾਅ ਸਰੀਰ ਵਿੱਚ ਉਦਾਸੀ, ਥਕਾਵਟ ਅਤੇ ਊਰਜਾ ਦੀ ਕਮੀ ਦਾ ਕਾਰਨ ਬਣ ਸਕਦਾ ਹੈ।
"ਅਤੇ ਅਜਿਹੀ ਸਥਿਤੀ ਵਿੱਚ, ਔਰਤਾਂ ਸੈਕਸ ਬਾਰੇ ਉਲਝਣ ਵਿੱਚ ਪੈ ਜਾਂਦੀਆਂ ਹਨ ਤੇ ਉਨ੍ਹਾਂ ਦੀ ਸੈਕਸ ਇੱਛਾ ਵਧ ਜਾਂ ਘਟ ਸਕਦੀ ਹੈ।"
ਉਨ੍ਹਾਂ ਮੁਤਾਬਕ, "ਇਸ ਲਈ ਜੇਕਰ ਇੱਕ ਪਤੀ ਆਪਣੀ ਪਤਨੀ ਦੇ ਸਰੀਰ ਅਤੇ ਰਵੱਈਏ ਵਿੱਚ ਇਨ੍ਹਾਂ ਤਬਦੀਲੀਆਂ ਨੂੰ ਸਹੀ ਸਮੇਂ 'ਤੇ ਸਮਝ ਸਕੇ ਤਾਂ ਉਹ ਆਪਣੇ ਜੀਵਨ ਸਾਥੀ ਨਾਲ ਇੱਕ ਬਿਹਤਰ ਜਿਨਸੀ ਸਬੰਧ ਬਣਾਈ ਰੱਖ ਸਕਦਾ ਹੈ।''
''ਔਰਤਾਂ ਦੇ ਸਰੀਰ ਵਿੱਚ ਹਾਰਮੋਨਾਂ ਦੀ ਅਸਥਿਰਤਾ ਦਾ ਮਤਲਬ ਹੈ ਕਿ ਉਹ ਹਮੇਸ਼ਾ ਜਿਨਸੀ ਸਬੰਧ ਬਣਾਉਣ ਲਈ ਤਿਆਰ ਨਹੀਂ ਹੋ ਸਕਦੀਆਂ।''
ਡਾਕਟਰ ਏਵਿਡ ਕਹਿੰਦੇ ਹਨ ਕਿ "ਅਜਿਹੀ ਸਥਿਤੀ ਵਿੱਚ ਔਰਤਾਂ ਨੂੰ ਸੈਕਸ ਕਰਨ ਲਈ ਮਜਬੂਰ ਕਰਨਾ ਖ਼ਤਰਨਾਕ ਹੋ ਸਕਦਾ ਹੈ ਅਤੇ ਇਸ ਨਾਲ ਉਨ੍ਹਾਂ ਦੇ ਜਣਨ ਅੰਗਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੁੰਦਾ ਹੈ।''
''ਇਸ ਤੋਂ ਇਲਾਵਾ, ਔਰਤਾਂ ਗੰਭੀਰ ਮਾਨਸਿਕ ਸਦਮੇ ਦਾ ਸ਼ਿਕਾਰ ਹੋ ਸਕਦੀਆਂ ਹਨ। ਅਤੇ ਫਿਰ ਇਸ ਤੋਂ ਠੀਕ ਹੋਣ ਲਈ, ਪ੍ਰਭਾਵਿਤ ਔਰਤਾਂ ਨੂੰ ਸਾਲਾਂ ਤੱਕ ਸਰੀਰਕ ਅਤੇ ਮਾਨਸਿਕ ਇਲਾਜ ਦੀ ਲੋੜ ਪੈ ਸਕਦੀ ਹੈ।"
ਪੁੱਤਰ ਅਤੇ ਨੂੰਹ ਪ੍ਰਤੀ ਵੱਖਰਾ ਰਵੱਈਆ
ਵਿਆਹ ਤੋਂ ਬਾਅਦ ਕੁੜੀ ਸਿਰਫ਼ ਘਰੇਲੂ ਕੰਮ ਹੀ ਕਰੇਗੀ, ਇਸ ਸੋਚ ਦਾ ਪਤਾ ਵਿਆਹ ਦੇ ਤੋਹਫ਼ਿਆਂ ਤੋਂ ਵੀ ਲੱਗਦਾ ਹੈ। ਜਿਵੇਂ ਇਸ ਫ਼ਿਲਮ ਦੇ ਕਿਰਦਾਰ ਰਿਚਾ ਨੂੰ ਜ਼ਿਆਦਾਤਰ ਰਸੋਈ ਦੀਆਂ ਚੀਜ਼ਾਂ ਹੀ ਤੋਹਫ਼ੇ ਵਜੋਂ ਮਿਲਦੀਆਂ ਹਨ।
ਰਿਚਾ ਵੀ ਆਪਣੇ ਸਹੁਰੇ ਅਤੇ ਪਤੀ ਦੀ ਖੁਸ਼ੀ ਲਈ, ਡਾਂਸ ਦੇ ਆਪਣੇ ਸ਼ੌਂਕ ਨੂੰ ਭੁੱਲ ਜਾਂਦੀ ਹੈ ਅਤੇ ਆਪਣੀ ਸੱਸ ਦੀ ਗੈਰਹਾਜ਼ਰੀ ਵਿੱਚ ਨਾ ਸਿਰਫ਼ ਘਰੇਲੂ ਕੰਮਾਂ ਵਿੱਚ ਰੁੱਝੀ ਰਹਿੰਦੀ ਹੈ, ਸਗੋਂ ਵਧੀਆ ਤੋਂ ਵਧੀਆ ਖਾਣਾ ਬਣਾਉਣ ਦੀ ਵੀ ਕੋਸ਼ਿਸ਼ ਕਰਦੀ ਹੈ।
ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਜੋ ਵੀ ਕਰਦੀ ਹੈ, ਉਸ ਦੇ ਕਿਸੇ ਕੰਮ ਦੀ ਕਦਰ ਨਹੀਂ ਹੁੰਦੀ। ਇੱਥੋਂ ਤੱਕ ਕਿ ਰਿਚਾ ਦੀ ਮਾਂ ਵੀ ਉਸ ਨੂੰ ਹਾਲਤ ਮੁਤਾਬਕ 'ਐਡਜਸਟ' ਹੋਣ ਲਈ ਕਹਿੰਦੀ ਹੈ।
ਇੱਕ ਮੌਕੇ, ਰਿਚਾ ਦਾ ਸਹੁਰਾ ਉਸ ਨੂੰ ਹੱਥ ਨਾਲ ਕੱਪੜੇ ਧੋਣ ਲਈ ਕਹਿੰਦਾ ਹੈ ਕਿਉਂਕਿ ਉਨ੍ਹਾਂ ਅਨੁਸਾਰ, ਮਸ਼ੀਨ 'ਚ ਕੱਪੜੇ ਧੋਣ ਨਾਲ ਪਸੀਨੇ ਦੇ ਦਾਗ ਨਹੀਂ ਹਟਦੇ।
ਫਿਲਮ ਦੇ ਦਰਸ਼ਕਾਂ ਲਈ ਵੀ ਉਹ ਦ੍ਰਿਸ਼ ਹੈਰਾਨ ਕਰਨ ਵਾਲਾ ਸੀ ਜਦੋਂ ਰਿਚਾ ਦਾ ਪਤੀ ਉਸ ਨੂੰ ਮਾਹਵਾਰੀ ਦੌਰਾਨ ਰਸੋਈ ਵਿੱਚ ਜਾਣ ਤੋਂ ਰੋਕਦਾ ਹੈ।
ਪਰ ਇਸਦਾ ਫਾਇਦਾ ਇਹ ਹੈ ਕਿ ਪੰਜ ਦਿਨਾਂ ਲਈ ਰਿਚਾ ਨੂੰ ਜ਼ਿੰਮੇਵਾਰੀਆਂ ਤੋਂ ਆਜ਼ਾਦੀ ਅਤੇ ਆਰਾਮ ਕਰਨ ਦਾ ਸਮਾਂ ਮਿਲ ਜਾਂਦਾ ਹੈ।
ਦੂਜੇ ਪਾਸੇ, ਛੂਤ-ਛਾਤ ਵਿੱਚ ਵਿਸ਼ਵਾਸ ਰੱਖਣ ਵਾਲੇ ਰਿਚਾ ਦੇ ਪਤੀ ਅਤੇ ਸੁਹਰੇ ਲਈ ਇਹ ਸਮਾਂ ਹੋਰ ਵੀ ਔਖਾ ਹੋ ਜਾਂਦਾ ਹੈ।

ਤਸਵੀਰ ਸਰੋਤ, Getty Images
ਭਾਰਤ ਅਤੇ ਨੇਪਾਲ ਦੇ ਕੁਝ ਇਲਾਕਿਆਂ ਵਿੱਚ, ਅਜੇ ਵੀ ਔਰਤਾਂ ਨੂੰ ਮਾਹਵਾਰੀ ਦੌਰਾਨ ਰਸੋਈ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ। ਸਗੋਂ ਕੁਝ ਇਲਾਕਿਆਂ ਵਿੱਚ ਤਾਂ ਉਨ੍ਹਾਂ ਨੂੰ ਘਰ ਦੀ ਚਾਰ ਦੀਵਾਰੀ ਤੋਂ ਵੀ ਬਾਹਰ ਕੱਢ ਦਿੱਤਾ ਜਾਂਦਾ ਹੈ।
ਰਿਚਾ ਕੰਮ ਦੀਆਂ ਮੁਸ਼ਕਲਾਂ ਤਾਂ ਝੱਲ ਜਾਂਦੀ ਹੈ ਪਰ ਉਸ ਵੇਲੇ ਉਦਾਸ ਹੋ ਜਾਂਦੀ ਹੈ ਜਦੋਂ ਉਸ ਨੂੰ ਨਾ ਸਿਰਫ਼ ਉਸਦੇ ਨੱਚਣ ਦੇ ਸ਼ੌਕ ਤੋਂ ਰੋਕਿਆ ਜਾਂਦਾ ਹੈ ਬਲਕਿ ਸੋਸ਼ਲ ਮੀਡੀਆ ਤੋਂ ਉਸ ਦੇ ਪੁਰਾਣੇ ਡਾਂਸ ਵੀਡੀਓਜ਼ ਨੂੰ ਡਿਲੀਟ ਕਰਨ ਲਈ ਵੀ ਕਿਹਾ ਜਾਂਦਾ ਹੈ।
ਇੱਕ ਸਮਾਂ ਆਉਂਦਾ ਹੈ ਜਦੋਂ ਰਿਚਾ ਨੂੰ ਅਹਿਸਾਸ ਹੁੰਦਾ ਹੈ ਕਿ ਕੁਝ ਵੀ ਕਰਨ ਦਾ ਕੋਈ ਮਤਲਬ ਨਹੀਂ ਹੈ ਅਤੇ ਉਹ ਘਰ ਛੱਡ ਕੇ ਚਲੀ ਜਾਂਦੀ ਹੈ। ਪਰ ਉਸ ਦੇ ਆਪਣੇ ਹੀ ਮਾਪੇ ਉਸ ਨੂੰ ਵਾਪਸ ਜਾਣ ਲਈ ਕਹਿੰਦੇ ਹਨ।
ਉਸ ਮੌਕੇ ਰਿਚਾ ਕਹਿੰਦੀ ਹੈ ਕਿ "ਤੁਹਾਡੇ ਵਰਗੇ ਮਾਪਿਆਂ ਨੇ ਆਪਣੇ ਪੁੱਤਰਾਂ ਨੂੰ ਵਿਗਾੜ ਰੱਖਿਆ ਹੈ। ਮੈਂ ਪੁੱਤਰ ਨਹੀਂ, ਮੈਂ ਇੱਕ ਧੀ ਹਾਂ। ਜਿਹੜੀ ਇੱਜ਼ਤ ਪੁੱਤਰਾਂ ਨੂੰ ਮਿਲਦਾ ਹੈ, ਉਹ ਧੀਆਂ ਨੂੰ ਵੀ ਮਿਲਣੀ ਚਾਹੀਦੀ ਹੈ।''
ਫਿਲਮ ਦੇ ਆਖਰੀ ਦ੍ਰਿਸ਼ ਵਿੱਚ, ਰਿਚਾ ਅਤੇ ਦਿਵਾਕਰ ਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੇ ਦਿਖਾਇਆ ਗਿਆ ਹੈ।
ਰਿਚਾ ਆਪਣੇ ਡਾਂਸ ਦੇ ਜਨੂੰਨ ਨੂੰ ਪੂਰਾ ਕਰਦੀ ਦਿਖਾਈ ਦਿੰਦੀ ਹੈ ਅਤੇ ਦਿਵਾਕਰ ਦੇ ਘਰ ਇੱਕ ਨਵੀਂ ਨੂੰਹ ਉਸੇ ਜੋਸ਼ ਅਤੇ ਮਿਹਨਤ ਵਿੱਚ ਰੁੱਝੀ ਹੋਈ ਦਿਖਾਈ ਦੇ ਰਹੀ ਹੈ ਜੋ ਕਦੇ ਰਿਚਾ ਦੀ ਜ਼ਿੰਦਗੀ ਦਾ ਹਿੱਸਾ ਸੀ।
'ਭਾਰਤ ਅਤੇ ਪਾਕਿਸਤਾਨ ਦੀਆਂ ਔਰਤਾਂ ਦੇ ਜੀਵਨ ਦਾ ਆਈਨਾ'

ਤਸਵੀਰ ਸਰੋਤ, Getty Images
ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ਾਂ ਵਿੱਚ ਸੋਸ਼ਲ ਮੀਡੀਆ ਉੱਤੇ ਇਸ ਫਿਲਮ ਬਾਰੇ ਚਰਚਾ ਹੋ ਰਹੀ ਹੈ।
ਇੱਕ ਪਾਸੇ, ਮੁੱਖ ਭੂਮਿਕਾਵਾਂ ਵਿੱਚ ਪੁਰਸ਼ ਕਲਾਕਾਰਾਂ ਦੀਆਂ ਤਸਵੀਰਾਂ ਦੇ ਨਾਲ, ਕਿਹਾ ਜਾ ਰਿਹਾ ਹੈ ਕਿ 'ਇਸ ਵੇਲੇ ਸਭ ਤੋਂ ਵੱਧ ਨਫ਼ਰਤ ਕੀਤੇ ਜਾਣ ਵਾਲੇ ਮਰਦ', ਦੂਜੇ ਪਾਸੇ, ਔਰਤਾਂ ਦੀਆਂ ਸਮੱਸਿਆਵਾਂ ਨੂੰ ਇੰਨੇ ਵਧੀਆ ਢੰਗ ਨਾਲ ਉਜਾਗਰ ਕਰਨ ਲਈ ਫਿਲਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਇੱਕ ਸੋਸ਼ਲ ਮੀਡੀਆ ਯੂਜ਼ਰ ਮਹਿਨਾਜ਼ ਅਖਤਰ ਨੇ ਕਮੈਂਟ ਕੀਤਾ, "ਜੇਕਰ ਤੁਸੀਂ ਇੱਕ ਘਰੇਲੂ ਮਹਿਲਾ ਹੋ, ਤਾਂ ਇਸ ਵਿੱਚ ਤੁਹਾਡੇ ਲਈ ਕੁਝ ਵੀ ਨਵਾਂ ਨਹੀਂ ਹੈ। ਜੀਵਨ 'ਚ 24×7 ਜੋ ਵੀ ਚੱਲ ਰਿਹਾ ਹੈ, ਸਕ੍ਰੀਨ 'ਤੇ ਕੀ ਦੇਖਣਾ, ਕਿਉਂ ਦੇਖਣਾ? ਹਾਂ, ਮਰਦਾਂ ਨੂੰ ਸਲਾਹ ਹੈ ਕਿ ਇਹ ਫ਼ਿਲਮ ਜ਼ਰੂਰ ਦੇਖਣ। ਅਜਿਹੀਆਂ ਫਿਲਮਾਂ ਖਾਸ ਤੌਰ 'ਤੇ ਮਰਦਾਂ ਲਈ ਹੀ ਬਣਾਈਆਂ ਜਾਂਦੀਆਂ ਹਨ।"
ਇਕਰਾ ਬਿੰਤ ਸਾਦਿਕ ਨਾਮ ਦੀ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ, "ਲੜਾਈ ਭਾਂਡੇ ਮਾਂਜਣ, ਚਟਨੀ ਕੁੱਟਣ ਜਾਂ ਘਰ ਦੀ ਸਫਾਈ ਖੁਦ ਕਰਨ ਦਾ ਨਹੀਂ ਹੈ! ਕਦੇ ਸੀ ਵੀ ਨਹੀਂ! ਲੜਾਈ ਬੱਸ ਇਹ ਹੈ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਆਪਣੀ ਜ਼ਿੰਦਗੀ ਵਿੱਚ ਕਿਸੇ ਲਈ ਇਹ ਭੂਮਿਕਾ ਚੁਣੀ ਹੈ... ਤਾਂ ਘੱਟੋ-ਘੱਟ ਉਸ ਨੂੰ ਇਸ ਨੂੰ ਨਿਭਾਉਣ ਲਈ ਇੱਜ਼ਤ ਤਾਂ ਦਿਓ।"

ਤਸਵੀਰ ਸਰੋਤ, Getty Images
ਮੋਮੀਨਾ ਅਨਵਰ ਨੇ ਟਿੱਪਣੀ ਕੀਤੀ, "ਮਿਸੇਜ਼ ਸਿਰਫ਼ ਇੱਕ ਫਿਲਮ ਨਹੀਂ ਹੈ, ਇਹ ਭਾਰਤੀ ਅਤੇ ਪਾਕਿਸਤਾਨੀ ਔਰਤਾਂ ਦੇ ਜੀਵਨ ਦਾ ਆਈਨਾ ਹੈ। ਇਹ ਇੱਕ ਅਜਿਹੀ ਫਿਲਮ ਹੈ ਜੋ ਹਰ ਮਰਦ ਅਤੇ ਔਰਤ ਨੂੰ ਦੇਖਣੀ ਚਾਹੀਦੀ ਹੈ। ਇਹ ਨਾ ਸਿਰਫ਼ ਸਾਡੇ ਸਮਾਜ ਦੀਆਂ ਕਠੋਰ ਹਕੀਕਤਾਂ ਨੂੰ ਉਜਾਗਰ ਕਰਦੀ ਹੈ ਸਗੋਂ ਸਾਨੂੰ ਇਹ ਸੋਚਣ ਲਈ ਵੀ ਮਜਬੂਰ ਕਰਦੀ ਹੈ ਕਿ ਰਿਸ਼ਤਿਆਂ ਵਿੱਚ ਸਤਿਕਾਰ, ਸਮਾਨਤਾ ਅਤੇ ਮਨੁੱਖਤਾ ਕਿੰਨੀ ਮਹੱਤਵਪੂਰਨ ਹੈ।"
ਪ੍ਰਸਾਦ ਕਦਮ ਨਾਮ ਦੇ ਇੱਕ ਉਪਭੋਗਤਾ ਨੇ ਕਿਹਾ, "ਮੈਨੂੰ ਯਾਦ ਹੈ, ਮੈਂ ਇੱਕ ਵਾਰ ਬਿਰਿਆਨੀ ਬਣਾਈ ਸੀ। ਮੇਰੇ ਮਾਂ-ਬਾਪ ਨੇ ਮੇਰੀ ਪ੍ਰਸ਼ੰਸਾ ਕੀਤੀ ਸੀ ਪਰ ਮੇਰੀ ਭੈਣ ਗੁੱਸੇ ਵਿੱਚ ਸੀ। ਉਸਨੇ ਬਹੁਤ ਮਿਹਨਤ ਕੀਤੀ ਸੀ ਜਦੋਂ ਕਿ ਮੈਂ ਸਿਰਫ਼ ਬਿਰਿਆਨੀ ਲਈ ਲੱਗਣ ਵਾਲੇ ਸਮਾਨ ਨੂੰ ਹੀ ਮਿਲਾਇਆ ਸੀ। ਮੈਂ ਰਸੋਈ ਵਿੱਚ ਗੰਦਗੀ ਫੈਲਾ ਦਿੱਤਾ, ਮੈਨੂੰ ਇਹ ਵੀ ਯਾਦ ਨਹੀਂ ਕਿ ਉਸ ਨੂੰ ਕਿਸਨੇ ਸਾਫ਼ ਕੀਤਾ ਸੀ। ਇਹ ਪੁਰਖ-ਪ੍ਰਧਾਨ ਸੋਚ ਭਾਰਤੀ ਘਰਾਂ ਦੀ ਹਕੀਕਤ ਹੈ। ਭਾਰਤੀ ਮਰਦਾਂ ਦੇ ਪਾਲਣ-ਪੋਸ਼ਣ ਵਿੱਚ ਕੁਝ ਠੀਕ ਨਹੀਂ ਹੈ।"
ਇੱਕ ਹੋਰ ਮਰਦ ਉਪਭੋਗਤਾ ਨੇ ਹਲਕੇ ਮੂਡ ਵਿੱਚ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਉਹ ਕਹਿ ਰਹੇ ਹਨ, "ਮੇਰੀ ਪਤਨੀ ਨੇ ਹੁਣੇ ਹੀ 'ਮਿਸੇਜ਼' ਫਿਲਮ ਦੇਖੀ ਹੈ ਅਤੇ ਉਹ ਮੂੰਹ ਫੁਲਾ ਕੇ ਬੈਠੀ ਹੈ। ਮੈਂ ਖਾਣਾ ਬਣਾਉਂਦਾ ਹਾਂ, ਹੁਣੇ ਆਲੂ ਦੇ ਪਰਾਂਠੇ ਬਣਾ ਰਿਹਾ ਹਾਂ। ਫ਼ਿਲਮ ਬਣਾਉਣ ਵਾਲਿਆਂ ਨੂੰ ਇਹ ਡਿਸਕਲੇਮਰ ਦੇਣਾ ਚਾਹੀਦਾ ਹੈ ਕਿ ਇਹ ਹਰ ਕਿਸੇ ਲਈ ਨਹੀਂ ਹੈ। ਸਾਰੀਆਂ ਔਰਤਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਅਤੇ ਸਾਰੇ ਮਰਦ ਇੱਕੋ ਜਿਹੇ ਨਹੀਂ ਹੁੰਦੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












