ਅਫ਼ਗਾਨ ਮੁੰਡਾ ਜਿਸ ਨੇ 125 ਕਿੱਲੋ ਭਾਰ ਘਟਾਇਆ, 'ਜੁੱਤੀਆਂ ਲਈ ਮੇਰਾ ਭਾਰ ਚੁੱਕਣਾ ਔਖਾ ਸੀ, ਕੱਪੜਿਆਂ ਦੀ ਖ਼ਪਤ ਵੀ ਜ਼ਿਆਦਾ ਸੀ'

ਤਸਵੀਰ ਸਰੋਤ, Qudratullah
- ਲੇਖਕ, ਨਦੀਮ ਅਸ਼ਰਫ਼
- ਰੋਲ, ਬੀਬੀਸੀ ਪੱਤਰਕਾਰ
ਦੱਖਣ-ਪੂਰਬੀ ਅਫਗਾਨਿਸਤਾਨ ਦੇ ਜਲਾਲਾਬਾਦ ਦੇ ਇੱਕ ਨੌਜਵਾਨ ਨੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ, ਉਸਦੇ ਬਹੁਤੇ ਦੋਸਤ ਯੂਨੀਵਰਸਿਟੀ ਜਾਣ ਦੀ ਤਿਆਰੀ ਕਰਨ ਲੱਗੇ ਪਰ ਉਹ ਅੱਗੇ ਪੜ੍ਹਨ ਨਾ ਜਾ ਸਕਿਆ।
ਅਸਲ ਵਿੱਚ ਕੁਦਰਤੁੱਲਾ ਦਾ ਭਾਰ ਹੀ ਇੰਨਾ ਸੀ ਕਿ ਕਲਾਸਾਂ ਦੇ ਕਮਰਿਆਂ ਵਿੱਚ ਰੱਖੇ ਕੁਰਸੀਆਂ ਅਤੇ ਬੈਂਚ ਉਸ ਲਈ ਛੋਟੇ ਸਨ।
ਕੁਦਰਤੁੱਲਾ ਕਹਿੰਦੇ ਹਨ, "ਮੈਂ ਸੋਚਦਾ ਰਿਹਾ, ਇਸ ਭਾਰ ਨਾਲ ਮੈਂ ਯੂਨੀਵਰਸਿਟੀ ਕਿਵੇਂ ਜਾਵਾਂ? ਫ਼ਿਰ ਮੈਨੂੰ ਲੱਗਿਆ ਕਿ ਜੇ ਚਲਿਆ ਵੀ ਜਾਵਾਂ ਤਾਂ ਮੈਨੂੰ ਫ਼ਾਇਦਾ ਕੀ ਹੋਵੇਗਾ।"

ਜਦੋਂ ਕੁਦਰਤੁੱਲਾ ਇਹ ਸਭ ਸੋਚ ਰਹੇ ਸਨ ਉਸ ਸਮੇਂ ਉਨ੍ਹਾਂ ਦਾ ਵਜ਼ਨ 216 ਕਿਲੋ ਸੀ।
180 ਸੈਂਟੀਮੀਟਰ ਲੰਬੇ ਹੋਣ ਦੇ ਬਾਵਜੂਦ, ਉਨ੍ਹਾਂ ਦੀ ਕਮਰ 147 ਸੈਂਟੀਮੀਟਰ ਮਾਪੀ ਗਈ ਅਤੇ ਉਨ੍ਹਾਂ ਦਾ ਬਾਡੀ ਮਾਸ ਇੰਡੈਕਸ (ਬੀਐੱਮਆਈ) 67 ਸੀ।
ਕੋਈ ਵੀ ਵਿਅਕਤੀ ਜਿਸਦਾ ਬੀਐੱਮਆਈ 30 ਤੋਂ ਉੱਪਰ ਹੋਵੇ, ਉਸ ਨੂੰ ਮੋਟਾ ਮੰਨਿਆ ਜਾਂਦਾ ਹੈ।
ਪਰ ਇੱਕ ਸਾਲ ਪਹਿਲਾਂ, ਕੁਦਰਤੁੱਲਾ ਨੇ ਆਪਣਾ ਭਾਰ ਘਟਾਉਣ ਦਾ ਸਫ਼ਰ ਸ਼ੁਰੂ ਕੀਤਾ। ਮਹਿਜ਼ 10 ਮਹੀਨਿਆਂ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਫਿੱਟ, ਕਿਰਿਆਸ਼ੀਲ ਅਤੇ ਸਿਹਤਮੰਦ ਨੌਜਵਾਨ ਵਿੱਚ ਬਦਲ ਲਿਆ।
ਭਾਰ ਨਾਲ ਸੰਘਰਸ਼

ਤਸਵੀਰ ਸਰੋਤ, Qudratullah
ਕੁਦਰਤੁੱਲਾ ਜਦੋਂ 13-14 ਸਾਲਾਂ ਦੇ ਹੋਏ ਉਨ੍ਹਾਂ ਦਾ ਵਜ਼ਨ ਵਧਣਾ ਸ਼ੁਰੂ ਹੋ ਗਿਆ ਸੀ। ਜਦੋਂ ਤੱਕ ਉਨ੍ਹਾਂ ਦੀ ਸਕੂਲੀ ਪੜ੍ਹਾਈ ਮੁਕੰਮਲ ਹੋਈ ਉਦੋਂ ਤੱਕ ਉਨ੍ਹਾਂ ਦਾ ਵਜ਼ਨ ਸਾਥੀ ਵਿਦਿਆਰਥੀਆਂ ਦੇ ਮੁਕਾਬਲੇ ਬਹੁਤ ਜਿਆਦਾ ਸੀ।
ਉਹ ਕਹਿੰਦੇ ਹਨ,"ਮੈਂ ਜਿੰਨਾ ਮੋਟਾ ਸੀ, ਓਨਾ ਮੋਟਾ ਮੈਂ ਕੋਈ ਹੋਰ ਵਿਅਕਤੀ ਕਦੇ ਨਹੀਂ ਦੇਖਿਆ ਸੀ। ਮੇਰੀ ਜ਼ਿੰਦਗੀ ਦੂਜਿਆਂ ਨਾਲੋਂ ਔਖੀ ਸੀ।"
"ਦੂਜਿਆਂ ਲਈ ਜਿਹੜੇ ਕੰਮ ਆਮ ਜਿਹੀ ਗੱਲ ਜਾਪਦੇ ਸਨ, ਉਹ ਮੇਰੇ ਲਈ ਔਖੇ ਸਨ। ਮੈਂ ਆਪਣੇ ਰੋਜ਼ਾਨਾ ਦੇ ਕੰਮ ਨਹੀਂ ਕਰ ਸਕਦਾ ਸੀ।"
ਅਫ਼ਗਾਨਿਸਤਾਨ ਵਿੱਚ ਅੱਠਾਂ ਵਿੱਚੋਂ ਇੱਕ ਆਦਮੀ ਦਾ ਬੀਐੱਮਆਈ 30 ਤੋਂ ਉੱਪਰ ਹੈ।
ਕੁਦਰਤੁੱਲਾ ਦੇ ਭਾਰ ਨੇ ਉਨ੍ਹਾਂ ਨੂੰ ਗੰਭੀਰ ਤੌਰ 'ਤੇ ਮੋਟੇ ਹੋਣ ਵਾਲਿਆਂ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਸੀ ਅਤੇ ਇਸ ਨਾਲ ਉਨ੍ਹਾਂ ਦੀ ਰੋਜ਼ਾਨਾ ਦੀ ਗਤੀਵਿਧੀ ਵੀ ਪ੍ਰਭਾਵਿਤ ਹੋਈ ਸੀ।
"ਮੈਂ ਨਾ ਤਾਂ ਹਾਈਕਿੰਗ ਕਰ ਸਕਦਾ ਸੀ ਅਤੇ ਨਾ ਹੀ ਕਦੇ ਤੈਰ ਸਕਦਾ ਸੀ। ਮੈਂ ਕੋਈ ਹੋਰ ਗਤੀਵਿਧੀਆਂ ਵੀ ਨਹੀਂ ਕਰ ਸਕਦਾ ਸੀ। ਇੱਥੋਂ ਤੱਕ ਕਿ ਪੈਦਲ ਤੁਰਨਾ ਵੀ ਔਖਾ ਹੋ ਗਿਆ।"
ਉਹ ਘੁੰਮਣ-ਫ਼ਿਰਨ ਲਈ ਆਟੋ-ਰਿਕਸ਼ਾ 'ਤੇ ਨਿਰਭਰ ਸਨ। ਕਿਉਂਕਿ ਉਹ ਬੈਠਣ ਲਈ ਆਮ ਲੋਕਾਂ ਨਾਲੋਂ ਵੱਧ ਥਾਂ ਲੈਂਦੇ ਸਨ ਇਸ ਲਈ ਉਨ੍ਹਾਂ ਨੂੰ ਭਾੜਾ ਵੀ ਜ਼ਿਆਦਾ ਦੇਣਾ ਪੈਂਦਾ ਸੀ।
ਉਨ੍ਹਾਂ ਲਈ ਮੇਚ ਦੇ ਜੁੱਤੀਆਂ ਅਤੇ ਕੱਪੜੇ ਲੱਭਣੇ ਵੀ ਚੁਣੌਤੀਪੂਰਨ ਸਨ।
"ਜੁੱਤੀਆਂ ਤਾਂ ਬਚਦੀਆਂ ਹੀ ਨਹੀਂ ਸਨ। ਉਨ੍ਹਾਂ ਲਈ ਮੇਰਾ ਭਾਰ ਚੁੱਕਣਾ ਔਖਾ ਹੁੰਦਾ ਸੀ ਅਤੇ ਇਸੇ ਤਰ੍ਹਾਂ, ਮੇਰੇ ਕੱਪੜਿਆਂ ਦੀ ਖ਼ਪਤ ਵੀ ਜ਼ਿਆਦਾ ਸੀ।"

ਤਸਵੀਰ ਸਰੋਤ, Qudratullah
ਕੁਦਰਤੁੱਲਾ ਦੱਸਦੇ ਹਨ, "ਮੇਰੇ ਕੱਪੜੇ ਬਣਾਉਣ ਲਈ ਨੌ ਮੀਟਰ ਕੱਪੜੇ ਦੀ ਲੋੜ ਹੁੰਦੀ ਸੀ। ਇਹ ਮਜ਼ਾਕ ਦਾ ਕਾਰਨ ਵੀ ਬਣਦਾ ਸੀ।"
"ਮੈਂ ਕੋਸ਼ਿਸ਼ ਕਰਦਾ ਕੇ ਬਹੁਤਾ ਘਰੋਂ ਬਾਹਰ ਨਾ ਜਾਵਾਂ ਕਿਉਂਕਿ ਲੋਕ ਮੇਰੇ 'ਤੇ ਹੱਸਣਗੇ ਅਤੇ ਮੇਰੀ ਪਿੱਠ ਪਿੱਛੇ ਗੱਲਾਂ ਕਰਣਗੇ।"
ਵੱਧ ਭਾਰ ਕਾਰਨ ਕੁਦਰਤੁੱਲਾ ਦੀ ਸਿਹਤ ਵਿਗੜ ਗਈ ਸੀ। ਉਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਸੀ ਅਤੇ ਕੋਲੇਸਟ੍ਰੋਲ ਵੀ ਵੱਧ ਸੀ। ਕੁਦਰਤੁੱਲਾ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਪੀੜਤ ਸਨ।
"ਮੈਨੂੰ ਆਪਣੇ ਸਿਰ ਦੇ ਹੇਠਾਂ ਦੋ ਵੱਡੇ ਸਿਰਹਾਣੇ ਰੱਖਣੇ ਪੈਂਦੇ ਸਨ ਅਤੇ ਅਕਸਰ ਬੈਠਦਿਆਂ ਹੀ ਮੈਂ ਸੌਂ ਜਾਂਦਾ ਸੀ।"
ਡਾਕਟਰਾਂ ਨੇ ਉਨ੍ਹਾਂ ਨੂੰ ਵਜ਼ਨ ਘੱਟ ਕਰਨ ਦੀ ਸਲਾਹ ਦਿੱਤੀ ਸੀ।
ਘਰ ਤੋਂ ਮਿਲੀ ਪ੍ਰੇਰਣਾ

ਤਸਵੀਰ ਸਰੋਤ, Qudratullah
ਕੁਦਰਤੁੱਲਾ ਦਾ ਵੱਡਾ ਭਰਾ ਹੇਵਾਦ ਖ਼ਾਨ ਵੀ ਮੋਟਾਪੇ ਤੋਂ ਪੀੜਤ ਸੀ। ਹੇਵਾਦ ਨੇ ਆਪਣਾ ਭਾਰ 110 ਕਿਲੋ ਤੋਂ 70 ਕਿਲੋਗ੍ਰਾਮ ਤੱਕ ਘਟਾਇਆ ਸੀ।
ਕੁਦਰਤੁੱਲਾ ਨੇ ਸੋਚਿਆ ਕਿ ਉਹ ਵੀ ਅਜਿਹਾ ਕਰ ਸਕਦੇ ਹਨ।
ਉਨ੍ਹਾਂ ਨੇ ਜਿੰਮ ਦੀ ਮੈਂਬਰਸ਼ਿਪ ਲਈ ਅਤੇ ਇੱਕ ਟ੍ਰੇਨਰ ਹਾਇਰ ਕਰ ਲਿਆ ਜਿਸਨੇ ਉਨ੍ਹਾਂ ਨੂੰ ਬਕਾਇਦਾ ਇੱਕ ਡਾਈਟ ਪਲਾਨ ਦਿੱਤਾ।
ਕੁਦਰਤੁੱਲਾ ਨੇ ਚਰਬੀ ਵਾਲੇ ਭੋਜਨ, ਚਾਵਲ, ਸਾਫ਼ਟ ਡਰਿੰਕਸ ਅਤੇ ਮੀਟ ਦਾ ਸੇਵਨ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ।
ਉਨ੍ਹਾਂ ਨੇ ਅੰਡੇ ਦੀ ਸਫ਼ੈਦ ਹਿੱਸੇ, ਸਲਾਦ, ਉਬਲੇ ਹੋਏ ਚਿਕਨ ਬ੍ਰੈਸਟ, ਮੱਛੀ ਅਤੇ ਜੌਂ ਤੋਂ ਬਣੀ ਰੋਟੀ ਵਰਗੇ ਭੋਜਨਾਂ ਦੀ ਚੋਣ ਕੀਤੀ।
"ਸ਼ੁਰੂਆਤ ਵਿੱਚ, ਮੇਰੇ ਭੋਜਨ ਦੀ ਮਾਤਰਾ ਨੂੰ ਘਟਾਉਣਾ ਔਖਾ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਖਾਂਦਾ ਸੀ। ਪਰ ਮੈਂ ਡਾਈਟ ਪਲਾਨ ਦਾ ਪਾਲਣ ਕੀਤਾ, ਅਤੇ ਆਖਰਕਾਰ, ਮੈਨੂੰ ਇਸਦੀ ਆਦਤ ਪੈ ਗਈ।"
"ਇਸ ਦੌਰਾਨ ਮੈਂ ਬਹੁਤ ਸਾਰਾ ਪਾਣੀ ਪੀਤਾ।"

ਕੁਦਰਤੁੱਲਾ ਜਿੰਮ ਵਿੱਚ ਦਿਨ ਦੇ ਪੰਜ ਘੰਟੇ ਵੀ ਬਿਤਾਉਂਦੇ ਸਨ। ਜਲਦੀ ਹੀ ਉਨ੍ਹਾਂ ਦੇ ਸਰੀਰ ਉੱਤੇ ਅਸਰ ਨਜ਼ਰ ਆਉਣ ਲੱਗਿਆ। ਕੱਪੜੇ ਖੁੱਲ੍ਹੇ ਹੋਣ ਲੱਗੇ।
10 ਮਹੀਨਿਆਂ ਵਿੱਚ, ਕੁਦਰਤੁੱਲਾ 216 ਕਿਲੋਗ੍ਰਾਮ ਤੋਂ 91 ਕਿਲੋਗ੍ਰਾਮ ਦੇ ਹੋ ਗਏ। ਆਪਣੇ ਸਰੀਰ ਦਾ ਅੱਧ ਤੋਂ ਵੱਧ ਭਾਰ ਉਹ ਘਟਾ ਚੁੱਕੇ ਸਨ। ਉਹ ਔਸਤਨ 400 ਗ੍ਰਾਮ ਪ੍ਰਤੀ ਦਿਨ ਭਾਰ ਘਟਾ ਰਹੇ ਸਨ।
ਉਨ੍ਹਾਂ ਦੀ ਕਮਰ ਦਾ ਸਾਈਜ਼ ਹੁਣ 86 ਸੈਂਟੀਮੀਟਰ ਹੋ ਗਿਆ ਸੀ। ਬੀਐੱਮਆਈ 29 ਹੈ, ਜਿਸ ਦਾ ਮਤਲਬ ਹੈ ਕਿ ਹਾਲੇ ਵੀ ਕੱਦ ਦੇ ਹਿਸਾਬ ਨਾਲ ਭਾਰ ਜ਼ਿਆਦਾ ਹੈ, ਹਾਲਾਂਕਿ ਹੁਣ ਮੋਟਾਪਾ ਨਹੀਂ ਹੈ।
ਮੋਟਾਪਾ ਮਹਾਂਮਾਰੀ

ਤਸਵੀਰ ਸਰੋਤ, Qudratullah
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਵਿਸ਼ਵ ਪੱਧਰ 'ਤੇ ਅੱਠਾਂ ਵਿੱਚੋਂ ਇੱਕ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੈ। ਇਸ ਨਾਲ ਟਾਈਪ 2 ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ।
ਮੋਟਾਪਾ ਹੱਡੀਆਂ ਦੀ ਸਿਹਤ ਅਤੇ ਬੱਚੇ ਪੈਦਾ ਕਰਨ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਨਾਲ ਹੀ ਕੁਝ ਕੈਂਸਰਾਂ ਦੇ ਜੋਖਮ ਨੂੰ ਵਧਾ ਸਕਦਾ ਹੈ।
ਮੋਟਾਪਾ ਲੋਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਸ ਵਿੱਚ ਸੌਣ ਜਾਂ ਹਿੱਲਣ ਦੀ ਸਮਰੱਥਾ ਵੀ ਸ਼ਾਮਲ ਹੈ।
ਯੂਕੇ ਦੀ ਨੈਸ਼ਨਲ ਹੈਲਥ ਸਰਵਿਸ ਲੋਕਾਂ ਨੂੰ ਸਲਾਹ ਦਿੰਦੀ ਹੈ ਕਿ ਉਹ ਖਾਣਾ ਨਾ ਛੱਡਣ ਅਤੇ ਹਫ਼ਤੇ ਵਿੱਚ 1 ਕਿਲੋਗ੍ਰਾਮ ਤੋਂ ਵੱਧ ਭਾਰ ਨਾ ਘਟਾਉਣ।
ਯੂਕੇ ਵਿੱਚ ਰਹਿਣ ਵਾਲੇ ਡਾਕਟਰ ਇਬਰਾਹਿਮ ਦਲੀਲੀ ਦਾ ਕਹਿਣਾ ਹੈ ਕਿ ਕੁਦਰਤੁੱਲਾ ਦਾ ਭਾਰ ਬਹੁਤ ਜ਼ਿਆਦਾ ਸੀ ਅਤੇ ਅਜਿਹੇ ਵਿਅਕਤੀਆਂ ਲਈ ਘੱਟ ਕੈਲੋਰੀ ਦਾ ਸੇਵਨ ਲੰਬੇ ਸਮੇਂ ਵਿੱਚ ਸਿਹਤ ਲਾਭ ਲਿਆਉਂਦਾ ਹੈ।
"ਵਧੇਰੇ ਭਾਰ ਦਾ ਜੀਵਨ 'ਤੇ ਮਾੜਾ ਪ੍ਰਭਾਵ ਪੈਂਦਾ ਹੈ, ਇਸ ਲਈ ਭਾਰ ਘਟਾਉਣਾ ਉਸ ਲਈ ਜ਼ਰੂਰੀ ਸੀ।"
ਦਲੀਲੀ ਕਹਿੰਦੇ ਹਨ," ਕੁਦਰਤੁੱਲਾ ਨੇ ਇੱਕ ਅਜਿਹੀ ਖੁਰਾਕ ਦਾ ਪਾਲਣ ਕੀਤਾ ਹੈ ਜੋ ਉਸਨੂੰ ਕਾਫ਼ੀ ਪ੍ਰੋਟੀਨ, ਕੈਲੋਰੀ ਅਤੇ ਵਿਟਾਮਿਨ ਪ੍ਰਦਾਨ ਕਰ ਰਹੀ ਹੈ।ਇਸ ਲਈ, ਉਨ੍ਹਾਂ ਦੀ ਖੁਰਾਕ ਅਤੇ ਕਸਰਤ ਯੋਜਨਾ ਨੇ ਭਾਰ ਘਟਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ।"
ਸਵੈ-ਮਾਣ ਹਾਸਿਲ ਕਰਨਾ

ਤਸਵੀਰ ਸਰੋਤ, Qudratullah
ਕੁਦਰਤੁੱਲਾ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੇ ਛੇ ਭੈਣ-ਭਰਾ ਉਨ੍ਹਾਂ ਨੂੰ ਮਿਹਨਤ ਤੋਂ ਬਾਅਦ ਮਿਲੀ ਕਾਮਯਾਬੀ ਤੋਂ ਖ਼ੁਸ਼ ਹਨ।
"ਮੈਂ ਹੁਣ ਆਪਣੇ ਮਾਪਿਆਂ ਲਈ ਬਿਲਕੁਲ ਵੱਖਰਾ ਕੁਦਰਤੁੱਲਾ ਹਾਂ। ਉਹ ਮੇਰੇ ਲਈ ਬਹੁਤ ਪਰੇਸ਼ਾਨ ਰਹਿੰਦੇ ਸਨ ਕਿ ਇੰਨੀ ਛੋਟੀ ਉਮਰ ਵਿੱਚ ਮੇਰੇ ਭਾਰ ਕਾਰਨ ਮੈਨੂੰ ਇੰਨੀਆਂ ਬਿਮਾਰੀਆਂ ਹੋ ਗਈਆਂ ਹਨ।"
"ਪਰ ਹੁਣ ਉਹ ਬਹੁਤ ਖੁਸ਼ ਹਨ।"
ਕੁਦਰਤੁੱਲਾ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਮੁੜ ਖੋਜ ਰਿਹਾ ਹੈ।
ਹੁਣ ਉਹ ਜਨਤਕ ਟਰਾਂਸਪੋਰਟ ਦੀ ਵਰਤੋਂ ਕਰ ਸਕਦੇ ਹਨ, ਆਰਾਮ ਨਾਲ ਆਟੋ-ਰਿਕਸ਼ਾ ਵਿੱਚ ਬੈਠ ਸਕਦੇ ਹਨ ਅਤੇ ਕ੍ਰਿਕਟ ਵੀ ਖੇਡ ਸਕਦੇ ਹਨ।
"ਹੁਣ ਮੇਰੀ ਜ਼ਿੰਦਗੀ ਬਹੁਤ ਆਮ ਹੈ ਅਤੇ ਮੈਂ ਖੁਸ਼ ਹਾਂ। ਆਪਣੇ ਮਾਪ ਦੇ ਜੁੱਤੇ ਲੱਭਣਾ ਵੀ ਹੁਣ ਕੋਈ ਸਮੱਸਿਆ ਨਹੀਂ ਹੈ।"
ਉਹ ਨਰਸਿੰਗ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ ਅਤੇ ਆਪਣੇ ਪਿਤਾ ਦੀ ਮਦਦ ਕਰਨਾ ਚਾਹੁੰਦੇ ਹਨ, ਜੋ ਕਿ ਨੰਗਰਹਾਰ ਵਿੱਚ ਦਵਾਈਆਂ ਦਾ ਕਾਰੋਬਾਰ ਚਲਾਉਂਦੇ ਹਨ।
ਯੂਨੀਵਰਸਿਟੀ ਸ਼ੁਰੂ ਕਰਨ ਤੋਂ ਪਹਿਲਾਂ, ਕੁਦਰਤੁੱਲਾ ਆਪਣੀ ਕੱਪੜਿਆਂ ਦੀ ਅਲਮਾਰੀ ਨੂੰ ਖਾਲੀ ਕਰ ਨਵੇਂ ਕੱਪੜਿਆਂ ਭਰਨਾ ਲੋਚਦੇ ਹਨ।
ਕੁਦਰਤੁੱਲਾ ਨੇ ਕਿਹਾ,"ਮੇਰੇ ਸਾਰੇ ਪੁਰਾਣੇ ਕੱਪੜੇ ਹੁਣ ਬੇਕਾਰ ਹੋ ਗਏ ਹਨ ਅਤੇ ਉਹ ਕਿਸੇ ਹੋਰ ਨੂੰ ਵੀ ਨਹੀਂ ਆਉਂਦੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












