ਕਬੱਡੀ ਰਾਹੀਂ ਕੁੜੀਆਂ ਇੰਝ ਲੈ ਰਹੀਆਂ ਆਪਣੇ ਹੱਕ ਅਤੇ ਮਰਦਾਂ ਨੂੰ ਵੀ ਬਦਲਣੀ ਪਈ ਆਪਣੀ ਸੋਚ

- ਲੇਖਕ, ਅਨਘਾ ਪਾਠਕ
- ਰੋਲ, ਬੀਬੀਸੀ ਮਰਾਠੀ
ਮੀਨਾ ਦੀਆਂ ਅੱਖਾਂ ਬੜੀ ਤੇਜ਼ੀ ਨਾਲ ਉਸ ਪਲ ਦੀ ਭਾਲ ਕਰ ਰਹੀਆਂ ਹਨ ਜਦੋਂ ਉਹ ਵਿਰੋਧੀ ਟੀਮ ਨੂੰ ਪਟਕਣੀ ਦੇ ਸਕੇ।
ਉਹ ਕਬੱਡੀ ਖੇਡ ਰਹੀ ਹੈ, ਇੱਕ ਭਾਰਤੀ ਖੇਡ ਜੋ ਹੁਣ ਦੁਨੀਆਂ ਭਰ ਦੇ 50 ਤੋਂ ਵੱਧ ਦੇਸ਼ਾਂ ਵਿੱਚ ਖੇਡੀ ਜਾਂਦੀ ਹੈ।
ਕਬੱਡੀ ਦੀ ਖੇਡ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ ਹੈ, ਅਤੇ ਹਰੇਕ ਟੀਮ ਵਿੱਚ ਸੱਤ ਖਿਡਾਰੀ ਹੁੰਦੇ ਹਨ। ਹਰੇਕ ਖਿਡਾਰੀ ਨੇ ਵਿਰੋਧੀਆਂ ਦੀ ਪਿੱਚ ਦੇ ਅੱਧੇ ਹਿੱਸੇ ਵਿੱਚ ਵਾਰੀ-ਵਾਰੀ ਜਾ ਕੇ ਉਨ੍ਹਾਂ ਨੂੰ ਛੂਹ ਕੇ ਆਪਣੀ ਪਿਚ ਵਿੱਚ ਵਾਪਸ ਆਉਣਾ ਹੁੰਦਾ ਹੈ।
ਅਜਿਹੇ ਵਿੱਚ ਵਿਰੋਧੀ ਟੀਮ, ਉਸ ਖਿਡਾਰੀ ਨੂੰ ਆਪਣੀ ਪਿਚ ਵਿੱਚ ਹੀ ਰੋਕ ਕੇ ਤੇ ਪਟਕਣੀ ਦੇ ਕੇ ਬਾਹਰ ਕਰ ਸਕਦੀ ਹੈ।
ਪਰ 14 ਸਾਲਾ ਮੀਨਾ ਲਈ, ਇਹ ਮਹਿਜ਼ ਕੋਈ ਖੇਡ ਨਹੀਂ ਹੈ ਸਗੋਂ ਸੀਮਤ, ਪੇਂਡੂ ਜੀਵਨ ਤੋਂ ਛੁਟਕਾਰਾ ਦਿਵਾਉਣ ਅਤੇ ਨਵੀਂ ਦੁਨੀਆਂ 'ਚ ਜਾਣ ਦਾ ਮੌਕਾ ਹੈ।
ਮੀਨਾ ਸ਼ਰਮਾਉਂਦੇ ਹੋਏ ਅਤੇ ਸ਼ਬਦਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋਏ ਕਹਿੰਦੀ ਹੈ, "ਜਦੋਂ ਮੈਂ ਖੇਡਦੀ ਹਾਂ ਤਾਂ ਵੱਖਰਾ ਮਹਿਸੂਸ ਹੁੰਦਾ ਹੈ। ਉਸ ਪਲ, ਮੈਂ ਉਹ ਮੀਨਾ ਨਹੀਂ ਹੁੰਦੀ ਜੋ ਘਰੇਲੂ ਕੰਮਾਂ ਲਈ ਬੰਨ੍ਹੀ ਹੋਈ ਹੈ, ਦਬਾਅ ਅਤੇ ਉਮੀਦਾਂ ਦੇ ਭਾਰ ਹੇਠ ਦੱਬੀ ਹੋਈ ਹੈ। ਇਹ ਸਿਰਫ਼ ਮੈਂ ਅਤੇ ਵਿਰੋਧੀ ਹਾਂ... ਅਜਿਹਾ ਮਹਿਸੂਸ ਹੁੰਦਾ ਹੈ ਕਿ ਮੈਂ ਉਨ੍ਹਾਂ ਦੂਜੀਆਂ ਕੁੜੀਆਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹਾਂ ਜੋ ਨਹੀਂ ਖੇਡਦੀਆਂ।"

ਮੀਨਾ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਤੋਂ ਲਗਭਗ 230 ਕਿਲੋਮੀਟਰ ਦੂਰ ਇੱਕ ਛੋਟੇ ਜਿਹੇ ਕਬਾਇਲੀ ਪਿੰਡ ਕੁਸ਼ੋਡੀ ਦੇ ਬਾਹਰਵਾਰ ਰਹਿੰਦੀ ਹੈ, ਜਿੱਥੇ ਕੁੜੀਆਂ ਦੀ ਜ਼ਿੰਦਗੀ ਰਵਾਇਤੀ ਤੌਰ 'ਤੇ ਘਰੇਲੂ ਕੰਮਾਂ, ਵਿਆਹ ਅਤੇ ਬੱਚਿਆਂ ਦੇ ਆਲੇ-ਦੁਆਲੇ ਘੁੰਮਦੀ ਹੈ।
ਪਰ 15 ਸਾਲ ਪਹਿਲਾਂ, ਪਿੰਡ ਦੇ ਸਕੂਲ ਵਿੱਚ ਅਧਿਆਪਕਾਂ ਦੇ ਇੱਕ ਸਮੂਹ ਨੇ ਫੈਸਲਾ ਕੀਤਾ ਕਿ ਉਹ ਕੁੜੀਆਂ ਨੂੰ ਹੋਰ ਮੌਕੇ ਦੇਣਾ ਚਾਹੁੰਦੇ ਹਨ।
ਦਾਜੀ ਰਾਜਗੁਰੂ ਨੇ ਕੁੜੀਆਂ ਨੂੰ ਜ਼ਿੰਦਗੀ ਵਿੱਚ ਹੋਰ ਮੌਕੇ ਦੇਣ ਲਈ ਸਾਥੀਆਂ ਦੇ ਇੱਕ ਸਮੂਹ ਨਾਲ ਕਲੱਬ ਦੀ ਸਥਾਪਨਾ ਕੀਤੀ।
ਦਾਜੀ ਰਾਜਗੁਰੂ ਕਹਿੰਦੇ ਹਨ, "ਮੇਰੀ ਇੱਕ ਧੀ ਹੈ। ਮੈਂ ਚਾਹੁੰਦੀ ਹਾਂ ਕਿ ਉਹ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰੇ, ਸਭ ਤੋਂ ਵਧੀਆ ਜ਼ਿੰਦਗੀ ਜੀਵੇ, ਕੁਝ ਕਰੇ।''
"ਕੁੜੀਆਂ ਕਬੱਡੀ ਕਿਉਂ ਨਹੀਂ ਖੇਡ ਸਕਦੀਆਂ ਅਤੇ ਇਸ ਵਿੱਚ ਆਪਣਾ ਕਰੀਅਰ ਕਿਉਂ ਨਹੀਂ ਬਣਾ ਸਕਦੀਆਂ?"
ਇਸੇ ਸੋਚ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਦੋਸਤਾਂ ਨੇ, ਜੋ ਆਪਣੇ ਬਚਪਨ ਵਿੱਚ ਕਬੱਡੀ ਖੇਡਦੇ ਸਨ, ਸੋਚਿਆ ਕਿ ਸਥਾਨਕ ਕੁੜੀਆਂ ਨੂੰ ਕਬੱਡੀ ਖੇਡਣਾ ਸਿਖਾਉਣਾ ਇੱਕ ਚੰਗਾ ਵਿਚਾਰ ਹੋਵੇਗਾ।
ਉਨ੍ਹਾਂ ਨੇ ਆਪਣੀ ਬੱਚਤ - 5,000 ਰੁਪਏ ਇਕੱਠੇ ਕੀਤੀ ਅਤੇ ਸਕੂਲ ਨੂੰ ਆਪਣੀ ਜ਼ਮੀਨ ਵਰਤਣ ਲਈ ਮਨਾ ਲਿਆ, ਜਿਸ ਨਾਲ ਉਨ੍ਹਾਂ ਮੁਤਾਬਕ ਇਲਾਕੇ ਦਾ ਪਹਿਲਾ ਕੁੜੀਆਂ ਦਾ ਕਬੱਡੀ ਕਲੱਬ ਖੋਲ੍ਹਿਆ ਗਿਆ।
ਸ਼ੁਰੂ ਵਿੱਚ, ਸਕੂਲ ਵਿੱਚ ਪੜ੍ਹਦੀਆਂ ਸਿਰਫ਼ ਦੋ ਕੁੜੀਆਂ ਹੀ ਸ਼ਾਮਲ ਹੋਈਆਂ।
ਉਹ ਕਹਿੰਦੇ ਹਨ, "ਮਾਪੇ ਆਪਣੀਆਂ ਕੁੜੀਆਂ ਨੂੰ ਕਬੱਡੀ ਖੇਡਣ ਦੇਣ ਲਈ ਤਿਆਰ ਨਹੀਂ ਸਨ ਕਿਉਂਕਿ ਇਸ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਬਹੁਤ ਸਾਰਾ ਸਮਾਂ ਘਰ ਤੋਂ ਦੂਰ ਬਿਤਾਉਣਾ ਪਵੇਗਾ। ਉਹ ਇਸ ਗੱਲ ਤੋਂ ਵੀ ਚਿੰਤਤ ਸਨ ਕਿ ਇਹ ਉਨ੍ਹਾਂ ਦੀ ਧੀ ਦੇ ਵਿਆਹ 'ਚ ਵੀ ਦਿੱਕਤ ਆ ਸਕਦੀ ਹੈ।''
ਕਿਉਂਕਿ ਰਵਾਇਤੀ ਪਰਿਵਾਰ ਕੁੜੀਆਂ ਦੇ ਬਾਹਰ ਜਾਣ ਅਤੇ ਦੇਰ ਨਾਲ ਘਰ ਆਉਣ ਨੂੰ ਪਸੰਦ ਨਹੀਂ ਕਰਦੇ।
ਦਾਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਘਰ-ਘਰ ਜਾ ਕੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਧੀਆਂ ਸਕੂਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਿਖਲਾਈ ਸੈਸ਼ਨਾਂ ਵਿੱਚ ਕਬੱਡੀ ਖੇਡਣ ਸਮੇਂ ਸੁਰੱਖਿਅਤ ਰਹਿਣਗੀਆਂ।
ਉਨ੍ਹਾਂ ਨੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਕੁੜੀਆਂ 'ਤੇ ਪੂਰੀ ਨਜ਼ਰ ਰੱਖਣਗੇ ਅਤੇ ਉਨ੍ਹਾਂ ਨੂੰ ਮੁੰਡਿਆਂ ਵੱਲ ਭਟਕਣ ਨਹੀਂ ਦੇਣਗੇ।
ਕਬੱਡੀ ਟੀਮ ਦੀਆਂ ਕੁੜੀਆਂ ਸਕੂਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਰ ਰੋਜ਼ ਸਿਖਲਾਈ ਲੈਂਦੀਆਂ ਹਨ।

ਸ਼ੁਰੂ ਵਿੱਚ, ਅਧਿਆਪਕ ਕੁੜੀਆਂ ਨੂੰ ਆਪ ਉਨ੍ਹਾਂ ਦੇ ਘਰਾਂ ਤੋਂ ਲੈਂਦੇ ਸਨ ਅਤੇ ਫਿਰ ਛੱਡ ਕੇ ਵੀ ਆਉਂਦੇ ਸਨ, ਪਰ ਜਿਵੇਂ-ਜਿਵੇਂ ਕੁੜੀਆਂ ਦੀ ਗਿਣਤੀ ਵਧਦੀ ਗਈ, ਉਹ ਹੁਣ ਅਜਿਹਾ ਨਹੀਂ ਕਰ ਸਕਦੇ।
ਹੁਣ, ਕਲੱਬ ਵਿੱਚ ਲਗਭਗ 30 ਕੁੜੀਆਂ ਹਨ ਅਤੇ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਜਦੋਂ ਤੋਂ ਉਨ੍ਹਾਂ ਕੋਚਿੰਗ ਸ਼ੁਰੂ ਕੀਤੀ ਹੈ, ਲਗਭਗ 300 ਕੁੜੀਆਂ ਨੇ ਉਨ੍ਹਾਂ ਕੋਲੋਂ ਸਿਖਲਾਈ ਲਈ ਹੈ, ਜਿਸ ਵਿੱਚ ਦਾਜੀ ਦੀ ਆਪਣੀ ਧੀ ਵੀ ਸ਼ਾਮਲ ਹੈ।
ਕੁਝ ਕੁੜੀਆਂ ਸੱਤ ਸਾਲ ਦੀ ਉਮਰ ਵਿੱਚ ਹੀ ਖੇਡਣਾ ਸ਼ੁਰੂ ਕਰ ਦਿੰਦੀਆਂ ਹਨ।
ਕਲੱਬ ਦੇ ਬਾਕੀ ਮੈਂਬਰਾਂ ਵਾਂਗ, ਮੀਨਾ ਸਕੂਲ ਤੋਂ ਦੋ ਘੰਟੇ ਪਹਿਲਾਂ ਅਤੇ ਕਲਾਸਾਂ ਖਤਮ ਹੋਣ ਤੋਂ ਦੋ ਘੰਟੇ ਬਾਅਦ ਸਿਖਲਾਈ ਲੈਂਦੀ ਹੈ। ਉਸਨੂੰ ਸਵੇਰੇ ਘਰੋਂ ਨਿਕਲਣਾ ਪੈਂਦਾ ਹੈ ਅਤੇ ਸ਼ਾਮ ਤੱਕ ਵਾਪਸ ਨਹੀਂ ਆਉਂਦੀ।
ਉਹ ਕਹਿੰਦੀ ਹੈ, "ਮੈਂ ਇਕੱਲੀ ਜਾਂਦੀ ਹਾਂ ਅਤੇ ਸਵੇਰੇ ਹਨੇਰਾ ਹੁੰਦਾ ਹੈ। ਮੈਨੂੰ ਡਰ ਸੀ ਕਿ ਕੋਈ ਮੇਰੇ ਨਾਲ ਕੁਝ ਕਰ ਸਕਦਾ ਹੈ। ਮੇਰੇ ਪਰਿਵਾਰ ਨੇ ਉਦੋਂ ਮੇਰਾ ਸਾਥ ਨਹੀਂ ਦਿੱਤਾ ਅਤੇ ਅੱਜ ਵੀ ਉਹ ਮੇਰੇ ਖਿਡਾਰੀ ਬਣਨ ਦੇ ਫੈਸਲੇ ਤੋਂ ਨਾਖੁਸ਼ ਹਨ।"
ਪਰ ਮੀਨਾ ਦ੍ਰਿੜ ਹੈ ਅਤੇ ਕਲੱਬ ਦੇ ਉਨ੍ਹਾਂ ਮੈਂਬਰਾਂ ਤੋਂ ਪ੍ਰੇਰਿਤ ਹੈ, ਜਿਨ੍ਹਾਂ ਨੇ ਸਾਲਾਂ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਸੂਬਾ ਟੀਮਾਂ ਜਾਂ ਸਥਾਨਕ ਲੀਗਾਂ ਵਿੱਚ ਸ਼ਾਮਲ ਹੋਏ ਹਨ।
ਸਿੱਧੀ ਚਲਕੇ ਅਤੇ ਸਮਰੀਨ ਬੁਰਾਂਦਕਰ, ਦੋਵੇਂ ਕੁੜੀਆਂ ਦੇ ਪਹਿਲੇ ਬੈਚ ਵਿੱਚੋਂ ਸਨ ਜਿਨ੍ਹਾਂ ਨੇ ਕਲੱਬ ਵਿੱਚ ਲਗਭਗ ਅੱਠ ਸਾਲਾਂ ਤੱਕ ਸਿਖਲਾਈ ਲਈ।
ਹੁਣ, 25 ਸਾਲ ਦੀ ਉਮਰ ਵਿੱਚ ਉਹ ਇੱਕ ਪੇਸ਼ੇਵਰ ਲੀਗ ਖਿਡਾਰਨ ਹਨ ਅਤੇ ਵਿੱਤੀ ਤੌਰ 'ਤੇ ਸੁਤੰਤਰ ਹਨ।
ਸ਼ੁਰੂ ਵਿੱਚ, ਉਨ੍ਹਾਂ ਦੇ ਪਰਿਵਾਰਾਂ ਨੇ ਸੋਚਿਆ ਕਿ ਕਬੱਡੀ ਖੇਡਣਾ ਇੱਕ ਅਜਿਹਾ ਪੜਾਅ ਹੈ ਜੋ ਲੰਘ ਜਾਵੇਗਾ, ਅਤੇ ਜਦੋਂ ਕੁੜੀਆਂ ਨੇ ਇਸ ਨੂੰ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ, ਤਾਂ ਉਨ੍ਹਾਂ ਦੇ ਮਾਪੇ ਖੁਸ਼ ਨਹੀਂ ਸਨ।
ਉਨ੍ਹਾਂ 'ਤੇ ਅਜੇ ਵੀ ਵਿਆਹ ਕਰਨ ਦਾ ਦਬਾਅ ਹੈ, ਪਰ ਨਾਲ ਹੀ ਉਨ੍ਹਾਂ ਦੇ ਪਰਿਵਾਰ ਇਸ ਗੱਲ 'ਤੇ ਮਾਣ ਕਰਦੇ ਹਨ ਕਿ ਕੁੜੀਆਂ ਚੰਗਾ ਕਰ ਰਹੀਆਂ ਹਨ।
ਕਬੱਡੀ ਨੇ ਸਮਰੀਨ ਬੁਰਾਂਡਕਰ ਦੀ ਜ਼ਿੰਦਗੀ ਦਾ ਰੁਖ਼ ਹੀ ਬਦਲ ਦਿੱਤਾ ਅਤੇ ਉਨ੍ਹਾਂ ਨੂੰ ਵਿੱਤੀ ਤੌਰ 'ਤੇ ਸੁਤੰਤਰ ਬਣਨ ਵਿੱਚ ਮਦਦ ਕੀਤੀ।
ਸਮਰੀਨ ਕਹਿੰਦੇ ਹਨ, "ਮੇਰੇ ਪਰਿਵਾਰ ਵਿੱਚ ਕੋਈ ਵੀ ਮੇਰੇ ਜਿੰਨਾ ਨਹੀਂ ਕਮਾਉਂਦਾ। ਮੈਂ ਹੁਣ ਇੱਕ ਵੱਡੇ ਸ਼ਹਿਰ ਵਿੱਚ ਰਹਿੰਦੀ ਹਾਂ ਅਤੇ ਮੈਨੂੰ ਆਪਣੀਆਂ ਚੋਣਾਂ ਖੁਦ ਕਰਨ ਦਾ ਅਧਿਕਾਰ ਹੈ। ਮੇਰੇ ਭਾਈਚਾਰੇ ਵਿੱਚ ਕੁੜੀਆਂ ਲਈ ਆਪਣੀ ਪਸੰਦ ਮੁਤਾਬਕ ਰਹਿਣਾ ਔਖਾ ਹੈ। ਮੈਂ ਇੱਥੇ ਸਿਰਫ਼ ਕਬੱਡੀ ਕਰਕੇ ਹੀ ਹਾਂ।''
ਸਿੱਧੀ ਵੀ ਸਮਰੀਨ ਵਾਲੀ ਟੀਮ ਵਿੱਚ ਖੇਡਦੇ ਹਨ - ਉਨ੍ਹਾਂ ਦੀ ਦੋਸਤੀ ਕਬੱਡੀ ਰਾਹੀਂ ਸ਼ੁਰੂ ਹੋਈ ਸੀ। ਉਨ੍ਹਾਂ ਨੇ ਮੁਕਾਬਲਿਆਂ, ਤਗਮੇ ਜਿੱਤਣ ਅਤੇ ਚੈਂਪੀਅਨਸ਼ਿਪਾਂ ਲਈ ਪੂਰੇ ਭਾਰਤ ਦੀ ਯਾਤਰਾ ਕੀਤੀ ਹੈ।
ਸਿੱਧੀ ਕਹਿੰਦੇ ਹਨ, "ਮੈਂ ਇਹ ਸਿਰਫ ਕਬੱਡੀ ਕਰਕੇ ਹੀ ਕਰ ਸਕੀ। ਨਹੀਂ ਤਾਂ ਮੇਰਾ ਵਿਆਹ ਹੋ ਜਾਂਦਾ ਅਤੇ ਮੈਂ ਆਪਣੇ ਪਤੀ ਦੇ ਘਰ ਭਾਂਡੇ ਧੋ ਰਹੀ ਹੁੰਦੀ।"
ਉਹ ਦੋਵੇਂ ਹੱਸਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਉਹ ਅਜਿਹੀ ਕਿਸਮਤ ਤੋਂ ਬਚ ਗਈਆਂ।

ਭਾਰਤ ਵਿੱਚ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਖਿਡਾਰੀਆਂ ਨੂੰ ਜਨਤਕ ਖੇਤਰ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਿੱਚ ਵੀ ਮਦਦ ਕਰ ਕਰਦਾ ਹੈ।
ਭਾਰਤੀ ਸੂਬੇ, ਖੇਡਾਂ ਵਿੱਚ ਉੱਚ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਨੌਕਰੀਆਂ ਦਿੰਦੇ ਹਨ, ਜਿਸ ਨਾਲ ਖਿਡਾਰੀ ਦੇ ਸਰਗਰਮ ਖੇਡਣ ਦੇ ਸਾਲ ਖਤਮ ਹੋਣ ਤੋਂ ਬਾਅਦ ਵੀ ਆਮਦਨ ਦੀ ਗਰੰਟੀ ਮਿਲਦੀ ਹੈ।
ਬਹੁਤ ਸਾਰੀਆਂ ਪੇਂਡੂ ਕੁੜੀਆਂ ਇਨ੍ਹਾਂ ਨੌਕਰੀਆਂ ਰਾਹੀਂ ਆਰਥਿਕ ਸੁਤੰਤਰਤਾ ਪ੍ਰਾਪਤ ਕਰਨ ਦੇ ਸੁਪਨੇ ਨਾਲ ਖੇਡਾਂ ਨੂੰ ਅਪਣਾਉਂਦੀਆਂ ਹਨ। ਇਹ ਉਨ੍ਹਾਂ ਨੂੰ ਸਮਾਜ ਵਿੱਚ ਵਧੇਰੇ ਸਤਿਕਾਰ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਇੱਕ ਪਛਾਣ ਵੀ ਮਿਲਦੀ ਹੈ।
ਕਲੱਬ ਦੇ ਯੁਵਾ ਕੋਚ ਵਿਲਾਸ ਬੇਂਦਰੇ ਕਹਿੰਦੇ ਹਨ, "ਜਦੋਂ ਅਸੀਂ ਸਪੋਰਟਸ ਕਲੱਬ ਸ਼ੁਰੂ ਕੀਤਾ ਸੀ ਤਾਂ ਕਿਸੇ ਨੇ ਵੀ ਇਨ੍ਹਾਂ ਕੁੜੀਆਂ ਨੂੰ ਕੋਈ ਮਹੱਤਵ ਨਹੀਂ ਦਿੱਤਾ। ਉਹ ਹਮੇਸ਼ਾ ਆਪਣੇ ਘਰਾਂ ਵਿੱਚ, ਸਮਾਜ ਵਿੱਚ ਦੂਜੇ ਦਰਜੇ ਦੀਆਂ ਨਾਗਰਿਕ ਸਨ।"
"ਪਰ ਸਾਨੂੰ ਅਹਿਸਾਸ ਹੋਇਆ ਕਿ ਜਦੋਂ ਪੇਂਡੂ ਕੁੜੀਆਂ ਖੇਡਾਂ ਰਾਹੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੀਆਂ ਹਨ, ਤਾਂ ਉਨ੍ਹਾਂ ਦੀ ਜ਼ਿੰਦਗੀ ਬਹੁਤ ਬਦਲ ਜਾਂਦੀ ਹੈ। ਉਨ੍ਹਾਂ ਦਾ ਬੋਲਣ ਦਾ ਤਰੀਕਾ, ਆਪਣੇ ਆਪ ਨੂੰ ਸੰਭਾਲਣ ਦਾ ਤਰੀਕਾ, ਉਨ੍ਹਾਂ ਦੀ ਜੀਵਨ ਸ਼ੈਲੀ, ਸਭ ਕੁਝ ਬਦਲ ਜਾਂਦਾ ਹੈ।"
ਕਲੱਬ ਨੂੰ ਕਬੱਡੀ ਟੂਰਨਾਮੈਂਟਾਂ ਤੋਂ ਪ੍ਰਾਪਤ ਇਨਾਮੀ ਰਾਸ਼ੀ ਤੋਂ ਫੰਡ ਮਿਲਦਾ ਹੈ।

ਕਲੱਬ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਕਲੱਬ ਦੀਆਂ ਕੁੜੀਆਂ ਪੇਸ਼ੇਵਰ ਖਿਡਾਰੀ ਨਹੀਂ ਬਣਦੀਆਂ, ਫਿਰ ਵੀ ਉਨ੍ਹਾਂ ਨੇ ਵੱਡੇ ਬਦਲਾਅ ਹੁੰਦੇ ਦੇਖੇ ਹਨ।
ਇੱਕ ਮੈਂਬਰ ਨੇ ਕਿਹਾ ਕਿ ਮੈਂ ਇੱਥੇ ਆਉਣ ਵਾਲੀਆਂ ਕੁੜੀਆਂ ਵਿੱਚ ਆਤਮਵਿਸ਼ਵਾਸ ਵਧਦਾ ਦੇਖਿਆ ਹੈ। ਇਹ ਕੁੜੀਆਂ ਆਪਣੇ ਪਰਿਵਾਰਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਸਫਲ ਰਹੀਆਂ ਹਨ ਕਿ ਉਹ ਯੂਨੀਵਰਸਿਟੀ ਜਾ ਸਕਦੀਆਂ ਹਨ।
ਇਸ ਤਰ੍ਹਾਂ ਉਹ ਬਾਲ ਵਿਆਹ ਤੋਂ ਵੀ ਬਚ ਜਾਂਦੀਆਂ ਹਨ।
ਅਤੇ, ਇਸ ਸਭ ਦੇ ਵਿਚਕਾਰ, ਭਾਈਚਾਰੇ ਨੇ ਆਪਣੇ ਮਨ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਹਨ। ਹੁਣ, ਉਸਨੂੰ ਕੁੜੀਆਂ ਦੇ ਦੌੜਨ, ਅਭਿਆਸ ਕਰਨ, ਕਸਰਤ ਕਰਨ ਬਾਰੇ ਹੁਣ ਕੋਈ ਦਿੱਕਤ ਨਹੀਂ। ਇਹ ਹੁਣ ਉਨ੍ਹਾਂ ਲਈ ਆਮ ਹੁੰਦਾ ਜਾ ਰਿਹਾ ਹੈ।

ਇਸ ਕਲੱਬ ਨੂੰ ਫੰਡ ਕਈ ਤਰੀਕਿਆਂ ਨਾਲ ਮਿਲਦਾ ਹੈ। ਇਸ ਦੀ ਫੰਡਿੰਗ ਕੋਚਾਂ, ਮੁਕਾਬਲਿਆਂ ਵਿੱਚ ਜਿੱਤੀ ਗਈ ਨਕਦੀ ਅਤੇ ਚੰਦੇ ਦੁਆਰਾ ਕੀਤੀ ਜਾਂਦੀ ਹੈ। ਇਸ ਕਲੱਬ ਵਿੱਚ ਸ਼ਾਮਲ ਜ਼ਿਆਦਾਤਰ ਕੁੜੀਆਂ ਪਿੱਛੜੇ ਪਰਿਵਾਰਾਂ ਤੋਂ ਹਨ। ਉਨ੍ਹਾਂ ਨੂੰ ਇੱਥੇ ਕੋਈ ਫੀਸ ਨਹੀਂ ਦੇਣੀ ਪੈਂਦੀ।
ਇਹ ਕਲੱਬ ਗਰਮੀਆਂ ਦੇ ਮਹੀਨਿਆਂ ਦੌਰਾਨ ਸਕੂਲਾਂ ਵਿੱਚ ਰਿਹਾਇਸ਼ੀ ਖੇਡ ਕੈਂਪ ਵੀ ਚਲਾਉਂਦਾ ਹੈ, ਜਿੱਥੇ ਅੰਡੇ, ਕੇਲੇ ਅਤੇ ਦੁੱਧ ਵਰਗੀਆਂ ਖਾਣ-ਪੀਣ ਦੀਆਂ ਚੀਜ਼ਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਕਲੱਬ ਕਈ ਵਾਰ ਖਿਡਾਰੀਆਂ ਦੀਆਂ ਸੱਟਾਂ ਦਾ ਇਲਾਜ ਆਪਣੇ ਫੰਡਾਂ ਤੋਂ ਵੀ ਕਰਵਾਉਂਦਾ ਹੈ।
ਸਮੇਂ ਦੇ ਨਾਲ, ਮਾਪਿਆਂ ਦਾ ਡਰ ਵੀ ਦੂਰ ਹੋ ਗਿਆ ਹੈ। ਪਰ ਅਜਿਹਾ ਨਹੀਂ ਹੈ ਕਿ ਹਰ ਕੋਈ ਇਸ ਕਲੱਬ ਬਾਰੇ ਚੰਗੀਆਂ ਗੱਲਾਂ ਹੀ ਕਰਦਾ ਹੋਵੇ।
ਰਾਜਗੁਰੂ ਇਸ ਬਾਰੇ ਕਹਿੰਦੇ ਹਨ, "ਲੋਕ ਇੱਥੇ ਅਤੇ ਉੱਥੇ ਬਹੁਤ ਸਾਰੀਆਂ ਗੱਲਾਂ ਕਹਿੰਦੇ ਹਨ। ਜਿਵੇਂ ਕਿ ਤੁਸੀਂ ਮੁੰਡਿਆਂ ਨੂੰ ਕੋਚਿੰਗ ਕਿਉਂ ਨਹੀਂ ਦਿੰਦੇ। ਪਰ ਮੇਰਾ ਮੰਨਣਾ ਹੈ ਕਿ ਮੁੰਡਿਆਂ ਲਈ ਪਹਿਲਾਂ ਹੀ ਕਾਫ਼ੀ ਮੌਕੇ ਹਨ। ਕੁੜੀਆਂ ਦੀ ਗੱਲ ਆਉਂਦੀ ਹੈ ਤਾਂ ਅਜਿਹੇ ਮੌਕੇ ਘੱਟ ਮਿਲਦੇ ਹਨ।"
ਉਹ ਕਹਿੰਦੇ ਹਨ, "ਅਸੀਂ ਇਨ੍ਹਾਂ ਕੁੜੀਆਂ ਲਈ ਸਿਰਫ਼ ਕੋਚ ਨਹੀਂ ਹਾਂ, ਸਮੇਂ-ਸਮੇਂ 'ਤੇ ਅਸੀਂ ਸਰਪ੍ਰਸਤ, ਸਲਾਹਕਾਰ, ਅਨੁਸ਼ਾਸਨ ਦੇਣ ਵਾਲੇ ਦੀ ਭੂਮਿਕਾ ਨਿਭਾਉਂਦੇ ਹਾਂ, ਉਨ੍ਹਾਂ ਨੂੰ ਸਿੱਖਣ ਅਤੇ ਸੱਭਿਅਕ ਢੰਗ ਨਾਲ ਵਿਵਹਾਰ ਕਰਨ ਵਿੱਚ ਮਦਦ ਕਰਦੇ ਹਾਂ। ਅਸੀਂ ਉਨ੍ਹਾਂ ਦੀ ਮਦਦ ਕਰਦੇ ਹਾਂ ਤਾਂ ਜੋ ਉਹ ਸਹੀ ਫੈਸਲਾ ਲੈਣ ਦੇ ਯੋਗ ਬਣ ਸਕਣ।''
ਮੀਨਾ ਖੇਡਾਂ ਵਿੱਚ ਉਪਲੱਭਧ ਮੌਕਿਆਂ ਤੋਂ ਜਾਣੂ ਹੈ। ਉਹ ਕਹਿੰਦੀ ਹੈ, "ਮੈਂ ਸਭ ਤੋਂ ਵਧੀਆ ਰੇਡਰ ਬਣਨਾ ਚਾਹੁੰਦੀ ਹਾਂ ਅਤੇ ਭਾਰਤੀ ਟੀਮ ਦੀ ਕਬੱਡੀ ਕਪਤਾਨ ਬਣਨਾ ਚਾਹੁੰਦੀ ਹਾਂ।"
ਮੀਨਾ ਦਾ ਸੁਪਨਾ ਤਗਮੇ, ਚੈਂਪੀਅਨਸ਼ਿਪ ਅਤੇ ਆਪਣੇ ਲਈ ਖੁੱਲ੍ਹਾ ਅਸਮਾਨ ਜਿੱਤਣ ਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













