ਪੰਜਾਬੀ ਸਿਨੇਮਾ: ਇੱਕ ਇੰਸਟਾਗ੍ਰਾਮ ਪੋਸਟ ਨੇ ਕਿਵੇਂ ਬਦਲ ਦਿੱਤੀ ਗੁਰਦਾਸਪੁਰ ਦੇ ਦਰਜੀ ਦੀ ਧੀ ਦੀ ਜ਼ਿੰਦਗੀ- ਅਣਕਹੀ ਕਹਾਣੀ 01

ਪਰਮ ਰਿਆੜ

ਤਸਵੀਰ ਸਰੋਤ, Parm Riar

ਤਸਵੀਰ ਕੈਪਸ਼ਨ, ਪਰਮ ਰਿਆੜ ਪਿਛਲੇ ਚਾਰ ਸਾਲ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਮਨੋਰੰਜਨ ਜਗਤ ਵਿੱਚ ਪਰਦੇ ਪਿਛਲੀਆਂ ਅਦਿੱਖ ਨਾਇਕਾਵਾਂ ਦੀ 'ਅਣਕਹੀ ਕਹਾਣੀ' ਵਿੱਚ ਇੱਥੇ ਗੱਲ ਫਿਲਮ ਡਾਇਰੈਕਟਰ ਪਰਮ ਰਿਆੜ ਦੀ ਕਰਾਂਗੇ।

ਪਰਮ ਰਿਆੜ ਪਿਛਲੇ ਚਾਰ ਸਾਲ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ।

ਇਸ ਦੌਰਾਨ ਉਹ ਕਈ ਫ਼ਿਲਮਾਂ ਵਿੱਚ ਅਸਿਸਟੈਂਟ ਜਾਂ ਐਸੋਸੀਏਟ ਡਾਇਰੈਕਟਰ ਵਜੋਂ ਜੁੜੇ ਰਹੇ ਅਤੇ ਹੁਣ ਸਾਗਾ ਦੀ ਇੱਕ ਵੈੱਬ ਸੀਰੀਜ਼ 'ਲੱਕੜਬੱਗੇ' ਨੂੰ ਡਾਇਰੈਕਟ ਕੀਤਾ ਹੈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

"ਬਾਰ੍ਹਵੀਂ ਤੋਂ ਬਾਅਦ ਪੜ੍ਹਾਈ ਛੁੱਟ ਸਕਦੀ ਸੀ"

ਵੀਡੀਓ ਕੈਪਸ਼ਨ, ਅਣਕਹੀ ਕਹਾਣੀ: ਫ਼ਿਲਮ ਡਾਇਰੈਕਸ਼ਨ ਵਿੱਚ ਆਈ ਸਧਾਰਨ ਪਰਿਵਾਰ ਦੀ ਧੀ ਪਰਮ ਰਿਆੜ

ਪਰਮ ਰਿਆੜ ਦਾ ਪੂਰਾ ਨਾਮ ਪਰਮਿੰਦਰ ਕੌਰ ਹੈ।

ਉਹ ਜ਼ਿਲ੍ਹਾ ਗੁਰਦਾਸਪੁਰ ਦੇ ਹਰਚੋਵਾਲ ਨਾਲ ਸਬੰਧਤ ਸਧਾਰਨ ਪਰਿਵਾਰ ਦੀ ਧੀ ਹਨ। ਉਨ੍ਹਾਂ ਦੇ ਪਿਤਾ ਦਰਜੀ ਵਜੋਂ ਕੰਮ ਕਰਦੇ ਹਨ।

ਪਰਮ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਪਾਸ ਕਰਨ ਬਾਅਦ ਉਨ੍ਹਾਂ ਦੀ ਜ਼ਿੰਦਗੀ ਅਜਿਹੇ ਮੋੜ 'ਤੇ ਸੀ ਕਿ ਘਰ ਦੀ ਆਰਥਿਕ ਹਾਲਤ ਕਾਰਨ ਅਤੇ ਪਰਿਵਾਰ ਦੀ ਸੋਚ ਕਾਰਨ ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡਣੀ ਪੈ ਸਕਦੀ ਸੀ।

ਪਰਿਵਾਰ ਮਹਿਸੂਸ ਕਰਦਾ ਸੀ ਕਿ ਬਾਰ੍ਹਵੀਂ ਤੱਕ ਦੀ ਪੜ੍ਹਾਈ ਕਾਫ਼ੀ ਹੈ। ਲੇਕਿਨ, ਪਰਮ ਦੀ ਅੱਗੇ ਪੜ੍ਹਣ ਦੀ ਜ਼ਿੱਦ ਵੇਖਦਿਆਂ ਉਨ੍ਹਾਂ ਦੇ ਪਿਤਾ ਕਮਾਈ ਕਰਨ ਲਈ ਬਹਿਰੀਨ ਚਲੇ ਗਏ।

ਪਰਮ ਇੰਜੀਨੀਅਰਿੰਗ ਕਰਨਾ ਚਾਹੁੰਦੀ ਸੀ ਪਰ ਪਰਿਵਾਰ ਇੰਜੀਨੀਅਰਿੰਗ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਵਿੱਚ ਫਿਰ ਵੀ ਅਸਮਰਥ ਸੀ। ਕਿਸੇ ਰਿਸ਼ਤੇਦਾਰ ਦੀ ਸਲਾਹ ਤੋਂ ਬਾਅਦ ਪਰਮ ਕੌਸਮਟੋਲਜੀ ਦਾ ਡਿਪਲੋਮਾ ਕਰਨ ਲਈ ਰਾਜ਼ੀ ਹੋ ਗਈ।

ਪਰ ਇਸ ਕੋਰਸ ਵਿੱਚ ਦਾਖਲੇ ਲਈ ਜਦੋਂ ਅੰਮ੍ਰਿਤਸਰ ਦੇ ਬੀਬੀਕੇ ਡੀਏਵੀ ਕਾਲਜ ਗਈ ਤਾਂ ਉੱਥੇ ਕਾਲਜ ਵਾਲਿਆਂ ਨੇ ਪਰਮ ਨੂੰ ਆਪਣੇ ਨਵੇਂ ਸ਼ੁਰੂ ਹੋਏ ਕੋਰਸ ਥੀਏਟਰ ਐਂਡ ਸਟੇਜ ਕਰਾਫਟ ਲਈ ਮਨਾ ਲਿਆ।

ਪੜ੍ਹਾਈ ਵਿੱਚ ਚੰਗੀ ਹੋਣ ਕਰਕੇ ਪਰਮ ਦੀ ਫ਼ੀਸ ਵੀ ਅੱਧੀ ਲੱਗਦੀ ਰਹੀ ਅਤੇ ਉਨ੍ਹਾਂ ਨੇ ਡਿਗਰੀ ਹਾਸਲ ਕਰ ਲਈ। ਇਸ ਤੋਂ ਬਾਅਦ ਪਟਿਆਲ਼ਾ ਦੀ ਪੰਜਾਬੀ ਯੁਨੀਵਰਸਿਟੀ ਤੋਂ ਥੀਏਟਰ ਐਂਡ ਟੈਲੀਵਿਜ਼ਨ ਵਿੱਚ ਪੋਸਟ ਗ੍ਰੈਜੁਏਸ਼ਨ ਕੀਤੀ।

ਪਰਮ ਦੱਸਦੇ ਹਨ ਕਿ ਉਨ੍ਹਾਂ ਦੇ ਮਾਪੇ ਦਸ-ਦਸ ਪੜ੍ਹੇ ਹਨ ਅਤੇ ਉਨ੍ਹਾਂ ਨੂੰ ਫ਼ਿਲਮ ਇੰਡਸਟਰੀ ਦੀ ਬਹੁਤੀ ਸਮਝ ਨਹੀਂ ਹੈ।

ਫਿਰ ਵੀ ਉਹ ਪਰਮ ਨੂੰ ਉਨ੍ਹਾਂ ਦੇ ਕੰਮ ਵਿੱਚ ਸਹਿਯੋਗ ਅਤੇ ਹੱਲਾਸ਼ੇਰੀ ਦਿੰਦੇ ਹਨ। ਪਰਮ ਦੱਸਦੀ ਹੈ ਕਿ ਉਨ੍ਹਾਂ ਨੇ ਬਹੁਤ ਹੌਲੀ-ਹੌਲੀ ਤਰੱਕੀ ਕੀਤੀ ਹੈ ਇਸ ਲਈ ਮਾਪੇ ਬਹੁਤ ਮਾਣ ਮਹਿਸੂਸ ਕਰਦੇ ਹਨ।

ਪਰਮ ਨੇ ਦੱਸਿਆ, "ਕਈ ਵਾਰ ਢੇਰੀ ਢਾਹ ਜਾਂਦੇ ਹਨ ਤੇ ਕਹਿੰਦੇ ਹਨ ਕਿ ਕੋਈ ਤੈਅ ਆਮਦਨੀ ਨਹੀਂ ਹੈ, ਪਰ ਫਿਰ ਹੌਸਲਾ ਦਿੰਦੇ ਹਨ ਕਿ ਇਹ ਕੁਝ ਕਰਨਾ ਚਾਹੁੰਦੀ ਹੈ ਤੇ ਵੱਡੀ ਡਾਇਰੈਕਟਰ ਬਣਨਾ ਚਾਹੁੰਦੀ ਹੈ।"

ਕਿਵੇਂ ਹੋਈ ਇੰਡਸਟਰੀ ਵਿੱਚ ਐਂਟਰੀ?

ਪਰਮ ਨੇ ਦੱਸਿਆ ਕਿ ਪਰਿਵਾਰ ਇਹ ਵੀ ਚਾਹੁੰਦਾ ਸੀ ਕਿ ਉਹ ਅੰਮ੍ਰਿਤਸਰ ਦੇ ਬੀਬੀਕੇ ਡੀਏਵੀ ਕਾਲਜ ਵੱਲੋਂ ਆਫਰ ਹੋਈ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਕਰ ਲਵੇ

ਤਸਵੀਰ ਸਰੋਤ, Parm Riar

ਤਸਵੀਰ ਕੈਪਸ਼ਨ, ਪਰਮ ਨੇ ਦੱਸਿਆ ਕਿ ਪਰਿਵਾਰ ਇਹ ਵੀ ਚਾਹੁੰਦਾ ਸੀ ਕਿ ਉਹ ਅੰਮ੍ਰਿਤਸਰ ਦੇ ਬੀਬੀਕੇ ਡੀਏਵੀ ਕਾਲਜ ਵੱਲੋਂ ਆਫਰ ਹੋਈ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਕਰ ਲਵੇ

ਸਾਲ 2019 ਵਿੱਚ ਪਰਮ ਨੇ ਜਦੋਂ ਪਟਿਆਲ਼ਾ ਦੀ ਪੰਜਾਬੀ ਯੁਨੀਵਰਸਿਟੀ ਤੋਂ ਥੀਏਟਰ ਐਂਡ ਟੈਲੀਵਿਜ਼ਨ ਵਿੱਚ ਪੋਸਟ ਗ੍ਰੈਜੁਏਸ਼ਨ ਪੂਰੀ ਕੀਤੀ ਤਾਂ ਉਹ ਘਰ ਪਰਤਣ ਦੀ ਬਜਾਏ, ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੀ ਸੀ।

ਪਰਮ ਨੇ ਕਿਹਾ, "ਮੈਂ ਸੋਚਦੀ ਸੀ ਜੇ ਘਰ ਚਲੀ ਗਈ ਅਤੇ ਵਿਹਲੀ ਬੈਠੀ ਪਰਿਵਾਰ ਨੂੰ ਦਿਸਦੀ ਰਹੀ ਤਾਂ ਬੱਸ ਵਿਆਹ ਹੋਏਗਾ।"

ਪਰਮ ਨੇ ਦੱਸਿਆ ਕਿ ਪਰਿਵਾਰ ਇਹ ਵੀ ਚਾਹੁੰਦਾ ਸੀ ਕਿ ਉਹ ਅੰਮ੍ਰਿਤਸਰ ਦੇ ਬੀਬੀਕੇ ਡੀਏਵੀ ਕਾਲਜ ਵੱਲੋਂ ਆਫਰ ਹੋਈ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਕਰ ਲਵੇ, ਲੇਕਿਨ ਪਰਮ ਮਹਿਸੂਸ ਕਰਦੀ ਸੀ ਕਿ ਜੇ ਇੱਕ ਵਾਰ ਨੌਕਰੀ ਸ਼ੁਰੂ ਕਰ ਦਿੱਤੀ ਤਾਂ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨ ਦਾ ਆਪਣਾ ਸੁਫ਼ਨਾ ਪੂਰਾ ਨਹੀਂ ਕਰ ਸਕੇਗੀ।

ਕਿਸੇ ਤਰ੍ਹਾਂ ਪਰਿਵਾਰ ਨੂੰ ਮਨਾ ਕੇ ਮੋਹਾਲੀ ਤਾਂ ਆ ਗਈ, ਪਰ ਇੱਥੇ ਆ ਕੇ ਨਵਾਂ ਸੰਘਰਸ਼ ਸ਼ੁਰੂ ਹੋ ਗਿਆ ਕਿ ਫ਼ਿਲਮਾਂ ਵਿੱਚ ਕੰਮ ਕਿਵੇਂ ਮਿਲੇ।

ਉਹ ਆਪਣੀ ਕੁਝ ਹੋਰ ਸਹੇਲੀਆਂ ਨਾਲ ਪ੍ਰੋਡਕਸ਼ਨ ਹਾਊਸਿਸ ਵਿੱਚ ਜਾਂਦੀ ਰਹੀ ਪਰ ਕਿਤੇ ਕੋਈ ਕੰਮ ਨਹੀਂ ਸੀ ਮਿਲ ਰਿਹਾ।

ਪਰਮ ਨੇ ਕਿਹਾ, "ਤਿੰਨ ਮਹੀਨੇ ਤੱਕ ਕੰਮ ਬਾਰੇ ਕੁਝ ਪਤਾ ਨਹੀਂ ਸੀ ਲੱਗ ਰਿਹਾ, ਕਿਸੇ ਨੂੰ ਕਿਵੇਂ ਮਿਲਣਾ ਹੈ, ਪੈਸੇ ਕਿੱਥੋਂ ਆਉਣੇ ਹਨ, ਮੀਟਿੰਗ ਕਿਵੇਂ ਕਰਨੀ ਹੈ। ਕਿਉਂਕਿ ਜਦੋਂ ਤੁਸੀਂ ਨਵੇਂ ਹੁੰਦੇ ਹੋ ਕੋਈ ਬਾਂਹ ਵੀ ਨਹੀਂ ਫੜਾਉਂਦਾ ਤੁਹਾਨੂੰ, ਕੋਈ ਰਸਤਾ ਵੀ ਨਹੀਂ ਦਿਖਾਉਂਦਾ।"

ਪਰਮ ਦਾ ਕੰਮ ਦੇਖ ਕੇ ਫਿਰ ਉਨ੍ਹਾਂ ਨੂੰ ਅਦਾਕਾਰਾ ਮੈਂਡੀ ਤੱਖੜ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਬਣ ਰਹੀ ਫ਼ਿਲਮ 'ਕਿੱਕਲੀ' ਵਿੱਚ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਮਿਲਿਆ

ਤਸਵੀਰ ਸਰੋਤ, Parm Riar

ਤਸਵੀਰ ਕੈਪਸ਼ਨ, ਪਰਮ ਦਾ ਕੰਮ ਦੇਖ ਕੇ ਫਿਰ ਉਨ੍ਹਾਂ ਨੂੰ ਅਦਾਕਾਰਾ ਮੈਂਡੀ ਤੱਖੜ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਬਣ ਰਹੀ ਫ਼ਿਲਮ 'ਕਿੱਕਲੀ' ਵਿੱਚ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਮਿਲਿਆ

ਫਿਰ ਪਰਮ ਨੇ ਸੋਸ਼ਲ਼ ਮੀਡੀਆ 'ਤੇ ਇੱਕ ਪ੍ਰੋਡਕਸ਼ਨ ਹਾਊਸ 'ਥੀਏਟਰ ਆਰਮੀ ਫਿਲਮਜ਼' ਦੀ ਪੋਸਟ ਪੜ੍ਹੀ ਜਿਸ ਵਿੱਚ ਉਹ ਇੰਟਰਨਸ਼ਿਪ ਦੀ ਪੇਸ਼ਕਸ਼ ਕਰ ਰਹੇ ਸੀ।

ਸੋਸ਼ਲ ਮੀਡੀਆ ਦੀ ਇਹੀ ਪੋਸਟ ਪਰਮ ਲਈ ਇੰਡਸਟਰੀ ਦੀ ਐਂਟਰੀ ਟਿਕਟ ਬਣੀ।

ਉਨ੍ਹਾਂ ਨੇ ਇਸ ਪ੍ਰੋਡਕਸ਼ਨ ਹਾਊਸ ਨਾਲ ਫ਼ਿਲਮ 'ਸਹੁਰਿਆਂ ਦਾ ਪਿੰਡ' ਵਿੱਚ ਪ੍ਰੋਡਕਸ਼ਨ ਟੀਮ ਦਾ ਹਿੱਸਾ ਬਣ ਕੇ ਸ਼ੁਰੂਆਤ ਕੀਤੀ। ਇੰਟਰਨ ਵਜੋਂ ਥੀਏਟਰ ਆਰਮੀ ਫਿਲਮਜ਼ ਨਾਲ ਹੀ ਉਨ੍ਹਾਂ ਨੇ ਦੂਜੀ ਫਿਲਮ 'ਜਲਵਾਯੂ ਇਨਕਲੇਵ' ਕੀਤੀ ਜੋ ਕਿ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿੱਚ ਫਿਲਮਾਈ ਗਈ।

ਪਰਮ ਦਾ ਕੰਮ ਦੇਖ ਕੇ ਫਿਰ ਉਨ੍ਹਾਂ ਨੂੰ ਅਦਾਕਾਰਾ ਮੈਂਡੀ ਤੱਖੜ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਬਣ ਰਹੀ ਫ਼ਿਲਮ 'ਕਿੱਕਲੀ' ਵਿੱਚ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਮਿਲਿਆ, ਜਿਸ ਤੋਂ ਬਾਅਦ ਪਰਮ ਰਿਆੜ ਲਈ ਹੋਰ ਰਸਤੇ ਖੁੱਲ੍ਹਦੇ ਗਏ।

ਇਸ ਤੋਂ ਬਾਅਦ ਪਰਮ ਗਿੱਪੀ ਗਰੇਵਾਲ਼ ਦੇ 'ਹੰਬਲ ਮੋਸ਼ਨ ਪਿਕਚਰਜ਼' ਨਾਲ 'ਕ੍ਰਿਮੀਨਲ', 'ਯਾਰ ਮੇਰਾ ਤਿਤਲੀਆਂ ਵਰਗਾ', 'ਅਰਦਾਸ' ਜਿਹੀਆਂ ਫ਼ਿਲਮਾਂ ਦਾ ਹਿੱਸਾ ਰਹੀ ਅਤੇ ਹੋਰ ਵੀ ਕਈ ਪ੍ਰੋਡਕਸ਼ਨ ਹਾਊਸਿਸ ਨਾਲ ਕਈ ਫ਼ਿਲਮਾਂ ਲਈ ਕੰਮ ਕੀਤਾ।

ਅਸਿਸਟੈਂਟ ਤੇ ਐਸੋਸੀਏਟ ਡਾਇਰੈਕਟਰ ਵਜੋਂ ਕੰਮ ਕਰਨ ਬਾਅਦ, ਹੁਣ ਪਰਮ ਰਿਆੜ ਦਾ ਡਾਇਰੈਕਟਰ ਵਜੋਂ ਸਫਰ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਨੇ ਸਾਗਾ ਦੀ ਵੈੱਬ-ਸੀਰੀਜ਼ 'ਲੱਕੜਬੱਗੇ' ਡਾਇਰੈਕਟ ਕੀਤੀ ਹੈ।

ਆਪਣੀ ਕਮਾਈ ਵਿੱਚੋਂ ਮਾਂ ਲਈ ਖਾਸ ਤੋਹਫ਼ਾ

ਪਰਮ ਨੇ ਇੱਕ ਬੇਹੱਦ ਨਿੱਘਾ ਅਨੁਭਵ ਸਾਡੇ ਨਾਲ ਸਾਂਝਾ ਕੀਤਾ ਜਦੋਂ ਉਸ ਨੇ ਆਪਣੀ ਮਾਂ ਲਈ ਇੱਕ ਖਾਸ ਤੋਹਫ਼ਾ ਲਿਆ ਸੀ

ਤਸਵੀਰ ਸਰੋਤ, Parm Riar

ਤਸਵੀਰ ਕੈਪਸ਼ਨ, ਪਰਮ ਨੇ ਇੱਕ ਬੇਹੱਦ ਨਿੱਘਾ ਅਨੁਭਵ ਸਾਡੇ ਨਾਲ ਸਾਂਝਾ ਕੀਤਾ ਜਦੋਂ ਉਸ ਨੇ ਆਪਣੀ ਮਾਂ ਲਈ ਇੱਕ ਖਾਸ ਤੋਹਫ਼ਾ ਲਿਆ ਸੀ

ਆਪਣੇ ਸਫਰ ਵਿੱਚ ਪਰਮ ਆਪਣੇ ਪਰਿਵਾਰ ਦਾ ਬਹੁਤ ਸਹਿਯੋਗ ਮੰਨਦੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਇੰਡਸਟਰੀ ਵਿੱਚ ਕੰਮ ਸ਼ੁਰੂ ਕਰਨ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਮਾਪਿਆ ਨੂੰ ਚੰਡੀਗੜ੍ਹ-ਮੋਹਾਲੀ ਘੁਮਾਇਆ, ਕਿਉਂਕਿ ਅੱਜ ਤੱਕ ਉਹ ਕਦੇ ਚੰਡੀਗੜ੍ਹ ਨਹੀਂ ਸਨ ਆਏ।

ਪਰਮ ਨੇ ਇੱਕ ਬੇਹੱਦ ਨਿੱਘਾ ਅਨੁਭਵ ਸਾਡੇ ਨਾਲ ਸਾਂਝਾ ਕੀਤਾ ਜਦੋਂ ਉਸ ਨੇ ਆਪਣੀ ਮਾਂ ਲਈ ਇੱਕ ਖਾਸ ਤੋਹਫ਼ਾ ਲਿਆ ਸੀ। ਪਰਮ ਨੇ ਦੱਸਿਆ ਕਿ ਇੰਟਰਨਸ਼ਿਪ ਤੋਂ ਬਾਅਦ ਜਦੋਂ ਉਨ੍ਹਾਂ ਨੇ ਪਹਿਲੀ ਫ਼ਿਲਮ 'ਕਿੱਕਲੀ' ਕੀਤੀ ਸੀ, ਤਾਂ ਉਨ੍ਹਾਂ ਨੂੰ ਤੀਹ ਹਜ਼ਾਰ ਰੁਪਏ ਦੀ ਪੇਮੈਂਟ ਆਈ ਸੀ ਜੋ ਉਨ੍ਹਾਂ ਲਈ ਬਹੁਤ ਵੱਡੀ ਰਕਮ ਸੀ।

ਇਸ ਕਮਾਈ ਵਿੱਚੋਂ ਪਰਮ ਨੇ ਪਰਿਵਾਰ ਦੇ ਹਰ ਜੀਅ ਲਈ ਕੁਝ ਨਾ ਕੁਝ ਖ਼ਰੀਦਿਆ ਅਤੇ ਆਪਣੀ ਮਾਂ ਲਈ ਸੋਨੇ ਦੀਆਂ ਵਾਲੀਆਂ । ਪਰਮ ਨੇ ਦੱਸਿਆ, "2017 ਵਿੱਚ ਜਦੋਂ ਸਾਡ ਘਰ ਬਣ ਰਿਹਾ ਸੀ ਤਾਂ ਪੈਸਿਆਂ ਲਈ ਉਨ੍ਹਾਂ ਮਾਂ ਨੇ ਆਪਣੇ ਗਹਿਣੇ ਰੱਖ ਦਿੱਤੇ ਸੀ। ਮੈਂ ਸੋਚਿਆ ਮੇਰੀ ਮਾਂ ਦੇ ਕੰਨ ਸੁੰਨੇ ਹਨ, ਇਸ ਲਈ ਵਾਲੀਆਂ ਖਰੀਦ ਲਈਆਂ।"

ਪਰਮ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਉਹ ਵਾਲੀਆਂ ਦੇਖ ਕੇ ਬਹੁਤ ਖੁਸ਼ ਹੋਈ।

ਪਰਮ ਨੇ ਦੱਸਿਆ, "ਮਾਂ ਇੰਨੀ ਖੁਸ਼ ਹੋਈ ਜਿਵੇਂ ਮਹਿਸੂਸ ਕਰਦੀ ਹੋਵੇ ਕਿ ਫ਼ਿਲਮ ਲਾਈਨ ਵਿੱਚ ਜਾਣ ਦਾ ਮੇਰਾ ਫ਼ੈਸਲਾ ਸਹੀ ਸੀ। ਤੇ ਅੱਜ ਤੱਕ ਮੇਰੀ ਮਾਂ ਨੇ ਉਹ ਵਾਲੀਆਂ ਨਹੀਂ ਉਤਾਰੀਆਂ। ਪਰ ਬਹੁਤ ਮਾਣ ਮਹਿਸੂਸ ਹੁੰਦਾ ਹੈ ਜਦੋਂ ਤੁਸੀਂ ਆਪਣੇ ਮਾਪਿਆ ਲਈ ਥੋੜ੍ਹਾ-ਬਹੁਤ ਕੁਝ ਕਰ ਸਕੋ ਜਿਨ੍ਹਾਂ ਨੇ ਤੁਹਾਡੇ ਲਈ ਇੰਨਾਂ ਕੁਝ ਕੀਤਾ ਹੋਵੇ।"

ਮਰਦਾਂ ਦੀ ਬਹੁਗਿਣਤੀ ਵਿੱਚ ਕੰਮ ਕਰਦੀ ਕੁੜੀ ਦੀਆਂ ਚੁਣੌਤੀਆਂ

ਪਰਮ ਨੇ ਮਹਿਸੂਸ ਕੀਤਾ ਕਿ ਕੁੜੀਆਂ ਦੀ ਸਮਰੱਥਾ 'ਤੇ ਛੇਤੀ ਭਰੋਸਾ ਨਹੀਂ ਦਿਖਾਇਆ ਜਾਂਦਾ

ਤਸਵੀਰ ਸਰੋਤ, Parm Riar

ਤਸਵੀਰ ਕੈਪਸ਼ਨ, ਪਰਮ ਨੇ ਮਹਿਸੂਸ ਕੀਤਾ ਕਿ ਕੁੜੀਆਂ ਦੀ ਸਮਰੱਥਾ 'ਤੇ ਛੇਤੀ ਭਰੋਸਾ ਨਹੀਂ ਦਿਖਾਇਆ ਜਾਂਦਾ

ਭਾਵੇਂ ਫ਼ਿਲਮਾਂ ਤੇ ਸੰਗੀਤ ਦੀ ਦੁਨੀਆ ਵਿੱਚ ਬਹੁਤ ਕੁੜੀਆਂ ਕੈਮਰੇ ਦੇ ਅੱਗੇ ਕੰਮ ਕਰਦੀਆਂ ਹਨ, ਪਰ ਕੈਮਰੇ ਦੇ ਪਿੱਛੇ ਕੰਮ ਕਰਨ ਵਾਲੀਆਂ ਕੁੜੀਆਂ ਦੀ ਗਿਣਤੀ ਬਹੁਤ ਘੱਟ ਹੈ।

ਪਰਮ ਨੇ ਹੁਣ ਤੱਕ ਦੇ ਤਜਰਬੇ ਵਿੱਚੋਂ ਸਾਂਝਾ ਕੀਤਾ ਕਿ ਇੱਕ ਕੁੜੀ ਹੋਣ ਦੇ ਨਾਤੇ ਇਸ ਖੇਤਰ ਵਿਚ ਉਸ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

ਪਰਮ ਨੇ ਮਹਿਸੂਸ ਕੀਤਾ ਕਿ ਕੁੜੀਆਂ ਦੀ ਸਮਰੱਥਾ 'ਤੇ ਛੇਤੀ ਭਰੋਸਾ ਨਹੀਂ ਦਿਖਾਇਆ ਜਾਂਦਾ।

ਉਹ ਕਹਿੰਦੇ ਹਨ, " ਪਹਿਲਾਂ ਹਰ ਕੋਈ ਤੁਹਾਡੀ ਕਾਬਲੀਅਤ 'ਤੇ ਸ਼ੱਕ ਕਰਦਾ ਹੈ। ਕੁੜੀਆਂ ਨੂੰ ਅਕਸਰ 'ਕੌਸਟਿਊਮ' ਡਿਪਾਰਟਮੈਂਟ ਹੀ ਸੌਂਪਿਆ ਜਾਂਦਾ ਹੈ। ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਜੈਂਡਰ ਦੇ ਅਧਾਰ 'ਤੇ ਕਿਸੇ ਦੀ ਕਾਬਲੀਅਤ ਕਿਵੇਂ ਆਂਕ ਸਕਦੇ ਹੋ। ਕਈ ਵਾਰ ਹੌਸਲਾ ਵੀ ਟੁੱਟਦਾ ਹੈ।"

ਨਾਲ ਹੀ ਇਹ ਵੀ ਦੱਸਿਆ ਕਿ ਜੇ ਕੋਈ ਕੁੜੀ ਸਫਲ ਹੋ ਵੀ ਜਾਂਦੀ ਹੈ ਤਾਂ ਵੀ ਸ਼ੱਕ ਕੀਤਾ ਜਾਂਦਾ ਹੈ ਕਿ ਇਸ ਨੂੰ ਕੰਮ ਮਿਲਿਆ ਕਿਵੇਂ। ਕੁੜੀਆਂ ਨੂੰ ਖੁਦ ਨੂੰ ਸਾਬਿਤ ਕਰਨ ਲਈ ਮੁੰਡਿਆਂ ਤੋਂ ਦੁਗਣੀ ਮਿਹਨਤ ਕਰਨੀ ਪੈਂਦੀ ਹੈ।

ਪਰਮ ਨੇ ਇਹ ਵੀ ਦੱਸਿਆ ਕਿ ਕਈ ਵਾਰ ਟੀਮ ਵਿੱਚ ਆਦਮੀਆਂ ਨੂੰ ਇੱਕ ਮਹਿਲਾ ਡਾਇਰੈਕਟਰ ਜਾਂ ਅਸਿਸਟੈਂਟ ਡਾਇਰੈਕਟਰ ਤੋਂ ਕਮਾਂਡ ਲੈਣਾ ਵੀ ਚੰਗਾ ਨਹੀਂ ਲਗਦਾ।

ਇੱਕ ਬਹੁਤ ਬੁਨਿਆਦੀ ਜ਼ਰੂਰਤ ਵੱਲ ਵੀ ਪਰਮ ਨੇ ਧਿਆਨ ਦਵਾਇਆ। ਉਨ੍ਹਾਂ ਨੇ ਦੱਸਿਆ ਕਿ ਬਾਥਰੂਮ ਜਾਣਾ ਵੀ ਕੁੜੀਆਂ ਲਈ ਚੁਣੌਤੀ ਰਹਿੰਦੀ ਹੈ।

ਉਨ੍ਹਾਂ ਕਿਹਾ, "ਥੋੜ੍ਹੇ ਬਜਟ ਦੀਆਂ ਫ਼ਿਲਮਾਂ ਵਿੱਚ ਜਦੋਂ ਕਈ ਵਾਰ ਵੈਨਿਟੀ ਮੁਹਈਆ ਨਹੀਂ ਹੁੰਦੀ, ਉਸ ਵੇਲੇ ਬਾਥਰੂਮ ਨਾ ਜਾਣਾ ਪਵੇ ਇਸ ਲਈ ਪੂਰਾ-ਪੂਰਾ ਦਿਨ ਬਿਨ੍ਹਾਂ ਪਾਣੀ ਪੀਤਿਆਂ ਵੀ ਅਸੀਂ ਕੰਮ ਕਰਦੀਆਂ ਹਾਂ।"

ਪਰਮ ਨੇ ਇਹ ਵੀ ਦੱਸਿਆ ਕਿ ਕਈ ਵਾਰ ਟੀਮ ਵਿੱਚ ਆਦਮੀਆਂ ਨੂੰ ਇੱਕ ਮਹਿਲਾ ਡਾਇਰੈਕਟਰ ਜਾਂ ਅਸਿਸਟੈਂਟ ਡਾਇਰੈਕਟਰ ਤੋਂ ਕਮਾਂਡ ਲੈਣਾ ਵੀ ਚੰਗਾ ਨਹੀਂ ਲਗਦਾ

ਤਸਵੀਰ ਸਰੋਤ, Parm Riar

ਤਸਵੀਰ ਕੈਪਸ਼ਨ, ਪਰਮ ਨੇ ਇਹ ਵੀ ਦੱਸਿਆ ਕਿ ਕਈ ਵਾਰ ਟੀਮ ਵਿੱਚ ਆਦਮੀਆਂ ਨੂੰ ਇੱਕ ਮਹਿਲਾ ਡਾਇਰੈਕਟਰ ਜਾਂ ਅਸਿਸਟੈਂਟ ਡਾਇਰੈਕਟਰ ਤੋਂ ਕਮਾਂਡ ਲੈਣਾ ਵੀ ਚੰਗਾ ਨਹੀਂ ਲਗਦਾ

ਫ਼ਿਲਮ ਦੇ ਸੈਂਟ 'ਤੇ ਅਕਸਰ ਵਧੇਰੇ ਆਦਮੀ ਹੁੰਦੀ ਹਨ।

ਪਰਮ ਦੱਸਦੇ ਹਨ, "ਕਈ ਵਾਰ ਸਾਰੇ ਆਦਮੀਆਂ ਦੇ ਕਰਿਊ ਵਿੱਚ ਇਕੱਲੀ ਕੁੜੀ ਹੁੰਦੀ ਹੈ, ਜਾਂ ਦੋ-ਤਿੰਨ ਕੁੜੀਆਂ ਹੀ ਹੁੰਦੀਆਂ ਹਨ। ਸੈੱਟ 'ਤੇ ਸਾਰੇ ਤੁਹਾਡੇ ਨਾਲ ਸਹੀ ਵਤੀਰਾ ਕਰਦੇ ਹਨ, ਪਰ ਕੋਈ ਇੱਕ ਗਰੁੱਪ ਜਾਂ ਕੋਈ ਇੱਕ ਆਦਮੀ ਅਜਿਹਾ ਹੁੰਦਾ ਹੈ ਜੋ ਤੁਹਾਨੂੰ ਸਿਰ ਤੋਂ ਪੈਰਾਂ ਤੱਕ ਇੰਝ ਵੇਖੇਗਾ ਕਿ ਤੁਸੀਂ ਬਹੁਤ ਅਸਹਿਜ ਮਹਿਸੂਸ ਕਰਨ ਲਗਦੇ ਹੋ।"

ਇੱਕ ਹੋਰ ਤਜ਼ਰਬਾ ਸਾਂਝਾ ਕਰਦਿਆਂ ਪਰਮ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਕਿਸੇ ਪ੍ਰੋਡਕਸ਼ਨ ਹਾਊਸ ਤੋਂ ਇੱਕ ਆਦਮੀ ਦਾ ਕਿਸੇ ਫਿਲਮ ਲਈ ਫ਼ੋਨ ਆਇਆ ਅਤੇ ਮੀਟਿੰਗ ਲਈ ਕਿਹਾ ਗਿਆ।

ਪਰਮ ਨੇ ਦੱਸਿਆ, "ਸਰਦੀਆਂ ਸੀ ਅਤੇ ਰਾਤ ਦੇ ਸਾਢੇ ਅੱਠ ਵੱਜੇ ਸਨ। ਉਸ ਆਦਮੀ ਨੇ ਮੈਨੂੰ ਕਿਹਾ ਕਿ ਮੈਂ ਇਸ ਹੋਟਲ ਵਿੱਚ ਕਮਰਾ ਲਿਆ ਹੋਇਆ ਹੈ, ਇੱਥੇ ਮੀਟਿੰਗ ਲਈ ਆ ਜਾਓ। ਮੈਂ ਹੋਟਲ ਵਿੱਚ ਉਸ ਸਮੇਂ ਮਿਲਣ ਲਈ ਨਾਂਹ ਕਰ ਦਿੱਤੀ। ਉਸ ਸ਼ਖ਼ਸ ਨੇ ਕਿਹਾ ਕਿ ਦੇਖੋ ਜੇ ਤੁਸੀਂ ਕੰਮ ਕਰਨਾ ਚਾਹੁੰਦੋ ਹੈ ਤਾਂ ਇਨ੍ਹਾਂ ਤਾਂ ਕਰਨਾ ਹੀ ਪੈਣਾ ਹੈ।"

ਅੱਗੇ ਪਰਮ ਨੇ ਦੱਸਿਆ, "ਉਨ੍ਹਾਂ ਦਾ ਇਰਾਦਾ ਕੀ ਸੀ, ਮੈਨੂੰ ਸਮਝ ਆ ਗਈ ਸੀ। ਮੈਂ ਮਨ੍ਹਾ ਕਰ ਦਿੱਤਾ ਅਤੇ ਬਾਅਦ ਵਿੱਚ ਉਸ ਦਾ ਮੈਨੂੰ ਫ਼ੋਨ ਨਹੀਂ ਆਇਆ। ਅੱਜ ਵੀ ਉਹ ਆਦਮੀ ਕਿਸੇ ਜਨਤਕ ਸਮਾਰੋਹ ਵਿਚ ਮਿਲ ਜਾਂਦਾ ਹੈ ਪਰ ਮੇਰੇ ਨਾਲ ਅੱਖ ਨਹੀਂ ਮਿਲਾ ਪਾਉਂਦਾ।"

ਪਰਮ ਨੇ ਕਿਹਾ ਕਿ ਕੁੜੀਆਂ ਨੂੰ ਆਪਣੀ ਸ਼ਖਸੀਅਤ ਇਸ ਤਰ੍ਹਾਂ ਦੀ ਬਣਾਉਣੀ ਚਾਹੀਦੀ ਹੈ ਕਿ ਕੋਈ ਉਨ੍ਹਾਂ ਦੀ ਹੱਦ ਵਿੱਚ ਦਾਖਲ ਨਾ ਹੋ ਸਕੇ।

ਖੁਦ ਨੂੰ ਕਿਉਂ ਸ਼ਾਬਾਸ਼ੀ ਦਿੰਦੀ ਹੈ ਪਰਮ ਰਿਆੜ ?

ਪਰਮ ਜ਼ਿੰਦਗੀ ਵਿੱਚ ਕੁਝ ਵੱਡਾ ਕਰਨ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦਾ ਸੁਫਨਾ ਦੇਖਦੀ ਹੈ

ਤਸਵੀਰ ਸਰੋਤ, Parm Riar

ਤਸਵੀਰ ਕੈਪਸ਼ਨ, ਪਰਮ ਜ਼ਿੰਦਗੀ ਵਿੱਚ ਕੁਝ ਵੱਡਾ ਕਰਨ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦਾ ਸੁਫਨਾ ਦੇਖਦੀ ਹੈ

ਪਰਮ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਵਿੱਚ ਫ਼ੈਸਲਾ-ਕੁੰਨ ਭੂਮਿਕਾਵਾਂ ਜ਼ਿਆਦਾਤਰ ਆਦਮੀਆਂ ਕੋਲ ਹੀ ਹਨ।

ਜੇ ਵਧੇਰੇ ਕੁੜੀਆਂ ਸਿਨੇਮਾ ਵਿਚ ਫ਼ੈਸਲਾ-ਕੁੰਨ ਭੂਮਿਕਾਵਾ ਵਿੱਚ ਆਉਣਗੀਆਂ ਤਾਂ ਬਹੁਤ ਕੁਝ ਬਦਲ ਸਕਦਾ ਹੈ।

ਉਹ ਮਹਿਸੂਸ ਕਰਦੇ ਹਨ ਕਿ ਸਿਰਫ਼ ਸਿਨੇਮਾ ਲਈ ਕੰਮ ਕਰਨ ਦਾ ਤਜਰਬਾ ਹੀ ਨਹੀਂ, ਬਲਕਿ ਫ਼ਿਲਮਾਂ ਦੇ ਵਿਸ਼ੇ ਵੀ ਬਦਲਣਗੇ।

ਪਰਮ ਮਹਿਸੂਸ ਕਰਦੇ ਹਨ ਕਿ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਮਹਿਲਾ ਡਾਇਰੈਕਟਰ ਨਾ-ਮਾਤਰ ਹੀ ਹਨ। ਉਹ ਕਹਿੰਦੇ ਹਨ, " ਰੱਬ ਕਰੇ ਮੇਰੀ ਮਿਹਨਤ ਰੰਗ ਲਿਆਵੇ ਤੇ ਮੈਂ ਸਫਲ ਹੋਵਾਂ ਤਾਂ ਕਿ ਹੋਰ ਕੁੜੀਆਂ ਲਈ ਵੀ ਰਾਹ ਖੁੱਲ੍ਹਣ।"

ਪਰਮ ਜ਼ਿੰਦਗੀ ਵਿੱਚ ਕੁਝ ਵੱਡਾ ਕਰਨ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦਾ ਸੁਫਨਾ ਦੇਖਦੀ ਹੈ। ਉਹ ਕਹਿੰਦੀ ਹੈ, "ਮੈਂ ਪਰਿਵਾਰ ਦੀ ਪਹਿਲੀ ਧੀ ਹਾਂ, ਜਿਸ ਨੇ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਹੈ। ਉਹ ਮੇਰੇ ਲਈ ਬਹੁਤ ਵੱਡੀ ਪ੍ਰਾਪਤੀ ਹੈ। ਪਰਿਵਾਰ ਦੀ ਪਹਿਲੀ ਗੋਲ਼ਡ ਮੈਡਲਿਸਟ ਵੀ ਮੈਂ ਹਾਂ। ਫ਼ਿਲਮ ਲਾਈਨ ਵਿੱਚ ਆਉਣ ਵਾਲੀ ਵੀ ਪਹਿਲੀ ਮੈਂ ਹਾਂ। ਮੈਂ ਖੁਦ ਨੂੰ ਸ਼ਾਬਾਸ਼ੀ ਦਿੰਦੀ ਹਾਂ ਕਿ ਤੈਨੂੰ ਤੇਰੇ 'ਤੇ ਨਾਜ਼ ਹੋਣਾ ਚਾਹੀਦਾ ਹੈ। ਬੱਸ ਇਸੇ ਹੌਂਸਲੇ ਨਾਲ ਅੱਗੇ ਵਧ ਰਹੀ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)