ਬਜਟ ਵਿੱਚ ਕੀ ਸਸਤਾ ਅਤੇ ਕੀ ਮਹਿੰਗਾ ਹੋਇਆ, ਪੰਜਾਬ ਤੇ ਕਿਸਾਨਾਂ ਹਿੱਸੇ ਕੀ ਆਇਆ

ਤਸਵੀਰ ਸਰੋਤ, Getty Images
ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਅੱਠਵੀਂ ਵਾਰ ਦੇਸ਼ ਦਾ ਬਜਟ ਪੇਸ਼ ਕੀਤਾ।
ਹਾਲਾਂਕਿ ਵਿਰੋਧੀ ਧਿਰਾਂ ਨੇ ਉਹਨਾਂ ਦੀ ਸਪੀਚ ਦੌਰਾਨ ਵਿਰੋਧ ਜਤਾਇਆ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਨਵਾਂ ਇਨਕਮ ਟੈਕਸ ਬਿੱਲ ਅਗਲੇ ਹਫਤੇ ਆਵੇਗਾ।
ਨਵੇਂ ਟੈਕਸ ਰਜੀਮ ਵਿੱਚ 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਹੋਵੇਗਾ।
ਉਨ੍ਹਾਂ ਨੇ ਦੱਸਿਆ ਕਿ ਨਿਊ ਟੈਕਸ ਰਜੀਮ 'ਚ 12 ਰੁਪਏ ਲੱਖ ਦੀ ਇਨਕਮ 'ਤੇ ਕੋਈ ਟੈਕਸ ਨਹੀਂ ਲੱਗੇਗਾ।
ਮਤਲਬ, ਹੁਣ 75 ਹਜਾਰ ਰੁਪਏ ਦੇ ਡਿਕਸ਼ਨ ਦੇ ਨਾਲ ਸੈਲਰੀਡ ਕਲਾਸ 12.75 ਲੱਖ ਦੀ ਇਨਕਮ ਤੱਕ ਟੈਕਸ ਮੁਫਤ ਹੋ ਜਾਵੇਗੀ।
- 2014 ਵਿੱਚ 2.5 ਲੱਖ ਰੁਪਏ ਟੈਕਸ ਫ੍ਰੀ
- 2019 ਵਿੱਚ 5 ਲੱਖ ਰੁਪਏ ਟੈਕਸ ਫ੍ਰੀ
- 2023 ਵਿੱਚ 7 ਲੱਖ ਰੁਪਏ ਟੈਕਸ ਫ੍ਰੀ
- 2025 ਵਿੱਚ 12 ਲੱਖ ਰੁਪਏ ਟੈਕਸੀ ਫ੍ਰੀ
ਇਸ ਦਾ ਮਤਲਬ ਇਹ ਹੈ ਕਿ ਸਾਰੇ ਹੀ ਆਮਦਨ ਕਰ ਦੇਣ ਵਾਲਿਆਂ ਲਈ ਨੂੰ ਟੈਕਸ ਸਲੈਬਸ ਵਿੱਚ ਫ਼ਾਇਦਾ ਮਿਲਿਆ ਹੈ।
ਚਾਰ ਲੱਖ ਰੁਪਏ ਤੱਕ ਇਨਕਮ ਟੈਕਸ ਜ਼ੀਰੋ
- 4 ਤੋਂ 8 ਲੱਖ ਰੁਪਏ ਤੱਕ ਇਨਕਮ ਟੈਕਸ ਰੇਟ 5 ਫ਼ੀਸਦੀ
- 8 ਤੋਂ 12 ਲੱਖ ਰੁਪਏ ਤੱਕ ਇਨਕਮ ਟੈਕਸ ਰੇਟ 10 ਫ਼ੀਸਦੀ
- 12-16 ਲੱਖ ਰੁਪਏ ਤੱਕ ਇਨਕਮ ਟੈਕਸ ਰੇਟ 15 ਫ਼ੀਸਦੀ
- 16 ਤੋਂ 20 ਲੱਖ ਰੁਪਏ ਤੱਕ ਇਨਕਮ ਟੈਕਸ ਰੇਟ 20 ਫ਼ੀਸਦੀ
- 20 ਤੋਂ 24 ਲੱਖ ਰੁਪਏ ਤੱਕ ਇਨਕਮ ਟੈਕਸ ਰੇਟ 25 ਫ਼ੀਸਦੀ
- 24 ਲੱਖ ਰੁਪਏ ਤੋਂ ਵੱਧ ਇਨਕਮ ਟੈਕਸ ਰੇਟ 30 ਫ਼ੀਸਦੀ
ਇਸ ਤੋਂ ਇਲਾਵਾ ਬੀਮਾ ਖੇਤਰ 'ਚ ਵਿਦੇਸ਼ੀ ਨਿਵੇਸ਼ ਦੀ ਸੀਮਾ 74 ਫੀਸਦੀ ਤੋਂ ਵਧਾ ਕੇ 100 ਫੀਸਦੀ ਕਰ ਦਿੱਤੀ ਗਈ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, "ਇਸ ਬਜਟ ਵਿੱਚ, ਪ੍ਰਸਤਾਵਿਤ ਵਿਕਾਸ ਉਪਾਅ ਗਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ 10 ਵਿਆਪਕ ਖੇਤਰਾਂ ਵਿੱਚ ਫੈਲੇ ਹੋਏ ਹਨ।''
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਸਾਰੀਆਂ ਪ੍ਰਮੁੱਖ ਵਿਸ਼ਵ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ।

ਤਸਵੀਰ ਸਰੋਤ, SansadTV
ਖੇਤੀਬਾੜੀ ਹੈ ਕੇਂਦਰੀ ਬਜਟ 2025 ਦਾ 'ਪਹਿਲਾ ਇੰਜਣ'
ਲੋਕ ਸਭਾ ਵਿੱਚ ਕੇਂਦਰੀ ਬਜਟ 2025 ਪੇਸ਼ ਵਿੱਤ ਮੰਤਰੀ ਨੇ ਕਿਹਾ ਖੇਤੀਬਾੜੀ ਕੇਂਦਰੀ ਬਜਟ 2025 ਦਾ ਪਹਿਲਾ ਇੰਜਣ ਹੈ।
ਉਹਨਾਂ ਕਿਹਾ, "ਪ੍ਰਧਾਨ ਮੰਤਰੀ ਧਨਧੰਨਿਆ ਕ੍ਰਿਸ਼ੀ ਯੋਜਨਾ ਘੱਟ ਉਤਪਾਦਕਤਾ ਵਾਲੇ 100 ਜ਼ਿਲ੍ਹਿਆਂ ਨੂੰ ਕਵਰ ਕਰੇਗੀ। ਇਹ ਖੇਤੀਬਾੜੀ ਉਤਪਾਦਕਤਾ ਨੂੰ ਵਧਾਏਗੀ ਅਤੇ ਪੰਚਾਇਤ ਪੱਧਰ 'ਤੇ ਭੰਡਾਰਨ ਨੂੰ ਵਧਾਏਗੀ। ਇਹ ਪ੍ਰੋਗਰਾਮ 1.7 ਕਰੋੜ ਕਿਸਾਨਾਂ ਨੂੰ ਕਵਰ ਕਰੇਗਾ।"
ਉਨ੍ਹਾਂ ਨੇ ਕਿਹਾ "ਇਹ ਪ੍ਰੋਗਰਾਮ ਰਾਜਾਂ ਨਾਲ ਸ਼ੁਰੂ ਕੀਤਾ ਜਾਵੇਗਾ। ਇਸਦਾ ਉਦੇਸ਼ ਭਰਪੂਰ ਮੌਕੇ ਪੈਦਾ ਕਰਨਾ ਹੈ... ਵਿਸ਼ਵਵਿਆਪੀ ਅਭਿਆਸਾਂ ਨੂੰ ਸ਼ਾਮਲ ਕੀਤਾ ਜਾਵੇਗਾ... ਸਾਡੀ ਸਰਕਾਰ ਦਾਲਾਂ ਵਿੱਚ ਇੱਕ ਪ੍ਰੋਗਰਾਮ ਸ਼ੁਰੂ ਕਰੇਗੀ, ਜਿਸ ਵਿੱਚ ਉੜਦ, ਤੁਆਰ ਅਤੇ ਮਸੂਰ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ"
"ਆਮਦਨ ਦੇ ਪੱਧਰ ਵਧਣ ਦੇ ਨਾਲ, ਫਲਾਂ ਵਿੱਚ ਖਪਤ ਵੀ ਵਧ ਰਹੀ ਹੈ ਅਤੇ ਰਾਜਾਂ ਦੇ ਸਹਿਯੋਗ ਨਾਲ ਕਿਸਾਨਾਂ ਲਈ ਮਿਹਨਤਾਨਾ ਵੀ ਵਧੇਗਾ। ਬਿਹਾਰ ਵਿੱਚ ਇੱਕ ਵਿਸ਼ੇਸ਼ ਮੌਕਾ ਹੈ, ਰਾਜ ਵਿੱਚ ਮਖਾਨਾ ਬੋਰਡ ਸਥਾਪਤ ਕੀਤਾ ਜਾਵੇਗਾ। ਬੋਰਡ ਮਖਾਨਾ ਕਿਸਾਨਾਂ ਨੂੰ ਸਿਖਲਾਈ ਅਤੇ ਸਹਾਇਤਾ ਪ੍ਰਦਾਨ ਕਰੇਗਾ"

ਹੁਣ ਤੱਕ ਦੀਆਂ ਅਹਿਮ ਗੱਲਾਂ
ਬਿਹਾਰ ਵਿੱਚ ਮਖਾਣਾ ਬੋਰਡ ਦੀ ਸਥਾਪਨਾ ਕੀਤੀ ਜਾਵੇਗੀ। ਇਸ ਨਾਲ ਇਸ ਦੇ ਉਤਪਾਦਨ ਤੋਂ ਲੈ ਕੇ ਮਾਰਕੀਟਿੰਗ ਤੱਕ ਮਦਦ ਮਿਲੇਗੀ। ਵਿੱਤ ਮੰਤਰੀ ਨੇ ਕਿਹਾ ਹੈ ਕਿ ਇਸ ਮਖਾਨੇ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਦੁਨੀਆ ਦਾ 85 ਫੀਸਦੀ ਮਖਾਣਾ ਭਾਰਤ ਵਿੱਚ ਪੈਦਾ ਹੁੰਦਾ ਹੈ। ਭਾਰਤ ਦਾ 90 ਫੀਸਦੀ ਮਖਾਣਾ ਬਿਹਾਰ ਵਿੱਚ ਪੈਦਾ ਹੁੰਦਾ ਹੈ। ਬਿਹਾਰ ਦੇ ਮਧੂਬਨੀ, ਦਰਭੰਗਾ, ਸੁਪੌਲ, ਸੀਤਾਮੜੀ, ਅਰਰੀਆ, ਕਟਿਹਾਰ, ਪੂਰਨੀਆ, ਕਿਸ਼ਨਗੰਜ ਮਖਾਨਾ ਦੀ ਖੇਤੀ ਲਈ ਮਸ਼ਹੂਰ ਹਨ।
ਮਿਥਿਲਾਂਚਲ ਹਰ ਕਦਮ 'ਤੇ ਤਾਲਾਬਾਂ, ਮੱਛੀਆਂ ਅਤੇ ਮਖਾਨੇ ਲਈ ਦੁਨੀਆ ਵਿਚ ਜਾਣਿਆ ਜਾਂਦਾ ਹੈ। ਇਸ ਕਾਰਨ ਬਿਹਾਰ ਦੇ ਮਖਾਣਾ ਕਿਸਾਨਾਂ ਲਈ ਇਹ ਖ਼ਬਰ ਅਹਿਮ ਹੈ।
- ਬਜਟ 'ਚ 10 ਵੱਡੇ ਖੇਤਰਾਂ 'ਤੇ ਧਿਆਨ ਦਿੱਤਾ ਜਾਵੇਗਾ
- ਬਜਟ 'ਚ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ 'ਤੇ ਧਿਆਨ ਦਿੱਤਾ ਜਾਵੇਗਾ
- ਖੇਤੀਬਾੜੀ ਯੋਜਨਾ ਵਿੱਚ 100 ਜ਼ਿਲ੍ਹਿਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ
- ਖੁਰਾਕ ਖੇਤਰ ਵਿੱਚ ਆਤਮ-ਨਿਰਭਰਤਾ ਵਧਾਉਣ 'ਤੇ ਜ਼ੋਰ ਦਿੱਤਾ ਜਾਵੇਗਾ
- ਤੇਲ ਅਤੇ ਦਾਲਾਂ ਲਈ ਛੇ ਸਾਲਾਂ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤਹਿਤ ਤੁਆਰ, ਉੜਦ ਅਤੇ ਦਾਲ ਦੇ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧੀ, ਕਿਸਾਨਾਂ ਨੂੰ ਮਿਲੇਗਾ ਇਹ ਫਾਇਦਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾਉਣ ਦਾ ਐਲਾਨ ਕੀਤਾ ਹੈ। ਇਸ ਨੂੰ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਸਟ੍ਰੀਟ ਵਿਕਰੇਤਾਵਾਂ ਦੀ ਵਿੱਤੀ ਮਦਦ ਕਰਨ ਲਈ 30,000 ਰੁਪਏ ਦਾ ਕ੍ਰੈਡਿਟ ਕਾਰਡ ਦਿੱਤਾ ਜਾਵੇਗਾ। ਇਸ ਨੂੰ ਯੂਪੀਆਈ ਨਾਲ ਲਿੰਕ ਕੀਤਾ ਜਾਵੇਗਾ।
ਬੱਚਿਆਂ ਵਿੱਚ ਵਿਗਿਆਨਕ ਸੋਚ ਵਿਕਸਿਤ ਕਰਨ ਲਈ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬ ਦੀ ਸਥਾਪਨਾ ਕੀਤੀ ਜਾਵੇਗੀ। ਅਗਲੇ 5 ਸਾਲਾਂ ਵਿੱਚ ਦੇਸ਼ ਭਰ ਵਿੱਚ ਅਜਿਹੀਆਂ 50 ਹਜ਼ਾਰ ਲੈਬਾਂ ਬਣਾਈਆਂ ਜਾਣਗੀਆਂ।
ਸਕਸ਼ਮ ਆਂਗਣਵਾੜੀ ਪੋਸ਼ਣ 2.0 ਵਿੱਚ ਪੋਸ਼ਣ ਦੀ ਉਚਿਤ ਮਾਤਰਾ ਜਾਰੀ ਕੀਤੀ ਜਾਵੇਗੀ। ਇਸ ਤਹਿਤ 8 ਕਰੋੜ ਬੱਚਿਆਂ ਨੂੰ ਲਾਭ ਮਿਲੇਗਾ। ਇਸ ਨਾਲ 1 ਕਰੋੜ ਗਰਭਵਤੀ ਔਰਤਾਂ ਨੂੰ ਲਾਭ ਮਿਲੇਗਾ।
ਗਿਗ ਵਰਕਰਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ, ਹੁਣ ਗਿਗ ਵਰਕਰ ਈ-ਸ਼ਰਮ ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਣਗੇ। ਇਸ ਵਿੱਚ ਉਨ੍ਹਾਂ ਨੂੰ ਪਛਾਣ ਪੱਤਰ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ ਸਿਹਤ ਬੀਮਾ ਮੁਹੱਈਆ ਕਰਵਾਇਆ ਜਾਵੇਗਾ।
ਬਜਟ ਵਿੱਚ ਪੰਜਾਬ ਅਤੇ ਕਿਸਾਨਾਂ ਲਈ ਕੀ

ਤਸਵੀਰ ਸਰੋਤ, Gurmindre Garewal/BBC
ਪਾਰਲੀਮੈਂਟ ਵਿੱਚ ਸਾਲ 2025-25 ਦਾ ਆਮ ਬਜਟ ਪੇਸ਼ ਕਰਦਿਆਂ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਸਾਨਾਂ, ਔਰਤਾਂ ਅਤੇ ਸਮਾਜ ਦੇ ਹੋਰ ਤਬਕਿਆਂ ਲਈ ਕੀ ਕੁਝ ਲਿਆਂਦਾ ਹੈ। ਇਸ ਬਾਰੇ ਅਸੀਂ ਅਸੀਂ ਵੱਖ-ਵੱਖ ਮਾਹਰਾਂ ਨਾਲ ਗੱਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਐੱਮਐੱਸਪੀ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਲੈ ਕੇ ਧਰਨੇ ਉੱਤੇ ਬੈਠੀਆਂ ਹੋਈਆਂ ਹਨ।
ਅਰਥਸ਼ਾਸਤਰ ਦੇ ਸਾਬਕਾ ਪ੍ਰੋਫ਼ੈਸਰ ਆਰ ਐੱਸ ਘੁੰਮਣ ਦੱਸਦੇ ਹਨ ਕਿ ਇਸ ਬਜਟ ਵਿੱਚ ਪੰਜਾਬ ਦੇ ਕਿਸਾਨਾਂ ਲਈ ਕੋਈ ਖ਼ਾਸ ਰਾਹਤ ਨਹੀਂ ਸੀ।
ਘੁੰਮਣ ਕਹਿੰਦੇ ਹਨ,"ਪੰਜਾਬ ਲਈ ਇਸ ਬਜਟ ਵਿੱਚ ਕੋਈ ਸਹੂਲਤ ਨਹੀਂ ਹੈ। ਹਾਲਾਂਕਿ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੀ ਲੋੜ ਹੈ।"
"ਖੇਤੀ ਖੇਤਰ ਉੱਤੇ ਬਜਟ ਲਗਾਤਾਰ ਘੱਟ ਰਿਹਾ ਹੈ। ਇਸੇ ਤਰ੍ਹਾਂ ਪੇਂਡੂ ਵਿਕਾਸ ਉੱਤੇ ਵੀ ਬਜਟ ਸੁੰਗੜਿਆ ਹੈ।"

ਐੱਸਡੀ ਕਾਲਜ ਵਿੱਚ ਅਰਥਸ਼ਾਸਤਰ ਦੇ ਪ੍ਰੋਫ਼ੈਸਰ ਡਾਕਟਰ ਮਧੁਰ ਮਹਾਜਨ ਦੱਸਦੇ ਹਨ ਕਿ ਸਰਕਾਰ ਨੇ ਅਸਿੱਧੇ ਤੌਰ ਉੱਤੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
ਮਹਾਜਨ ਨੇ ਕਿਹਾ,"ਕਿਸਾਨ ਥੋੜ੍ਹੇ ਨਿਰਾਸ਼ ਰਹਿਣਗੇ। ਹਾਲਾਂਕਿ ਕਪਾਹ ਦੀ ਖੇਤੀ ਲਈ ਸਹੂਲਤਾਂ ਇਸ ਬਜਟ ਦਾ ਹਿੱਸਾ ਹੈ।"
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅਰਥਸ਼ਾਸਤਰ ਦੀ ਪ੍ਰੋਫ਼ੈਸਰ ਡਾਕਟਰ ਸੁਮਨ ਮੱਕੜ ਕਹਿੰਦੇ ਹਨ ਕਿ ਹਾਲਾਂਕਿ ਸਰਕਾਰ ਨੇ ਆਮਦਨ ਟੈਕਸ ਵਿੱਚ ਛੋਟ ਵਧਾਈ ਹੈ ਪਰ ਮੱਧ-ਵਰਗ ਅਤੇ ਔਰਤਾਂ ਦੀ ਜੇਬ੍ਹ ਹਾਲੇ ਵੀ ਖਾਲ੍ਹੀ ਹੈ।
ਮੱਕੜ ਕਹਿੰਦੇ ਹਨ,"ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਆਮ ਦੀ ਪਰ ਉਨ੍ਹਾਂ ਨੂੰ ਅਸਲ ਵਿੱਚ ਮਿਲਿਆ ਕੁਝ ਨਹੀਂ ਹੈ। ਸਿੱਖਿਆ ਅਤੇ ਸਿਹਤ ਲਈ ਕੁਝ ਵੀ ਖ਼ਾਸ ਨਹੀਂ ਕੀਤਾ ਗਿਆ ਹੈ।"
ਬਜਟ ਕੀ ਹੁੰਦਾ ਹੈ ?
ਸਰਲ ਸ਼ਬਦਾਂ ਵਿੱਚ ਬਜਟ ਇੱਕ ਵਿੱਤੀ ਪ੍ਰਕਿਰਿਆ ਹੈ ਜਿੱਥੇ ਸਰਕਾਰ ਸੰਸਦ ਅਤੇ ਜਨਤਾ ਨੂੰ ਆਪਣੀ ਆਮਦਨ, ਖਰਚ ਅਤੇ ਉਧਾਰ ਲੈਣ ਬਾਰੇ ਸੂਚਿਤ ਕਰਦੀ ਹੈ।
ਇਸ 'ਚ ਪਿਛਲੇ ਵਿੱਤੀ ਸਾਲ ਦੀ ਸਮੀਖਿਆ ਹੁੰਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਦੇਸ਼ ਨੇ ਉਸ ਸਾਲ 'ਚ ਕਿੰਨੀ ਕਮਾਈ ਕੀਤੀ, ਖਰਚ ਕੀਤਾ ਅਤੇ ਉਧਾਰ ਲਿਆ ਗਿਆ।
ਇਸ ਤੋਂ ਇਲਾਵਾ ਬਜਟ ਆਉਣ ਵਾਲੇ ਵਿੱਤੀ ਸਾਲ ਲਈ ਅਨੁਮਾਨ ਪ੍ਰਦਾਨ ਕਰਦਾ ਹੈ, ਉਮੀਦ ਕੀਤੀ ਆਮਦਨ, ਯੋਜਨਾਬੱਧ ਖਰਚ ਅਤੇ ਕਿਸੇ ਵੀ ਘਾਟ ਨੂੰ ਪੂਰਾ ਕਰਨ ਲਈ ਅਨੁਮਾਨਤ ਉਧਾਰ ਲੈਣ ਦੀ ਰੂਪਰੇਖਾ ਬਾਰੇ ਦੱਸਦਾ ਹੈ।
ਇਹ ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰੇ ਸਾਲ ਦਾ ਬਜਟ ਹੈ।
ਭਾਰਤ ਦਾ ਆਰਥਿਕ ਵਿਕਾਸ ਦਰ ਚਾਰ ਸਾਲਾਂ ਦੇ ਹੇਠਲੇ ਪੱਧਰ 'ਤੇ ਹੈ ਅਜਿਹੇ 'ਚ ਵੱਖ-ਵੱਖ ਆਰਥਿਕ ਸਰਵੇਖਣਾਂ ਨੇ ਉਮੀਦ ਜਤਾਈ ਹੈ ਕਿ ਆਮਦਨ ਕਰ ਦਰਾਂ/ਸਲੈਬਾਂ ਵਿੱਚ ਕਟੌਤੀ ਜਾਂ ਬਦਲਾਅ ਕੀਤਾ ਜਾਵੇਗਾ ਤਾਂ ਜੋ ਮੱਧ ਵਰਗ ਦੇ ਬੋਝ ਨੂੰ ਘੱਟ ਕੀਤਾ ਜਾ ਸਕੇ।
ਇਸ ਬਜਟ ਨਾਲ ਸੀਤਾਰਮਨ ਮੋਰਾਰਜੀ ਦੇਸਾਈ ਵਾਂਗ 10 ਬਜਟ ਪੇਸ਼ ਕਰਨ ਦੇ ਨੇੜੇ ਆ ਗਏ ਹਨ। ਵਿੱਤ ਮੰਤਰੀ ਵਜੋਂ ਮੋਰਾਰਜੀ ਦੇਸਾਈ ਨੇ 1959 ਤੋਂ 1964 ਦਰਮਿਆਨ ਛੇ ਬਜਟ ਅਤੇ 1967 ਤੋਂ 1969 ਦਰਮਿਆਨ ਚਾਰ ਬਜਟ ਪੇਸ਼ ਕੀਤੇ ਸਨ।
ਵੱਖ-ਵੱਖ ਪ੍ਰਧਾਨ ਮੰਤਰੀਆਂ ਦੀ ਅਗਵਾਈ ਵਿੱਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਨੌਂ ਅਤੇ ਪ੍ਰਣਬ ਮੁਖਰਜੀ ਨੇ ਅੱਠ ਬਜਟ ਪੇਸ਼ ਕੀਤੇ ਸਨ।
ਹਾਲਾਂਕਿ ਲਗਾਤਾਰ ਅੱਠ ਬਜਟ ਪੇਸ਼ ਕਰਨ ਦਾ ਰਿਕਾਰਡ ਨਿਰਮਲਾ ਸੀਤਾਰਮਨ ਦੇ ਨਾਂ ਹੋਣ ਜਾ ਰਿਹਾ ਹੈ।
2019 ਵਿੱਚ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਉਨ੍ਹਾਂ ਨੂੰ ਵਿੱਤ ਮੰਤਰੀ ਬਣਾਇਆ ਗਿਆ ਸੀ ਅਤੇ 2024 ਵਿੱਚ ਤੀਜੀ ਵਾਰ ਬਣੀ ਐਨਡੀਏ ਸਰਕਾਰ 'ਚ ਇਹ ਮੰਤਰਾਲਾ ਸੀਤਾਰਮਨ ਕੋਲ ਹੀ ਰੱਖਿਆ ਗਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












